Skip to content

Skip to table of contents

ਇਸ ਦੁਨੀਆਂ ਦਾ ਕੀ ਬਣੇਗਾ?

ਇਸ ਦੁਨੀਆਂ ਦਾ ਕੀ ਬਣੇਗਾ?

ਇਸ ਦੁਨੀਆਂ ਦਾ ਕੀ ਬਣੇਗਾ?

ਦੁਨੀਆਂ ਭਰ ਵਿਚ ਏਕਤਾ। ਕਿੰਨੀ ਚੰਗੀ ਗੱਲ ਹੈ! ਅਸਲ ਵਿਚ ਸਾਰੇ ਹੀ ਏਕਤਾ ਚਾਹੁੰਦੇ ਹਨ। ਏਕਤਾ ਬਾਰੇ ਹਮੇਸ਼ਾ ਗੱਲਾਂ ਕੀਤੀਆਂ ਜਾਂਦੀਆਂ ਹਨ। ਦੁਨੀਆਂ ਭਰ ਦੇ ਸਿਆਸੀ ਨੇਤਾ ਮੀਟਿੰਗਾਂ ਵਿਚ ਵਾਰ-ਵਾਰ ਇਸ ਵਿਸ਼ੇ ਨੂੰ ਛੇੜਦੇ ਹਨ ਤੇ ਇਸ ਤੇ ਚਰਚਾ ਕਰਦੇ ਹਨ। ਸੰਨ 2000 ਦੇ ਅਗਸਤ ਮਹੀਨੇ ਵਿਚ 1000 ਨਾਲੋਂ ਜ਼ਿਆਦਾ ਧਾਰਮਿਕ ਆਗੂ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ-ਸੰਘ ਦੇ ਹੈੱਡਕੁਆਰਟਰ ਵਿਚ ਇਕੱਠੇ ਹੋਏ ਜਿੱਥੇ ਉਨ੍ਹਾਂ ਨੇ ਵਿਸ਼ਵ-ਵਿਆਪੀ ਸ਼ਾਂਤੀ (Millennium World Peace Summit) ਬਾਰੇ ਚਰਚਾ ਕੀਤੀ। ਭਾਵੇਂ ਉਨ੍ਹਾਂ ਨੇ ਵਿਸ਼ਵ ਵਿਚ ਚੱਲ ਰਹੀਆਂ ਲੜਾਈਆਂ ਦੇ ਹੱਲ ਬਾਰੇ ਗੱਲ ਕੀਤੀ ਸੀ, ਪਰ ਹਾਸੇ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕਈ ਧਾਰਮਿਕ ਆਗੂਆਂ ਦੀ ਆਪਸ ਵਿਚ ਹੀ ਨਹੀਂ ਬਣਦੀ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਵਿਚ ਲੜਾਈਆਂ ਕਿਉਂ ਹੋ ਰਹੀਆਂ ਹਨ। ਮਿਸਾਲ ਵਜੋਂ ਇਕ ਮੁਸਲਮਾਨ ਆਗੂ ਨੇ ਹਾਜ਼ਰ ਹੋਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਇਕ ਯਹੂਦੀ ਆਗੂ ਨੇ ਸੰਮੇਲਨ ਵਿਚ ਹਾਜ਼ਰ ਹੋਣਾ ਸੀ। ਦੂਸਰੇ ਪਾਸੇ ਇਸ ਸੰਮੇਲਨ ਦੇ ਪ੍ਰਬੰਧਕਾਂ ਨੇ ਸੋਚਿਆ ਕਿ ਉਹ ਦਲਾਈ ਲਾਮਾ (ਤਿੱਬਤ ਵਿਚ ਬੁੱਧ ਧਰਮ ਦਾ ਮੁੱਖ ਆਗੂ) ਨੂੰ ਪਹਿਲੇ ਦੋ ਦਿਨਾਂ ਲਈ ਇਸ ਲਈ ਨਹੀਂ ਬੁਲਾਉਣਗੇ ਤਾਂਕਿ ਚੀਨ ਦੇ ਲੋਕਾਂ ਨੂੰ ਠੇਸ ਨਾ ਪਹੁੰਚੇ, ਪਰ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੇ ਹੋਰ ਕਈ ਜਣਿਆਂ ਨੂੰ ਗੁੱਸੇ ਕੀਤਾ।

ਸੰਨ 2003 ਦੇ ਅਕਤੂਬਰ ਮਹੀਨੇ, ਸ਼ਾਂਤ ਮਹਾਂਸਾਗਰ ਲਾਗੇ ਦੀਆਂ ਕੌਮਾਂ (Asia-Pacific Economic Cooperation—APEC) ਨੇ ਥਾਈਲੈਂਡ ਵਿਚ ਇਕੱਠੇ ਹੋ ਕੇ ਵਿਸ਼ਵ ਸੁਰੱਖਿਆ ਦੇ ਵਿਸ਼ੇ ਤੇ ਕਾਨਫ਼ਰੰਸ ਕੀਤੀ। ਉੱਥੇ ਇਕੱਠੀਆਂ ਹੋਈਆਂ 21 ਰਾਸ਼ਟਰਾਂ ਨੇ ਆਤੰਕਵਾਦੀ ਸਮੂਹਾਂ ਨੂੰ ਖ਼ਤਮ ਕਰਨ ਦੀ ਕਸਮ ਖਾਧੀ ਅਤੇ ਵਿਸ਼ਵ-ਵਿਆਪੀ ਸੁਰੱਖਿਆ ਬਾਰੇ ਕਈ ਫ਼ੈਸਲੇ ਕੀਤੇ। ਪਰ ਇੱਥੇ ਵੀ ਕੁਝ ਪ੍ਰਤਿਨਿਧਾਂ ਨੇ ਇਕ ਪ੍ਰਧਾਨ ਮੰਤਰੀ ਵਿਰੁੱਧ ਸ਼ਿਕਾਇਤ ਕੀਤੀ ਕਿਉਂਕਿ ਉਸ ਨੇ ਏਕਤਾ ਬਾਰੇ ਗੱਲ ਕਰਦੇ ਵੇਲੇ ਯਹੂਦੀਆਂ ਬਾਰੇ ਇਕ ਨਫ਼ਰਤ ਭਰੀ ਗੱਲ ਕਹੀ ਸੀ।

ਏਕਤਾ ਕਿਉਂ ਨਹੀਂ ਹੈ?

ਭਾਵੇਂ ਕਿ ਦੁਨੀਆਂ ਨੂੰ ਇਕ ਕਰਨ ਬਾਰੇ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਹਨ ਅਤੇ ਹਾਲੇ ਵੀ ਚੱਲ ਰਹੀਆਂ ਹਨ, ਪਰ ਕਿਤੇ ਵੀ ਏਕਤਾ ਨਜ਼ਰ ਨਹੀਂ ਆਉਂਦੀ। ਤਾਂ ਫਿਰ ਇਹ ਕਿਉਂ ਹੈ ਕਿ ਬਹੁਤ ਸਾਰੇ ਲੋਕਾਂ ਵੱਲੋਂ ਸ਼ਾਂਤੀ ਅਤੇ ਏਕਤਾ ਕਾਇਮ ਕਰਨ ਲਈ ਕੀਤੇ ਚੋਖੇ ਜਤਨਾਂ ਦੇ ਬਾਵਜੂਦ ਇਸ 21ਵੀਂ ਸਦੀ ਵਿਚ ਏਕਤਾ ਕਾਇਮ ਨਹੀਂ ਹੋ ਪਾਈ?

ਇਸ ਸਵਾਲ ਦਾ ਜਵਾਬ ਇਕ ਪ੍ਰਧਾਨ ਮੰਤਰੀ ਦੇ ਸ਼ਬਦਾਂ ਤੋਂ ਮਿਲਦਾ ਹੈ ਜੋ ਉੱਪਰ ਜ਼ਿਕਰ ਕੀਤੀ ਕਾਨਫ਼ਰੰਸ (APEC) ਵਿਚ ਸ਼ਾਮਲ ਸੀ। ਉਸ ਨੇ ਕਿਹਾ: “ਇਕ ਗੱਲ ਜੋ ਹੈ ਉਹ ਹੈ ਆਪਣੇ ਦੇਸ਼ ਤੇ ਘਮੰਡ।” ਜੀ ਹਾਂ, ਲਗਭਗ ਸਾਰੀ ਦੁਨੀਆਂ ਦੇ ਲੋਕ ਆਪਣੇ-ਆਪਣੇ ਦੇਸ਼ਾਂ ਨੂੰ ਦੂਜਿਆਂ ਤੋਂ ਮਹਾਨ ਸਮਝਦੇ ਹਨ। ਕੋਈ ਵੀ ਰਾਸ਼ਟਰ ਅਤੇ ਨਸਲੀ ਸਮੂਹ ਨਹੀਂ ਚਾਹੁੰਦਾ ਕਿ ਕੋਈ ਹੋਰ ਦੇਸ਼ ਉਨ੍ਹਾਂ ਉੱਪਰ ਰਾਜ ਕਰੇ, ਸਗੋਂ ਉਹ ਆਪਣਾ ਰਾਜ ਚਾਹੁੰਦੇ ਹਨ। ਇਸ ਚਾਹਤ ਦੇ ਨਾਲ-ਨਾਲ ਲੋਕਾਂ ਵਿਚ ਮੁਕਾਬਲੇਬਾਜ਼ੀ ਅਤੇ ਲੋਭ ਦੇ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ। ਇਹ ਗੱਲ ਵਾਰ-ਵਾਰ ਸੱਚ ਸਾਬਤ ਹੋਈ ਹੈ ਕਿ ਜਦ ਵੀ ਕਿਸੇ ਮਾਮਲੇ ਵਿਚ ਆਮ ਲੋਕਾਂ ਦੀ ਭਲਾਈ ਅਤੇ ਦੇਸ਼ ਦੀ ਤਰੱਕੀ ਦੀ ਗੱਲ ਆਉਂਦੀ ਹੈ, ਤਾਂ ਲੋਕਾਂ ਬਾਰੇ ਸੋਚਣ ਦੀ ਬਜਾਇ ਦੇਸ਼ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ।

ਰਾਸ਼ਟਰਵਾਦ ਨੂੰ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਨਾਲ ਚੰਗੀ ਤਰ੍ਹਾਂ ਵਰਣਨ ਕੀਤਾ ਜਾ ਸਕਦਾ ਹੈ ਜਦ ਉਸ ਨੇ “ਘਾਤਕ ਮਰੀ” ਬਾਰੇ ਗੱਲ ਕੀਤੀ ਸੀ। (ਜ਼ਬੂਰਾਂ ਦੀ ਪੋਥੀ 91:3) ਜੀ ਹਾਂ, ਰਾਸ਼ਟਰਵਾਦ ਨੇ ਘਾਤਕ ਮਰੀ ਵਾਂਗ ਮਨੁੱਖਜਾਤ ਤੇ ਬਹੁਤ ਸਾਰੀਆਂ ਦੁੱਖ-ਤਕਲੀਫ਼ਾਂ ਲਿਆਂਦੀਆਂ ਹਨ। ਰਾਸ਼ਟਰਵਾਦ ਤੇ ਇਸ ਰਾਹੀਂ ਪੈਦਾ ਹੁੰਦੀ ਨਫ਼ਰਤ ਸਦੀਆਂ ਪੁਰਾਣੀ ਹੈ। ਅੱਜ ਵੀ ਰਾਸ਼ਟਰਵਾਦ ਲੋਕਾਂ ਵਿਚਕਾਰ ਫੁੱਟ ਪੈਦਾ ਕਰੀ ਜਾ ਰਿਹਾ ਹੈ ਅਤੇ ਦੁਨੀਆਂ ਦੇ ਨੇਤਾ ਇਸ ਨੂੰ ਰੋਕ ਨਹੀਂ ਸਕਦੇ।

ਬਹੁਤ ਸਾਰੇ ਹਾਕਮ ਇਹ ਗੱਲ ਕਬੂਲ ਕਰਨ ਲਈ ਤਿਆਰ ਹਨ ਕਿ ਦੁਨੀਆਂ ਵਿਚ ਜ਼ਿਆਦਾਤਰ ਮੁਸੀਬਤਾਂ ਰਾਸ਼ਟਰਵਾਦ ਅਤੇ ਸੁਆਰਥ ਕਰਕੇ ਹਨ। ਮਿਸਾਲ ਵਜੋਂ ਸੰਯੁਕਤ ਰਾਸ਼ਟਰ-ਸੰਘ ਦੇ ਸਾਬਕਾ ਸਕੱਤਰ-ਜਨਰਲ ਨੇ ਕਿਹਾ: ‘ਅੱਜ ਜਿਨ੍ਹਾਂ ਬਹੁਤ ਸਾਰੀਆਂ ਮੁਸੀਬਤਾਂ ਦਾ ਅਸੀਂ ਸਾਮ੍ਹਣਾ ਕਰ ਰਹੇ ਹਾਂ, ਉਹ ਲੋਕਾਂ ਦੀ ਗ਼ਲਤ ਸੋਚ ਕਰਕੇ ਹਨ। ਉਹ ਸੋਚਦੇ ਹਨ ਕਿ “ਮੇਰਾ ਦੇਸ਼ ਮਹਾਨ ਹੈ,” ਭਾਵੇਂ ਇਹ ਗ਼ਲਤ ਹੋਵੇ ਜਾਂ ਸਹੀ।’ ਸੁਆਰਥੀ ਰਾਸ਼ਟਰ ਆਪਣੇ ਅਧਿਕਾਰ ਤੇ ਤਾਕਤ ਨੂੰ ਵਧਾਉਣ ਲਈ ਕੁਝ ਵੀ ਕਰਦੇ ਹਨ ਅਤੇ ਪੂਰੀ ਤਰ੍ਹਾਂ ਇਸ ਸੰਬੰਧੀ ਕੰਮਾਂ ਵਿਚ ਰੁੱਝੇ ਹੋਏ ਹਨ। ਜਿਹੜੇ ਦੇਸ਼ਾਂ ਕੋਲ ਹੋਰਨਾਂ ਨਾਲੋਂ ਜ਼ਿਆਦਾ ਤਾਕਤ ਹੈ ਉਹ ਇਸ ਨੂੰ ਗੁਆਉਣਾ ਨਹੀਂ ਚਾਹੁੰਦੇ। ਮਿਸਾਲ ਵਜੋਂ ਇਕ ਫਰਾਂਸੀਸੀ ਅਖ਼ਬਾਰ, ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਨੇ ਯੂਰਪੀ ਸੰਘ ਬਾਰੇ ਇਹ ਗੱਲ ਲਿਖੀ: “ਹਾਲੇ ਵੀ ਯੂਰਪੀ ਨੇਤਾ ਇਕ ਦੂਏ ਤੇ ਸ਼ੱਕ ਕਰਦੇ ਹਨ। ਜਿੱਦਾਂ ਪਹਿਲਾਂ ਸੀ ਉਸੇ ਤਰ੍ਹਾਂ ਹੁਣ ਵੀ ਉਹ ਯੂਰਪੀ ਸੰਘ ਦੇ ਕਿਸੇ ਮੈਂਬਰ ਯਾਨੀ ਰਾਸ਼ਟਰ ਨੂੰ ਅੱਗੇ ਵਧਦਾ ਨਹੀਂ ਦੇਖਣਾ ਚਾਹੁੰਦੇ।”

ਪਰਮੇਸ਼ੁਰ ਦਾ ਬਚਨ, ਬਾਈਬਲ ਇਨਸਾਨਾਂ ਦੇ ਰਾਜ ਕਰਨ ਦੇ ਨਤੀਜੇ ਬਾਰੇ ਸਹੀ ਸਿੱਟਾ ਕੱਢਦੀ ਹੈ: “ਇਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 8:9) ਦੁਨੀਆਂ ਨੂੰ ਵੱਖੋ-ਵੱਖਰੇ ਰਾਸ਼ਟਰਾਂ ਵਿਚ ਵੰਡ ਕੇ ਅਤੇ ਵੱਖਰੀਆਂ-ਵੱਖਰੀਆਂ ਪਾਤਸ਼ਾਹੀਆਂ ਬਣਾਉਣ ਕਰਕੇ ਲੋਕਾਂ ਤੇ ਇਹ ਬਾਈਬਲ ਹਵਾਲਾ ਵੀ ਪੂਰਾ ਹੋਇਆ ਹੈ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।”—ਕਹਾਉਤਾਂ 18:1.

ਸਾਡਾ ਕਰਤਾਰ ਜਾਣਦਾ ਹੈ ਕਿ ਸਾਡੇ ਲਈ ਕੀ-ਕੀ ਚੰਗਾ ਹੈ। ਉਸ ਦਾ ਕਦੀ ਵੀ ਇਹ ਇਰਾਦਾ ਨਹੀਂ ਸੀ ਕਿ ਇਨਸਾਨ ਉਸ ਤੋਂ ਅਲੱਗ ਹੋ ਕੇ ਆਪ ਰਾਜ ਕਰਨ। ਇਸ ਤਰ੍ਹਾਂ ਕਰਨ ਨਾਲ ਇਨਸਾਨਾਂ ਨੇ ਪਰਮੇਸ਼ੁਰ ਦੇ ਮਕਸਦ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਇਹ ਗੱਲ ਭੁੱਲੀ ਹੈ ਕਿ ਸਾਰਾ ਕੁਝ ਪਰਮੇਸ਼ੁਰ ਦਾ ਹੀ ਹੈ। ਜ਼ਬੂਰਾਂ ਦੀ ਪੋਥੀ 95:3-5 ਵਿਚ ਲਿਖਿਆ ਹੈ: “ਯਹੋਵਾਹ ਤਾਂ ਮਹਾਨ ਪਰਮੇਸ਼ੁਰ ਹੈ, ਅਤੇ ਸਾਰੇ ਦੇਵਤਿਆਂ ਉੱਤੇ ਵੱਡਾ ਪਾਤਸ਼ਾਹ ਹੈ, ਜਿਹ ਦੇ ਹੱਥ ਵਿੱਚ ਧਰਤੀ ਦੇ ਥੱਲੇ ਹਨ, ਪਹਾੜਾਂ ਦੀਆਂ ਟੀਸੀਆਂ ਵੀ ਉਹ ਦੀਆਂ ਹਨ, ਸਮੁੰਦਰ ਉਹ ਦਾ ਹੈ ਅਤੇ ਉਹ ਨੇ ਉਸ ਨੂੰ ਬਣਾਇਆ, ਅਤੇ ਉਹ ਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਸਾਜਿਆ।” ਯਹੋਵਾਹ ਹੀ ਅਸਲੀ ਸ਼ਹਿਨਸ਼ਾਹ ਹੈ ਤੇ ਸਾਰਿਆਂ ਨੂੰ ਉਸ ਨੂੰ ਆਪਣਾ ਹਾਕਮ ਮੰਨਣਾ ਚਾਹੀਦਾ ਹੈ। ਜਦ ਵੱਖਰੋ-ਵੱਖਰੇ ਰਾਸ਼ਟਰ ਆਪਣੀਆਂ ਹਕੂਮਤਾਂ ਖੜ੍ਹੀਆਂ ਕਰਦੇ ਹਨ, ਤਾਂ ਉਹ ਪਰਮੇਸ਼ੁਰ ਦੇ ਖ਼ਿਲਾਫ਼ ਚੱਲਦੇ ਹਨ।—ਜ਼ਬੂਰਾਂ ਦੀ ਪੋਥੀ 2:2.

ਕਾਹਦੀ ਲੋੜ ਹੈ?

ਦੁਨੀਆਂ ਵਿਚ ਏਕਤਾ ਸਿਰਫ਼ ਇਕ ਤਰੀਕੇ ਨਾਲ ਕਾਇਮ ਕੀਤੀ ਜਾ ਸਕਦੀ ਹੈ। ਇਸ ਗੱਲ ਦੀ ਜ਼ਰੂਰਤ ਹੈ ਕਿ ਵੱਖਰੀਆਂ ਸਰਕਾਰਾਂ ਹੋਣ ਦੀ ਬਜਾਇ ਇਕ ਵਿਸ਼ਵ-ਵਿਆਪੀ ਸਰਕਾਰ ਹੋਵੇ ਜੋ ਸਾਰੇ ਲੋਕਾਂ ਦੇ ਫ਼ਾਇਦੇ ਬਾਰੇ ਸੋਚਦੀ ਹੈ। ਭਾਵੇਂ ਕਈ ਸਮਝਦਾਰ ਲੋਕਾਂ ਨੇ ਇਸ ਲੋੜ ਨੂੰ ਪਛਾਣਿਆ ਹੈ, ਪਰ ਉਹ ਇਸ ਸਰਕਾਰ ਦੀ ਤਲਾਸ਼ ਗ਼ਲਤ ਜਗ੍ਹਾ ਤੇ ਕਰਦੇ ਹਨ। ਮਿਸਾਲ ਵਜੋਂ ਬਹੁਤ ਸਾਰਿਆਂ ਨੇ ਧਾਰਮਿਕ ਆਗੂਆਂ ਦੇ ਨਾਲ-ਨਾਲ ਕਿਹਾ ਹੈ ਕਿ ਸਾਨੂੰ ਸੰਯੁਕਤ ਰਾਸ਼ਟਰ-ਸੰਘ ਵੱਲ ਏਕਤਾ ਕਾਇਮ ਕਰਨ ਲਈ ਦੇਖਣਾ ਚਾਹੀਦਾ ਹੈ। ਲੇਕਿਨ ਮਨੁੱਖੀ ਸੰਗਠਨਾਂ ਦੇ ਉਦੇਸ਼ ਕਿੰਨੇ ਵੀ ਚੰਗੇ ਕਿਉਂ ਨਾ ਰਹੇ ਹੋਣ, ਉਹ ਦੁਨੀਆਂ ਦੇ ਹਾਲਾਤ ਨਹੀਂ ਸੁਧਾਰ ਸਕੇ। ਇਸ ਦੇ ਬਿਲਕੁਲ ਉਲਟ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੰਗਠਨਾਂ ਵਿਚ ਵੱਖੋ-ਵੱਖਰੇ ਰਾਸ਼ਟਰਾਂ ਦੀ ਤਰ੍ਹਾਂ ਫੁੱਟ ਪਈ ਹੋਈ ਹੈ।

ਏਕਤਾ ਪੈਦਾ ਕਰਨ ਸੰਬੰਧੀ ਬਾਈਬਲ ਇਨਸਾਨੀ ਸੰਗਠਨਾਂ ਤੇ ਭਰੋਸਾ ਨਾ ਰੱਖਣ ਦੀ ਇਹ ਚੇਤਾਵਨੀ ਦਿੰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।” (ਜ਼ਬੂਰਾਂ ਦੀ ਪੋਥੀ 146:3) ਤਾਂ ਫਿਰ, ਕੀ ਇਸ ਦਾ ਮਤਲਬ ਇਹ ਹੈ ਕਿ ਇਸ ਧਰਤੀ ਤੇ ਏਕਤਾ ਕਦੀ ਨਹੀਂ ਆਵੇਗੀ? ਨਹੀਂ, ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ। ਏਕਤਾ ਕਾਇਮ ਕਰਨ ਦਾ ਇਕ ਹੋਰ ਤਰੀਕਾ ਹੈ।

ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਪਰਮੇਸ਼ੁਰ ਏਕਤਾ ਕਾਇਮ ਕਰਨ ਵਾਸਤੇ ਪਹਿਲਾਂ ਹੀ ਇਕ ਰਾਜ ਸਥਾਪਿਤ ਕਰ ਚੁੱਕਾ ਹੈ। ਬਾਈਬਲ ਯਹੋਵਾਹ ਪਰਮੇਸ਼ੁਰ ਬਾਰੇ ਕਹਿੰਦੀ ਹੈ: “ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਹਾ ਦਿੱਤਾ ਹੈ। ਮੈਥੋਂ ਮੰਗ ਅਤੇ ਮੈਂ ਕੌਮਾਂ ਤੇਰੀ ਮੀਰਾਸ, ਅਤੇ ਧਰਤੀ ਦੇ ਕੰਢੇ ਤੇਰੀ ਮਿਲਖ ਕਰ ਦਿਆਂਗਾ।” (ਜ਼ਬੂਰਾਂ ਦੀ ਪੋਥੀ 2:6, 8) ਧਿਆਨ ਦਿਓ ਕਿ ਇਸ ਹਵਾਲੇ ਵਿਚ ਯਹੋਵਾਹ ਬਾਰੇ ਕਿਹਾ ਗਿਆ ਹੈ ਕਿ ਉਸ ਨੇ “ਆਪਣੇ ਪਾਤਸ਼ਾਹ ਨੂੰ ਬਹਾ ਦਿੱਤਾ ਹੈ” ਜਿਸ ਨੂੰ ਉਹ 7ਵੀਂ ਆਇਤ ਵਿਚ ਆਪਣਾ ਪੁੱਤਰ ਕਹਿੰਦਾ ਹੈ। ਇਹ ਪੁੱਤਰ ਯਹੋਵਾਹ ਦੇ ਦੂਤਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਦੂਤ ਯਿਸੂ ਮਸੀਹ ਹੈ। ਉਸ ਨੂੰ ਸਾਰੀਆਂ ਕੌਮਾਂ ਉੱਪਰ ਹਾਕਮ ਠਹਿਰਾਇਆ ਗਿਆ ਹੈ।

ਦੁਨੀਆਂ ਵਿਚ ਏਕਤਾ ਕਿਵੇਂ ਕਾਇਮ ਹੋਵੇਗੀ?

ਜ਼ਿਆਦਾਤਰ ਲੋਕ ਪਰਮੇਸ਼ੁਰ ਦੀ ਸਥਾਪਿਤ ਕੀਤੀ ਹੋਈ ਹਕੂਮਤ ਨੂੰ ਨਹੀਂ ਪਛਾਣਦੇ। ਕੌਮਾਂ ਹਠ ਨਾਲ ਇਹ ਸੋਚਦੀਆਂ ਕਿ ਉਨ੍ਹਾਂ ਨੂੰ ਆਪਣੀ ਹਕੂਮਤ ਚਲਾਉਣ ਦਾ ਹੱਕ ਹੈ। ਪਰ ਪਰਮੇਸ਼ੁਰ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਜੋ ਉਸ ਦੀ ਹਕੂਮਤ ਨੂੰ ਨਹੀਂ ਪਛਾਣਦੇ। ਉਸ ਦੀ ਹਕੂਮਤ ਦੇ ਵਿਰੁੱਧ ਜਾਣ ਵਾਲਿਆਂ ਬਾਰੇ ਜ਼ਬੂਰਾਂ ਦੀ ਪੋਥੀ 2:9 ਵਿਚ ਲਿਖਿਆ ਹੈ: “ਤੂੰ [ਪੁੱਤਰ, ਯਿਸੂ ਮਸੀਹ] ਲੋਹੇ ਦੇ ਡੰਡੇ ਨਾਲ ਓਹਨਾਂ ਨੂੰ ਭੰਨ ਸੁੱਟੇਂਗਾ, ਘੁਮਿਆਰ ਦੇ ਭਾਂਡੇ ਵਾਂਙੁ ਤੂੰ ਓਹਨਾਂ ਨੂੰ ਚਕਨਾਚੂਰ ਕਰ ਦੇਵੇਂਗਾ।” ਭਾਵੇਂ ਕੌਮਾਂ ਇਹ ਗੱਲ ਪਛਾਣਨ ਜਾਂ ਨਾ, ਪਰ ਉਹ ਪਰਮੇਸ਼ੁਰ ਨਾਲ ਯੁੱਧ ਕਰਨ ਲਈ ਨਿਕਲੀਆਂ ਹੋਈਆਂ ਹਨ। ਬਾਈਬਲ ਦੀ ਅਖ਼ੀਰਲੀ ਪੁਸਤਕ ਵਿਚ “ਸਾਰੇ ਜਗਤ ਦਿਆਂ ਰਾਜਿਆਂ” ਬਾਰੇ ਲਿਖਿਆ ਹੈ ਜਿਨ੍ਹਾਂ ਨੂੰ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ ਲਈ ਇਕੱਠਿਆਂ” ਕੀਤਾ ਜਾ ਰਿਹਾ ਹੈ। (ਪਰਕਾਸ਼ ਦੀ ਪੋਥੀ 16:14) ਕੌਮਾਂ ਅਤੇ ਉਨ੍ਹਾਂ ਦੇ ਅਜਿਹੇ ਤੌਰ-ਤਰੀਕਿਆਂ ਨੂੰ ਮਿਟਾ ਦਿੱਤਾ ਜਾਵੇਗਾ ਜਿਨ੍ਹਾਂ ਨਾਲ ਉਹ ਲੋਕਾਂ ਵਿਚ ਵੰਡੀਆਂ ਪਾਉਂਦੇ ਹਨ। ਇਸ ਤੋਂ ਬਾਅਦ ਕੋਈ ਵੀ ਪਰਮੇਸ਼ੁਰ ਦੀ ਸਰਕਾਰ ਦੇ ਕੰਮ ਵਿਚ ਅੜਿੱਕਾ ਨਹੀਂ ਪਾ ਸਕੇਗਾ।

ਦੁਨੀਆਂ ਦਾ ਪਾਤਸ਼ਾਹ ਯਹੋਵਾਹ ਪਰਮੇਸ਼ੁਰ ਆਪਣੇ ਪੁੱਤਰ ਰਾਹੀਂ ਸ਼ਕਤੀ ਤੇ ਬੁੱਧ ਦਾ ਇਸਤੇਮਾਲ ਕਰ ਕੇ ਦੁਨੀਆਂ ਵਿਚ ਏਕਤਾ ਕਾਇਮ ਕਰਨ ਲਈ ਲੋੜੀਂਦੀਆਂ ਤਬਦੀਲੀਆਂ ਕਰੇਗਾ। ਪਰਮੇਸ਼ੁਰ ਦਾ ਰਾਜ ਸਾਰਿਆਂ ਨੂੰ ਇਕ ਕਰੇਗਾ ਅਤੇ ਧਰਮੀਆਂ ਤੇ ਬਰਕਤਾਂ ਵਹਾਏਗਾ। ਕਿਉਂ ਨਾ ਥੋੜ੍ਹਾ ਸਮਾਂ ਕੱਢ ਕੇ ਆਪਣੀਆਂ ਬਾਈਬਲਾਂ ਵਿਚ ਜ਼ਬੂਰ 72 ਪੜ੍ਹੋ? ਇਸ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਪੁੱਤਰ ਦੀ ਸਰਕਾਰ ਨੇ ਇਨਸਾਨਾਂ ਲਈ ਕੀ-ਕੀ ਕਰਨਾ ਹੈ। ਲੋਕ ਸੱਚ-ਮੁੱਚ ਏਕਤਾ ਵਿਚ ਵਸਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਜ਼ੁਲਮ, ਅਤਿਆਚਾਰ, ਗ਼ਰੀਬੀ ਆਦਿ ਖ਼ਤਮ ਕੀਤੀਆਂ ਜਾਣਗੀਆਂ।

ਅੱਜ ਦੀ ਵੰਡੀ ਹੋਈ ਦੁਨੀਆਂ ਵਿਚ ਲੋਕ ਸ਼ਾਇਦ ਸੋਚਣ ਕਿ ਇਹ ਗੱਲਾਂ ਤਾਂ ਕਾਲਪਨਿਕ ਹਨ। ਪਰ ਇਸ ਤਰ੍ਹਾਂ ਸੋਚਣਾ ਗ਼ਲਤ ਹੋਵੇਗਾ। ਪਰਮੇਸ਼ੁਰ ਦੇ ਵਾਅਦੇ ਕਦੇ ਅਧੂਰੇ ਨਹੀਂ ਰਹੇ ਅਤੇ ਨਾ ਹੀ ਕਦੀ ਰਹਿਣਗੇ। (ਯਸਾਯਾਹ 55:10, 11) ਕੀ ਤੁਸੀਂ ਇਨ੍ਹਾਂ ਤਬਦੀਲੀਆਂ ਨੂੰ ਦੇਖਣਾ ਚਾਹੁੰਦੇ ਹੋ? ਤੁਸੀਂ ਜ਼ਰੂਰ ਦੇਖ ਸਕਦੇ ਹੋ। ਦਰਅਸਲ, ਇਸ ਵੇਲੇ ਕਈ ਲੋਕ ਉਸ ਸਮੇਂ ਲਈ ਤਿਆਰੀ ਕਰ ਰਹੇ ਹਨ। ਇਹ ਲੋਕ ਭਾਵੇਂ ਵੱਖਰੀਆਂ-ਵੱਖਰੀਆਂ ਕੌਮਾਂ ਵਿੱਚੋਂ ਹਨ, ਪਰ ਇਹ ਇਕ ਦੂਏ ਨਾਲ ਲੜਾਈ ਕਰਨ ਦੀ ਬਜਾਇ ਇਕੱਠੇ ਹੋ ਕੇ ਪਰਮੇਸ਼ੁਰ ਦੀ ਹਕੂਮਤ ਅਧੀਨ ਹੋ ਰਹੇ ਹਨ। (ਯਸਾਯਾਹ 2:2-4) ਇਹ ਲੋਕ ਕੌਣ ਹਨ? ਇਹ ਲੋਕ ਯਹੋਵਾਹ ਦੇ ਗਵਾਹ ਹਨ। ਕਿਉਂ ਨਾ ਤੁਸੀਂ ਉਨ੍ਹਾਂ ਦੀਆਂ ਸਭਾਵਾਂ ਨੂੰ ਜਾਣ ਦਾ ਸੱਦਾ ਕਬੂਲ ਕਰੋ? ਉਮੀਦ ਹੈ ਕਿ ਉਨ੍ਹਾਂ ਦੀ ਸੰਗਤ ਤੋਂ ਤੁਹਾਨੂੰ ਤਾਜ਼ਗੀ ਮਿਲੇਗੀ ਅਤੇ ਤੁਸੀਂ ਉਨ੍ਹਾਂ ਤੋਂ ਸਿੱਖ ਸਕੋਗੇ ਕਿ ਤੁਸੀਂ ਇਕਮੁੱਠ ਹੋ ਕੇ ਪਰਮੇਸ਼ੁਰ ਦੀ ਹਕੂਮਤ ਅਧੀਨ ਕਿਵੇਂ ਹੋ ਸਕਦੇ ਹੋ। ਪਰਮੇਸ਼ੁਰ ਦੇ ਰਾਜ ਵਿਚ ਸਦਾ ਲਈ ਏਕਤਾ ਕਾਇਮ ਕੀਤੀ ਜਾਵੇਗੀ ਅਤੇ ਤੁਸੀਂ ਸਦਾ ਲਈ ਉਸ ਦਾ ਆਨੰਦ ਮਾਣ ਸਕੋਗੇ।

[ਸਫ਼ੇ 7 ਉੱਤੇ ਤਸਵੀਰ]

ਵੱਖੋ-ਵੱਖਰੀਆਂ ਕੌਮਾਂ ਦੇ ਲੋਕ ਉਸ ਦੁਨੀਆਂ ਵਿਚ ਜ਼ਿੰਦਗੀ ਪਾਉਣ ਦੀ ਤਿਆਰੀ ਕਰ ਰਹੇ ਹਨ ਜਿੱਥੇ ਸਾਰੇ ਏਕਤਾ ਨਾਲ ਰਹਿਣਗੇ

[ਸਫ਼ੇ 4 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Saeed Khan/AFP/Getty Images

[ਸਫ਼ੇ 5 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Woman grieving: Igor Dutina/AFP/Getty Images; protesters: Said Khatib/AFP/Getty Images; armored cars: Joseph Barrak/AFP/Getty Images