Skip to content

Skip to table of contents

ਕੰਮ-ਕਾਰ ਬਾਰੇ ਦੁਚਿੱਤੀ ਰਵੱਈਆ

ਕੰਮ-ਕਾਰ ਬਾਰੇ ਦੁਚਿੱਤੀ ਰਵੱਈਆ

ਕੰਮ-ਕਾਰ ਬਾਰੇ ਦੁਚਿੱਤੀ ਰਵੱਈਆ

“ਕੰਮ ਕਰ ਕੇ ਕਿੰਨਾ ਮਜ਼ਾ ਆਉਂਦਾ ਹੈ! ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਾਡੇ ਅੱਗੇ ਅਜੇ ਵੀ ਕਾਫ਼ੀ ਕੰਮ ਕਰਨ ਵਾਲਾ ਪਿਆ ਹੈ।”—ਕੈਥਰੀਨ ਮੈਂਜ਼ਫੀਲਡ (1888-1923)

ਕੀ ਤੁਸੀਂ ਵੀ ਕੰਮ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ ਜਿਸ ਤਰ੍ਹਾਂ ਉੱਪਰਲੇ ਵਾਕ ਵਿਚ ਲਿਖਿਆ ਗਿਆ ਹੈ? ਹੋ ਸਕਦਾ ਹੈ ਕਿ ਕੰਮ ਹੀ ਤੁਹਾਡੇ ਲਈ ਸਭ ਕੁਝ ਹੈ। ਜਾਂ ਕੀ ਤੁਸੀਂ ਕੰਮ ਨੂੰ ਇਕ ਬੋਝ ਸਮਝ ਕੇ ਸ਼ਨੀਵਾਰ-ਐਤਵਾਰ ਨੂੰ ਉਡੀਕਦੇ ਰਹਿੰਦੇ ਹੋ?

ਬਹੁਤ ਸਾਰੇ ਲੋਕਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤਕ ਕੰਮ ਕਰਨਾ ਪੈਂਦਾ ਹੈ ਅਤੇ ਬਹੁਤਿਆਂ ਦੀ ਜ਼ਿੰਦਗੀ, ਜਵਾਨੀ ਤੋਂ ਲੈ ਕੇ ਬੁਢਾਪੇ ਤਕ ਕੰਮ ਕਰਦਿਆਂ ਹੀ ਲੰਘ ਜਾਂਦੀ ਹੈ। ਹੋ ਸਕਦਾ ਹੈ ਕਿ ਜਿੱਥੇ ਅਸੀਂ ਰਹਿੰਦੇ ਹਾਂ ਅਤੇ ਸਾਡਾ ਜੀਵਨ-ਢੰਗ ਸਾਡੇ ਕੰਮ-ਧੰਦੇ ਤੇ ਨਿਰਭਰ ਕਰਦਾ ਹੈ। ਕਈਆਂ ਨੂੰ ਕੰਮ ਕਰ ਕੇ ਬਹੁਤ ਮਜ਼ਾ ਆਉਂਦਾ ਹੈ ਜਦ ਕਿ ਦੂਸਰੇ ਕੰਮ ਨੂੰ ਬਿਲਕੁਲ ਫ਼ਜ਼ੂਲ ਸਮਝਦੇ ਹਨ। ਕਈ ਕੰਮ ਇਸ ਲਈ ਕਰਦੇ ਹਨ ਕਿਉਂਕਿ ਉਹ ਬਹੁਤ ਸਾਰੇ ਪੈਸੇ ਕਮਾਉਣੇ ਚਾਹੁੰਦੇ ਹਨ ਅਤੇ ਆਪਣੇ ਲਈ ਉੱਚਾ ਰੁਤਬਾ ਹਾਸਲ ਕਰਨਾ ਚਾਹੁੰਦੇ ਹਨ ਜਦ ਕਿ ਕੁਝ ਲੋਕ ਸਿਰਫ਼ ਟਾਈਮ ਪਾਸ ਕਰਨ ਲਈ ਕੰਮ ਕਰਦੇ ਹਨ।

ਕੁਝ ਲੋਕ ਗੁਜ਼ਾਰਾ ਤੋਰਨ ਲਈ ਕੰਮ ਕਰਦੇ ਹਨ, ਜਦ ਕਿ ਕੁਝ ਲੋਕਾਂ ਲਈ ਕੰਮ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਹਿੱਸਾ ਬਣ ਜਾਂਦਾ ਹੈ ਅਤੇ ਕੁਝ ਕੰਮ ਕਰਦੇ-ਕਰਦੇ ਮਰ ਜਾਂਦੇ ਹਨ। ਮਿਸਾਲ ਲਈ, ਰਾਸ਼ਟਰ-ਸੰਘ ਦੀ ਇਕ ਤਾਜ਼ੀ ਰਿਪੋਰਟ ਦੇ ਅਨੁਸਾਰ ਜਿੰਨੀਆਂ ਜਾਨਾਂ ਕੰਮ-ਧੰਦੇ ਕਾਰਨ ਜਾਂਦੀਆਂ ਹਨ ਉੱਨੀਆਂ ਜਾਨਾਂ ਕੁਲ ਮਿਲਾ ਕੇ “ਲੜਾਈਆਂ, ਡ੍ਰੱਗਜ਼ ਅਤੇ ਜ਼ਿਆਦਾ ਸ਼ਰਾਬ ਪੀਣ ਕਾਰਨ ਨਹੀਂ ਜਾਂਦੀਆਂ।” ਇਸੇ ਗੱਲ ਬਾਰੇ ਲੰਡਨ ਦੀ ਇਕ ਅਖ਼ਬਾਰ ਦ ਗਾਰਡੀਅਨ ਵਿਚ ਲਿਖਿਆ ਗਿਆ ਸੀ: ‘ਹਰੇਕ ਸਾਲ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੰਮ ਦੀ ਥਾਂ ਤੇ ਧੂੜ, ਰਸਾਇਣਕ ਪਦਾਰਥਾਂ, ਸ਼ੋਰ ਅਤੇ ਰੇਡੀਏਸ਼ਨ ਕਾਰਨ ਕੈਂਸਰ, ਦਿਲ ਦਾ ਰੋਗ ਅਤੇ ਸਟ੍ਰੋਕ ਵਰਗੀਆਂ ਬੀਮਾਰੀਆਂ ਲੱਗਦੀਆਂ ਹਨ ਜਿਨ੍ਹਾਂ ਕਾਰਨ ਉਨ੍ਹਾਂ ਦੀ ਜਾਨ ਚਲੀ ਜਾਂਦੀ ਹੈ।’ ਕੰਮ ਸੰਬੰਧੀ ਇਕ ਹੋਰ ਦਰਦਨਾਕ ਗੱਲ ਇਹ ਹੈ ਕਿ ਅੱਜ-ਕੱਲ੍ਹ ਸਿਰਫ਼ ਸਿਆਣਿਆਂ ਤੋਂ ਨਹੀਂ, ਪਰ ਬੱਚਿਆਂ ਤੋਂ ਵੀ ਸਖ਼ਤ ਮਜ਼ਦੂਰੀ ਕਰਾਈ ਜਾਂਦੀ ਹੈ।

ਮਨੋਵਿਗਿਆਨੀ ਸਟੀਵਨ ਬਰਗਲਸ ਨੇ ‘ਬੇਹੱਦ ਥਕਾਵਟ’ ਦੀ ਗੱਲ ਕੀਤੀ ਜੋ ਇਕ ਬੀਮਾਰੀ ਵਾਂਗ ਬੰਦੇ ਨੂੰ ਲਗਭਗ ਖ਼ਤਮ ਕਰ ਦਿੰਦੀ ਹੈ। ਉਹ ਮਿਹਨਤੀ ਆਦਮੀ ਦੀ ਗੱਲ ਕਰਦਾ ਹੈ ਜੋ ਤਰੱਕੀ ਦੀਆਂ ਪੌੜੀਆਂ ਚੜ੍ਹਨ ਤੋਂ ਬਾਅਦ ‘ਨੌਕਰੀ ਤੇ ਘੁਟਣ ਮਹਿਸੂਸ ਕਰਨ ਲੱਗਦਾ ਹੈ ਜਿਸ ਕਰਕੇ ਉਸ ਨੂੰ ਬਹੁਤ ਘਬਰਾਹਟ ਤੇ ਨਿਰਾਸ਼ਾ ਹੁੰਦੀ ਹੈ ਅਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਇਕ ਕੈਦੀ ਦੀ ਤਰ੍ਹਾਂ ਸਮਝਣ ਲੱਗਦਾ ਹੈ। ਉਸ ਨੂੰ ਕੋਈ ਚਾਰਾ ਨਜ਼ਰ ਨਹੀਂ ਆਉਂਦਾ, ਇਸ ਲਈ ਨਾ ਤਾਂ ਉਸ ਨੂੰ ਨੌਕਰੀ ਤੋਂ ਕੋਈ ਖ਼ੁਸ਼ੀ ਮਿਲਦੀ ਹੈ ਅਤੇ ਨਾ ਹੀ ਉਹ ਨੌਕਰੀ ਛੱਡਣ ਜੋਗਾ ਰਹਿੰਦਾ ਹੈ।’

ਮਿਹਨਤੀ ਲੋਕ ਬਨਾਮ ਕੰਮ ਦੇ ਅਮਲੀ

ਅੱਜ ਦੀ ਦੁਨੀਆਂ ਵਿਚ ਬਹੁਤ ਸਾਰੇ ਲੋਕਾਂ ਨੂੰ ਕਈ-ਕਈ ਘੰਟੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਚੰਗਾ ਹੋਵੇਗਾ ਜੇਕਰ ਅਸੀਂ ਮਿਹਨਤੀਆਂ ਅਤੇ ਕੰਮ ਦੇ ਅਮਲੀਆਂ ਵਿਚਕਾਰ ਫ਼ਰਕ ਜਾਣ ਸਕੀਏ। ਮਿਸਾਲ ਲਈ, ਕੰਮ ਦੇ ਅਮਲੀਆਂ ਦਾ ਸੋਚਣਾ ਹੈ ਕਿ ਕੰਮ ਤੇ ਉਹ ਵਿਸ਼ਵਾਸਘਾਤ ਤੇ ਖ਼ਤਰਨਾਕ ਦੁਨੀਆਂ ਤੋਂ ਬਚੇ ਰਹਿੰਦੇ ਹਨ। ਪਰ ਮਿਹਨਤੀ ਲੋਕ ਕੰਮ ਕਰਨ ਦੇ ਨਾਲ-ਨਾਲ ਆਪਣੀਆਂ ਦੂਸਰੀਆਂ ਜ਼ਿੰਮੇਵਾਰੀਆਂ ਨੂੰ ਵੀ ਜ਼ਰੂਰੀ ਸਮਝਦੇ ਹਨ। ਕੰਮ ਦੇ ਅਮਲੀ ਦੂਸਰੀਆਂ ਜ਼ਰੂਰੀ ਗੱਲਾਂ ਅਕਸਰ ਭੁੱਲ ਜਾਂਦੇ ਹਨ ਜਿਵੇਂ ਕਿ ਆਪਣੇ ਵਿਆਹ ਦੀ ਵਰ੍ਹੇ-ਗੰਢ। ਪਰ ਮਿਹਨਤੀ ਇਨਸਾਨ ਇਸ ਤਰ੍ਹਾਂ ਨਹੀਂ ਕਰਦਾ। ਉਸ ਨੂੰ ਪਤਾ ਹੁੰਦਾ ਹੈ ਕਿ ਕੰਮ ਕਦੋਂ ਬਸ ਕਰਨਾ ਹੈ। ਹਾਂ ਕੰਮ ਤੋਂ ਇਲਾਵਾ ਉਹ ਹੋਰ ਜ਼ਰੂਰੀ ਗੱਲਾਂ ਵੱਲ ਵੀ ਧਿਆਨ ਦਿੰਦਾ ਹੈ। ਕੰਮ ਦੇ ਅਮਲੀਆਂ ਨੂੰ ਜ਼ਿਆਦਾ ਕੰਮ ਕਰਨ ਦਾ ਭੁੱਸ ਪਿਆ ਰਹਿੰਦਾ ਹੈ ਅਤੇ ਉਸ ਤੋਂ ਹੀ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ, ਜਿਵੇਂ ਕੰਮ ਤੋਂ ਉਨ੍ਹਾਂ ਨੂੰ ਨਸ਼ਾ ਚੜ੍ਹਦਾ ਹੋਵੇ। ਪਰ ਮਿਹਨਤੀ ਲੋਕ ਇਸ ਤਰ੍ਹਾਂ ਨਹੀਂ ਮਹਿਸੂਸ ਕਰਦੇ।

ਅੱਜ-ਕੱਲ੍ਹ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ ਚੰਗੀ ਗੱਲ ਸਮਝੀ ਜਾਂਦੀ ਹੈ। ਇਸ ਲਈ ਲੋਕਾਂ ਨੂੰ ਮਿਹਨਤੀ ਵਿਅਕਤੀ ਤੇ ਕੰਮ ਦੇ ਅਮਲੀ ਵਿਚਕਾਰ ਘੱਟ ਹੀ ਫ਼ਰਕ ਨਜ਼ਰ ਆਉਂਦਾ ਹੈ। ਕੰਪਿਊਟਰਾਂ ਅਤੇ ਮੋਬਾਇਲ ਫ਼ੋਨਾਂ ਵਗੈਰਾ ਕਰਕੇ ਲੋਕ ਆਪਣੇ ਘਰਾਂ ਨੂੰ ਵੀ ਦਫ਼ਤਰ ਸਮਝਣ ਲੱਗ ਪਏ ਹਨ ਮਤਲਬ ਕਿ ਘਰ ਆ ਕੇ ਵੀ ਉਹ ਕੰਮ ਕਰਨ ਤੋਂ ਨਹੀਂ ਹਟਦੇ। ਕਈ ਲੋਕ ਜਾਨ ਮਾਰ ਕੇ ਕੰਮ ਕਰਦੇ ਹਨ ਤੇ ਆਪਣੀ ਸਿਹਤ ਨੂੰ ਬੁਰੀ ਤਰ੍ਹਾਂ ਵਿਗਾੜ ਲੈਂਦੇ ਹਨ।

ਅਜਿਹੇ ਹਾਨੀਕਾਰਕ ਰਵੱਈਏ ਪ੍ਰਤੀ ਕੁਝ ਲੋਕਾਂ ਦਾ ਕੀ ਵਿਚਾਰ ਹੈ? ਸਮਾਜ-ਵਿਗਿਆਨੀਆਂ ਨੇ ਦੇਖਿਆ ਹੈ ਕਿ ਜਿਹੜੇ ਲੋਕ ਦਿਨ-ਰਾਤ ਕੰਮ ਕਰ ਕੇ ਤਣਾਅ ਮਹਿਸੂਸ ਕਰਦੇ ਹਨ, ਉਹ ਹੁਣ ਜ਼ਿਆਦਾ ਧਰਮੀ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕੰਮ ਤੇ ਹੀ ਆਪਣੀ ਪਾਠ-ਪੂਜਾ ਕਰਨ ਲੱਗ ਪਏ ਹਨ। ਇਕ ਅਮਰੀਕੀ ਅਖ਼ਬਾਰ ਵਿਚ ਦੱਸਿਆ ਸੀ: ‘ਅੱਜ-ਕੱਲ੍ਹ ਲੋਕਾਂ ਦਾ ਕੰਮ ਕਰਨ ਦੀਆਂ ਥਾਵਾਂ ਤੇ ਪੂਜਾ-ਪਾਠ ਕਰਨੀ ਇਕ ਆਮ ਗੱਲ ਬਣਦੀ ਜਾਂ ਰਹੀ ਹੈ।’

ਅਮਰੀਕਾ ਵਿਚ ਤਕਨਾਲੋਜੀ ਦੇ ਮੁੱਖ ਕੇਂਦਰ ਸਿਲੀਕਨ ਵੈਲੀ ਬਾਰੇ ਇਕ ਰਿਪੋਰਟ ਨੇ ਦੱਸਿਆ: “ਕੰਮ ਬਹੁਤ ਘੱਟ ਹੋਣ ਕਰਕੇ ਕਈਆਂ ਨੂੰ ਨੌਕਰੀ ਤੋਂ ਛੁੱਟੀ ਦਿੱਤੀ ਜਾ ਰਹੀ ਹੈ ਤੇ ਮਾਲਕ ਦਫ਼ਤਰ ਦੇ ਕਾਰ ਪਾਰਕਾਂ ਵਿਚ ਖਾਲੀ ਥਾਵਾਂ ਦੀ ਗਿਣਤੀ ਵਧਦੀ ਦੇਖ ਰਹੇ ਹਨ। ਦੂਜੇ ਪਾਸੇ ਚਰਚਾਂ ਦੇ ਕਾਰ ਪਾਰਕਾਂ ਵਿਚ ਗੱਡੀਆਂ ਖੜ੍ਹੀਆਂ ਕਰਨ ਲਈ ਥਾਂ ਨਹੀਂ ਮਿਲਦਾ।” ਇਸ ਦਾ ਮਤਲਬ ਜੋ ਮਰਜ਼ੀ ਹੈ, ਪਰ ਇਕ ਗੱਲ ਸੱਚ ਹੈ ਕਿ ਦੁਨੀਆਂ ਭਰ ਵਿਚ ਬਹੁਤਿਆਂ ਦਾ ਤਜਰਬਾ ਇਹ ਰਿਹਾ ਹੈ ਕਿ ਬਾਈਬਲ ਦੀ ਸਿੱਖਿਆ ਨੇ ਕੰਮ ਬਾਰੇ ਉਨ੍ਹਾਂ ਦੇ ਰਵੱਈਏ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਉੱਤੇ ਚੰਗਾ ਅਸਰ ਪਾਇਆ ਹੈ।

ਤਾਂ ਫਿਰ, ਬਾਈਬਲ ਕੰਮ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਿਵੇਂ ਕਰ ਸਕਦੀ ਹੈ? ਕੀ ਬਾਈਬਲ ਵਿਚ ਕੋਈ ਅਜਿਹੇ ਸਿਧਾਂਤ ਹਨ ਜੋ ਅੱਜ ਕੰਮ ਸੰਬੰਧੀ ਆਉਂਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ? ਅਗਲਾ ਲੇਖ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।