Skip to content

Skip to table of contents

ਦੁਨੀਆਂ ਵਿਚ ਏਕਤਾ ਕਿਉਂ ਨਹੀਂ ਹੈ?

ਦੁਨੀਆਂ ਵਿਚ ਏਕਤਾ ਕਿਉਂ ਨਹੀਂ ਹੈ?

ਦੁਨੀਆਂ ਵਿਚ ਏਕਤਾ ਕਿਉਂ ਨਹੀਂ ਹੈ?

“ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਪਹਿਲੀ ਵਾਰ ਸਾਰੀ ਦੁਨੀਆਂ ਇਕ ਹੋਈ ਹੈ . . . ਇਸ ਲਈ ਦੁਨੀਆਂ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਚਿਰਾਂ ਦਾ ਅਧੂਰਾ ਪਿਆ ਸੁਪਨਾ ਪੂਰਾ ਕਰ ਕੇ ਨਵਾਂ ਯੁਗ ਸ਼ੁਰੂ ਕਰ ਸਕਦੀ ਹੈ।”

ਅਮਰੀਕਾ ਦੇ ਇਕ ਰਾਸ਼ਟਰਪਤੀ ਨੇ ਉੱਪਰ ਦਿੱਤਾ ਸਵਾਲ 20ਵੀਂ ਸਦੀ ਦੇ ਆਖ਼ਰੀ ਦਹਾਕੇ ਵਿਚ ਪੁੱਛਿਆ ਸੀ। ਉਸ ਸਮੇਂ ਦੁਨੀਆਂ ਭਰ ਵਿਚ ਜੋ ਕੁਝ ਹੋ ਰਿਹਾ ਸੀ, ਉਸ ਤੋਂ ਲੱਗਦਾ ਸੀ ਕਿ ਦੁਨੀਆਂ ਭਰ ਵਿਚ ਜਲਦੀ ਹੀ ਏਕਤਾ ਹੋਣ ਵਾਲੀ ਸੀ। ਉਸ ਵੇਲੇ ਇਕ ਤੋਂ ਬਾਅਦ ਇਕ ਤਾਨਾਸ਼ਾਹੀ ਸਰਕਾਰਾਂ ਢਹਿ-ਢੇਰੀ ਹੁੰਦੀਆਂ ਜਾ ਰਹੀਆਂ ਸਨ। ਜਦ ਜਰਮਨੀ ਵਿਚ ਬਰਲਿਨ ਦੀ ਦੀਵਾਰ ਢਾਈ ਗਈ ਸੀ (ਜੋ ਪੱਛਮੀ ਤੇ ਪੂਰਬੀ ਜਰਮਨੀ ਵਿਚਕਾਰ ਫੁੱਟ ਪੈਣ ਕਰਕੇ ਬਣਾਈ ਗਈ ਸੀ), ਤਾਂ ਲੱਗਦਾ ਸੀ ਕਿ ਯੂਰਪ ਵਿਚ ਸ਼ਾਂਤੀ ਦਾ ਯੁਗ ਸ਼ੁਰੂ ਹੋਣ ਵਾਲਾ ਸੀ। ਕਾਫ਼ੀ ਸਮੇਂ ਤੋਂ ਪੱਛਮੀ ਦੇਸ਼ਾਂ ਦੇ ਬਹੁਤ ਸਾਰੇ ਲੋਕ ਸਮਝਦੇ ਹੁੰਦੇ ਸਨ ਕਿ ਸੋਵੀਅਤ ਸੰਘ ਦੁਨੀਆਂ ਵਿਚ ਜ਼ਿਆਦਾਤਰ ਲੜਾਈਆਂ ਲਈ ਜ਼ਿੰਮੇਵਾਰ ਸੀ, ਪਰ ਇਹ ਤਾਕਤਵਰ ਸਰਕਾਰ ਵੀ ਲੋਕਾਂ ਦੇ ਦੇਖਦਿਆਂ-ਦੇਖਦਿਆਂ ਢਹਿ-ਢੇਰੀ ਹੋ ਗਈ। ਅਮਰੀਕਾ ਤੇ ਰੂਸ ਵਿਚਕਾਰ ਸੀਤ ਯੁੱਧ ਖ਼ਤਮ ਹੋਣ ਦੇ ਨਾਲ-ਨਾਲ ਨਿਊਕਲੀ ਅਤੇ ਹੋਰ ਹਥਿਆਰਾਂ ਨੂੰ ਨਾ ਬਣਾਉਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਇਹ ਸੱਚ ਹੈ ਕਿ ਆਸ਼ਾ ਭਰੀਆਂ ਇਨ੍ਹਾਂ ਗੱਲਾਂ ਦੇ ਵਿਚਕਾਰ ਹੀ ਫ਼ਾਰਸੀ ਖਾੜੀ ਵਿਚ ਲੜਾਈ ਛਿੜ ਪਈ, ਪਰ ਸਾਰਿਆਂ ਨੂੰ ਲੱਗਾ ਕਿ ਇਹ ਸ਼ਾਂਤੀ ਦੇ ਰਾਹ ਵਿਚ ਛੋਟਾ ਜਿਹਾ ਰੋੜਾ ਹੀ ਸੀ ਅਤੇ ਲੋਕਾਂ ਨੇ ਹੋਰ ਵੀ ਜੋਸ਼ ਨਾਲ ਸ਼ਾਂਤੀ ਕਾਇਮ ਕਰਨ ਦੇ ਇਰਾਦੇ ਪੱਕੇ ਕਰ ਲਏ।

ਰਾਜਨੀਤਿਕ ਮਾਮਲਿਆਂ ਤੋਂ ਇਲਾਵਾ ਜ਼ਿੰਦਗੀ ਦੇ ਕਈ ਹੋਰ ਖੇਤਰਾਂ ਵਿਚ ਵੀ ਤਰੱਕੀ ਹੋ ਰਹੀ ਸੀ। ਕਈ ਦੇਸ਼ਾਂ ਵਿਚ ਲੋਕਾਂ ਦੇ ਰਹਿਣ-ਸਹਿਣ ਦੇ ਢੰਗ ਬਿਹਤਰ ਹੋ ਰਹੇ ਸਨ। ਦਵਾ-ਦਾਰੂ ਦੇ ਖੇਤਰ ਵਿਚ ਤਰੱਕੀ ਕਰਕੇ ਡਾਕਟਰ ਹੁਣ ਉਹ ਕੰਮ ਕਰ ਸਕਦੇ ਸਨ ਜਿਨ੍ਹਾਂ ਨੂੰ ਕੁਝ 10-20 ਸਾਲ ਪਹਿਲਾਂ ਚਮਤਕਾਰ ਸਮਝਿਆ ਜਾਣਾ ਸੀ। ਕਈ ਦੇਸ਼ਾਂ ਵਿਚ ਬਹੁਤ ਆਰਥਿਕ ਤਰੱਕੀ ਹੋਈ ਤੇ ਲੱਗਦਾ ਸੀ ਕਿ ਸਾਰੀ ਦੁਨੀਆਂ ਕੋਲ ਹੀ ਹਰ ਸੁੱਖ-ਸਹੂਲਤ ਹੋਵੇਗੀ। ਹਾਂ, ਇਸ ਤਰ੍ਹਾਂ ਜਾਪਦਾ ਸੀ ਕਿ ਸਾਰਾ ਕੁਝ ਸਹੀ ਹੋ ਰਿਹਾ ਸੀ।

ਅੱਜ, ਕੁਝ ਸਾਲਾਂ ਬਾਅਦ ਸ਼ਾਇਦ ਸਾਡੇ ਮਨਾਂ ਇਹ ਸਵਾਲ ਉੱਠੇ: ‘ਕੀ ਹੋਇਆ? ਜਿਸ ਸ਼ਾਂਤੀਪੂਰਣ ਯੁਗ ਬਾਰੇ ਸਾਰੇ ਗੱਲਾਂ ਕਰ ਰਹੇ ਸਨ ਉਹ ਕਿੱਥੇ ਗਿਆ?’ ਲੱਗਦਾ ਹੈ ਕਿ ਦੁਨੀਆਂ ਵਿਚ ਸਭ ਕੁਝ ਉਲਟਾ ਹੀ ਹੋ ਰਿਹਾ ਹੈ। ਹੁਣ ਤਾਂ ਅਖ਼ਬਾਰਾਂ ਵਿਚ ਆਤਮਘਾਤੀ ਮਨੁੱਖੀ ਬੰਬਾਂ, ਆਤੰਕਵਾਦੀ ਹਮਲਿਆਂ, ਖ਼ਤਰਨਾਕ ਤੇ ਸ਼ਕਤੀਸ਼ਾਲੀ ਹਥਿਆਰਾਂ ਵਿਚ ਵਾਧਾ ਅਤੇ ਇਸ ਤਰ੍ਹਾਂ ਦੀਆਂ ਹੋਰ ਕਈ ਗੱਲਾਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ। ਇਹ ਘਟਨਾਵਾਂ ਦੁਨੀਆਂ ਵਿਚ ਹੋਰ ਫੁੱਟ ਪਾਈ ਜਾਂਦੀਆਂ ਹਨ। ਹਾਲ ਹੀ ਵਿਚ ਇਕ ਪੂੰਜੀਪਤੀ ਨੇ ਕਿਹਾ: “ਜਿੱਥੇ ਕਿਤੇ ਵੀ ਤੁਸੀਂ ਦੇਖੋ ਉੱਥੇ ਹਿੰਸਾ ਹੀ ਨਜ਼ਰ ਆਉਂਦੀ ਹੈ ਅਤੇ ਇਹ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ।”

ਏਕਤਾ ਜਾਂ ਫੁੱਟ?

ਜਦ ਸੰਯੁਕਤ ਰਾਸ਼ਟਰ-ਸੰਘ ਦੀ ਸਥਾਪਨਾ ਹੋਈ ਸੀ, ਤਾਂ ਇਸ ਦਾ ਇਕ ਖ਼ਾਸ ਉਦੇਸ਼ ਇਹ ਸੀ: “ਸਭ ਇਨਸਾਨਾਂ ਦੇ ਬਰਾਬਰ ਹੱਕਾਂ ਅਤੇ ਕੌਮਾਂ ਦੇ ਸਵੈ-ਸ਼ਾਸਨ ਕਰਨ ਦੇ ਹੱਕਾਂ ਦੇ ਆਧਾਰ ਤੇ ਕੌਮਾਂ ਵਿਚਕਾਰ ਦੋਸਤਾਨਾ ਸੰਬੰਧ ਕਾਇਮ ਕਰਨੇ।” ਤਕਰੀਬਨ 60 ਸਾਲ ਬਾਅਦ ਕੀ ਇਹ ਸੰਗਠਨ ਇਸ ਵਧੀਆ ਉਦੇਸ਼ ਨੂੰ ਪੂਰਾ ਕਰ ਸਕਿਆ ਹੈ? ਅਫ਼ਸੋਸ, ਇਹ ਉਦੇਸ਼ ਅਧੂਰਾ ਹੀ ਰਹਿ ਗਿਆ। “ਦੋਸਤਾਨਾ ਸੰਬੰਧਾਂ” ਬਾਰੇ ਸੋਚਣ ਤੋਂ ਜ਼ਿਆਦਾ ਕੌਮਾਂ “ਸਵੈ-ਸ਼ਾਸਨ” ਬਾਰੇ ਸੋਚਦੀਆਂ ਹਨ। ਕੌਮਾਂ ਅਤੇ ਭਿੰਨ-ਭਿੰਨ ਜਾਤੀਆਂ ਦੇ ਲੋਕ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦੇ ਹਨ ਤੇ ਦੂਜਿਆਂ ਉੱਤੇ ਆਪਣੀ ਧੌਂਸ ਜਮਾਉਣਾ ਚਾਹੁੰਦੇ ਹਨ ਜਿਸ ਕਰਕੇ ਦੁਨੀਆਂ ਵਿਚ ਹੋਰ ਫੁੱਟ ਪੈ ਰਹੀ ਹੈ। ਜਦ ਸੰਯੁਕਤ ਰਾਸ਼ਟਰ-ਸੰਘ ਸਥਾਪਿਤ ਕੀਤੀ ਗਈ ਸੀ ਤਾਂ ਉਸ ਦੇ ਮੈਂਬਰਾਂ ਵਜੋਂ ਸਿਰਫ਼ 51 ਦੇਸ਼ ਸ਼ਾਮਲ ਸਨ। ਅੱਜ 191 ਕੌਮਾਂ ਸੰਯੁਕਤ ਰਾਸ਼ਟਰ-ਸੰਘ ਦੀਆਂ ਮੈਂਬਰ ਹਨ।

ਅਸੀਂ ਦੇਖ ਚੁੱਕੇ ਹਾਂ ਕਿ 20ਵੀਂ ਸਦੀ ਦੇ ਆਖ਼ਰੀ ਦਹਾਕਿਆਂ ਵਿਚ ਦੁਨੀਆਂ ਭਰ ਵਿਚ ਏਕਤਾ ਹੋਣੀ ਮੁਮਕਿਨ ਲੱਗਦੀ ਸੀ। ਪਰ ਹੁਣ ਇਹ ਆਸ਼ਾ ਨਿਰਾਸ਼ਾ ਵਿਚ ਬਦਲ ਗਈ ਹੈ ਅਤੇ ਪੂਰੀ ਦੁਨੀਆਂ ਵਿਚ ਫੁੱਟ ਪਈ ਹੋਈ ਹੈ। ਯੂਗੋਸਲਾਵੀਆ ਟੁਕੜੇ-ਟੁਕੜੇ ਹੋ ਚੁੱਕਾ ਹੈ, ਚੈਚਨੀਆ ਤੇ ਰੂਸ ਨੇ ਆਪਸ ਵਿਚ ਲੜਾਈ ਸ਼ੁਰੂ ਕਰ ਲਈ ਹੈ, ਇਰਾਕ ਵਿਚ ਯੁੱਧ ਅਤੇ ਮੱਧ ਪੂਰਬ ਵਿਚ ਖ਼ੂਨ-ਖ਼ਰਾਬਾ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਦੁਨੀਆਂ ਵਿਚ ਬਹੁਤ ਹੀ ਫੁੱਟ ਪੈ ਚੁੱਕੀ ਹੈ।

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਕਈ ਈਮਾਨਦਾਰ ਲੋਕਾਂ ਨੇ ਨੇਕ ਇਰਾਦਿਆਂ ਨਾਲ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਦੇ ਬਾਵਜੂਦ ਦੁਨੀਆਂ ਵਿਚ ਏਕਤਾ ਪੈਦਾ ਨਹੀਂ ਹੋਈ। ਇਸ ਲਈ ਬਹੁਤ ਸਾਰੇ ਪੁੱਛਦੇ ਹਨ: ‘ਕੀ ਦੁਨੀਆਂ ਵਿਚ ਏਕਤਾ ਖਾਲੀ ਇਕ ਸੁਪਨਾ ਹੀ ਰਹਿ ਜਾਵੇਗਾ? ਕੀ ਬਣੇਗਾ ਇਸ ਦੁਨੀਆਂ ਦਾ?’

[ਸਫ਼ੇ 3 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

AP Photo/Lionel Cironneau

Arlo K. Abrahamson/AFP/Getty Images