Skip to content

Skip to table of contents

ਕੀ ਤੁਸੀਂ ਘਰ ਦਿਆਂ ਨਾਲ ਗੱਲਾਂ-ਬਾਤਾਂ ਕਰਦੇ ਹੋ?

ਕੀ ਤੁਸੀਂ ਘਰ ਦਿਆਂ ਨਾਲ ਗੱਲਾਂ-ਬਾਤਾਂ ਕਰਦੇ ਹੋ?

ਕੀ ਤੁਸੀਂ ਘਰ ਦਿਆਂ ਨਾਲ ਗੱਲਾਂ-ਬਾਤਾਂ ਕਰਦੇ ਹੋ?

ਪੋਲਿਟਿਕਾ ਨਾਂ ਦੇ ਪੋਲਿਸ਼ ਰਸਾਲੇ ਦੀ ਇਕ ਰਿਪੋਰਟ ਅਨੁਸਾਰ “ਘਰ ਦਿਆਂ ਨਾਲ ਸਾਡੀ ਗੱਲਬਾਤ ਕਰਨ ਦੀ ਯੋਗਤਾ ਦਿਨ-ਬ-ਦਿਨ ਘੱਟਦੀ ਜਾ ਰਹੀ ਹੈ।” ਅੰਦਾਜ਼ਾ ਲਾਇਆ ਗਿਆ ਹੈ ਕਿ ਅਮਰੀਕਾ ਵਿਚ ਪਤੀ-ਪਤਨੀ ਦਿਨ ਵਿਚ ਸਿਰਫ਼ ਛੇ ਮਿੰਟ ਇਕ-ਦੂਸਰੇ ਨਾਲ ਗੱਲਾਂ ਕਰਦੇ ਹਨ। ਕੁਝ ਮਾਹਰ ਕਹਿੰਦੇ ਹਨ ਕਿ ਜਿਨ੍ਹਾਂ ਜੋੜਿਆਂ ਵਿਚ ਗੱਲਬਾਤ ਨਹੀਂ ਹੁੰਦੀ, ਉਨ੍ਹਾਂ ਵਿੱਚੋਂ ਕਾਫ਼ੀ ਜੋੜਿਆਂ ਦਾ ਛੱਡ-ਛਡਈਆ ਜਾਂ ਤਲਾਕ ਹੋ ਜਾਂਦਾ ਹੈ।

ਮਾਪਿਆਂ ਅਤੇ ਬੱਚਿਆਂ ਵਿਚਕਾਰ ਗੱਲਬਾਤ ਬਾਰੇ ਕੀ ਕਿਹਾ ਜਾ ਸਕਦਾ ਹੈ? ਉੱਪਰ ਜ਼ਿਕਰ ਕੀਤੀ ਰਿਪੋਰਟ ਕਹਿੰਦੀ ਹੈ ਕਿ ਆਮ ਤੌਰ ਤੇ ‘ਗੱਲਬਾਤ ਕਰਨ ਦੀ ਬਜਾਇ ਮਾਪੇ ਬੱਚਿਆਂ ਤੋਂ ਪੁੱਛ-ਪੜਤਾਲ ਕਰਦੇ ਹਨ: “ਸਕੂਲ ਕਿੱਦਾਂ ਸੀ? ਤੇਰੇ ਦੋਸਤ ਕਿੱਦਾਂ ਹਨ?” ਤਾਂ ਫਿਰ ਇੱਦਾਂ ਦੇ ਮਾਹੌਲ ਵਿਚ ਸਾਡੇ ਬੱਚੇ ਪਿਆਰ ਭਰੇ ਰਿਸ਼ਤੇ ਜੋੜਨੇ ਕਿਵੇਂ ਸਿੱਖਣਗੇ?’

ਵਧੀਆ ਤਰੀਕੇ ਨਾਲ ਗੱਲਬਾਤ ਕਰਨ ਦੀ ਯੋਗਤਾ ਆਪਣੇ ਆਪ ਹੀ ਪੈਦਾ ਨਹੀਂ ਹੋ ਜਾਂਦੀ। ਤਾਂ ਫਿਰ, ਅਸੀਂ ਇਸ ਯੋਗਤਾ ਨੂੰ ਕਿਸ ਤਰ੍ਹਾਂ ਪੈਦਾ ਕਰ ਸਕਦੇ ਹਾਂ? ਯਾਕੂਬ ਨਾਂ ਦੇ ਮਸੀਹੀ ਨੇ ਸਾਨੂੰ ਇਹ ਚੰਗੀ ਸਲਾਹ ਦਿੱਤੀ: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।” (ਯਾਕੂਬ 1:19) ਜੀ ਹਾਂ, ਜਦ ਕੋਈ ਸਾਡੇ ਨਾਲ ਗੱਲਬਾਤ ਕਰਦਾ ਹੈ, ਤਾਂ ਸਾਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਵਿੱਚੋਂ ਟੋਕਣਾ ਨਹੀਂ ਚਾਹੀਦਾ ਤੇ ਨਾ ਹੀ ਸਾਨੂੰ ਪੂਰੀ ਗੱਲ ਸੁਣਨ ਤੋਂ ਪਹਿਲਾਂ ਸਿੱਟਾ ਕੱਢਣਾ ਚਾਹੀਦਾ ਹੈ। ਐਵੇਂ ਨੁਕਸ ਨਾ ਕੱਢੋ ਕਿਉਂਕਿ ਇਸ ਨਾਲ ਗੱਲ ਵਿੱਚੇ ਰੁਕ ਜਾਵੇਗੀ। ਯਾਦ ਰੱਖੋ ਕਿ ਯਿਸੂ ਨੇ ਪੁੱਛ-ਪੜਤਾਲ ਕਰਨ ਲਈ ਸਵਾਲ ਨਹੀਂ ਪੁੱਛੇ ਸਨ, ਸਗੋਂ ਉਸ ਨੇ ਸੁਣਨ ਵਾਲੇ ਦੇ ਦਿਲ ਦੀ ਗੱਲ ਜਾਣਨ ਲਈ ਅਤੇ ਦੋਸਤੀ ਵਧਾਉਣ ਲਈ ਸਵਾਲ ਪੁੱਛੇ ਸਨ।—ਕਹਾਉਤਾਂ 20:5; ਮੱਤੀ 16:13-17; 17:24-27.

ਬਾਈਬਲ ਵਿਚ ਪਾਏ ਜਾਂਦੇ ਚੰਗੇ ਸਿਧਾਂਤ ਲਾਗੂ ਕਰ ਕੇ ਘਰ ਦਿਆਂ ਨਾਲ ਗੱਲਬਾਤ ਕਰੋ ਅਤੇ ਉਨ੍ਹਾਂ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡੇ ਪਰਿਵਾਰ ਵਿਚ ਪਿਆਰ ਸਦਾ ਵਧਦਾ ਜਾਵੇਗਾ।