Skip to content

Skip to table of contents

ਯਹੋਵਾਹ ਦੇ ਰਾਹਾਂ ਨੂੰ ਜਾਣਨਾ

ਯਹੋਵਾਹ ਦੇ ਰਾਹਾਂ ਨੂੰ ਜਾਣਨਾ

ਯਹੋਵਾਹ ਦੇ ਰਾਹਾਂ ਨੂੰ ਜਾਣਨਾ

“ਮੈਨੂੰ ਆਪਣਾ ਰਾਹ ਦੱਸ ਕਿ ਮੈਂ ਤੈਨੂੰ ਜਾਣਾਂ।”—ਕੂਚ 33:13.

1, 2. (ੳ) ਮੂਸਾ ਨੇ ਉਸ ਮਿਸਰੀ ਨੂੰ ਕਿਉਂ ਮਾਰ ਸੁੱਟਿਆ ਜੋ ਇਕ ਇਸਰਾਏਲੀ ਉੱਤੇ ਜ਼ੁਲਮ ਕਰ ਰਿਹਾ ਸੀ? (ਅ) ਯਹੋਵਾਹ ਦੀ ਸੇਵਾ ਕਰਨ ਦੇ ਲਾਇਕ ਬਣਨ ਲਈ ਮੂਸਾ ਨੂੰ ਕੀ ਸਿੱਖਣ ਦੀ ਲੋੜ ਸੀ?

ਮੂਸਾ ਫ਼ਿਰਊਨ ਦੇ ਘਰਾਣੇ ਵਿਚ ਪਲਿਆ ਸੀ ਅਤੇ ਉਸ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਲਈ ਸੀ। ਪਰ ਮੂਸਾ ਜਾਣਦਾ ਸੀ ਕਿ ਉਹ ਮਿਸਰੀ ਨਹੀਂ ਸੀ। ਉਸ ਦੇ ਮਾਂ-ਬਾਪ ਇਬਰਾਨੀ ਸਨ। ਜਦ ਉਹ 40 ਸਾਲਾਂ ਦਾ ਹੋਇਆ, ਤਾਂ ਉਹ ਆਪਣੇ ਇਸਰਾਏਲੀ ਭਰਾਵਾਂ ਨੂੰ ਦੇਖਣ ਗਿਆ। ਉਸ ਨੇ ਇਕ ਮਿਸਰੀ ਨੂੰ ਇਕ ਇਸਰਾਏਲੀ ਉੱਤੇ ਜ਼ੁਲਮ ਕਰਦੇ ਹੋਏ ਦੇਖਿਆ। ਮੂਸਾ ਨੇ ਕੀ ਕੀਤਾ? ਉਸ ਨੇ ਉਸ ਮਿਸਰੀ ਨੂੰ ਮਾਰ ਸੁੱਟਿਆ। ਮੂਸਾ ਨੇ ਯਹੋਵਾਹ ਦੇ ਲੋਕਾਂ ਦਾ ਪੱਖ ਲਿਆ ਅਤੇ ਉਸ ਨੇ ਸੋਚਿਆ ਕਿ ਪਰਮੇਸ਼ੁਰ ਇਸਰਾਏਲੀਆਂ ਨੂੰ ਛੁਟਕਾਰਾ ਦਿਲਾਉਣ ਲਈ ਉਸ ਨੂੰ ਵਰਤ ਰਿਹਾ ਸੀ। (ਰਸੂਲਾਂ ਦੇ ਕਰਤੱਬ 7:21-25; ਇਬਰਾਨੀਆਂ 11:24, 25) ਜਦ ਇਸ ਕਤਲ ਦੀ ਖ਼ਬਰ ਫੈਲ ਗਈ, ਤਾਂ ਮਿਸਰ ਦੇ ਸ਼ਾਹੀ ਘਰਾਣੇ ਨੇ ਮੂਸਾ ਨੂੰ ਮੁਜਰਮ ਕਰਾਰ ਦੇ ਕੇ ਉਸ ਨੂੰ ਜਾਨੋਂ ਮਾਰਨ ਦਾ ਜਤਨ ਕੀਤਾ। ਮੂਸਾ ਨੂੰ ਆਪਣੀ ਜਾਨ ਬਚਾ ਕੇ ਉੱਥੋਂ ਭੱਜਣਾ ਪਿਆ। (ਕੂਚ 2:11-15) ਮੂਸਾ ਨੂੰ ਯਹੋਵਾਹ ਦੇ ਰਾਹਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦੀ ਲੋੜ ਸੀ ਤਾਂਕਿ ਯਹੋਵਾਹ ਉਸ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਵਰਤ ਸਕੇ। ਕੀ ਉਹ ਯਹੋਵਾਹ ਦੀ ਸਿੱਖਿਆ ਸਵੀਕਾਰ ਕਰਨ ਲਈ ਤਿਆਰ ਸੀ?—ਜ਼ਬੂਰਾਂ ਦੀ ਪੋਥੀ 25:9.

2 ਅਗਲੇ 40 ਸਾਲਾਂ ਤਕ ਮੂਸਾ ਪਰਾਏ ਦੇਸ਼ ਵਿਚ ਰਿਹਾ ਜਿੱਥੇ ਉਹ ਭੇਡਾਂ ਚਾਰਦਾ ਸੀ। ਉਹ ਇਸ ਗੱਲ ਤੋਂ ਗੁੱਸੇ ਅਤੇ ਨਿਰਾਸ਼ ਨਹੀਂ ਹੋਇਆ ਕਿ ਉਸ ਦੇ ਇਸਰਾਏਲੀ ਭਰਾਵਾਂ ਨੇ ਉਸ ਦੀ ਕਦਰ ਨਹੀਂ ਕੀਤੀ, ਸਗੋਂ ਉਸ ਨੇ ਯਹੋਵਾਹ ਦੀ ਮਰਜ਼ੀ ਅੱਗੇ ਸਿਰ ਝੁਕਾਇਆ। ਇਨ੍ਹਾਂ ਸਾਲਾਂ ਦੌਰਾਨ ਮੂਸਾ ਨੇ ਯਹੋਵਾਹ ਨੂੰ ਉਸ ਦੀ ਸ਼ਖ਼ਸੀਅਤ ਨੂੰ ਨਿਖਾਰਨ ਦਿੱਤਾ। ਬਾਅਦ ਵਿਚ ਮੂਸਾ ਨੇ ਲਿਖਿਆ: “ਉਹ ਮਰਦ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ।” (ਗਿਣਤੀ 12:3) ਇਹ ਉਸ ਦੀ ਆਪਣੀ ਰਾਇ ਨਹੀਂ ਸੀ, ਸਗੋਂ ਉਸ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਇਹ ਲਿਖਿਆ ਸੀ। ਯਹੋਵਾਹ ਨੇ ਮੂਸਾ ਨੂੰ ਵੱਡੇ-ਵੱਡੇ ਕੰਮ ਕਰਨ ਲਈ ਵਰਤਿਆ। ਜੇ ਅਸੀਂ ਮਸਕੀਨੀ ਨੂੰ ਭਾਲੀਏ, ਤਾਂ ਯਹੋਵਾਹ ਸਾਨੂੰ ਵੀ ਬਰਕਤਾਂ ਦੇਵੇਗਾ।—ਸਫ਼ਨਯਾਹ 2:3.

ਮੂਸਾ ਨੂੰ ਕੰਮ ਸੌਂਪਿਆ ਗਿਆ

3, 4. (ੳ) ਯਹੋਵਾਹ ਨੇ ਮੂਸਾ ਨੂੰ ਕਿਹੜਾ ਕੰਮ ਸੌਂਪਿਆ ਸੀ? (ਅ) ਇਸ ਕੰਮ ਵਿਚ ਯਹੋਵਾਹ ਨੇ ਮੂਸਾ ਦੀ ਕਿਵੇਂ ਮਦਦ ਕੀਤੀ?

3 ਇਕ ਦਿਨ ਯਹੋਵਾਹ ਨੇ ਇਕ ਦੂਤ ਨੂੰ ਸੀਨਈ ਇਲਾਕੇ ਵਿਚ ਹੋਰੇਬ ਪਹਾੜ ਨੇੜੇ ਮੂਸਾ ਨਾਲ ਗੱਲ ਕਰਨ ਲਈ ਭੇਜਿਆ। ਇਸ ਦੂਤ ਨੇ ਯਹੋਵਾਹ ਵੱਲੋਂ ਮੂਸਾ ਨੂੰ ਇਹ ਸੁਨੇਹਾ ਦਿੱਤਾ: “ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ। ਅਤੇ ਮੈਂ ਉੱਤਰਿਆ ਹਾਂ ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਅੱਛੀ ਅਤੇ ਮੋਕਲੀ ਧਰਤੀ ਵਿੱਚ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ . . . ਉਤਾਹਾਂ ਲਿਆਵਾਂ।” (ਕੂਚ 3:2, 7, 8) ਇਸ ਕੰਮ ਲਈ ਪਰਮੇਸ਼ੁਰ ਨੇ ਮੂਸਾ ਨੂੰ ਵਰਤਣਾ ਸੀ, ਪਰ ਮੂਸਾ ਨੂੰ ਇਹ ਕੰਮ ਯਹੋਵਾਹ ਦੇ ਤਰੀਕੇ ਨਾਲ ਕਰਨਾ ਪੈਣਾ ਸੀ।

4 ਯਹੋਵਾਹ ਦੇ ਦੂਤ ਨੇ ਅੱਗੇ ਕਿਹਾ: “ਹੁਣ ਤੂੰ ਆ। ਮੈਂ ਤੈਨੂੰ ਫ਼ਿਰਊਨ ਕੋਲ ਘੱਲਾਂਗਾ ਤਾਂ ਜੋ ਤੂੰ ਮੇਰੀ ਪਰਜਾ ਅਰਥਾਤ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ।” ਮੂਸਾ ਹਿਚਕਿਚਾਇਆ। ਉਹ ਆਪਣੇ ਆਪ ਨੂੰ ਇਸ ਕੰਮ ਦੇ ਕਾਬਲ ਨਹੀਂ ਸਮਝਦਾ ਸੀ ਅਤੇ ਉਹ ਕਾਬਲ ਹੈ ਵੀ ਨਹੀਂ ਸੀ। ਪਰ ਯਹੋਵਾਹ ਨੇ ਮੂਸਾ ਨੂੰ ਭਰੋਸਾ ਦਿਵਾਇਆ: ‘ਮੈਂ ਤੇਰੇ ਨਾਲ ਹੋਵਾਂਗਾ।’ (ਕੂਚ 3:10-12) ਯਹੋਵਾਹ ਨੇ ਮੂਸਾ ਨੂੰ ਚਮਤਕਾਰ ਕਰਨ ਦੀ ਸ਼ਕਤੀ ਦਿੱਤੀ ਤਾਂਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਪਰਮੇਸ਼ੁਰ ਨੇ ਉਸ ਨੂੰ ਸੱਚ-ਮੁੱਚ ਭੇਜਿਆ ਸੀ। ਮੂਸਾ ਦੇ ਭਰਾ ਹਾਰੂਨ ਨੇ ਫ਼ਿਰਊਨ ਨਾਲ ਗੱਲ ਕਰਨ ਲਈ ਉਸ ਦੇ ਨਾਲ ਜਾਣਾ ਸੀ। ਯਹੋਵਾਹ ਨੇ ਉਨ੍ਹਾਂ ਨੂੰ ਸਿਖਾਉਣਾ ਸੀ ਕਿ ਉਹ ਕੀ ਕਹਿਣਗੇ ਅਤੇ ਕੀ ਕਰਨਗੇ। (ਕੂਚ 4:1-17) ਕੀ ਮੂਸਾ ਨੇ ਇਹ ਕੰਮ ਵਫ਼ਾਦਾਰੀ ਨਾਲ ਕੀਤਾ ਸੀ?

5. ਇਸਰਾਏਲੀਆਂ ਦੇ ਰਵੱਈਏ ਨੇ ਮੂਸਾ ਦੇ ਸਬਰ ਨੂੰ ਕਿਵੇਂ ਪਰਖਿਆ?

5 ਪਹਿਲਾਂ ਤਾਂ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੇ ਮੂਸਾ ਅਤੇ ਹਾਰੂਨ ਦੀ ਗੱਲ ਉੱਤੇ ਨਿਹਚਾ ਕੀਤੀ। (ਕੂਚ 4:29-31) ਪਰ ਬਾਅਦ ਵਿਚ “ਇਸਰਾਏਲੀਆਂ ਦੇ ਮੇਹਟਾਂ” ਯਾਨੀ ਮੁਖੀਆਂ ਨੇ ਮੂਸਾ ਤੇ ਉਸ ਦੇ ਭਰਾ ਉੱਤੇ ਇਹ ਇਲਜ਼ਾਮ ਲਾਇਆ: “ਤੁਸਾਂ ਸਾਡੀ ਬਾਸ਼ਨਾ ਫਿਰਊਨ ਦੇ ਅੱਗੇ ਅਤੇ ਉਸ ਦੇ ਟਹਿਲੂਆਂ ਦੇ ਅੱਗੇ ਗੰਦੀ ਬਣਾ ਦਿੱਤੀ ਹੈ।” (ਕੂਚ 5:19-21; ਕੂਚ 6:9) ਜਦ ਇਸਰਾਏਲੀ ਮਿਸਰ ਛੱਡ ਕੇ ਜਾ ਰਹੇ ਸਨ, ਤਾਂ ਉਹ ਤਭਕ ਗਏ ਕਿਉਂਕਿ ਉਨ੍ਹਾਂ ਨੇ ਮਿਸਰੀ ਰਥਾਂ ਨੂੰ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਦੇਖਿਆ। ਉਨ੍ਹਾਂ ਦੇ ਸਾਮ੍ਹਣੇ ਲਾਲ ਸਮੁੰਦਰ ਸੀ ਅਤੇ ਪਿੱਛੇ ਦੁਸ਼ਮਣਾਂ ਦੇ ਰਥ ਅਤੇ ਇਸ ਲਈ ਵੀ ਉਨ੍ਹਾਂ ਨੇ ਮੂਸਾ ਨੂੰ ਕਸੂਰਵਾਰ ਠਹਿਰਾਇਆ। ਜੇ ਤੁਸੀਂ ਉੱਥੇ ਹੁੰਦੇ, ਤਾਂ ਤੁਸੀਂ ਕੀ ਕਰਦੇ? ਭਾਵੇਂ ਇਸਰਾਏਲੀਆਂ ਕੋਲ ਕਿਸ਼ਤੀਆਂ ਨਹੀਂ ਸਨ, ਪਰ ਯਹੋਵਾਹ ਦੇ ਨਿਰਦੇਸ਼ਨ ਅਨੁਸਾਰ ਮੂਸਾ ਨੇ ਇਸਰਾਏਲੀਆਂ ਨੂੰ ਆਪਣਾ ਸਾਮਾਨ ਬੰਨ੍ਹਣ ਅਤੇ ਅੱਗੇ ਤੁਰਨ ਲਈ ਕਿਹਾ। ਫਿਰ ਪਰਮੇਸ਼ੁਰ ਨੇ ਲਾਲ ਸਮੁੰਦਰ ਦੇ ਪਾਣੀਆਂ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਅਤੇ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਚੱਲ ਕੇ ਸਮੁੰਦਰ ਦੇ ਦੂਜੇ ਕੰਢੇ ਪਹੁੰਚ ਗਏ।—ਕੂਚ 14:1-22.

ਛੁਟਕਾਰੇ ਨਾਲੋਂ ਅਹਿਮ ਚੀਜ਼

6. ਮੂਸਾ ਨੂੰ ਕੰਮ ਸੌਂਪਦੇ ਸਮੇਂ ਯਹੋਵਾਹ ਨੇ ਕਿਸ ਚੀਜ਼ ਉੱਤੇ ਜ਼ੋਰ ਦਿੱਤਾ ਸੀ?

6 ਮੂਸਾ ਨੂੰ ਕੰਮ ਸੌਂਪਦੇ ਸਮੇਂ ਯਹੋਵਾਹ ਨੇ ਆਪਣੇ ਨਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਸੀ। ਯਹੋਵਾਹ ਅਤੇ ਉਸ ਦੇ ਨਾਂ ਦਾ ਆਦਰ ਕਰਨਾ ਲਾਜ਼ਮੀ ਸੀ। ਜਦ ਮੂਸਾ ਨੇ ਪਰਮੇਸ਼ੁਰ ਨੂੰ ਉਸ ਦੇ ਨਾਂ ਬਾਰੇ ਪੁੱਛਿਆ, ਤਾਂ ਉਸ ਨੇ ਮੂਸਾ ਨੂੰ ਕਿਹਾ: “ਮੈਂ ਹਾਂ ਜੋ ਮੈਂ ਹਾਂ।” ਮੂਸਾ ਨੇ ਇਸਰਾਏਲੀਆਂ ਨੂੰ ਦੱਸਣਾ ਸੀ: “ਯਹੋਵਾਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ, ਅਰ ਯਾਕੂਬ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।” ਯਹੋਵਾਹ ਨੇ ਅੱਗੇ ਕਿਹਾ: “ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਏਹੋ ਹੀ ਯਾਦਗਾਰੀ ਹੈ।” (ਕੂਚ 3:13-15) ਅੱਜ ਵੀ ਪੂਰੀ ਧਰਤੀ ਵਿਚ ਪਰਮੇਸ਼ੁਰ ਦੇ ਸੇਵਕ ਉਸ ਨੂੰ ਉਸ ਦੇ ਨਾਂ ਯਹੋਵਾਹ ਤੋਂ ਜਾਣਦੇ ਹਨ।—ਯਸਾਯਾਹ 12:4, 5; 43:10-12.

7. ਫ਼ਿਰਊਨ ਦੇ ਘਮੰਡ ਦੇ ਬਾਵਜੂਦ ਪਰਮੇਸ਼ੁਰ ਨੇ ਮੂਸਾ ਨੂੰ ਕੀ ਕਰਨ ਲਈ ਕਿਹਾ?

7 ਮੂਸਾ ਅਤੇ ਹਾਰੂਨ ਨੇ ਯਹੋਵਾਹ ਦਾ ਨਾਂ ਲੈ ਕੇ ਫ਼ਿਰਊਨ ਨੂੰ ਉਸ ਦਾ ਸੰਦੇਸ਼ ਦਿੱਤਾ। ਪਰ ਫ਼ਿਰਊਨ ਨੇ ਘਮੰਡ ਨਾਲ ਕਿਹਾ: “ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ ਕਿ ਇਸਰਾਏਲ ਨੂੰ ਜਾਣ ਦਿਆਂ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਉੱਕਾ ਹੀ ਨਹੀਂ ਜਾਣ ਦੇਵਾਂਗਾ।” (ਕੂਚ 5:1, 2) ਫ਼ਿਰਊਨ ਪੱਥਰ-ਦਿਲ ਅਤੇ ਧੋਖੇਬਾਜ਼ ਸੀ, ਫਿਰ ਵੀ ਯਹੋਵਾਹ ਨੇ ਉਸ ਨੂੰ ਸੰਦੇਸ਼ ਦੇਣ ਲਈ ਮੂਸਾ ਨੂੰ ਵਾਰ-ਵਾਰ ਭੇਜਿਆ। (ਕੂਚ 7:14-16, 20-23; 8:1, 2, 20) ਮੂਸਾ ਨੂੰ ਪਤਾ ਸੀ ਕਿ ਫ਼ਿਰਊਨ ਖਿਝਿਆ ਹੋਇਆ ਸੀ। ਕੀ ਇਸ ਤਰ੍ਹਾਂ ਵਾਰ-ਵਾਰ ਉਸ ਦਾ ਸਾਮ੍ਹਣਾ ਕਰਨ ਦਾ ਕੋਈ ਫ਼ਾਇਦਾ ਸੀ? ਇਸਰਾਏਲੀ ਛੁਟਕਾਰਾ ਪਾਉਣ ਲਈ ਉਤਾਵਲੇ ਸਨ। ਫ਼ਿਰਊਨ ਨਾਂਹ ਕਹਿ ਚੁੱਕਾ ਸੀ ਅਤੇ ਉਹ ਬਦਲਣ ਵਾਲਾ ਨਹੀਂ ਸੀ। ਜੇ ਤੁਸੀਂ ਮੂਸਾ ਹੁੰਦੇ, ਤਾਂ ਤੁਸੀਂ ਕੀ ਕਰਦੇ?

8. ਫ਼ਿਰਊਨ ਨੂੰ ਵਾਰ-ਵਾਰ ਚੇਤਾਵਨੀ ਦੇਣ ਦਾ ਕੀ ਫ਼ਾਇਦਾ ਹੋਇਆ ਅਤੇ ਇਨ੍ਹਾਂ ਘਟਨਾਵਾਂ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?

8 ਮੂਸਾ ਨੇ ਇਹ ਕਹਿੰਦੇ ਹੋਏ ਇਕ ਹੋਰ ਸੰਦੇਸ਼ ਦਿੱਤਾ: ‘ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਮੇਰੀ ਉਪਾਸਨਾ ਕਰੇ।’ ਪਰਮੇਸ਼ੁਰ ਨੇ ਅੱਗੇ ਕਿਹਾ: “ਹੁਣ ਤੀਕ ਮੈਂ ਆਪਣਾ ਹੱਥ ਵਧਾਕੇ ਤੈਨੂੰ ਅਰ ਤੇਰੀ ਰਈਅਤ ਨੂੰ ਮਰੀ ਨਾਲ ਮਾਰ ਦਿੱਤਾ ਹੁੰਦਾ ਅਤੇ ਤੂੰ ਧਰਤੀ ਉੱਤੋਂ ਮਿੱਟ ਗਿਆ ਹੁੰਦਾ। ਪਰ ਸੱਚ ਮੁੱਚ ਮੈਂ ਤੈਨੂੰ ਏਸ ਕਰਕੇ ਘਲਿਆਰਿਆ ਅਤੇ ਏਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪਰਗਟ ਹੋ ਜਾਵੇ।” (ਕੂਚ 9:13-16) ਯਹੋਵਾਹ ਨੇ ਇਸ ਕਠੋਰ ਫ਼ਿਰਊਨ ਨੂੰ ਆਪਣੀ ਸ਼ਕਤੀ ਦਾ ਅਜਿਹਾ ਸਬੂਤ ਦੇਣਾ ਸੀ ਕਿ ਇਸ ਨੂੰ ਦੇਖ ਕੇ ਯਹੋਵਾਹ ਦੇ ਸਾਰੇ ਵਿਰੋਧੀਆਂ ਨੂੰ ਚੁਕੰਨੇ ਹੋ ਜਾਣਾ ਚਾਹੀਦਾ ਸੀ। ਇਨ੍ਹਾਂ ਵਿਰੋਧੀਆਂ ਵਿਚ ਸ਼ਤਾਨ ਵੀ ਸੀ ਜਿਸ ਨੂੰ ਬਾਅਦ ਵਿਚ ਯਿਸੂ ਨੇ “ਜਗਤ ਦਾ ਸਰਦਾਰ” ਕਿਹਾ ਸੀ। (ਯੂਹੰਨਾ 14:30; ਰੋਮੀਆਂ 9:17-24) ਜਿਸ ਤਰ੍ਹਾਂ ਯਹੋਵਾਹ ਨੇ ਪਹਿਲਾਂ ਹੀ ਕਿਹਾ ਸੀ, ਉਸ ਦਾ ਨਾਂ ਪੂਰੀ ਧਰਤੀ ਉੱਤੇ ਰੌਸ਼ਨ ਕੀਤਾ ਗਿਆ। ਉਸ ਦੇ ਧੀਰਜ ਕਰਕੇ ਇਸਰਾਏਲੀਆਂ ਨੂੰ ਮੁਕਤੀ ਮਿਲੀ ਅਤੇ ਹੋਰ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਲੱਗ ਪਏ। (ਕੂਚ 9:20, 21; 12:37, 38) ਉਦੋਂ ਤੋਂ ਲੈ ਕੇ ਅੱਜ ਤਕ ਲੱਖਾਂ ਹੋਰਨਾਂ ਲੋਕਾਂ ਨੇ ਯਹੋਵਾਹ ਦਾ ਨਾਂ ਸੁਣ ਕੇ ਉਸ ਦੀ ਭਗਤੀ ਕਰਨੀ ਸ਼ੁਰੂ ਕੀਤੀ ਹੈ।

ਹੱਠੀ ਲੋਕਾਂ ਨਾਲ ਨਜਿੱਠਣਾ

9. ਇਸਰਾਏਲੀਆਂ ਨੇ ਯਹੋਵਾਹ ਦਾ ਨਿਰਾਦਰ ਕਿਸ ਤਰ੍ਹਾਂ ਕੀਤਾ ਸੀ?

9 ਇਸਰਾਏਲੀ ਪਰਮੇਸ਼ੁਰ ਦਾ ਨਾਂ ਜਾਣਦੇ ਸਨ। ਮੂਸਾ ਨੇ ਉਨ੍ਹਾਂ ਨਾਲ ਗੱਲ ਕਰਦੇ ਸਮੇਂ ਪਰਮੇਸ਼ੁਰ ਦਾ ਨਾਂ ਇਸਤੇਮਾਲ ਕੀਤਾ ਸੀ, ਪਰ ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਨਾਂ ਦਾ ਆਦਰ ਨਹੀਂ ਕੀਤਾ। ਯਹੋਵਾਹ ਨੇ ਚਮਤਕਾਰੀ ਢੰਗ ਨਾਲ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਂਦਾ। ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਉਦੋਂ ਕੀ ਹੋਇਆ ਜਦੋਂ ਉਨ੍ਹਾਂ ਨੂੰ ਪੀਣ ਲਈ ਪਾਣੀ ਨਹੀਂ ਮਿਲਿਆ? ਉਹ ਮੂਸਾ ਦੇ ਖ਼ਿਲਾਫ਼ ਬੁੜਬੁੜਾਉਣ ਲੱਗ ਪਏ। ਫਿਰ ਉਨ੍ਹਾਂ ਨੇ ਖਾਣੇ ਵਿਚ ਨੁਕਸ ਕੱਢੇ। ਮੂਸਾ ਨੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਉਸ ਦੇ ਅਤੇ ਹਾਰੂਨ ਦੇ ਖ਼ਿਲਾਫ਼ ਹੀ ਨਹੀਂ ਬੋਲ ਰਹੇ ਸਨ, ਸਗੋਂ ਯਹੋਵਾਹ ਦੇ ਖ਼ਿਲਾਫ਼ ਬੋਲ ਰਹੇ ਸਨ। (ਕੂਚ 15:22-24; 16:2-12) ਸੀਨਈ ਪਹਾੜ ਤੇ ਯਹੋਵਾਹ ਨੇ ਇਸਰਾਏਲੀਆਂ ਨੂੰ ਬਿਵਸਥਾ ਦਿੱਤੀ ਅਤੇ ਆਪਣੀ ਸ਼ਕਤੀ ਦਿਖਾਈ। ਪਰ ਇਸ ਤੋਂ ਥੋੜ੍ਹੇ ਸਮੇਂ ਬਾਅਦ ਲੋਕਾਂ ਨੇ ਸੋਨੇ ਦਾ ਵੱਛਾ ਬਣਾ ਕੇ ਉਸ ਦੀ ਪੂਜਾ ਕੀਤੀ ਅਤੇ ਕਿਹਾ ਕਿ ਉਹ “ਯਹੋਵਾਹ ਦਾ ਪਰਬ” ਮਨਾ ਰਹੇ ਸਨ।—ਕੂਚ 32:1-9.

10. ਅੱਜ ਮਸੀਹੀ ਬਜ਼ੁਰਗ ਕੂਚ 33:13 ਵਿਚ ਮੂਸਾ ਦੇ ਸ਼ਬਦਾਂ ਵਿਚ ਦਿਲਚਸਪੀ ਕਿਉਂ ਲੈਂਦੇ ਹਨ?

10 ਮੂਸਾ ਉਨ੍ਹਾਂ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਇਆ ਜਿਨ੍ਹਾਂ ਨੂੰ ਯਹੋਵਾਹ ਨੇ ਖ਼ੁਦ ਹੱਠੀ ਸੱਦਿਆ ਸੀ? ਮੂਸਾ ਨੇ ਯਹੋਵਾਹ ਅੱਗੇ ਬੇਨਤੀ ਕੀਤੀ: “ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ ਤਾਂ ਮੈਨੂੰ ਆਪਣਾ ਰਾਹ ਦੱਸ ਕਿ ਮੈਂ ਤੈਨੂੰ ਜਾਣਾਂ ਤਾਂ ਜੋ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਰਹੇ।” (ਕੂਚ 33:13) ਅੱਜ ਮਸੀਹੀ ਕਲੀਸਿਯਾ ਦੇ ਬਜ਼ੁਰਗ ਇਸਰਾਏਲੀਆਂ ਨਾਲੋਂ ਕਿਤੇ ਜ਼ਿਆਦਾ ਨਿਮਰ ਭੈਣ-ਭਰਾਵਾਂ ਦੀ ਦੇਖ-ਭਾਲ ਕਰਦੇ ਹਨ। ਫਿਰ ਵੀ ਉਹ ਮੂਸਾ ਵਾਂਗ ਪ੍ਰਾਰਥਨਾ ਕਰਦੇ ਹਨ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ।” (ਜ਼ਬੂਰਾਂ ਦੀ ਪੋਥੀ 25:4) ਜਦ ਬਜ਼ੁਰਗ ਯਹੋਵਾਹ ਦੇ ਰਾਹਾਂ ਨੂੰ ਜਾਣਦੇ ਹਨ, ਤਾਂ ਉਹ ਉਸ ਦੇ ਲੋਕਾਂ ਨਾਲ ਉਸੇ ਤਰ੍ਹਾਂ ਪੇਸ਼ ਆਉਂਦੇ ਹਨ ਜਿਸ ਤਰ੍ਹਾਂ ਪਰਮੇਸ਼ੁਰ ਦੇ ਬਚਨ ਵਿਚ ਦੱਸਿਆ ਗਿਆ ਹੈ। ਇਸ ਤਰ੍ਹਾਂ ਕਰਦਿਆਂ ਉਹ ਯਹੋਵਾਹ ਦੇ ਗੁਣ ਦਿਖਾਉਂਦੇ ਹਨ।

ਯਹੋਵਾਹ ਦੀ ਆਪਣੇ ਲੋਕਾਂ ਤੋਂ ਉਮੀਦ

11. ਯਹੋਵਾਹ ਨੇ ਮੂਸਾ ਨੂੰ ਕਿਹੜੀਆਂ ਗੱਲਾਂ ਦੱਸੀਆਂ ਅਤੇ ਅਸੀਂ ਉਨ੍ਹਾਂ ਵਿਚ ਦਿਲਚਸਪੀ ਕਿਉਂ ਲੈਂਦੇ ਹਾਂ?

11 ਯਹੋਵਾਹ ਨੇ ਸੀਨਈ ਪਹਾੜ ਤੇ ਮੂਸਾ ਨੂੰ ਦੱਸਿਆ ਸੀ ਕਿ ਉਹ ਆਪਣੇ ਲੋਕਾਂ ਤੋਂ ਕੀ ਉਮੀਦ ਰੱਖਦਾ ਸੀ। ਬਾਅਦ ਵਿਚ ਉਸ ਨੇ ਪੱਥਰ ਦੀਆਂ ਦੋ ਫੱਟੀਆਂ ਉੱਤੇ ਦਸ ਹੁਕਮ ਲਿਖ ਕੇ ਮੂਸਾ ਨੂੰ ਦਿੱਤੇ। ਪਹਾੜ ਤੋਂ ਉਤਰਦੇ ਹੋਏ ਮੂਸਾ ਨੇ ਇਸਰਾਏਲੀਆਂ ਨੂੰ ਸੋਨੇ ਦੇ ਵੱਛੇ ਦੀ ਪੂਜਾ ਕਰਦੇ ਦੇਖਿਆ। ਗੁੱਸੇ ਵਿਚ ਆ ਕੇ ਉਸ ਨੇ ਉਹ ਫੱਟੀਆਂ ਥੱਲੇ ਸੁੱਟ ਦਿੱਤੀਆਂ ਅਤੇ ਉਹ ਟੁੱਟ ਗਈਆਂ। ਯਹੋਵਾਹ ਨੇ ਫਿਰ ਮੂਸਾ ਨੂੰ ਪੱਥਰ ਦੀਆਂ ਫੱਟੀਆਂ ਉੱਤੇ ਦਸ ਹੁਕਮ ਲਿਖ ਕੇ ਦਿੱਤੇ। (ਕੂਚ 32:19; 34:1) ਇਹ ਉਹੋ ਹੁਕਮ ਸਨ ਜੋ ਪਹਿਲੀਆਂ ਫੱਟੀਆਂ ਤੇ ਲਿਖੇ ਗਏ ਸਨ। ਮੂਸਾ ਨੂੰ ਉਨ੍ਹਾਂ ਦੇ ਅਨੁਸਾਰ ਚੱਲਣਾ ਚਾਹੀਦਾ ਸੀ। ਪਰਮੇਸ਼ੁਰ ਨੇ ਮੂਸਾ ਨੂੰ ਇਹ ਵੀ ਦੱਸਿਆ ਕਿ ਉਹ ਕਿਹੋ ਜਿਹਾ ਪਰਮੇਸ਼ੁਰ ਹੈ ਅਤੇ ਇਸ ਤਰ੍ਹਾਂ ਮੂਸਾ ਨੂੰ ਦਿਖਾਇਆ ਕਿ ਉਸ ਦੇ ਸੇਵਕ ਵਜੋਂ ਉਸ ਦਾ ਚਾਲ-ਚਲਣ ਕਿਹੋ ਜਿਹਾ ਹੋਣਾ ਚਾਹੀਦਾ ਸੀ। ਅੱਜ ਮਸੀਹੀ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਨ। ਪਰ ਜੋ ਗੱਲਾਂ ਯਹੋਵਾਹ ਨੇ ਮੂਸਾ ਨੂੰ ਦੱਸੀਆਂ ਸਨ, ਉਨ੍ਹਾਂ ਵਿਚ ਅਜਿਹੇ ਸਿਧਾਂਤ ਸਨ ਜੋ ਬਦਲੇ ਨਹੀਂ ਹਨ ਅਤੇ ਅੱਜ ਵੀ ਯਹੋਵਾਹ ਦੀ ਭਗਤੀ ਕਰਨ ਵਾਲਿਆਂ ਉੱਤੇ ਲਾਗੂ ਹੁੰਦੇ ਹਨ। (ਰੋਮੀਆਂ 6:14; 13:8-10) ਆਓ ਆਪਾਂ ਇਨ੍ਹਾਂ ਕੁਝ ਸਿਧਾਂਤਾਂ ਵੱਲ ਧਿਆਨ ਦੇਈਏ।

12. ਯਹੋਵਾਹ ਕਿਸੇ ਹੋਰ ਦੇਵੀ-ਦੇਵਤਿਆਂ ਦੀ ਪੂਜਾ ਬਰਦਾਸ਼ਤ ਨਹੀਂ ਕਰਦਾ, ਇਸ ਗੱਲ ਦਾ ਇਸਰਾਏਲੀਆਂ ਉੱਤੇ ਕੀ ਅਸਰ ਪੈਣਾ ਚਾਹੀਦਾ ਸੀ?

12ਸਿਰਫ਼ ਯਹੋਵਾਹ ਦੀ ਭਗਤੀ ਕਰੋ। ਯਹੋਵਾਹ ਨੇ ਇਸਰਾਏਲ ਦੀ ਪੂਰੀ ਕੌਮ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਅਣਖ ਵਾਲਾ ਪਰਮੇਸ਼ੁਰ ਹੈ। (ਕੂਚ 20:2-5) ਇਸਰਾਏਲੀਆਂ ਨੇ ਇਸ ਗੱਲ ਦਾ ਸਬੂਤ ਦੇਖਿਆ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। (ਬਿਵਸਥਾ ਸਾਰ 4:33-35) ਬਾਕੀ ਕੌਮਾਂ ਦੇ ਲੋਕ ਬੇਸ਼ੱਕ ਜੋ ਮਰਜ਼ੀ ਕਰਦੇ ਸਨ, ਪਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਉਹ ਮੂਰਤੀ-ਪੂਜਾ ਅਤੇ ਜਾਦੂ-ਟੂਣੇ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਦੀ ਭਗਤੀ ਸਿਰਫ਼ ਇਕ ਰਸਮ ਹੀ ਨਹੀਂ ਹੋਣੀ ਸੀ, ਸਗੋਂ ਇਹ ਦਿਲੋਂ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਸਾਰਿਆਂ ਨੂੰ ਯਹੋਵਾਹ ਨੂੰ ਆਪਣੇ ਸਾਰੇ ਦਿਲ, ਸਾਰੀ ਜਾਨ ਅਤੇ ਸਾਰੇ ਜ਼ੋਰ ਨਾਲ ਪਿਆਰ ਕਰਨਾ ਚਾਹੀਦਾ ਸੀ। (ਬਿਵਸਥਾ ਸਾਰ 6:5, 6) ਇਸ ਦਾ ਉਨ੍ਹਾਂ ਦੀ ਬੋਲੀ, ਕੰਮਾਂ ਤੇ ਰਹਿਣੀ-ਬਹਿਣੀ ਉੱਤੇ ਅਸਰ ਪੈਣਾ ਚਾਹੀਦਾ ਸੀ। (ਲੇਵੀਆਂ 20:27; 24:15, 16; 26:1) ਯਿਸੂ ਮਸੀਹ ਨੇ ਵੀ ਸਾਫ਼ ਦੱਸਿਆ ਸੀ ਕਿ ਯਹੋਵਾਹ ਕਿਸੇ ਹੋਰ ਦੇਵੀ-ਦੇਵਤਿਆਂ ਦੀ ਪੂਜਾ ਬਰਦਾਸ਼ਤ ਨਹੀਂ ਕਰਦਾ।—ਮਰਕੁਸ 12:28-30; ਲੂਕਾ 4:8.

13. ਇਸਰਾਏਲੀਆਂ ਨੂੰ ਯਹੋਵਾਹ ਦੀ ਹਰ ਗੱਲ ਕਿਉਂ ਮੰਨਣੀ ਚਾਹੀਦੀ ਸੀ ਅਤੇ ਕਿਹੜੀ ਗੱਲ ਸਾਨੂੰ ਯਹੋਵਾਹ ਦੇ ਕਹਿਣੇ ਵਿਚ ਰਹਿਣ ਲਈ ਪ੍ਰੇਰਿਤ ਕਰੇਗੀ? (ਉਪਦੇਸ਼ਕ ਦੀ ਪੋਥੀ 12:13)

13ਯਹੋਵਾਹ ਦੇ ਸਾਰੇ ਹੁਕਮ ਮੰਨੋ। ਇਸਰਾਏਲੀਆਂ ਨੂੰ ਯਾਦ ਕਰਾਇਆ ਗਿਆ ਸੀ ਕਿ ਜਦ ਯਹੋਵਾਹ ਨੇ ਉਨ੍ਹਾਂ ਨਾਲ ਨੇਮ ਬੰਨ੍ਹਿਆ ਸੀ, ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਉਸ ਦੀ ਹਰ ਗੱਲ ਮੰਨਣਗੇ। ਉਨ੍ਹਾਂ ਕੋਲ ਕਾਫ਼ੀ ਆਜ਼ਾਦੀ ਸੀ, ਪਰ ਜਿਨ੍ਹਾਂ ਮਾਮਲਿਆਂ ਬਾਰੇ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤੇ ਸਨ, ਉਨ੍ਹਾਂ ਵਿਚ ਉਨ੍ਹਾਂ ਨੂੰ ਉਸ ਦੇ ਹੁਕਮ ਮੰਨਣੇ ਚਾਹੀਦੇ ਸਨ। ਇਸ ਤਰ੍ਹਾਂ ਕਰਨ ਨਾਲ ਉਹ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਸਨ। ਇਸ ਤੋਂ ਇਲਾਵਾ ਇਹ ਹੁਕਮ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਔਲਾਦ ਦੇ ਭਲੇ ਲਈ ਸਨ ਅਤੇ ਇਨ੍ਹਾਂ ਉੱਤੇ ਚੱਲ ਕੇ ਉਨ੍ਹਾਂ ਦਾ ਫ਼ਾਇਦਾ ਹੋਣਾ ਸੀ।—ਕੂਚ 19:5-8; ਬਿਵਸਥਾ ਸਾਰ 5:27-33; 11:22, 23.

14. ਪਰਮੇਸ਼ੁਰ ਨੇ ਇਸ ਗੱਲ ਉੱਤੇ ਜ਼ੋਰ ਕਿਵੇਂ ਦਿੱਤਾ ਕਿ ਇਸਰਾਏਲੀਆਂ ਨੂੰ ਉਸ ਦੀ ਸੇਵਾ ਨੂੰ ਪਹਿਲ ਦੇਣੀ ਚਾਹੀਦੀ ਸੀ?

14ਯਹੋਵਾਹ ਦੀ ਸੇਵਾ ਨੂੰ ਪਹਿਲ ਦਿਓ। ਆਪਣੀਆਂ ਲੋੜਾਂ ਪੂਰੀਆਂ ਕਰਦੇ ਹੋਏ ਇਸਰਾਏਲੀਆਂ ਨੂੰ ਯਹੋਵਾਹ ਦੀ ਸੇਵਾ ਕਰਨੀ ਨਹੀਂ ਭੁੱਲਣੀ ਚਾਹੀਦੀ ਸੀ। ਇਸਰਾਏਲੀਆਂ ਨੂੰ ਆਪਣੀ ਜ਼ਿੰਦਗੀ ਸਿਰਫ਼ ਆਪਣੇ ਕੰਮਾਂ ਵਿਚ ਨਹੀਂ ਲਾਉਣੀ ਚਾਹੀਦੀ ਸੀ। ਯਹੋਵਾਹ ਨੇ ਹਫ਼ਤੇ ਦੇ ਇਕ ਦਿਨ ਨੂੰ ਪਵਿੱਤਰ ਠਹਿਰਾਇਆ ਸੀ ਜਿਸ ਦਿਨ ਇਸਰਾਏਲੀਆਂ ਨੂੰ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਸਿਵਾਇ ਹੋਰ ਕੁਝ ਨਹੀਂ ਕਰਨਾ ਚਾਹੀਦਾ ਸੀ। (ਕੂਚ 35:1-3; ਗਿਣਤੀ 15:32-36) ਉਨ੍ਹਾਂ ਨੂੰ ਹਰ ਸਾਲ ਪਵਿੱਤਰ ਪਰਬ ਮਨਾਉਣ ਲਈ ਵੀ ਸਮਾਂ ਕੱਢਣਾ ਚਾਹੀਦਾ ਸੀ। (ਲੇਵੀਆਂ 23:4-44) ਇਨ੍ਹਾਂ ਮੌਕਿਆਂ ਤੇ ਲੋਕਾਂ ਨੂੰ ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ਤੇ ਉਸ ਦੇ ਰਾਹਾਂ ਬਾਰੇ ਯਾਦ ਕਰਾਇਆ ਜਾਣਾ ਸੀ ਅਤੇ ਉਹ ਯਹੋਵਾਹ ਦੀ ਭਲਾਈ ਲਈ ਉਸ ਦਾ ਧੰਨਵਾਦ ਕਰ ਸਕਦੇ ਸਨ। ਇਸ ਤਰ੍ਹਾਂ ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਭੈ ਅਤੇ ਪਿਆਰ ਵਧਣਾ ਸੀ ਅਤੇ ਇਹ ਉਨ੍ਹਾਂ ਦੀ ਯਹੋਵਾਹ ਦੇ ਰਾਹਾਂ ਉੱਤੇ ਚੱਲਣ ਵਿਚ ਮਦਦ ਕਰ ਸਕਦਾ ਸੀ। (ਬਿਵਸਥਾ ਸਾਰ 10:12, 13) ਯਹੋਵਾਹ ਦੇ ਸੇਵਕ ਅੱਜ ਇਨ੍ਹਾਂ ਹੁਕਮਾਂ ਵਿਚ ਪਾਏ ਜਾਂਦੇ ਚੰਗੇ ਸਿਧਾਂਤਾਂ ਉੱਤੇ ਚੱਲ ਕੇ ਲਾਭ ਹਾਸਲ ਕਰਦੇ ਹਨ।—ਇਬਰਾਨੀਆਂ 10:24, 25.

ਯਹੋਵਾਹ ਦੇ ਗੁਣਾਂ ਦੀ ਕਦਰ ਕਰਨੀ

15. (ੳ) ਯਹੋਵਾਹ ਦੇ ਗੁਣਾਂ ਨੂੰ ਜਾਣਨਾ ਮੂਸਾ ਲਈ ਕਿਉਂ ਲਾਭਦਾਇਕ ਸੀ? (ਅ) ਯਹੋਵਾਹ ਦੇ ਹਰੇਕ ਗੁਣ ਉੱਤੇ ਸੋਚ-ਵਿਚਾਰ ਕਰਦੇ ਹੋਏ ਅਸੀਂ ਕਿਹੜੇ ਸਵਾਲ ਪੁੱਛ ਸਕਦੇ ਹਾਂ?

15 ਯਹੋਵਾਹ ਦੇ ਗੁਣਾਂ ਨੂੰ ਜਾਣਨ ਨਾਲ ਮੂਸਾ ਨੂੰ ਇਸਰਾਏਲੀਆਂ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣ ਵਿਚ ਮਦਦ ਮਿਲ ਸਕਦੀ ਸੀ। ਕੂਚ 34:5-7 ਵਿਚ ਲਿਖਿਆ ਹੈ ਕਿ ਯਹੋਵਾਹ ਨੇ ਮੂਸਾ ਦੇ ਅੱਗੋਂ ਲੰਘ ਕੇ ਕਿਹਾ: “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ ਪਰ ਪੇਵਾਂ ਦਾ ਕੁਧਰਮ ਉਨ੍ਹਾਂ ਦੇ ਪੁੱਤ੍ਰਾਂ ਉੱਤੇ ਅਤੇ ਪੁੱਤ੍ਰਾਂ ਦੇ ਪੁੱਤ੍ਰਾਂ ਉੱਤੇ ਤੀਜੀ ਚੌਥੀ ਪੀੜ੍ਹੀ ਤੀਕ ਬਦਲਾ ਲੈਣ ਹਾਰ ਹੈ।” ਜ਼ਰਾ ਇਨ੍ਹਾਂ ਸ਼ਬਦਾਂ ਉੱਤੇ ਗੌਰ ਕਰੋ। ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਇੱਥੇ ਦੱਸੇ ਗਏ ਹਰ ਗੁਣ ਦਾ ਕੀ ਮਤਲਬ ਹੈ? ਯਹੋਵਾਹ ਨੇ ਇਸ ਗੁਣ ਦਾ ਕਿਸ ਤਰ੍ਹਾਂ ਸਬੂਤ ਦਿੱਤਾ? ਮਸੀਹੀ ਬਜ਼ੁਰਗ ਕਿਵੇਂ ਦਿਖਾ ਸਕਦੇ ਹਨ ਕਿ ਉਨ੍ਹਾਂ ਵਿਚ ਇਹ ਗੁਣ ਹੈ? ਇਸ ਗੁਣ ਦਾ ਮੇਰੇ ਕੰਮਾਂ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?’ ਕੁਝ ਮਿਸਾਲਾਂ ਵੱਲ ਧਿਆਨ ਦਿਓ।

16. ਅਸੀਂ ਯਹੋਵਾਹ ਦੀ ਦਇਆ ਬਾਰੇ ਆਪਣੀ ਸਮਝ ਕਿਵੇਂ ਵਧਾ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ?

16 ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ।” ਇਸ ਦਾ ਕੀ ਮਤਲਬ ਹੈ? ਯਹੋਵਾਹ ਨੇ ਕਈ ਵਾਰ ਇਨਸਾਨਾਂ ਉੱਤੇ ਦਇਆ ਕਰਦੇ ਹੋਏ ਉਨ੍ਹਾਂ ਨੂੰ ਥੋੜ੍ਹੀ ਸਜ਼ਾ ਦਿੱਤੀ। ਪਰ ਇਸ ਤੋਂ ਇਲਾਵਾ ਦਿਆਲੂ ਪਰਮੇਸ਼ੁਰ ਯਹੋਵਾਹ ਲੋਕਾਂ ਉੱਤੇ ਤਰਸ ਵੀ ਖਾਂਦਾ ਹੈ। ਇਹ ਪਰਮੇਸ਼ੁਰ ਨੂੰ ਆਪਣੇ ਲੋਕਾਂ ਨੂੰ ਰਾਹਤ ਦੇਣ ਲਈ ਕਦਮ ਚੁੱਕਣ ਲਈ ਪ੍ਰੇਰਿਤ ਕਰਦਾ ਹੈ। ਮਿਸਾਲ ਲਈ, ਜਦ ਇਸਰਾਏਲੀ ਵਾਅਦਾ ਕੀਤੇ ਹੋਏ ਦੇਸ਼ ਨੂੰ ਜਾ ਰਹੇ ਸਨ, ਤਾਂ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਸਰੀਰਕ ਤੇ ਰੂਹਾਨੀ ਲੋੜਾਂ ਪੂਰੀਆਂ ਕੀਤੀਆਂ। (ਬਿਵਸਥਾ ਸਾਰ 1:30-33; 8:4) ਯਹੋਵਾਹ ਨੇ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਵੀ ਮਾਫ਼ ਕੀਤਾ। ਹਾਂ, ਯਹੋਵਾਹ ਨੇ ਆਪਣੇ ਲੋਕਾਂ ਉੱਤੇ ਦਇਆ ਕੀਤੀ ਸੀ। ਤਾਂ ਫਿਰ ਅੱਜ ਯਹੋਵਾਹ ਦੇ ਸੇਵਕਾਂ ਨੂੰ ਵੀ ਇਕ-ਦੂਜੇ ਉੱਤੇ ਦਇਆ ਕਰਨੀ ਚਾਹੀਦੀ ਹੈ।—ਮੱਤੀ 9:13; 18:21-35.

17. ਯਹੋਵਾਹ ਦੀ ਕਿਰਪਾ ਨੂੰ ਸਮਝਣ ਨਾਲ ਅਸੀਂ ਦੂਸਰਿਆਂ ਨੂੰ ਉਸ ਦੀ ਭਗਤੀ ਕਰਨ ਲਈ ਕਿਵੇਂ ਉਕਸਾ ਸਕਦੇ ਹਾਂ?

17 ਦਿਆਲੂ ਹੋਣ ਦੇ ਨਾਲ-ਨਾਲ ਯਹੋਵਾਹ ਕਿਰਪਾਲੂ ਵੀ ਹੈ। ਤੁਸੀਂ ਕਿਵੇਂ ਸਮਝਾਓਗੇ ਕਿ “ਕਿਰਪਾਲੂ” ਹੋਣ ਦਾ ਕੀ ਮਤਲਬ ਹੈ? ਦੇਖੋ ਕਿ ਬਾਈਬਲ ਵਿਚ ਇਸ ਗੁਣ ਬਾਰੇ ਕੀ ਕਿਹਾ ਗਿਆ ਹੈ। ਬਾਈਬਲ ਦੇ ਅਨੁਸਾਰ ਸਾਡਾ ਕਿਰਪਾਲੂ ਪਰਮੇਸ਼ੁਰ ਯਹੋਵਾਹ ਆਪਣੇ ਗ਼ਰੀਬ ਸੇਵਕਾਂ ਦੀ ਪਿਆਰ ਨਾਲ ਦੇਖ-ਭਾਲ ਕਰਦਾ ਹੈ। (ਕੂਚ 22:26, 27) ਕਿਸੇ ਵੀ ਦੇਸ਼ ਵਿਚ ਪਰਦੇਸੀਆਂ ਅਤੇ ਹੋਰ ਲੋਕਾਂ ਨੂੰ ਸ਼ਾਇਦ ਕਾਫ਼ੀ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ। ਆਪਣੇ ਲੋਕਾਂ ਨੂੰ ਪਰਦੇਸੀਆਂ ਨਾਲ ਪੱਖਪਾਤ ਨਾ ਕਰਨ ਅਤੇ ਉਨ੍ਹਾਂ ਦਾ ਭਲਾ ਕਰਨ ਲਈ ਸਿਖਾਉਂਦੇ ਸਮੇਂ ਯਹੋਵਾਹ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਕਿਸੇ ਸਮੇਂ ਉਹ ਵੀ ਮਿਸਰ ਵਿਚ ਪਰਦੇਸੀ ਸਨ। (ਬਿਵਸਥਾ ਸਾਰ 24:17-22) ਅੱਜ ਯਹੋਵਾਹ ਦੇ ਸੇਵਕਾਂ ਬਾਰੇ ਕੀ? ਕਿਰਪਾਲੂ ਹੋਣ ਨਾਲ ਅਸੀਂ ਇਕ ਦੂਸਰੇ ਨਾਲ ਪੱਖਪਾਤ ਨਹੀਂ ਕਰਦੇ ਅਤੇ ਇਹ ਦੇਖ ਕੇ ਲੋਕ ਯਹੋਵਾਹ ਦੀ ਭਗਤੀ ਕਰਨ ਲਈ ਖਿੱਚੇ ਜਾਂਦੇ ਹਨ।—ਰਸੂਲਾਂ ਦੇ ਕਰਤੱਬ 10:34, 35; ਪਰਕਾਸ਼ ਦੀ ਪੋਥੀ 7:9, 10.

18. ਯਹੋਵਾਹ ਨੇ ਬਾਕੀ ਕੌਮਾਂ ਦੇ ਸੰਬੰਧ ਵਿਚ ਜੋ ਬੰਦਸ਼ਾਂ ਆਪਣੇ ਲੋਕਾਂ ਉੱਤੇ ਲਾਈਆਂ ਸਨ, ਉਨ੍ਹਾਂ ਤੋਂ ਅਸੀਂ ਕੀ ਸਿੱਖਦੇ ਹਾਂ?

18 ਇਸ ਦਾ ਇਹ ਮਤਲਬ ਨਹੀਂ ਸੀ ਕਿ ਇਸਰਾਏਲੀਆਂ ਨੂੰ ਯਹੋਵਾਹ ਨਾਲੋਂ ਦੂਸਰੀਆਂ ਕੌਮਾਂ ਦੇ ਲੋਕਾਂ ਨਾਲ ਜ਼ਿਆਦਾ ਪਿਆਰ ਕਰਨਾ ਸੀ ਜਾਂ ਉਹ ਯਹੋਵਾਹ ਦੇ ਨੈਤਿਕ ਮਿਆਰਾਂ ਦਾ ਉਲੰਘਣ ਕਰ ਸਕਦੇ ਸਨ। ਇਸਰਾਏਲੀਆਂ ਨੂੰ ਨਾ ਹੀ ਬਾਕੀ ਕੌਮਾਂ ਦੇ ਤੌਰ-ਤਰੀਕੇ ਅਤੇ ਨਾ ਹੀ ਉਨ੍ਹਾਂ ਦੀਆਂ ਮਜ਼ਹਬੀ ਰੀਤਾਂ-ਰਸਮਾਂ ਨੂੰ ਅਪਣਾਉਣਾ ਚਾਹੀਦਾ ਸੀ। (ਕੂਚ 34:11-16; ਬਿਵਸਥਾ ਸਾਰ 7:1-4) ਇਹ ਗੱਲ ਅੱਜ ਸਾਡੇ ਉੱਤੇ ਵੀ ਲਾਗੂ ਹੁੰਦੀ ਹੈ। ਸਾਨੂੰ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਸਾਡਾ ਪਰਮੇਸ਼ੁਰ ਯਹੋਵਾਹ ਪਵਿੱਤਰ ਹੈ।—1 ਪਤਰਸ 1:15, 16.

19. ਪਾਪ ਬਾਰੇ ਯਹੋਵਾਹ ਦੇ ਨਜ਼ਰੀਏ ਨੂੰ ਸਮਝਣ ਨਾਲ ਉਸ ਦੇ ਲੋਕਾਂ ਦੀ ਮਦਦ ਕਿਵੇਂ ਹੁੰਦੀ ਹੈ?

19 ਯਹੋਵਾਹ ਨੇ ਮੂਸਾ ਨੂੰ ਆਪਣੇ ਰਾਹਾਂ ਬਾਰੇ ਸਮਝਾਉਂਦੇ ਹੋਏ ਇਹ ਵੀ ਕਿਹਾ ਕਿ ਭਾਵੇਂ ਉਹ ਪਾਪ ਨੂੰ ਬਰਦਾਸ਼ਤ ਨਹੀਂ ਕਰਦਾ ਹੈ, ਫਿਰ ਵੀ ਉਹ ਕ੍ਰੋਧ ਵਿਚ ਧੀਰਜ ਰੱਖਦਾ ਹੈ। ਉਹ ਲੋਕਾਂ ਨੂੰ ਉਸ ਦੇ ਰਾਹਾਂ ਬਾਰੇ ਸਿੱਖਣ ਅਤੇ ਉਨ੍ਹਾਂ ਉੱਤੇ ਚੱਲਣ ਦਾ ਸਮਾਂ ਦਿੰਦਾ ਹੈ। ਜਦ ਕੋਈ ਇਨਸਾਨ ਤੋਬਾ ਕਰਦਾ ਹੈ, ਤਾਂ ਯਹੋਵਾਹ ਉਸ ਦੇ ਪਾਪ ਮਾਫ਼ ਕਰਦਾ ਹੈ। ਪਰ ਜਦ ਕੋਈ ਸਜ਼ਾ ਦੇ ਲਾਇਕ ਹੁੰਦਾ ਹੈ, ਤਾਂ ਯਹੋਵਾਹ ਜ਼ਰੂਰ ਸਜ਼ਾ ਦਿੰਦਾ ਹੈ। ਉਸ ਨੇ ਮੂਸਾ ਨੂੰ ਚੇਤਾਵਨੀ ਦਿੱਤੀ ਸੀ ਕਿ ਇਸਰਾਏਲੀਆਂ ਦੇ ਚੰਗੇ ਜਾਂ ਬੁਰੇ ਕੰਮਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਤੇ ਅਸਰ ਪੈ ਸਕਦਾ ਸੀ। ਯਹੋਵਾਹ ਦੇ ਰਾਹਾਂ ਦੀ ਸਮਝ ਹੋਣ ਨਾਲ ਉਸ ਦੇ ਲੋਕ ਉਸ ਉੱਤੇ ਉਨ੍ਹਾਂ ਦੁੱਖਾਂ ਲਈ ਇਲਜ਼ਾਮ ਨਹੀਂ ਲਾਉਣਗੇ ਜਿਨ੍ਹਾਂ ਲਈ ਉਹ ਆਪ ਜ਼ਿੰਮੇਵਾਰ ਹਨ। ਨਾ ਹੀ ਉਹ ਇਹ ਸਿੱਟਾ ਕੱਢਣਗੇ ਕਿ ਪਰਮੇਸ਼ੁਰ ਹਾਲਾਤਾਂ ਨੂੰ ਸੁਧਾਰਨ ਵਿਚ ਢਿੱਲ-ਮੱਠ ਕਰ ਰਿਹਾ ਹੈ।

20. ਭੈਣਾਂ-ਭਰਾਵਾਂ ਨਾਲ ਅਤੇ ਪ੍ਰਚਾਰ ਕਰਦੇ ਸਮੇਂ ਲੋਕਾਂ ਨਾਲ ਸਹੀ ਤਰ੍ਹਾਂ ਪੇਸ਼ ਆਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? (ਜ਼ਬੂਰਾਂ ਦੀ ਪੋਥੀ 86:11)

20 ਕੀ ਤੁਸੀਂ ਯਹੋਵਾਹ ਅਤੇ ਉਸ ਦੇ ਰਾਹਾਂ ਬਾਰੇ ਆਪਣਾ ਗਿਆਨ ਵਧਾਉਣਾ ਚਾਹੁੰਦੇ ਹੋ? ਫਿਰ ਰੀਸਰਚ ਕਰੋ ਅਤੇ ਬਾਈਬਲ ਪੜ੍ਹ ਕੇ ਉਸ ਉੱਤੇ ਮਨਨ ਕਰੋ। ਯਹੋਵਾਹ ਦੇ ਵੱਖ-ਵੱਖ ਗੁਣਾਂ ਉੱਤੇ ਧਿਆਨ ਨਾਲ ਸੋਚ-ਵਿਚਾਰ ਕਰੋ। ਇਸ ਬਾਰੇ ਸੋਚੋ ਕਿ ਤੁਸੀਂ ਪਰਮੇਸ਼ੁਰ ਦੀ ਰੀਸ ਹੋਰ ਚੰਗੀ ਤਰ੍ਹਾਂ ਕਿਵੇਂ ਕਰ ਸਕਦੇ ਹੋ ਅਤੇ ਉਸ ਦੀ ਮਰਜ਼ੀ ਕਿਵੇਂ ਪੂਰੀ ਕਰ ਸਕਦੇ ਹੋ। ਇਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰੋ। ਇਸ ਤਰ੍ਹਾਂ ਤੁਸੀਂ ਗ਼ਲਤੀਆਂ ਕਰਨ ਤੋਂ ਬਚੋਗੇ, ਆਪਣੇ ਭੈਣਾਂ-ਭਰਾਵਾਂ ਨਾਲ ਸਹੀ ਤਰ੍ਹਾਂ ਪੇਸ਼ ਆਓਗੇ ਅਤੇ ਦੂਸਰੇ ਲੋਕਾਂ ਨੂੰ ਆਪਣੇ ਪਰਮੇਸ਼ੁਰ ਯਹੋਵਾਹ ਬਾਰੇ ਤੇ ਉਸ ਨਾਲ ਪਿਆਰ ਕਰਨਾ ਸਿਖਾ ਸਕੋਗੇ।

ਤੁਸੀਂ ਕੀ ਸਿੱਖਿਆ?

• ਮੂਸਾ ਲਈ ਪਰਮੇਸ਼ੁਰ ਦੀ ਮਰਜ਼ੀ ਅਧੀਨ ਹੋਣਾ ਜ਼ਰੂਰੀ ਕਿਉਂ ਸੀ ਅਤੇ ਇਹ ਸਾਡੇ ਲਈ ਜ਼ਰੂਰੀ ਕਿਉਂ ਹੈ?

• ਯਹੋਵਾਹ ਦਾ ਸੰਦੇਸ਼ ਫ਼ਿਰਊਨ ਨੂੰ ਵਾਰ-ਵਾਰ ਸੁਣਾਉਣ ਦਾ ਕੀ ਫ਼ਾਇਦਾ ਹੋਇਆ?

• ਮੂਸਾ ਨੂੰ ਕਿਹੜੇ ਸਿਧਾਂਤ ਸਿਖਾਏ ਗਏ ਸਨ ਜੋ ਅੱਜ ਸਾਡੇ ਉੱਤੇ ਵੀ ਲਾਗੂ ਹੁੰਦੇ ਹਨ?

• ਅਸੀਂ ਯਹੋਵਾਹ ਦੇ ਗੁਣਾਂ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਸਮਝ ਸਕਦੇ ਹਾਂ?

[ਸਵਾਲ]

[ਸਫ਼ੇ 21 ਉੱਤੇ ਤਸਵੀਰ]

ਮੂਸਾ ਨੇ ਵਫ਼ਾਦਾਰੀ ਨਾਲ ਯਹੋਵਾਹ ਦਾ ਸੰਦੇਸ਼ ਫ਼ਿਰਊਨ ਤਕ ਪਹੁੰਚਾਇਆ

[ਸਫ਼ੇ 23 ਉੱਤੇ ਤਸਵੀਰ]

ਯਹੋਵਾਹ ਨੇ ਮੂਸਾ ਨੂੰ ਦੱਸਿਆ ਕਿ ਉਹ ਆਪਣੇ ਲੋਕਾਂ ਤੋਂ ਕੀ ਚਾਹੁੰਦਾ ਸੀ

[ਸਫ਼ੇ 24, 25 ਉੱਤੇ ਤਸਵੀਰ]

ਯਹੋਵਾਹ ਦੇ ਗੁਣਾਂ ਉੱਤੇ ਸੋਚ-ਵਿਚਾਰ ਕਰੋ