Skip to content

Skip to table of contents

ਇਟਲੀ ਵਿਚ ਅੱਜ ਵੀ ਲੋਕ ਸੱਚਾਈ ਸਿੱਖ ਰਹੇ ਹਨ

ਇਟਲੀ ਵਿਚ ਅੱਜ ਵੀ ਲੋਕ ਸੱਚਾਈ ਸਿੱਖ ਰਹੇ ਹਨ

ਇਟਲੀ ਵਿਚ ਅੱਜ ਵੀ ਲੋਕ ਸੱਚਾਈ ਸਿੱਖ ਰਹੇ ਹਨ

ਇਟਲੀ ਤਿੰਨ ਪਾਸਿਓਂ ਭੂਮੱਧ ਸਾਗਰ ਦੇ ਪਾਣੀਆਂ ਨਾਲ ਘਿਰਿਆ ਹੋਇਆ ਹੈ। ਇਹ ਦੇਸ਼ ਪਹਿਲਾਂ ਇਕ ਵਿਸ਼ਵ ਸ਼ਕਤੀ ਸੀ ਅਤੇ ਇਸ ਥਾਂ ਤੇ ਵਾਪਰੀਆਂ ਘਟਨਾਵਾਂ ਨੇ ਸੰਸਾਰ ਦੇ ਇਤਿਹਾਸ ਤੇ ਵੱਡਾ ਪ੍ਰਭਾਵ ਪਾਇਆ ਹੈ। ਇਸ ਦੀ ਵੰਨ-ਸੁਵੰਨੀ ਖ਼ੂਬਸੂਰਤੀ, ਇਸ ਦੀਆਂ ਮਸ਼ਹੂਰ ਇਮਾਰਤਾਂ ਅਤੇ ਇਸ ਦੇ ਸੁਆਦੀ ਪਕਵਾਨ ਹਰ ਸਾਲ ਕਰੋੜਾਂ ਸੈਲਾਨੀਆਂ ਨੂੰ ਖਿੱਚ ਲਿਆਉਂਦੇ ਹਨ। ਇਸ ਦੇਸ਼ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਵੀ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ।

ਇਹ ਪ੍ਰਚਾਰ ਇੱਥੇ ਕਦੋਂ ਹੋਣਾ ਸ਼ੁਰੂ ਹੋਇਆ ਸੀ? ਹੋ ਸਕਦਾ ਹੈ ਕਿ ਸਾਲ 33 ਦੇ ਪੰਤੇਕੁਸਤ ਦੇ ਦਿਨ ਰੋਮ ਤੋਂ ਆਏ ਯਹੂਦੀਆਂ ਨੇ ਯਰੂਸ਼ਲਮ ਵਿਚ ਯਿਸੂ ਮਸੀਹ ਬਾਰੇ ਸੁਣਿਆ ਹੋਵੇ। ਫਿਰ ਉਸ ਦੇ ਚੇਲੇ ਬਣ ਕੇ ਉਹ ਰੋਮ ਨੂੰ ਵਾਪਸ ਆਏ ਅਤੇ ਪ੍ਰਚਾਰ ਕਰਨ ਲੱਗ ਪਏ। ਪੌਲੁਸ ਰਸੂਲ ਸਾਲ 59 ਵਿਚ ਪਹਿਲੀ ਵਾਰ ਇਟਲੀ ਆਇਆ ਸੀ। ਉਸ ਨੂੰ ਸਮੁੰਦਰੀ ਤਟ ਤੇ ਸਥਿਤ ਪਤਿਯੁਲੇ ਸ਼ਹਿਰ ਵਿਚ ਯਿਸੂ ਵਿਚ ਵਿਸ਼ਵਾਸ ਕਰਨ ਵਾਲੇ “ਭਾਈ ਮਿਲੇ” ਸਨ।—ਰਸੂਲਾਂ ਦੇ ਕਰਤੱਬ 2:5-11; 28:11-16.

ਅਫ਼ਸੋਸ ਨਾਲ ਜ਼ਿਆਦਾਤਰ ਲੋਕਾਂ ਨੇ ਸੱਚਾਈ ਨੂੰ ਬਹੁਤੀ ਦੇਰ ਫੜੀ ਨਹੀਂ ਰੱਖਿਆ। ਜਿਵੇਂ ਯਿਸੂ ਅਤੇ ਉਸ ਦੇ ਰਸੂਲਾਂ ਨੇ ਕਿਹਾ ਸੀ ਦੂਜੀ ਸਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈਆਂ ਨੇ ਸੱਚਾਈ ਨੂੰ ਤਿਆਗ ਦਿੱਤਾ। ਪਰ ਬਾਈਬਲ ਦੀ ਭਵਿੱਖਬਾਣੀ ਮੁਤਾਬਕ ਦੁਨੀਆਂ ਦੇ ਅੰਤ ਤੋਂ ਪਹਿਲਾਂ ਯਿਸੂ ਦੇ ਸੱਚੇ ਚੇਲਿਆਂ ਨੇ ਫਿਰ ਤੋਂ ਸੰਸਾਰ ਦੇ ਹੋਰਨਾਂ ਦੇਸ਼ਾਂ ਦੇ ਨਾਲ-ਨਾਲ ਇਟਲੀ ਵਿਚ ਵੀ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਸ਼ੁਰੂ ਕਰ ਦਿੱਤੀ ਹੈ।—ਮੱਤੀ 13:36-43; ਰਸੂਲਾਂ ਦੇ ਕਰਤੱਬ 20:29, 30; 2 ਥੱਸਲੁਨੀਕੀਆਂ 2:3-8; 2 ਪਤਰਸ 2:1-3.

ਨਤੀਜੇ ਜਲਦੀ ਨਜ਼ਰ ਨਹੀਂ ਆਏ

ਉੱਨੀਵੀਂ ਸਦੀ ਦੇ ਅਖ਼ੀਰ ਵਿਚ ਭਰਾ ਚਾਰਲਸ ਟੇਜ਼ ਰਸਲ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦੇ ਸਨ। ਉਹ 1891 ਵਿਚ ਪਹਿਲੀ ਵਾਰ ਇਟਲੀ ਦੇ ਕੁਝ ਸ਼ਹਿਰਾਂ ਵਿਚ ਪ੍ਰਚਾਰ ਕਰਨ ਆਏ, ਪਰ ਉਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਨੇ ਕਿਹਾ: “ਸਾਨੂੰ ਉਮੀਦ ਦੀ ਕੋਈ ਕਿਰਨ ਨਹੀਂ ਦਿਸੀ ਕਿ ਇਟਲੀ ਵਿਚ ਲੋਕ ਸੱਚਾਈ ਸਿੱਖਣ ਲਈ ਤਿਆਰ ਹੋਣਗੇ।” ਫਿਰ 1910 ਵਿਚ ਭਰਾ ਰਸਲ ਇਟਲੀ ਦੁਬਾਰਾ ਆਏ ਅਤੇ ਉਨ੍ਹਾਂ ਨੇ ਰੋਮ ਦੇ ਇਕ ਜਿਮਨੇਜ਼ੀਅਮ ਵਿਚ ਭਾਸ਼ਣ ਦਿੱਤਾ। ਕੀ ਇਸ ਵਾਰ ਉਨ੍ਹਾਂ ਨੂੰ ਉਮੀਦ ਦੀ ਕੋਈ ਕਿਰਨ ਨਜ਼ਰ ਆਈ? ਉਨ੍ਹਾਂ ਨੇ ਦੱਸਿਆ: “ਸਾਡੇ ਹੱਥ ਸਿਰਫ਼ ਨਿਰਾਸ਼ਾ ਹੀ ਲੱਗੀ।”

ਉਨ੍ਹੀਂ ਦਿਨੀਂ ਇਟਲੀ ਦੀ ਫਾਸ਼ੀ ਸਰਕਾਰ ਯਹੋਵਾਹ ਦੇ ਗਵਾਹਾਂ ਨੂੰ ਸਤਾਉਂਦੀ ਸੀ। ਕੁਝ ਹੱਦ ਤਕ ਸ਼ਾਇਦ ਇਸੇ ਕਰਕੇ ਕਈ ਦਹਾਕਿਆਂ ਤਕ ਉੱਥੇ ਇੰਨੀ ਤਰੱਕੀ ਨਹੀਂ ਹੋਈ। ਉਸ ਸਮੇਂ ਦੌਰਾਨ ਪੂਰੇ ਦੇਸ਼ ਵਿਚ ਯਹੋਵਾਹ ਦੇ 150 ਤੋਂ ਜ਼ਿਆਦਾ ਗਵਾਹ ਨਹੀਂ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਪਰਦੇਸਾਂ ਵਿਚ ਰਹਿੰਦੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਬਾਈਬਲ ਦੀਆਂ ਸੱਚਾਈਆਂ ਸਿੱਖੀਆਂ ਸਨ।

ਸ਼ਾਨਦਾਰ ਵਾਧਾ

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਈ ਮਿਸ਼ਨਰੀ ਇਟਲੀ ਭੇਜੇ ਗਏ ਸਨ। ਸਰਕਾਰੀ ਦਫ਼ਤਰਾਂ ਵਿੱਚੋਂ ਕੁਝ ਪੁਰਾਣੇ ਚਿੱਠੀ-ਪੱਤਰ ਮਿਲੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਵੈਟੀਕਨ ਦੇ ਕੁਝ ਉੱਚ-ਅਧਿਕਾਰੀਆਂ ਨੇ ਸਰਕਾਰ ਨੂੰ ਕਿਹਾ ਕਿ ਇਨ੍ਹਾਂ ਮਿਸ਼ਨਰੀਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇ। ਨਤੀਜੇ ਵਜੋਂ ਕੁਝ ਨੂੰ ਛੱਡ ਬਾਕੀ ਸਾਰੇ ਮਿਸ਼ਨਰੀਆਂ ਨੂੰ ਭਜਾ ਦਿੱਤਾ ਗਿਆ।

ਇਨ੍ਹਾਂ ਰੁਕਾਵਟਾਂ ਦੇ ਬਾਵਜੂਦ ਇਟਲੀ ਵਿਚ ਰਹਿੰਦੇ ਲੋਕਾਂ ਨੇ ਯਹੋਵਾਹ ਦੀ ਭਗਤੀ ਦੇ “ਪਰਬਤ” ਵੱਲ ਆਉਣਾ ਸ਼ੁਰੂ ਕਰ ਦਿੱਤਾ। (ਯਸਾਯਾਹ 2:2-4) ਨਤੀਜੇ ਵਜੋਂ, ਗਵਾਹਾਂ ਦੀ ਗਿਣਤੀ ਵਿਚ ਹੈਰਾਨਕੁਨ ਵਾਧਾ ਹੋਇਆ ਹੈ। ਸਾਲ 2004 ਵਿਚ ਯਹੋਵਾਹ ਦੇ 2,33,527 ਗਵਾਹ ਇਟਲੀ ਵਿਚ ਪ੍ਰਚਾਰ ਕਰ ਰਹੇ ਸਨ ਯਾਨੀ ਦੇਸ਼ ਦੇ ਹਰ 248 ਵਾਸੀਆਂ ਪਿੱਛੇ ਇਕ ਗਵਾਹ। ਪਿਛਲੇ ਸਾਲ ਹੀ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ 4,33,242 ਲੋਕ ਇਕੱਠੇ ਹੋਏ ਸਨ। ਸੋਹਣੇ ਕਿੰਗਡਮ ਹਾਲਾਂ ਵਿਚ 3,049 ਕਲੀਸਿਯਾਵਾਂ ਆਪਣੀਆਂ ਮੀਟਿੰਗਾਂ ਕਰਦੀਆਂ ਹਨ।

ਇਕ ਸੰਦੇਸ਼ ਭਾਸ਼ਾਵਾਂ ਅਨੇਕ

ਪਿਛਲੇ ਕੁਝ ਸਮੇਂ ਤੋਂ ਇਟਲੀ ਦੇ ਕੁਝ ਖ਼ਾਸ ਖੇਤਰਾਂ ਵਿਚ ਵਾਧਾ ਹੋ ਰਿਹਾ ਹੈ। ਹਾਲ ਹੀ ਦੇ ਸਮੇਂ ਵਿਚ ਅਫ਼ਰੀਕਾ, ਏਸ਼ੀਆ ਅਤੇ ਪੂਰਬੀ ਯੂਰਪ ਤੋਂ ਆ ਕੇ ਲੋਕ ਇਟਲੀ ਵਿਚ ਰਹਿਣ ਲੱਗੇ ਹਨ। ਕਿਉਂ? ਕੁਝ ਲੋਕ ਪੈਸੇ ਕਮਾਉਣ ਤੇ ਚੰਗੀ ਜ਼ਿੰਦਗੀ ਜੀਉਣ ਦੀ ਆਸ ਲੈ ਕੇ ਆਏ ਹਨ, ਪਰ ਕੁਝ ਤਬਾਹੀਆਂ ਨੂੰ ਪਿੱਛੇ ਛੱਡ ਕੇ ਆਏ ਹਨ। ਇਨ੍ਹਾਂ ਲੱਖਾਂ ਹੀ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਕਿਵੇਂ ਸੁਣਾਈ ਜਾ ਰਹੀ ਹੈ?

ਇਟਲੀ ਵਿਚ ਰਹਿੰਦੇ ਕਈਆਂ ਗਵਾਹਾਂ ਨੇ ਅਲਬਾਨੀ, ਅਰਬੀ, ਐਮਹੈਰਿਕ, ਸਿੰਘਾਲਾ, ਚੀਨੀ, ਟਾਗਾਲੋਗ, ਪੰਜਾਬੀ ਅਤੇ ਬੰਗਾਲੀ ਵਰਗੀਆਂ ਭਾਸ਼ਾਵਾਂ ਸਿੱਖਣ ਦਾ ਮੁਸ਼ਕਲ ਕੰਮ ਸ਼ੁਰੂ ਕੀਤਾ ਹੈ। ਇਨ੍ਹਾਂ ਭੈਣ-ਭਾਈਆਂ ਦੀ ਮਦਦ ਕਰਨ ਲਈ ਸਾਲ 2001 ਵਿਚ ਵੱਖੋ-ਵੱਖਰੀਆਂ ਭਾਸ਼ਾਵਾਂ ਦੇ ਕੋਰਸ ਸ਼ੁਰੂ ਕੀਤੇ ਗਏ ਤਾਂਕਿ ਉਹ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਪ੍ਰਚਾਰ ਕਰ ਸਕਣ। ਪਿਛਲੇ ਤਿੰਨ ਸਾਲਾਂ ਦੌਰਾਨ 17 ਭਾਸ਼ਾਵਾਂ ਵਿਚ ਕੀਤੇ ਗਏ 79 ਕੋਰਸਾਂ ਵਿਚ 3,711 ਭੈਣ-ਭਾਈਆਂ ਨੂੰ ਸਿਖਲਾਈ ਦਿੱਤੀ ਗਈ। ਇਨ੍ਹਾਂ ਦੀ ਸਹਾਇਤਾ ਨਾਲ 25 ਭਾਸ਼ਾਵਾਂ ਵਿਚ 146 ਕਲੀਸਿਯਾਵਾਂ ਅਤੇ ਕੁਝ 274 ਸਮੂਹਾਂ ਨੂੰ ਸਥਾਪਿਤ ਅਤੇ ਮਜ਼ਬੂਤ ਕਰਨ ਵਿਚ ਮਦਦ ਮਿਲੀ ਹੈ। ਇਸ ਕਾਰਨ ਕਈ ਨੇਕਦਿਲ ਇਨਸਾਨਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣ ਕੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਹੈ ਜਿਸ ਦੇ ਸ਼ਾਨਦਾਰ ਨਤੀਜੇ ਨਿਕਲੇ ਹਨ।

ਮਿਸਾਲ ਲਈ ਯਹੋਵਾਹ ਦੇ ਇਕ ਗਵਾਹ ਨੇ ਜੋਰਜ ਨਾਂ ਦੇ ਇਕ ਮਲਿਆਲੀ ਆਦਮੀ ਨਾਲ ਬਾਈਬਲ ਬਾਰੇ ਗੱਲ ਕੀਤੀ। ਭਾਵੇਂ ਜੋਰਜ ਨੂੰ ਕੰਮ ਦੀ ਥਾਂ ਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਸੀ, ਪਰ ਉਸ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਬਾਅਦ ਜੋਰਜ ਦਾ ਇਕ ਪੰਜਾਬੀ ਦੋਸਤ ਗਿੱਲ ਕਿੰਗਡਮ ਹਾਲ ਗਿਆ ਤੇ ਉਸ ਨੇ ਵੀ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਗਿੱਲ ਨੇ ਡੇਵਿਡ ਨਾਂ ਦੇ ਤੇਲਗੂ ਆਦਮੀ ਦੀ ਗਵਾਹਾਂ ਨਾਲ ਮੁਲਾਕਾਤ ਕਰਵਾਈ। ਕੁਝ ਹੀ ਸਮੇਂ ਵਿਚ ਡੇਵਿਡ ਨੇ ਵੀ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਡੇਵਿਡ ਦੇ ਨਾਲ ਸੰਨੀ ਤੇ ਸੁਭਾਸ਼ ਰਹਿੰਦੇ ਸਨ ਅਤੇ ਉਹ ਦੋਵੇਂ ਉਸ ਨਾਲ ਸਟੱਡੀ ਵੇਲੇ ਬੈਠਣ ਲੱਗ ਪਏ।

ਕੁਝ ਹਫ਼ਤੇ ਬਾਅਦ ਗਵਾਹਾਂ ਨੂੰ ਦਲੀਪ ਨਾਂ ਦੇ ਮਰਾਠੀ ਆਦਮੀ ਦਾ ਟੈਲੀਫ਼ੋਨ ਆਇਆ। ਉਸ ਨੇ ਕਿਹਾ: “ਮੈਂ ਜੋਰਜ ਦਾ ਦੋਸਤ ਹਾਂ। ਕੀ ਤੁਸੀਂ ਮੈਨੂੰ ਬਾਈਬਲ ਪੜ੍ਹਾ ਸਕਦੇ ਹੋ?” ਫਿਰ ਤਾਮਿਲ ਬੋਲਣ ਵਾਲੇ ਸੁਮਿਤ ਨੇ ਬਾਈਬਲ ਸਟੱਡੀ ਲਈ ਟੈਲੀਫ਼ੋਨ ਕੀਤਾ। ਅਖ਼ੀਰ ਵਿਚ ਜੋਰਜ ਦੇ ਇਕ ਹੋਰ ਦੋਸਤ ਨੇ ਟੈਲੀਫ਼ੋਨ ਕਰ ਕੇ ਕਿਹਾ ਕਿ ਉਹ ਵੀ ਬਾਈਬਲ ਦੀ ਸਟੱਡੀ ਕਰਨੀ ਚਾਹੁੰਦਾ ਸੀ। ਜੋਰਜ ਮੈੱਕਸ ਨਾਂ ਦੇ ਇਕ ਹੋਰ ਆਦਮੀ ਨੂੰ ਕਿੰਗਡਮ ਹਾਲ ਲੈ ਆਇਆ। ਉਸ ਨੇ ਵੀ ਕਿਹਾ ਕਿ ਉਹ ਸਟੱਡੀ ਕਰਨੀ ਚਾਹੁੰਦਾ ਹੈ। ਇਸ ਵੇਲੇ ਛੇ ਬਾਈਬਲ ਸਟੱਡੀਆਂ ਕਰਾਈਆਂ ਜਾ ਰਹੀਆਂ ਹਨ ਅਤੇ ਚਾਰ ਹੋਰ ਸ਼ੁਰੂ ਕਰਨ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਇਹ ਸਾਰੀਆਂ ਉਰਦੂ, ਹਿੰਦੀ, ਤਾਮਿਲ, ਤੇਲਗੂ, ਪੰਜਾਬੀ, ਮਰਾਠੀ ਅਤੇ ਮਲਿਆਲਮ ਕਿਤਾਬਾਂ ਦੀ ਮਦਦ ਨਾਲ ਅੰਗ੍ਰੇਜ਼ੀ ਵਿਚ ਕੀਤੀਆਂ ਜਾਂਦੀਆਂ ਹਨ।

ਬੋਲ਼ੇ ਖ਼ੁਸ਼ ਖ਼ਬਰੀ “ਸੁਣਦੇ” ਹਨ

ਇਟਲੀ ਵਿਚ 90,000 ਤੋਂ ਜ਼ਿਆਦਾ ਬੋਲ਼ੇ ਲੋਕ ਹਨ। ਯਹੋਵਾਹ ਦੇ ਗਵਾਹਾਂ ਨੇ ਅੱਜ ਤੋਂ ਲਗਭਗ 30 ਸਾਲ ਪਹਿਲਾਂ ਉਨ੍ਹਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਵੀ ਸੱਚਾਈ ਸਿੱਖ ਸਕਣ। ਪਹਿਲਾਂ-ਪਹਿਲ ਕੁਝ ਬੋਲ਼ੇ ਭੈਣ-ਭਾਈਆਂ ਨੇ ਉਨ੍ਹਾਂ ਭੈਣ-ਭਾਈਆਂ ਨੂੰ ਇਤਾਲਵੀ ਸੈਨਤ ਭਾਸ਼ਾ ਸਿਖਾਈ ਸੀ ਜੋ ਹੋਰਨਾਂ ਬੋਲ਼ਿਆਂ ਨੂੰ ਪ੍ਰਚਾਰ ਕਰਨਾ ਚਾਹੁੰਦੇ ਸਨ। ਹੌਲੀ-ਹੌਲੀ ਬਾਈਬਲ ਵਿਚ ਦਿਲਚਸਪੀ ਲੈਣ ਵਾਲੇ ਬੋਲ਼ਿਆਂ ਦੀ ਗਿਣਤੀ ਵਧ ਗਈ। ਅੱਜ-ਕੱਲ੍ਹ 1,400 ਤੋਂ ਜ਼ਿਆਦਾ ਸੈਨਤ ਭਾਸ਼ਾ ਵਰਤਣ ਵਾਲੇ ਲੋਕ ਮੀਟਿੰਗਾਂ ਵਿਚ ਆਉਂਦੇ ਹਨ। ਸੈਨਤ ਭਾਸ਼ਾ ਵਿਚ 15 ਕਲੀਸਿਯਾਵਾਂ ਅਤੇ 52 ਸਮੂਹ ਹਨ।

ਪਹਿਲਾਂ-ਪਹਿਲ ਸਾਡੇ ਭੈਣ-ਭਾਈਆਂ ਨੇ ਬੋਲ਼ਿਆਂ ਨੂੰ ਪ੍ਰਚਾਰ ਕਰਨ ਲਈ ਆਪੇ ਇੰਤਜ਼ਾਮ ਕੀਤੇ ਸਨ, ਪਰ 1978 ਤੋਂ ਸ਼ੁਰੂ ਹੋ ਕੇ ਇਟਲੀ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਬੋਲ਼ਿਆਂ ਲਈ ਸੰਮੇਲਨਾਂ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਉਸ ਸਾਲ ਮਈ ਮਹੀਨੇ ਵਿਚ ਐਲਾਨ ਕੀਤਾ ਗਿਆ ਸੀ ਕਿ ਮਿਲਾਨ ਸ਼ਹਿਰ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਸੰਮੇਲਨ ਵਿਚ ਬੋਲ਼ਿਆਂ ਲਈ ਵੀ ਸੈਸ਼ਨ ਹੋਣਗੇ। ਫਰਵਰੀ 1979 ਵਿਚ ਮਿਲਾਨ ਦੇ ਸੰਮੇਲਨ ਭਵਨ ਵਿਚ ਸੈਨਤ ਭਾਸ਼ਾ ਵਿਚ ਪਹਿਲਾ ਦੋ ਦਿਨਾਂ ਦਾ ਸੰਮੇਲਨ ਹੋਇਆ ਸੀ।

ਉਸ ਸਮੇਂ ਤੋਂ ਬੋਲ਼ਿਆਂ ਨੂੰ ਸੱਚਾਈ ਵਿਚ ਤਰੱਕੀ ਕਰਨ ਵਿਚ ਮਦਦ ਦੇਣ ਲਈ ਬ੍ਰਾਂਚ ਆਫ਼ਿਸ ਨੇ ਉਨ੍ਹਾਂ ਵੱਲ ਖ਼ਾਸ ਧਿਆਨ ਦਿੱਤਾ ਹੈ। ਪਹਿਲਾਂ ਕਾਫ਼ੀ ਸਾਰੇ ਪ੍ਰਕਾਸ਼ਕਾਂ ਨੂੰ ਸੈਨਤ ਭਾਸ਼ਾ ਸਿੱਖਣ ਦੀ ਹੱਲਾਸ਼ੇਰੀ ਦਿੱਤੀ ਗਈ। ਫਿਰ 1995 ਤੋਂ ਕੁਝ ਸਮੂਹਾਂ ਵਿਚ ਸਪੈਸ਼ਲ ਪਾਇਨੀਅਰ ਭੈਣ-ਭਾਈ ਭੇਜੇ ਗਏ ਹਨ ਤਾਂਕਿ ਬੋਲ਼ੇ ਗਵਾਹਾਂ ਨੂੰ ਪ੍ਰਚਾਰ ਕਰਨਾ ਅਤੇ ਮੀਟਿੰਗਾਂ ਕਰਨੀਆਂ ਸਿਖਾਈਆਂ ਜਾ ਸਕਣ। ਤਿੰਨ ਸੰਮੇਲਨ ਭਵਨਾਂ ਵਿਚ ਪ੍ਰੋਗ੍ਰਾਮ ਚੰਗੀ ਤਰ੍ਹਾਂ ਦੇਖਣ ਵਿਚ ਬੋਲ਼ਿਆਂ ਦੀ ਸਹਾਇਤਾ ਕਰਨ ਲਈ ਵਧੀਆ ਕੁਆਲਿਟੀ ਦੇ ਵਿਡਿਓ, ਕੈਮਰੇ ਅਤੇ ਟੈਲੀਵਿਯਨ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸੈਨਤ ਭਾਸ਼ਾ ਵਿਚ ਸਾਡੇ ਸਾਹਿੱਤ ਦੀਆਂ ਵਿਡਿਓ ਟੇਪਾਂ ਤਿਆਰ ਕੀਤੀਆਂ ਗਈਆਂ ਹਨ।

ਦੁਨੀਆਂ ਦੇ ਲੋਕਾਂ ਨੇ ਵੀ ਨੋਟ ਕੀਤਾ ਹੈ ਕਿ ਯਹੋਵਾਹ ਦੇ ਗਵਾਹ ਬੋਲ਼ੇ ਲੋਕਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਹਨ। ਇਕ ਕੈਥੋਲਿਕ ਮਾਨੀਸੀਨਓਰ ਨੇ ਇਤਾਲਵੀ ਬੋਲ਼ਿਆਂ ਦੀ ਸੰਸਥਾ ਦੁਆਰਾ ਛਾਪੇ ਜਾਂਦੇ ਰਸਾਲੇ ਵਿਚ ਕਿਹਾ: “ਬੋਲ਼ੇ ਹੋਣਾ ਵੀ ਇਕ ਸਰਾਪ ਹੈ ਕਿਉਂਕਿ ਉਨ੍ਹਾਂ ਨੂੰ ਹਰ ਵੇਲੇ ਕਿਸੇ ਹੋਰ ਦੀ ਲੋੜ ਪੈਂਦੀ ਹੈ। ਉਦਾਹਰਣ ਲਈ ਜੇ ਕੋਈ ਬੋਲ਼ਾ ਚਰਚ ਆਉਂਦਾ ਹੈ, ਤਾਂ ਉਸ ਨੂੰ ਕਿਸੇ ਅਜਿਹੇ ਇਨਸਾਨ ਦੀ ਲੋੜ ਹੁੰਦੀ ਹੈ ਜੋ ਉਸ ਲਈ ਸਭ ਕੁਝ ਸੈਨਤ ਭਾਸ਼ਾ ਵਿਚ ਦੱਸੇ ਭਾਵੇਂ ਕੋਈ ਭਾਸ਼ਣ ਹੋਵੇ ਜਾਂ ਭਜਨ।” ਉਸ ਪਾਦਰੀ ਨੇ ਰਸਾਲੇ ਵਿਚ ਅੱਗੇ ਕਿਹਾ: “ਅਫ਼ਸੋਸ ਕਿ ਚਰਚ ਵਿਚ ਬੋਲ਼ਿਆਂ ਦੀ ਮਦਦ ਕਰਨ ਲਈ ਕੋਈ ਬੰਦੋਬਸਤ ਨਹੀਂ ਕੀਤਾ ਜਾਂਦਾ, ਪਰ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲਾਂ ਵਿਚ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਹੈ।”

ਕੈਦੀਆਂ ਨੂੰ ਵੀ ਪ੍ਰਚਾਰ ਕੀਤਾ ਜਾ ਰਿਹਾ

ਕੀ ਕੋਈ ਜੇਲ੍ਹ ਵਿਚ ਬੰਧ ਬੈਠਾ ਹੋਇਆ ਵੀ ਆਜ਼ਾਦ ਹੋ ਸਕਦਾ ਹੈ? ਜੀ ਹਾਂ! ਬਾਈਬਲ ਦੇ ਸੰਦੇਸ਼ ਵਿਚ ਅਜਿਹੀ ਤਾਕਤ ਹੈ ਕਿ ਉਸ ਵਿਚ ਲਿਖੀਆਂ ਗੱਲਾਂ ਤੇ ਅਮਲ ਕਰਨ ਵਾਲੇ “ਅਜ਼ਾਦ” ਹੋ ਜਾਂਦੇ ਹਨ। ਯਿਸੂ ਨੇ “ਬੰਧੂਆਂ ਨੂੰ” ਪਾਪ ਅਤੇ ਝੂਠ ਤੋਂ ਆਜ਼ਾਦ ਹੋਣ ਬਾਰੇ ਪ੍ਰਚਾਰ ਕੀਤਾ ਸੀ। (ਯੂਹੰਨਾ 8:32; ਲੂਕਾ 4:16-19) ਇਟਲੀ ਵਿਚ ਕੈਦੀਆਂ ਨੂੰ ਪ੍ਰਚਾਰ ਕਰਨ ਦੇ ਵਧੀਆ ਨਤੀਜੇ ਨਿਕਲੇ ਹਨ। ਸਰਕਾਰ ਨੇ ਯਹੋਵਾਹ ਦੇ ਲਗਭਗ 400 ਗਵਾਹਾਂ ਨੂੰ ਕੈਦੀਆਂ ਨੂੰ ਜਾ ਕੇ ਮਿਲਣ ਦੀ ਇਜਾਜ਼ਤ ਦਿੱਤੀ ਹੈ। ਕੈਥੋਲਿਕ ਚਰਚ ਤੋਂ ਇਲਾਵਾ ਯਹੋਵਾਹ ਦੇ ਗਵਾਹ ਪਹਿਲੇ ਲੋਕ ਸਨ ਜਿਨ੍ਹਾਂ ਨੇ ਇਸ ਕੰਮ ਲਈ ਇਜ਼ਾਜ਼ਤ ਮੰਗੀ ਤੇ ਸਰਕਾਰ ਨੇ ਦੇ ਦਿੱਤੀ ਹੈ।

ਬਾਈਬਲ ਦਾ ਸੰਦੇਸ਼ ਕੈਦੀਆਂ ਦੇ ਕੰਨਾਂ ਤਕ ਵੱਖੋ-ਵੱਖਰੇ ਤਰੀਕਿਆਂ ਨਾਲ ਪਹੁੰਚ ਜਾਂਦਾ ਹੈ। ਕੁਝ ਕੈਦੀਆਂ ਨੇ ਦੂਜੇ ਕੈਦੀਆਂ ਨੂੰ ਯਹੋਵਾਹ ਦੇ ਗਵਾਹਾਂ ਤੋਂ ਸੁਣੀਆਂ ਗੱਲਾਂ ਦੱਸੀਆਂ ਹਨ। ਫਿਰ ਇਨ੍ਹਾਂ ਕੈਦੀਆਂ ਨੇ ਆਪ ਬੇਨਤੀ ਕੀਤੀ ਕਿ ਗਵਾਹ ਉਨ੍ਹਾਂ ਨਾਲ ਵੀ ਆ ਕੇ ਮਿਲਣ। ਜਾਂ ਫਿਰ ਕੁਝ ਕੈਦੀਆਂ ਦੇ ਘਰ ਵਾਲਿਆਂ ਨੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਕਿ ਉਹ ਵੀ ਗਵਾਹਾਂ ਨੂੰ ਮਿਲਣ। ਕਤਲ ਜਾਂ ਕਿਸੇ ਹੋਰ ਗੰਭੀਰ ਅਪਰਾਧ ਦੇ ਕਾਰਨ ਉਮਰ ਕੈਦ ਕੱਟ ਰਹੇ ਕੁਝ ਕੈਦੀਆਂ ਨੇ ਪਸ਼ਚਾਤਾਪ ਕਰ ਕੇ ਆਪਣੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਇਸ ਤਰ੍ਹਾਂ ਉਹ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈਣ ਲਈ ਤਿਆਰ ਹੁੰਦੇ ਹਨ।

ਕਈ ਜੇਲ੍ਹਾਂ ਵਿਚ ਬਾਈਬਲ ਦੇ ਵਿਸ਼ਿਆਂ ਤੇ ਭਾਸ਼ਣ ਦਿੱਤੇ ਜਾਂਦੇ ਹਨ, ਯਿਸੂ ਦੀ ਮੌਤ ਦੀ ਯਾਦਗਾਰ ਮਨਾਈ ਜਾਂਦੀ ਹੈ ਅਤੇ ਯਹੋਵਾਹ ਦੇ ਗਵਾਹਾਂ ਦੇ ਬਾਈਬਲ ਦੇ ਪ੍ਰੋਗ੍ਰਾਮ ਦੀਆਂ ਵਿਡਿਓ ਟੇਪਾਂ ਵੀ ਦਿਖਾਈਆਂ ਜਾਂਦੀਆਂ ਹਨ। ਬਹੁਤ ਸਾਰੇ ਕੈਦੀ ਇਨ੍ਹਾਂ ਮੀਟਿੰਗਾਂ ਵਿਚ ਆਉਂਦੇ ਹਨ।

ਕੈਦੀਆਂ ਦੀ ਮਦਦ ਕਰਨ ਲਈ ਗਵਾਹਾਂ ਨੇ ਉਨ੍ਹਾਂ ਨੂੰ ਖ਼ਾਸ ਵਿਸ਼ਿਆਂ ਉੱਤੇ ਬਹੁਤ ਸਾਰੇ ਰਸਾਲੇ ਵੰਡੇ ਹਨ। ਅਜਿਹਾ ਇਕ ਰਸਾਲਾ 8 ਮਈ 2001 ਦਾ ਜਾਗਰੂਕ ਬਣੋ! ਰਸਾਲਾ (ਅੰਗ੍ਰੇਜ਼ੀ) ਸੀ ਜਿਸ ਦਾ ਖ਼ਾਸ ਵਿਸ਼ਾ ਸੀ: “ਕੀ ਕੈਦੀਆਂ ਨੂੰ ਸੁਧਾਰਿਆ ਜਾ ਸਕਦਾ ਹੈ?” ਇਕ ਹੋਰ ਸੀ 8 ਅਪ੍ਰੈਲ 2003 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਜਿਸ ਦਾ ਵਿਸ਼ਾ ਸੀ: “ਤੁਸੀਂ ਆਪਣੇ ਟੱਬਰ ਨੂੰ ਨਸ਼ਿਆਂ ਦੇ ਚੁੰਗਲ ਵਿੱਚੋਂ ਕਿਵੇਂ ਕੱਢ ਸਕਦੇ ਹੋ?” ਇਨ੍ਹਾਂ ਰਸਾਲਿਆਂ ਦੀਆਂ ਹਜ਼ਾਰਾਂ ਕਾਪੀਆਂ ਕੈਦੀਆਂ ਨੂੰ ਵੰਡੀਆਂ ਗਈਆਂ ਹਨ। ਨਤੀਜੇ ਵਜੋਂ ਸੈਂਕੜੇ ਕੈਦੀਆਂ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜੇਲ੍ਹਾਂ ਦੇ ਕੁਝ ਗਾਰਡਾਂ ਨੇ ਵੀ ਹੁਣ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ।

ਕੋਸਤਾਨਤੀਨੋ ਨਾਂ ਦੇ ਕੈਦੀ ਨੂੰ ਜੇਲ੍ਹ ਦੇ ਅਧਿਕਾਰੀਆਂ ਨੇ ਕਿੰਗਡਮ ਹਾਲ ਜਾਣ ਦੀ ਖ਼ਾਸ ਇਜਾਜ਼ਤ ਦਿੱਤੀ। ਉਸ ਨੇ ਸੈਨ ਰੀਮੋ ਦੇ ਕਿੰਗਡਮ ਹਾਲ ਵਿਚ 138 ਗਵਾਹਾਂ ਦੇ ਸਾਮ੍ਹਣੇ ਬਪਤਿਸਮਾ ਲਿਆ। ਇਸ ਤੋਂ ਬਾਅਦ ਉਹ ਇੰਨਾ ਭਾਵੁਕ ਹੋ ਗਿਆ ਕਿ ਉਸ ਨੇ ਕਿਹਾ: “ਇੰਨਾ ਸਾਰਾ ਪਿਆਰ ਪਾ ਕੇ ਮੇਰੇ ਕੋਲੋਂ ਆਪਣੀ ਖ਼ੁਸ਼ੀ ਸੰਭਾਲੀ ਨਹੀਂ ਜਾਂਦੀ।” ਇਕ ਅਖ਼ਬਾਰ ਵਿਚ ਉਸ ਦੀ ਜੇਲ੍ਹ ਦੇ ਨਿਗਰਾਨ ਨੇ ਕਿਹਾ: “ਅਸੀਂ ਉਸ ਨੂੰ ਖ਼ੁਸ਼ੀ-ਖ਼ੁਸ਼ੀ ਇਸ ਦੀ ਇਜਾਜ਼ਤ ਦੇ ਦਿੱਤੀ। ਜੇ ਕੋਈ ਮੁਜਰਮ ਨਿੱਜੀ, ਸਮਾਜਕ ਜਾਂ ਰੂਹਾਨੀ ਤੌਰ ਤੇ ਸੁਧਰਨਾ ਚਾਹੁੰਦਾ ਹੈ, ਤਾਂ ਅਸੀਂ ਉਸ ਦੀ ਪੂਰੀ-ਪੂਰੀ ਮਦਦ ਕਰਾਂਗੇ।” ਕੋਸਤਾਨਤਿਨੋ ਦੀ ਜ਼ਿੰਦਗੀ ਵਿਚ ਐਡੀ ਵੱਡੀ ਤਬਦੀਲੀ ਦੇਖ ਕੇ ਉਸ ਦੀ ਪਤਨੀ ਅਤੇ ਬੇਟੀ ਨੇ ਵੀ ਬਾਈਬਲ ਦੀ ਸਟੱਡੀ ਕਰਨੀ ਅਤੇ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੀਆਂ ਹਨ: “ਸਾਨੂੰ ਉਸ ਤੇ ਮਾਣ ਹੈ। ਉਹ ਹੁਣ ਲੜਦਾ ਨਹੀਂ ਅਤੇ ਸਾਡੀ ਚਿੰਤਾ ਕਰਦਾ ਹੈ। ਅਸੀਂ ਫਿਰ ਤੋਂ ਉਸ ਦਾ ਆਦਰ ਕਰਨ ਅਤੇ ਉਸ ਤੇ ਭਰੋਸਾ ਰੱਖਣ ਲੱਗੀ ਪਈਆਂ ਹਾਂ।”

ਸਰਜੀਓ ਡਾਕਾ ਮਾਰਨ, ਚੋਰੀ ਕਰਨ, ਨਸ਼ਿਆਂ ਦੀ ਸਮਗਲਿੰਗ ਕਰਨ ਅਤੇ ਕਤਲ ਦੇ ਆਰੋਪ ਵਿਚ 2024 ਤਕ ਜੇਲ੍ਹ ਵਿਚ ਕੈਦ ਰਹੇਗਾ। ਉਸ ਨੇ ਤਿੰਨ ਸਾਲ ਬਾਈਬਲ ਦੀ ਸਟੱਡੀ ਕੀਤੀ, ਆਪਣੀ ਜ਼ਿੰਦਗੀ ਬਦਲੀ ਅਤੇ ਫਿਰ ਬਪਤਿਸਮਾ ਲੈ ਲਿਆ। ਉਹ ਐਲਬਾ ਟਾਪੂ ਤੇ ਪੋਰਟੋ ਆਟਜ਼ੁਰੋ ਜੇਲ੍ਹ ਦਾ 15ਵਾਂ ਕੈਦੀ ਹੈ ਜਿਸ ਨੇ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲਿਆ ਹੈ। ਕਈ ਕੈਦੀਆਂ ਨੇ ਉਸ ਨੂੰ ਜੇਲ੍ਹ ਦੇ ਮਦਾਨ ਵਿਚ ਬਪਤਿਸਮਾ ਲੈਂਦੇ ਦੇਖਿਆ ਸੀ।

ਲਿਓਨਾਰਡੋ 20 ਸਾਲ ਕੈਦ ਭੁਗਤ ਰਿਹਾ ਹੈ। ਉਸ ਨੇ ਇਜਾਜ਼ਤ ਲੈ ਕੇ ਪਾਰਮਾ ਦੇ ਕਿੰਗਡਮ ਹਾਲ ਵਿਚ ਬਪਤਿਸਮਾ ਲਿਆ ਹੈ। ਇਕ ਅਖ਼ਬਾਰ ਵਿਚ ਲਿਓਨਾਰਡੋ ਦੀ ਇੰਟਰਵਿਊ ਛਾਪੀ ਗਈ। ਉਸ ਨੇ ਕਿਹਾ ਕਿ ਉਹ “ਇਹ ਗੱਲ ਦੱਸਣੀ ਚਾਹੁੰਦਾ ਹੈ ਕਿ ਉਸ ਨੇ ਯਹੋਵਾਹ ਦਾ ਗਵਾਹ ਬਣਨ ਦਾ ਫ਼ੈਸਲਾ ਇਸ ਲਈ ਨਹੀਂ ਕੀਤਾ ਕਿ ਉਹ ਜੇਲ੍ਹ ਵਿੱਚੋਂ ਛੁੱਟ ਜਾਵੇ, ਪਰ ਇਸ ਲਈ ਕਿਉਂਕਿ ਉਹ ਯਹੋਵਾਹ ਦੀ ਭਗਤੀ ਕਰਨੀ ਚਾਹੁੰਦਾ ਸੀ।” ਉਸ ਨੇ ਅੱਗੇ ਕਿਹਾ: “ਅੱਜ ਤਕ ਮੈਂ ਜ਼ਿੰਦਗੀ ਵਿਚ ਗ਼ਲਤ ਕੰਮਾਂ ਤੋਂ ਸਿਵਾਇ ਕੁਝ ਨਹੀਂ ਕੀਤਾ, ਪਰ ਹੁਣ ਮੈਂ ਉਹ ਸਭ ਕੁਝ ਪਿੱਛੇ ਛੱਡ ਦਿੱਤਾ ਹੈ। ਭਾਵੇਂ ਮੈਨੂੰ ਬਦਲਣ ਨੂੰ ਸਮਾਂ ਲੱਗਾ ਹੈ, ਪਰ ਮੈਂ ਬਦਲ ਜ਼ਰੂਰ ਗਿਆ ਹਾਂ। ਹੁਣ ਜ਼ਰੂਰੀ ਹੈ ਕਿ ਮੈਂ ਸੱਚਾਈ ਤੇ ਚੱਲਦਾ ਰਹਾਂ।”

ਸਾਲਵਾਟੋਰੇ ਇਕ ਕਾਤਲ ਹੈ ਅਤੇ ਉਹ ਸਪਲਿਟੋ ਦੀ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਵਿਚ ਕੈਦ ਹੈ। ਉਸ ਨੂੰ ਜੇਲ੍ਹ ਦੇ ਅੰਦਰ ਹੀ ਬਪਤਿਸਮਾ ਲੈਣਾ ਪਿਆ ਅਤੇ ਉਸ ਦੇ ਬਪਤਿਸਮੇ ਤੋਂ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ। ਜੇਲ੍ਹ ਦੇ ਨਿਗਰਾਨ ਨੇ ਕਿਹਾ: “ਪੂਰੇ ਸਮਾਜ ਵਾਸਤੇ ਅਤੇ ਬਾਕੀ ਦੇ ਕੈਦੀਆਂ ਦੀ ਖ਼ਾਤਰ ਕੈਦੀਆਂ ਨੂੰ ਆਪਣੇ ਵਤੀਰੇ ਵਿਚ ਤਬਦੀਲੀ ਕਰਨ ਦੀ ਹੱਲਾਸ਼ੇਰੀ ਹਮੇਸ਼ਾ ਦਿੱਤੀ ਜਾਣੀ ਚਾਹੀਦੀ ਹੈ।” ਸਾਲਵਾਟੋਰੇ ਨੂੰ ਬਦਲਿਆ ਦੇਖ ਕੇ ਉਸ ਦੀ ਪਤਨੀ ਤੇ ਇਕ ਬੇਟੀ ਹੁਣ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾਣ ਲੱਗ ਪਈਆਂ ਹਨ। ਇਕ ਹੋਰ ਕੈਦੀ ਨੇ ਵੀ ਬਪਤਿਸਮਾ ਲੈ ਕੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਸਾਲਵਾਟੋਰੇ ਨੇ ਬਾਈਬਲ ਦੀਆਂ ਸੱਚਾਈਆਂ ਦੱਸੀਆਂ ਸਨ।

ਪਹਿਲੀ ਸਦੀ ਵਿਚ ਇਟਲੀ ਵਿਚ ਬਹੁਤ ਸਾਰੇ ਲੋਕ ਯਿਸੂ ਦੇ ਚੇਲੇ ਬਣੇ ਸਨ। (ਰਸੂਲਾਂ ਦੇ ਕਰਤੱਬ 2:10; ਰੋਮੀਆਂ 1:7) ਅੱਜ ਵੀ ਇਟਲੀ ਵਿਚ ਗਵਾਹਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਜਿੱਥੇ ਪੌਲੁਸ ਰਸੂਲ ਅਤੇ ਉਸ ਦੇ ਸਾਥੀਆਂ ਨੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਸੀ।—ਰਸੂਲਾਂ ਦੇ ਕਰਤੱਬ 23:11; 28:14-16.

[ਸਫ਼ੇ 13 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਇਟਲੀ

ਰੋਮ

[ਸਫ਼ੇ 15 ਉੱਤੇ ਤਸਵੀਰਾਂ]

ਬੀਟੌਂਟੋ ਸੰਮੇਲਨ ਭਵਨ ਅਤੇ ਰੋਮ ਵਿਚ ਇਤਾਲਵੀ ਸੈਨਤ ਭਾਸ਼ਾ ਦੀ ਇਕ ਕਲੀਸਿਯਾ

[ਸਫ਼ੇ 16 ਉੱਤੇ ਤਸਵੀਰ]

ਬਾਈਬਲ ਦੀ ਸੱਚਾਈ ਸਿੱਖ ਕੇ ਕੈਦੀ ‘ਅਜ਼ਾਦ’ ਹੋ ਰਹੇ ਹਨ

[ਸਫ਼ੇ 17 ਉੱਤੇ ਤਸਵੀਰਾਂ]

ਪਹਿਲੀ ਸਦੀ ਵਿਚ ਜਿੱਥੇ ਪ੍ਰਚਾਰ ਕੀਤਾ ਗਿਆ ਸੀ, ਅੱਜ ਵੀ ਉੱਥੇ ਲੋਕ ਸੱਚਾਈ ਸਿੱਖ ਰਹੇ ਹਨ