Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜਦ ਯਿਸੂ ਦੇ ਚੇਲਿਆਂ ਨੇ ਸੁਣਿਆ ਕਿ ਕੈਦ ਵਿਚ ਬੈਠਾ ਪਤਰਸ ਬੂਹੇ ਤੇ ਖੜ੍ਹਾ ਸੀ, ਤਾਂ ਉਨ੍ਹਾਂ ਨੇ ਇਹ ਕਿਉਂ ਕਿਹਾ: “ਉਹ ਦਾ ਦੂਤ ਹੋਣਾ”?—ਰਸੂਲਾਂ ਦੇ ਕਰਤੱਬ 12:15.

ਯਿਸੂ ਦੇ ਚੇਲਿਆਂ ਨੇ ਗ਼ਲਤੀ ਨਾਲ ਇਹ ਸਿੱਟਾ ਕੱਢਿਆ ਕਿ ਪਤਰਸ ਦਾ ਦੂਤ ਬਾਹਰ ਖੜ੍ਹਾ ਸੀ। ਆਓ ਆਪਾਂ ਇਸ ਬਿਰਤਾਂਤ ਦੇ ਪ੍ਰਸੰਗ ਵੱਲ ਧਿਆਨ ਦੇਈਏ।

ਪਤਰਸ ਨੂੰ ਰਾਜਾ ਹੇਰੋਦੇਸ ਨੇ ਕੈਦ ਵਿਚ ਸੁਟਵਾਇਆ ਸੀ। ਇਸ ਰਾਜੇ ਨੇ ਚੇਲੇ ਯਾਕੂਬ ਨੂੰ ਮੌਤ ਦੇ ਘਾਟ ਵੀ ਉਤਾਰਿਆ ਸੀ। ਇਸ ਲਈ ਯਿਸੂ ਦੇ ਚੇਲਿਆਂ ਨੇ ਸੋਚਿਆ ਹੋਣਾ ਕਿ ਪਤਰਸ ਦੇ ਜ਼ਿੰਦਾ ਬਚਣ ਦੀ ਕੋਈ ਉਮੀਦ ਨਹੀਂ ਸੀ। ਪਤਰਸ ਨੂੰ ਕੈਦ ਵਿਚ ਜ਼ੰਜੀਰਾਂ ਨਾਲ ਜਕੜਿਆ ਗਿਆ ਸੀ। ਉਹ ਚੌਵੀ ਘੰਟੇ ਚਾਰ-ਚਾਰ ਸਿਪਾਹੀਆਂ ਦੀ ਨਿਗਰਾਨੀ ਹੇਠ ਰਹਿੰਦਾ ਸੀ। ਫਿਰ ਇਕ ਰਾਤ ਇਕ ਦੂਤ ਨੇ ਉਸ ਨੂੰ ਚਮਤਕਾਰੀ ਢੰਗ ਨਾਲ ਕੈਦਖ਼ਾਨੇ ਵਿੱਚੋਂ ਆਜ਼ਾਦ ਕੀਤਾ। ਜਦ ਪਤਰਸ ਨੂੰ ਅਹਿਸਾਸ ਹੋਇਆ ਕਿ ਕੀ ਹੋ ਰਿਹਾ ਸੀ, ਤਾਂ ਉਸ ਨੇ ਕਿਹਾ: “ਹੁਣ ਮੈਂ ਠੀਕ ਜਾਣਿਆ ਭਈ ਪ੍ਰਭੁ ਨੇ ਆਪਣਾ ਦੂਤ ਘੱਲਿਆ ਅਤੇ ਮੈਨੂੰ ਹੇਰੋਦੇਸ ਦੇ ਹੱਥੋਂ . . . ਛੁਡਾ ਦਿੱਤਾ ਹੈ!”—ਰਸੂਲਾਂ ਦੇ ਕਰਤੱਬ 12:1-11.

ਪਤਰਸ ਇਕਦਮ ਯੂਹੰਨਾ ਮਰਕੁਸ ਦੀ ਮਾਤਾ ਮਰਿਯਮ ਦੇ ਘਰ ਗਿਆ ਜਿੱਥੇ ਯਿਸੂ ਦੇ ਕਈ ਚੇਲੇ ਇਕੱਠੇ ਹੋਏ ਸਨ। ਉਸ ਨੇ ਵੇਹੜੇ ਦਾ ਬੂਹਾ ਖਟਖਟਾਇਆ ਅਤੇ ਰੋਦੇ ਨਾਂ ਦੀ ਦਾਸੀ ਬੂਹਾ ਖੋਲ੍ਹਣ ਆਈ। ਪਤਰਸ ਦੀ ਆਵਾਜ਼ ਪਛਾਣ ਕੇ ਉਹ ਬੂਹਾ ਖੋਲ੍ਹੇ ਬਿਨਾਂ ਹੀ ਬਾਕੀਆਂ ਨੂੰ ਦੱਸਣ ਲਈ ਉੱਨੀ ਪੈਰੀਂ ਅੰਦਰ ਦੌੜੀ ਗਈ! ਪਹਿਲਾਂ-ਪਹਿਲ ਤਾਂ ਚੇਲਿਆਂ ਨੇ ਉਸ ਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ, ਸਗੋਂ ਗ਼ਲਤੀ ਨਾਲ ਸੋਚਿਆ ਕਿ “ਉਹ ਦਾ ਦੂਤ ਹੋਣਾ।”—ਰਸੂਲਾਂ ਦੇ ਕਰਤੱਬ 12:12-15.

ਕੀ ਚੇਲੇ ਮੰਨਦੇ ਸਨ ਕਿ ਪਤਰਸ ਨੂੰ ਮਾਰ ਦਿੱਤਾ ਗਿਆ ਸੀ ਅਤੇ ਹੁਣ ਉਸ ਦੀ ਰੂਹ ਬੂਹੇ ਤੇ ਖੜ੍ਹੀ ਸੀ? ਬਿਲਕੁਲ ਨਹੀਂ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਪਵਿੱਤਰ ਸ਼ਾਸਤਰ ਵਿਚ ਲਿਖਿਆ ਹੈ ਕਿ “ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5, 10) ਤਾਂ ਫਿਰ, ਉਨ੍ਹਾਂ ਦੇ ਕਹਿਣ ਦਾ ਕੀ ਮਤਲਬ ਸੀ ਕਿ “ਉਹ ਦਾ ਦੂਤ ਹੋਣਾ”?

ਯਿਸੂ ਦੇ ਚੇਲੇ ਜਾਣਦੇ ਸਨ ਕਿ ਬੀਤੇ ਸਮਿਆਂ ਵਿਚ ਦੂਤਾਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਕਈ ਵਾਰ ਮਦਦ ਕੀਤੀ ਸੀ। ਮਿਸਾਲ ਲਈ, ਯਾਕੂਬ ਨੇ ਉਸ ਦੂਤ ਬਾਰੇ ਗੱਲ ਕੀਤੀ ਸੀ ‘ਜਿਸ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ ਸੀ।’ (ਉਤਪਤ 48:16, ਈਜ਼ੀ ਟੂ ਰੀਡ ਵਰਯਨ) ਯਿਸੂ ਨੇ ਵੀ ਆਪਣੇ ਚੇਲਿਆਂ ਦੇ ਵਿਚਕਾਰ ਇਕ ਛੋਟੇ ਬੱਚੇ ਨੂੰ ਖੜ੍ਹਾ ਕਰ ਕੇ ਕਿਹਾ ਸੀ: “ਖ਼ਬਰਦਾਰ! ਤੁਸੀਂ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਰਗ ਵਿੱਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸੁਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ।”—ਮੱਤੀ 18:10.

ਬਾਈਬਲ ਦੇ ਇਕ ਤਰਜਮੇ ਵਿਚ “ਦੂਤ” ਲਈ ਯੂਨਾਨੀ ਸ਼ਬਦ (ਆਗੀਲੋਸ) ਦਾ ਅਨੁਵਾਦ “ਸੰਦੇਸ਼ਵਾਹਕ” ਕੀਤਾ ਗਿਆ ਹੈ। ਕੁਝ ਯਹੂਦੀ ਸ਼ਾਇਦ ਮੰਨਦੇ ਸਨ ਕਿ ਪਰਮੇਸ਼ੁਰ ਦੇ ਹਰ ਸੇਵਕ ਦਾ ਆਪਣਾ ਇਕ ਦੂਤ ਹੁੰਦਾ ਸੀ ਜੋ ਉਸ ਦੀ ਰਾਖੀ ਕਰਦਾ ਸੀ। ਪਰਮੇਸ਼ੁਰ ਦੇ ਬਚਨ ਵਿਚ ਇਹ ਗੱਲ ਕਿਧਰੇ ਨਹੀਂ ਲਿਖੀ ਹੋਈ। ਫਿਰ ਵੀ ਹੋ ਸਕਦਾ ਹੈ ਕਿ ਜਦ ਚੇਲਿਆਂ ਨੇ ਕਿਹਾ: “ਉਹ ਦਾ ਦੂਤ ਹੋਣਾ,” ਤਾਂ ਉਹ ਸੋਚ ਰਹੇ ਸਨ ਕਿ ਕੋਈ ਦੂਤ ਪਤਰਸ ਦੀ ਤਰਫ਼ੋਂ ਸੁਨੇਹਾ ਦੇਣ ਲਈ ਬੂਹੇ ਤੇ ਖੜ੍ਹਾ ਸੀ।