Skip to content

Skip to table of contents

ਕੰਮ-ਕਾਰ—ਵਰਦਾਨ ਜਾਂ ਸਰਾਪ?

ਕੰਮ-ਕਾਰ—ਵਰਦਾਨ ਜਾਂ ਸਰਾਪ?

ਕੰਮ-ਕਾਰ—ਵਰਦਾਨ ਜਾਂ ਸਰਾਪ?

“ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ . . . ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ।”—ਉਪਦੇਸ਼ਕ ਦੀ ਪੋਥੀ 2:24.

ਇਕ ਸਰਵੇਖਣ ਅਨੁਸਾਰ ਕਾਮਿਆਂ ਦਾ ਇਕ ਤਿਹਾਈ ਹਿੱਸਾ ਅਕਸਰ “ਸ਼ਾਮ ਨੂੰ ਥੱਕਿਆ-ਟੁੱਟਿਆ ਘਰ ਵਾਪਸ ਆਉਂਦਾ ਹੈ।” ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਅੱਜ-ਕੱਲ੍ਹ ਲੋਕਾਂ ਨੂੰ ਤਣਾਅ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ। ਉਹ ਦਿਨ-ਰਾਤ ਕੰਮ ਕਰਦੇ ਹਨ ਅਤੇ ਕੰਮ ਨੂੰ ਅਕਸਰ ਘਰ ਵੀ ਲੈ ਜਾਂਦੇ ਹਨ। ਇੰਨਾ ਕੰਮ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਮਾਲਕ ਉਨ੍ਹਾਂ ਦੀ ਘੱਟ ਹੀ ਕਦਰ ਕਰਦੇ ਹਨ।

ਅੱਜ-ਕੱਲ੍ਹ ਕੰਮ ਵੱਡੀਆਂ ਮਸ਼ੀਨਾਂ ਨਾਲ ਵੱਡੇ ਪੈਮਾਨੇ ਤੇ ਕੀਤਾ ਜਾਂਦਾ ਹੈ। ਇਸ ਲਈ ਕਾਮੇ ਮਹਿਸੂਸ ਕਰਦੇ ਹਨ ਕਿ ਉਹ ਵੀ ਮਸ਼ੀਨਾਂ ਦੇ ਪੁਰਜਿਆਂ ਬਰਾਬਰ ਹੀ ਹਨ। ਉਨ੍ਹਾਂ ਨੂੰ ਕਿਸੇ ਵੀ ਗੱਲ ਬਾਰੇ ਆਪਣੀ ਰਾਇ ਜਾਂ ਸਲਾਹ ਦੇਣ ਤੋਂ ਵਰਜਿਆ ਜਾਂਦਾ ਹੈ। ਇਸ ਲਈ ਕੰਮ ਬਾਰੇ ਲੋਕਾਂ ਦਾ ਰਵੱਈਆ ਬਦਲਦਾ ਜਾ ਰਿਹਾ ਹੈ। ਉਨ੍ਹਾਂ ਦਾ ਦਿਲ ਲਾ ਕੇ ਕੰਮ ਕਰਨ ਨੂੰ ਜੀ ਨਹੀਂ ਕਰਦਾ। ਨਾ ਹੀ ਉਨ੍ਹਾਂ ਵਿਚ ਕੁਸ਼ਲ ਕਾਰੀਗਰ ਬਣਨ ਜਾਂ ਆਪਣੇ ਹੁਨਰ ਸੁਧਾਰਨ ਦਾ ਕੋਈ ਚਾਹ ਰਹਿੰਦਾ ਹੈ। ਇਸ ਤਰ੍ਹਾਂ ਦੇ ਹਾਲਾਤਾਂ ਕਾਰਨ ਕਾਮਿਆਂ ਦੇ ਦਿਲਾਂ ਵਿਚ ਆਪਣੀ ਨੌਕਰੀ ਪ੍ਰਤੀ ਕੁੜੱਤਣ ਤੇ ਨਫ਼ਰਤ ਪੈਦਾ ਹੋ ਸਕਦੀ ਹੈ।

ਤੁਹਾਡਾ ਕੀ ਰਵੱਈਆ ਹੈ?

ਇਹ ਸੱਚ ਹੈ ਕਿ ਭਾਵੇਂ ਅਸੀਂ ਆਪਣੇ ਹਾਲਾਤ ਨਹੀਂ ਬਦਲ ਸਕਦੇ, ਪਰ ਅਸੀਂ ਕੰਮ ਪ੍ਰਤੀ ਆਪਣਾ ਰਵੱਈਆ ਜ਼ਰੂਰ ਬਦਲ ਸਕਦੇ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਕੰਮ ਪ੍ਰਤੀ ਦੁਨੀਆਂ ਦੇ ਰਵੱਈਏ ਨੇ ਤੁਹਾਡੇ ਤੇ ਬੁਰਾ ਅਸਰ ਪਾਇਆ ਹੈ, ਤਾਂ ਚੰਗਾ ਹੋਵੇਗਾ ਜੇਕਰ ਤੁਸੀਂ ਇਸ ਸੰਬੰਧ ਵਿਚ ਪਰਮੇਸ਼ੁਰ ਦੇ ਨਜ਼ਰੀਏ ਅਤੇ ਉਸ ਦੇ ਅਸੂਲਾਂ ਤੇ ਗੌਰ ਕਰੋ। (ਉਪਦੇਸ਼ਕ ਦੀ ਪੋਥੀ 5:18) ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੇ ਕੰਮ-ਧੰਦੇ ਤੋਂ ਸੰਤੁਸ਼ਟੀ ਤੇ ਖ਼ੁਸ਼ੀ ਮਿਲੀ ਹੈ।

ਕੰਮ ਕਰਨ ਵਿਚ ਪਰਮੇਸ਼ੁਰ ਦੀ ਵਧੀਆ ਮਿਸਾਲ। ਪਰਮੇਸ਼ੁਰ ਵੀ ਕੰਮ ਕਰਦਾ ਹੈ। ਸ਼ਾਇਦ ਤੁਸੀਂ ਉਸ ਬਾਰੇ ਇਸ ਤਰ੍ਹਾਂ ਪਹਿਲਾਂ ਕਦੀ ਨਾ ਸੋਚਿਆ ਹੋਵੇ, ਪਰ ਬਾਈਬਲ ਵਿਚ ਉਹ ਇਸ ਤਰ੍ਹਾਂ ਆਪਣੀ ਪਛਾਣ ਕਰਾਉਂਦਾ ਹੈ। ਉਤਪਤ ਦੀ ਕਿਤਾਬ ਦੇ ਸ਼ੁਰੂ ਵਿਚ ਦੱਸਿਆ ਜਾਂਦਾ ਹੈ ਕਿ ਪਰਮੇਸ਼ੁਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਸੀ। (ਉਤਪਤ 1:1) ਇਸ ਬਾਰੇ ਸੋਚੋ ਕਿ ਸ੍ਰਿਸ਼ਟੀ ਦੇ ਸਮੇਂ ਪਰਮੇਸ਼ੁਰ ਨੇ ਕਿੰਨੀਆਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਮਿਸਾਲ ਲਈ, ਉਸ ਨੂੰ ਡੀਜ਼ਾਈਨਰ, ਪ੍ਰਬੰਧਕ, ਇੰਜੀਨੀਅਰ, ਚਿੱਤਰਕਾਰ, ਭਾਂਤ-ਭਾਂਤ ਪਦਾਰਥਾਂ ਦਾ ਮਾਹਰ, ਪ੍ਰੋਗ੍ਰਾਮਰ, ਰਸਾਇਣ-ਵਿਗਿਆਨੀ, ਜੀਵ-ਵਿਗਿਆਨੀ, ਭਾਸ਼ਾ-ਵਿਗਿਆਨੀ ਵਜੋਂ ਕੰਮ ਕਰਨਾ ਪਿਆ ਸੀ।—ਕਹਾਉਤਾਂ 8:12, 22-31.

ਪਰਮੇਸ਼ੁਰ ਦਾ ਕੰਮ ਕਿਸ ਤਰ੍ਹਾਂ ਦਾ ਸੀ? ਬਾਈਬਲ ਸਾਨੂੰ ਦੱਸਦੀ ਹੈ ਕਿ ਉਸ ਦਾ ਕੰਮ “ਚੰਗਾ” ਸੀ। ਜੀ ਹਾਂ, ਉਹ “ਬਹੁਤ ਹੀ ਚੰਗਾ” ਸੀ। (ਉਤਪਤ 1:4, 31) ਵਾਕਈ, ਸਾਰੀ ਸ੍ਰਿਸ਼ਟੀ “ਪਰਮੇਸ਼ੁਰ ਦੀ ਮਹਿਮਾ” ਕਰਦੀ ਹੈ ਅਤੇ ਸਾਨੂੰ ਵੀ ਉਸ ਦੀ ਮਹਿਮਾ ਕਰਨੀ ਚਾਹੀਦੀ ਹੈ!—ਜ਼ਬੂਰਾਂ ਦੀ ਪੋਥੀ 19:1; 148:1.

ਪਰ ਪਰਮੇਸ਼ੁਰ ਦਾ ਕੰਮ ਆਕਾਸ਼, ਧਰਤੀ ਤੇ ਪਹਿਲੇ ਇਨਸਾਨੀ ਜੋੜੇ ਨੂੰ ਬਣਾਉਣ ਤੋਂ ਬਾਅਦ ਖ਼ਤਮ ਨਹੀਂ ਹੋਇਆ ਸੀ। ਯਹੋਵਾਹ ਦੇ ਪੁੱਤਰ ਯਿਸੂ ਮਸੀਹ ਨੇ ਕਿਹਾ: “ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ।” (ਯੂਹੰਨਾ 5:17) ਯਹੋਵਾਹ ਸ੍ਰਿਸ਼ਟ ਕੀਤੀਆਂ ਸਭ ਚੀਜ਼ਾਂ ਜ਼ਿੰਦਾ ਰੱਖਦਾ ਹੈ, ਇਨਸਾਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਅਤੇ ਆਪਣੇ ਸੇਵਕਾਂ ਨੂੰ ਬਚਾਉਂਦਾ ਹੈ, ਜੀ ਹਾਂ, ਯਹੋਵਾਹ ਅੱਜ ਤਕ ਕੰਮ ਕਰਦਾ ਆਇਆ ਹੈ। (ਨਹਮਯਾਹ 9:6; ਜ਼ਬੂਰਾਂ ਦੀ ਪੋਥੀ 36:6; 145:15, 16) ਇਨਸਾਨ ਵੀ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਹਨ ਕਿਉਂਕਿ ਪਰਮੇਸ਼ੁਰ ਉਨ੍ਹਾਂ ਨੂੰ ਕਈ ਕੰਮਾਂ ਵਿਚ ਇਸਤੇਮਾਲ ਕਰਦਾ ਹੈ।—1 ਕੁਰਿੰਥੀਆਂ 3:9.

ਕੰਮ ਵਰਦਾਨ ਸਾਬਤ ਹੋ ਸਕਦਾ ਹੈ। ਪਰ ਕੀ ਬਾਈਬਲ ਵਿਚ ਇਹ ਨਹੀਂ ਲਿਖਿਆ ਕਿ ਕੰਮ ਸਰਾਪ ਹੈ? ਉਤਪਤ 3:17-19 ਤੋਂ ਸ਼ਾਇਦ ਲੱਗੇ ਕਿ ਜਦ ਆਦਮ ਤੇ ਹੱਵਾਹ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਸੀ, ਤਦ ਪਰਮੇਸ਼ੁਰ ਨੇ ਸਜ਼ਾ ਵਜੋਂ ਉਨ੍ਹਾਂ ਨੂੰ ਕੰਮ ਕਰਨ ਨੂੰ ਦਿੱਤਾ ਸੀ। ਸਜ਼ਾ ਸੁਣਾਉਂਦੇ ਹੋਏ ਪਰਮੇਸ਼ੁਰ ਨੇ ਆਦਮ ਨੂੰ ਕਿਹਾ: “ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ।” ਕੀ ਇਸ ਤੋਂ ਇਹ ਨਹੀਂ ਸਾਬਤ ਹੁੰਦਾ ਕਿ ਕੰਮ ਇਕ ਸਰਾਪ ਹੈ?

ਨਹੀਂ। ਇਸ ਦਾ ਮਤਲਬ ਇਹ ਸੀ ਕਿ ਆਦਮ ਤੇ ਹੱਵਾਹ ਦੀ ਬੇਵਫ਼ਾਈ ਕਾਰਨ ਸਾਰੀ ਧਰਤੀ ਨੂੰ ਅਦਨ ਦੇ ਸੁੰਦਰ ਬਾਗ਼ ਵਰਗੀ ਉਸੇ ਵੇਲੇ ਨਹੀਂ ਬਣਾਇਆ ਜਾਣਾ ਸੀ। ਪਰਮੇਸ਼ੁਰ ਨੇ ਜ਼ਮੀਨ ਨੂੰ ਸਰਾਪਿਆ ਸੀ। ਹੁਣ ਉਨ੍ਹਾਂ ਨੂੰ ਸਖ਼ਤ ਮਿਹਨਤ ਕਰ ਕੇ ਆਪਣਾ ਗੁਜ਼ਾਰਾ ਤੋਰਨਾ ਪੈਣਾ ਸੀ।—ਰੋਮੀਆਂ 8:20, 21.

ਕੰਮ ਨੂੰ ਸਰਾਪ ਕਹਿਣ ਦੀ ਬਜਾਇ ਬਾਈਬਲ ਇਸ ਨੂੰ ਵਰਦਾਨ ਕਹਿੰਦੀ ਹੈ ਅਤੇ ਜਿਸ ਤਰ੍ਹਾਂ ਉੱਪਰ ਜ਼ਿਕਰ ਕੀਤਾ ਗਿਆ ਸੀ, ਪਰਮੇਸ਼ੁਰ ਵੀ ਸਖ਼ਤ ਮਿਹਨਤ ਕਰਦਾ ਹੈ। ਯਹੋਵਾਹ ਨੇ ਇਨਸਾਨਾਂ ਨੂੰ ਆਪਣੇ ਸਰੂਪ ਤੇ ਬਣਾਇਆ ਹੈ ਅਤੇ ਉਨ੍ਹਾਂ ਨੂੰ ਆਪਣੀ ਸਾਰੀ ਸ੍ਰਿਸ਼ਟੀ ਦੀ ਦੇਖ-ਭਾਲ ਕਰਨ ਦੇ ਯੋਗ ਬਣਾਇਆ ਹੈ। (ਉਤਪਤ 1:26, 28; 2:15) ਉਨ੍ਹਾਂ ਨੂੰ ਸ੍ਰਿਸ਼ਟੀ ਦੀ ਦੇਖ-ਭਾਲ ਕਰਨ ਦਾ ਕੰਮ ਉਤਪਤ 3:19 ਵਿਚ ਕਹੇ ਸ਼ਬਦਾਂ ਤੋਂ ਪਹਿਲਾਂ ਸੌਂਪਿਆ ਗਿਆ ਸੀ। ਜੇ ਕੰਮ ਕਰਨਾ ਇਕ ਸਰਾਪ ਹੁੰਦਾ, ਤਾਂ ਪਰਮੇਸ਼ੁਰ ਨੇ ਇਨਸਾਨਾਂ ਨੂੰ ਕਦੀ ਨਹੀਂ ਕਹਿਣਾ ਸੀ ਕਿ ਉਹ ਕੰਮ ਕਰਨ। ਮਿਸਾਲ ਵਜੋਂ, ਪਰਮੇਸ਼ੁਰ ਨੇ ਨੂਹ ਤੇ ਉਸ ਦੇ ਪਰਿਵਾਰ ਨੂੰ ਜਲ-ਪਰਲੋ ਤੋਂ ਪਹਿਲਾਂ ਅਤੇ ਬਾਅਦ ਵੀ ਬਹੁਤ ਸਾਰਾ ਕੰਮ ਸੌਂਪਿਆ ਸੀ। ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਨੂੰ ਵੀ ਇਹੀ ਤਾਕੀਦ ਕੀਤੀ ਗਈ ਸੀ ਕਿ ਉਹ ਆਪਣੇ ਹੱਥਾਂ ਨਾਲ ਮਿਹਨਤ ਕਰਨ।—1 ਥੱਸਲੁਨੀਕੀਆਂ 4:11.

ਫਿਰ ਵੀ ਅੱਜ-ਕੱਲ੍ਹ ਕੰਮ ਕਰਨਾ ਕੋਈ ਸੌਖੀ ਗੱਲ ਨਹੀਂ। ਕੰਮ ਤੇ ਸਾਨੂੰ ਤਣਾਅ, ਖ਼ਤਰੇ, ਅਕੇਵਾਂ, ਨਿਰਾਸ਼ਾ, ਮੁਕਾਬਲੇਬਾਜ਼ੀ, ਧੋਖੇਬਾਜ਼ੀ ਅਤੇ ਬੇਇਨਸਾਫ਼ੀ ਵਰਗੇ ‘ਕੰਡਿਆਂ ਅਰ ਕੰਡਿਆਲਿਆਂ’ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪਰ ਕੰਮ ਆਪਣੇ ਆਪ ਵਿਚ ਸਰਾਪ ਨਹੀਂ ਹੈ। ਉਪਦੇਸ਼ਕ ਦੀ ਪੋਥੀ 3:13 ਵਿਚ ਬਾਈਬਲ ਕੰਮ ਅਤੇ ਇਸ ਦੇ ਫਲ ਨੂੰ ਪਰਮੇਸ਼ੁਰ ਵੱਲੋਂ ਇਕ ਵਰਦਾਨ ਦੱਸਦੀ ਹੈ।—“ਕੰਮ ਦੇ ਤਣਾਅ ਦਾ ਸਾਮ੍ਹਣਾ ਕਰਨਾ” ਨਾਮਕ ਡੱਬੀ ਦੇਖੋ।

ਮਿਹਨਤ ਕਰ ਕੇ ਤੁਸੀਂ ਰੱਬ ਦਾ ਨਾਂ ਰੌਸ਼ਨ ਕਰ ਸਕਦੇ ਹੋ। ਕਾਰੀਗਰਾਂ ਦੀ ਹਮੇਸ਼ਾ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਬਾਈਬਲ ਕਾਰੀਗਰੀ ਨਾਲ ਕੰਮ ਕਰਨ ਤੇ ਹਮੇਸ਼ਾ ਜ਼ੋਰ ਦਿੰਦੀ ਹੈ। ਪਰਮੇਸ਼ੁਰ ਖ਼ੁਦ ਬੜੀ ਹੁਨਰਮੰਦੀ ਨਾਲ ਕੰਮ ਕਰਦਾ ਹੈ। ਉਸ ਨੇ ਸਾਨੂੰ ਵੀ ਕੰਮ ਕਰਨ ਦੇ ਕਾਬਲ ਬਣਾਇਆ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਕਾਬਲੀਅਤਾਂ ਅਤੇ ਆਪਣੇ ਹੁਨਰ ਵਰਤ ਕੇ ਵਧੀਆ ਕੰਮ ਕਰੀਏ। ਮਿਸਾਲ ਵਜੋਂ, ਪ੍ਰਾਚੀਨ ਇਸਰਾਏਲ ਵਿਚ ਜਦ ਡੇਹਰਾ ਉਸਾਰਿਆ ਜਾ ਰਿਹਾ ਸੀ, ਯਹੋਵਾਹ ਨੇ ਬਸਲਏਲ ਅਤੇ ਆਹਾਲੀਆਬ ਵਰਗੇ ਆਦਮੀਆਂ ਨੂੰ ਬੁੱਧ, ਸਮਝ ਅਤੇ ਵਿੱਦਿਆ ਦਿੱਤੀ ਤਾਂਕਿ ਉਹ ਹੁਨਰਮੰਦੀ ਨਾਲ ਖ਼ਾਸ ਕੰਮ ਕਰ ਸਕਣ। (ਕੂਚ 31:1-11) ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਕੰਮ ਅਤੇ ਕੰਮ ਕਰਨ ਦੇ ਤਰੀਕਿਆਂ, ਕਲਾ, ਡੀਜ਼ਾਈਨ ਅਤੇ ਹੋਰ ਕਈ ਪਹਿਲੂਆਂ ਵੱਲ ਧਿਆਨ ਦਿੱਤਾ ਸੀ।

ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰ ਕੇ ਸਾਨੂੰ ਵੀ ਆਪਣੀਆਂ ਕਾਬਲੀਅਤਾਂ ਅਤੇ ਕੰਮ ਕਰਨ ਦੀਆਂ ਆਦਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਕਾਬਲੀਅਤਾਂ ਪਰਮੇਸ਼ੁਰ ਵੱਲੋਂ ਵਰਦਾਨ ਹਨ, ਜਿਨ੍ਹਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਇਸ ਲਈ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਗੱਲ ਨੂੰ ਯਾਦ ਰੱਖਦੇ ਹੋਏ ਹਰ ਕੰਮ ਕਰਨ ਕਿ ਯਹੋਵਾਹ ਸਾਡੇ ਤੋਂ ਲੇਖਾ ਲਵੇਗਾ। ਬਾਈਬਲ ਵਿਚ ਲਿਖਿਆ ਹੈ: “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ।” (ਕੁਲੁੱਸੀਆਂ 3:23) ਪਰਮੇਸ਼ੁਰ ਦੇ ਸੇਵਕਾਂ ਨੂੰ ਤਨ-ਮਨ ਲਾ ਕੇ ਕੰਮ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਤਰ੍ਹਾਂ ਕਰਨ ਨਾਲ ਸਾਡਾ ਸੰਦੇਸ਼ ਸਾਡੇ ਨਾਲ ਕੰਮ ਕਰਨ ਵਾਲਿਆਂ ਅਤੇ ਹੋਰਨਾਂ ਨੂੰ ਹੋਰ ਵੀ ਚੰਗਾ ਲੱਗੇਗਾ।—“ਕੰਮ ਤੇ ਪਰਮੇਸ਼ੁਰ ਦੀ ਸਲਾਹ ਲਾਗੂ ਕਰੋ” ਨਾਮਕ ਡੱਬੀ ਦੇਖੋ।

ਇਹ ਸਭ ਕੁਝ ਧਿਆਨ ਵਿਚ ਰੱਖਦੇ ਹੋਏ, ਚੰਗਾ ਹੋਵੇਗਾ ਜੇ ਅਸੀਂ ਆਪਣੇ ਆਪ ਤੋਂ ਇਹ ਪੁੱਛੀਏ ਕਿ ਅਸੀਂ ਕਿੰਨੀ ਕੁ ਮਿਹਨਤ ਨਾਲ ਆਪਣੇ ਕੰਮ-ਕਾਰ ਕਰਦੇ ਹਾਂ। ਕੀ ਪਰਮੇਸ਼ੁਰ ਸਾਡੇ ਕੰਮਾਂ ਤੋਂ ਖ਼ੁਸ਼ ਹੋਵੇਗਾ? ਕੀ ਅਸੀਂ ਖ਼ੁਦ ਆਪਣੇ ਕੰਮਾਂ ਤੋਂ ਖ਼ੁਸ਼ ਹੁੰਦੇ ਹਾਂ? ਜੇ ਨਹੀਂ, ਤਾਂ ਸਾਨੂੰ ਕੁਝ ਸੁਧਾਰ ਕਰਨ ਦੀ ਲੋੜ ਹੈ।—ਕਹਾਉਤਾਂ 10:4; 22:29.

ਕੰਮ ਕਰਨ ਦੇ ਨਾਲ-ਨਾਲ ਪਰਮੇਸ਼ੁਰ ਨੂੰ ਨਾ ਭੁੱਲੋ। ਦਿਲ ਲਾ ਕੇ ਕੰਮ ਕਰਨਾ ਚੰਗੀ ਗੱਲ ਹੈ, ਪਰ ਜੇ ਅਸੀਂ ਜ਼ਿੰਦਗੀ ਵਿਚ ਅਸਲੀ ਖ਼ੁਸ਼ੀ ਪਾਉਣੀ ਚਾਹੁੰਦੇ ਹਾਂ, ਤਾਂ ਇਸ ਦੇ ਨਾਲ-ਨਾਲ ਸਾਨੂੰ ਇਕ ਹੋਰ ਜ਼ਰੂਰੀ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ। ਉਹ ਹੈ ਪਰਮੇਸ਼ੁਰ ਦੀ ਭਗਤੀ। ਰਾਜਾ ਸੁਲੇਮਾਨ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਕੰਮ ਕੀਤਾ ਸੀ ਅਤੇ ਉਸ ਨੇ ਧਨ-ਦੌਲਤ ਦਾ ਆਨੰਦ ਵੀ ਮਾਣਿਆ ਸੀ, ਪਰ ਅਖ਼ੀਰ ਵਿਚ ਉਸ ਨੇ ਇਹ ਨਤੀਜਾ ਕੱਢਿਆ: “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.

ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਕੋਈ ਵੀ ਕੰਮ ਕਰਦਿਆਂ ਸਾਨੂੰ ਪਰਮੇਸ਼ੁਰ ਦੀ ਮਰਜ਼ੀ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਕੀ ਅਸੀਂ ਉਸ ਦੀ ਮਰਜ਼ੀ ਮੁਤਾਬਕ ਕੰਮ ਕਰਦੇ ਹਾਂ ਜਾਂ ਉਸ ਦੀ ਮਰਜ਼ੀ ਦੇ ਵਿਰੁੱਧ? ਕੀ ਅਸੀਂ ਉਸ ਨੂੰ ਖ਼ੁਸ਼ ਕਰਨ ਦਾ ਜਤਨ ਕਰਦੇ ਹਾਂ ਜਾਂ ਕੀ ਅਸੀਂ ਸਿਰਫ਼ ਆਪਣੀ ਹੀ ਖ਼ੁਸ਼ੀ ਦੇਖਦੇ ਹਾਂ? ਜੇ ਅਸੀਂ ਰੱਬ ਦੀ ਮਰਜ਼ੀ ਨਹੀਂ ਪੂਰੀ ਕਰ ਰਹੇ, ਤਾਂ ਨਿਰਾਸ਼ਾ, ਉਦਾਸੀ ਅਤੇ ਮਾਯੂਸੀ ਤੋਂ ਇਲਾਵਾ ਸਾਡੇ ਹੱਥ ਕੁਝ ਨਹੀਂ ਲੱਗੇਗਾ।

ਸਟੀਵਨ ਬਰਗਲਸ ਨੇ ਉਨ੍ਹਾਂ ਮੈਨੇਜਰਾਂ ਨੂੰ ਜੋ ਬੇਹੱਦ ਥਕਾਵਟ ਮਹਿਸੂਸ ਕਰਦੇ ਹਨ ਇਹ ਸਲਾਹ ਦਿੱਤੀ ਕਿ ਉਹ ‘ਜ਼ਿੰਦਗੀ ਵਿਚ ਕੋਈ ਅਜਿਹਾ ਭਲਾ ਕੰਮ ਕਰਨ ਬਾਰੇ ਸੋਚਣ ਜਿਸ ਵਿਚ ਉਨ੍ਹਾਂ ਨੂੰ ਦਿਲਚਸਪੀ ਹੈ ਅਤੇ ਇਸ ਕੰਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ।’ ਪਰ ਰੱਬ ਦੀ ਸੇਵਾ ਕਰਨ ਨਾਲੋਂ, ਜਿਸ ਨੇ ਸਾਨੂੰ ਕੰਮ ਕਰਨ ਲਈ ਹੁਨਰ ਅਤੇ ਯੋਗਤਾਵਾਂ ਦਿੱਤੀਆਂ ਹਨ, ਹੋਰ ਕਿਹੜਾ ਭਲਾ ਕੰਮ ਹੋ ਸਕਦਾ ਹੈ? ਸਾਡੇ ਜਿਨ੍ਹਾਂ ਕੰਮਾਂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਮਿਲਦੀ ਹੈ, ਉਨ੍ਹਾਂ ਕੰਮਾਂ ਤੋਂ ਸਾਨੂੰ ਵੀ ਬਹੁਤ ਖ਼ੁਸ਼ੀ ਮਿਲੇਗੀ। ਜਿਵੇਂ ਸੁਆਦ ਭੋਜਨ ਖਾ ਕੇ ਸਾਨੂੰ ਮਜ਼ਾ ਆਉਂਦਾ ਹੈ ਤੇ ਤਾਕਤ ਮਿਲਦੀ ਹੈ, ਤਿਵੇਂ ਯਿਸੂ ਨੂੰ ਯਹੋਵਾਹ ਦਾ ਕੰਮ ਕਰ ਕੇ ਮਜ਼ਾ ਆਉਂਦਾ ਸੀ। (ਯੂਹੰਨਾ 4:34; 5:36) ਯਾਦ ਰੱਖੋ ਕਿ ਪਰਮੇਸ਼ੁਰ, ਜੋ ਸਾਰਿਆਂ ਨਾਲੋਂ ਜ਼ਿਆਦਾ ਮਿਹਨਤੀ ਹੈ, ਸਾਨੂੰ ਇਹ ਸੱਦਾ ਦਿੰਦਾ ਹੈ ਕਿ ਅਸੀਂ ‘ਕੰਮ ਕਰਨ ਵਿਚ ਉਸ ਦੇ ਸਾਂਝੀ’ ਬਣੀਏ।—1 ਕੁਰਿੰਥੀਆਂ 3:9.

ਪਰਮੇਸ਼ੁਰ ਦੀ ਭਗਤੀ ਕਰਨ ਨਾਲ ਅਤੇ ਉਸ ਨਾਲ ਆਪਣੇ ਰਿਸ਼ਤੇ ਨੂੰ ਪੱਕਾ ਕਰਨ ਨਾਲ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਕਾਬਲ ਇਨਸਾਨ ਬਣਦੇ ਹਾਂ ਜਿਸ ਦੇ ਨਤੀਜੇ ਵਜੋਂ ਸਾਨੂੰ ਬਰਕਤਾਂ ਮਿਲਦੀਆਂ ਹਨ। ਹਾਲਾਂਕਿ ਕੰਮ ਤੇ ਸਾਡੇ ਉੱਤੇ ਕਈ ਤਰ੍ਹਾਂ ਦੇ ਦਬਾਅ ਆਉਣਗੇ, ਸਾਡਾ ਵਿਰੋਧ ਕੀਤਾ ਜਾਵੇਗਾ ਅਤੇ ਸਾਡੇ ਤੋਂ ਕਈ ਮੰਗਾਂ ਕੀਤੀਆਂ ਜਾਣਗੀਆਂ, ਪਰ ਪਰਮੇਸ਼ੁਰ ਤੇ ਪੱਕਾ ਭਰੋਸਾ ਰੱਖਣ ਨਾਲ ਸਾਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੇਗੀ ਅਤੇ ਅਸੀਂ ਚੰਗੇ ਮਾਲਕ ਜਾਂ ਕਾਮੇ ਬਣਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਇਹ ਗੱਲ ਵੀ ਸੱਚ ਹੈ ਕਿ ਇਸ ਦੁਸ਼ਟ ਦੁਨੀਆਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਸਾਨੂੰ ਇਹ ਵੀ ਅਹਿਸਾਸ ਹੋਵੇਗਾ ਕਿ ਸਾਨੂੰ ਆਪਣੀ ਨਿਹਚਾ ਹੋਰ ਮਜ਼ਬੂਤ ਕਰਨ ਲਈ ਕੀ ਕਰਨ ਦੀ ਲੋੜ ਹੈ।—1 ਕੁਰਿੰਥੀਆਂ 16:13, 14.

ਉਹ ਸਮਾਂ ਜਦ ਸਾਡੀ ਮਿਹਨਤ ਦਾ ਫਲ ਮਿੱਠਾ ਹੋਵੇਗਾ

ਜਿਹੜੇ ਹੁਣ ਪਰਮੇਸ਼ੁਰ ਦੀ ਸੇਵਾ ਵਿਚ ਮਿਹਨਤ ਕਰ ਰਹੇ ਹਨ, ਉਹ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜੀਉਣ ਦੀ ਆਸ ਰੱਖ ਸਕਦੇ ਹਨ। ਉਸ ਸਮੇਂ ਪੂਰੀ ਧਰਤੀ ਇਕ ਸੁੰਦਰ ਬਾਗ਼ ਵਰਗੀ ਹੋਵੇਗੀ ਜਿੱਥੇ ਉਨ੍ਹਾਂ ਵਾਸਤੇ ਵਧੀਆ ਕੰਮ ਕਰਨ ਲਈ ਹੋਵੇਗਾ। ਯਹੋਵਾਹ ਦੇ ਨਬੀ ਯਸਾਯਾਹ ਨੇ ਉਸ ਸਮੇਂ ਦੀ ਜ਼ਿੰਦਗੀ ਬਾਰੇ ਭਵਿੱਖਬਾਣੀ ਕੀਤੀ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, . . . ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।”—ਯਸਾਯਾਹ 65:21-23.

ਉਸ ਸਮੇਂ ਕੰਮ ਸੱਚ-ਮੁੱਚ ਪਰਮੇਸ਼ੁਰ ਵੱਲੋਂ ਵਰਦਾਨ ਸਾਬਤ ਹੋਵੇਗਾ! ਤੁਸੀਂ ਵੀ ਪਰਮੇਸ਼ੁਰ ਦੀ ਮਰਜ਼ੀ ਬਾਰੇ ਸਿੱਖ ਕੇ ਅਤੇ ਉਸ ਉੱਤੇ ਚੱਲ ਕੇ ਯਹੋਵਾਹ ਦੇ ਮੁਬਾਰਕ ਲੋਕਾਂ ਵਿਚ ਗਿਣੇ ਜਾ ਸਕਦੇ ਹੋ ਅਤੇ ਹਮੇਸ਼ਾ ਲਈ ਆਪਣੇ ‘ਧੰਦੇ ਦਾ ਲਾਭ ਭੋਗ’ ਸਕਦੇ ਹੋ।—ਉਪਦੇਸ਼ਕ ਦੀ ਪੋਥੀ 3:13.

[ਸਫ਼ੇ 8 ਉੱਤੇ ਸੁਰਖੀ]

ਕੰਮ ਕਰਨ ਵਿਚ ਪਰਮੇਸ਼ੁਰ ਦੀ ਵਧੀਆ ਮਿਸਾਲ: ਉਤਪਤ 1:1, 4, 31; ਯੂਹੰਨਾ 5:17

[ਸਫ਼ੇ 8 ਉੱਤੇ ਸੁਰਖੀ]

ਕੰਮ ਵਰਦਾਨ ਸਾਬਤ ਹੋ ਸਕਦਾ ਹੈ: ਉਤਪਤ 1:28; 2:15; 1 ਥੱਸਲੁਨੀਕੀਆਂ 4:11

[ਸਫ਼ੇ 8 ਉੱਤੇ ਸੁਰਖੀ]

ਤੁਸੀਂ ਮਿਹਨਤ ਕਰ ਕੇ ਰੱਬ ਦਾ ਨਾਂ ਰੌਸ਼ਨ ਕਰ ਸਕਦੇ ਹੋ: ਕੂਚ 31:1-11; ਕੁਲੁੱਸੀਆਂ 3:23

[ਸਫ਼ੇ 8 ਉੱਤੇ ਸੁਰਖੀ]

ਕੰਮ ਕਰਨ ਦੇ ਨਾਲ-ਨਾਲ ਪਰਮੇਸ਼ੁਰ ਨੂੰ ਨਾ ਭੁੱਲੋ: ਉਪਦੇਸ਼ਕ ਦੀ ਪੋਥੀ 12:13; 1 ਕੁਰਿੰਥੀਆਂ 3:9

[Box/picture on page 6]

ਕੰਮ ਦੇ ਤਣਾਅ ਦਾ ਸਾਮ੍ਹਣਾ ਕਰਨਾ

ਡਾਕਟਰਾਂ ਦਾ ਕਹਿਣਾ ਹੈ ਕਿ ਕੰਮ ਸੰਬੰਧੀ ਤਣਾਅ ਦਾ ਸਿਹਤ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ। ਤਣਾਅ ਕਾਰਨ ਪੇਟ ਦੇ ਅਲਸਰ ਅਤੇ ਡਿਪਰੈਸ਼ਨ ਹੋ ਸਕਦਾ ਹੈ। ਤਣਾਅ ਕਾਰਨ ਕਈ ਆਤਮ-ਹੱਤਿਆ ਵੀ ਕਰ ਲੈਂਦੇ ਹਨ। ਜਪਾਨੀ ਭਾਸ਼ਾ ਵਿਚ ਇਸ ਲਈ ਇਕ ਸ਼ਬਦ ਵੀ ਹੈ—ਕਾਰੌਸ਼ੀ ਯਾਨੀ “ਹੱਦੋਂ ਵੱਧ ਕੰਮ ਕਰਨ ਕਰਕੇ ਮੌਤ।”

ਕੰਮ ਤੇ ਕਈ ਗੱਲਾਂ ਤਣਾਅ ਦਾ ਕਾਰਨ ਬਣ ਸਕਦੀਆਂ ਹਨ। ਕੰਮ ਦਾ ਸਮਾਂ ਜਾਂ ਹਾਲਤਾਂ ਦੇ ਬਦਲਣ ਕਰਕੇ ਅਸੀਂ ਤਣਾਅ ਮਹਿਸੂਸ ਕਰ ਸਕਦੇ ਹਾਂ। ਸ਼ਾਇਦ ਸਾਨੂੰ ਵਾਧੂ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਜਾਂ ਕਿਸੇ ਸੁਪਰਵਾਈਜ਼ਰ ਨਾਲ ਸਾਡੀ ਅਣਬਣ ਹੋ ਜਾਵੇ। ਸ਼ਾਇਦ ਸਾਨੂੰ ਰੀਟਾਇਰ ਹੋਣਾ ਪਵੇ ਜਾਂ ਸਾਡੀ ਨੌਕਰੀ ਛੁੱਟ ਜਾਵੇ। ਅਜਿਹੀਆਂ ਹਾਲਤਾਂ ਕਾਰਨ ਕੁਝ ਲੋਕ ਕੰਮ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਕਈ ਲੋਕ ਤਣਾਅ ਦੀਆਂ ਭਾਵਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਸ ਦਾ ਅਸਰ ਉਨ੍ਹਾਂ ਦੀ ਜ਼ਿੰਦਗੀ ਦੇ ਹੋਰਨਾਂ ਪਹਿਲੂਆਂ ਉੱਤੇ ਵੀ ਪੈਣ ਲੱਗ ਜਾਂਦਾ ਹੈ, ਖ਼ਾਸ ਕਰਕੇ ਉਨ੍ਹਾਂ ਦੇ ਪਰਿਵਾਰਾਂ ਤੇ। ਬਹੁਤ ਸਾਰੇ ਲੋਕਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਹਾਲਾਤ ਕਦੀ ਨਹੀਂ ਸੁਧਰਨਗੇ।

ਕੰਮ ਸੰਬੰਧੀ ਤਣਾਅ ਦਾ ਸਾਮ੍ਹਣਾ ਕਰਨ ਲਈ ਮਸੀਹੀਆਂ ਨੂੰ ਬਾਈਬਲ ਵਿਚ ਕਈ ਸਿਧਾਂਤ ਦਿੱਤੇ ਗਏ ਹਨ। ਇਹ ਸਿਧਾਂਤ ਲਾਗੂ ਕਰ ਕੇ ਅਸੀਂ ਵੱਖਰੀਆਂ-ਵੱਖਰੀਆਂ ਮੁਸ਼ਕਲਾਂ ਸਹਿ ਸਕਾਂਗੇ। ਇਸ ਦੇ ਨਾਲ-ਨਾਲ ਅਸੀਂ ਆਪਣੇ ਆਪ ਨੂੰ ਜਜ਼ਬਾਤੀ ਤੌਰ ਤੇ ਸੰਭਾਲ ਸਕਾਂਗੇ ਅਤੇ ਯਹੋਵਾਹ ਨਾਲ ਆਪਣੇ ਰਿਸ਼ਤਾ ਨੂੰ ਵੀ ਮਜ਼ਬੂਤ ਰੱਖ ਸਕਾਂਗੇ। ਮਿਸਾਲ ਲਈ, ਯਿਸੂ ਨੇ ਇਹ ਸਲਾਹ ਦਿੱਤੀ ਸੀ: “ਤੁਸੀਂ ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ। ਅੱਜ ਦੇ ਲਈ ਅੱਜ ਹੀ ਦਾ ਦੁੱਖ ਬਥੇਰਾ ਹੈ।” ਇੱਥੇ ਸਾਨੂੰ ਅੱਜ ਦੀਆਂ ਮੁਸ਼ਕਲਾਂ ਬਾਰੇ ਸੋਚਣ ਦੀ ਸਲਾਹ ਦਿੱਤੀ ਗਈ ਹੈ, ਨਾ ਕਿ ਕੱਲ੍ਹ ਦੀਆਂ ਮੁਸ਼ਕਲਾਂ ਬਾਰੇ। ਇਸ ਤਰ੍ਹਾਂ ਕਰ ਕੇ ਅਸੀਂ ਛੋਟੀਆਂ-ਛੋਟੀਆਂ ਮੁਸ਼ਕਲਾਂ ਨੂੰ ਪਹਾੜ ਜਿੱਡੀਆਂ ਬਣਾ ਕੇ ਆਪਣੇ ਤਣਾਅ ਨੂੰ ਨਹੀਂ ਵਧਾਵਾਂਗੇ।—ਮੱਤੀ 6:25-34.

ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਤੇ ਆਪਣਾ ਭਾਰ ਸੁੱਟੀਏ ਅਤੇ ਆਪਣੇ ਆਪ ਤੇ ਭਰੋਸਾ ਨਾ ਕਰੀਏ। ਜਦ ਸਾਨੂੰ ਲੱਗੇ ਕਿ ਅਸੀਂ ਹੋਰ ਨਹੀਂ ਸਹਿ ਸਕਦੇ, ਪਰਮੇਸ਼ੁਰ ਸਾਨੂੰ ਮਨ ਦੀ ਸ਼ਾਂਤੀ ਦੇ ਸਕਦਾ ਹੈ ਅਤੇ ਸਾਡੇ ਦਿਲਾਂ ਨੂੰ ਖ਼ੁਸ਼ ਕਰ ਸਕਦਾ ਹੈ। ਉਹ ਸਾਨੂੰ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਸਮਝ ਵੀ ਦੇ ਸਕਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ!”—ਅਫ਼ਸੀਆਂ 6:10; ਫ਼ਿਲਿੱਪੀਆਂ 4:7.

ਤਾਂ ਫਿਰ ਤਣਾਅ-ਭਰੇ ਹਾਲਾਤਾਂ ਦੇ ਵੀ ਚੰਗੇ ਨਤੀਜੇ ਨਿਕਲ ਸਕਦੇ ਹਨ। ਹਾਂ, ਮੁਸ਼ਕਲਾਂ ਕਰਕੇ ਅਸੀਂ ਯਹੋਵਾਹ ਵੱਲ ਮੁੜ ਸਕਦੇ ਹਾਂ ਅਤੇ ਉਸ ਤੇ ਆਪਣਾ ਭਾਰ ਸੁੱਟ ਸਕਦੇ ਹਾਂ। ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਸਾਨੂੰ ਚੰਗੇ ਗੁਣ ਪੈਦਾ ਕਰਨ ਦਾ ਮੌਕਾ ਮਿਲਦਾ ਹੈ ਅਤੇ ਅਸੀਂ ਤਣਾਅ ਦੇ ਬਾਵਜੂਦ ਡਟੇ ਰਹਿਣ ਦੇ ਕਾਬਲ ਬਣਦੇ ਹਾਂ। ਪੌਲੁਸ ਸਾਨੂੰ ਇਹ ਸਲਾਹ ਦਿੰਦਾ ਹੈ: “ਬਿਪਤਾਂ ਵਿੱਚ ਵੀ ਅਭਮਾਨ ਕਰੀਏ ਕਿਉਂ ਜੋ ਇਹ ਜਾਣਦੇ ਹਾਂ ਭਈ ਬਿਪਤਾ ਧੀਰਜ ਪੈਦਾ ਕਰਦੀ ਹੈ। ਅਤੇ ਧੀਰਜ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ।”—ਰੋਮੀਆਂ 5:3, 4.

ਜੀ ਹਾਂ, ਤਣਾਅ ਕਰਕੇ ਨਿਰਾਸ਼ਾ ਦੀ ਬਜਾਇ ਸਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਨ ਦਾ ਮੌਕਾ ਮਿਲਦਾ ਹੈ।

[ਡੱਬੀ/ਸਫ਼ੇ 7 ਉੱਤੇ ਤਸਵੀਰ]

ਕੰਮ ਤੇ ਪਰਮੇਸ਼ੁਰ ਦੀ ਸਲਾਹ ਲਾਗੂ ਕਰੋ

ਜੇ ਇਕ ਮਸੀਹੀ ਕੰਮ ਦੀ ਥਾਂ ਤੇ ਚੰਗਾ ਰਵੱਈਆ ਰੱਖੇ ਅਤੇ ਸਲੀਕੇ ਨਾਲ ਪੇਸ਼ ਆਵੇ, ਤਾਂ ਹੋ ਸਕਦਾ ਹੈ ਕਿ ਨਾਲ ਦੇ ਕੰਮ ਕਰਨ ਵਾਲੇ ਅਤੇ ਦੂਸਰੇ ਲੋਕ ਬਾਈਬਲ ਦੇ ਸੁਨੇਹੇ ਨੂੰ ਸੁਣਨ ਲਈ ਪ੍ਰੇਰਿਤ ਹੋਣ। ਤੀਤੁਸ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਨੇ ਕਾਮਿਆਂ ਨੂੰ ਇਹ ਵਧੀਆ ਸਲਾਹ ਦਿੱਤੀ ਕਿ ਉਹ “ਆਪਣਿਆਂ ਮਾਲਕਾਂ ਦੇ ਅਧੀਨ ਰਹਿਣ ਅਤੇ ਸਭਨਾਂ ਗੱਲਾਂ ਵਿੱਚ ਉਨ੍ਹਾਂ ਦੇ ਮਨ ਭਾਉਂਦੇ ਹੋਣ ਅਤੇ ਗੱਲ ਨਾ ਮੋੜਨ, ਚੋਰੀ ਚਲਾਕੀ ਨਾ ਕਰਨ ਸਗੋਂ ਪੂਰੀ ਮਾਤਬਰੀ ਵਿਖਾਲਣ ਭਈ ਸਾਰੀਆਂ ਗੱਲਾਂ ਵਿੱਚ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਨ।”—ਤੀਤੁਸ 2:9, 10.

ਮਿਸਾਲ ਲਈ ਧਿਆਨ ਦਿਓ ਕਿ ਇਕ ਬਿਜ਼ਨਿਸਮੈਨ ਨੇ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਨੂੰ ਇਕ ਚਿੱਠੀ ਵਿਚ ਕੀ ਲਿਖਿਆ: “ਮੈਂ ਯਹੋਵਾਹ ਦੇ ਗਵਾਹਾਂ ਨੂੰ ਨੌਕਰੀ ਤੇ ਰੱਖਣਾ ਚਾਹੁੰਦਾ ਹਾਂ ਅਤੇ ਇਸ ਦੀ ਇਜਾਜ਼ਤ ਮੰਗ ਰਿਹਾ ਹਾਂ। ਮੈਂ ਇਸ ਲਈ ਉਨ੍ਹਾਂ ਨੂੰ ਕੰਮ ਤੇ ਰੱਖਣਾ ਚਾਹੁੰਦਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਉਹ ਬਹੁਤ ਹੀ ਈਮਾਨਦਾਰ, ਨੇਕ ਅਤੇ ਭਰੋਸੇਯੋਗ ਇਨਸਾਨ ਹਨ। ਉਹ ਕਦੇ ਆਪਣੇ ਮਾਲਕ ਨਾਲ ਬੇਈਮਾਨੀ ਨਹੀਂ ਕਰਨਗੇ। ਕਿਰਪਾ ਕਰ ਕੇ ਮੇਰੀ ਮਦਦ ਕਰੋ।”

ਕਾਈਲ ਨਾਮਕ ਇਕ ਮਸੀਹੀ ਭੈਣ ਕਿਸੇ ਪਬਲਿਕ ਸਕੂਲ ਦੀ ਰਿਸੈਪਸ਼ਨ ਵਿਚ ਕੰਮ ਕਰਦੀ ਹੈ। ਇਕ ਵਾਰ ਗ਼ਲਤਫ਼ਹਿਮੀ ਹੋਣ ਕਰਕੇ ਉਸ ਦੇ ਨਾਲ ਕੰਮ ਕਰਨ ਵਾਲੀ ਔਰਤ ਨੇ ਕੁਝ ਵਿਦਿਆਰਥੀਆਂ ਦੇ ਸਾਮ੍ਹਣੇ ਉਸ ਨੂੰ ਬੁਰਾ-ਭਲਾ ਕਿਹਾ। ਕਾਈਲ ਦੱਸਦੀ ਹੈ: “ਮੈਨੂੰ ਬੜਾ ਧਿਆਨ ਰੱਖਣਾ ਪਿਆ ਕਿ ਮੈਂ ਕੋਈ ਇਹੋ ਜਿਹੀ ਗੱਲ ਨਾ ਕਹਿ ਦਿਆਂ ਜਿਸ ਰਾਹੀਂ ਯਹੋਵਾਹ ਦੇ ਨਾਂ ਦੀ ਬਦਨਾਮੀ ਹੋਵੇ।” ਅਗਲੇ ਪੰਜ ਦਿਨਾਂ ਦੌਰਾਨ ਉਹ ਸੋਚਦੀ ਰਹੀ ਕਿ ਉਹ ਇਸ ਸਥਿਤੀ ਵਿਚ ਬਾਈਬਲ ਦੇ ਸਿਧਾਂਤਾਂ ਨੂੰ ਕਿੱਦਾਂ ਲਾਗੂ ਕਰ ਸਕਦੀ ਸੀ ਤਾਂਕਿ ਉਹ ਇਸ ਮਾਮਲੇ ਨੂੰ ਕਿਸੇ-ਨ-ਕਿਸੇ ਤਰ੍ਹਾਂ ਸੁਧਾਰ ਸਕੇ। ਇਕ ਸਿਧਾਂਤ ਰੋਮੀਆਂ 12:18 ਵਿਚ ਮਿਲਦਾ ਹੈ ਜਿੱਥੇ ਲਿਖਿਆ ਹੈ: “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।” ਕਾਈਲ ਨੇ ਉਸ ਔਰਤ ਨੂੰ ਈ-ਮੇਲ ਭੇਜ ਕੇ ਮਾਫ਼ੀ ਮੰਗੀ ਕਿ ਉਸ ਨੇ ਅਣਜਾਣੇ ਵਿਚ ਉਸ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਇਆ। ਕਾਈਲ ਨੇ ਸਮਝਾਇਆ ਕਿ ਉਹ ਕੰਮ ਤੋਂ ਬਾਅਦ ਮਾਮਲੇ ਨੂੰ ਸੁਲਝਾਉਣ ਲਈ ਉਸ ਨਾਲ ਗੱਲ ਕਰਨੀ ਚਾਹੁੰਦੀ ਹੈ। ਜਦੋਂ ਮਾਮਲਾ ਸੁਲਝ ਗਿਆ, ਤਾਂ ਉਸ ਔਰਤ ਦਾ ਸੁਭਾਅ ਕੁਝ ਨਰਮ ਹੋਇਆ। ਉਸ ਨੇ ਮਾਮਲੇ ਨੂੰ ਸੁਲਝਾਉਣ ਲਈ ਗੱਲ ਕਰਨ ਦੀ ਅਕਲਮੰਦੀ ਦੇਖੀ। ਉਸ ਨੇ ਕਾਈਲ ਨੂੰ ਕਿਹਾ: “ਮੈਨੂੰ ਪਤਾ ਹੈ ਕਿ ਤੂੰ ਇਹ ਸਾਰਾ ਕੁਝ ਆਪਣੇ ਧਰਮ ਕਰਕੇ ਹੀ ਕੀਤਾ ਹੈ।” ਆਪਣੇ-ਆਪਣੇ ਘਰਾਂ ਨੂੰ ਜਾਂਦਿਆਂ ਉਸ ਨੇ ਕਾਈਲ ਨੂੰ ਘੁੱਟ ਕੇ ਜੱਫੀ ਪਾਈ। ਕਾਈਲ ਨੇ ਕੀ ਸਿੱਟਾ ਕੱਢਿਆ? ਇਹੀ ਕਿ “ਜੇ ਅਸੀਂ ਪਰਮੇਸ਼ੁਰ ਦੀ ਸਲਾਹ ਲਾਗੂ ਕਰਾਂਗੇ, ਤਾਂ ਅਸੀਂ ਕਦੇ ਵੀ ਕੋਈ ਗ਼ਲਤ ਕਦਮ ਨਹੀਂ ਚੁੱਕਾਂਗੇ।”

[ਸਫ਼ੇ 4, 5 ਉੱਤੇ ਤਸਵੀਰ]

ਬਹੁਤ ਸਾਰੇ ਕਾਮੇ ਮਹਿਸੂਸ ਕਰਦੇ ਹਨ ਕਿ ਉਹ ਤਾਂ ਸਿਰਫ਼ ਮਸ਼ੀਨਾਂ ਦੇ ਪੁਰਜਿਆਂ ਦੀ ਤਰ੍ਹਾਂ ਹਨ

[ਕ੍ਰੈਡਿਟ ਲਾਈਨ]

Japan Information Center, Consulate General of Japan in NY

[ਸਫ਼ੇ 8 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Globe: NASA photo