Skip to content

Skip to table of contents

ਮੈਂ ‘ਹੁਣ ਦੇ ਜੀਵਨ’ ਦਾ ਪੂਰਾ ਆਨੰਦ ਮਾਣ ਰਿਹਾ ਹਾਂ

ਮੈਂ ‘ਹੁਣ ਦੇ ਜੀਵਨ’ ਦਾ ਪੂਰਾ ਆਨੰਦ ਮਾਣ ਰਿਹਾ ਹਾਂ

ਜੀਵਨੀ

ਮੈਂ ‘ਹੁਣ ਦੇ ਜੀਵਨ’ ਦਾ ਪੂਰਾ ਆਨੰਦ ਮਾਣ ਰਿਹਾ ਹਾਂ

ਟੈੱਡ ਬਕਿੰਘਮ ਦੀ ਜ਼ਬਾਨੀ

ਮੈਂ ਛੇ ਸਾਲਾਂ ਤੋਂ ਪਾਇਨੀਅਰੀ ਕਰ ਰਿਹਾ ਸੀ ਅਤੇ ਮੇਰੇ ਵਿਆਹ ਨੂੰ ਹਾਲੇ ਛੇ ਮਹੀਨੇ ਹੀ ਹੋਏ ਸਨ ਜਦ ਮੈਨੂੰ ਅਚਾਨਕ ਪੋਲੀਓ ਹੋ ਗਿਆ। ਇਹ ਗੱਲ ਸਾਲ 1950 ਦੀ ਹੈ ਅਤੇ ਮੈਂ ਉਦੋਂ ਸਿਰਫ਼ 24 ਸਾਲਾਂ ਦਾ ਸੀ। ਮੈਂ ਨੌਂ ਮਹੀਨੇ ਹਸਪਤਾਲ ਰਿਹਾ। ਪੋਲੀਓ ਨੇ ਮੈਨੂੰ ਅਪਾਹਜ ਬਣਾ ਦਿੱਤਾ ਸੀ ਜਿਸ ਕਰਕੇ ਮੈਨੂੰ ਆਪਣੇ ਤੇ ਆਪਣੀ ਪਤਨੀ ਜੋਇਸ ਦੇ ਭਵਿੱਖ ਦੀ ਚਿੰਤਾ ਲੱਗ ਗਈ।

ਮੇਰੇ ਪਿਤਾ ਜੀ ਕਿਸੇ ਵੀ ਮਜ਼ਹਬ ਨੂੰ ਨਹੀਂ ਮੰਨਦੇ ਸਨ। ਸਾਲ 1938 ਵਿਚ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਤੋਂ ਸਰਕਾਰ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਲਈ। * ਸ਼ਾਇਦ ਸਿਆਸੀ ਉਥਲ-ਪੁਥਲ ਹੋਣ ਕਰਕੇ ਤੇ ਜੰਗ ਸ਼ੁਰੂ ਹੋਣ ਦੇ ਡਰ ਕਰਕੇ ਉਨ੍ਹਾਂ ਨੇ ਇਹ ਪੁਸਤਕ ਲੈ ਲਈ ਸੀ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੇ ਕਦੀ ਇਹ ਪੁਸਤਕ ਪੜ੍ਹੀ, ਪਰ ਮਾਤਾ ਜੀ ਨੇ ਜ਼ਰੂਰ ਪੜ੍ਹੀ। ਮਾਤਾ ਜੀ ਰੱਬ ਨੂੰ ਬਹੁਤ ਮੰਨਦੇ ਸਨ ਤੇ ਇਹ ਪੁਸਤਕ ਪੜ੍ਹਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ। ਉਨ੍ਹਾਂ ਨੇ ਚਰਚ ਜਾਣਾ ਛੱਡ ਦਿੱਤਾ ਅਤੇ ਮੇਰੇ ਪਿਤਾ ਜੀ ਦੇ ਵਿਰੋਧ ਦੇ ਬਾਵਜੂਦ ਉਹ ਯਹੋਵਾਹ ਦੇ ਗਵਾਹ ਬਣ ਗਏ। ਉਨ੍ਹਾਂ ਨੇ 1990 ਵਿਚ ਆਪਣੀ ਮੌਤ ਤਕ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ।

ਮੈਨੂੰ ਯਾਦ ਹੈ ਜਦ ਮਾਤਾ ਜੀ ਮੈਨੂੰ ਪਹਿਲੀ ਵਾਰ ਸਭਾ ਵਿਚ ਲੈ ਗਏ ਸਨ। ਕਿੰਗਡਮ ਹਾਲ ਏਪਸਮ, ਦੱਖਣੀ ਲੰਡਨ ਵਿਚ ਸੀ। ਇਸ ਜਗ੍ਹਾ ਤੇ ਪਹਿਲਾਂ ਇਕ ਦੁਕਾਨ ਹੁੰਦੀ ਸੀ। ਅਸੀਂ ਜੇ. ਐੱਫ਼. ਰਦਰਫ਼ਰਡ ਦੇ ਇਕ ਭਾਸ਼ਣ ਦੀ ਰਿਕਾਰਡਿੰਗ ਸੁਣੀ ਜੋ ਉਸ ਸਮੇਂ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਇਸ ਭਾਸ਼ਣ ਦਾ ਮੇਰੇ ਉੱਤੇ ਡੂੰਘਾ ਪ੍ਰਭਾਵ ਪਿਆ।

ਯੁੱਧ ਦੌਰਾਨ ਲੰਡਨ ਉੱਤੇ ਭਾਰੀ ਬੰਬਾਰੀ ਹੋਣ ਕਰਕੇ ਸਾਡੀ ਜ਼ਿੰਦਗੀ ਨੂੰ ਬਹੁਤ ਖ਼ਤਰਾ ਸੀ। ਇਸ ਲਈ 1940 ਵਿਚ ਪਿਤਾ ਜੀ ਨੇ ਸਾਨੂੰ ਕਿਸੇ ਹੋਰ ਸੁਰੱਖਿਅਤ ਜਗ੍ਹਾ ਲਿਜਾਣ ਦਾ ਫ਼ੈਸਲਾ ਕੀਤਾ। ਉਹ ਸਾਨੂੰ ਲੰਡਨ ਦੇ ਪੱਛਮ ਵਿਚ 45 ਕਿਲੋਮੀਟਰ ਦੂਰ ਮੇਡਨਹੈੱਡ ਨਾਂ ਦੇ ਨਗਰ ਲੈ ਗਏ। ਇਸ ਦਾ ਸਾਨੂੰ ਫ਼ਾਇਦਾ ਹੋਇਆ ਕਿਉਂਕਿ ਉੱਥੇ ਦੀ ਕਲੀਸਿਯਾ ਦੇ 30 ਮੈਂਬਰਾਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ। ਫਰੈੱਡ ਸਮਿਥ ਇਕ ਦਲੇਰ ਮਸੀਹੀ ਸਨ ਜਿਨ੍ਹਾਂ ਨੇ 1917 ਵਿਚ ਬਪਤਿਸਮਾ ਲਿਆ ਸੀ। ਉਨ੍ਹਾਂ ਨੇ ਮੈਨੂੰ ਆਪਣੀ ਸੰਭਾਲ ਵਿਚ ਲਿਆ ਅਤੇ ਮੈਨੂੰ ਚੰਗੀ ਤਰ੍ਹਾਂ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ। ਮੈਂ ਉਨ੍ਹਾਂ ਦਾ ਅਹਿਸਾਨ ਕਦੀ ਨਹੀਂ ਭੁੱਲਾਂਗਾ।

ਪੂਰੇ ਸਮੇਂ ਦੀ ਸੇਵਕਾਈ

ਮਾਰਚ 1941 ਵਿਚ 15 ਸਾਲ ਦੀ ਉਮਰ ਤੇ ਮੈਂ ਟੇਮਜ਼ ਦਰਿਆ ਵਿਚ ਬਪਤਿਸਮਾ ਲਿਆ। ਉਸ ਸਮੇਂ ਮੇਰਾ ਵੱਡਾ ਭਰਾ ਜਿਮ ਪਾਇਨੀਅਰੀ ਕਰ ਰਿਹਾ ਸੀ। ਬਾਅਦ ਵਿਚ ਉਸ ਨੇ ਆਪਣੀ ਪਤਨੀ ਮੈਜ ਨਾਲ ਸਰਕਟ ਤੇ ਜ਼ਿਲ੍ਹਾ ਨਿਗਾਹਬਾਨ ਵਜੋਂ ਪੂਰੇ ਇੰਗਲੈਂਡ ਵਿਚ ਕਲੀਸਿਯਾਵਾਂ ਦਾ ਦੌਰਾ ਕੀਤਾ। ਅੱਜ ਉਹ ਦੋਵੇਂ ਬਰਮਿੰਘਮ ਸ਼ਹਿਰ ਵਿਚ ਰਹਿੰਦੇ ਹਨ। ਮੇਰੀ ਛੋਟੀ ਭੈਣ ਰੋਬੀਨਾ ਅਤੇ ਉਸ ਦਾ ਪਤੀ ਫ਼ਰੈਂਕ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ।

ਮੈਂ ਕੱਪੜੇ ਸੀਨ ਵਾਲੀ ਫੈਕਟਰੀ ਵਿਚ ਅਕਾਊਂਟੈਂਟ ਵਜੋਂ ਨੌਕਰੀ ਕਰ ਰਿਹਾ ਸੀ। ਇਕ ਦਿਨ ਮੈਨੇਜਰ ਨੇ ਮੈਨੂੰ ਆਪਣੇ ਦਫ਼ਤਰ ਵਿਚ ਬੁਲਾਇਆ। ਉਸ ਨੇ ਮੈਨੂੰ ਕੰਪਨੀ ਦੇ ਇਕ ਖ਼ਰੀਦਾਰ ਬਣਨ ਦੀ ਪੇਸ਼ਕਸ਼ ਕੀਤੀ। ਪਰ ਕੁਝ ਸਮੇਂ ਤੋਂ ਮੈਂ ਆਪਣੇ ਭਰਾ ਵਾਂਗ ਪਾਇਨੀਅਰੀ ਕਰਨ ਬਾਰੇ ਸੋਚ ਰਿਹਾ ਸੀ, ਇਸ ਕਰਕੇ ਮੈਂ ਮੈਨੇਜਰ ਨੂੰ ਸਮਝਾਇਆ ਕਿ ਮੈਂ ਇਹ ਪੇਸ਼ਕਸ ਕਿਉਂ ਨਹੀਂ ਸਵੀਕਾਰ ਕਰਨੀ ਚਾਹੁੰਦਾ ਸੀ। ਮੈਂ ਹੈਰਾਨ ਰਹਿ ਗਿਆ ਜਦ ਉਸ ਨੇ ਮੈਨੂੰ ਰੱਬ ਦੀ ਸੇਵਾ ਵਿਚ ਜ਼ਿੰਦਗੀ ਲਾਉਣ ਕਰਕੇ ਸ਼ਾਬਾਸ਼ੀ ਦਿੱਤੀ। ਸੋ 1944 ਵਿਚ ਨਾਰਥੇਂਪਟਨ ਸ਼ਹਿਰ ਵਿਚ ਹੋਏ ਸੰਮੇਲਨ ਤੋਂ ਬਾਅਦ ਮੈਂ ਵੀ ਪਾਇਨੀਅਰ ਬਣ ਗਿਆ।

ਪ੍ਰਚਾਰ ਕਰਨ ਲਈ ਮੈਨੂੰ ਡੇਵਨ ਜ਼ਿਲ੍ਹੇ ਦੇ ਐਕਸੀਟਰ ਸ਼ਹਿਰ ਭੇਜਿਆ ਗਿਆ ਜੋ ਜੰਗ ਵਿਚ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਮੈਂ ਫ਼ਰੈਂਕ ਤੇ ਰੂਥ ਮਿਡਲਟਨ ਨਾਲ ਇਕ ਅਪਾਰਟਮੈਂਟ ਵਿਚ ਰਹਿਣ ਲੱਗਾ। ਇਹ ਜੋੜਾ ਵੀ ਪਾਇਨੀਅਰੀ ਕਰ ਰਿਹਾ ਸੀ ਤੇ ਉਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ। ਮੈਂ 18 ਸਾਲਾਂ ਦਾ ਨੌਜਵਾਨ ਘਰ ਦੇ ਕੰਮ-ਕਾਜ ਨਹੀਂ ਜਾਣਦਾ ਸੀ, ਪਰ ਸਮੇਂ ਦੇ ਬੀਤਣ ਨਾਲ ਮੈਂ ਇਹ ਕੰਮ ਵੀ ਸਿੱਖ ਗਿਆ ਤੇ ਇਨ੍ਹਾਂ ਵਿਚ ਹੱਥ ਵਟਾਉਣ ਲੱਗਾ।

ਪ੍ਰਚਾਰ ਵਿਚ ਮੇਰੇ ਸਾਥੀ 50-ਸਾਲਾ ਵਿਕਟਰ ਗਰਡ ਸਨ। ਉਹ ਆਇਰਲੈਂਡ ਦੇ ਜੰਮ-ਪਲ ਸਨ ਅਤੇ 1920 ਦੇ ਦਹਾਕੇ ਤੋਂ ਉਹ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਜਿਵੇਂ ਜ਼ਰੂਰੀ ਕੰਮਾਂ ਲਈ ਸਮਾਂ ਕੱਢਣਾ, ਬਾਈਬਲ ਪੜ੍ਹਨ ਵਿਚ ਖ਼ੁਸ਼ੀ ਹਾਸਲ ਕਰਨੀ ਅਤੇ ਬਾਈਬਲ ਦੇ ਵੱਖੋ-ਵੱਖਰੇ ਤਰਜਮਿਆਂ ਨੂੰ ਇਸਤੇਮਾਲ ਕਰਨਾ। ਜਵਾਨੀ ਦੇ ਉਨ੍ਹਾਂ ਸਾਲਾਂ ਦੌਰਾਨ ਇਸ ਭਰਾ ਦੀ ਚੰਗੀ ਮਿਸਾਲ ਨੇ ਮੇਰੇ ਉੱਤੇ ਡੂੰਘਾ ਅਸਰ ਪਾਇਆ।

ਜੰਗ ਵਿਚ ਹਿੱਸਾ ਨਹੀਂ ਲਿਆ

ਭਾਵੇਂ ਜੰਗ ਖ਼ਤਮ ਹੋਣ ਤੇ ਸੀ, ਫਿਰ ਵੀ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਕੀਤਾ ਜਾ ਰਿਹਾ ਸੀ। ਮੈਂ 1943 ਵਿਚ ਮੇਡਨਹੈੱਡ ਦੀ ਅਦਾਲਤ ਵਿਚ ਦੱਸ ਚੁੱਕਾ ਸੀ ਕਿ ਇੰਜੀਲ ਦਾ ਪ੍ਰਚਾਰਕ ਹੋਣ ਦੇ ਨਾਤੇ ਮੈਂ ਜੰਗ ਵਿਚ ਨਹੀਂ ਲੜ ਸਕਦਾ ਸੀ। ਭਾਵੇਂ ਮੇਰੀ ਅਪੀਲ ਨਾਮਨਜ਼ੂਰ ਕਰ ਦਿੱਤੀ ਗਈ ਸੀ, ਪਰ ਮੈਂ ਪ੍ਰਚਾਰ ਕਰਨ ਲਈ ਐਕਸੀਟਰ ਜਾਣ ਦਾ ਫ਼ੈਸਲਾ ਕੀਤਾ। ਇਸ ਲਈ ਐਕਸੀਟਰ ਵਿਚ ਮੈਨੂੰ ਫਿਰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ। ਜੱਜ ਨੇ ਮੈਨੂੰ ਜੇਲ੍ਹ ਵਿਚ ਛੇ ਮਹੀਨੇ ਬਾਮੁਸ਼ੱਕਤ ਸਜ਼ਾ ਦਿੱਤੀ। ਉਸ ਨੇ ਕਿਹਾ ਕਿ ਜੇ ਉਸ ਦੇ ਵੱਸ ਹੁੰਦਾ, ਤਾਂ ਉਹ ਮੈਨੂੰ ਇਸ ਤੋਂ ਵੀ ਲੰਬੀ ਸਜ਼ਾ ਦਿੰਦਾ। ਛੇ ਮਹੀਨੇ ਸਜ਼ਾ ਕੱਟਣ ਤੋਂ ਬਾਅਦ ਮੈਨੂੰ ਚਾਰ ਹੋਰ ਮਹੀਨੇ ਜੇਲ੍ਹ ਵਿਚ ਰੱਖਿਆ ਗਿਆ।

ਉਸ ਜੇਲ੍ਹ ਵਿਚ ਸਿਰਫ਼ ਮੈਂ ਹੀ ਯਹੋਵਾਹ ਦਾ ਗਵਾਹ ਸੀ ਤੇ ਸਿਪਾਹੀ ਮੈਨੂੰ ਯਹੋਵਾਹ ਕਹਿ ਕੇ ਬੁਲਾਉਂਦੇ ਸਨ। ਬੜਾ ਅਜੀਬ ਸੀ ਕਿ ਮੈਨੂੰ ਇਸ ਨਾਂ ਨਾਲ ਬੁਲਾਏ ਜਾਣ ਤੇ ਜਵਾਬ ਦੇਣਾ ਪੈਂਦਾ ਸੀ। ਪਰ ਕਿੰਨੀ ਵਧੀਆ ਗੱਲ ਸੀ ਕਿ ਪਰਮੇਸ਼ੁਰ ਦਾ ਨਾਂ ਹਰ ਰੋਜ਼ ਐਲਾਨ ਕੀਤਾ ਜਾਂਦਾ ਸੀ! ਇਸ ਤਰ੍ਹਾਂ ਦੂਸਰੇ ਕੈਦੀਆਂ ਨੂੰ ਵੀ ਪਤਾ ਲੱਗ ਗਿਆ ਕਿ ਮੈਂ ਯਹੋਵਾਹ ਦਾ ਗਵਾਹ ਸੀ ਤੇ ਲੜਾਈ ਵਿਚ ਹਿੱਸਾ ਨਾ ਲੈਣ ਕਰਕੇ ਕੈਦ ਵਿਚ ਸੀ। ਬਾਅਦ ਵਿਚ ਨੋਰਮਨ ਕੈਸਟ੍ਰੋ ਨੂੰ ਵੀ ਇਸ ਜੇਲ੍ਹ ਵਿਚ ਭੇਜਿਆ ਗਿਆ। ਫਿਰ ਮੈਨੂੰ ਯਹੋਵਾਹ ਕਹਿਣ ਦੀ ਬਜਾਇ ਸਾਨੂੰ ਮੂਸਾ ਤੇ ਹਾਰੂਨ ਸੱਦਿਆ ਜਾਣ ਲੱਗ ਪਿਆ।

ਮੈਨੂੰ ਐਕਸੀਟਰ ਤੋਂ ਬ੍ਰਿਸਟਲ ਅਤੇ ਅਖ਼ੀਰ ਵਿਚ ਵਿਨਚੈਸਟਰ ਜੇਲ੍ਹ ਭੇਜਿਆ ਗਿਆ। ਉੱਥੇ ਹਾਲਾਤ ਕਾਫ਼ੀ ਖ਼ਰਾਬ ਸਨ, ਪਰ ਮੇਰੀ ਖ਼ੁਸ਼ਮਿਜ਼ਾਜੀ ਨੇ ਦੁੱਖ ਸਹਿਣ ਵਿਚ ਮੇਰੀ ਮਦਦ ਕੀਤੀ। ਵਿਨਚੈਸਟਰ ਵਿਚ ਮੈਂ ਤੇ ਨੋਰਮਨ ਖ਼ੁਸ਼ ਸਾਂ ਕਿ ਅਸੀਂ ਮਸੀਹ ਦੀ ਮੌਤ ਦੀ ਯਾਦਗਾਰ ਮਨਾ ਸਕੇ। ਉਸ ਮੌਕੇ ਤੇ ਫ਼ਰਾਂਸਿਸ ਕੁਕ ਨੇ ਜੇਲ੍ਹ ਵਿਚ ਆ ਕੇ ਭਾਸ਼ਣ ਦਿੱਤਾ ਸੀ।

ਜੰਗ ਤੋਂ ਬਾਅਦ ਨਵੀਆਂ ਤਬਦੀਲੀਆਂ

ਸਾਲ 1946 ਵਿਚ ਬ੍ਰਿਸਟਲ ਦੇ ਸੰਮੇਲਨ ਵਿਚ ਇਕ ਸੁੰਦਰ ਲੜਕੀ ਜੋਇਸ ਮੋਰ ਨਾਲ ਮੇਰੀ ਦੋਸਤੀ ਹੋਈ। ਉਹ ਵੀ ਡੇਵਨ ਵਿਚ ਪਾਇਨੀਅਰੀ ਕਰ ਰਹੀ ਸੀ। ਸਾਡੀ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਚਾਰ ਸਾਲ ਬਾਅਦ ਟਿਵਰਟਨ ਵਿਚ ਸਾਡਾ ਵਿਆਹ ਹੋ ਗਿਆ ਜਿੱਥੇ ਮੈਂ 1947 ਤੋਂ ਰਹਿ ਰਿਹਾ ਸੀ। ਅਸੀਂ ਇਕ ਕਮਰੇ ਵਿਚ ਆਪਣਾ ਘਰ ਵਸਾਇਆ ਜਿਸ ਲਈ ਅਸੀਂ ਹਫ਼ਤੇ ਦਾ 15 ਸ਼ਲਿੰਗ (50 ਕੁ ਰੁਪਏ) ਕਰਾਇਆ ਦਿੰਦੇ ਸੀ। ਸਾਡੀ ਜ਼ਿੰਦਗੀ ਕਿੰਨੀ ਖ਼ੁਸ਼ੀਆਂ ਭਰੀ ਸੀ!

ਵਿਆਹ ਦੇ ਪਹਿਲੇ ਸਾਲ ਵਿਚ ਹੀ ਸਾਡੀ ਬਦਲੀ ਸਮੁੰਦਰ ਦੇ ਕਿਨਾਰੇ ਵਸੇ ਸੁੰਦਰ ਨਗਰ ਬ੍ਰਿਕਸਮ ਵਿਚ ਹੋ ਗਈ। ਸਾਨੂੰ ਉੱਥੇ ਆਇਆਂ ਨੂੰ ਥੋੜ੍ਹਾ ਹੀ ਚਿਰ ਹੋਇਆ ਸੀ ਜਦ ਸੰਮੇਲਨ ਲਈ ਲੰਡਨ ਨੂੰ ਜਾਂਦੇ ਹੋਏ ਮੈਨੂੰ ਪੋਲੀਓ ਹੋ ਗਿਆ। ਮੈਂ ਕਾਫ਼ੀ ਸਮਾਂ ਕੋਮੇ ਵਿਚ ਰਿਹਾ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ, ਮੈਨੂੰ ਨੌਂ ਮਹੀਨਿਆਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ। ਮੇਰੇ ਸੱਜੇ ਹੱਥ ਅਤੇ ਦੋਨੋਂ ਲੱਤਾਂ ਤੇ ਮਾੜਾ ਅਸਰ ਪਿਆ ਸੀ ਜਿਸ ਕਰਕੇ ਅੱਜ ਵੀ ਮੈਨੂੰ ਤਕਲੀਫ਼ ਹੁੰਦੀ ਹੈ। ਮੈਨੂੰ ਖੂੰਡੀ ਨਾਲ ਤੁਰਨਾ ਪਿਆ। ਮੇਰੀ ਪਿਆਰੀ ਪਤਨੀ ਨੇ ਮੁਸਕਰਾਉਂਦੇ ਹੋਏ ਹਰ ਕਦਮ ਤੇ ਮੇਰਾ ਸਾਥ ਨਿਭਾਇਆ। ਮੇਰੀ ਦੇਖ-ਭਾਲ ਕਰਨ ਦੇ ਨਾਲ-ਨਾਲ ਉਹ ਪਾਇਨੀਅਰੀ ਵੀ ਕਰਦੀ ਰਹੀ ਜਿਸ ਨੂੰ ਦੇਖ ਕੇ ਮੇਰਾ ਹੌਸਲਾ ਵਧਿਆ। ਪਰ ਹੁਣ ਕੀ ਹੋਣਾ ਸੀ? ਅਸੀਂ ਦੇਖਿਆ ਕਿ ਯਹੋਵਾਹ ਦਾ ਹੱਥ ਕਦੀ ਛੋਟਾ ਨਹੀਂ ਹੁੰਦਾ।

ਅਗਲੇ ਸਾਲ ਅਸੀਂ ਵਿੰਬਲਡਨ, ਲੰਡਨ ਵਿਚ ਇਕ ਸੰਮੇਲਨ ਵਿਚ ਗਏ। ਹੁਣ ਮੈਨੂੰ ਖੂੰਡੀ ਦੀ ਲੋੜ ਨਹੀਂ ਸੀ। ਉੱਥੇ ਅਸੀਂ ਪਰਾਈਸ ਹਿਊਜ਼ ਨੂੰ ਮਿਲੇ ਜੋ ਇੰਗਲੈਂਡ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਸੀ। ਉਸ ਨੇ ਮੈਨੂੰ ਦੇਖਦੇ ਹੀ ਕਿਹਾ: “ਹੇ! ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਰਕਟ ਨਿਗਾਹਬਾਨ ਵਜੋਂ ਕੰਮ ਕਰੋ!” ਇਹ ਗੱਲ ਸੁਣ ਕੇ ਮੈਂ ਫੁੱਲਿਆ ਨਹੀਂ ਸਮਾਇਆ! ਪਰ ਕੀ ਮੈਂ ਇਹ ਕੰਮ ਕਰ ਸਕਾਂਗਾ? ਮੈਂ ਤੇ ਜੋਇਸ ਨੇ ਇਸ ਬਾਰੇ ਬਹੁਤ ਸੋਚਿਆ, ਪਰ ਇਕ ਹਫ਼ਤੇ ਦੀ ਸਿਖਲਾਈ ਤੋਂ ਬਾਅਦ ਅਤੇ ਯਹੋਵਾਹ ਤੇ ਪੂਰਾ ਭਰੋਸਾ ਰੱਖ ਕੇ ਅਸੀਂ ਦੱਖਣ-ਪੱਛਮੀ ਇੰਗਲੈਂਡ ਨੂੰ ਵਾਪਸ ਗਏ ਜਿੱਥੇ ਮੈਂ ਸਰਕਟ ਨਿਗਾਹਬਾਨ ਵਜੋਂ ਸੇਵਾ ਸ਼ੁਰੂ ਕੀਤੀ। ਮੈਂ ਸਿਰਫ਼ 25 ਸਾਲਾਂ ਦਾ ਸੀ, ਪਰ ਮੈਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਕਦੇ ਨਹੀਂ ਭੁੱਲਾਂਗਾ ਜਿਨ੍ਹਾਂ ਨੇ ਪਿਆਰ ਤੇ ਧੀਰਜ ਨਾਲ ਮੈਨੂੰ ਪੂਰਾ ਸਹਿਯੋਗ ਦਿੱਤਾ।

ਸਰਕਟ ਨਿਗਾਹਬਾਨ ਵਜੋਂ ਸੇਵਾ ਕਰਦਿਆਂ ਮੈਨੂੰ ਤੇ ਜੋਇਸ ਨੂੰ ਭੈਣ-ਭਰਾਵਾਂ ਦੇ ਜ਼ਿਆਦਾ ਨੇੜੇ ਜਾਣ ਦਾ ਮੌਕਾ ਮਿਲਿਆ। ਸਾਡੇ ਕੋਲ ਕਾਰ ਨਹੀਂ ਸੀ, ਇਸ ਲਈ ਅਸੀਂ ਟ੍ਰੇਨਾਂ ਜਾਂ ਬੱਸਾਂ ਵਿਚ ਸਫ਼ਰ ਕਰਦੇ ਸੀ। ਹਾਲਾਂਕਿ ਪੋਲੀਓ ਕਰਕੇ ਮੇਰੇ ਲਈ ਤੁਰਨਾ-ਫਿਰਨਾ ਔਖਾ ਸੀ, ਫਿਰ ਵੀ ਅਸੀਂ 1957 ਤਕ ਸਰਕਟ ਕੰਮ ਕਰਨ ਦਾ ਆਨੰਦ ਮਾਣਿਆ। ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ, ਪਰ ਉਸ ਸਾਲ ਸਾਨੂੰ ਸੇਵਾ ਕਰਨ ਦਾ ਇਕ ਹੋਰ ਮੌਕਾ ਮਿਲਿਆ।

ਮਿਸ਼ਨਰੀ ਸੇਵਾ

ਸਾਨੂੰ ਗਿਲਿਅਡ ਦੀ 30ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ। ਅਸੀਂ ਬਹੁਤ ਹੀ ਖ਼ੁਸ਼ ਹੋਏ! ਮੇਰੀ ਸਿਹਤ ਹੁਣ ਬਹੁਤੀ ਖ਼ਰਾਬ ਨਹੀਂ ਰਹਿੰਦੀ ਸੀ, ਇਸ ਲਈ ਅਸੀਂ ਇਹ ਮੌਕਾ ਹੱਥੋਂ ਨਹੀਂ ਗੁਆਇਆ। ਜ਼ਿੰਦਗੀ ਨੇ ਸਾਨੂੰ ਸਿਖਾਇਆ ਸੀ ਕਿ ਜੇ ਅਸੀਂ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹਾਂਗੇ, ਤਾਂ ਉਹ ਹਮੇਸ਼ਾ ਸਾਨੂੰ ਤਾਕਤ ਦੇਵੇਗਾ। ਸਾਉਥ ਲੈਂਸਿੰਗ, ਨਿਊਯਾਰਕ, ਅਮਰੀਕਾ ਵਿਚ ਸਥਿਤ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਪੰਜ ਮਹੀਨੇ ਬਹੁਤ ਜਲਦੀ ਬੀਤ ਗਏ। ਇਸ ਕਲਾਸ ਵਿਚ ਜ਼ਿਆਦਾਤਰ ਵਿਦਿਆਰਥੀ ਵਿਆਹੇ ਹੋਏ ਸਨ ਜੋ ਸਰਕਟ ਜਾਂ ਜ਼ਿਲ੍ਹਾ ਨਿਗਾਹਬਾਨ ਵਜੋਂ ਕੰਮ ਕਰਦੇ ਸਨ। ਜਦ ਸਾਨੂੰ ਪੁੱਛਿਆ ਗਿਆ ਕਿ ਸਾਡੇ ਵਿੱਚੋਂ ਕੌਣ ਵਿਦੇਸ਼ ਵਿਚ ਸੇਵਾ ਕਰਨ ਲਈ ਤਿਆਰ ਸੀ, ਤਾਂ ਅਸੀਂ ਹਾਂ ਕਰ ਦਿੱਤੀ। ਸੋ ਸਾਨੂੰ ਯੂਗਾਂਡਾ, ਪੂਰਬੀ ਅਫ਼ਰੀਕਾ ਭੇਜਿਆ ਗਿਆ।

ਉਸ ਸਮੇਂ ਯੂਗਾਂਡਾ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਇਸ ਲਈ ਮੈਨੂੰ ਉੱਥੇ ਪਹੁੰਚ ਕੇ ਨੌਕਰੀ ਲੱਭਣ ਦੀ ਸਲਾਹ ਦਿੱਤੀ ਗਈ ਸੀ। ਟ੍ਰੇਨ ਅਤੇ ਸਮੁੰਦਰੀ ਜਹਾਜ਼ ਵਿਚ ਲੰਬਾ ਸਫ਼ਰ ਕਰਨ ਤੋਂ ਬਾਅਦ ਅਸੀਂ ਕੰਪਾਲਾ, ਯੂਗਾਂਡਾ ਪਹੁੰਚੇ। ਇਮੀਗ੍ਰੇਸ਼ਨ ਅਫ਼ਸਰ ਸਾਨੂੰ ਦੇਖ ਕੇ ਖ਼ੁਸ਼ ਨਹੀਂ ਸਨ ਅਤੇ ਉਨ੍ਹਾਂ ਨੇ ਸਿਰਫ਼ ਕੁਝ ਹੀ ਮਹੀਨੇ ਰਹਿਣ ਦੀ ਆਗਿਆ ਦਿੱਤੀ। ਫਿਰ ਸਾਨੂੰ ਇਹ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ। ਫਿਰ ਹੈੱਡ-ਕੁਆਰਟਰੋਂ ਸਾਨੂੰ ਉੱਤਰੀ ਰੋਡੇਸ਼ੀਆ (ਹੁਣ ਜ਼ੈਂਬੀਆ) ਜਾਣ ਲਈ ਕਿਹਾ ਗਿਆ। ਉੱਥੇ ਅਸੀਂ ਫ਼ਰੈਂਕ ਤੇ ਕੈਰੀ ਲੂਇਸ ਅਤੇ ਹੇਜ਼ ਤੇ ਹੈਰਿਅਟ ਹੋਸਕਿੰਸ ਨੂੰ ਮਿਲੇ ਜੋ ਸਾਡੀ ਹੀ ਗਿਲਿਅਡ ਕਲਾਸ ਵਿਚ ਸਨ। ਫਿਰ ਥੋੜ੍ਹੀ ਦੇਰ ਬਾਅਦ ਸਾਨੂੰ ਦੱਖਣੀ ਰੋਡੇਸ਼ੀਆ (ਹੁਣ ਜ਼ਿਮਬਾਬਵੇ) ਭੇਜਿਆ ਗਿਆ।

ਅਸੀਂ ਟ੍ਰੇਨ ਵਿਚ ਗਏ ਅਤੇ ਬੂਲਾਵਾਇਓ ਸ਼ਹਿਰ ਪਹੁੰਚਣ ਤੋਂ ਪਹਿਲਾਂ ਵਿਕਟੋਰੀਆ ਝਰਨਾ ਦੇਖਿਆ। ਇਹ ਨਜ਼ਾਰਾ ਬਹੁਤ ਹੀ ਸ਼ਾਨਦਾਰ ਸੀ! ਕੁਝ ਸਮੇਂ ਲਈ ਅਸੀਂ ਮਕਲੱਕੀ ਪਰਿਵਾਰ ਦੇ ਨਾਲ ਰਹੇ ਜਿਨ੍ਹਾਂ ਨਾਲ ਅਗਲੇ 16 ਸਾਲਾਂ ਦੌਰਾਨ ਸਾਡੀ ਗਹਿਰੀ ਦੋਸਤੀ ਹੋ ਗਈ। ਉਹ ਇੱਥੇ ਆ ਕੇ ਵਸਣ ਵਾਲੇ ਪਹਿਲੇ ਗਵਾਹ ਸਨ।

ਬਦਲਦੇ ਹਾਲਾਤ

ਅਫ਼ਰੀਕਾ ਵਿਚ ਪ੍ਰਚਾਰ ਕਰਨ ਦੀ ਦੋ ਹਫ਼ਤੇ ਦੀ ਸਿਖਲਾਈ ਲੈਣ ਤੋਂ ਬਾਅਦ ਮੈਨੂੰ ਜ਼ਿਲ੍ਹਾ ਨਿਗਾਹਬਾਨ ਵਜੋਂ ਨਿਯੁਕਤ ਕੀਤਾ ਗਿਆ। ਅਫ਼ਰੀਕਾ ਦੇ ਪਿੰਡਾਂ ਵਿਚ ਪ੍ਰਚਾਰ ਕਰਨ ਵੇਲੇ ਸਾਨੂੰ ਬਹੁਤ ਸਾਮਾਨ ਨਾਲ ਲਿਜਾਣਾ ਪੈਂਦਾ ਸੀ। ਅਸੀਂ ਪਾਣੀ, ਖਾਣਾ, ਬਿਸਤਰਾ, ਕੱਪੜੇ, ਫ਼ਿਲਮ ਦਿਖਾਉਣ ਲਈ ਪ੍ਰੋਜੈਕਟਰ, ਜੈਨਰੇਟਰ, ਵੱਡਾ ਪਰਦਾ ਅਤੇ ਹੋਰ ਜ਼ਰੂਰੀ ਚੀਜ਼ਾਂ ਬੰਨ੍ਹ ਕੇ ਟਰੱਕ ਵਿਚ ਲਿਜਾਂਦੇ ਸੀ।

ਮੈਂ ਅਫ਼ਰੀਕਾ ਦੇ ਸਰਕਟ ਨਿਗਾਹਬਾਨਾਂ ਨਾਲ ਕੰਮ ਕੀਤਾ ਅਤੇ ਜੋਇਸ ਨੇ ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚਿਆਂ ਦੀ ਮਦਦ ਕੀਤੀ। ਅਫ਼ਰੀਕਾ ਦੀ ਤੇਜ਼ ਧੁੱਪ ਵਿਚ ਤੁਰਨ-ਫਿਰਨ ਨਾਲ ਮੈਂ ਬਹੁਤ ਧੱਕ ਜਾਂਦਾ ਸੀ, ਪਰ ਸ਼ੁਕਰ ਹੈ ਕਿ ਗ਼ਰਮ ਮੌਸਮ ਵਿਚ ਮੇਰੀਆਂ ਲੱਤਾਂ ਵਿਚ ਘੱਟ ਪੀੜ ਹੁੰਦੀ ਸੀ।

ਆਮ ਕਰਕੇ ਲੋਕ ਗ਼ਰੀਬ ਸਨ ਅਤੇ ਭਾਵੇਂ ਕਈ ਇਕ ਤੋਂ ਜ਼ਿਆਦਾ ਵਿਆਹ ਕਰਦੇ ਸਨ, ਆਪਣੇ ਰਸਮਾਂ-ਰਿਵਾਜਾਂ ਵਿਚ ਅਤੇ ਵਹਿਮਾਂ-ਭਰਮਾਂ ਵਿਚ ਫਸੇ ਹੋਏ ਸਨ, ਫਿਰ ਵੀ ਉਹ ਬਾਈਬਲ ਦੀ ਬਹੁਤ ਕਦਰ ਕਰਦੇ ਸਨ। ਕੁਝ ਇਲਾਕਿਆਂ ਵਿਚ ਸਭਾਵਾਂ ਵੱਡਿਆਂ ਦਰਖ਼ਤਾਂ ਹੇਠ ਕੀਤੀਆਂ ਜਾਂਦੀਆਂ ਸਨ ਅਤੇ ਸ਼ਾਮ ਨੂੰ ਦੀਵਿਆਂ ਦੀ ਰੌਸ਼ਨੀ ਵਿਚ ਅਧਿਐਨ ਕੀਤਾ ਜਾਂਦਾ ਸੀ। ਜਦ ਅਸੀਂ ਤਾਰੇ-ਭਰੇ ਆਕਾਸ਼ ਹੇਠ ਪਰਮੇਸ਼ੁਰ ਦਾ ਬਚਨ ਪੜ੍ਹਦੇ ਸੀ, ਤਾਂ ਸਾਡੇ ਦਿਲ ਸ਼ਰਧਾ ਨਾਲ ਭਰ ਜਾਂਦੇ ਸਨ।

ਅਫ਼ਰੀਕਾ ਵਿਚ ਵਾਚ ਟਾਵਰ ਸੋਸਾਇਟੀ ਦੀਆਂ ਫ਼ਿਲਮਾਂ ਦਿਖਾਉਣੀਆਂ ਇਕ ਅਭੁੱਲ ਤਜਰਬਾ ਸੀ। ਕਲੀਸਿਯਾ ਵਿਚ ਸ਼ਾਇਦ 30 ਗਵਾਹ ਸਨ, ਪਰ ਫ਼ਿਲਮ ਦਿਖਾਉਣ ਵੇਲੇ ਸਾਨੂੰ ਪਤਾ ਸੀ ਕਿ 1,000 ਜਾਂ ਜ਼ਿਆਦਾ ਲੋਕ ਆ ਸਕਦੇ ਸਨ!

ਗਰਮ ਦੇਸ਼ਾਂ ਵਿਚ ਬੀਮਾਰ ਹੋਣਾ ਆਮ ਗੱਲ ਹੈ, ਪਰ ਨਿਰਾਸ਼ ਨਾ ਹੋਣਾ ਬਹੁਤ ਜ਼ਰੂਰੀ ਹੈ। ਜੋਇਸ ਦਾ ਪੇਟ ਅਕਸਰ ਖ਼ਰਾਬ ਰਹਿੰਦਾ ਸੀ ਅਤੇ ਮੈਨੂੰ ਮਲੇਰੀਆ ਹੋ ਜਾਂਦਾ ਸੀ, ਪਰ ਅਸੀਂ ਕਦੀ ਹਿੰਮਤ ਨਹੀਂ ਹਾਰੀ।

ਬਾਅਦ ਵਿਚ ਅਸੀਂ ਸਾਲਜ਼ਬੈਰੀ (ਹੁਣ ਹਰਾਰੇ) ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕੀਤੀ ਜਿੱਥੇ ਅਸੀਂ ਹੋਰਨਾਂ ਵਫ਼ਾਦਾਰ ਭੈਣਾਂ-ਭਰਾਵਾਂ ਦੇ ਨਾਲ ਕੰਮ ਕਰਨ ਦਾ ਆਨੰਦ ਮਾਣਿਆ। ਇਨ੍ਹਾਂ ਵਿਚ ਲੈਸਟਰ ਡੇਵੀ ਅਤੇ ਜੌਰਜ ਤੇ ਰੂਬੀ ਬ੍ਰੈਡਲੀ ਸਨ। ਸਰਕਾਰ ਨੇ ਮੈਨੂੰ ਮੈਰਿਜ ਰਜਿਸਟਰਾਰ ਬਣਾਇਆ ਅਤੇ ਮੈਂ ਅਫ਼ਰੀਕੀ ਭੈਣਾਂ-ਭਰਾਵਾਂ ਦੇ ਵਿਆਹ ਰਜਿਸਟਰ ਕਰ ਕੇ ਵਿਆਹ ਦੇ ਬੰਧਨ ਹੋਰ ਵੀ ਮਜ਼ਬੂਤ ਕੀਤੇ। ਕੁਝ ਸਾਲ ਬਾਅਦ ਸਾਨੂੰ ਸੇਵਾ ਕਰਨ ਦਾ ਹੋਰ ਮੌਕਾ ਮਿਲਿਆ। ਸਾਨੂੰ ਉਨ੍ਹਾਂ ਸਾਰੀਆਂ ਕਲੀਸਿਯਾਵਾਂ ਨੂੰ ਮਿਲਣ ਲਈ ਕਿਹਾ ਗਿਆ ਜਿਨ੍ਹਾਂ ਵਿਚ ਬਾਂਟੂ ਭਾਸ਼ਾਵਾਂ ਨਹੀਂ ਵਰਤੀਆਂ ਜਾਂਦੀਆਂ ਸਨ। ਅਸੀਂ ਇਹ ਸੇਵਾ ਦਸ-ਕੁ ਸਾਲ ਕੀਤੀ ਅਤੇ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕੇ ਅਤੇ ਸੱਚਾਈ ਵਿਚ ਉਨ੍ਹਾਂ ਦੀ ਤਰੱਕੀ ਦੇਖ ਸਕੇ। ਉਸ ਸਮੇਂ ਦੌਰਾਨ ਅਸੀਂ ਬਾਤਸਵਾਨਾ ਤੇ ਮੋਜ਼ਾਮਬੀਕ ਦੀਆਂ ਕਲੀਸਿਯਾਵਾਂ ਦਾ ਵੀ ਦੌਰਾ ਕੀਤਾ।

ਇਕ ਹੋਰ ਦੇਸ਼ ਵਿਚ ਸੇਵਾ

ਦੱਖਣੀ ਅਫ਼ਰੀਕਾ ਵਿਚ ਕਈ ਸਾਲ ਸੇਵਾ ਕਰਨ ਤੋਂ ਬਾਅਦ 1975 ਵਿਚ ਸਾਨੂੰ ਸੀਅਰਾ ਲਿਓਨ, ਪੱਛਮੀ ਅਫ਼ਰੀਕਾ ਭੇਜਿਆ ਗਿਆ। ਅਸੀਂ ਉੱਥੇ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕੀਤੀ, ਪਰ ਥੋੜ੍ਹੇ ਹੀ ਸਮੇਂ ਲਈ। ਮੈਨੂੰ ਫਿਰ ਤੋਂ ਮਲੇਰੀਆ ਹੋਇਆ ਅਤੇ ਮੈਂ ਬਹੁਤ ਬੀਮਾਰ ਤੇ ਕਮਜ਼ੋਰ ਪੈ ਗਿਆ। ਅਖ਼ੀਰ ਵਿਚ ਇਲਾਜ ਕਰਾਉਣ ਲਈ ਮੈਨੂੰ ਲੰਡਨ ਜਾਣਾ ਪਿਆ ਅਤੇ ਉੱਥੇ ਭਰਾਵਾਂ ਨੇ ਸਲਾਹ ਦਿੱਤੀ ਕਿ ਅਸੀਂ ਅਫ਼ਰੀਕਾ ਵਾਪਸ ਨਾ ਜਾਈਏ। ਅਸੀਂ ਬਹੁਤ ਉਦਾਸ ਹੋਏ, ਪਰ ਲੰਡਨ ਦੇ ਬੈਥਲ ਪਰਿਵਾਰ ਨੇ ਸਾਡਾ ਨਿੱਘਾ ਸੁਆਗਤ ਕੀਤਾ। ਲੰਡਨ ਦੀਆਂ ਕਲੀਸਿਯਾਵਾਂ ਵਿਚ ਕਾਫ਼ੀ ਅਫ਼ਰੀਕੀ ਭੈਣ-ਭਰਾ ਵੀ ਸਨ, ਸੋ ਉਨ੍ਹਾਂ ਨੂੰ ਦੇਖ ਕੇ ਸਾਡਾ ਦਿਲ ਹੌਲਾ ਹੋ ਜਾਂਦਾ ਸੀ। ਜਿੱਦਾਂ-ਜਿੱਦਾਂ ਮੇਰੀ ਸਿਹਤ ਠੀਕ ਹੁੰਦੀ ਗਈ, ਉੱਦਾਂ-ਉੱਦਾਂ ਅਸੀਂ ਆਪਣੇ ਨਵੇਂ ਹਾਲਾਤਾਂ ਅਨੁਸਾਰ ਜੀਣਾ ਸਿੱਖਿਆ। ਮੈਨੂੰ ਪਰਚੇਜ਼ਿੰਗ ਵਿਭਾਗ ਦੀ ਦੇਖ-ਰੇਖ ਕਰਨ ਦਾ ਕੰਮ ਦਿੱਤਾ ਗਿਆ। ਸਾਲਾਂ ਦੌਰਾਨ ਬੈਥਲ ਦੇ ਕੰਮ ਵਿਚ ਵਾਧਾ ਹੋਣ ਕਰਕੇ ਮੇਰੇ ਵੀ ਰੁਝੇਵੇਂ ਵਧੇ ਹਨ।

1990 ਦੇ ਦਹਾਕੇ ਦੇ ਸ਼ੁਰੂ ਵਿਚ ਜੋਇਸ ਬਹੁਤ ਬੀਮਾਰ ਹੋ ਗਈ ਤੇ 1994 ਵਿਚ ਦਮ ਤੋੜ ਗਈ। ਉਹ ਸੱਚ-ਮੱਚ ਮੇਰੇ ਦੁੱਖ-ਸੁਖ ਦੀ ਸਾਥਣ ਸਾਬਤ ਹੋਈ। ਅਜਿਹੇ ਦੁੱਖ-ਭਰੇ ਮੌਕਿਆਂ ਤੇ ਮੈਂ ਸਿੱਖਿਆ ਹੈ ਕਿ ਨਿਹਚਾ ਦੀਆਂ ਨਜ਼ਰਾਂ ਨਾਲ ਭਵਿੱਖ ਵੱਲ ਦੇਖਦੇ ਰਹਿਣਾ ਬਹੁਤ ਜ਼ਰੂਰੀ ਹੈ। ਪਰਮੇਸ਼ੁਰ ਦੀ ਸੇਵਾ ਵਿਚ ਰੁੱਝੇ ਰਹਿਣ ਨਾਲ, ਪ੍ਰਾਰਥਨਾ ਤੇ ਪ੍ਰਚਾਰ ਕਰਨ ਨਾਲ ਵੀ ਮੈਨੂੰ ਬਹੁਤ ਮਦਦ ਮਿਲੀ।—ਕਹਾਉਤਾਂ 3:5, 6.

ਬੈਥਲ ਵਿਚ ਸੇਵਾ ਕਰਨੀ ਇਕ ਵੱਡਾ ਸਨਮਾਨ ਹੀ ਨਹੀਂ, ਸਗੋਂ ਜੀਣ ਦਾ ਵਧੀਆ ਢੰਗ ਵੀ ਹੈ। ਬੈਥਲ ਵਿਚ ਮੈਂ ਬਹੁਤ ਸਾਰੇ ਨੌਜਵਾਨਾਂ ਨਾਲ ਕੰਮ ਕਰ ਸਕਦਾ ਹਾਂ ਅਤੇ ਯਹੋਵਾਹ ਨੇ ਬਰਕਤਾਂ ਨਾਲ ਮੇਰੀ ਝੋਲੀ ਭਰ ਦਿੱਤੀ ਹੈ। ਇਕ ਬਰਕਤ ਹੈ ਕਿ ਲੰਡਨ ਵਿਚ ਬਹੁਤ ਸਾਰੇ ਲੋਕ ਆਉਂਦੇ ਹਨ। ਕਦੀ-ਕਦੀ ਅਫ਼ਰੀਕਾ ਤੋਂ ਮੇਰੇ ਦੋਸਤ ਆਉਂਦੇ ਹਨ ਤੇ ਉਨ੍ਹਾਂ ਨੂੰ ਮਿਲ ਕੇ ਮੇਰਾ ਮਨ ਮਿੱਠੀਆਂ ਯਾਦਾਂ ਨਾਲ ਭਰ ਜਾਂਦਾ ਹੈ। ਇਨ੍ਹਾਂ ਬਰਕਤਾਂ ਕਰਕੇ ਮੈਂ ‘ਹੁਣ ਦੇ ਜੀਵਨ’ ਦਾ ਪੂਰਾ ਆਨੰਦ ਮਾਣ ਰਿਹਾ ਹਾਂ ਅਤੇ ਮੈਨੂੰ “ਆਉਣ ਵਾਲੇ ਜੀਵਨ” ਦੀ ਪੱਕੀ ਆਸ ਹੈ।—1 ਤਿਮੋਥਿਉਸ 4:8.

[ਫੁਟਨੋਟ]

^ ਪੈਰਾ 5 ਇਹ ਕਿਤਾਬ 1928 ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।

[ਸਫ਼ੇ 25 ਉੱਤੇ ਤਸਵੀਰ]

1946 ਵਿਚ ਮਾਤਾ ਜੀ ਨਾਲ

[ਸਫ਼ੇ 26 ਉੱਤੇ ਤਸਵੀਰ]

1950 ਵਿਚ ਸਾਡਾ ਵਿਆਹ ਦਾ ਦਿਨ

[ਸਫ਼ੇ 26 ਉੱਤੇ ਤਸਵੀਰ]

1953 ਦੇ ਬ੍ਰਿਸਟਲ ਸੰਮੇਲਨ ਵਿਚ

[ਸਫ਼ੇ 27 ਉੱਤੇ ਤਸਵੀਰ]

ਉੱਪਰ ਇਕ ਛੋਟੇ ਸਮੂਹ ਨਾਲ, ਖੱਬੇ ਇਕ ਕਲੀਸਿਯਾ ਨਾਲ—ਦੱਖਣੀ ਰੋਡੇਸ਼ੀਆ, ਹੁਣ ਜ਼ਿਮਬਾਬਵੇ