Skip to content

Skip to table of contents

ਬੱਚਿਓ, ਯਹੋਵਾਹ ਦੀ ਵਡਿਆਈ ਕਰੋ!

ਬੱਚਿਓ, ਯਹੋਵਾਹ ਦੀ ਵਡਿਆਈ ਕਰੋ!

ਬੱਚਿਓ, ਯਹੋਵਾਹ ਦੀ ਵਡਿਆਈ ਕਰੋ!

“ਗਭਰੂ ਤੇ ਕੁਆਰੀਆਂ . . . ਯਹੋਵਾਹ ਦੇ ਨਾਮ ਦੀ ਉਸਤਤ ਕਰਨ!”—ਜ਼ਬੂਰਾਂ ਦੀ ਪੋਥੀ 148:12, 13.

1, 2. (ੳ) ਬੱਚਿਆਂ ਉੱਤੇ ਕਿਹੜੀਆਂ ਕੁਝ ਪਾਬੰਦੀਆਂ ਲਾਈਆਂ ਜਾਂਦੀਆਂ ਹਨ? (ਅ) ਜਦ ਮਾਪੇ ਬੱਚਿਆਂ ਨੂੰ ਕੋਈ ਕੰਮ ਕਰਨ ਤੋਂ ਮਨ੍ਹਾ ਕਰਦੇ ਹਨ, ਤਾਂ ਉਨ੍ਹਾਂ ਨੂੰ ਬੁਰਾ ਕਿਉਂ ਨਹੀਂ ਮਨਾਉਣਾ ਚਾਹੀਦਾ?

ਕਈ ਬੱਚਿਆਂ ਨੂੰ ਲੱਗਦਾ ਹੈ ਕਿ ਜਿੰਨਾ ਚਿਰ ਉਹ ਵੱਡੇ ਨਹੀਂ ਹੋ ਜਾਂਦੇ, ਉੱਨਾ ਚਿਰ ਉਨ੍ਹਾਂ ਉੱਤੇ ਕਈ ਪਾਬੰਦੀਆਂ ਲੱਗੀਆਂ ਰਹਿਣਗੀਆਂ। ਬੱਚਿਆਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਇਕੱਲੇ ਸੜਕ ਪਾਰ ਕਰਨ ਜਾਂ ਦੇਰ ਰਾਤ ਤਕ ਘਰੋਂ ਬਾਹਰ ਰਹਿਣ ਦੀ ਮਨਾਹੀ ਹੈ। ਕਈ ਵਾਰ ਬੱਚਿਆਂ ਨੂੰ ਲੱਗਦਾ ਹੈ ਕਿ ਜਦੋਂ ਵੀ ਉਹ ਕੁਝ ਮੰਗਦੇ ਹਨ, ਤਾਂ ਉਨ੍ਹਾਂ ਨੂੰ ਇੱਕੋ ਜਵਾਬ ਮਿਲਦਾ ਹੈ, “ਵੱਡਾ ਹੋ ਲੈ, ਹਾਲੇ ਤੂੰ ਛੋਟਾ ਹੈਂ।”

2 ਬੱਚਿਓ, ਤੁਸੀਂ ਜਾਣਦੇ ਹੋ ਕਿ ਤੁਹਾਡੇ ਮਾਂ-ਬਾਪ ਤੁਹਾਡੇ ਹੀ ਭਲੇ ਲਈ ਤੁਹਾਡੇ ਤੇ ਪਾਬੰਦੀਆਂ ਲਾਉਂਦੇ ਹਨ। ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਜਦ ਤੁਸੀਂ ਆਪਣੇ ਮਾਂ-ਬਾਪ ਦੇ ਆਖੇ ਲੱਗਦੇ ਹੋ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ। (ਕੁਲੁੱਸੀਆਂ 3:20) ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜਿੰਨਾ ਚਿਰ ਤੁਸੀਂ ਵੱਡੇ ਨਹੀਂ ਹੋ ਜਾਂਦੇ, ਤੁਸੀਂ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਸਕਦੇ ਜਾਂ ਕੋਈ ਵੱਡਾ ਕੰਮ ਨਹੀਂ ਕਰ ਸਕਦੇ? ਇੱਦਾਂ ਦੀ ਗੱਲ ਨਹੀਂ। ਅੱਜ ਇਕ ਅਜਿਹਾ ਵੱਡਾ ਕੰਮ ਕੀਤਾ ਜਾ ਰਿਹਾ ਹੈ ਜਿਸ ਵਿਚ ਬੱਚੇ ਵੀ ਹਿੱਸਾ ਲੈ ਸਕਦੇ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਆਪ ਤੁਹਾਨੂੰ ਇਹ ਕੰਮ ਕਰਨ ਦਾ ਸੱਦਾ ਦਿੰਦਾ ਹੈ!

3. ਯਹੋਵਾਹ ਬੱਚਿਆਂ ਨੂੰ ਕਿਸ ਖ਼ਾਸ ਕੰਮ ਵਿਚ ਹਿੱਸਾ ਲੈਣ ਦਾ ਸੱਦਾ ਦਿੰਦਾ ਹੈ ਅਤੇ ਅਸੀਂ ਹੁਣ ਕਿਨ੍ਹਾਂ ਸਵਾਲਾਂ ਤੇ ਚਰਚਾ ਕਰਾਂਗੇ?

3 ਅਸੀਂ ਕਿਸ ਕੰਮ ਬਾਰੇ ਗੱਲ ਕਰ ਰਹੇ ਹਾਂ? ਇਸ ਲੇਖ ਦੇ ਮੁੱਖ ਬਾਈਬਲ ਹਵਾਲੇ ਵੱਲ ਧਿਆਨ ਦਿਓ: “ਗਭਰੂ ਤੇ ਕੁਆਰੀਆਂ, ਬੁੱਢੇ ਤੇ ਜੁਆਨ, ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ!” (ਜ਼ਬੂਰਾਂ ਦੀ ਪੋਥੀ 148:12, 13) ਸੋ ਤੁਹਾਨੂੰ ਯਹੋਵਾਹ ਦੀ ਵਡਿਆਈ ਕਰਨ ਦਾ ਸਨਮਾਨ ਦਿੱਤਾ ਗਿਆ ਹੈ। ਬੱਚਿਓ, ਕੀ ਤੁਸੀਂ ਇਹ ਕੰਮ ਕਰ ਕੇ ਖ਼ੁਸ਼ ਹੁੰਦੇ ਹੋ? ਕਈ ਬੱਚੇ ਇਹ ਕੰਮ ਕਰ ਕੇ ਬਹੁਤ ਖ਼ੁਸ਼ ਹੁੰਦੇ ਹਨ ਤੇ ਉਨ੍ਹਾਂ ਨੂੰ ਹੋਣਾ ਵੀ ਚਾਹੀਦਾ ਹੈ। ਕਿਉਂ? ਇਹ ਪਤਾ ਕਰਨ ਲਈ ਆਓ ਆਪਾਂ ਤਿੰਨ ਸਵਾਲਾਂ ਵੱਲ ਧਿਆਨ ਦੇਈਏ। ਪਹਿਲਾ, ਤੁਹਾਨੂੰ ਯਹੋਵਾਹ ਦੀ ਵਡਿਆਈ ਕਿਉਂ ਕਰਨੀ ਚਾਹੀਦੀ ਹੈ? ਦੂਜਾ, ਤੁਸੀਂ ਯਹੋਵਾਹ ਦੀ ਵਡਿਆਈ ਕਿਵੇਂ ਕਰ ਸਕਦੇ ਹੋ? ਤੀਜਾ, ਤੁਹਾਨੂੰ ਯਹੋਵਾਹ ਦੀ ਵਡਿਆਈ ਕਰਨੀ ਕਦੋਂ ਸ਼ੁਰੂ ਕਰਨੀ ਚਾਹੀਦੀ ਹੈ?

ਯਹੋਵਾਹ ਦੀ ਵਡਿਆਈ ਕਿਉਂ ਕਰੀਏ?

4, 5. (ੳ) ਜ਼ਬੂਰ 148 ਅਨੁਸਾਰ ਅਸੀਂ ਕਿਹੜੀ ਸਥਿਤੀ ਵਿਚ ਹਾਂ? (ਅ) ਬੇਜਾਨ ਸ੍ਰਿਸ਼ਟੀ ਯਹੋਵਾਹ ਦੀ ਉਸਤਤ ਕਿਵੇਂ ਕਰਦੀ ਹੈ?

4 ਯਹੋਵਾਹ ਦੇ ਜਸ ਗਾਉਣ ਦਾ ਇਕ ਖ਼ਾਸ ਕਾਰਨ ਇਹ ਹੈ ਕਿ ਯਹੋਵਾਹ ਸਾਡਾ ਸਿਰਜਣਹਾਰ ਹੈ। ਜ਼ਬੂਰ 148 ਇਸ ਹਕੀਕਤ ਵੱਲ ਸਾਡਾ ਧਿਆਨ ਖਿੱਚਦਾ ਹੈ। ਫ਼ਰਜ਼ ਕਰੋ ਕਿ ਤੁਸੀਂ ਇਕ ਵੱਡੀ ਭੀੜ ਨੂੰ ਇਕ ਸੁਰ ਵਿਚ ਸੁੰਦਰ ਗੀਤ ਗਾਉਂਦੇ ਸੁਣਦੇ ਹੋ। ਜੇ ਗੀਤ ਦੇ ਬੋਲ ਸੱਚੇ, ਖ਼ੁਸ਼ੀ ਭਰੇ, ਮਹੱਤਵਪੂਰਣ ਅਤੇ ਦਿਲ ਨੂੰ ਛੂਹ ਲੈਣ ਵਾਲੇ ਹੋਣ, ਤਾਂ ਇਹ ਗੀਤ ਸੁਣ ਕੇ ਤੁਹਾਨੂੰ ਕਿੱਦਾਂ ਲੱਗੇਗਾ? ਕੀ ਤੁਸੀਂ ਵੀ ਇਸ ਗੀਤ ਦੇ ਲਫ਼ਜ਼ ਸਿੱਖ ਕੇ ਉਨ੍ਹਾਂ ਦੀ ਸੁਰ ਵਿਚ ਸੁਰ ਮਿਲਾ ਕੇ ਗਾਉਣਾ ਨਹੀਂ ਚਾਹੋਗੇ? ਜ਼ਰੂਰ ਚਾਹੋਗੇ। ਜ਼ਬੂਰ 148 ਅਨੁਸਾਰ ਅਸੀਂ ਇਹੋ ਜਿਹੀ ਇਕ ਸਥਿਤੀ ਵਿਚ ਹਾਂ। ਉਸ ਜ਼ਬੂਰ ਵਿਚ ਇਕ ਵੱਡੀ ਭੀੜ ਬਾਰੇ ਦੱਸਿਆ ਗਿਆ ਹੈ ਜੋ ਯਹੋਵਾਹ ਦੇ ਗੁਣ ਗਾ ਰਹੀ ਹੈ। ਪਰ ਤੁਸੀਂ ਇਸ ਜ਼ਬੂਰ ਵਿਚ ਇਕ ਅਜੀਬ ਗੱਲ ਦੇਖੋਗੇ। ਉਹ ਕੀ?

5ਜ਼ਬੂਰ 148 ਵਿਚ ਉਸਤਤ ਕਰਨ ਵਾਲੇ ਨਾ ਹੀ ਸੋਚ ਸਕਦੇ ਹਨ ਤੇ ਨਾ ਹੀ ਬੋਲ ਸਕਦੇ ਹਨ। ਮਿਸਾਲ ਲਈ, ਸੂਰਜ, ਚੰਦ, ਤਾਰੇ, ਬਰਫ਼, ਹਵਾ, ਪਰਬਤ ਅਤੇ ਪਹਾੜੀਆਂ ਸਭ ਯਹੋਵਾਹ ਦੀ ਵਡਿਆਈ ਕਰਦੇ ਹਨ। ਪਰ ਬੇਜਾਨ ਚੀਜ਼ਾਂ ਯਹੋਵਾਹ ਦੇ ਜਸ ਕਿਵੇਂ ਗਾ ਸਕਦੀਆਂ ਹਨ? (ਆਇਤਾਂ 3, 8, 9) ਅਸੀਂ ਇਹੀ ਸਵਾਲ ਦਰਖ਼ਤਾਂ, ਸਮੁੰਦਰੀ ਜੀਵ-ਜੰਤੂਆਂ ਅਤੇ ਜਾਨਵਰਾਂ ਬਾਰੇ ਵੀ ਪੁੱਛ ਸਕਦੇ ਹਾਂ। (ਆਇਤਾਂ 7, 9, 10) ਕੀ ਤੁਸੀਂ ਸੰਝ ਵੇਲੇ ਰੰਗਬਰੰਗਾ ਆਸਮਾਨ ਦੇਖਿਆ ਹੈ ਜਾਂ ਤਾਰਿਆਂ-ਭਰੇ ਆਕਾਸ਼ ਵਿਚ ਪੂਰੇ ਚੰਦ ਨੂੰ ਤੱਕਿਆ ਹੈ? ਜਾਂ ਕੀ ਤੁਸੀਂ ਜਾਨਵਰਾਂ ਨੂੰ ਖੇਡਦੇ ਹੋਏ ਦੇਖ ਕੇ ਜਾਂ ਕੋਈ ਸ਼ਾਨਦਾਰ ਨਜ਼ਾਰਾ ਦੇਖ ਕੇ ਖ਼ੁਸ਼ ਹੋਏ ਹੋ? ਜੇ ਹਾਂ, ਤਾਂ ਤੁਸੀਂ ਸ੍ਰਿਸ਼ਟੀ ਨੂੰ ਯਹੋਵਾਹ ਦੇ ਗੁਣ ਗਾਉਂਦੇ “ਸੁਣਿਆ” ਹੈ। ਯਹੋਵਾਹ ਦੀ ਬਣਾਈ ਹਰ ਚੀਜ਼ ਸਾਨੂੰ ਯਾਦ ਕਰਾਉਂਦੀ ਹੈ ਕਿ ਉਹੀ ਸਾਡਾ ਸਿਰਜਣਹਾਰ ਹੈ ਤੇ ਉਹੀ ਅੱਤ ਮਹਾਨ ਹੈ। ਪੂਰੇ ਵਿਸ਼ਵ ਵਿਚ ਯਹੋਵਾਹ ਜਿੰਨਾ ਸ਼ਕਤੀਸ਼ਾਲੀ, ਬੁੱਧੀਮਾਨ ਤੇ ਪਿਆਰ ਕਰਨ ਵਾਲਾ ਕੋਈ ਨਹੀਂ ਹੈ।—ਰੋਮੀਆਂ 1:20; ਪਰਕਾਸ਼ ਦੀ ਪੋਥੀ 4:11.

6, 7. (ੳ) ਜ਼ਬੂਰ 148 ਵਿਚ ਕਿਹੜੀ ਸਮਝਦਾਰ ਸ੍ਰਿਸ਼ਟੀ ਯਹੋਵਾਹ ਦੀ ਮਹਿਮਾ ਕਰਦੀ ਹੈ? (ਅ) ਅਸੀਂ ਯਹੋਵਾਹ ਦੀ ਵਡਿਆਈ ਕਿਉਂ ਕਰਨੀ ਚਾਹੁੰਦੇ ਹਾਂ? ਉਦਾਹਰਣ ਦੇ ਕੇ ਸਮਝਾਓ।

6ਜ਼ਬੂਰ 148 ਵਿਚ ਸਮਝਦਾਰ ਸ੍ਰਿਸ਼ਟੀ ਬਾਰੇ ਵੀ ਗੱਲ ਕੀਤੀ ਗਈ ਹੈ ਜੋ ਯਹੋਵਾਹ ਦੀ ਮਹਿਮਾ ਕਰਦੀ ਹੈ। ਦੂਜੀ ਆਇਤ ਵਿਚ ਦੂਤਾਂ ਦੀ ਸਵਰਗੀ ‘ਸੈਨਾ’ ਯਹੋਵਾਹ ਦੀ ਮਹਿਮਾ ਕਰਦੀ ਹੈ। ਫਿਰ 11ਵੀਂ ਆਇਤ ਵਿਚ ਰਾਜਿਆਂ ਅਤੇ ਨਿਆਂਕਾਰਾਂ ਵਰਗੇ ਵੱਡੇ-ਵੱਡੇ ਲੋਕਾਂ ਨੂੰ ਯਹੋਵਾਹ ਦੀ ਉਸਤਤ ਕਰਨ ਲਈ ਕਿਹਾ ਗਿਆ ਹੈ। ਜੇ ਬਲਵਾਨ ਦੂਤਾਂ ਨੂੰ ਯਹੋਵਾਹ ਦੀ ਵਡਿਆਈ ਕਰਨ ਤੋਂ ਖ਼ੁਸ਼ੀ ਮਿਲਦੀ ਹੈ, ਤਾਂ ਮਾਮੂਲੀ ਇਨਸਾਨ ਕਿਵੇਂ ਕਹਿ ਸਕਦਾ ਹੈ ਕਿ ਯਹੋਵਾਹ ਦੀ ਮਹਿਮਾ ਕਰਨੀ ਉਸ ਦੀ ਸ਼ਾਨ ਦੇ ਖ਼ਿਲਾਫ਼ ਹੈ? ਫਿਰ 12ਵੀਂ ਤੇ 13ਵੀਂ ਆਇਤ ਵਿਚ ਤੁਹਾਨੂੰ ਬੱਚਿਆਂ ਨੂੰ ਵੀ ਯਹੋਵਾਹ ਦੀ ਵਡਿਆਈ ਕਰਨ ਲਈ ਕਿਹਾ ਗਿਆ ਹੈ। ਕੀ ਤੁਸੀਂ ਯਹੋਵਾਹ ਦੀ ਵਡਿਆਈ ਕਰਨੀ ਚਾਹੁੰਦੇ ਹੋ?

7 ਇਕ ਉਦਾਹਰਣ ਬਾਰੇ ਸੋਚੋ। ਫ਼ਰਜ਼ ਕਰੋ ਕਿ ਤੁਹਾਡਾ ਜਿਗਰੀ ਦੋਸਤ ਕਿਸੇ ਕੰਮ ਵਿਚ ਬਹੁਤ ਹੀ ਹੁਸ਼ਿਆਰ ਹੋਵੇ, ਸ਼ਾਇਦ ਉਹ ਕਮਾਲ ਦਾ ਖਿਡਾਰੀ, ਕਲਾਕਾਰ ਜਾਂ ਸੰਗੀਤਕਾਰ ਹੋਵੇ। ਕੀ ਤੁਸੀਂ ਉਸ ਬਾਰੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਗੱਲ ਨਹੀਂ ਕਰੋਗੇ? ਜ਼ਰੂਰ ਕਰੋਗੇ। ਇਸੇ ਤਰ੍ਹਾਂ, ਯਹੋਵਾਹ ਨੇ ਜੋ ਸਾਡੇ ਲਈ ਕੀਤਾ ਹੈ, ਉਸ ਬਾਰੇ ਸਿੱਖ ਕੇ ਅਸੀਂ ਉਸ ਬਾਰੇ ਗੱਲ ਕਰਨੀ ਚਾਹਾਂਗੇ। ਮਿਸਾਲ ਲਈ, ਜ਼ਬੂਰ 19:1, 2 ਵਿਚ ਲਿਖਿਆ ਹੈ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।” ਯਹੋਵਾਹ ਦੇ ਸ਼ਾਨਦਾਰ ਕੰਮਾਂ ਬਾਰੇ ਸੋਚ-ਵਿਚਾਰ ਕਰਨ ਨਾਲ ਅਸੀਂ ਦੂਸਰਿਆਂ ਨਾਲ ਆਪਣੇ ਪਰਮੇਸ਼ੁਰ ਬਾਰੇ ਗੱਲ ਕਰਨ ਲਈ ਉਭਾਰੇ ਜਾਵਾਂਗੇ।

8, 9. ਯਹੋਵਾਹ ਦੀ ਵਡਿਆਈ ਕਰਨ ਦੇ ਦੋ ਕਾਰਨ ਦੱਸੋ।

8 ਯਹੋਵਾਹ ਦੀ ਵਡਿਆਈ ਕਰਨ ਦਾ ਇਕ ਹੋਰ ਕਾਰਨ ਇਹ ਹੈ ਕਿ ਉਹ ਸਾਡੇ ਮੂੰਹੋਂ ਪ੍ਰਸ਼ੰਸਾ ਸੁਣਨੀ ਚਾਹੁੰਦਾ ਹੈ। ਕਿਉਂ? ਕੀ ਯਹੋਵਾਹ ਨੂੰ ਸਾਡੀ ਪ੍ਰਸ਼ੰਸਾ ਦੀ ਲੋੜ ਹੈ? ਨਹੀਂ। ਯਹੋਵਾਹ ਕੋਈ ਇਨਸਾਨ ਨਹੀਂ ਕਿ ਦੂਸਰਿਆਂ ਦੀ ਪ੍ਰਸ਼ੰਸਾ ਦੇ ਬਿਨਾਂ ਉਸ ਵਿਚ ਹੀਣ-ਭਾਵਨਾ ਪੈਦਾ ਹੋ ਜਾਵੇ। (ਯਸਾਯਾਹ 55:8) ਉਹ ਜਾਣਦਾ ਹੈ ਕਿ ਉਸ ਵਿਚ ਕਿਸੇ ਗੱਲ ਦੀ ਘਾਟ ਨਹੀਂ ਹੈ। (ਯਸਾਯਾਹ 45:5) ਫਿਰ ਵੀ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਵਡਿਆਈ ਕਰੀਏ ਅਤੇ ਸਾਨੂੰ ਇੱਦਾਂ ਕਰਦੇ ਦੇਖ ਕੇ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਕਿਉਂ? ਦੋ ਕਾਰਨਾਂ ਉੱਤੇ ਵਿਚਾਰ ਕਰੋ। ਪਹਿਲਾ ਕਾਰਨ ਇਹ ਹੈ ਕਿ ਉਹ ਜਾਣਦਾ ਹੈ ਕਿ ਸਾਡੀ “ਆਤਮਕ ਲੋੜ” ਹੈ ਯਾਨੀ ਸਾਨੂੰ ਉਸ ਦੀ ਭਗਤੀ ਕਰਨ ਦੀ ਲੋੜ ਹੈ। (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਜਾਣਦਾ ਹੈ ਕਿ ਉਸ ਦੀ ਵਡਿਆਈ ਕਰਨੀ ਸਾਡੀ ਖ਼ੁਸ਼ੀ ਲਈ ਜ਼ਰੂਰੀ ਹੈ। ਜਦ ਅਸੀਂ ਇਸ ਲੋੜ ਨੂੰ ਪੂਰਾ ਕਰਦੇ ਹਾਂ, ਤਾਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ, ਠੀਕ ਜਿਵੇਂ ਤੁਹਾਡੇ ਮਾਪੇ ਤੁਹਾਨੂੰ ਖਾਣਾ ਖਾਂਦੇ ਦੇਖ ਕੇ ਖ਼ੁਸ਼ ਹੁੰਦੇ ਹਨ ਜੋ ਤੁਹਾਡੀ ਸਿਹਤ ਲਈ ਠੀਕ ਹੈ।—ਯੂਹੰਨਾ 4:34.

9 ਦੂਜਾ ਕਾਰਨ ਕੀ ਹੈ? ਯਹੋਵਾਹ ਜਾਣਦਾ ਹੈ ਕਿ ਸਾਡੇ ਦੁਆਰਾ ਉਸ ਦੀ ਵਡਿਆਈ ਕਰਨ ਨਾਲ ਦੂਸਰਿਆਂ ਨੂੰ ਫ਼ਾਇਦਾ ਹੋਵੇਗਾ। ਪੌਲੁਸ ਰਸੂਲ ਨੇ ਨੌਜਵਾਨ ਤਿਮੋਥਿਉਸ ਨੂੰ ਲਿਖਿਆ: “ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (1 ਤਿਮੋਥਿਉਸ 4:16) ਹਾਂ, ਜਦ ਤੁਸੀਂ ਦੂਸਰਿਆਂ ਨੂੰ ਯਹੋਵਾਹ ਪਰਮੇਸ਼ੁਰ ਬਾਰੇ ਸਿਖਾਉਂਦੇ ਹੋ ਅਤੇ ਉਸ ਦੀ ਵਡਿਆਈ ਕਰਦੇ ਹੋ, ਤਾਂ ਉਹ ਵੀ ਯਹੋਵਾਹ ਨੂੰ ਜਾਣ ਸਕਦੇ ਹਨ। ਇਸ ਗਿਆਨ ਕਰਕੇ ਉਨ੍ਹਾਂ ਨੂੰ ਮੁਕਤੀ ਮਿਲ ਸਕਦੀ ਹੈ!—ਯੂਹੰਨਾ 17:3.

10. ਅਸੀਂ ਯਹੋਵਾਹ ਦੀ ਵਡਿਆਈ ਕਿਉਂ ਕਰਨੀ ਚਾਹੁੰਦੇ ਹਾਂ?

10 ਯਹੋਵਾਹ ਦੇ ਜਸ ਗਾਉਣ ਦਾ ਇਕ ਹੋਰ ਕਾਰਨ ਵੀ ਹੈ। ਆਪਣੇ ਹੁਨਰਮੰਦ ਦੋਸਤ ਦੀ ਉਦਾਹਰਣ ਯਾਦ ਕਰੋ। ਜੇ ਤੁਸੀਂ ਹੋਰਨਾਂ ਨੂੰ ਉਸ ਬਾਰੇ ਝੂਠ ਬੋਲਦੇ ਤੇ ਉਸ ਦੀ ਬਦਨਾਮੀ ਕਰਦੇ ਸੁਣੋ, ਤਾਂ ਕੀ ਤੁਸੀਂ ਉਸ ਦੇ ਪੱਖ ਵਿਚ ਨਹੀਂ ਬੋਲੋਗੇ ਤੇ ਉਸ ਦੇ ਗੁਣ ਨਹੀਂ ਗਾਓਗੇ? ਅੱਜ ਦੁਨੀਆਂ ਵਿਚ ਯਹੋਵਾਹ ਨੂੰ ਬਹੁਤ ਬਦਨਾਮ ਕੀਤਾ ਜਾ ਰਿਹਾ ਹੈ। (ਯੂਹੰਨਾ 8:44; ਪਰਕਾਸ਼ ਦੀ ਪੋਥੀ 12:9) ਇਸ ਲਈ ਜਿਹੜੇ ਲੋਕ ਉਸ ਨੂੰ ਪਿਆਰ ਕਰਦੇ ਹਨ ਉਹ ਉਸ ਬਾਰੇ ਸਾਰਿਆਂ ਨੂੰ ਸੱਚ ਦੱਸਣਾ ਚਾਹੁੰਦੇ ਹਨ। ਕੀ ਤੁਸੀਂ ਵੀ ਯਹੋਵਾਹ ਪ੍ਰਤੀ ਆਪਣੀ ਕਦਰਦਾਨੀ ਤੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ? ਕੀ ਤੁਸੀਂ ਦਿਖਾਉਣਾ ਚਾਹੁੰਦੇ ਹੋ ਕਿ ਤੁਸੀਂ ਯਹੋਵਾਹ ਨੂੰ ਆਪਣਾ ਮਾਲਕ ਮੰਨਦੇ ਹੋ, ਨਾ ਕਿ ਉਸ ਦੇ ਵੈਰੀ ਸ਼ਤਾਨ ਨੂੰ? ਯਹੋਵਾਹ ਦੀ ਵਡਿਆਈ ਕਰ ਕੇ ਤੁਸੀਂ ਇਹ ਸਭ ਕੁਝ ਕਰ ਸਕਦੇ ਹੋ। ਪਰ ਸਵਾਲ ਇਹ ਹੈ ਕਿ ਅਸੀਂ ਯਹੋਵਾਹ ਦੀ ਵਡਿਆਈ ਕਿਵੇਂ ਕਰ ਸਕਦੇ ਹਾਂ।

ਬੱਚਿਆਂ ਨੇ ਯਹੋਵਾਹ ਦੀ ਵਡਿਆਈ ਕੀਤੀ

11. ਬਾਈਬਲ ਵਿਚ ਕਿਨ੍ਹਾਂ ਬੱਚਿਆਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਯਹੋਵਾਹ ਦੀ ਵਡਿਆਈ ਕੀਤੀ?

11 ਬਾਈਬਲ ਦਿਖਾਉਂਦੀ ਹੈ ਕਿ ਬੱਚੇ ਯਹੋਵਾਹ ਦੀ ਵਡਿਆਈ ਕਰ ਸਕਦੇ ਹਨ। ਮਿਸਾਲ ਲਈ, ਇਕ ਇਸਰਾਏਲੀ ਕੁੜੀ ਸੀ ਜਿਸ ਨੂੰ ਸੀਰੀਆਈ ਲੋਕ ਬੰਦੀ ਬਣਾ ਕੇ ਲੈ ਗਏ ਸਨ। ਉਸ ਨੇ ਆਪਣੀ ਮਾਲਕਣ ਨਾਲ ਯਹੋਵਾਹ ਦੇ ਨਬੀ ਅਲੀਸ਼ਾ ਬਾਰੇ ਦਲੇਰੀ ਨਾਲ ਗੱਲ ਕੀਤੀ। ਉਸ ਦੀਆਂ ਗੱਲਾਂ ਕਰਕੇ ਇਕ ਚਮਤਕਾਰ ਹੋਇਆ ਜਿਸ ਨਾਲ ਯਹੋਵਾਹ ਦੀ ਵਡਿਆਈ ਹੋਈ। (2 ਰਾਜਿਆਂ 5:1-17) ਛੋਟੇ ਹੁੰਦੇ ਹੋਏ ਯਿਸੂ ਨੇ ਵੀ ਦਲੇਰੀ ਨਾਲ ਯਹੋਵਾਹ ਬਾਰੇ ਗੱਲਾਂ ਕੀਤੀਆਂ ਸਨ। ਯਹੋਵਾਹ ਨੇ ਯਿਸੂ ਦੇ ਬਚਪਨ ਬਾਰੇ ਬਾਈਬਲ ਵਿਚ ਸਿਰਫ਼ ਇਕ ਘਟਨਾ ਲਿਖਵਾਈ ਹੈ। ਅਸੀਂ ਉਸ ਸਮੇਂ ਬਾਰੇ ਪੜ੍ਹਦੇ ਹਾਂ ਜਦ ਯਿਸੂ 12 ਸਾਲਾਂ ਦਾ ਸੀ ਤੇ ਯਰੂਸ਼ਲਮ ਦੀ ਹੈਕਲ ਵਿਚ ਉਸ ਨੇ ਹਿੰਮਤ ਨਾਲ ਗੁਰੂਆਂ ਤੋਂ ਕਈ ਸਵਾਲ ਪੁੱਛੇ। ਉਹ ਸਾਰੇ ਯਹੋਵਾਹ ਦੇ ਰਾਹਾਂ ਬਾਰੇ ਉਸ ਦੀ ਸਮਝ ਤੋਂ ਬਹੁਤ ਹੈਰਾਨ ਹੋਏ।—ਲੂਕਾ 2:46-49.

12, 13. (ੳ) ਯਿਸੂ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਹੈਕਲ ਵਿਚ ਕੀ ਕੀਤਾ ਸੀ ਅਤੇ ਲੋਕਾਂ ਉੱਤੇ ਇਸ ਦਾ ਕੀ ਅਸਰ ਹੋਇਆ? (ਅ) ਜਦ ਮੁੰਡਿਆਂ ਨੇ ਯਿਸੂ ਦੀ ਪ੍ਰਸ਼ੰਸਾ ਕੀਤੀ, ਤਾਂ ਉਸ ਨੂੰ ਕਿਵੇਂ ਲੱਗਾ?

12 ਜਿਹੜੇ ਕੰਮ ਯਿਸੂ ਨੇ ਵੱਡਾ ਹੋ ਕੇ ਕੀਤੇ ਸਨ ਉਨ੍ਹਾਂ ਦਾ ਬੱਚਿਆਂ ਉੱਤੇ ਵਧੀਆ ਅਸਰ ਹੋਇਆ। ਉਦਾਹਰਣ ਲਈ, ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਯਿਸੂ ਯਰੂਸ਼ਲਮ ਦੀ ਹੈਕਲ ਵਿਚ ਗਿਆ ਸੀ। ਬਾਈਬਲ ਦੱਸਦੀ ਹੈ ਕਿ ਉੱਥੇ ਉਸ ਨੇ ‘ਅਚਰਜ ਕੰਮ’ ਕੀਤੇ। ਉਸ ਨੇ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਜਿਨ੍ਹਾਂ ਨੇ ਯਹੋਵਾਹ ਦੀ ਹੈਕਲ ਨੂੰ ਚੋਰਾਂ ਦਾ ਅੱਡਾ ਬਣਾ ਦਿੱਤਾ ਸੀ। ਉਸ ਨੇ ਅੰਨ੍ਹਿਆਂ ਤੇ ਲੰਗੜਿਆਂ ਨੂੰ ਵੀ ਠੀਕ ਕੀਤਾ। ਇਹ ਸਭ ਕੁਝ ਦੇਖ ਕੇ ਉੱਥੇ ਹਾਜ਼ਰ ਸਾਰੇ ਲੋਕਾਂ ਨੂੰ ਤੇ ਖ਼ਾਸ ਕਰਕੇ ਧਾਰਮਿਕ ਆਗੂਆਂ ਨੂੰ ਯਹੋਵਾਹ ਦੀ ਅਤੇ ਉਸ ਦੇ ਪੁੱਤਰ ਯਿਸੂ ਦੀ ਵਡਿਆਈ ਕਰਨੀ ਚਾਹੀਦੀ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹੀਂ ਦਿਨੀਂ ਬਹੁਤ ਹੀ ਘੱਟ ਲੋਕਾਂ ਨੇ ਇਸ ਤਰ੍ਹਾਂ ਕੀਤਾ। ਲੋਕ ਜਾਣਦੇ ਸਨ ਕਿ ਯਿਸੂ ਨੂੰ ਪਰਮੇਸ਼ੁਰ ਨੇ ਭੇਜਿਆ ਸੀ, ਪਰ ਉਹ ਧਾਰਮਿਕ ਆਗੂਆਂ ਤੋਂ ਡਰਦੇ ਸਨ। ਲੇਕਿਨ ਕੁਝ ਲੋਕ ਸਨ ਜਿਨ੍ਹਾਂ ਨੇ ਉੱਚੀ ਆਵਾਜ਼ ਵਿਚ ਯਿਸੂ ਦੀ ਪ੍ਰਸ਼ੰਸਾ ਕੀਤੀ। ਕੀ ਤੁਸੀਂ ਜਾਣਦੇ ਹੋ ਕਿ ਉਹ ਕੌਣ ਸਨ? ਬਾਈਬਲ ਦੱਸਦੀ ਹੈ: “ਮਹਾ ਪੁਰੋਹਿਤ ਅਤੇ ਧਰਮ ਗ੍ਰੰਥੀ ਇਹ ਸਭ ਵਚਿੱਤਰ ਕੰਮ ਦੇਖਕੇ ਅਤੇ ਬੱਚਿਆਂ ਨੂੰ ਮੰਦਰ ਵਿਚ ਨਾਹਰੇ ਲਾਉਂਦਿਆਂ ਅਤੇ ਉੱਚੀ ਉੱਚੀ, ਇਹ ਬੋਲਦਿਆਂ: ‘ਦਾਊਦ ਦੇ ਪੁੱਤਰ ਦੀ ਵਡਿਆਈ ਹੋਵੇ,’ ਸੁਣਕੇ ਗੁਸੇ ਨਾਲ ਭਰ ਗਏ। ਇਸ ਲਈ ਉਹਨਾਂ ਨੇ ਯਿਸੂ ਨੂੰ ਕਿਹਾ, ‘ਕੀ ਤੁਸੀਂ ਸੁਣ ਰਹੇ ਹੋ ਕਿ ਇਹ ਕੀ ਕਹਿ ਰਹੇ ਹਨ?’”—ਮੱਤੀ 21:15, 16, ਨਵਾਂ ਅਨੁਵਾਦ; ਯੂਹੰਨਾ 12:42.

13 ਉਹ ਧਾਰਮਿਕ ਆਗੂ ਚਾਹੁੰਦੇ ਸਨ ਕਿ ਯਿਸੂ ਉਨ੍ਹਾਂ ਮੁੰਡਿਆਂ ਨੂੰ ਚੁੱਪ ਕਰਾਵੇ ਜੋ ਉਸ ਦੀ ਵਡਿਆਈ ਕਰ ਰਹੇ ਸਨ। ਕੀ ਯਿਸੂ ਨੇ ਉਨ੍ਹਾਂ ਮੁੰਡਿਆਂ ਨੂੰ ਚੁੱਪ ਕਰਾਇਆ? ਨਹੀਂ, ਸਗੋਂ ਉਸ ਨੇ ਜਾਜਕਾਂ ਨੂੰ ਕਿਹਾ: “ਹਾਂ, ਪਰ ਕੀ ਤੁਸੀਂ ਧਰਮ ਗ੍ਰੰਥ ਵਿਚ ਨਹੀਂ ਪੜ੍ਹਿਆ, ‘ਤੂੰ ਬੱਚਿਆਂ ਅਤੇ ਦੁੱਧ ਪੀਂਦੇ ਬਾਲਾਂ ਦੇ ਮੂੰਹੋਂ ਆਪਣੀ ਵਡਿਆਈ ਕਰਵਾਈ।’” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਅਤੇ ਉਸ ਦਾ ਪਿਤਾ ਯਹੋਵਾਹ ਇਨ੍ਹਾਂ ਮੁੰਡਿਆਂ ਦੇ ਮੂੰਹੋਂ ਪ੍ਰਸ਼ੰਸਾ ਸੁਣ ਕੇ ਬਹੁਤ ਖ਼ੁਸ਼ ਸਨ। ਉਹ ਬੱਚੇ ਉਹ ਕੰਮ ਕਰ ਰਹੇ ਸਨ ਜੋ ਵੱਡਿਆਂ ਨੂੰ ਕਰਨਾ ਚਾਹੀਦਾ ਸੀ। ਉਨ੍ਹਾਂ ਦੇ ਮਨਾਂ ਵਿਚ ਕੋਈ ਸ਼ੱਕ ਨਹੀਂ ਸੀ ਕਿ ਯਿਸੂ ਹੀ ‘ਦਾਊਦ ਦਾ ਪੁੱਤਰ’ ਯਾਨੀ ਮਸੀਹਾ ਸੀ। ਉਨ੍ਹਾਂ ਨੇ ਯਿਸੂ ਨੂੰ ਚਮਤਕਾਰ ਕਰਦੇ ਦੇਖਿਆ, ਨਿਹਚਾ ਅਤੇ ਦਲੇਰੀ ਨਾਲ ਗੱਲ ਕਰਦੇ ਸੁਣਿਆ ਅਤੇ ਪਰਮੇਸ਼ੁਰ ਤੇ ਉਸ ਦੇ ਲੋਕਾਂ ਲਈ ਡੂੰਘਾ ਪਿਆਰ ਜ਼ਾਹਰ ਕਰਦੇ ਦੇਖਿਆ। ਇਨ੍ਹਾਂ ਮੁੰਡਿਆਂ ਦੀ ਨਿਹਚਾ ਕਾਰਨ ਉਨ੍ਹਾਂ ਨੇ ਭਵਿੱਖਬਾਣੀ ਪੂਰੀ ਕਰਨ ਦਾ ਸਨਮਾਨ ਪ੍ਰਾਪਤ ਕੀਤਾ।—ਜ਼ਬੂਰਾਂ ਦੀ ਪੋਥੀ 8:2.

14. ਬੱਚਿਆਂ ਵਿਚ ਕਿਹੜੇ ਗੁਣ ਹੁੰਦੇ ਹਨ ਜੋ ਯਹੋਵਾਹ ਦੀ ਵਡਿਆਈ ਕਰਨ ਲਈ ਵਰਤੇ ਜਾ ਸਕਦੇ ਹਨ?

14 ਅਸੀਂ ਅਜਿਹੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ? ਇਹੀ ਕਿ ਬੱਚੇ ਯਹੋਵਾਹ ਦੀ ਵਡਿਆਈ ਕਰ ਸਕਦੇ ਹਨ। ਬੱਚੇ ਮਨ ਦੇ ਸੱਚੇ ਹੁੰਦੇ ਹਨ ਅਤੇ ਉਹ ਸੱਚਾਈ ਨੂੰ ਸਾਫ਼-ਸਾਫ਼ ਦੇਖ ਸਕਦੇ ਹਨ। ਇਸ ਕਰਕੇ ਉਹ ਆਪਣੀ ਨਿਹਚਾ ਸਾਫ਼ ਦਿਲ ਅਤੇ ਜੋਸ਼ ਨਾਲ ਪ੍ਰਗਟ ਕਰਦੇ ਹਨ। ਉਨ੍ਹਾਂ ਕੋਲ ਕੁਝ ਹੋਰ ਵੀ ਹੈ ਜਿਸ ਬਾਰੇ ਕਹਾਉਤਾਂ 20:29 ਵਿਚ ਦੱਸਿਆ ਗਿਆ ਹੈ: “ਜੁਆਨਾਂ ਦੀ ਸੋਭਾ ਤਾਂ ਉਨ੍ਹਾਂ ਦਾ ਬਲ ਹੈ।” ਜੀ ਹਾਂ, ਨੌਜਵਾਨਾਂ ਵਿਚ ਤਾਕਤ ਅਤੇ ਜੋਸ਼ ਹੁੰਦਾ ਹੈ ਜਿਸ ਨਾਲ ਉਹ ਯਹੋਵਾਹ ਦੀ ਵਡਿਆਈ ਕਰ ਸਕਦੇ ਹਨ। ਬੱਚਿਓ, ਤੁਸੀਂ ਅਜਿਹੇ ਗੁਣਾਂ ਨੂੰ ਕਿਵੇਂ ਵਰਤ ਸਕਦੇ ਹੋ?

ਤੁਸੀਂ ਯਹੋਵਾਹ ਦੀ ਵਡਿਆਈ ਕਿਵੇਂ ਕਰ ਸਕਦੇ ਹੋ?

15. ਕਿਹੜੀ ਗੱਲ ਤੁਹਾਨੂੰ ਯਹੋਵਾਹ ਦੀ ਵਡਿਆਈ ਕਰਨ ਲਈ ਪ੍ਰੇਰਿਤ ਕਰੇਗੀ?

15 ਪਹਿਲੀ ਗੱਲ ਹੈ ਕਿ ਯਹੋਵਾਹ ਦੀ ਵਡਿਆਈ ਕਰਨ ਦੀ ਇੱਛਾ ਸਾਡੇ ਦਿਲ ਵਿਚ ਪੈਦਾ ਹੋਣੀ ਚਾਹੀਦੀ ਹੈ। ਤੁਸੀਂ ਦਿਲੋਂ ਯਹੋਵਾਹ ਦੀ ਵਡਿਆਈ ਨਹੀਂ ਕਰ ਸਕਦੇ ਜੇ ਤੁਸੀਂ ਦੂਸਰਿਆਂ ਦੇ ਕਹਿਣੇ ਤੇ ਹੀ ਇਸ ਤਰ੍ਹਾਂ ਕਰਦੇ ਹੋ। ਸਭ ਤੋਂ ਵੱਡਾ ਹੁਕਮ ਯਾਦ ਰੱਖੋ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” (ਮੱਤੀ 22:37) ਕੀ ਤੁਸੀਂ ਆਪ ਬਾਈਬਲ ਸਟੱਡੀ ਕਰ ਕੇ ਯਹੋਵਾਹ ਨੂੰ ਜਾਣਿਆ ਹੈ? ਕੀ ਤੁਸੀਂ ਯਹੋਵਾਹ ਨੂੰ ਪਿਆਰ ਕਰਨਾ ਸਿੱਖਿਆ ਹੈ? ਜੇ ਤੁਸੀਂ ਯਹੋਵਾਹ ਨਾਲ ਪਿਆਰ ਕਰਦੇ ਹੋ, ਤਾਂ ਤੁਸੀਂ ਉਸ ਦੇ ਜਸ ਵੀ ਗਾਉਣੇ ਚਾਹੋਗੇ। ਜਦ ਤੁਹਾਡਾ ਦਿਲ ਸ਼ਰਧਾ ਨਾਲ ਭਰ ਜਾਂਦਾ ਹੈ, ਫਿਰ ਤੁਸੀਂ ਜੋਸ਼ ਨਾਲ ਯਹੋਵਾਹ ਦੀ ਵਡਿਆਈ ਕਰਨ ਲਈ ਤਿਆਰ ਹੁੰਦੇ ਹੋ।

16, 17. ਤੁਸੀਂ ਆਪਣੇ ਚਾਲ-ਚਲਣ ਰਾਹੀਂ ਯਹੋਵਾਹ ਦੀ ਵਡਿਆਈ ਕਿਵੇਂ ਕਰ ਸਕਦੇ ਹੋ? ਮਿਸਾਲ ਦਿਓ।

16 ਇਸ ਬਾਰੇ ਸੋਚਣ ਤੋਂ ਪਹਿਲਾਂ ਕਿ ਤੁਸੀਂ ਕੀ ਕਹੋਗੇ, ਜ਼ਰਾ ਆਪਣੇ ਚਾਲ-ਚਲਣ ਵੱਲ ਧਿਆਨ ਦਿਓ। ਜੇ ਉਹ ਇਸਰਾਏਲੀ ਕੁੜੀ ਬਦਤਮੀਜ਼, ਰੁੱਖੀ ਤੇ ਬੇਈਮਾਨ ਹੁੰਦੀ, ਤਾਂ ਕੀ ਸੀਰੀਆਈ ਲੋਕ ਯਹੋਵਾਹ ਦੇ ਨਬੀ ਬਾਰੇ ਉਸ ਦੀ ਗੱਲ ਸੁਣਦੇ? ਸ਼ਾਇਦ ਨਾ ਸੁਣਦੇ। ਜੇ ਲੋਕ ਦੇਖਣ ਕਿ ਤੁਸੀਂ ਉਨ੍ਹਾਂ ਦਾ ਆਦਰ ਕਰਦੇ ਹੋ, ਈਮਾਨਦਾਰ ਹੋ ਅਤੇ ਤੁਹਾਡਾ ਚਾਲ-ਚਲਣ ਚੰਗਾ ਹੈ, ਤਾਂ ਉਹ ਤੁਹਾਡੀ ਗੱਲ ਸੁਣਨ ਲਈ ਤਿਆਰ ਹੋਣਗੇ। (ਰੋਮੀਆਂ 2:21) ਇਕ ਮਿਸਾਲ ਉੱਤੇ ਗੌਰ ਕਰੋ।

17 ਪੁਰਤਗਾਲ ਵਿਚ ਇਕ 11 ਸਾਲ ਦੀ ਲੜਕੀ ਨੂੰ ਸਕੂਲ ਵਿਚ ਉਹ ਤਿਉਹਾਰ ਮਨਾਉਣ ਲਈ ਕਿਹਾ ਜਾ ਰਿਹਾ ਸੀ ਜੋ ਬਾਈਬਲ ਦੇ ਖ਼ਿਲਾਫ਼ ਸਨ। ਉਸ ਨੇ ਬੜੇ ਆਦਰ ਨਾਲ ਆਪਣੀ ਅਧਿਆਪਕਾ ਨੂੰ ਸਮਝਾਇਆ ਕਿ ਉਹ ਇਹ ਤਿਉਹਾਰ ਕਿਉਂ ਨਹੀਂ ਮਨਾ ਸਕਦੀ ਸੀ, ਪਰ ਉਸ ਦੀ ਅਧਿਆਪਕਾ ਨੇ ਉਸ ਦਾ ਮਖੌਲ ਉਡਾਇਆ। ਇਸ ਅਧਿਆਪਕਾ ਨੇ ਵਾਰ-ਵਾਰ ਇਸ ਲੜਕੀ ਦੀ ਬੇਇੱਜ਼ਤੀ ਕੀਤੀ ਅਤੇ ਉਸ ਦੇ ਧਰਮ ਨੂੰ ਬੁਰਾ-ਭਲਾ ਕਿਹਾ। ਫਿਰ ਵੀ, ਲੜਕੀ ਉਸ ਦਾ ਮਾਣ ਕਰਦੀ ਰਹੀ। ਕਈ ਸਾਲ ਬਾਅਦ ਇਹ ਲੜਕੀ ਪਾਇਨੀਅਰ ਬਣ ਗਈ। ਇਕ ਦਿਨ ਜਦ ਉਹ ਸੰਮੇਲਨ ਵਿਚ ਲੋਕਾਂ ਨੂੰ ਬਪਤਿਸਮਾ ਲੈਂਦੇ ਹੋਏ ਦੇਖ ਰਹੀ ਸੀ, ਤਾਂ ਉਸ ਨੇ ਇਕ ਤੀਵੀਂ ਨੂੰ ਪਛਾਣਿਆ। ਇਹ ਉਹੀ ਅਧਿਆਪਕਾ ਸੀ! ਗਲੇ ਮਿਲ ਕੇ ਉਨ੍ਹਾਂ ਨੇ ਖ਼ੁਸ਼ੀ ਦੇ ਹੰਝੂ ਵਹਾਏ। ਤੀਵੀਂ ਨੇ ਇਸ ਨੌਜਵਾਨ ਭੈਣ ਨੂੰ ਦੱਸਿਆ ਕਿ ਉਹ ਉਸ ਦੇ ਚੰਗੇ ਚਾਲ-ਚਲਣ ਨੂੰ ਕਦੇ ਨਹੀਂ ਭੁੱਲੀ। ਜਦੋਂ ਯਹੋਵਾਹ ਦੀ ਇਕ ਗਵਾਹ ਉਸ ਦੇ ਘਰ ਆਈ, ਤਾਂ ਅਧਿਆਪਕਾ ਨੇ ਇਸ ਲੜਕੀ ਬਾਰੇ ਉਸ ਨੂੰ ਦੱਸਿਆ। ਨਤੀਜੇ ਵਜੋਂ ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਤੇ ਯਹੋਵਾਹ ਦੀ ਗਵਾਹ ਬਣ ਗਈ। ਜੀ ਹਾਂ, ਤੁਸੀਂ ਆਪਣੇ ਚੰਗੇ ਚਾਲ-ਚਲਣ ਰਾਹੀਂ ਯਹੋਵਾਹ ਦੀ ਵਡਿਆਈ ਕਰ ਸਕਦੇ ਹੋ!

18. ਜੇ ਕੋਈ ਨੌਜਵਾਨ ਬਾਈਬਲ ਤੇ ਯਹੋਵਾਹ ਪਰਮੇਸ਼ੁਰ ਬਾਰੇ ਗੱਲ ਸ਼ੁਰੂ ਕਰਨ ਤੋਂ ਝਿਜਕਦਾ ਹੈ, ਤਾਂ ਉਹ ਕੀ ਕਰ ਸਕਦਾ ਹੈ?

18 ਕੀ ਸਕੂਲ ਵਿਚ ਆਪਣੇ ਧਰਮ ਬਾਰੇ ਗੱਲ ਸ਼ੁਰੂ ਕਰਨੀ ਤੁਹਾਨੂੰ ਮੁਸ਼ਕਲ ਲੱਗਦੀ ਹੈ? ਤੁਹਾਡੇ ਵਾਂਗ ਹੋਰ ਵੀ ਬੱਚਿਆਂ ਨੂੰ ਇਹ ਮੁਸ਼ਕਲ ਪੇਸ਼ ਆਉਂਦੀ ਹੈ। ਪਰ ਤੁਸੀਂ ਅਜਿਹਾ ਕੁਝ ਕਰ ਸਕਦੇ ਹੋ ਜਿਸ ਕਰਕੇ ਦੂਸਰੇ ਤੁਹਾਡੇ ਨਾਲ ਗੱਲ ਸ਼ੁਰੂ ਕਰਨ। ਜੇ ਇਹ ਕਾਨੂੰਨ ਦੇ ਖ਼ਿਲਾਫ਼ ਨਾ ਹੋਵੇ, ਤਾਂ ਕਿਉਂ ਨਾ ਬਾਈਬਲ ਦੇ ਪ੍ਰਕਾਸ਼ਨ ਸਕੂਲ ਲੈ ਜਾਓ ਤੇ ਅੱਧੀ ਛੁੱਟੀ ਵੇਲੇ ਜਾਂ ਖ਼ਾਲੀ ਪੀਰੀਅਡ ਵਿਚ ਉਨ੍ਹਾਂ ਨੂੰ ਪੜ੍ਹੋ? ਸ਼ਾਇਦ ਦੂਸਰੇ ਨੌਜਵਾਨ ਤੁਹਾਨੂੰ ਪੁੱਛਣ ਕਿ ਤੁਸੀਂ ਕੀ ਪੜ੍ਹ ਰਹੇ ਹੋ। ਫਿਰ ਤੁਸੀਂ ਉਨ੍ਹਾਂ ਨੂੰ ਉਸ ਕਿਤਾਬ ਵਿੱਚੋਂ ਕੁਝ ਵਧੀਆ ਗੱਲਾਂ ਦੱਸ ਸਕਦੇ ਹੋ ਅਤੇ ਇਸ ਤਰ੍ਹਾਂ ਗੱਲਬਾਤ ਆਪਣੇ ਆਪ ਸ਼ੁਰੂ ਹੋ ਜਾਵੇਗੀ। ਤੁਸੀਂ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਵੀ ਪੁੱਛ ਸਕਦੇ ਹੋ। ਫਿਰ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਦੱਸੋ ਕਿ ਬਾਈਬਲ ਵਿੱਚੋਂ ਤੁਸੀਂ ਕੀ-ਕੀ ਸਿੱਖਿਆ ਹੈ। ਸਫ਼ਾ 29 ਉੱਤੇ ਕੁਝ ਨੌਜਵਾਨਾਂ ਬਾਰੇ ਦੱਸਿਆ ਗਿਆ ਹੈ ਜੋ ਸਕੂਲ ਵਿਚ ਪਰਮੇਸ਼ੁਰ ਦੀ ਵਡਿਆਈ ਕਰ ਰਹੇ ਹਨ। ਇਸ ਤੋਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਯਹੋਵਾਹ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ।

19. ਬੱਚੇ ਬਿਹਤਰ ਤਰੀਕੇ ਨਾਲ ਘਰ-ਘਰ ਪ੍ਰਚਾਰ ਕਰਨਾ ਕਿਵੇਂ ਸਿੱਖ ਸਕਦੇ ਹਨ?

19 ਘਰ-ਘਰ ਪ੍ਰਚਾਰ ਕਰਨਾ ਯਹੋਵਾਹ ਦੀ ਮਹਿਮਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜੇ ਤੁਸੀਂ ਅਜੇ ਘਰ-ਘਰ ਪ੍ਰਚਾਰ ਨਹੀਂ ਕਰਦੇ, ਤਾਂ ਕਿਉਂ ਨਾ ਇਸ ਦਾ ਟੀਚਾ ਰੱਖੋ? ਜੇ ਤੁਸੀਂ ਘਰ-ਘਰ ਪ੍ਰਚਾਰ ਕਰਦੇ ਹੋ, ਤਾਂ ਕੀ ਤੁਸੀਂ ਆਪਣੇ ਲਈ ਹੋਰ ਟੀਚੇ ਰੱਖ ਸਕਦੇ ਹੋ? ਜੇ ਤੁਸੀਂ ਹਰ ਘਰ ਵਿਚ ਇੱਕੋ ਗੱਲ ਕਹਿੰਦੇ ਹੋ, ਤਾਂ ਸੋਚੋ ਕਿ ਤੁਸੀਂ ਆਪਣੀ ਪੇਸ਼ਕਾਰੀ ਨੂੰ ਕਿਵੇਂ ਸੁਧਾਰ ਸਕਦੇ ਹੋ। ਆਪਣੇ ਮਾਪਿਆਂ ਅਤੇ ਦੂਸਰੇ ਤਜਰਬੇਕਾਰ ਭੈਣਾਂ-ਭਰਾਵਾਂ ਦੀ ਸਲਾਹ ਲਓ। ਬਾਈਬਲ ਵਰਤਣੀ, ਲੋਕਾਂ ਨੂੰ ਦੁਬਾਰਾ ਮਿਲਣਾ ਤੇ ਉਨ੍ਹਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨੀ ਅਤੇ ਬਾਈਬਲ ਸਟੱਡੀ ਸ਼ੁਰੂ ਕਰਨੀ ਸਿੱਖੋ। (1 ਤਿਮੋਥਿਉਸ 4:15) ਇਨ੍ਹਾਂ ਕੰਮਾਂ ਰਾਹੀਂ ਤੁਸੀਂ ਜਿੰਨਾ ਜ਼ਿਆਦਾ ਯਹੋਵਾਹ ਦੀ ਵਡਿਆਈ ਕਰੋਗੇ, ਉੱਨਾ ਜ਼ਿਆਦਾ ਤੁਸੀਂ ਚੰਗੀ ਤਰ੍ਹਾਂ ਪ੍ਰਚਾਰ ਕਰਨਾ ਸਿੱਖੋਗੇ ਤੇ ਇਸ ਤੋਂ ਖ਼ੁਸ਼ੀ ਪਾਓਗੇ।

ਯਹੋਵਾਹ ਦੇ ਜਸ ਗਾਉਣੇ ਕਦੋਂ ਸ਼ੁਰੂ ਕਰੀਏ?

20. ਬੱਚਿਆਂ ਨੂੰ ਇਸ ਤਰ੍ਹਾਂ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਉਹ ਯਹੋਵਾਹ ਦੀ ਵਡਿਆਈ ਕਰਨ ਲਈ ਅਜੇ ਛੋਟੇ ਹਨ?

20 ਤਿੰਨਾਂ ਸਵਾਲਾਂ ਵਿੱਚੋਂ ਇਸ ਸਵਾਲ ਦਾ ਜਵਾਬ ਦੇਣਾ ਸਭ ਤੋਂ ਸੌਖਾ ਹੈ। ਧਿਆਨ ਦਿਓ ਕਿ ਬਾਈਬਲ ਇਸ ਦਾ ਜਵਾਬ ਕਿਵੇਂ ਦਿੰਦੀ ਹੈ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।” (ਉਪਦੇਸ਼ਕ ਦੀ ਪੋਥੀ 12:1) ਜੀ ਹਾਂ, ਤੁਸੀਂ ਹੁਣੇ ਤੋਂ ਯਹੋਵਾਹ ਦੀ ਵਡਿਆਈ ਕਰਨੀ ਸ਼ੁਰੂ ਕਰ ਸਕਦੇ ਹੋ। ਤੁਸੀਂ ਸ਼ਾਇਦ ਕਹੋ: “ਮੈਂ ਅਜੇ ਛੋਟਾ ਹਾਂ। ਮੈਨੂੰ ਕੁਝ ਨਹੀਂ ਆਉਂਦਾ। ਮੈਂ ਵੱਡਾ ਹੋ ਕੇ ਯਹੋਵਾਹ ਦੀ ਵਡਿਆਈ ਕਰਾਂਗਾ।” ਤੁਸੀਂ ਇਸ ਤਰ੍ਹਾਂ ਮਹਿਸੂਸ ਕਰਨ ਵਾਲੇ ਪਹਿਲੇ ਇਨਸਾਨ ਨਹੀਂ ਹੋ। ਮਿਸਾਲ ਲਈ, ਯਿਰਮਿਯਾਹ ਨੇ ਯਹੋਵਾਹ ਨੂੰ ਕਿਹਾ ਸੀ: “ਹਾਇ ਪ੍ਰਭੁ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਛੋਕਰਾ ਜੋ ਹਾਂ।” ਪਰ ਯਹੋਵਾਹ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਡਰਨ ਦੀ ਕੋਈ ਲੋੜ ਨਹੀਂ ਸੀ। (ਯਿਰਮਿਯਾਹ 1:6, 7) ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੀ ਵਡਿਆਈ ਕਰਨ ਤੋਂ ਡਰਨਾ ਨਹੀਂ ਚਾਹੀਦਾ। ਕੋਈ ਸਾਡਾ ਨੁਕਸਾਨ ਨਹੀਂ ਕਰ ਸਕਦਾ ਜੋ ਬਾਅਦ ਵਿਚ ਯਹੋਵਾਹ ਪੂਰਾ ਨਾ ਕਰ ਸਕੇ।—ਜ਼ਬੂਰਾਂ ਦੀ ਪੋਥੀ 118:6.

21, 22. ਨੌਜਵਾਨਾਂ ਦੀ ਤੁਲਨਾ ਤ੍ਰੇਲ ਨਾਲ ਕਿਉਂ ਕੀਤੀ ਗਈ ਹੈ ਅਤੇ ਇਸ ਤੋਂ ਉਨ੍ਹਾਂ ਨੂੰ ਹੌਸਲਾ ਕਿਉਂ ਮਿਲਦਾ ਹੈ?

21 ਤਾਂ ਫਿਰ ਬੱਚਿਓ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ: ਯਹੋਵਾਹ ਦੀ ਵਡਿਆਈ ਕਰਨ ਤੋਂ ਪਿੱਛੇ ਨਾ ਹਟੋ! ਸਭ ਤੋਂ ਜ਼ਰੂਰੀ ਕੰਮ ਵਿਚ ਹਿੱਸਾ ਲੈਣ ਲਈ ਜਵਾਨੀ ਹੀ ਵਧੀਆ ਸਮਾਂ ਹੈ। ਜਦੋਂ ਤੁਸੀਂ ਇਹ ਕੰਮ ਕਰਦੇ ਹੋ, ਤਾਂ ਤੁਸੀਂ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਦੇ ਹੋ। ਇਹ ਕਿੰਨੀ ਵਧੀਆ ਗੱਲ ਹੈ! ਯਹੋਵਾਹ ਬਹੁਤ ਖ਼ੁਸ਼ ਹੈ ਕਿ ਤੁਸੀਂ ਉਸ ਦੇ ਪਰਿਵਾਰ ਵਿਚ ਹੋ। ਧਿਆਨ ਦਿਓ ਕਿ ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਨੂੰ ਕੀ ਕਿਹਾ ਸੀ: “ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ।”—ਜ਼ਬੂਰਾਂ ਦੀ ਪੋਥੀ 110:3.

22 ਸਵੇਰ ਨੂੰ ਤ੍ਰੇਲ ਬਹੁਤ ਸੋਹਣੀ ਲੱਗਦੀ ਹੈ। ਧੁੱਪ ਵਿਚ ਲਿਸ਼ਕਦੀ ਤ੍ਰੇਲ ਦੇ ਅਣਗਿਣਤ ਤੁਪਕੇ ਤਾਜ਼ਗੀ ਦਿੰਦੇ ਹਨ। ਨੌਜਵਾਨੋ, ਯਹੋਵਾਹ ਦੀਆਂ ਨਜ਼ਰਾਂ ਵਿਚ ਤੁਸੀਂ ਇਸੇ ਤਰ੍ਹਾਂ ਹੋ। ਇਨ੍ਹਾਂ ਭੈੜੇ ਸਮਿਆਂ ਵਿਚ ਜਦ ਉਹ ਤੁਹਾਨੂੰ ਵਫ਼ਾਦਾਰੀ ਨਾਲ ਉਸ ਦੀ ਵਡਿਆਈ ਕਰਦੇ ਹੋਏ ਦੇਖਦਾ ਹੈ, ਤਾਂ ਉਸ ਦਾ ਜੀਅ ਖ਼ੁਸ਼ ਹੁੰਦਾ ਹੈ। (ਕਹਾਉਤਾਂ 27:11) ਸੋ ਬੱਚਿਓ, ਯਹੋਵਾਹ ਦੀ ਵਡਿਆਈ ਕਰੋ!

ਤੁਸੀਂ ਕੀ ਜਵਾਬ ਦਿਓਗੇ?

• ਯਹੋਵਾਹ ਦੀ ਵਡਿਆਈ ਕਰਨ ਦੇ ਕੁਝ ਜ਼ਰੂਰੀ ਕਾਰਨ ਕੀ ਹਨ?

• ਬਾਈਬਲ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਬੱਚੇ ਯਹੋਵਾਹ ਦੀ ਵਡਿਆਈ ਕਰ ਸਕਦੇ ਹਨ?

• ਅੱਜ ਨੌਜਵਾਨ ਯਹੋਵਾਹ ਦੇ ਜਸ ਕਿਵੇਂ ਗਾ ਸਕਦੇ ਹਨ?

• ਬੱਚਿਆਂ ਨੂੰ ਯਹੋਵਾਹ ਦੀ ਵਡਿਆਈ ਕਰਨੀ ਕਦੋਂ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਕਿਉਂ?

[ਸਵਾਲ]

[ਸਫ਼ੇ 25 ਉੱਤੇ ਤਸਵੀਰਾਂ]

ਜੇ ਤੁਹਾਡਾ ਦੋਸਤ ਕਿਸੇ ਕੰਮ ਵਿਚ ਬਹੁਤ ਹੁਸ਼ਿਆਰ ਹੈ, ਤਾਂ ਕੀ ਤੁਸੀਂ ਉਸ ਬਾਰੇ ਦੂਸਰਿਆਂ ਨੂੰ ਨਹੀਂ ਦੱਸੋਗੇ?

[ਸਫ਼ੇ 27 ਉੱਤੇ ਤਸਵੀਰ]

ਸਕੂਲ ਵਿਚ ਦੂਸਰੇ ਨੌਜਵਾਨ ਸ਼ਾਇਦ ਤੁਹਾਡੇ ਧਰਮ ਬਾਰੇ ਜਾਣਨਾ ਚਾਹੁਣ

[ਸਫ਼ੇ 28 ਉੱਤੇ ਤਸਵੀਰ]

ਜੇ ਤੁਸੀਂ ਹੋਰ ਚੰਗੀ ਤਰ੍ਹਾਂ ਪ੍ਰਚਾਰ ਕਰਨਾ ਚਾਹੁੰਦੇ ਹੋ, ਤਾਂ ਤਜਰਬੇਕਾਰ ਭੈਣਾਂ-ਭਰਾਵਾਂ ਦੀ ਸਲਾਹ ਲਓ