Skip to content

Skip to table of contents

‘ਸਬਰ ਕਰਨ ਵਾਲੇ ਹੋਵੋ’

‘ਸਬਰ ਕਰਨ ਵਾਲੇ ਹੋਵੋ’

‘ਸਬਰ ਕਰਨ ਵਾਲੇ ਹੋਵੋ’

“ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ . . . ਅਤੇ ਸਬਰ ਕਰਨ ਵਾਲਾ ਹੋਵੇ।”—2 ਤਿਮੋਥਿਉਸ 2:24.

1. ਪ੍ਰਚਾਰ ਕਰਦੇ ਵਕਤ ਅਸੀਂ ਸ਼ਾਇਦ ਅਜਿਹੇ ਲੋਕਾਂ ਨੂੰ ਕਿਉਂ ਮਿਲੀਏ ਜੋ ਸਾਨੂੰ ਬੁਰਾ-ਭਲਾ ਕਹਿਣ?

ਤੁਸੀਂ ਉਦੋਂ ਕੀ ਕਰਦੇ ਹੋ ਜਦੋਂ ਕੋਈ ਤੁਹਾਡੇ ਬਾਰੇ ਜਾਂ ਤੁਹਾਡੇ ਧਰਮ ਬਾਰੇ ਬੁਰਾ-ਭਲਾ ਕਹਿੰਦਾ ਹੈ? ਅੰਤ ਦਿਆਂ ਦਿਨਾਂ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਕਿਹਾ ਸੀ ਕਿ ਲੋਕ ‘ਕੁਫ਼ਰ ਬਕਣ ਵਾਲੇ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ ਤੇ ਕਰੜੇ’ ਹੋਣਗੇ। (2 ਤਿਮੋਥਿਉਸ 3:1-5, 12) ਤੁਹਾਨੂੰ ਸ਼ਾਇਦ ਪ੍ਰਚਾਰ ਕਰਦੇ ਵਕਤ ਜਾਂ ਹੋਰ ਸਮਿਆਂ ਤੇ ਅਜਿਹੇ ਲੋਕ ਮਿਲਣ।

2. ਰੁੱਖਾ ਬੋਲਣ ਵਾਲਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਵਿਚ ਬਾਈਬਲ ਦੇ ਕਿਹੜੇ ਹਵਾਲੇ ਸਾਡੀ ਮਦਦ ਕਰ ਸਕਦੇ ਹਨ?

2 ਇਹ ਜ਼ਰੂਰੀ ਨਹੀਂ ਕਿ ਸਾਡੇ ਬਾਰੇ ਬੁਰਾ-ਭਲਾ ਕਹਿਣ ਵਾਲਾ ਹਰ ਇਨਸਾਨ ਦਿਲੋਂ ਬੁਰਾ ਹੈ। ਕਈ ਲੋਕ ਜ਼ਿੰਦਗੀ ਦੀਆਂ ਸਮੱਸਿਆਵਾਂ ਜਾਂ ਨਿਰਾਸ਼ਾ ਕਰਕੇ ਰੁੱਖੇ ਸੁਭਾਅ ਦੇ ਬਣ ਗਏ ਹਨ ਅਤੇ ਦੂਸਰਿਆਂ ਉੱਤੇ ਆਪਣਾ ਗੁੱਸਾ ਕੱਢਦੇ ਹਨ। (ਉਪਦੇਸ਼ਕ ਦੀ ਪੋਥੀ 7:7) ਕਈ ਲੋਕ ਰੁੱਖੇ ਤਰੀਕੇ ਨਾਲ ਬੋਲਦੇ ਹਨ ਕਿਉਂਕਿ ਉਹ ਅਜਿਹੇ ਮਾਹੌਲ ਵਿਚ ਪਲੇ ਹਨ ਜਾਂ ਕੰਮ ਕਰਦੇ ਹਨ ਜਿੱਥੇ ਹਰ ਕੋਈ ਇਸੇ ਤਰ੍ਹਾਂ ਗੱਲ ਕਰਦਾ ਹੈ। ਪਰ ਮਸੀਹੀਆਂ ਲਈ ਅਜਿਹੀ ਬੋਲੀ ਠੀਕ ਨਹੀਂ ਹੈ। ਫਿਰ ਵੀ ਇਹ ਸਾਡੀ ਸਮਝਣ ਵਿਚ ਮਦਦ ਕਰਦਾ ਹੈ ਕਿ ਦੂਸਰੇ ਲੋਕ ਇਸ ਤਰ੍ਹਾਂ ਕਿਉਂ ਬੋਲਦੇ ਹਨ। ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਸਾਡੇ ਨਾਲ ਕੋਈ ਰੁੱਖਾ ਹੋ ਕੇ ਬੋਲਦਾ ਹੈ? ਕਹਾਉਤਾਂ 19:11 ਵਿਚ ਲਿਖਿਆ ਹੈ: “ਸਮਝਦਾਰ ਛੇਤੀ ਭੜਕਦਾ ਨਹੀਂ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਰੋਮੀਆਂ 12:17, 18 ਵਿਚ ਵੀ ਸਾਨੂੰ ਸਲਾਹ ਦਿੱਤੀ ਗਈ ਹੈ: “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ। . . . ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।”

3. ਸਾਡੇ ਸੁਨੇਹੇ ਦਾ ਸ਼ਾਂਤੀ ਨਾਲ ਕੀ ਸੰਬੰਧ ਹੈ?

3 ਜੇ ਅਸੀਂ ਸ਼ਾਂਤੀ ਰੱਖਣ ਵਾਲੇ ਹਾਂ, ਤਾਂ ਇਹ ਸਾਡੇ ਸੁਭਾਅ, ਆਵਾਜ਼, ਚਿਹਰੇ, ਬੋਲੀ ਤੇ ਕੰਮਾਂ ਤੋਂ ਪਤਾ ਲੱਗ ਜਾਵੇਗਾ। (ਕਹਾਉਤਾਂ 17:27) ਆਪਣੇ ਰਸੂਲਾਂ ਨੂੰ ਪ੍ਰਚਾਰ ਕਰਨ ਲਈ ਭੇਜਣ ਤੋਂ ਪਹਿਲਾਂ ਯਿਸੂ ਨੇ ਉਨ੍ਹਾਂ ਨੂੰ ਸਲਾਹ ਦਿੱਤੀ: “ਘਰ ਵਿੱਚ ਵੜਦਿਆਂ ਉਹ ਦੀ ਸੁਖ ਮੰਗੋ। ਅਤੇ ਜੇ ਘਰ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਪਹੁੰਚੇ ਪਰ ਜੇ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ।” (ਮੱਤੀ 10:12, 13) ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਜਾਂਦੇ ਹਾਂ। ਬਾਈਬਲ ਵਿਚ ਇਸ ਨੂੰ “ਮਿਲਾਪ ਦੀ ਖੁਸ਼ ਖਬਰੀ,” “ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ” ਅਤੇ ‘ਰਾਜ ਦੀ ਖ਼ੁਸ਼ ਖ਼ਬਰੀ’ ਸੱਦਿਆ ਗਿਆ ਹੈ। (ਅਫ਼ਸੀਆਂ 6:15; ਰਸੂਲਾਂ ਦੇ ਕਰਤੱਬ 20:24; ਮੱਤੀ 24:14) ਅਸੀਂ ਲੋਕਾਂ ਦੇ ਵਿਸ਼ਵਾਸਾਂ ਨੂੰ ਗ਼ਲਤ ਸਾਬਤ ਕਰਨ ਜਾਂ ਉਨ੍ਹਾਂ ਨਾਲ ਬਹਿਸ ਕਰਨ ਨਹੀਂ ਜਾਂਦੇ, ਸਗੋਂ ਪਰਮੇਸ਼ੁਰ ਦੇ ਬਚਨ ਵਿੱਚੋਂ ਖ਼ੁਸ਼ ਖ਼ਬਰੀ ਦੇਣ ਜਾਂਦੇ ਹਾਂ।

4. ਜੇ ਕੋਈ ਤੁਹਾਨੂੰ ਗੱਲ ਕਰਨ ਦਾ ਮੌਕਾ ਨਾ ਦਿੰਦੇ ਹੋਏ ਕਹੇ ਕਿ “ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਚਾਹੁੰਦਾ,” ਤਾਂ ਤੁਸੀਂ ਕੀ ਕਹਿ ਸਕਦੇ ਹੋ?

4 ਸ਼ਾਇਦ ਤੁਹਾਨੂੰ ਕੋਈ ਵਿਅਕਤੀ ਮਿਲੇ ਜੋ ਤੁਹਾਡੀ ਗੱਲ ਸੁਣੇ ਬਿਨਾਂ ਰੁੱਖੇ ਤਰੀਕੇ ਨਾਲ ਕਹਿ ਦਿੰਦਾ ਹੈ ਕਿ “ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਚਾਹੁੰਦਾ।” ਤੁਸੀਂ ਸ਼ਾਇਦ ਜਵਾਬ ਦੇ ਸਕਦੇ ਹੋ ਕਿ “ਮੈਂ ਬਾਈਬਲ ਵਿੱਚੋਂ ਸਿਰਫ਼ ਇਕ ਹਵਾਲਾ ਪੜ੍ਹ ਕੇ ਸੁਣਾਉਣਾ ਚਾਹੁੰਦਾ ਸੀ।” ਹੋ ਸਕਦਾ ਹੈ ਕਿ ਉਸ ਨੂੰ ਇਸ ਤੇ ਕੋਈ ਇਤਰਾਜ਼ ਨਾ ਹੋਵੇ। ਜਾਂ ਸ਼ਾਇਦ ਤੁਸੀਂ ਕਹਿ ਸਕਦੇ ਹੋ: “ਮੈਂ ਇਕ ਅਜਿਹੇ ਸਮੇਂ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਸੀ ਜਦ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ ਅਤੇ ਲੋਕ ਇਕ-ਦੂਜੇ ਨਾਲ ਪਿਆਰ ਕਰਨਾ ਸਿੱਖਣਗੇ।” ਫਿਰ ਵੀ ਜੇ ਉਹ ਰੁੱਖੇ ਢੰਗ ਨਾਲ ਪੇਸ਼ ਆਉਂਦਾ ਹੈ, ਤਾਂ ਸ਼ਾਇਦ ਤੁਸੀਂ ਅੱਗੇ ਕਹਿ ਸਕਦੇ ਹੋ: “ਪਰ ਲੱਗਦਾ ਹੈ ਕਿ ਅੱਜ ਤੁਹਾਡੇ ਕੋਲ ਗੱਲ ਕਰਨ ਦਾ ਵਕਤ ਨਹੀਂ ਹੈ।” ਜੇ ਉਸ ਦਾ ਰਵੱਈਆ ਨਹੀਂ ਬਦਲਦਾ, ਤਾਂ ਕੀ ਸਾਨੂੰ ਇਹ ਸਿੱਟਾ ਕੱਢਣਾ ਚਾਹੀਦਾ ਹੈ ਕਿ ਉਹ “ਲਾਇਕ” ਨਹੀਂ ਹੈ? ਉਸ ਦਾ ਸੁਭਾਅ ਜੋ ਮਰਜ਼ੀ ਹੋਵੇ, ਪਰ ਸਾਨੂੰ ਬਾਈਬਲ ਦੀ ਇਹ ਸਲਾਹ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ‘ਅਸੀਲ ਅਤੇ ਸਬਰ ਕਰਨ ਵਾਲੇ ਹੋਈਏ।’—2 ਤਿਮੋਥਿਉਸ 2:24.

ਕੁਰਾਹੇ ਪਿਆ ਕੱਟੜਪੰਥੀ

5, 6. ਸੌਲੁਸ ਨੇ ਯਿਸੂ ਦੇ ਚੇਲਿਆਂ ਨਾਲ ਕੀ-ਕੀ ਕੀਤਾ ਸੀ ਅਤੇ ਕਿਉਂ?

5 ਪਹਿਲੀ ਸਦੀ ਵਿਚ ਸਾਰੇ ਜਾਣਦੇ ਸਨ ਕਿ ਸੌਲੁਸ ਤਿੱਖੀ ਜ਼ਬਾਨ ਵਾਲਾ ਧੱਕੜ ਬੰਦਾ ਸੀ। ਬਾਈਬਲ ਵਿਚ ਲਿਖਿਆ ਹੈ ਕਿ ਉਹ “ਪ੍ਰਭੁ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ” ਸੀ। (ਰਸੂਲਾਂ ਦੇ ਕਰਤੱਬ 9:1, 2) ਬਾਅਦ ਵਿਚ ਉਸ ਨੇ ਇਹ ਗੱਲ ਕਬੂਲ ਕੀਤੀ ਕਿ ਉਹ ਪਹਿਲਾਂ “ਕੁਫ਼ਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੱਕੇਖੋਰਾ” ਸੀ। (1 ਤਿਮੋਥਿਉਸ 1:13) ਭਾਵੇਂ ਉਸ ਦੇ ਕੁਝ ਰਿਸ਼ਤੇਦਾਰ ਸ਼ਾਇਦ ਮਸੀਹੀ ਬਣੇ ਸਨ, ਪਰ ਉਸ ਨੇ ਮਸੀਹੀਆਂ ਪ੍ਰਤੀ ਆਪਣੇ ਰਵੱਈਏ ਬਾਰੇ ਕਿਹਾ: “ਉਨ੍ਹਾਂ ਦੇ ਵਿਰੋਧ ਵਿੱਚ ਅੱਤ ਸੁਦਾਈ ਹੋ ਕੇ ਮੈਂ ਪਰਦੇਸ ਦੇ ਨਗਰਾਂ ਤੀਕ ਵੀ ਉਨ੍ਹਾਂ ਨੂੰ ਸਤਾਉਂਦਾ ਸਾਂ।” (ਰਸੂਲਾਂ ਦੇ ਕਰਤੱਬ 23:16; 26:11; ਰੋਮੀਆਂ 16:7, 11) ਬਾਈਬਲ ਵਿਚ ਕਿਤੇ ਨਹੀਂ ਲਿਖਿਆ ਹੈ ਕਿ ਇਸ ਹਾਲਤ ਵਿਚ ਯਿਸੂ ਦੇ ਚੇਲਿਆਂ ਨੇ ਸੌਲੁਸ ਨਾਲ ਬਹਿਸ ਕਰਨ ਦੀ ਕੋਸ਼ਿਸ਼ ਕੀਤੀ ਸੀ।

6 ਸੌਲੁਸ ਨੇ ਮਸੀਹੀਆਂ ਦੇ ਖ਼ਿਲਾਫ਼ ਇਹ ਸਭ ਕੁਝ ਕਿਉਂ ਕੀਤਾ ਸੀ? ਮਸੀਹੀ ਬਣਨ ਤੋਂ ਕਈ ਸਾਲ ਬਾਅਦ ਉਸ ਨੇ ਲਿਖਿਆ: “ਮੈਂ ਇਹ ਬੇਪਰਤੀਤੀ ਵਿੱਚ ਅਣਜਾਣਪੁਣੇ ਨਾਲ ਕੀਤਾ।” (1 ਤਿਮੋਥਿਉਸ 1:13) ਉਹ ਫ਼ਰੀਸੀ ਸੀ ਅਤੇ ਉਸ ਨੇ ਆਪਣੇ “ਪਿਉ ਦਾਦਿਆਂ ਦੀ ਸ਼ਰਾ ਪੂਰੇ ਚੱਜ ਨਾਲ ਸਿੱਖੀ” ਸੀ। (ਰਸੂਲਾਂ ਦੇ ਕਰਤੱਬ 22:3) ਭਾਵੇਂ ਸੌਲੁਸ ਦਾ ਗੁਰੂ ਗਮਲੀਏਲ ਖੁੱਲ੍ਹੇ ਵਿਚਾਰਾਂ ਵਾਲਾ ਸੀ, ਪਰ ਬਾਅਦ ਵਿਚ ਸੌਲੁਸ ਉੱਤੇ ਪ੍ਰਧਾਨ ਜਾਜਕ ਕੇਫ਼ਾਸ ਦਾ ਜ਼ਿਆਦਾ ਪ੍ਰਭਾਵ ਪਿਆ ਜੋ ਕੱਟੜਪੰਥੀ ਸੀ। ਕੇਫ਼ਾਸ ਹੀ ਯਿਸੂ ਮਸੀਹ ਨੂੰ ਮਾਰਨ ਦੀ ਸਾਜ਼ਸ਼ ਘੜਨ ਵਿਚ ਮੋਹਰੀ ਸੀ। (ਮੱਤੀ 26:3, 4, 63-66; ਰਸੂਲਾਂ ਦੇ ਕਰਤੱਬ 5:34-39) ਇਸ ਤੋਂ ਬਾਅਦ ਕੇਫ਼ਾਸ ਦੇ ਕਹਿਣੇ ਤੇ ਹੀ ਯਿਸੂ ਦੇ ਰਸੂਲਾਂ ਨੂੰ ਮਾਰ-ਕੁੱਟ ਕੇ ਹੁਕਮ ਦਿੱਤਾ ਗਿਆ ਸੀ ਕਿ ਉਹ ਯਿਸੂ ਦੇ ਨਾਮ ਦਾ ਪ੍ਰਚਾਰ ਨਾ ਕਰਨ। ਕੇਫ਼ਾਸ ਹੀ ਮਹਾਸਭਾ ਵਿਚ ਪ੍ਰਧਾਨਗੀ ਕਰ ਰਿਹਾ ਸੀ ਜਦ ਗੁੱਸੇ ਨਾਲ ਭਰੇ ਯਹੂਦੀ ਇਸਤੀਫ਼ਾਨ ਨੂੰ ਪੱਥਰਾਂ ਨਾਲ ਜਾਨੋਂ ਮਾਰਨ ਲਈ ਲੈ ਗਏ ਸਨ। (ਰਸੂਲਾਂ ਦੇ ਕਰਤੱਬ 5:27, 28, 40; 7:1-60) ਸੌਲੁਸ ਉੱਥੇ ਸੀ ਜਦ ਇਸਤੀਫ਼ਾਨ ਦਾ ਕਤਲ ਕੀਤਾ ਗਿਆ ਅਤੇ ਕੇਫ਼ਾਸ ਨੇ ਉਸ ਨੂੰ ਅਧਿਕਾਰ ਦਿੱਤਾ ਕਿ ਉਹ ਦੰਮਿਸਕ ਵਿਚ ਯਿਸੂ ਦੇ ਹੋਰਨਾਂ ਚੇਲਿਆਂ ਨੂੰ ਵੀ ਫੜ ਲਿਆਵੇ। (ਰਸੂਲਾਂ ਦੇ ਕਰਤੱਬ 8:1; 9:1, 2) ਕੇਫ਼ਾਸ ਦੇ ਪ੍ਰਭਾਵ ਹੇਠ ਸੌਲੁਸ ਨੇ ਸੋਚਿਆ ਕਿ ਉਸ ਦੇ ਕੰਮ ਉਸ ਦੀ ਗਹਿਰੀ ਸ਼ਰਧਾ ਦਾ ਸਬੂਤ ਦਿੰਦੇ ਸਨ, ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਗ਼ਲਤ ਕੰਮ ਕਰ ਰਿਹਾ ਸੀ। (ਰਸੂਲਾਂ ਦੇ ਕਰਤੱਬ 22:3-5) ਨਤੀਜੇ ਵਜੋਂ ਸੌਲੁਸ ਨੇ ਪਛਾਣਿਆ ਨਹੀਂ ਕਿ ਯਿਸੂ ਹੀ ਮਸੀਹਾ ਸੀ। ਪਰ ਸੌਲੁਸ ਨੂੰ ਆਪਣੀ ਗ਼ਲਤੀ ਦਾ ਉਦੋਂ ਅਹਿਸਾਸ ਹੋਇਆ ਜਦ ਦੰਮਿਸਕ ਨੂੰ ਜਾਂਦੇ ਸਮੇਂ ਯਿਸੂ ਨੇ ਸਵਰਗੋਂ ਉਸ ਨਾਲ ਗੱਲ ਕੀਤੀ।—ਰਸੂਲਾਂ ਦੇ ਕਰਤੱਬ 9:3-6.

7. ਦੰਮਿਸਕ ਨੂੰ ਜਾਂਦੇ ਰਸਤੇ ਵਿਚ ਯਿਸੂ ਨਾਲ ਗੱਲ ਕਰਨ ਤੋਂ ਬਾਅਦ ਸੌਲੁਸ ਵਿਚ ਕਿਹੜੀ ਤਬਦੀਲੀ ਆਈ?

7 ਇਸ ਤੋਂ ਥੋੜ੍ਹੀ ਦੇਰ ਬਾਅਦ ਯਿਸੂ ਦੇ ਚੇਲੇ ਹਨਾਨਿਯਾਹ ਨੂੰ ਸੌਲਸ ਨਾਲ ਗੱਲ ਕਰਨ ਲਈ ਭੇਜਿਆ ਗਿਆ। ਕੀ ਤੁਸੀਂ ਸੌਲੁਸ ਨੂੰ ਮਿਲਣ ਲਈ ਰਾਜ਼ੀ ਹੁੰਦੇ? ਹਨਾਨਿਯਾਹ ਜਾਣ ਤੋਂ ਝਿਜਕਦਾ ਸੀ, ਫਿਰ ਵੀ ਉਸ ਨੇ ਸੌਲੁਸ ਨਾਲ ਪਿਆਰ ਨਾਲ ਗੱਲ ਕੀਤੀ। ਦੰਮਿਸਕ ਨੂੰ ਜਾਂਦੇ ਰਸਤੇ ਵਿਚ ਯਿਸੂ ਨਾਲ ਗੱਲ ਕਰਨ ਤੋਂ ਬਾਅਦ ਸੌਲੁਸ ਦਾ ਰਵੱਈਆ ਬਦਲ ਚੁੱਕਾ ਸੀ। (ਰਸੂਲਾਂ ਦੇ ਕਰਤੱਬ 9:10-22) ਉਸ ਨੇ ਮਸੀਹੀ ਬਣ ਕੇ ਬੜੇ ਜੋਸ਼ ਨਾਲ ਪ੍ਰਚਾਰ ਕੀਤਾ ਅਤੇ ਪੌਲੁਸ ਰਸੂਲ ਵਜੋਂ ਜਾਣਿਆ ਜਾਣ ਲੱਗਾ।

ਕੋਮਲ ਪਰ ਦਲੇਰ

8. ਆਪਣੇ ਪਿਤਾ ਦੀ ਰੀਸ ਕਰਦੇ ਹੋਏ ਯਿਸੂ ਬੁਰੇ ਕੰਮ ਕਰਨ ਵਾਲੇ ਲੋਕਾਂ ਨੂੰ ਕਿਸ ਨਜ਼ਰ ਤੋਂ ਦੇਖਦਾ ਸੀ?

8 ਯਿਸੂ ਪਰਮੇਸ਼ੁਰ ਦੇ ਰਾਜ ਦਾ ਜੋਸ਼ੀਲਾ ਤੇ ਦਲੇਰ ਪ੍ਰਚਾਰਕ ਸੀ ਜੋ ਕੋਮਲਤਾ ਨਾਲ ਲੋਕਾਂ ਨਾਲ ਪੇਸ਼ ਆਉਂਦਾ ਸੀ। (ਮੱਤੀ 11:29) ਉਹ ਆਪਣੇ ਪਿਤਾ ਯਹੋਵਾਹ ਵਰਗਾ ਸੀ ਜੋ ਦੁਸ਼ਟ ਲੋਕਾਂ ਨੂੰ ਆਪਣੇ ਬੁਰੇ ਰਾਹਾਂ ਤੋਂ ਮੁੜਨ ਦੀ ਤਾਕੀਦ ਕਰਦਾ ਹੈ। (ਯਸਾਯਾਹ 55:6, 7) ਜਦ ਯਿਸੂ ਨੇ ਦੇਖਿਆ ਕਿ ਪਾਪੀ ਲੋਕ ਆਪਣਾ ਰਾਹ ਬਦਲਣਾ ਚਾਹੁੰਦੇ ਸਨ, ਤਾਂ ਉਹ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦਾ ਹੌਸਲਾ ਦਿੰਦਾ ਸੀ। (ਲੂਕਾ 7:37-50; 19:2-10) ਲੋਕਾਂ ਦੇ ਬਾਹਰੀ ਰੂਪ ਨੂੰ ਦੇਖਣ ਦੀ ਬਜਾਇ ਯਿਸੂ ਨੇ ਆਪਣੇ ਪਿਤਾ ਦੀ ਰੀਸ ਕਰਦੇ ਹੋਏ ਦਇਆ ਤੇ ਧੀਰਜ ਨਾਲ ਲੋਕਾਂ ਦੀ ਤੋਬਾ ਕਰਨ ਵਿਚ ਮਦਦ ਕੀਤੀ। (ਰੋਮੀਆਂ 2:4) ਯਹੋਵਾਹ ਚਾਹੁੰਦਾ ਹੈ ਕਿ ਸਾਰੇ ਮਨੁੱਖ ਤੋਬਾ ਕਰਨ ਅਤੇ ਬਚਾਏ ਜਾਣ।—1 ਤਿਮੋਥਿਉਸ 2:3, 4.

9. ਯਿਸੂ ਵਿਚ ਯਸਾਯਾਹ 42:1-4 ਦੀ ਪੂਰਤੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

9 ਯਿਸੂ ਮਸੀਹ ਬਾਰੇ ਯਹੋਵਾਹ ਦਾ ਕੀ ਵਿਚਾਰ ਸੀ? ਇੰਜੀਲ ਦੇ ਲਿਖਾਰੀ ਮੱਤੀ ਨੇ ਯਸਾਯਾਹ ਦੀ ਭਵਿੱਖਬਾਣੀ ਦਾ ਹਵਾਲਾ ਦੇ ਕੇ ਇਸ ਸਵਾਲ ਦਾ ਜਵਾਬ ਦਿੱਤਾ: “ਵੇਖੋ ਮੇਰਾ ਸੇਵਕ ਜਿਹ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀ ਪਰਸਿੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਉਂ ਦੀ ਖ਼ਬਰ ਕਰੇਗਾ। ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਂਕਾਂ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ। ਉਹ ਲਿਤਾੜੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਧੁਖਦੀ ਹੋਈ ਸਣ ਨੂੰ ਬੁਝਾਵੇਗਾ, ਜਦ ਤੀਕ ਨਿਆਉਂ ਦੀ ਫਤਹ ਨਾ ਕਰਾ ਦੇਵੇ, ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ।” (ਮੱਤੀ 12:17-21; ਯਸਾਯਾਹ 42:1-4) ਇਨ੍ਹਾਂ ਸ਼ਬਦਾਂ ਦੀ ਪੂਰਤੀ ਵਿਚ ਯਿਸੂ ਨੇ ਲੋਕਾਂ ਨਾਲ ਝਗੜਾ ਨਹੀਂ ਕੀਤਾ। ਦਬਾਅ ਹੇਠ ਵੀ ਉਹ ਸੱਚਾਈ ਬਾਰੇ ਅਜਿਹੇ ਢੰਗ ਨਾਲ ਗੱਲ ਕਰਦਾ ਸੀ ਕਿ ਉਹ ਨੇਕਦਿਲ ਲੋਕਾਂ ਨੂੰ ਮੋਹ ਲੈਂਦਾ ਸੀ।—ਯੂਹੰਨਾ 7:32, 40, 45, 46.

10, 11. (ੳ) ਭਾਵੇਂ ਫ਼ਰੀਸੀ ਯਿਸੂ ਦਾ ਸਖ਼ਤ ਵਿਰੋਧ ਕਰਦੇ ਸਨ, ਪਰ ਯਿਸੂ ਨੇ ਉਨ੍ਹਾਂ ਵਿੱਚੋਂ ਕਈਆਂ ਨੂੰ ਪਰਮੇਸ਼ੁਰ ਦੀਆਂ ਗੱਲਾਂ ਕਿਉਂ ਦੱਸੀਆਂ? (ਅ) ਯਿਸੂ ਨੇ ਕੁਝ ਮੌਕਿਆਂ ਤੇ ਆਪਣੇ ਵਿਰੋਧੀਆਂ ਨੂੰ ਕਿਹੋ ਜਿਹੇ ਜਵਾਬ ਦਿੱਤੇ, ਪਰ ਉਸ ਨੇ ਕੀ ਨਹੀਂ ਕੀਤਾ?

10 ਆਪਣੀ ਸੇਵਕਾਈ ਦੌਰਾਨ ਯਿਸੂ ਨੇ ਕਈ ਫ਼ਰੀਸੀਆਂ ਨਾਲ ਵੀ ਗੱਲ ਕੀਤੀ ਸੀ। ਭਾਵੇਂ ਕਈਆਂ ਨੇ ਉਸ ਦੀਆਂ ਗੱਲਾਂ ਵਿਚ ਨੁਕਸ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਨੇ ਇਹ ਨਹੀਂ ਸੋਚਿਆ ਕਿ ਸਾਰੇ ਫ਼ਰੀਸੀ ਇੱਕੋ ਜਿਹੇ ਸਨ। ਸ਼ਮਊਨ ਇਕ ਫ਼ਰੀਸੀ ਸੀ ਜੋ ਯਿਸੂ ਵਿਚ ਦੋਸ਼ ਕੱਢਣਾ ਚਾਹੁੰਦਾ ਸੀ। ਇਸ ਲਈ ਉਸ ਨੇ ਯਿਸੂ ਨੂੰ ਰੋਟੀ ਲਈ ਆਪਣੇ ਘਰ ਬੁਲਾਇਆ। ਯਿਸੂ ਉਸ ਦੇ ਘਰ ਗਿਆ ਅਤੇ ਉੱਥੇ ਹਾਜ਼ਰ ਲੋਕਾਂ ਨਾਲ ਪਰਮੇਸ਼ੁਰ ਬਾਰੇ ਗੱਲਾਂ ਕੀਤੀਆਂ। (ਲੂਕਾ 7:36-50) ਇਕ ਹੋਰ ਸਮੇਂ ਤੇ ਨਿਕੁਦੇਮੁਸ ਨਾਂ ਦਾ ਜਾਣਿਆ-ਮਾਣਿਆ ਫ਼ਰੀਸੀ ਰਾਤ ਨੂੰ ਯਿਸੂ ਨੂੰ ਮਿਲਣ ਆਇਆ। ਯਿਸੂ ਉਸ ਨਾਲ ਗੁੱਸੇ ਨਹੀਂ ਹੋਇਆ ਕਿ ਉਹ ਰਾਤ ਵੇਲੇ ਲੁਕ-ਛਿਪ ਕੇ ਆਇਆ ਸੀ। ਇਸ ਦੀ ਬਜਾਇ ਉਸ ਨੇ ਨਿਕੁਦੇਮੁਸ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਸ ਨੇ ਦੱਸਿਆ ਕਿ ਪਰਮੇਸ਼ੁਰ ਨੇ ਇਨਸਾਨਾਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਆਪਣੇ ਪੁੱਤਰ ਨੂੰ ਭੇਜਿਆ ਤਾਂਕਿ ਨਿਹਚਾ ਕਰਨ ਵਾਲੇ ਲੋਕ ਮੁਕਤੀ ਹਾਸਲ ਕਰ ਸਕਣ। ਯਿਸੂ ਨੇ ਇਹ ਵੀ ਦੱਸਿਆ ਕਿ ਪਰਮੇਸ਼ੁਰ ਦੀ ਆਗਿਆ ਮੰਨਣੀ ਅਤੇ ਉਸ ਦੇ ਪ੍ਰਬੰਧ ਨੂੰ ਸਵੀਕਾਰ ਕਰਨਾ ਜ਼ਰੂਰੀ ਸੀ। (ਯੂਹੰਨਾ 3:1-21) ਬਾਅਦ ਵਿਚ ਜਦ ਦੂਸਰੇ ਫ਼ਰੀਸੀਆਂ ਨੇ ਯਿਸੂ ਬਾਰੇ ਚੰਗੀ ਰਿਪੋਰਟ ਸੁਣ ਕੇ ਉਸ ਬਾਰੇ ਬੁਰਾ-ਭਲਾ ਕਿਹਾ, ਤਾਂ ਨਿਕੁਦੇਮੁਸ ਯਿਸੂ ਦੇ ਪੱਖ ਵਿਚ ਬੋਲਿਆ ਸੀ।—ਯੂਹੰਨਾ 7:46-51.

11 ਯਿਸੂ ਉਸ ਨੂੰ ਫਸਾਉਣ ਵਾਲਿਆਂ ਦਾ ਪਖੰਡ ਦੇਖ ਸਕਦਾ ਸੀ। ਇਸ ਲਈ ਉਸ ਨੇ ਆਪਣੇ ਵਿਰੋਧੀਆਂ ਨਾਲ ਫਜ਼ੂਲ ਬਹਿਸ ਨਹੀਂ ਕੀਤੀ। ਪਰ ਹਾਲਾਤ ਨੂੰ ਦੇਖਦੇ ਹੋਏ ਉਹ ਕਦੇ-ਕਦੇ ਕੋਈ ਦ੍ਰਿਸ਼ਟਾਂਤ, ਸਿਧਾਂਤ ਜਾਂ ਸ਼ਾਸਤਰ ਵਿੱਚੋਂ ਕੋਈ ਹਵਾਲਾ ਦੇ ਕੇ ਆਪਣੇ ਵਿਰੋਧੀਆਂ ਨੂੰ ਕੁਝ ਹੀ ਸ਼ਬਦਾਂ ਵਿਚ ਵਧੀਆ ਜਵਾਬ ਦਿੰਦਾ ਸੀ। (ਮੱਤੀ 12:38-42; 15:1-9; 16:1-4) ਦੂਜੇ ਪਾਸੇ, ਜਦ ਇਹ ਗੱਲ ਸਪੱਸ਼ਟ ਹੁੰਦੀ ਸੀ ਕਿ ਜਵਾਬ ਦੇਣ ਦਾ ਕੋਈ ਫ਼ਾਇਦਾ ਨਹੀਂ ਹੋਣਾ ਸੀ, ਤਾਂ ਯਿਸੂ ਚੁੱਪ ਹੀ ਰਿਹਾ।—ਮਰਕੁਸ 15:2-5; ਲੂਕਾ 22:67-70.

12. ਜਦ ਲੋਕ ਯਿਸੂ ਤੇ ਚਿਲਾਉਂਦੇ ਸਨ, ਤਾਂ ਉਹ ਉਨ੍ਹਾਂ ਦੀ ਕਿਵੇਂ ਮਦਦ ਕਰਦਾ ਸੀ?

12 ਕਦੀ-ਕਦੀ ਦੁਸ਼ਟ ਆਤਮਾਵਾਂ ਦੇ ਪ੍ਰਭਾਵ ਹੇਠ ਲੋਕ ਯਿਸੂ ਤੇ ਚਿਲਾਉਂਦੇ ਸਨ। ਜਦ ਇਸ ਤਰ੍ਹਾਂ ਹੁੰਦਾ ਸੀ, ਤਾਂ ਉਹ ਗੁੱਸਾ ਨਹੀਂ ਕਰਦਾ ਸੀ, ਸਗੋਂ ਪਰਮੇਸ਼ੁਰ ਦੀ ਸ਼ਕਤੀ ਨਾਲ ਉਨ੍ਹਾਂ ਨੂੰ ਦੁਸ਼ਟ ਆਤਮਾਵਾਂ ਤੋਂ ਰਾਹਤ ਦਿਲਾਉਂਦਾ ਸੀ। (ਮਰਕੁਸ 1:23-28; 5:2-8, 15) ਪ੍ਰਚਾਰ ਕਰਦੇ ਸਮੇਂ ਜਦੋਂ ਕੋਈ ਸਾਡੇ ਨਾਲ ਗੁੱਸੇ ਹੋ ਕੇ ਉੱਚੀ ਆਵਾਜ਼ ਵਿਚ ਬੋਲਦਾ ਹੈ, ਤਾਂ ਸਾਨੂੰ ਵੀ ਆਪਣੇ ਗੁੱਸੇ ਤੇ ਕਾਬੂ ਰੱਖ ਕੇ ਪਿਆਰ ਤੇ ਸ਼ਾਂਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।—ਕੁਲੁੱਸੀਆਂ 4:6.

ਘਰ ਵਿਚ

13. ਕਦੀ-ਕਦੀ ਜਦ ਕੋਈ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਲੱਗਦਾ ਹੈ, ਤਾਂ ਉਸ ਦੇ ਘਰ ਦੇ ਉਸ ਦਾ ਵਿਰੋਧ ਕਿਉਂ ਕਰਦੇ ਹਨ?

13 ਯਿਸੂ ਦੇ ਚੇਲਿਆਂ ਨੂੰ ਖ਼ਾਸ ਕਰਕੇ ਘਰ ਵਿਚ ਸਬਰ ਕਰਨ ਦੀ ਲੋੜ ਹੁੰਦੀ ਹੈ। ਜਦ ਕੋਈ ਸੱਚਾਈ ਸਿੱਖ ਕੇ ਬਾਗ਼-ਬਾਗ਼ ਹੋ ਜਾਂਦਾ ਹੈ, ਤਾਂ ਉਹ ਇਹੀ ਚਾਹੁੰਦਾ ਹੈ ਕਿ ਉਸ ਦਾ ਪਰਿਵਾਰ ਵੀ ਇਨ੍ਹਾਂ ਸੱਚਾਈਆਂ ਨੂੰ ਸਿੱਖੇ। ਪਰ ਜਿਵੇਂ ਯਿਸੂ ਨੇ ਕਿਹਾ ਸੀ, ਉਨ੍ਹਾਂ ਦੇ ਘਰ ਦੇ ਮੈਂਬਰ ਸ਼ਾਇਦ ਉਨ੍ਹਾਂ ਨਾਲ ਵੈਰ ਕਰਨ। (ਮੱਤੀ 10:32-37; ਯੂਹੰਨਾ 15:20, 21) ਇਸ ਦੇ ਕਈ ਕਾਰਨ ਹੋ ਸਕਦੇ ਹਨ। ਮਿਸਾਲ ਲਈ, ਬਾਈਬਲ ਦੀ ਸਿੱਖਿਆ ਲੈ ਕੇ ਅਸੀਂ ਈਮਾਨਦਾਰ ਤੇ ਜ਼ਿੰਮੇਵਾਰ ਬਣਨਾ ਅਤੇ ਦੂਸਰਿਆਂ ਨਾਲ ਆਦਰ ਨਾਲ ਪੇਸ਼ ਆਉਣਾ ਸਿੱਖਦੇ ਹਾਂ। ਪਰ ਬਾਈਬਲ ਇਹ ਵੀ ਕਹਿੰਦੀ ਹੈ ਕਿ ਸਾਨੂੰ ਹਰ ਵੇਲੇ ਪਹਿਲਾਂ ਆਪਣੇ ਕਰਤਾਰ ਦੀ ਗੱਲ ਸੁਣਨੀ ਚਾਹੀਦੀ ਹੈ। (ਉਪਦੇਸ਼ਕ ਦੀ ਪੋਥੀ 12:1, 13; ਰਸੂਲਾਂ ਦੇ ਕਰਤੱਬ 5:29) ਘਰ ਵਿਚ ਸ਼ਾਇਦ ਕਿਸੇ ਨੂੰ ਬੁਰਾ ਲੱਗੇ ਕਿਉਂਕਿ ਅਸੀਂ ਉਨ੍ਹਾਂ ਦੀ ਸੁਣਨ ਦੀ ਬਜਾਇ ਯਹੋਵਾਹ ਦੀ ਸੁਣਨ ਲੱਗ ਪਏ ਹਾਂ। ਅਜਿਹੀ ਹਾਲਤ ਵਿਚ ਸਾਡੇ ਲਈ ਯਿਸੂ ਦੀ ਰੀਸ ਕਰਨੀ ਅਤੇ ਆਪਣੇ ਉੱਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ!—1 ਪਤਰਸ 2:21-23; 3:1, 2.

14-16. ਕੁਝ ਲੋਕ ਕਿਵੇਂ ਬਦਲੇ ਜੋ ਪਹਿਲਾਂ ਆਪਣੇ ਘਰ ਦਿਆਂ ਦਾ ਵਿਰੋਧ ਕਰਦੇ ਸਨ?

14 ਅੱਜ ਯਹੋਵਾਹ ਦੇ ਕਈ ਸੇਵਕਾਂ ਦੇ ਘਰ ਦੇ ਪਹਿਲਾਂ ਉਨ੍ਹਾਂ ਦਾ ਵਿਰੋਧ ਕਰਦੇ ਸਨ ਕਿਉਂਕਿ ਉਹ ਬਾਈਬਲ ਦੀ ਸਿੱਖਿਆ ਅਨੁਸਾਰ ਆਪਣੇ ਜੀਵਨ ਵਿਚ ਤਬਦੀਲੀਆਂ ਕਰ ਰਹੇ ਸਨ। ਹੋ ਸਕਦਾ ਹੈ ਕਿ ਕੁਝ ਵਿਰੋਧੀਆਂ ਨੇ ਯਹੋਵਾਹ ਦੇ ਗਵਾਹਾਂ ਬਾਰੇ ਪੁੱਟੀਆਂ-ਸਿੱਧੀਆਂ ਗੱਲਾਂ ਸੁਣੀਆਂ ਹੋਣ ਅਤੇ ਉਹ ਡਰਦੇ ਹੋਣ ਕਿ ਘਰ ਵਿਚ ਇਸ ਦਾ ਬੁਰਾ ਅਸਰ ਪਵੇਗਾ। ਪਰ ਬਾਅਦ ਵਿਚ ਉਨ੍ਹਾਂ ਨੇ ਆਪਣੀ ਰਾਇ ਬਦਲ ਲਈ। ਕਿਉਂ? ਕਿਉਂਕਿ ਉਨ੍ਹਾਂ ਨੇ ਬਾਈਬਲ ਦੀ ਸਿੱਖਿਆ ਉੱਤੇ ਚੱਲਣ ਵਾਲੇ ਮੈਂਬਰ ਦੀ ਚੰਗੀ ਮਿਸਾਲ ਦੇਖੀ। ਉਹ ਬਾਈਬਲ ਦੀ ਸਲਾਹ ਲਾਗੂ ਕਰਦੇ ਹੋਏ ਬਾਕਾਇਦਾ ਸਭਾਵਾਂ ਵਿਚ ਜਾਣ ਅਤੇ ਪ੍ਰਚਾਰ ਕਰਨ ਦੇ ਨਾਲ-ਨਾਲ ਘਰ ਵਿਚ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਅਤੇ ਗਾਲ੍ਹਾਂ ਖਾਣ ਦੇ ਬਾਵਜੂਦ ਉਹ ਚੁੱਪ ਰਹੇ। ਇਹ ਦੇਖ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਦਿਲ ਪਿਘਲ ਗਿਆ।—1 ਪਤਰਸ 2:12.

15 ਸ਼ਾਇਦ ਕੋਈ ਵਿਰੋਧੀ ਪੱਖਪਾਤ ਕਰਕੇ ਜਾਂ ਆਪਣੇ ਹੰਕਾਰ ਕਰਕੇ ਬਾਈਬਲ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸੀ। ਅਮਰੀਕਾ ਵਿਚ ਇਕ ਬੰਦਾ ਆਪਣੇ ਆਪ ਨੂੰ ਦੇਸ਼ਭਗਤ ਕਹਿੰਦਾ ਸੀ। ਇਕ ਵਾਰ ਜਦ ਉਸ ਦੀ ਪਤਨੀ ਸੰਮੇਲਨ ਵਿਚ ਗਈ ਹੋਈ ਸੀ, ਤਾਂ ਉਹ ਆਪਣੇ ਕੱਪੜੇ ਬੰਨ੍ਹ ਕੇ ਘਰੋਂ ਬਾਹਰ ਨਿਕਲ ਗਿਆ। ਇਕ ਹੋਰ ਮੌਕੇ ਤੇ ਉਹ ਆਤਮ-ਹੱਤਿਆ ਕਰਨ ਦੀ ਧਮਕੀ ਦਿੰਦੇ ਹੋਏ ਬੰਦੂਕ ਲੈ ਕੇ ਘਰੋਂ ਨਿਕਲ ਗਿਆ। ਉਹ ਆਪਣੇ ਗੁੱਸੇ ਅਤੇ ਹਿੰਸਕ ਕਰਤੂਤਾਂ ਲਈ ਆਪਣੀ ਪਤਨੀ ਦੇ ਮਜ਼ਹਬ ਨੂੰ ਦੋਸ਼ੀ ਠਹਿਰਾਉਂਦਾ ਸੀ। ਪਰ ਉਸ ਦੀ ਪਤਨੀ ਬਾਈਬਲ ਦੀ ਸਲਾਹ ਉੱਤੇ ਚੱਲਦੀ ਰਹੀ। ਯਹੋਵਾਹ ਦੀ ਗਵਾਹ ਬਣਨ ਤੋਂ 20 ਸਾਲ ਬਾਅਦ ਉਸ ਦਾ ਪਤੀ ਵੀ ਇਕ ਗਵਾਹ ਬਣ ਗਿਆ। ਅਲਬਾਨੀਆ ਵਿਚ ਇਕ ਤੀਵੀਂ ਆਪਣੀ ਧੀ ਨਾਲ ਬਹੁਤ ਗੁੱਸੇ ਸੀ ਕਿਉਂਕਿ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਤੋਂ ਬਾਅਦ ਬਪਤਿਸਮਾ ਲੈ ਲਿਆ ਸੀ। ਲਗਭਗ 12 ਵਾਰ ਇਸ ਮਾਂ ਨੇ ਆਪਣੀ ਧੀ ਦੀ ਬਾਈਬਲ ਪਾੜ ਕੇ ਸੁੱਟ ਦਿੱਤੀ। ਇਕ ਦਿਨ ਉਸ ਨੇ ਇਕ ਨਵੀਂ ਬਾਈਬਲ ਖੋਲ੍ਹ ਕੇ ਦੇਖੀ ਜੋ ਉਸ ਦੀ ਧੀ ਨੇ ਮੇਜ਼ ਉੱਤੇ ਰੱਖੀ ਸੀ। ਇਤਫ਼ਾਕ ਨਾਲ ਪੰਨਾ ਮੱਤੀ 10:36 ਤੇ ਖੁੱਲ੍ਹਿਆ ਅਤੇ ਮਾਂ ਨੂੰ ਅਹਿਸਾਸ ਹੋਇਆ ਕਿ ਇਸ ਵਿਚ ਲਿਖੀ ਗੱਲ ਉਸ ਉੱਤੇ ਲਾਗੂ ਹੁੰਦੀ ਹੈ। ਫਿਰ ਵੀ ਉਸ ਨੂੰ ਆਪਣੀ ਧੀ ਦਾ ਬੜਾ ਫ਼ਿਕਰ ਸੀ। ਇਸ ਲਈ ਜਦੋਂ ਉਸ ਦੀ ਧੀ ਕਿਸ਼ਤੀ ਰਾਹੀਂ ਹੋਰ ਗਵਾਹਾਂ ਨਾਲ ਇਕ ਸੰਮੇਲਨ ਲਈ ਇਟਲੀ ਨੂੰ ਜਾ ਰਹੀ ਸੀ, ਤਾਂ ਮਾਂ ਵੀ ਉਸ ਨਾਲ ਕਿਸ਼ਤੀ ਤਕ ਗਈ। ਜਦ ਮਾਂ ਨੇ ਦੇਖਿਆ ਕਿ ਉਨ੍ਹਾਂ ਦਾ ਆਪਸ ਵਿਚ ਕਿੰਨਾ ਪਿਆਰ ਸੀ, ਸਾਰਿਆਂ ਦੇ ਚਿਹਰੇ ਤੇ ਮੁਸਕਾਨ ਸੀ ਅਤੇ ਉਹ ਖ਼ੁਸ਼ੀ-ਖ਼ੁਸ਼ੀ ਇਕ-ਦੂਜੇ ਨੂੰ ਗਲੇ ਮਿਲ ਰਹੇ ਸਨ, ਤਾਂ ਉਸ ਦਾ ਡਰ ਘੱਟਣ ਲੱਗ ਗਿਆ। ਇਸ ਤੋਂ ਕੁਝ ਹੀ ਦੇਰ ਬਾਅਦ ਉਹ ਬਾਈਬਲ ਦਾ ਅਧਿਐਨ ਕਰਨ ਲੱਗ ਪਈ। ਅੱਜ ਉਹ ਹੋਰਨਾਂ ਲੋਕਾਂ ਦੀ ਮਦਦ ਕਰਦੀ ਹੈ ਜੋ ਯਹੋਵਾਹ ਦੇ ਗਵਾਹਾਂ ਦਾ ਵਿਰੋਧ ਕਰਦੇ ਹਨ।

16 ਇਕ ਹੋਰ ਮਿਸਾਲ ਵੱਲ ਧਿਆਨ ਦਿਓ। ਇਕ ਵਿਰੋਧੀ ਪਤੀ ਨੇ ਚਾਕੂ ਲੈ ਕੇ ਕਿੰਗਡਮ ਹਾਲ ਦੇ ਨੇੜੇ ਆਪਣੀ ਪਤਨੀ ਦਾ ਰਾਹ ਰੋਕਿਆ ਅਤੇ ਗਵਾਹਾਂ ਉੱਤੇ ਕਈ ਦੋਸ਼ ਲਾਏ। ਪਤਨੀ ਨੇ ਨਰਮ ਆਵਾਜ਼ ਵਿਚ ਕਿਹਾ: “ਆਪ ਕਿੰਗਡਮ ਹਾਲ ਵਿਚ ਆ ਕੇ ਦੇਖ ਲਓ ਕਿ ਇੱਥੇ ਕੀ ਹੁੰਦਾ ਹੈ।” ਪਤੀ ਉਸ ਦੇ ਨਾਲ ਅੰਦਰ ਗਿਆ ਅਤੇ ਅੱਜ ਉਹ ਕਲੀਸਿਯਾ ਵਿਚ ਇਕ ਬਜ਼ੁਰਗ ਹੈ।

17. ਜੇ ਘਰ ਵਿਚ ਤਣਾਅ ਪੈਦਾ ਹੋ ਜਾਵੇ, ਤਾਂ ਬਾਈਬਲ ਦੀ ਕਿਹੜੀ ਸਲਾਹ ਸਾਡੀ ਮਦਦ ਕਰ ਸਕਦੀ ਹੈ?

17 ਸ਼ਾਇਦ ਤੁਹਾਡੇ ਘਰ ਵਿਚ ਸਾਰੇ ਯਹੋਵਾਹ ਦੀ ਸੇਵਾ ਕਰਦੇ ਹਨ। ਫਿਰ ਵੀ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਤੇ ਹੋ ਸਕਦਾ ਹੈ ਕਿ ਅਸੀਂ ਗੁੱਸੇ ਵਿਚ ਇਕ-ਦੂਜੇ ਨੂੰ ਦੋ-ਚਾਰ ਗੱਲਾਂ ਸੁਣਾ ਦੇਈਏ। ਅਫ਼ਸੁਸ ਵਿਚ ਰਹਿੰਦੇ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਗਈ ਸੀ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।” (ਅਫ਼ਸੀਆਂ 4:31) ਉਨ੍ਹਾਂ ਨੂੰ ਇਹ ਸਲਾਹ ਕਿਉਂ ਦਿੱਤੀ ਗਈ ਸੀ? ਇਕ ਤਾਂ ਅਫ਼ਸੁਸ ਦਾ ਮਾਹੌਲ ਬਹੁਤ ਖ਼ਰਾਬ ਸੀ। ਦੂਜਾ, ਉੱਥੇ ਦੇ ਮਸੀਹੀ ਨਾਮੁਕੰਮਲ ਸਨ ਅਤੇ ਸ਼ਾਇਦ ਉਨ੍ਹਾਂ ਦੀਆਂ ਕਈ ਪੁਰਾਣੀਆਂ ਬੁਰੀਆਂ ਆਦਤਾਂ ਅਜੇ ਛੁੱਟੀਆਂ ਨਹੀਂ ਸਨ। ਉਹ ਆਪਣੇ ਸੁਭਾਅ ਨੂੰ ਕਿਸ ਤਰ੍ਹਾਂ ਬਦਲ ਸਕਦੇ ਸਨ? ਉਨ੍ਹਾਂ ਨੂੰ “ਆਪਣੇ ਮਨ ਦੇ ਸੁਭਾਉ ਵਿੱਚ ਨਵੇਂ” ਬਣਨ ਦੀ ਲੋੜ ਸੀ। (ਅਫ਼ਸੀਆਂ 4:23) ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ, ਉਸ ਉੱਤੇ ਮਨਨ ਕਰਨ, ਭੈਣਾਂ-ਭਰਾਵਾਂ ਨਾਲ ਮਿਲਣ-ਜੁਲਣ ਅਤੇ ਦਿਲੋਂ ਪ੍ਰਾਰਥਨਾ ਕਰਨ ਨਾਲ ਉਹ ਪਰਮੇਸ਼ੁਰ ਦੀ ਆਤਮਾ ਦਾ ਫਲ ਆਪਣੀਆਂ ਜ਼ਿੰਦਗੀਆਂ ਵਿਚ ਪੈਦਾ ਕਰ ਸਕਦੇ ਸਨ। ਉਹ ‘ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਣਾ ਅਤੇ ਇੱਕ ਦੂਏ ਨੂੰ ਮਾਫ਼ ਕਰਨਾ’ ਸਿੱਖ ਸਕਦੇ ਸਨ ‘ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਉਨ੍ਹਾਂ ਨੂੰ ਮਾਫ਼ ਕੀਤਾ ਸੀ।’ (ਅਫ਼ਸੀਆਂ 4:32) ਦੂਸਰੇ ਲੋਕ ਜੋ ਮਰਜ਼ੀ ਕਰਦੇ ਰਹਿਣ, ਪਰ ਸਾਨੂੰ ਸਬਰ ਕਰਨ, ਦਿਆਲੂ ਤੇ ਹਮਦਰਦ ਬਣਨ ਅਤੇ ਹੋਰਨਾਂ ਨੂੰ ਮਾਫ਼ ਕਰਨ ਦੀ ਲੋੜ ਹੈ। ਜੀ ਹਾਂ, ਸਾਨੂੰ “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ” ਨਹੀਂ ਕਰਨੀ ਚਾਹੀਦੀ। (ਰੋਮੀਆਂ 12:17, 18) ਪਰਮੇਸ਼ੁਰ ਦੀ ਰੀਸ ਕਰ ਕੇ ਸਾਨੂੰ ਹਮੇਸ਼ਾ ਦੂਸਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ।—1 ਯੂਹੰਨਾ 4:8.

ਸਾਰੇ ਮਸੀਹੀਆਂ ਲਈ ਸਲਾਹ

18. ਪ੍ਰਾਚੀਨ ਅਫ਼ਸੁਸ ਵਿਚ ਬਜ਼ੁਰਗਾਂ ਲਈ 2 ਤਿਮੋਥਿਉਸ 2:24 ਦੀ ਸਲਾਹ ਜ਼ਰੂਰੀ ਕਿਉਂ ਸੀ ਅਤੇ ਇਹ ਸਾਰੇ ਮਸੀਹੀਆਂ ਦੇ ਫ਼ਾਇਦੇ ਲਈ ਕਿਉਂ ਹੈ?

18 ‘ਸਬਰ ਕਰਨ ਵਾਲੇ ਬਣਨ’ ਦੀ ਸਲਾਹ ਸਾਰੇ ਮਸੀਹੀਆਂ ਉੱਤੇ ਲਾਗੂ ਹੁੰਦੀ ਹੈ। (2 ਤਿਮੋਥਿਉਸ 2:24) ਪਰ ਇਹ ਸਲਾਹ ਪਹਿਲਾਂ ਤਿਮੋਥਿਉਸ ਨੂੰ ਦਿੱਤੀ ਗਈ ਸੀ ਜਦ ਉਹ ਅਫ਼ਸੁਸ ਦੀ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਸੀ। ਉਸ ਕਲੀਸਿਯਾ ਵਿਚ ਕੁਝ ਭਰਾ ਆਪਣੇ ਨਿੱਜੀ ਵਿਚਾਰ ਫੈਲਾਉਣ ਤੋਂ ਝਿਜਕਦੇ ਨਹੀਂ ਸਨ ਅਤੇ ਉਹ ਗ਼ਲਤ ਸਿੱਖਿਆਵਾਂ ਦੇ ਰਹੇ ਸਨ। ਉਨ੍ਹਾਂ ਨੇ ਮੂਸਾ ਦੀ ਬਿਵਸਥਾ ਦਾ ਉਦੇਸ਼ ਚੰਗੀ ਤਰ੍ਹਾਂ ਨਹੀਂ ਸਮਝਿਆ ਸੀ ਜਿਸ ਕਰਕੇ ਉਨ੍ਹਾਂ ਨੇ ਨਿਹਚਾ, ਪਿਆਰ ਅਤੇ ਸ਼ੁੱਧ ਜ਼ਮੀਰ ਦੀ ਅਹਿਮੀਅਤ ਨੂੰ ਨਹੀਂ ਸਮਝਿਆ। ਕਈ ਹੰਕਾਰੀ ਸਨ ਅਤੇ ਉਹ ਆਪਸ ਵਿਚ ਸ਼ਬਦਾਂ ਉੱਤੇ ਝਗੜਦੇ ਰਹਿੰਦੇ ਸਨ। ਉਨ੍ਹਾਂ ਨੇ ਯਿਸੂ ਦੀਆਂ ਸਿੱਖਿਆਵਾਂ ਅਤੇ ਸੱਚੀ ਸ਼ਰਧਾ ਦੀ ਅਹਿਮੀਅਤ ਨੂੰ ਨਹੀਂ ਸਮਝਿਆ। ਇਹ ਹਾਲਤ ਸੁਧਾਰਨ ਲਈ ਤਿਮੋਥਿਉਸ ਨੂੰ ਬਾਈਬਲ ਦੀ ਸਿੱਖਿਆ ਤੇ ਪੱਕੇ ਰਹਿਣ ਦੇ ਨਾਲ-ਨਾਲ ਆਪਣੇ ਭਰਾਵਾਂ ਨਾਲ ਪਿਆਰ ਨਾਲ ਪੇਸ਼ ਆਉਣ ਦੀ ਲੋੜ ਸੀ। ਅੱਜ ਦੇ ਬਜ਼ੁਰਗਾਂ ਵਾਂਗ ਉਹ ਜਾਣਦਾ ਸੀ ਕਿ ਕਲੀਸਿਯਾ ਉਸ ਦੀ ਨਹੀਂ ਸੀ ਅਤੇ ਉਸ ਨੂੰ ਭੈਣਾਂ-ਭਰਾਵਾਂ ਵਿਚ ਪਿਆਰ ਅਤੇ ਏਕਤਾ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ।—ਅਫ਼ਸੀਆਂ 4:1-3; 1 ਤਿਮੋਥਿਉਸ 1:3-11; 5:1, 2; 6:3-5.

19. ਸਾਡੇ ਲਈ ‘ਮਸਕੀਨੀ ਨੂੰ ਭਾਲਣਾ’ ਕਿਉਂ ਜ਼ਰੂਰੀ ਹੈ?

19 ਪਰਮੇਸ਼ੁਰ ਆਪਣੇ ਲੋਕਾਂ ਨੂੰ ਤਾਕੀਦ ਕਰਦਾ ਹੈ ਕਿ ਉਹ ‘ਮਸਕੀਨੀ ਨੂੰ ਭਾਲਣ।’ (ਸਫ਼ਨਯਾਹ 2:3) “ਮਸਕੀਨੀ” ਲਈ ਇਬਰਾਨੀ ਸ਼ਬਦ ਦਾ ਮਤਲਬ ਹੈ ਅਜਿਹਾ ਸੁਭਾਅ ਹੋਣਾ ਜੋ ਇਕ ਵਿਅਕਤੀ ਨੂੰ ਖਿਝੇ ਬਿਨਾਂ ਅਤੇ ਬਦਲਾ ਲਏ ਬਿਨਾਂ ਧੀਰਜ ਨਾਲ ਬੇਇਨਸਾਫ਼ੀ ਨੂੰ ਝੱਲਣ ਦੀ ਤਾਕਤ ਦਿੰਦਾ ਹੈ। ਆਓ ਆਪਾਂ ਯਹੋਵਾਹ ਨੂੰ ਦਿਲੋਂ ਬੇਨਤੀ ਕਰੀਏ ਕਿ ਉਹ ਸਾਨੂੰ ਸਬਰ ਕਰਨ ਵਿਚ ਮਦਦ ਦੇਵੇ ਤਾਂਕਿ ਅਸੀਂ ਮੁਸ਼ਕਲਾਂ ਵਿਚ ਵੀ ਉਸ ਦਾ ਨਾਂ ਰੌਸ਼ਨ ਕਰ ਸਕੀਏ।

ਤੁਸੀਂ ਕੀ ਸਿੱਖਿਆ?

• ਜਦ ਕੋਈ ਤੁਹਾਡੇ ਨਾਲ ਰੁੱਖੇ ਤਰੀਕੇ ਨਾਲ ਬੋਲਦਾ ਹੈ, ਤਾਂ ਬਾਈਬਲ ਦੇ ਕਿਹੜੇ ਹਵਾਲੇ ਤੁਹਾਡੀ ਮਦਦ ਕਰ ਸਕਦੇ ਹਨ?

• ਸੌਲੁਸ ਨੇ ਮਸੀਹੀਆਂ ਦਾ ਸਖ਼ਤ ਵਿਰੋਧ ਕਿਉਂ ਕੀਤਾ ਸੀ?

• ਯਿਸੂ ਦੀ ਮਿਸਾਲ ਹਰ ਤਰ੍ਹਾਂ ਦੇ ਲੋਕਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ?

• ਘਰ ਵਿਚ ਆਪਣੇ ਆਪ ਉੱਤੇ ਕਾਬੂ ਰੱਖਣ ਦੇ ਕਿਹੜੇ ਫ਼ਾਇਦੇ ਹੋ ਸਕਦੇ ਹਨ?

[ਸਵਾਲ]

[ਸਫ਼ੇ 26 ਉੱਤੇ ਤਸਵੀਰ]

ਸੌਲੁਸ ਦੇ ਪਿਛੋਕੜ ਦੇ ਬਾਵਜੂਦ ਹਨਾਨਿਯਾਹ ਉਸ ਨਾਲ ਪਿਆਰ ਨਾਲ ਪੇਸ਼ ਆਇਆ

[ਸਫ਼ੇ 29 ਉੱਤੇ ਤਸਵੀਰ]

ਮਸੀਹੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਕੇ ਆਪਣੇ ਘਰ ਦਿਆਂ ਦਾ ਦਿਲ ਪਿਘਲਾ ਸਕਦਾ ਹੈ

[ਸਫ਼ੇ 30 ਉੱਤੇ ਤਸਵੀਰ]

ਮਸੀਹੀ ਪਿਆਰ ਅਤੇ ਏਕਤਾ ਹਰ ਪਾਸੇ ਫੈਲਾਉਂਦੇ ਹਨ