Skip to content

Skip to table of contents

ਯਹੋਵਾਹ ਆਪਣੇ ਉਡੀਕਣ ਵਾਲਿਆਂ ਦੀ ਰੱਖਿਆ ਕਰਦਾ ਹੈ

ਯਹੋਵਾਹ ਆਪਣੇ ਉਡੀਕਣ ਵਾਲਿਆਂ ਦੀ ਰੱਖਿਆ ਕਰਦਾ ਹੈ

ਯਹੋਵਾਹ ਆਪਣੇ ਉਡੀਕਣ ਵਾਲਿਆਂ ਦੀ ਰੱਖਿਆ ਕਰਦਾ ਹੈ

“ਤੇਰੀ ਦਯਾ ਅਤੇ ਤੇਰਾ ਸਤ ਹਰ ਵੇਲੇ ਮੇਰੀ ਰੱਛਿਆ ਕਰਨ।”—ਜ਼ਬੂਰਾਂ ਦੀ ਪੋਥੀ 40:11.

1. ਰਾਜਾ ਦਾਊਦ ਨੇ ਯਹੋਵਾਹ ਨੂੰ ਕੀ ਬੇਨਤੀ ਕੀਤੀ ਸੀ ਅਤੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਸ ਦੀ ਬੇਨਤੀ ਸੁਣੀ ਗਈ ਹੈ?

ਪੁਰਾਣੇ ਜ਼ਮਾਨੇ ਵਿਚ ਰਾਜਾ ਦਾਊਦ ਨੇ “ਜਿਗਰਾ ਕਰ ਕੇ ਯਹੋਵਾਹ ਨੂੰ ਉਡੀਕਿਆ” ਅਤੇ ਉਹ ਦਿਲੋਂ ਕਹਿ ਸਕਿਆ: ‘ਯਹੋਵਾਹ ਨੇ ਮੇਰੀ ਵੱਲ ਝੁੱਕ ਕੇ ਮੇਰੀ ਦੁਹਾਈ ਸੁਣ ਲਈ।’ (ਜ਼ਬੂਰਾਂ ਦੀ ਪੋਥੀ 40:1) ਦਾਊਦ ਨੇ ਕਈ ਵਾਰ ਆਪਣੀ ਅੱਖੀਂ ਦੇਖਿਆ ਸੀ ਕਿ ਯਹੋਵਾਹ ਨੇ ਕਿਵੇਂ ਉਸ ਨਾਲ ਪਿਆਰ ਕਰਨ ਵਾਲੇ ਲੋਕਾਂ ਦੀ ਰੱਖਿਆ ਕੀਤੀ ਸੀ। ਇਸੇ ਲਈ ਉਸ ਨੇ ਬੇਨਤੀ ਕੀਤੀ ਸੀ ਕਿ ਯਹੋਵਾਹ ਹਰ ਵੇਲੇ ਉਸ ਦੀ ਰਾਖੀ ਕਰੇ। (ਜ਼ਬੂਰਾਂ ਦੀ ਪੋਥੀ 40:11) ਦਾਊਦ ਨੂੰ ਉਨ੍ਹਾਂ ਵਫ਼ਾਦਾਰ ਸੇਵਕਾਂ ਵਿਚ ਗਿਣਿਆ ਜਾਂਦਾ ਹੈ ਜਿਨ੍ਹਾਂ ਨੂੰ “ਉੱਤਮ ਕਿਆਮਤ” ਵਿਚ ਮੁੜ ਜੀ ਉਠਾਇਆ ਜਾਵੇਗਾ। ਇਸ ਵੇਲੇ ਯਹੋਵਾਹ ਨੇ ਉਸ ਨੂੰ ਆਪਣੀ ਯਾਦਾਸ਼ਤ ਵਿਚ ਮਹਿਫੂਜ਼ ਰੱਖਿਆ ਹੋਇਆ ਹੈ ਅਤੇ ਸਮਾਂ ਆਉਣ ਤੇ ਉਸ ਨੂੰ ਜੀ ਉਠਾਵੇਗਾ। (ਇਬਰਾਨੀਆਂ 11:32-35) ਦਾਊਦ ਦੇ ਭਵਿੱਖ ਲਈ ਇਸ ਉਮੀਦ ਨਾਲੋਂ ਹੋਰ ਕਿਹੜੀ ਚੀਜ਼ ਇੰਨੀ ਵਧੀਆ ਹੋ ਸਕਦੀ ਹੈ? ਜੀ ਹਾਂ, ਯਹੋਵਾਹ ਦੀ “ਯਾਦਗੀਰੀ ਦੀ ਪੁਸਤਕ” ਵਿਚ ਉਸ ਦਾ ਨਾਂ ਲਿਖਿਆ ਗਿਆ ਹੈ।—ਮਲਾਕੀ 3:16.

2. ਬਾਈਬਲ ਇਹ ਸਮਝਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ ਕਿ ਯਹੋਵਾਹ ਕਿਸ ਅਰਥ ਵਿਚ ਸਾਡੀ ਰਾਖੀ ਕਰਦਾ ਹੈ?

2 ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਜਿਨ੍ਹਾਂ ਵਫ਼ਾਦਾਰ ਸੇਵਕਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਯਿਸੂ ਮਸੀਹ ਦੇ ਧਰਤੀ ਤੇ ਆਉਣ ਤੋਂ ਪਹਿਲਾਂ ਮਰ ਚੁੱਕੇ ਸਨ, ਪਰ ਫਿਰ ਵੀ ਉਨ੍ਹਾਂ ਨੇ ਯਿਸੂ ਦੇ ਸਿਖਾਏ ਇਸ ਅਸੂਲ ਅਨੁਸਾਰ ਜ਼ਿੰਦਗੀ ਬਸਰ ਕੀਤੀ ਸੀ: “ਜਿਹੜਾ ਆਪਣੀ ਜਾਨ ਨਾਲ ਹਿਤ ਕਰਦਾ ਹੈ ਉਹ ਉਸ ਨੂੰ ਗੁਆਉਂਦਾ ਅਤੇ ਜਿਹੜਾ ਇਸ ਜਗਤ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ ਉਹ ਸਦੀਪਕ ਜੀਉਣ ਤਾਈਂ ਉਹ ਦੀ ਰੱਛਿਆ ਕਰੇਗਾ।” (ਯੂਹੰਨਾ 12:25) ਪਰ ਯਹੋਵਾਹ ਦੇ ਰਾਖੀ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਸਾਡੇ ਉੱਤੇ ਦੁੱਖ-ਤਕਲੀਫ਼ਾਂ ਜਾਂ ਸਤਾਹਟਾਂ ਨਹੀਂ ਆਉਣਗੀਆਂ। ਇਸ ਦਾ ਮਤਲਬ ਹੈ ਕਿ ਉਹ ਸਾਡੀ ਅਧਿਆਤਮਿਕ ਤੌਰ ਤੇ ਰਾਖੀ ਕਰਦਾ ਹੈ ਤਾਂਕਿ ਅਸੀਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਬਰਕਰਾਰ ਰੱਖ ਸਕੀਏ।

3. ਇਸ ਗੱਲ ਦਾ ਕੀ ਸਬੂਤ ਹੈ ਕਿ ਯਹੋਵਾਹ ਨੇ ਯਿਸੂ ਮਸੀਹ ਦੀ ਰੱਖਿਆ ਕੀਤੀ ਸੀ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

3 ਯਿਸੂ ਨੂੰ ਘੋਰ ਅਤਿਆਚਾਰਾਂ ਤੇ ਬਦਨਾਮੀ ਦਾ ਸ਼ਿਕਾਰ ਹੋਣਾ ਪਿਆ ਸੀ ਅਤੇ ਆਖ਼ਰਕਾਰ ਉਸ ਦੇ ਦੁਸ਼ਮਣਾਂ ਨੇ ਉਸ ਨੂੰ ਬਹੁਤ ਹੀ ਬੇਇੱਜ਼ਤ ਕਰ ਕੇ ਉਸ ਨੂੰ ਦਰਦਨਾਕ ਮੌਤ ਮਾਰਿਆ ਸੀ। ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਪਰਮੇਸ਼ੁਰ ਨੇ ਮਸੀਹ ਦੀ ਰਾਖੀ ਕਰਨ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਸੀ। (ਯਸਾਯਾਹ 42:1-6) ਯਿਸੂ ਦੀ ਸ਼ਰਮਨਾਕ ਮੌਤ ਹੋਣ ਤੋਂ ਤੀਜੇ ਦਿਨ ਬਾਅਦ ਉਸ ਨੂੰ ਜੀ ਉਠਾਇਆ ਗਿਆ ਸੀ ਜੋ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਨੇ ਉਸ ਦੀ ਪੁਕਾਰ ਨੂੰ ਸੁਣਿਆ ਸੀ ਜਿੱਦਾਂ ਉਸ ਨੇ ਦਾਊਦ ਦੀ ਪੁਕਾਰ ਸੁਣੀ ਸੀ। ਯਹੋਵਾਹ ਨੇ ਯਿਸੂ ਨੂੰ ਵਫ਼ਾਦਾਰ ਰਹਿਣ ਦੀ ਤਾਕਤ ਦਿੱਤੀ ਸੀ। (ਮੱਤੀ 26:39) ਇਸ ਤਰੀਕੇ ਨਾਲ ਬਚਾਏ ਜਾਣ ਕਰਕੇ ਯਿਸੂ ਨੂੰ ਸਵਰਗ ਵਿਚ ਅਮਰ ਜੀਵਨ ਮਿਲਿਆ ਅਤੇ ਉਸ ਦੀ ਕੁਰਬਾਨੀ ਵਿਚ ਨਿਹਚਾ ਕਰਨ ਵਾਲੇ ਲੱਖਾਂ ਹੀ ਲੋਕ ਸਦਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਰੱਖ ਸਕਦੇ ਹਨ।

4. ਮਸਹ ਕੀਤੇ ਹੋਏ ਮਸੀਹੀਆਂ ਅਤੇ ‘ਹੋਰ ਭੇਡਾਂ’ ਨੂੰ ਕੀ ਭਰੋਸਾ ਦਿਵਾਇਆ ਗਿਆ ਹੈ?

4 ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦਾਊਦ ਅਤੇ ਯਿਸੂ ਦੇ ਦਿਨਾਂ ਵਾਂਗ ਅੱਜ ਵੀ ਆਪਣੇ ਸੇਵਕਾਂ ਦੀ ਰੱਖਿਆ ਕਰ ਸਕਦਾ ਹੈ ਤੇ ਉਹ ਕਰਨੀ ਵੀ ਚਾਹੁੰਦਾ ਹੈ। (ਯਾਕੂਬ 1:17) ਧਰਤੀ ਉੱਤੇ ਯਿਸੂ ਦੇ ਮੁੱਠੀ ਭਰ ਜ਼ਿੰਦਾ ਬਚੇ ਮਸਹ ਕੀਤੇ ਹੋਏ ਭਰਾ ਯਹੋਵਾਹ ਦੇ ਇਸ ਵਾਅਦੇ ਤੇ ਭਰੋਸਾ ਰੱਖ ਸਕਦੇ ਹਨ: “ਓਸ ਅਵਨਾਸੀ, ਨਿਰਮਲ ਅਤੇ ਨਾ ਕੁਮਲਾਉਣ ਵਾਲੇ ਅਧਕਾਰ ਲਈ ਜੋ ਸੁਰਗ ਵਿੱਚ ਤੁਹਾਡੇ ਲਈ ਧਰਿਆ ਹੋਇਆ ਹੈ ਜਿਹੜੇ ਨਿਹਚਾ ਦੇ ਰਾਹੀਂ ਪਰਮੇਸ਼ੁਰ ਦੀ ਸਮਰੱਥਾ ਨਾਲ ਓਸ ਮੁਕਤੀ ਨੂੰ ਪਰਾਪਤ ਹੋਣ ਲਈ ਜੋ ਅੰਤ ਦੇ ਸਮੇਂ ਪਰਗਟ ਹੋਣ ਵਾਲੀ ਹੈ ਬਚਾਏ ਰਹਿੰਦੇ ਹੋ।” (1 ਪਤਰਸ 1:4, 5) ਇਸੇ ਤਰ੍ਹਾਂ ਧਰਤੀ ਉੱਤੇ ਜੀਉਣ ਦੀ ਉਮੀਦ ਰੱਖਣ ਵਾਲੀਆਂ ‘ਹੋਰ ਭੇਡਾਂ’ ਪਰਮੇਸ਼ੁਰ ਅਤੇ ਉਸ ਦੇ ਵਾਅਦੇ ਤੇ ਭਰੋਸਾ ਰੱਖ ਸਕਦੀਆਂ ਹਨ ਜੋ ਉਸ ਨੇ ਜ਼ਬੂਰਾਂ ਦੇ ਲਿਖਾਰੀ ਰਾਹੀਂ ਕੀਤਾ ਸੀ: “ਹੇ ਯਹੋਵਾਹ ਦੇ ਸਾਰੇ ਸੰਤੋ, ਉਹ ਦੇ ਨਾਲ ਪ੍ਰੇਮ ਰੱਖੋ, ਯਹੋਵਾਹ ਸੱਚਿਆਂ ਦਾ ਰਾਖਾ ਹੈ।”—ਯੂਹੰਨਾ 10:16; ਜ਼ਬੂਰਾਂ ਦੀ ਪੋਥੀ 31:23.

ਉਨ੍ਹਾਂ ਦੀ ਅਧਿਆਤਮਿਕ ਤੌਰ ਤੇ ਰਾਖੀ ਹੁੰਦੀ ਹੈ

5, 6. (ੳ) ਆਧੁਨਿਕ ਸਮਿਆਂ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਕਿਵੇਂ ਰੱਖਿਆ ਕੀਤੀ ਜਾਂਦੀ ਹੈ? (ਅ) ਯਹੋਵਾਹ ਦਾ ਮਸਹ ਕੀਤੇ ਹੋਏ ਮਸੀਹੀਆਂ ਨਾਲ ਕੀ ਰਿਸ਼ਤਾ ਹੈ ਅਤੇ ਧਰਤੀ ਉੱਤੇ ਜੀਉਣ ਦੀ ਉਮੀਦ ਰੱਖਣ ਵਾਲਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ?

5 ਆਧੁਨਿਕ ਸਮਿਆਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਦੀ ਅਧਿਆਤਮਿਕ ਤੌਰ ਤੇ ਰਾਖੀ ਕਰਨ ਦੇ ਇੰਤਜ਼ਾਮ ਕੀਤੇ ਹਨ। ਉਹ ਉਨ੍ਹਾਂ ਨੂੰ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ, ਸਤਾਹਟਾਂ ਜਾਂ ਤ੍ਰਾਸਦੀਆਂ ਤੋਂ ਤਾਂ ਨਹੀਂ ਬਚਾਉਂਦਾ, ਪਰ ਉਹ ਵਫ਼ਾਦਾਰੀ ਨਾਲ ਉਨ੍ਹਾਂ ਨੂੰ ਜ਼ਰੂਰੀ ਮਦਦ ਅਤੇ ਹੌਸਲਾ ਦਿੰਦਾ ਹੈ ਤਾਂਕਿ ਉਨ੍ਹਾਂ ਦਾ ਉਸ ਨਾਲ ਗੂੜ੍ਹਾ ਰਿਸ਼ਤਾ ਬਣਿਆ ਰਹੇ। ਯਹੋਵਾਹ ਨੇ ਪਿਆਰ ਦੀ ਖ਼ਾਤਰ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਸੀ ਤੇ ਇਸ ਦੇ ਆਧਾਰ ਤੇ ਉਨ੍ਹਾਂ ਨੇ ਇਹ ਰਿਸ਼ਤਾ ਕਾਇਮ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਵਫ਼ਾਦਾਰ ਮਸੀਹੀ ਪਰਮੇਸ਼ੁਰ ਦੀ ਪਵਿੱਤਰ ਆਤਮਾ ਨਾਲ ਮਸਹ ਕੀਤੇ ਗਏ ਹਨ ਤਾਂਕਿ ਉਹ ਸਵਰਗ ਵਿਚ ਮਸੀਹ ਨਾਲ ਸ਼ਾਸਨ ਕਰ ਸਕਣ। ਪਰਮੇਸ਼ੁਰ ਦੇ ਇਨ੍ਹਾਂ ਅਧਿਆਤਮਿਕ ਪੁੱਤਰਾਂ ਨੂੰ ਧਰਮੀ ਐਲਾਨਿਆ ਗਿਆ ਹੈ ਜਿਨ੍ਹਾਂ ਤੇ ਇਹ ਸ਼ਬਦ ਲਾਗੂ ਹੁੰਦੇ ਹਨ: “ਸਾਨੂੰ ਅੰਧਕਾਰ ਦੇ ਵੱਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤ੍ਰ ਦੇ ਰਾਜ ਵਿੱਚ ਪੁਚਾ ਦਿੱਤਾ। ਉਸ ਦੇ ਵਿੱਚ ਸਾਨੂੰ ਨਿਸਤਾਰਾ ਅਰਥਾਤ ਪਾਪਾਂ ਦੀ ਮਾਫ਼ੀ ਮਿਲਦੀ ਹੈ।”—ਕੁਲੁੱਸੀਆਂ 1:13, 14.

6 ਲੱਖਾਂ ਹੀ ਦੂਸਰੇ ਵਫ਼ਾਦਾਰ ਮਸੀਹੀਆਂ ਨੂੰ ਯਕੀਨ ਹੈ ਕਿ ਉਨ੍ਹਾਂ ਨੂੰ ਵੀ ਪਰਮੇਸ਼ੁਰ ਵੱਲੋਂ ਕੀਤੇ ਕੁਰਬਾਨੀ ਦੇ ਇੰਤਜ਼ਾਮ ਤੋਂ ਫ਼ਾਇਦਾ ਹੋ ਸਕਦਾ ਹੈ। ਅਸੀਂ ਪੜ੍ਹਦੇ ਹਾਂ: ‘ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਲਈ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।’ (ਮਰਕੁਸ 10:45) ਇਹ ਮਸੀਹੀ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦੋਂ ਉਹ ‘ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰਨਗੇ।’ (ਰੋਮੀਆਂ 8:21) ਤਦ ਤਕ ਉਹ ਪਰਮੇਸ਼ੁਰ ਨਾਲ ਆਪਣੇ ਨਿੱਜੀ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ।

7. ਅੱਜ ਯਹੋਵਾਹ ਨੇ ਆਪਣੇ ਲੋਕਾਂ ਦੀ ਅਧਿਆਤਮਿਕ ਸੁਰੱਖਿਆ ਲਈ ਕਿਹੜੇ ਪ੍ਰਬੰਧ ਕੀਤੇ ਹਨ?

7 ਯਹੋਵਾਹ ਆਪਣੇ ਲੋਕਾਂ ਨਾਲ ਆਪਣੇ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਲਗਾਤਾਰ ਸਿਖਲਾਈ ਦੇ ਰਿਹਾ ਹੈ। ਇਸ ਸਿਖਲਾਈ ਦੀ ਮਦਦ ਨਾਲ ਉਹ ਸੱਚਾਈ ਦੇ ਗਿਆਨ ਵਿਚ ਵਧਦੇ ਜਾਂਦੇ ਹਨ। ਯਹੋਵਾਹ ਆਪਣੇ ਬਚਨ, ਸੰਗਠਨ ਅਤੇ ਆਪਣੀ ਪਵਿੱਤਰ ਆਤਮਾ ਰਾਹੀਂ ਵੀ ਉਨ੍ਹਾਂ ਨੂੰ ਸੇਧ ਦੇ ਰਿਹਾ ਹੈ। ਦੁਨੀਆਂ ਭਰ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਸੇਧ ਵਿਚ ਚੱਲਣ ਵਾਲੇ ਪਰਮੇਸ਼ੁਰ ਦੇ ਲੋਕ ਇੱਕ ਅੰਤਰਰਾਸ਼ਟਰੀ ਪਰਿਵਾਰ ਦੀ ਤਰ੍ਹਾਂ ਹਨ। ਬੁੱਧਵਾਨ ਨੌਕਰ ਇਸ ਪਰਿਵਾਰ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਦਾ ਹੈ ਤੇ ਲੋੜ ਪੈਣ ਤੇ ਉਨ੍ਹਾਂ ਦੀਆਂ ਭੌਤਿਕ ਲੋੜਾਂ ਵੀ ਪੂਰੀਆਂ ਕਰਦਾ ਹੈ, ਭਾਵੇਂ ਇਹ ਭਗਤ ਕਿਸੇ ਵੀ ਕੌਮ ਦੇ ਹੋਣ, ਅਮੀਰ ਹੋਣ ਜਾਂ ਗ਼ਰੀਬ।—ਮੱਤੀ 24:45.

8. ਯਹੋਵਾਹ ਨੂੰ ਆਪਣੇ ਲੋਕਾਂ ਤੇ ਕੀ ਭਰੋਸਾ ਹੈ ਤੇ ਉਹ ਉਨ੍ਹਾਂ ਨੂੰ ਕੀ ਯਕੀਨ ਦਿਵਾਉਂਦਾ ਹੈ?

8 ਜਿਸ ਤਰ੍ਹਾਂ ਯਹੋਵਾਹ ਨੇ ਯਿਸੂ ਨੂੰ ਉਸ ਦੇ ਦੁਸ਼ਮਣਾਂ ਦੇ ਹਮਲਿਆਂ ਤੋਂ ਨਹੀਂ ਬਚਾਇਆ ਸੀ, ਉਸੇ ਤਰ੍ਹਾਂ ਉਹ ਅੱਜ ਵੀ ਮਸੀਹੀਆਂ ਨੂੰ ਸਤਾਹਟਾਂ ਤੋਂ ਨਹੀਂ ਬਚਾਉਂਦਾ। ਪਰ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਉਨ੍ਹਾਂ ਤੋਂ ਨਾਰਾਜ਼ ਹੈ। ਉਹ ਇਸ ਤਰ੍ਹਾਂ ਦਾ ਪਰਮੇਸ਼ੁਰ ਨਹੀਂ ਹੈ! ਸਗੋਂ ਉਸ ਨੂੰ ਆਪਣੇ ਲੋਕਾਂ ਤੇ ਯਕੀਨ ਹੈ ਕਿ ਸਤਾਹਟਾਂ ਵਿਚ ਵੀ ਉਹ ਉਸ ਦੇ ਵਫ਼ਾਦਾਰ ਰਹਿਣਗੇ। (ਅੱਯੂਬ 1:8-12; ਕਹਾਉਤਾਂ 27:11) ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਨੂੰ ਕਦੇ ਨਹੀਂ ਛੱਡੇਗਾ ਕਿਉਂਕਿ “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, ਉਨ੍ਹਾਂ ਦੀ ਸਦਾ ਤੋੜੀ ਰੱਛਿਆ ਹੁੰਦੀ ਹੈ।”—ਜ਼ਬੂਰਾਂ ਦੀ ਪੋਥੀ 37:28.

ਯਹੋਵਾਹ ਦੀ ਦਿਆਲਤਾ ਅਤੇ ਸੱਚਾਈ ਦੁਆਰਾ ਰਾਖੀ

9, 10. (ੳ) ਯਹੋਵਾਹ ਦੀ ਸੱਚਾਈ ਉਸ ਦੇ ਲੋਕਾਂ ਦੀ ਕਿਵੇਂ ਰੱਖਿਆ ਕਰਦੀ ਹੈ? (ਅ) ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੀ ਦਿਆਲਤਾ ਦੇ ਜ਼ਰੀਏ ਆਪਣੇ ਵਫ਼ਾਦਾਰ ਲੋਕਾਂ ਨੂੰ ਬਚਾਉਂਦਾ ਹੈ?

9 ਦਾਊਦ ਨੇ ਜ਼ਬੂਰ 40 ਵਿਚ ਦਰਜ ਆਪਣੀ ਪ੍ਰਾਰਥਨਾ ਵਿਚ ਕਿਹਾ ਸੀ ਕਿ ਯਹੋਵਾਹ ਦੀ ਦਿਆਲਤਾ ਅਤੇ ਸੱਚਾਈ ਉਸ ਦੀ ਰੱਖਿਆ ਕਰਨ। ਯਹੋਵਾਹ ਸੱਚਾ ਪਰਮੇਸ਼ੁਰ ਹੈ ਅਤੇ ਉਹ ਧਾਰਮਿਕਤਾ ਨਾਲ ਪਿਆਰ ਕਰਦਾ ਹੈ, ਇਸ ਲਈ ਉਸ ਨੇ ਸਾਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਉਸ ਦੇ ਕੀ ਅਸੂਲ ਹਨ। ਇਨ੍ਹਾਂ ਅਸੂਲਾਂ ਤੇ ਚੱਲਣ ਵਾਲੇ ਲੋਕ ਕਾਫ਼ੀ ਹੱਦ ਤਕ ਉਨ੍ਹਾਂ ਦੁੱਖਾਂ-ਤਕਲੀਫ਼ਾਂ ਤੇ ਚਿੰਤਾਵਾਂ ਤੋਂ ਬਚੇ ਰਹਿੰਦੇ ਹਨ ਜਿਨ੍ਹਾਂ ਤੋਂ ਇਨ੍ਹਾਂ ਅਸੂਲਾਂ ਦੀ ਉਲੰਘਣਾ ਕਰਨ ਵਾਲੇ ਨਹੀਂ ਬਚ ਸਕਦੇ। ਮਿਸਾਲ ਲਈ, ਜੇ ਅਸੀਂ ਨਸ਼ਿਆਂ, ਸ਼ਰਾਬ ਦੀ ਕੁਵਰਤੋਂ, ਬਦਚਲਣੀ ਅਤੇ ਮਾਰ-ਧਾੜ ਕਰਨ ਤੋਂ ਦੂਰ ਰਹੀਏ, ਤਾਂ ਅਸੀਂ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਤੋਂ ਆਪਣੇ ਆਪ ਨੂੰ ਤੇ ਆਪਣੇ ਅਜ਼ੀਜ਼ਾਂ ਨੂੰ ਬਚਾਅ ਸਕਦੇ ਹਾਂ। ਦਾਊਦ ਸੱਚਾਈ ਦੇ ਰਾਹ ਤੋਂ ਕਈ ਵਾਰ ਭਟਕ ਗਿਆ ਸੀ, ਉਸੇ ਤਰ੍ਹਾਂ ਅੱਜ ਵੀ ਕਈ ਸੱਚਾਈ ਦੇ ਰਾਹ ਤੋਂ ਭਟਕ ਜਾਂਦੇ ਹਨ। ਪਰ ਅਜਿਹੇ ਵਿਅਕਤੀਆਂ ਨੂੰ ਵੀ ਭਰੋਸਾ ਦਿਲਾਇਆ ਜਾਂਦਾ ਹੈ ਕਿ ਜੇ ਉਹ ਤੋਬਾ ਕਰਨ, ਤਾਂ ਯਹੋਵਾਹ ਉਨ੍ਹਾਂ ਲਈ “ਲੁਕਣ ਦੀ ਥਾਂ” ਸਾਬਤ ਹੋਵੇਗਾ। ਇਹ ਲੋਕ ਖ਼ੁਸ਼ੀ-ਖ਼ੁਸ਼ੀ ਕਹਿ ਸਕਦੇ ਹਨ: “ਤੂੰ ਮੇਰਾ ਦੁੱਖ ਤੋਂ ਬਚਾ ਕਰਦਾ ਹੈਂ।” (ਭਜਨ 32:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਕਿੰਨਾ ਦਇਆਵਾਨ ਹੈ!

10 ਪਰਮੇਸ਼ੁਰ ਦੀ ਦਿਆਲਤਾ ਦੀ ਇਕ ਹੋਰ ਮਿਸਾਲ ਇਹ ਹੈ ਕਿ ਉਹ ਆਪਣੇ ਭਗਤਾਂ ਨੂੰ ਚੇਤਾਵਨੀ ਦਿੰਦਾ ਹੈ ਕਿ ਉਹ ਇਸ ਬੁਰੀ ਦੁਨੀਆਂ ਤੋਂ ਅਲੱਗ ਰਹਿਣ ਕਿਉਂਕਿ ਉਹ ਬਹੁਤ ਜਲਦੀ ਇਸ ਨੂੰ ਨਾਸ਼ ਕਰਨ ਵਾਲਾ ਹੈ। ਅਸੀਂ ਪੜ੍ਹਦੇ ਹਾਂ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।” ਇਸ ਚੇਤਾਵਨੀ ਵੱਲ ਧਿਆਨ ਦੇਣ ਨਾਲ ਅਸੀਂ ਹਮੇਸ਼ਾ-ਹਮੇਸ਼ਾ ਲਈ ਆਪਣੀ ਜ਼ਿੰਦਗੀ ਬਚਾ ਸਕਦੇ ਹਾਂ ਕਿਉਂਕਿ ਹਵਾਲਾ ਅੱਗੇ ਕਹਿੰਦਾ ਹੈ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:15-17.

ਮੱਤ, ਸਮਝ ਅਤੇ ਬੁੱਧ ਦੇ ਜ਼ਰੀਏ ਬਚਾਏ ਗਏ

11, 12. ਸਮਝਾਓ ਕਿ ਮੱਤ, ਸਮਝ ਅਤੇ ਬੁੱਧ ਸਾਡੀ ਰੱਖਿਆ ਕਿਵੇਂ ਕਰਦੀਆਂ ਹਨ।

11 ਜੋ ਪਰਮੇਸ਼ੁਰ ਦੀ ਮਿਹਰ ਪਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਦਾਊਦ ਦੇ ਪੁੱਤਰ ਸੁਲੇਮਾਨ ਨੇ ਲਿਖਿਆ: “ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ।” ਉਸ ਨੇ ਇਹ ਵੀ ਤਾਕੀਦ ਕੀਤੀ: “ਬੁੱਧ ਨੂੰ ਪ੍ਰਾਪਤ ਕਰ . . . ਉਹ ਨੂੰ ਨਾ ਛੱਡੀਂ ਤਾਂ ਉਹ ਤੇਰੀ ਰੱਛਿਆ ਕਰੇਗੀ, ਉਹ ਦੇ ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ।”—ਕਹਾਉਤਾਂ 2:11; 4:5, 6.

12 ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖੀਆਂ ਗੱਲਾਂ ਉੱਤੇ ਮਨਨ ਕਰਨਾ ਮੱਤ ਅਨੁਸਾਰ ਚੱਲਣਾ ਹੈ। ਮਨਨ ਕਰਨ ਨਾਲ ਅਸੀਂ ਸਮਝਦਾਰ ਬਣਦੇ ਹਾਂ ਜਿਸ ਕਰਕੇ ਅਸੀਂ ਸਹੀ ਗੱਲਾਂ ਨੂੰ ਪਹਿਲ ਦੇ ਸਕਦੇ ਹਾਂ। ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਲੋਕ ਜਾਣੇ-ਅਣਜਾਣੇ ਵਿਚ ਗ਼ਲਤ ਕੰਮਾਂ ਨੂੰ ਪਹਿਲ ਦਿੰਦੇ ਹਨ, ਤਾਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ। ਸ਼ਤਾਨ ਦੀ ਦੁਨੀਆਂ ਸਾਨੂੰ ਧਨ-ਦੌਲਤ, ਸ਼ੁਹਰਤ ਤੇ ਤਾਕਤ ਹਾਸਲ ਕਰਨ ਲਈ ਭਰਮਾਉਂਦੀ ਹੈ ਜਦ ਕਿ ਯਹੋਵਾਹ ਭਗਤੀ ਨਾਲ ਸੰਬੰਧਿਤ ਜ਼ਿਆਦਾ ਗੱਲਾਂ ਤੇ ਜ਼ੋਰ ਦਿੰਦਾ ਹੈ। ਜੇ ਅਸੀਂ ਇਨ੍ਹਾਂ ਗੱਲਾਂ ਨੂੰ ਪਹਿਲ ਨਹੀਂ ਦਿੰਦੇ, ਤਾਂ ਇਸ ਨਾਲ ਪਰਿਵਾਰ ਬਿਖਰ ਸਕਦੇ ਹਨ, ਦੋਸਤੀਆਂ ਟੁੱਟ ਸਕਦੀਆਂ ਹਨ ਅਤੇ ਯਹੋਵਾਹ ਦੀ ਸੇਵਾ ਵਿਚ ਸਾਡੀ ਦਿਲਚਸਪੀ ਘੱਟ ਸਕਦੀ ਹੈ। ਨਤੀਜੇ ਵਜੋਂ ਸਾਡੇ ਹੱਥ ਨਿਰਾਸ਼ਾ ਤੋਂ ਸਿਵਾਇ ਹੋਰ ਕੁਝ ਨਹੀਂ ਲੱਗੇਗਾ। ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ: “ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਅਤੇ ਆਪਣੀ ਜਾਨ ਦਾ ਨੁਕਸਾਨ ਕਰੇ?” (ਮਰਕੁਸ 8:36) ਬੁੱਧ ਸਾਨੂੰ ਯਿਸੂ ਦੀ ਇਸ ਸਲਾਹ ਤੇ ਚੱਲਣ ਲਈ ਕਹਿੰਦੀ ਹੈ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”—ਮੱਤੀ 6:33.

ਖ਼ੁਦਗਰਜ਼ੀ ਖ਼ਤਰਨਾਕ ਹੈ

13, 14. ਖ਼ੁਦਗਰਜ਼ ਹੋਣ ਦਾ ਕੀ ਮਤਲਬ ਹੈ ਅਤੇ ਸਾਨੂੰ ਇਸ ਔਗੁਣ ਤੋਂ ਕਿਉਂ ਬਚਣਾ ਚਾਹੀਦਾ ਹੈ?

13 ਇਨਸਾਨ ਸੁਭਾਵਕ ਹੀ ਆਪਣੇ ਆਪ ਵਿਚ ਰੁਚੀ ਲੈਂਦੇ ਹਨ ਤੇ ਇਹ ਗ਼ਲਤ ਨਹੀਂ ਹੈ। ਪਰ ਜੇ ਅਸੀਂ ਜ਼ਿੰਦਗੀ ਵਿਚ ਆਪਣੀਆਂ ਹੀ ਖ਼ਾਹਸ਼ਾਂ ਅਤੇ ਰੁਚੀਆਂ ਤੋਂ ਸਿਵਾਇ ਹੋਰ ਕਿਸੇ ਗੱਲ ਬਾਰੇ ਨਾ ਸੋਚੀਏ, ਤਾਂ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਸ ਲਈ ਯਹੋਵਾਹ ਸਾਨੂੰ ਕਹਿੰਦਾ ਹੈ ਕਿ ਖ਼ੁਦਗਰਜ਼ ਨਾ ਬਣੋ ਤਾਂਕਿ ਉਸ ਨਾਲ ਸਾਡੀ ਦੋਸਤੀ ਟੁੱਟ ਨਾ ਜਾਵੇ। ਖ਼ੁਦਗਰਜ਼ ਉਹ ਵਿਅਕਤੀ ਹੁੰਦਾ ਹੈ “ਜੋ ਸਿਰਫ਼ ਆਪਣੀਆਂ ਹੀ ਖ਼ਾਹਸ਼ਾਂ, ਲੋੜਾਂ ਜਾਂ ਫ਼ਾਇਦਿਆਂ ਬਾਰੇ ਸੋਚਦਾ ਹੈ।” ਕੀ ਅੱਜ ਬਹੁਤ ਸਾਰੇ ਲੋਕਾਂ ਦਾ ਰਵੱਈਆ ਇਹੋ ਜਿਹਾ ਹੀ ਨਹੀਂ ਹੈ? ਇਹ ਗੌਰ ਕਰਨ ਵਾਲੀ ਗੱਲ ਹੈ ਕਿ ਬਾਈਬਲ ਵਿਚ ਪਹਿਲਾਂ ਹੀ ਕਿਹਾ ਗਿਆ ਸੀ ਕਿ ਸ਼ਤਾਨ ਦੀ ਬੁਰੀ ਦੁਨੀਆਂ ਦੇ ‘ਅੰਤ ਦਿਆਂ ਦਿਨਾਂ ਵਿੱਚ ਮਨੁੱਖ ਆਪ ਸੁਆਰਥੀ’ ਯਾਨੀ ਖ਼ੁਦਗਰਜ਼ ਹੋ ਜਾਣਗੇ।—2 ਤਿਮੋਥਿਉਸ 3:1, 2.

14 ਮਸੀਹੀ ਬਾਈਬਲ ਦੇ ਇਸ ਹੁਕਮ ਨੂੰ ਮੰਨਦੇ ਹਨ ਕਿ ਉਨ੍ਹਾਂ ਨੂੰ ਦੂਜਿਆਂ ਬਾਰੇ ਸੋਚਣਾ ਚਾਹੀਦਾ ਹੈ ਤੇ ਉਨ੍ਹਾਂ ਨਾਲ ਆਪਣੇ ਜਿਹਾ ਪਿਆਰ ਕਰਨਾ ਚਾਹੀਦਾ ਹੈ। (ਲੂਕਾ 10:27; ਫ਼ਿਲਿੱਪੀਆਂ 2:4) ਲੋਕ ਸ਼ਾਇਦ ਸੋਚਣ ਕਿ ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਔਖਾ ਹੈ। ਪਰ ਸਾਡੇ ਲਈ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਵਿਆਹੁਤਾ ਜੀਵਨ ਸਫ਼ਲ ਹੋਵੇ, ਪਰਿਵਾਰ ਮਿਲ-ਜੁਲ ਕੇ ਰਹੇ ਅਤੇ ਦੋਸਤ-ਮਿੱਤਰਾਂ ਨਾਲ ਸਾਡੇ ਸੰਬੰਧ ਖ਼ੁਸ਼ਗਵਾਰ ਰਹਿਣ। ਇਸ ਲਈ ਯਹੋਵਾਹ ਦੇ ਸੱਚੇ ਭਗਤਾਂ ਨੂੰ ਹਮੇਸ਼ਾ ਆਪਣੇ ਬਾਰੇ ਹੀ ਨਹੀਂ ਸੋਚਦੇ ਰਹਿਣਾ ਚਾਹੀਦਾ, ਸਗੋਂ ਹੋਰ ਜ਼ਰੂਰੀ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਯਹੋਵਾਹ ਪਰਮੇਸ਼ੁਰ ਦੀ ਭਗਤੀ ਨਾਲ ਸੰਬੰਧਿਤ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ।

15, 16. (ੳ) ਖ਼ੁਦਗਰਜ਼ ਹੋਣ ਦਾ ਕੀ ਨਤੀਜਾ ਨਿਕਲ ਸਕਦਾ ਹੈ ਤੇ ਕਿਨ੍ਹਾਂ ਨੇ ਇਹ ਰਵੱਈਆ ਦਿਖਾਇਆ ਸੀ? (ਅ) ਦੂਜਿਆਂ ਤੇ ਦੋਸ਼ ਲਾਉਣ ਵਿਚ ਕਾਹਲੀ ਕਰਨ ਵਾਲਾ ਵਿਅਕਤੀ ਅਸਲ ਵਿਚ ਕੀ ਕਰਦਾ ਹੈ?

15 ਖ਼ੁਦਗਰਜ਼ ਵਿਅਕਤੀ ਸ਼ਾਇਦ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਧਰਮੀ ਸਮਝੇ ਜਿਸ ਕਰਕੇ ਉਹ ਘਮੰਡੀ ਤੇ ਢੀਠ ਬਣ ਸਕਦਾ ਹੈ। ਬਾਈਬਲ ਠੀਕ ਹੀ ਕਹਿੰਦੀ ਹੈ: “ਹੇ ਮਨੁੱਖ, ਤੂੰ ਭਾਵੇਂ ਕੋਈ ਹੋਵੇਂ ਜੋ ਦੋਸ਼ ਲਾਉਂਦਾ ਹੈਂ ਤੇਰੇ ਲਈ ਕੋਈ ਉਜ਼ਰ ਨਹੀਂ ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਏ ਉੱਤੇ ਦੋਸ਼ ਲਾਉਂਦਾ ਹੈਂ ਓਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈਂ ਆਪ ਓਹੋ ਕੰਮ ਕਰਦਾ ਹੈਂ।” (ਰੋਮੀਆਂ 2:1; 14:4, 10) ਯਿਸੂ ਦੇ ਜ਼ਮਾਨੇ ਦੇ ਧਾਰਮਿਕ ਆਗੂ ਆਪਣੇ ਆਪ ਨੂੰ ਇੰਨਾ ਧਰਮੀ ਸਮਝਦੇ ਸਨ ਕਿ ਉਨ੍ਹਾਂ ਨੇ ਯਿਸੂ ਅਤੇ ਉਸ ਦੇ ਚੇਲਿਆਂ ਦੇ ਕੰਮਾਂ ਦੀ ਨਿੰਦਿਆ ਕੀਤੀ। ਇਸ ਤਰ੍ਹਾਂ ਕਰ ਕੇ ਉਹ ਆਪਣੇ ਆਪ ਹੀ ਨਿਆਈ ਬਣ ਬੈਠੇ ਸਨ। ਉਨ੍ਹਾਂ ਨੂੰ ਆਪਣੀਆਂ ਕਮਜ਼ੋਰੀਆਂ ਨਜ਼ਰ ਨਾ ਆਉਣ ਕਰ ਕੇ ਉਹ ਖ਼ੁਦ ਦੋਸ਼ੀ ਬਣ ਗਏ ਸਨ।

16 ਯਿਸੂ ਨਾਲ ਬੇਵਫ਼ਾਈ ਕਰਨ ਵਾਲਾ ਉਸ ਦਾ ਚੇਲਾ ਯਹੂਦਾ ਦੂਜਿਆਂ ਵਿਚ ਨੁਕਸ ਕੱਢਦਾ ਸੀ। ਇਕ ਵਾਰ ਬੈਤਅਨੀਆ ਵਿਚ ਜਦੋਂ ਲਾਜ਼ਰ ਦੀ ਭੈਣ ਮਰਿਯਮ ਨੇ ਯਿਸੂ ਦੇ ਚਰਨਾਂ ਤੇ ਅਤਰ ਮਲਿਆ ਸੀ, ਤਾਂ ਯਹੂਦਾ ਨੇ ਬੜਾ ਇਤਰਾਜ਼ ਕੀਤਾ ਸੀ। ਉਸ ਨੇ ਬਹਿਸ ਕਰਦਿਆਂ ਗੁੱਸੇ ਵਿਚ ਕਿਹਾ: “ਇਹ ਅਤਰ ਡੂਢ ਸੌ ਰੁਪਏ ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਾ ਦਿੱਤਾ ਗਿਆ?” ਪਰ ਬਿਰਤਾਂਤ ਅੱਗੇ ਦੱਸਦਾ ਹੈ: “ਉਹ ਨੇ ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ ਪਰ ਇਸ ਕਾਰਨ ਜੋ ਉਹ ਚੋਰ ਸੀ ਅਤੇ ਗੁਥਲੀ ਉਹ ਦੇ ਕੋਲ ਰਹਿੰਦੀ ਸੀ ਅਰ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਉਹ ਨੂੰ ਲੈ ਜਾਂਦਾ ਸੀ।” (ਯੂਹੰਨਾ 12:1-6) ਆਓ ਆਪਾਂ ਕਦੇ ਵੀ ਯਹੂਦਾ ਜਾਂ ਧਾਰਮਿਕ ਆਗੂਆਂ ਵਾਂਗ ਦੂਜਿਆਂ ਤੇ ਦੋਸ਼ ਲਾਉਣ ਵਿਚ ਕਾਹਲੀ ਨਾ ਕਰੀਏ ਕਿਉਂਕਿ ਇਸ ਨਾਲ ਅਸੀਂ ਖ਼ੁਦ ਹੀ ਦੋਸ਼ੀ ਬਣਦੇ ਹਾਂ।

17. ਉਦਾਹਰਣ ਦੇ ਕੇ ਸਮਝਾਓ ਕਿ ਘਮੰਡੀ ਹੋਣ ਜਾਂ ਖ਼ੁਦ ਤੇ ਜ਼ਿਆਦਾ ਭਰੋਸਾ ਕਰਨ ਵਿਚ ਕੀ ਖ਼ਤਰਾ ਹੈ।

17 ਅਫ਼ਸੋਸ ਦੀ ਗੱਲ ਹੈ ਕਿ ਭਾਵੇਂ ਕੁਝ ਮੁਢਲੇ ਮਸੀਹੀ ਯਹੂਦਾ ਦੀ ਤਰ੍ਹਾਂ ਚੋਰ ਤਾਂ ਨਹੀਂ ਸਨ, ਪਰ ਉਹ ਘਮੰਡੀ ਹੋ ਗਏ ਤੇ ਸ਼ੇਖ਼ੀਆਂ ਮਾਰਨ ਲੱਗ ਪਏ ਸਨ। ਉਨ੍ਹਾਂ ਬਾਰੇ ਯਾਕੂਬ ਨੇ ਲਿਖਿਆ: “ਤੁਸੀਂ ਆਪਣੀਆਂ ਗੱਪਾਂ ਉੱਤੇ ਘੁਮੰਡ ਕਰਦੇ ਹੋ।” ਫਿਰ ਉਸ ਨੇ ਕਿਹਾ: “ਇਹੋ ਜਿਹਾ ਘੁਮੰਡ ਸਾਰਾ ਹੀ ਬੁਰਾ ਹੁੰਦਾ ਹੈ।” (ਯਾਕੂਬ 4:16) ਖ਼ੁਦ ਤੇ ਭਰੋਸਾ ਕਰਦਿਆਂ ਆਪਣੀਆਂ ਕਾਮਯਾਬੀਆਂ ਜਾਂ ਯਹੋਵਾਹ ਦੀ ਸੇਵਾ ਵਿਚ ਮਿਲੇ ਆਪਣੇ ਖ਼ਾਸ ਸਨਮਾਨਾਂ ਤੇ ਸ਼ੇਖ਼ੀ ਮਾਰਨ ਨਾਲ ਆਪਣਾ ਹੀ ਨੁਕਸਾਨ ਹੁੰਦਾ ਹੈ। (ਕਹਾਉਤਾਂ 14:16) ਅਸੀਂ ਪਤਰਸ ਰਸੂਲ ਦੀ ਮਿਸਾਲ ਚੇਤੇ ਕਰ ਸਕਦੇ ਹਾਂ ਕਿ ਉਸ ਨਾਲ ਕੀ ਹੋਇਆ ਸੀ ਜਦੋਂ ਉਸ ਨੇ ਘੜੀ-ਪਲ ਲਈ ਆਪਣੇ ਆਪ ਉੱਤੇ ਕੁਝ ਜ਼ਿਆਦਾ ਹੀ ਭਰੋਸਾ ਕਰਦਿਆਂ ਸ਼ੇਖ਼ੀ ਮਾਰੀ ਸੀ: ‘ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਹੀਂ ਖਾਵਾਂਗਾ। ਭਾਵੇਂ ਤੇਰੇ ਨਾਲ ਮੈਨੂੰ ਮਰਨਾ ਭੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ।’ ਦਰਅਸਲ ਸਾਡੇ ਕੋਲ ਕੁਝ ਵੀ ਨਹੀਂ ਹੈ ਜਿਸ ਉੱਤੇ ਅਸੀਂ ਸ਼ੇਖ਼ੀ ਮਾਰ ਸਕੀਏ। ਸਾਡੇ ਕੋਲ ਜੋ ਕੁਝ ਵੀ ਹੈ, ਉਹ ਯਹੋਵਾਹ ਦੀ ਦਿਆਲਤਾ ਦੇ ਕਾਰਨ ਹੀ ਸਾਨੂੰ ਮਿਲਿਆ ਹੈ। ਇਹ ਗੱਲ ਚੇਤੇ ਰੱਖਣ ਨਾਲ ਅਸੀਂ ਘਮੰਡੀ ਨਹੀਂ ਬਣਾਂਗੇ।—ਮੱਤੀ 26:33-35, 69-75.

18. ਘਮੰਡ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ?

18 ਅਸੀਂ ਪੜ੍ਹਦੇ ਹਾਂ: “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।” ਕਿਉਂ? ਯਹੋਵਾਹ ਜਵਾਬ ਦਿੰਦਾ ਹੈ: ‘ਘੁਮੰਡ ਤੇ ਹੰਕਾਰ ਨਾਲ ਮੈਂ ਵੈਰ ਰੱਖਦਾ ਹਾਂ।’ (ਕਹਾਉਤਾਂ 8:13; 16:18) ਅੱਸ਼ੂਰ ਦੇ ਰਾਜੇ ਦੀ ਮਿਸਾਲ ਉੱਤੇ ਗੌਰ ਕਰੋ। ਉਸ ਦੇ ‘ਘੁਮੰਡੀ ਦਿਲ ਦੀ ਕਰਨੀ ਅਤੇ ਉਸ ਦੀਆਂ ਉੱਚੀਆਂ ਅੱਖਾਂ ਦੀ ਸ਼ਾਨ’ ਕਾਰਨ ਯਹੋਵਾਹ ਉਸ ਨਾਲ ਗੁੱਸੇ ਹੋਇਆ ਸੀ। (ਯਸਾਯਾਹ 10:12) ਇਸ ਘਮੰਡ ਦੀ ਯਹੋਵਾਹ ਨੇ ਉਸ ਨੂੰ ਸਜ਼ਾ ਦਿੱਤੀ। ਉਸੇ ਤਰ੍ਹਾਂ ਜਲਦੀ ਇਸ ਦੁਨੀਆਂ ਦੇ ਮਨੁੱਖੀ ਆਗੂਆਂ ਦੇ ਨਾਲ-ਨਾਲ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਨੂੰ ਸਜ਼ਾ ਦਿੱਤੀ ਜਾਵੇਗੀ। ਹਾਂ, ਸ਼ਤਾਨ ਦੀ ਪੂਰੀ ਦੁਨੀਆਂ ਦਾ ਨਿਆਂ ਕੀਤਾ ਜਾਵੇਗਾ। ਆਓ ਆਪਾਂ ਕਦੇ ਵੀ ਯਹੋਵਾਹ ਦੇ ਜ਼ਿੱਦੀ ਦੁਸ਼ਮਣਾਂ ਦੀ ਰੀਸ ਨਾ ਕਰੀਏ!

19. ਪਰਮੇਸ਼ੁਰ ਦੇ ਲੋਕ ਕਿਸ ਗੱਲ ਤੇ ਮਾਣ ਕਰਦੇ ਹਨ, ਪਰ ਇਸ ਦੇ ਨਾਲ ਹੀ ਨਿਮਰ ਕਿਉਂ ਰਹਿੰਦੇ ਹਨ?

19 ਸੱਚੇ ਮਸੀਹੀ ਮਾਣ ਨਾਲ ਸਿਰ ਉੱਚਾ ਕਰ ਸਕਦੇ ਹਨ ਕਿ ਉਹ ਯਹੋਵਾਹ ਦੇ ਸੇਵਕ ਹਨ। (ਯਿਰਮਿਯਾਹ 9:24) ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਨਿਮਰ ਹੋਣ ਦੀ ਲੋੜ ਹੈ। ਕਿਉਂ? ਕਿਉਂਕਿ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਇਸ ਲਈ ਯਹੋਵਾਹ ਦੇ ਸੇਵਕ ਬਣੇ ਰਹਿਣ ਲਈ ਸਾਨੂੰ ਪੌਲੁਸ ਰਸੂਲ ਦਾ ਰਵੱਈਆ ਅਪਣਾਉਣਾ ਚਾਹੀਦਾ ਹੈ। ਉਸ ਨੇ ਕਿਹਾ ਸੀ: “ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ।” ਅੱਗੇ ਉਸ ਨੇ ਕਿਹਾ: “ਜਿਨ੍ਹਾਂ ਵਿੱਚੋਂ ਮਹਾਂ ਪਾਪੀ ਮੈਂ ਹਾਂ।”—1 ਤਿਮੋਥਿਉਸ 1:15.

20. ਹੁਣ ਯਹੋਵਾਹ ਆਪਣੇ ਲੋਕਾਂ ਦੀ ਰੱਖਿਆ ਕਿਵੇਂ ਕਰਦਾ ਹੈ ਅਤੇ ਭਵਿੱਖ ਵਿਚ ਕਿਵੇਂ ਕਰੇਗਾ?

20 ਯਹੋਵਾਹ ਦੇ ਲੋਕ ਆਪਣੀਆਂ ਨਿੱਜੀ ਖ਼ਾਹਸ਼ਾਂ ਨੂੰ ਪਹਿਲ ਦੇਣ ਦੀ ਬਜਾਇ ਪਰਮੇਸ਼ੁਰੀ ਗੱਲਾਂ ਨੂੰ ਪਹਿਲ ਦਿੰਦੇ ਹਨ। ਇਸ ਲਈ ਅਸੀਂ ਭਰੋਸਾ ਕਰ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਦਾ ਰਹੇਗਾ ਤਾਂਕਿ ਉਹ ਵਫ਼ਾਦਾਰ ਰਹਿ ਸਕਣ। ਅਸੀਂ ਇਹ ਵੀ ਭਰੋਸਾ ਰੱਖ ਸਕਦੇ ਹਾਂ ਕਿ ਵੱਡਾ ਕਸ਼ਟ ਆਉਣ ਤੇ ਯਹੋਵਾਹ ਨਾ ਸਿਰਫ਼ ਆਪਣੇ ਲੋਕਾਂ ਨੂੰ ਅਧਿਆਤਮਿਕ ਤੌਰ ਤੇ ਬਚਾਵੇਗਾ ਸਗੋਂ ਉਨ੍ਹਾਂ ਦੀ ਜਾਨ ਵੀ ਬਚਾਵੇਗਾ। ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜਾਣ ਤੇ ਉਹ ਖ਼ੁਸ਼ੀ ਨਾਲ ਕਹਿ ਉੱਠਣਗੇ: “ਵੇਖੋ, ਏਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਤੇ ਉਹ ਸਾਨੂੰ ਬਚਾਵੇਗਾ—ਏਹ ਯਹੋਵਾਹ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।”—ਯਸਾਯਾਹ 25:9.

ਕੀ ਤੁਹਾਨੂੰ ਯਾਦ ਹੈ?

• ਰਾਜਾ ਦਾਊਦ ਅਤੇ ਯਿਸੂ ਮਸੀਹ ਦੀ ਰੱਖਿਆ ਕਿਵੇਂ ਕੀਤੀ ਗਈ ਸੀ?

• ਅੱਜ ਯਹੋਵਾਹ ਦੇ ਲੋਕਾਂ ਦੀ ਰੱਖਿਆ ਕਿਵੇਂ ਕੀਤੀ ਜਾਂਦੀ ਹੈ?

• ਸਾਨੂੰ ਖ਼ੁਦਗਰਜ਼ ਕਿਉਂ ਨਹੀਂ ਬਣਨਾ ਚਾਹੀਦਾ?

• ਅਸੀਂ ਕਿਸ ਗੱਲ ਤੇ ਮਾਣ ਕਰ ਸਕਦੇ ਹਾਂ ਤੇ ਇਸ ਦੇ ਨਾਲ ਹੀ ਨਿਮਰ ਰਹਿ ਸਕਦੇ ਹਾਂ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਯਹੋਵਾਹ ਨੇ ਦਾਊਦ ਅਤੇ ਯਿਸੂ ਦੀ ਰੱਖਿਆ ਕਿਵੇਂ ਕੀਤੀ ਸੀ?

[ਸਫ਼ੇ 10, 11 ਉੱਤੇ ਤਸਵੀਰਾਂ]

ਅੱਜ ਪਰਮੇਸ਼ੁਰ ਦੇ ਲੋਕ ਅਧਿਆਤਮਿਕ ਤੌਰ ਤੇ ਕਿਵੇਂ ਬਚਾਏ ਜਾਂਦੇ ਹਨ?

[ਸਫ਼ੇ 12 ਉੱਤੇ ਤਸਵੀਰਾਂ]

ਭਾਵੇਂ ਅਸੀਂ ਯਹੋਵਾਹ ਦੀ ਸੇਵਾ ਕਰਨ ਵਿਚ ਮਾਣ ਮਹਿਸੂਸ ਕਰਦੇ ਹਾਂ, ਪਰ ਸਾਨੂੰ ਹਮੇਸ਼ਾ ਨਿਮਰ ਰਹਿਣਾ ਚਾਹੀਦਾ ਹੈ