Skip to content

Skip to table of contents

ਯਹੋਵਾਹ ਦੇ ਈਮਾਨਦਾਰ ਲੋਕ ਉਸ ਦਾ ਨਾਂ ਰੌਸ਼ਨ ਕਰਦੇ ਹਨ

ਯਹੋਵਾਹ ਦੇ ਈਮਾਨਦਾਰ ਲੋਕ ਉਸ ਦਾ ਨਾਂ ਰੌਸ਼ਨ ਕਰਦੇ ਹਨ

ਰਾਜ ਘੋਸ਼ਕ ਰਿਪੋਰਟ ਕਰਦੇ ਹਨ

ਯਹੋਵਾਹ ਦੇ ਈਮਾਨਦਾਰ ਲੋਕ ਉਸ ਦਾ ਨਾਂ ਰੌਸ਼ਨ ਕਰਦੇ ਹਨ

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ, ਨਿਆਣੇ-ਸਿਆਣੇ ਸਾਰੇ ਆਪਣੀ ਈਮਾਨਦਾਰੀ ਲਈ ਜਾਣੇ ਜਾਂਦੇ ਹਨ। ਆਓ ਆਪਾਂ ਵੱਖ-ਵੱਖ ਦੇਸ਼ਾਂ ਤੋਂ ਤਿੰਨ ਉਦਾਹਰਣਾਂ ਵੱਲ ਧਿਆਨ ਦੇਈਏ।

ਪਹਿਲੀ ਉਦਾਹਰਣ ਨਾਈਜੀਰੀਆ ਵਿਚ ਰਹਿਣ ਵਾਲੀ 17 ਸਾਲਾਂ ਦੀ ਓਲੂਸੋਲਾ ਦੀ ਹੈ। ਇਕ ਦਿਨ ਓਲੂਸੋਲਾ ਸਕੂਲੋਂ ਘਰ ਵਾਪਸ ਜਾ ਰਹੀ ਸੀ ਅਤੇ ਉਸ ਨੂੰ ਰਾਹ ਵਿਚ ਪਿਆ ਬਟੂਆ ਮਿਲਿਆ। ਓਲੂਸੋਲਾ ਨੇ ਬਟੂਆ ਸਕੂਲ ਦੇ ਪ੍ਰਿੰਸੀਪਲ ਨੂੰ ਲੈ ਜਾ ਕੇ ਦੇ ਦਿੱਤਾ। ਪ੍ਰਿੰਸੀਪਲ ਨੇ ਪੈਸੇ ਗਿਣੇ, ਤਾਂ ਬਟੂਏ ਵਿੱਚੋਂ 6,200 ਨੇਰੇ (ਤਕਰੀਬਨ 2,000 ਰੁਪਏ) ਨਿਕਲੇ। ਬਟੂਆ ਸਕੂਲ ਦੇ ਕਿਸੇ ਅਧਿਆਪਕ ਦਾ ਸੀ ਅਤੇ ਬਟੂਆ ਵਾਪਸ ਮਿਲਣ ਤੇ ਉਹ ਬਹੁਤ ਖ਼ੁਸ਼ ਹੋਇਆ। ਉਸ ਨੇ ਓਲੂਸੋਲਾ ਨੂੰ ਇਨਾਮ ਵਜੋਂ 1,000 ਨੇਰੇ (ਤਕਰੀਬਨ 300 ਰੁਪਏ) ਦਿੱਤੇ ਅਤੇ ਉਸ ਨੂੰ ਕਿਹਾ ‘ਇਸ ਨਾਲ ਤੂੰ ਆਪਣੀ ਸਕੂਲ ਦੀ ਫ਼ੀਸ ਭਰਦੇ।’ ਜਦ ਦੂਸਰਿਆਂ ਬੱਚਿਆਂ ਨੂੰ ਪਤਾ ਲੱਗਾ ਕਿ ਓਲੂਸੋਲਾ ਨੇ ਕੀ ਕੀਤਾ, ਤਾਂ ਉਨ੍ਹਾਂ ਨੇ ਉਸ ਦਾ ਬਹੁਤ ਮਜ਼ਾਕ ਉਡਾਇਆ। ਫਿਰ ਕੁਝ ਹੀ ਹਫ਼ਤੇ ਬਾਅਦ ਕਿਸੇ ਦੂਸਰੇ ਬੱਚੇ ਦੇ ਪੈਸੇ ਚੁਰਾਏ ਗਏ ਸਨ ਅਤੇ ਸਾਰੇ ਅਧਿਆਪਕਾਂ ਨੂੰ ਬੱਚਿਆਂ ਦੀ ਤਲਾਸ਼ੀ ਲੈਣ ਲਈ ਕਿਹਾ ਗਿਆ। ਪਰ ਜਦ ਓਲੂਸੋਲਾ ਦੀ ਵਾਰੀ ਆਈ, ਤਾਂ ਅਧਿਆਪਕ ਨੇ ਉਸ ਨੂੰ ਕਿਹਾ: “ਤੂੰ ਇੱਥੇ ਖੜ੍ਹੀ ਰਹਿ। ਮੈਨੂੰ ਪਤਾ ਹੈ ਕਿ ਤੂੰ ਕਦੇ ਚੋਰੀ ਨਹੀਂ ਕਰ ਸਕਦੀ ਕਿਉਂਕਿ ਤੂੰ ਯਹੋਵਾਹ ਦੀ ਗਵਾਹ ਹੈਂ।” ਪੈਸੇ ਦੋ ਮੁੰਡਿਆਂ ਕੋਲੋਂ ਨਿਕਲੇ ਜਿਨ੍ਹਾਂ ਨੇ ਓਲੂਸੋਲਾ ਦਾ ਮਜ਼ਾਕ ਉਡਾਇਆ ਸੀ ਤੇ ਉਨ੍ਹਾਂ ਦੋਹਾਂ ਨੂੰ ਸਖ਼ਤ ਸਜ਼ਾ ਮਿਲੀ। ਓਲੂਸੋਲਾ ਦੱਸਦੀ ਹੈ: “ਇਸ ਗੱਲ ਤੋਂ ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਮੈਂ ਯਹੋਵਾਹ ਦਾ ਨਾਂ ਰੌਸ਼ਨ ਕਰ ਸਕੀ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਯਹੋਵਾਹ ਦੀ ਗਵਾਹ ਹੋਣ ਦੇ ਨਾਤੇ ਮੈਂ ਕਦੇ ਚੋਰੀ ਨਹੀਂ ਕਰਾਂਗੀ।”

ਦੂਜੀ ਉਦਾਹਰਣ ਮਾਰਸਲੋ ਦੀ ਹੈ ਜੋ ਅਰਜਨਟੀਨਾ ਦਾ ਰਹਿਣ ਵਾਲਾ ਹੈ। ਇਕ ਦਿਨ ਘਰੋਂ ਨਿਕਲਦੇ ਹੋਏ ਮਾਰਸਲੋ ਨੂੰ ਆਪਣੇ ਦਰਵਾਜ਼ੇ ਦੇ ਲਾਗੇ ਹੀ ਇਕ ਬ੍ਰੀਫ-ਕੇਸ ਮਿਲਿਆ। ਮਾਰਸਲੋ ਬ੍ਰੀਫ-ਕੇਸ ਅੰਦਰ ਲੈ ਗਿਆ ਅਤੇ ਆਪਣੀ ਪਤਨੀ ਨਾਲ ਉਸ ਨੂੰ ਖੋਲ੍ਹ ਕੇ ਦੇਖਿਆ। ਉਹ ਦੋਨੋਂ ਬ੍ਰੀਫ-ਕੇਸ ਵਿਚ ਵੱਡੀ ਰਕਮ, ਕ੍ਰੈਡਿਟ ਕਾਰਡ ਅਤੇ ਕਈ ਸਾਈਨ ਕੀਤੇ ਗਏ ਚੈੱਕ ਪਾ ਕੇ ਬੜੇ ਹੈਰਾਨ ਹੋਏ। ਇਕ ਚੈੱਕ ਤਾਂ ਦੱਸ ਲੱਖ ਪੇਸੋਸ (1 ਕਰੋੜ 60 ਲੱਖ ਰੁਪਏ) ਦਾ ਸੀ। ਬ੍ਰੀਫ-ਕੇਸ ਵਿੱਚੋਂ ਉਨ੍ਹਾਂ ਨੂੰ ਇਕ ਬਿਲ ਵੀ ਮਿਲਿਆ ਜਿਸ ਤੇ ਇਕ ਟੈਲੀਫ਼ੋਨ ਨੰਬਰ ਸੀ। ਉਨ੍ਹਾਂ ਨੇ ਨੰਬਰ ਲਗਾਇਆ ਤੇ ਬ੍ਰੀਫ-ਕੇਸ ਦੇ ਮਾਲਕ ਨਾਲ ਗੱਲ ਕੀਤੀ। ਮਾਰਸਲੋ ਨੇ ਉਸ ਨੂੰ ਬ੍ਰੀਫ-ਕੇਸ ਵਾਪਸ ਕਰਨ ਲਈ ਆਪਣੀ ਕੰਮ ਦੀ ਜਗ੍ਹਾ ਤੇ ਬੁਲਾਇਆ। ਜਦ ਉਹ ਆਦਮੀ ਉੱਥੇ ਪਹੁੰਚਿਆ, ਤਾਂ ਉਹ ਬਹੁਤ ਹੀ ਪਰੇਸ਼ਾਨ ਲੱਗ ਰਿਹਾ ਸੀ। ਮਾਰਸਲੋ ਦੇ ਮਾਲਕ ਨੇ ਉਸ ਨੂੰ ਕਿਹਾ ਕਿ ਉਸ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਮਾਰਸਲੋ ਯਹੋਵਾਹ ਦਾ ਗਵਾਹ ਸੀ। ਉਸ ਆਦਮੀ ਨੇ ਇਨਾਮ ਵਜੋਂ ਮਾਰਸਲੋ ਨੂੰ ਸਿਰਫ਼ 20 ਪੇਸੋਸ ਦਿੱਤੇ। ਇਹ ਦੇਖ ਕੇ ਮਾਰਸਲੋ ਦੇ ਮਾਲਕ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹ ਮਾਰਸਲੋ ਦੀ ਈਮਾਨਦਾਰੀ ਦੇਖ ਕੇ ਬਹੁਤ ਖ਼ੁਸ਼ ਹੋਇਆ ਸੀ। ਪਰ ਮਾਰਸਲੋ ਨੂੰ ਉਸ ਨੂੰ ਇਹ ਸਮਝਾਉਣ ਦਾ ਮੌਕਾ ਮਿਲਿਆ ਕਿ ਯਹੋਵਾਹ ਦੇ ਗਵਾਹ ਵਜੋਂ ਉਹ ਹਰ ਗੱਲ ਵਿਚ ਈਮਾਨਦਾਰ ਬਣਨਾ ਚਾਹੁੰਦਾ ਸੀ।

ਤੀਜੀ ਉਦਾਹਰਣ ਕਿਰਗਿਜ਼ਸਤਾਨ ਤੋਂ ਹੈ। ਇਹ 6 ਸਾਲਾਂ ਦੇ ਰਿਨਾਟ ਦੀ ਹੈ ਜਿਸ ਨੂੰ ਇਕ ਔਰਤ ਦਾ ਬਟੂਆ ਲੱਭਿਆ ਸੀ। ਇਹ ਔਰਤ ਰਿਨਾਟ ਦੇ ਘਰ ਦੇ ਲਾਗੇ ਹੀ ਰਹਿੰਦੀ ਸੀ। ਬਟੂਏ ਵਿਚ 1,100 ਸੋਮ (ਤਕਰੀਬਨ 1,100 ਰੁਪਏ) ਸਨ। ਜਦ ਰਿਨਾਟ ਨੇ ਬਟੂਆ ਵਾਪਸ ਕੀਤਾ, ਤਾਂ ਉਸ ਔਰਤ ਨੇ ਪੈਸੇ ਗਿਣ ਕੇ ਰਿਨਾਟ ਦੀ ਮਾਂ ਨੂੰ ਕਿਹਾ ਕਿ ਉਸ ਵਿਚ 200 ਸੋਮ (200 ਰੁਪਏ) ਘੱਟ ਸਨ। ਰਿਨਾਟ ਨੇ ਕਿਹਾ ਕਿ ਉਸ ਨੇ ਪੈਸੇ ਨਹੀਂ ਲਏ ਸਨ। ਗੱਲ ਸੁਲਝਾਉਣ ਲਈ ਸਾਰੇ ਉਸ ਜਗ੍ਹਾ ਨੂੰ ਗਏ ਜਿੱਥੇ ਰਿਨਾਟ ਨੂੰ ਬਟੂਆ ਲੱਭਿਆ ਸੀ, ਤਾਂ ਲਓ ਪੈਸੇ ਉੱਥੇ ਹੀ ਜ਼ਮੀਨ ਤੇ ਡਿਗੇ ਹੋਏ ਸਨ। ਔਰਤ ਤਾਂ ਹੱਕੀ-ਬੱਕੀ ਰਹਿ ਗਈ। ਉਸ ਨੇ ਰਿਨਾਟ ਅਤੇ ਉਸ ਦੀ ਮਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਸਿਰਫ਼ ਇਸ ਗੱਲ ਲਈ ਨਹੀਂ ਕਿ ਉਨ੍ਹਾਂ ਨੇ ਉਸ ਨੂੰ ਬਟੂਆ ਵਾਪਸ ਕੀਤਾ, ਪਰ ਇਸ ਗੱਲ ਦਾ ਵੀ ਕਿ ਰਿਨਾਟ ਨੂੰ ਇਕ ਮਸੀਹੀ ਬਣਨ ਵਿਚ ਕਿੰਨੀ ਚੰਗੀ ਤਾਲੀਮ ਦਿੱਤੀ ਜਾ ਰਹੀ ਸੀ।