Skip to content

Skip to table of contents

ਸਿਰਫ਼ ਕੰਮਾਂ ਕਾਰਨ ਹੀ ਨਹੀਂ, ਕਿਰਪਾ ਕਾਰਨ ਵੀ ਬਚਾਏ ਗਏ

ਸਿਰਫ਼ ਕੰਮਾਂ ਕਾਰਨ ਹੀ ਨਹੀਂ, ਕਿਰਪਾ ਕਾਰਨ ਵੀ ਬਚਾਏ ਗਏ

ਸਿਰਫ਼ ਕੰਮਾਂ ਕਾਰਨ ਹੀ ਨਹੀਂ, ਕਿਰਪਾ ਕਾਰਨ ਵੀ ਬਚਾਏ ਗਏ

‘ਤੁਸੀਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਕਰਨੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਭਈ ਕੋਈ ਘੁਮੰਡ ਕਰੇ।’—ਅਫ਼ਸੀਆਂ 2:8, 9.

1. ਨਿੱਜੀ ਕਾਮਯਾਬੀਆਂ ਦੇ ਮਾਮਲੇ ਵਿਚ ਮਸੀਹੀ ਹੋਰਨਾਂ ਲੋਕਾਂ ਨਾਲੋਂ ਕਿਵੇਂ ਅਲੱਗ ਹਨ ਤੇ ਕਿਉਂ?

ਲੋਕਾਂ ਨੂੰ ਅੱਜ ਆਪਣੀਆਂ ਕਾਮਯਾਬੀਆਂ ਤੇ ਬਹੁਤ ਘਮੰਡ ਹੈ ਤੇ ਉਹ ਅਕਸਰ ਸ਼ੇਖ਼ੀਆਂ ਮਾਰਦੇ ਹਨ। ਪਰ ਮਸੀਹੀ ਇਸ ਤਰ੍ਹਾਂ ਨਹੀਂ ਕਰਦੇ। ਉਹ ਆਪਣੀਆਂ ਕਾਮਯਾਬੀਆਂ ਤੇ ਇੰਨਾ ਜ਼ੋਰ ਨਹੀਂ ਦਿੰਦੇ। ਉਹ ਤਾਂ ਪਰਮੇਸ਼ੁਰ ਦੀ ਸੇਵਾ ਵਿਚ ਮਿਲੀਆਂ ਕਾਮਯਾਬੀਆਂ ਤੇ ਵੀ ਸ਼ੇਖ਼ੀ ਨਹੀਂ ਮਾਰਦੇ। ਉਹ ਯਹੋਵਾਹ ਦੇ ਤਮਾਮ ਲੋਕਾਂ ਦੁਆਰਾ ਕੀਤੇ ਕੰਮਾਂ ਬਾਰੇ ਸੁਣ ਕੇ ਬਹੁਤ ਖ਼ੁਸ਼ ਹੁੰਦੇ ਹਨ, ਪਰ ਇਨ੍ਹਾਂ ਕੰਮਾਂ ਵਿਚ ਪਾਏ ਆਪਣੇ ਖ਼ੁਦ ਦੇ ਯੋਗਦਾਨ ਤੇ ਫੜ੍ਹਾਂ ਨਹੀਂ ਮਾਰਦੇ। ਉਹ ਮੰਨਦੇ ਹਨ ਕਿ ਯਹੋਵਾਹ ਦੀ ਸੇਵਾ ਵਿਚ ਉਨ੍ਹਾਂ ਨੂੰ ਮਿਲੀਆਂ ਕਾਮਯਾਬੀਆਂ ਇੰਨੀ ਅਹਿਮੀਅਤ ਨਹੀਂ ਰੱਖਦੀਆਂ ਜਿੰਨੀ ਇਨ੍ਹਾਂ ਕਾਮਯਾਬੀਆਂ ਨੂੰ ਹਾਸਲ ਕਰਨ ਦੇ ਸਹੀ ਮਨੋਰਥ ਰੱਖਦੇ ਹਨ। ਇਸ ਲਈ ਨਵੀਂ ਦੁਨੀਆਂ ਵਿਚ ਜਿਸ ਕਿਸੇ ਨੂੰ ਵੀ ਸਦਾ ਦੀ ਜ਼ਿੰਦਗੀ ਮਿਲੇਗੀ, ਉਹ ਉਸ ਨੂੰ ਆਪਣੀਆਂ ਕਾਮਯਾਬੀਆਂ ਕਰਕੇ ਨਹੀਂ ਬਲਕਿ ਨਿਹਚਾ ਅਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਕਾਰਨ ਹੀ ਮਿਲੇਗੀ।—ਲੂਕਾ 17:10; ਯੂਹੰਨਾ 3:16.

2, 3. ਪੌਲੁਸ ਨੂੰ ਕਿਸ ਗੱਲ ਤੇ ਮਾਣ ਸੀ ਤੇ ਕਿਉਂ?

2 ਪੌਲੁਸ ਰਸੂਲ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਆਪਣੇ ‘ਸਰੀਰ ਵਿੱਚ ਚੁੱਭੇ ਕੰਡੇ’ ਤੋਂ ਰਾਹਤ ਪਾਉਣ ਲਈ ਯਹੋਵਾਹ ਨੂੰ ਤਿੰਨ ਵਾਰ ਪ੍ਰਾਰਥਨਾ ਕੀਤੀ ਸੀ। ਯਹੋਵਾਹ ਨੇ ਪੌਲੁਸ ਨੂੰ ਜਵਾਬ ਦਿੱਤਾ: “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” ਪੌਲੁਸ ਨੇ ਨਿਮਰਤਾ ਨਾਲ ਯਹੋਵਾਹ ਦਾ ਫ਼ੈਸਲਾ ਕਬੂਲ ਕਰ ਕੇ ਕਿਹਾ: “ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅੱਤ ਅਨੰਦ ਨਾਲ ਅਭਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਯਾ ਕਰੇ।” ਸਾਨੂੰ ਵੀ ਪੌਲੁਸ ਦਾ ਇਹ ਨਿਮਰ ਰਵੱਈਆ ਅਪਣਾਉਣਾ ਚਾਹੀਦਾ ਹੈ।—2 ਕੁਰਿੰਥੀਆਂ 12:7-9.

3 ਪੌਲੁਸ ਪਰਮੇਸ਼ੁਰ ਦੀ ਸੇਵਾ ਵਿਚ ਵੱਡੇ-ਵੱਡੇ ਕੰਮ ਕਰਦਾ ਸੀ, ਪਰ ਉਹ ਜਾਣਦਾ ਸੀ ਕਿ ਉਸ ਨੂੰ ਜੋ ਵੀ ਕਾਮਯਾਬੀਆਂ ਮਿਲੀਆਂ ਸਨ, ਉਹ ਉਸ ਨੇ ਆਪਣੀਆਂ ਕਾਬਲੀਅਤਾਂ ਕਰਕੇ ਹਾਸਲ ਨਹੀਂ ਕੀਤੀਆਂ ਸਨ। ਉਸ ਨੇ ਨਿਮਰਤਾ ਨਾਲ ਕਿਹਾ: “ਮੇਰੇ ਉੱਤੇ ਜੋ ਸਾਰਿਆਂ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ ਇਹ ਕਿਰਪਾ ਹੋਈ ਭਈ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਣਲੱਭ ਧਨ ਦੀ ਖੁਸ਼ ਖਬਰੀ ਸੁਣਾਵਾਂ।” (ਅਫ਼ਸੀਆਂ 3:8) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਨਾ ਤਾਂ ਸ਼ੇਖ਼ੀਆਂ ਮਾਰਦਾ ਸੀ ਤੇ ਨਾ ਹੀ ਘਮੰਡ ਨਾਲ ਫੁੱਲ ਕੇ ਆਪਣੇ ਆਪ ਨੂੰ ਜ਼ਿਆਦਾ ਧਰਮੀ ਸਮਝਦਾ ਸੀ। “ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ।” (ਯਾਕੂਬ 4:6; 1 ਪਤਰਸ 5:5) ਕੀ ਅਸੀਂ ਪੌਲੁਸ ਦੀ ਤਰ੍ਹਾਂ ਨਿਮਰਤਾ ਨਾਲ ਖ਼ੁਦ ਨੂੰ ਆਪਣੇ ਭਰਾਵਾਂ ਤੋਂ ਨੀਵਾਂ ਸਮਝਦੇ ਹਾਂ?

“ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ”

4. ਦੂਸਰਿਆਂ ਨੂੰ ਆਪਣੇ ਤੋਂ ਉੱਤਮ ਸਮਝਣਾ ਕਦੇ-ਕਦੇ ਸਾਡੇ ਲਈ ਮੁਸ਼ਕਲ ਕਿਉਂ ਹੋ ਸਕਦਾ ਹੈ?

4 ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ: “ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।” (ਫ਼ਿਲਿੱਪੀਆਂ 2:3) ਇਸ ਤਰ੍ਹਾਂ ਕਰਨਾ ਸਾਡੇ ਲਈ ਸ਼ਾਇਦ ਮੁਸ਼ਕਲ ਹੋ ਸਕਦਾ ਹੈ ਜੇ ਅਸੀਂ ਕਿਸੇ ਉੱਚੀ ਪਦਵੀ ਤੇ ਹਾਂ। ਇਹ ਮੁਸ਼ਕਲ ਸ਼ਾਇਦ ਇਸ ਲਈ ਆਉਂਦੀ ਹੈ ਕਿਉਂਕਿ ਇਸ ਦੁਨੀਆਂ ਵਿਚ ਹੁੰਦੀ ਮੁਕਾਬਲੇਬਾਜ਼ੀ ਦਾ ਕੁਝ ਹੱਦ ਤਕ ਸਾਡੇ ਤੇ ਵੀ ਅਸਰ ਹੈ। ਹੋ ਸਕਦਾ ਹੈ ਕਿ ਬਚਪਨ ਵਿਚ ਸਾਨੂੰ ਸਿਖਾਇਆ ਗਿਆ ਸੀ ਕਿ ਸਾਨੂੰ ਘਰ ਵਿਚ ਆਪਣੇ ਭੈਣਾਂ-ਭਰਾਵਾਂ ਜਾਂ ਸਕੂਲ ਵਿਚ ਆਪਣੇ ਸਹਿਪਾਠੀਆਂ ਤੋਂ ਅੱਗੇ ਨਿਕਲਣਾ ਚਾਹੀਦਾ ਹੈ। ਸਾਡੇ ਤੇ ਸ਼ਾਇਦ ਵਾਰ-ਵਾਰ ਜ਼ੋਰ ਪਾਇਆ ਗਿਆ ਹੋਵੇ ਕਿ ਸਾਨੂੰ ਸਕੂਲ ਦੇ ਸਭ ਤੋਂ ਵਧੀਆ ਖਿਡਾਰੀ ਜਾਂ ਵਿਦਿਆਰਥੀ ਬਣਨ ਦਾ ਮਾਣ ਹਾਸਲ ਕਰਨਾ ਚਾਹੀਦਾ ਹੈ। ਕਿਸੇ ਵੀ ਚੰਗੇ ਕੰਮ ਵਿਚ ਜੀ-ਜਾਨ ਲਾ ਕੇ ਮਿਹਨਤ ਕਰਨੀ ਬਹੁਤ ਚੰਗੀ ਗੱਲ ਹੈ। ਪਰ ਮਸੀਹੀ ਇੰਨੀ ਮਿਹਨਤ ਇਸ ਲਈ ਨਹੀਂ ਕਰਦੇ ਕਿ ਉਹ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣ, ਸਗੋਂ ਉਹ ਉਸ ਕੰਮ ਤੋਂ ਪੂਰਾ-ਪੂਰਾ ਫ਼ਾਇਦਾ ਲੈਣ ਅਤੇ ਸ਼ਾਇਦ ਦੂਸਰਿਆਂ ਨੂੰ ਵੀ ਫ਼ਾਇਦਾ ਪਹੁੰਚਾਉਣ ਲਈ ਕਰਦੇ ਹਨ। ਪਰ ਹਮੇਸ਼ਾ ਨੰਬਰ ਵਨ ਬਣਨ ਦੀ ਖ਼ਾਹਸ਼ ਰੱਖਣੀ ਖ਼ਤਰਨਾਕ ਹੋ ਸਕਦੀ ਹੈ। ਉਹ ਕਿਵੇਂ?

5. ਮੁਕਾਬਲੇਬਾਜ਼ੀ ਦੀ ਭਾਵਨਾ ਤੇ ਕਾਬੂ ਨਾ ਪਾਉਣ ਦਾ ਕੀ ਨਤੀਜਾ ਨਿਕਲ ਸਕਦਾ ਹੈ?

5 ਜਿਹੜਾ ਬੰਦਾ ਮੁਕਾਬਲੇਬਾਜ਼ੀ ਜਾਂ ਘਮੰਡ ਤੇ ਕਾਬੂ ਨਹੀਂ ਪਾਉਂਦਾ, ਉਹ ਬਦਤਮੀਜ਼ ਤੇ ਹੰਕਾਰੀ ਬਣ ਸਕਦਾ ਹੈ। ਉਹ ਦੂਜਿਆਂ ਦੀਆਂ ਕਾਬਲੀਅਤਾਂ ਅਤੇ ਉਨ੍ਹਾਂ ਨੂੰ ਮਿਲੇ ਸਨਮਾਨਾਂ ਕਾਰਨ ਅੰਦਰੋਂ-ਅੰਦਰੀਂ ਸੜ-ਭੁੱਜ ਜਾਂਦਾ ਹੈ। ਕਹਾਉਤਾਂ 28:22 ਕਹਿੰਦਾ ਹੈ: “ਲੋਭੀ ਮਨੁੱਖ ਕਾਹਲੀ ਨਾਲ ਧਨ ਦਾ ਪਿੱਛਾ ਕਰਦਾ ਹੈ, ਅਤੇ ਨਹੀਂ ਜਾਣਦਾ ਭਈ ਗਰੀਬੀ ਉਹ ਦੇ ਉੱਤੇ ਆ ਪਵੇਗੀ।” ਉਹ ਗੁਸਤਾਖ਼ੀ ਨਾਲ ਉਨ੍ਹਾਂ ਪਦਵੀਆਂ ਨੂੰ ਹਾਸਲ ਕਰਨਾ ਚਾਹੁੰਦਾ ਹੈ ਜਿਨ੍ਹਾਂ ਦਾ ਉਹ ਹੱਕਦਾਰ ਨਹੀਂ ਹੈ। ਉਹ ਹੋਰਨਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਲਈ ਬੁੜਬੁੜਾਉਂਦਾ ਅਤੇ ਦੂਜਿਆਂ ਦੀ ਨੁਕਤਾਚੀਨੀ ਕਰਦਾ ਹੈ। (ਯਾਕੂਬ 3:14-16) ਇਸ ਤਰ੍ਹਾਂ ਉਹ ਖ਼ੁਦਗਰਜ਼ ਬਣਦਾ ਹੈ।

6. ਮੁਕਾਬਲੇਬਾਜ਼ੀ ਖ਼ਿਲਾਫ਼ ਬਾਈਬਲ ਕੀ ਚੇਤਾਵਨੀ ਦਿੰਦੀ ਹੈ?

6 ਇਸ ਲਈ ਬਾਈਬਲ ਮਸੀਹੀਆਂ ਨੂੰ ਤਾਕੀਦ ਕਰਦੀ ਹੈ: “ਅਸੀਂ ਫੋਕਾ ਘੁਮੰਡ ਨਾ ਕਰੀਏ ਭਈ ਇੱਕ ਦੂਏ ਨੂੰ ਖਿਝਾਈਏ ਅਤੇ ਇੱਕ ਦੂਏ ਨਾਲ ਖਾਰ ਕਰੀਏ।” (ਗਲਾਤੀਆਂ 5:26) ਯੂਹੰਨਾ ਰਸੂਲ ਨੇ ਇਕ ਮਸੀਹੀ ਭਰਾ ਬਾਰੇ ਦੱਸਿਆ ਸੀ ਜੋ ਇਸ ਤਰ੍ਹਾਂ ਦੇ ਰਵੱਈਏ ਦਾ ਸ਼ਿਕਾਰ ਹੋ ਗਿਆ ਸੀ। ਯੂਹੰਨਾ ਨੇ ਕਿਹਾ: “ਮੈਂ ਕਲੀਸਿਯਾ ਨੂੰ ਕੁਝ ਲਿਖਿਆ ਸੀ ਪਰ ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿੱਚੋਂ ਸਿਰ ਕੱਢ ਹੋਣਾ ਚਾਹੁੰਦਾ ਹੈ ਸਾਨੂੰ ਨਹੀਂ ਮੰਨਦਾ। ਇਸ ਕਾਰਨ ਜੇ ਮੈਂ ਆਇਆ ਤਾਂ ਉਹ ਦੇ ਕੰਮ ਜਿਹੜੇ ਉਹ ਕਰਦਾ ਹੈ ਚਿਤਾਰਾਂਗਾ ਕਿ ਉਹ ਬੁਰੀਆਂ ਗੱਲਾਂ ਆਖ ਕੇ ਸਾਡੇ ਵਿਰੁੱਧ ਬਕਦਾ ਹੈ।” ਇਕ ਮਸੀਹੀ ਲਈ ਇਹ ਸੱਚ-ਮੁੱਚ ਸ਼ਰਮ ਦੀ ਗੱਲ ਹੋਵੇਗੀ!—3 ਯੂਹੰਨਾ 9, 10.

7. ਬਿਜ਼ਨਿਸ ਵਿਚ ਇਕ ਮਸੀਹੀ ਕਿਹੜੀਆਂ ਗੱਲਾਂ ਤੋਂ ਦੂਰ ਰਹਿਣਾ ਚਾਹੇਗਾ?

7 ਇਹ ਸੱਚ ਹੈ ਕਿ ਇਕ ਮਸੀਹੀ ਹਰ ਤਰ੍ਹਾਂ ਦੀ ਮੁਕਾਬਲੇਬਾਜ਼ੀ ਤੋਂ ਦੂਰ ਨਹੀਂ ਰਹਿ ਸਕਦਾ। ਮਿਸਾਲ ਲਈ, ਬਿਜ਼ਨਿਸ ਵਿਚ ਉਸ ਨੂੰ ਸ਼ਾਇਦ ਦੂਜੀਆਂ ਕੰਪਨੀਆਂ ਨਾਲ ਮੁਕਾਬਲਾ ਕਰਨਾ ਪਵੇ। ਪਰ ਇਨ੍ਹਾਂ ਹਾਲਾਤਾਂ ਵਿਚ ਵੀ ਇਕ ਮਸੀਹੀ ਦੂਜਿਆਂ ਨਾਲ ਆਦਰ ਤੇ ਪਿਆਰ ਨਾਲ ਪੇਸ਼ ਆਵੇਗਾ ਤੇ ਉਨ੍ਹਾਂ ਦਾ ਲਿਹਾਜ਼ ਕਰੇਗਾ। ਉਹ ਗ਼ੈਰ-ਕਾਨੂੰਨੀ ਜਾਂ ਗ਼ੈਰ-ਮਸੀਹੀ ਕੰਮ ਨਹੀਂ ਕਰੇਗਾ ਅਤੇ ਅਜਿਹਾ ਇਨਸਾਨ ਬਣਨ ਤੋਂ ਦੂਰ ਰਹੇਗਾ ਜੋ ਦੂਸਰੇ ਇਨਸਾਨ ਨੂੰ ਨੋਚ ਕੇ ਖਾ ਜਾਣਾ ਚਾਹੁੰਦਾ ਹੈ। ਉਹ ਇਹ ਨਹੀਂ ਸੋਚੇਗਾ ਕਿ ਹਰ ਹਾਲ ਵਿਚ ਨੰਬਰ ਵਨ ਬਣਨਾ ਹੀ ਉਸ ਦੀ ਜ਼ਿੰਦਗੀ ਦਾ ਮੁੱਖ ਮਕਸਦ ਹੈ। ਉਸੇ ਤਰ੍ਹਾਂ ਮਸੀਹੀਆਂ ਨੂੰ ਵੀ ਕਲੀਸਿਯਾ ਵਿਚ ਦੂਸਰਿਆਂ ਤੋਂ ਅੱਗੇ ਨਿਕਲਣ ਦੀ ਹੋੜ ਨਹੀਂ ਲਗਾਉਣੀ ਚਾਹੀਦੀ।

‘ਹੋਰਨਾਂ ਲੋਕਾਂ ਨਾਲ ਆਪਣੀ ਤੁਲਨਾ ਨਾ ਕਰੋ’

8, 9. (ੳ) ਮਸੀਹੀ ਬਜ਼ੁਰਗਾਂ ਨੂੰ ਕਿਉਂ ਇਕ-ਦੂਜੇ ਨਾਲ ਮੁਕਾਬਲਾ ਕਰਨ ਦੀ ਲੋੜ ਨਹੀਂ ਹੈ? (ਅ) ਪਹਿਲਾ ਪਤਰਸ 4:10 ਕਿਉਂ ਪਰਮੇਸ਼ੁਰ ਦੇ ਸਾਰੇ ਸੇਵਕਾਂ ਤੇ ਲਾਗੂ ਹੁੰਦਾ ਹੈ?

8 ਭਗਤੀ ਦੇ ਮਾਮਲੇ ਵਿਚ ਮਸੀਹੀਆਂ ਦਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਸ ਬਾਰੇ ਇਨ੍ਹਾਂ ਪ੍ਰੇਰਿਤ ਸ਼ਬਦਾਂ ਤੋਂ ਪਤਾ ਲੱਗਦਾ ਹੈ: “ਕਿਸੇ ਵਿਅਕਤੀ ਨੂੰ ਹੋਰਨਾਂ ਲੋਕਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉਪਰ ਮਾਣ ਕਰ ਸਕਦਾ ਹੈ।” (ਗਲਾਤੀਆਂ 6:4, ਈਜ਼ੀ ਟੂ ਰੀਡ ਵਰਯਨ) ਕਲੀਸਿਯਾ ਦੇ ਬਜ਼ੁਰਗ ਇਕ-ਦੂਜੇ ਨਾਲ ਮੁਕਾਬਲਾ ਨਹੀਂ ਕਰਦੇ, ਸਗੋਂ ਇਕੱਠੇ ਮਿਲ ਕੇ ਕੰਮ ਕਰਦੇ ਹਨ। ਹਰ ਬਜ਼ੁਰਗ ਆਪਣੀ ਹੈਸੀਅਤ ਅਨੁਸਾਰ ਕਲੀਸਿਯਾ ਦੀ ਭਲਾਈ ਲਈ ਜਿੰਨਾ ਵੀ ਕਰ ਸਕਦਾ ਹੈ, ਉਹ ਕਰਦਾ ਹੈ ਅਤੇ ਬਾਕੀ ਦੇ ਬਜ਼ੁਰਗ ਇਸ ਤੋਂ ਖ਼ੁਸ਼ ਹੁੰਦੇ ਹਨ। ਇਸ ਤਰ੍ਹਾਂ ਉਹ ਮੁਕਾਬਲੇਬਾਜ਼ੀ ਤੋਂ ਪਰਹੇਜ਼ ਕਰਨ ਨਾਲ ਕਲੀਸਿਯਾ ਲਈ ਏਕਤਾ ਦੀ ਇਕ ਚੰਗੀ ਮਿਸਾਲ ਬਣਦੇ ਹਨ।

9 ਕੁਝ ਬਜ਼ੁਰਗ ਸ਼ਾਇਦ ਉਮਰ, ਤਜਰਬੇ ਜਾਂ ਕੁਦਰਤੀ ਯੋਗਤਾਵਾਂ ਕਰਕੇ ਦੂਜਿਆਂ ਨਾਲੋਂ ਜ਼ਿਆਦਾ ਹੁਨਰਮੰਦ ਅਤੇ ਸਮਝਦਾਰ ਹੋਣ। ਇਸ ਕਰਕੇ ਬਜ਼ੁਰਗਾਂ ਨੂੰ ਯਹੋਵਾਹ ਦੇ ਸੰਗਠਨ ਵਿਚ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ। ਉਹ ਦੂਜਿਆਂ ਨਾਲ ਆਪਣੀ ਤੁਲਨਾ ਕਰਨ ਦੀ ਬਜਾਇ ਇਹ ਸਲਾਹ ਧਿਆਨ ਵਿਚ ਰੱਖਦੇ ਹਨ: “ਹਰੇਕ ਨੂੰ ਜਿਹੀ ਜਿਹੀ ਦਾਤ ਮਿਲੀ ਓਸ ਨਾਲ ਇੱਕ ਦੂਏ ਦੀ ਟਹਿਲ [ਕਰੇ] ਜਿਵੇਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਨੇਕ ਮੁਖਤਿਆਰਾਂ ਨੂੰ ਉਚਿੱਤ ਹੈ।” (1 ਪਤਰਸ 4:10) ਦਰਅਸਲ ਇਹ ਆਇਤ ਯਹੋਵਾਹ ਦੇ ਸਾਰੇ ਸੇਵਕਾਂ ਉੱਤੇ ਲਾਗੂ ਹੁੰਦੀ ਹੈ ਕਿਉਂਕਿ ਸਾਰਿਆਂ ਕੋਲ ਹੀ ਥੋੜ੍ਹਾ ਜਾਂ ਬਹੁਤਾ ਗਿਆਨ ਹੈ ਤੇ ਸਾਰਿਆਂ ਨੂੰ ਹੀ ਮਸੀਹੀ ਸੇਵਕਾਈ ਵਿਚ ਹਿੱਸਾ ਲੈਣ ਦਾ ਸਨਮਾਨ ਮਿਲਿਆ ਹੈ।

10. ਯਹੋਵਾਹ ਸਾਡੀ ਪਵਿੱਤਰ ਭਗਤੀ ਨੂੰ ਸਿਰਫ਼ ਕਦੋਂ ਸਵੀਕਾਰ ਕਰੇਗਾ?

10 ਪਰਮੇਸ਼ੁਰ ਤਾਂ ਹੀ ਸਾਡੀ ਭਗਤੀ ਤੋਂ ਖ਼ੁਸ਼ ਹੋਵੇਗਾ ਜੇ ਅਸੀਂ ਉਸ ਦੀ ਭਗਤੀ ਪਿਆਰ ਤੇ ਸ਼ਰਧਾ ਨਾਲ ਕਰਦੇ ਹਾਂ, ਨਾ ਕਿ ਦੂਜਿਆਂ ਤੋਂ ਆਪਣੇ ਆਪ ਨੂੰ ਉੱਪਰ ਚੁੱਕਣ ਲਈ। ਇਸ ਲਈ ਸੱਚੀ ਭਗਤੀ ਦੇ ਕੰਮਾਂ ਪ੍ਰਤੀ ਸਹੀ ਨਜ਼ਰੀਆ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਹ ਸੱਚ ਹੈ ਕਿ ਕੋਈ ਵੀ ਦੂਸਰੇ ਵਿਅਕਤੀ ਦੇ ਮਨੋਰਥਾਂ ਨੂੰ ਸਹੀ-ਸਹੀ ਨਹੀਂ ਜਾਣ ਸਕਦਾ, ਪਰ ਯਹੋਵਾਹ “ਦਿਲਾਂ ਨੂੰ ਜਾਚਦਾ ਹੈ।” (ਕਹਾਉਤਾਂ 24:12; 1 ਸਮੂਏਲ 16:7) ਇਸ ਲਈ ਸਮੇਂ-ਸਮੇਂ ਤੇ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ‘ਮੈਂ ਕਿਸ ਮਨੋਰਥ ਨਾਲ ਭਗਤੀ ਦੇ ਕੰਮ ਕਰ ਰਿਹਾ ਹੈ?’—ਜ਼ਬੂਰਾਂ ਦੀ ਪੋਥੀ 24:3, 4; ਮੱਤੀ 5:8.

ਨਿਹਚਾ ਦੇ ਕੰਮਾਂ ਪ੍ਰਤੀ ਸਹੀ ਨਜ਼ਰੀਆ

11. ਸੇਵਕਾਈ ਵਿਚ ਆਪਣੀ ਕਾਰਗੁਜ਼ਾਰੀ ਸੰਬੰਧੀ ਕਿਹੜੇ ਜਾਇਜ਼ ਸਵਾਲਾਂ ਤੇ ਵਿਚਾਰ ਕੀਤਾ ਜਾ ਸਕਦਾ ਹੈ?

11 ਯਹੋਵਾਹ ਦੀ ਮਿਹਰ ਪਾਉਣ ਲਈ ਜੇ ਚੰਗੇ ਕੰਮ ਕਰਨੇ ਹੀ ਕਾਫ਼ੀ ਨਹੀਂ ਹਨ, ਤਾਂ ਸਾਨੂੰ ਨਿਹਚਾ ਦੇ ਕੰਮਾਂ ਨੂੰ ਕਿੰਨੀ ਕੁ ਅਹਿਮੀਅਤ ਦੇਣੀ ਚਾਹੀਦੀ ਹੈ? ਜੇ ਅਸੀਂ ਸਹੀ ਮਨੋਰਥ ਨਾਲ ਆਪਣੀ ਸੇਵਕਾਈ ਕਰਦੇ ਹਾਂ, ਤਾਂ ਕੀ ਇਸ ਦਾ ਲੇਖਾ ਰੱਖਣਾ ਜ਼ਰੂਰੀ ਹੈ ਕਿ ਅਸੀਂ ਕੀ ਕੀਤਾ ਤੇ ਕਿੰਨਾ ਕੁ ਕੀਤਾ ਹੈ? ਇਹ ਸਵਾਲ ਪੁੱਛਣੇ ਜਾਇਜ਼ ਹਨ ਕਿਉਂਕਿ ਅਸੀਂ ਨਿਹਚਾ ਦੇ ਕੰਮਾਂ ਤੋਂ ਜ਼ਿਆਦਾ ਨੰਬਰਾਂ ਨੂੰ ਅਹਿਮੀਅਤ ਨਹੀਂ ਦੇਣਾ ਚਾਹੁੰਦੇ ਜਾਂ ਆਪਣੀ ਚੰਗੀ ਰਿਪੋਰਟ ਨੂੰ ਸਭ ਕੁਝ ਨਹੀਂ ਮੰਨ ਲੈਣਾ ਚਾਹੁੰਦੇ।

12, 13. (ੳ) ਅਸੀਂ ਕਿਹੜੇ ਕੁਝ ਕਾਰਨਾਂ ਕਰਕੇ ਆਪਣੇ ਮਸੀਹੀ ਕੰਮਾਂ ਦਾ ਰਿਕਾਰਡ ਰੱਖਦੇ ਹਾਂ? (ਅ) ਜਦੋਂ ਅਸੀਂ ਆਪਣੇ ਪ੍ਰਚਾਰ ਕੰਮ ਦੀ ਸਮੁੱਚੀ ਰਿਪੋਰਟ ਦੇਖਦੇ ਹਾਂ, ਤਾਂ ਅਸੀਂ ਕਿਹੜੇ ਕਾਰਨਾਂ ਕਰਕੇ ਖ਼ੁਸ਼ ਹੁੰਦੇ ਹਾਂ?

12 ਧਿਆਨ ਦਿਓ ਕਿ ਕਿਤਾਬ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਅੰਗ੍ਰੇਜ਼ੀ) ਕੀ ਕਹਿੰਦੀ ਹੈ: ‘ਯਿਸੂ ਮਸੀਹ ਦੇ ਮੁਢਲੇ ਚੇਲੇ ਪ੍ਰਚਾਰ ਦੀ ਤਰੱਕੀ ਦੀਆਂ ਰਿਪੋਰਟਾਂ ਵਿਚ ਬੜੀ ਦਿਲਚਸਪੀ ਰੱਖਦੇ ਸਨ। (ਮਰਕੁਸ 6:30) ਬਾਈਬਲ ਵਿਚ ਰਸੂਲਾਂ ਦੇ ਕਰਤੱਬ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਜਦੋਂ ਪੰਤੇਕੁਸਤ ਦੇ ਦਿਨ ਪਵਿੱਤਰ ਆਤਮਾ ਪਾਈ ਗਈ ਸੀ, ਤਾਂ ਉੱਥੇ 120 ਚੇਲੇ ਮੌਜੂਦ ਸਨ। ਛੇਤੀ ਹੀ ਚੇਲਿਆਂ ਦੀ ਗਿਣਤੀ ਪਹਿਲਾਂ 3,000 ਤੇ ਫਿਰ ਵਧ ਕੇ 5,000 ਹੋ ਗਈ। (ਰਸੂਲਾਂ ਦੇ ਕਰਤੱਬ 1:15; 2:5-11, 41, 47; 4:4; 6:7) ਇਸ ਵਾਧੇ ਦੀ ਖ਼ਬਰ ਸੁਣ ਕੇ ਚੇਲਿਆਂ ਨੂੰ ਕਿੰਨੀ ਖ਼ੁਸ਼ੀ ਹੋਈ ਹੋਵੇਗੀ!’ ਇਹੀ ਕਾਰਨ ਹੈ ਕਿ ਅੱਜ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਯਿਸੂ ਦੇ ਸ਼ਬਦਾਂ ਦੀ ਪੂਰਤੀ ਵਿਚ ਹੋ ਰਹੇ ਪ੍ਰਚਾਰ ਕੰਮ ਦਾ ਸਹੀ-ਸਹੀ ਰਿਕਾਰਡ ਰੱਖਦੇ ਹਨ। ਯਿਸੂ ਨੇ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਇਨ੍ਹਾਂ ਰਿਪੋਰਟਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਦੁਨੀਆਂ ਭਰ ਵਿਚ ਕੀ ਹੋ ਰਿਹਾ ਹੈ। ਇਨ੍ਹਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿੱਥੇ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਹੈ ਅਤੇ ਪ੍ਰਚਾਰ ਕੰਮ ਨੂੰ ਅੱਗੇ ਵਧਾਉਣ ਲਈ ਕਿਹੜੇ ਪ੍ਰਕਾਸ਼ਨਾਂ ਦੀ ਕਿੰਨੀ ਕੁ ਜ਼ਰੂਰਤ ਹੈ।

13 ਰਿਪੋਰਟ ਦੇਣ ਨਾਲ ਅਸੀਂ ਰਾਜ ਦੇ ਪ੍ਰਚਾਰ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਰ ਪਾਵਾਂਗੇ। ਇਸ ਤੋਂ ਇਲਾਵਾ, ਦੁਨੀਆਂ ਦੇ ਹੋਰਨਾਂ ਹਿੱਸਿਆਂ ਤੋਂ ਸਾਡੇ ਭੈਣਾਂ-ਭਰਾਵਾਂ ਦੁਆਰਾ ਕੀਤੇ ਜਾ ਰਹੇ ਪ੍ਰਚਾਰ ਕੰਮ ਬਾਰੇ ਸੁਣ ਕੇ ਸਾਨੂੰ ਉਤਸ਼ਾਹ ਮਿਲਦਾ ਹੈ। ਵਾਧੇ ਦੀਆਂ ਖ਼ਬਰਾਂ ਸੁਣ ਕੇ ਸਾਨੂੰ ਖ਼ੁਸ਼ੀ ਹੁੰਦੀ ਹੈ, ਅਸੀਂ ਹੋਰ ਜ਼ਿਆਦਾ ਕਰਨ ਲਈ ਉਤਸ਼ਾਹਿਤ ਹੁੰਦੇ ਹਾਂ ਤੇ ਸਾਨੂੰ ਭਰੋਸਾ ਮਿਲਦਾ ਹੈ ਕਿ ਯਹੋਵਾਹ ਦੀ ਬਰਕਤ ਸਾਡੇ ਤੇ ਰਹੇਗੀ। ਇਹ ਜਾਣ ਕੇ ਵੀ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਸਾਡੀ ਖ਼ੁਦ ਦੀ ਰਿਪੋਰਟ ਨੂੰ ਦੁਨੀਆਂ ਭਰ ਦੀ ਰਿਪੋਰਟ ਵਿਚ ਸ਼ਾਮਲ ਕੀਤਾ ਜਾਂਦਾ ਹੈ! ਹਾਲਾਂਕਿ ਦੁਨੀਆਂ ਭਰ ਦੀ ਰਿਪੋਰਟ ਦੇ ਕੁਲ ਜੋੜ ਦੇ ਮੁਕਾਬਲੇ ਸਾਡੀ ਰਿਪੋਰਟ ਸ਼ਾਇਦ ਕੁਝ ਵੀ ਨਾ ਹੋਵੇ, ਪਰ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਅਹਿਮੀਅਤ ਰੱਖਦੀ ਹੈ। (ਮਰਕੁਸ 12:42, 43) ਯਾਦ ਰੱਖੋ ਕਿ ਤੁਹਾਡੀ ਰਿਪੋਰਟ ਤੋਂ ਬਿਨਾਂ ਦੁਨੀਆਂ ਦੀ ਸਮੁੱਚੀ ਰਿਪੋਰਟ ਅਧੂਰੀ ਹੈ।

14. ਪ੍ਰਚਾਰ ਤੇ ਸਿਖਾਉਣ ਦੇ ਕੰਮ ਤੋਂ ਇਲਾਵਾ ਅਸੀਂ ਯਹੋਵਾਹ ਦੀ ਭਗਤੀ ਲਈ ਹੋਰ ਕਿਹੜੇ ਕੰਮ ਕਰਦੇ ਹਾਂ?

14 ਇਹ ਵੀ ਸੱਚ ਹੈ ਕਿ ਯਹੋਵਾਹ ਦੇ ਸਮਰਪਿਤ ਸੇਵਕਾਂ ਵਜੋਂ ਅਸੀਂ ਆਪਣੇ ਸਾਰੇ ਮਸੀਹੀ ਕੰਮ ਰਿਪੋਰਟ ਵਿਚ ਦਰਜ ਨਹੀਂ ਕਰਦੇ। ਮਿਸਾਲ ਲਈ, ਰਿਪੋਰਟ ਵਿਚ ਇਹ ਨਹੀਂ ਲਿਖਿਆ ਜਾਂਦਾ ਕਿ ਅਸੀਂ ਬਾਕਾਇਦਾ ਨਿੱਜੀ ਬਾਈਬਲ ਅਧਿਐਨ ਕਰਦੇ ਹਾਂ, ਮਸੀਹੀ ਸਭਾਵਾਂ ਵਿਚ ਹਾਜ਼ਰ ਹੋ ਕੇ ਟਿੱਪਣੀਆਂ ਦਿੰਦੇ ਹਾਂ, ਕਲੀਸਿਯਾ ਵਿਚ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ, ਲੋੜ ਪੈਣ ਤੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ ਅਤੇ ਦੁਨੀਆਂ ਭਰ ਵਿਚ ਕੀਤੇ ਜਾਂਦੇ ਰਾਜ ਦੇ ਕੰਮ ਲਈ ਦਾਨ ਦਿੰਦੇ ਹਾਂ। ਹਾਲਾਂਕਿ ਪ੍ਰਚਾਰ ਦੀ ਰਿਪੋਰਟ ਦੇਣੀ ਜ਼ਰੂਰੀ ਹੈ, ਪਰ ਪ੍ਰਚਾਰ ਵਿਚ ਆਪਣੇ ਜੋਸ਼ ਨੂੰ ਬਰਕਰਾਰ ਰੱਖਣ ਅਤੇ ਢਿੱਲੇ ਪੈਣ ਤੋਂ ਬਚਣ ਲਈ ਸਾਨੂੰ ਰਿਪੋਰਟ ਪ੍ਰਤੀ ਸਹੀ ਨਜ਼ਰੀਆ ਰੱਖਣਾ ਚਾਹੀਦਾ ਹੈ। ਇਸ ਨੂੰ ਆਪਣਾ ਅਧਿਆਤਮਿਕ ਲਸੰਸ ਜਾਂ ਪਾਸਪੋਰਟ ਨਹੀਂ ਸਮਝਣਾ ਚਾਹੀਦਾ ਕਿ ਇਸ ਨਾਲ ਸਦਾ ਦੀ ਜ਼ਿੰਦਗੀ ਮਿਲਣੀ ਪੱਕੀ ਹੈ।

“ਸ਼ੁਭ ਕਰਮਾਂ ਵਿੱਚ ਸਰਗਰਮ”

15. ਹਾਲਾਂਕਿ ਅਸੀਂ ਆਪਣੇ ਕੰਮਾਂ ਦੁਆਰਾ ਹੀ ਨਹੀਂ ਬਚਾਏ ਜਾਵਾਂਗੇ, ਫਿਰ ਵੀ ਇਹ ਕੰਮ ਕਰਨੇ ਜ਼ਰੂਰੀ ਕਿਉਂ ਹਨ?

15 ਹਾਲਾਂਕਿ ਅਸੀਂ ਆਪਣੇ ਕੰਮਾਂ ਦੁਆਰਾ ਹੀ ਨਹੀਂ ਬਚਾਏ ਜਾਵਾਂਗੇ, ਫਿਰ ਵੀ ਇਹ ਕੰਮ ਕਰਨੇ ਜ਼ਰੂਰੀ ਹਨ। ਇਸੇ ਕਰਕੇ ਮਸੀਹੀਆਂ ਨੂੰ ਪਰਮੇਸ਼ੁਰ ਦੀ ‘ਖਾਸ ਕੌਮ’ ਕਿਹਾ ਜਾਂਦਾ ਹੈ ਜੋ “ਸ਼ੁਭ ਕਰਮਾਂ ਵਿਚ ਸਰਗਰਮ” ਹਨ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਇੱਕ ਦੂਏ ਦਾ ਧਿਆਨ ਰੱਖਣ।’ (ਤੀਤੁਸ 2:14; ਇਬਰਾਨੀਆਂ 10:24) ਬਾਈਬਲ ਦੇ ਇਕ ਹੋਰ ਲਿਖਾਰੀ ਯਾਕੂਬ ਨੇ ਇਸ ਗੱਲ ਵੱਲ ਹੋਰ ਵੀ ਜ਼ਿਆਦਾ ਧਿਆਨ ਖਿੱਚਿਆ: “ਜਿੱਕੁਰ ਆਤਮਾ ਬਾਝੋਂ ਸਰੀਰ ਮੁਰਦਾ ਹੈ ਤਿੱਕੁਰ ਹੀ ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।”—ਯਾਕੂਬ 2:26.

16. ਕੰਮਾਂ ਤੋਂ ਵੀ ਜ਼ਰੂਰੀ ਗੱਲ ਕਿਹੜੀ ਹੈ ਤੇ ਸਾਨੂੰ ਕੀ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?

16 ਇਹ ਕੰਮ ਕਰਨੇ ਜਿੰਨੇ ਜ਼ਰੂਰੀ ਹਨ, ਉੱਨੇ ਹੀ ਜ਼ਰੂਰੀ ਹਨ ਇਨ੍ਹਾਂ ਨੂੰ ਕਰਨ ਦੇ ਮਨੋਰਥ। ਇਸ ਲਈ ਸਾਨੂੰ ਸਮੇਂ-ਸਮੇਂ ਤੇ ਆਪਣੇ ਮਨੋਰਥਾਂ ਦੀ ਜਾਂਚ ਕਰਨੀ ਚਾਹੀਦੀ ਹੈ। ਅਸੀਂ ਦੂਸਰਿਆਂ ਦੇ ਮਨੋਰਥਾਂ ਨੂੰ ਸਹੀ-ਸਹੀ ਨਹੀਂ ਜਾਣ ਸਕਦੇ, ਇਸ ਲਈ ਸਾਨੂੰ ਉਨ੍ਹਾਂ ਤੇ ਸ਼ੱਕ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। “ਦੂਜੇ ਵਿਅਕਤੀ ਦਾ ਨਿਰਣਾ ਕਰਨ ਵਾਲਾ ਤੂੰ ਕੌਣ ਹੈ?” ਸਾਡੇ ਤੋਂ ਇਹ ਸਵਾਲ ਪੁੱਛ ਕੇ ਫਿਰ ਜਵਾਬ ਦਿੱਤਾ ਜਾਂਦਾ ਹੈ: “ਸਿਰਫ਼ ਉਸ ਦੇ ਮਾਲਕ ਨੂੰ ਇਹੀ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ।” (ਰੋਮੀਆਂ 14:4, ਈਜ਼ੀ ਟੂ ਰੀਡ ਵਰਯਨ) ਸਾਡੇ ਸਾਰਿਆਂ ਦਾ ਮਾਲਕ ਯਹੋਵਾਹ ਅਤੇ ਉਸ ਦਾ ਥਾਪਿਆ ਨਿਆਈ ਯਿਸੂ ਮਸੀਹ ਸਾਡਾ ਨਿਆਂ ਕਰਨਗੇ। ਇਹ ਨਿਆਂ ਉਹ ਸਿਰਫ਼ ਸਾਡੇ ਕੰਮਾਂ ਦੇ ਆਧਾਰ ਤੇ ਹੀ ਨਹੀਂ ਕਰਨਗੇ, ਸਗੋਂ ਉਹ ਸਾਡੇ ਮਨੋਰਥਾਂ, ਹਾਲਾਤਾਂ, ਸਾਡਾ ਪਿਆਰ ਤੇ ਭਗਤੀ ਨੂੰ ਵੀ ਧਿਆਨ ਵਿਚ ਰੱਖਣਗੇ। ਸਿਰਫ਼ ਯਹੋਵਾਹ ਅਤੇ ਯਿਸੂ ਮਸੀਹ ਸਹੀ-ਸਹੀ ਜਾਣ ਸਕਦੇ ਹਨ ਕਿ ਅਸੀਂ ਪੌਲੁਸ ਰਸੂਲ ਦੇ ਸ਼ਬਦਾਂ ਅਨੁਸਾਰ ਉਹ ਕੁਝ ਕੀਤਾ ਹੈ ਜਾਂ ਨਹੀਂ ਜੋ ਕੁਝ ਮਸੀਹੀਆਂ ਨੂੰ ਕਰਨ ਲਈ ਕਿਹਾ ਜਾਂਦਾ ਹੈ। ਪੌਲੁਸ ਨੇ ਕਿਹਾ ਸੀ: ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।’—2 ਤਿਮੋਥਿਉਸ 2:15; 2 ਪਤਰਸ 1:10; 3:14.

17. ਆਪਣੀ ਪੂਰੀ ਵਾਹ ਲਾਉਣ ਦੇ ਨਾਲ-ਨਾਲ ਸਾਨੂੰ ਯਾਕੂਬ 3:17 ਕਿਉਂ ਧਿਆਨ ਵਿਚ ਰੱਖਣਾ ਚਾਹੀਦਾ ਹੈ?

17 ਯਹੋਵਾਹ ਸ਼ੀਲ ਸੁਭਾਅ ਦਾ ਹੈ; ਇਸ ਲਈ ਉਹ ਸਾਡੇ ਤੋਂ ਉੱਨਾ ਹੀ ਕਰਨ ਦੀ ਮੰਗ ਕਰਦਾ ਹੈ ਜਿੰਨਾ ਅਸੀਂ ਕਰ ਸਕਦੇ ਹਾਂ। ਯਾਕੂਬ 3:17 ਦੇ ਅਨੁਸਾਰ “ਜਿਹੜੀ ਬੁੱਧ ਉੱਪਰੋਂ ਹੈ” ਉਸ ਵਿਚ ‘ਸ਼ੀਲ ਸੁਭਾਉ’ ਦਾ ਗੁਣ ਵੀ ਸ਼ਾਮਲ ਹੈ। ਯਹੋਵਾਹ ਦੀ ਨਕਲ ਕਰਦੇ ਹੋਏ ਸਾਨੂੰ ਆਪਣੇ ਤੋਂ ਜਾਂ ਆਪਣੇ ਭੈਣਾਂ-ਭਰਾਵਾਂ ਤੋਂ ਅਜਿਹੀਆਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਜੋ ਅਸੀਂ ਜਾਂ ਉਹ ਪੂਰੀਆਂ ਨਹੀਂ ਕਰ ਸਕਦੇ।

18. ਨਿਹਚਾ ਦੇ ਕੰਮਾਂ ਅਤੇ ਯਹੋਵਾਹ ਦੀ ਕਿਰਪਾ ਪ੍ਰਤੀ ਸਹੀ ਨਜ਼ਰੀਆ ਰੱਖ ਕੇ ਅਸੀਂ ਕਿਸ ਗੱਲ ਦੀ ਉਮੀਦ ਰੱਖ ਸਕਦੇ ਹਾਂ?

18 ਜਦ ਤਕ ਅਸੀਂ ਨਿਹਚਾ ਦੇ ਕੰਮਾਂ ਅਤੇ ਯਹੋਵਾਹ ਦੀ ਕਿਰਪਾ ਪ੍ਰਤੀ ਸਹੀ ਨਜ਼ਰੀਆ ਰੱਖਦੇ ਜਾਵਾਂਗੇ, ਤਦ ਤਕ ਅਸੀਂ ਖ਼ੁਸ਼ ਰਹਾਂਗੇ ਜੋ ਕਿ ਯਹੋਵਾਹ ਦੇ ਸੱਚੇ ਸੇਵਕਾਂ ਦੀ ਪਛਾਣ ਹੈ। (ਯਸਾਯਾਹ 65:13, 14) ਭਾਵੇਂ ਨਿੱਜੀ ਤੌਰ ਤੇ ਸਾਡੇ ਕੋਲੋਂ ਥੋੜ੍ਹਾ ਹੁੰਦਾ ਹੈ ਜਾਂ ਬਹੁਤਾ, ਪਰ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਯਹੋਵਾਹ ਦੁਨੀਆਂ ਭਰ ਵਿਚ ਆਪਣੇ ਲੋਕਾਂ ਤੇ ਬਰਕਤਾਂ ਵਰਸਾ ਰਿਹਾ ਹੈ। ਅਸੀਂ ਲਗਾਤਾਰ “ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ” ਕਰਦਿਆਂ ਪਰਮੇਸ਼ੁਰ ਤੋਂ ਇਹੀ ਚਾਹੁੰਦੇ ਹਾਂ ਕਿ ਉਹ ਸਾਨੂੰ ਆਪਣੀ ਸੇਵਾ ਵਿਚ ਲੱਗੇ ਰਹਿਣ ਵਿਚ ਮਦਦ ਕਰੇ। ਇਸ ਤਰ੍ਹਾਂ ਕਰਨ ਨਾਲ ‘ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਸਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।’ (ਫ਼ਿਲਿੱਪੀਆਂ 4:4-7) ਜੀ ਹਾਂ, ਸਾਨੂੰ ਇਹ ਜਾਣ ਕੇ ਹੌਸਲਾ ਮਿਲਦਾ ਹੈ ਕਿ ਅਸੀਂ ਸਿਰਫ਼ ਕੰਮਾਂ ਕਾਰਨ ਹੀ ਨਹੀਂ, ਸਗੋਂ ਯਹੋਵਾਹ ਦੀ ਕਿਰਪਾ ਕਾਰਨ ਵੀ ਬਚਾਏ ਜਾਵਾਂਗੇ!

ਕੀ ਤੁਸੀਂ ਸਮਝਾ ਸਕਦੇ ਹੋ ਮਸੀਹੀ ਕਿਉਂ

• ਆਪਣੀਆਂ ਨਿੱਜੀ ਕਾਮਯਾਬੀਆਂ ਤੇ ਸ਼ੇਖ਼ੀ ਨਹੀਂ ਮਾਰਦੇ?

• ਮੁਕਾਬਲੇਬਾਜ਼ੀ ਨਹੀਂ ਕਰਦੇ?

• ਆਪਣੇ ਪ੍ਰਚਾਰ ਦੀ ਰਿਪੋਰਟ ਦਿੰਦੇ ਹਨ?

• ਆਪਣੇ ਭੈਣਾਂ-ਭਰਾਵਾਂ ਉੱਤੇ ਸ਼ੱਕ ਨਹੀਂ ਕਰਦੇ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

“ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ”

[ਸਫ਼ੇ 16, 17 ਉੱਤੇ ਤਸਵੀਰਾਂ]

ਹਰ ਬਜ਼ੁਰਗ ਆਪਣੀ ਹੈਸੀਅਤ ਅਨੁਸਾਰ ਕਲੀਸਿਯਾ ਦੀ ਭਲਾਈ ਲਈ ਜਿੰਨਾ ਵੀ ਕਰ ਸਕਦਾ ਹੈ, ਉਹ ਕਰਦਾ ਹੈ ਅਤੇ ਬਾਕੀ ਦੇ ਬਜ਼ੁਰਗ ਇਸ ਤੋਂ ਖ਼ੁਸ਼ ਹੁੰਦੇ ਹਨ

[ਸਫ਼ੇ 18, 19 ਉੱਤੇ ਤਸਵੀਰਾਂ]

ਤੁਹਾਡੀ ਰਿਪੋਰਟ ਤੋਂ ਬਿਨਾਂ ਦੁਨੀਆਂ ਦੀ ਸਮੁੱਚੀ ਰਿਪੋਰਟ ਅਧੂਰੀ ਹੈ