Skip to content

Skip to table of contents

ਸਕੂਲ ਵਿਚ ਯਹੋਵਾਹ ਦੀ ਵਡਿਆਈ ਕਰਨੀ

ਸਕੂਲ ਵਿਚ ਯਹੋਵਾਹ ਦੀ ਵਡਿਆਈ ਕਰਨੀ

ਸਕੂਲ ਵਿਚ ਯਹੋਵਾਹ ਦੀ ਵਡਿਆਈ ਕਰਨੀ

ਸਾਰੀ ਦੁਨੀਆਂ ਵਿਚ ਯਹੋਵਾਹ ਦੇ ਨੌਜਵਾਨ ਗਵਾਹ ਕਈ ਤਰੀਕਿਆਂ ਨਾਲ ਉਸ ਦੀ ਵਡਿਆਈ ਕਰ ਰਹੇ ਹਨ। ਉਹ ਆਪਣੀ ਕਹਿਣੀ ਤੇ ਕਰਨੀ ਰਾਹੀਂ ਯਹੋਵਾਹ ਦੇ ਜਸ ਗਾ ਰਹੇ ਹਨ। ਆਓ ਆਪਾਂ ਨੌਜਵਾਨਾਂ ਦੇ ਜੋਸ਼ ਦੀਆਂ ਕੁਝ ਮਿਸਾਲਾਂ ਵੱਲ ਧਿਆਨ ਦੇਈਏ।

ਯੂਨਾਨ ਵਿਚ ਇਕ ਸਕੂਲ ਦੇ ਵਿਦਿਆਰਥੀਆਂ ਨੂੰ ਧਰਤੀ ਦੇ ਵਾਯੂਮੰਡਲ ਦੇ ਪ੍ਰਦੂਸ਼ਣ ਬਾਰੇ ਇਕ ਲੇਖ ਲਿਖਣ ਲਈ ਕਿਹਾ ਗਿਆ। ਇਕ ਭੈਣ ਨੇ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਵਿਚ ਇਸ ਵਿਸ਼ੇ ਉੱਤੇ ਰੀਸਰਚ ਕਰਨ ਤੋਂ ਬਾਅਦ ਜਾਗਰੂਕ ਬਣੋ! ਰਸਾਲੇ ਵਿਚ ਜਾਣਕਾਰੀ ਲੱਭੀ। ਉਸ ਨੇ ਆਪਣੇ ਲੇਖ ਦੇ ਅੰਤ ਵਿਚ ਇਸ ਰਸਾਲੇ ਦਾ ਹਵਾਲਾ ਦਿੱਤਾ। ਉਸ ਦੀ ਅਧਿਆਪਕਾ ਨੇ ਇਸ ਕੁੜੀ ਨੂੰ ਕਿਹਾ ਕਿ ਉਸ ਦਾ ਲੇਖ ਬਹੁਤ ਵਧੀਆ ਸੀ। ਬਾਅਦ ਵਿਚ ਉਸ ਦੀ ਅਧਿਆਪਕਾ ਨੇ ਇਹ ਜਾਣਕਾਰੀ ਇਕ ਸੈਮੀਨਾਰ ਵਿਚ ਇਸਤੇਮਾਲ ਕੀਤੀ ਅਤੇ ਇਸ ਦੇ ਚੰਗੇ ਨਤੀਜੇ ਨਿਕਲੇ। ਇਸ ਨੌਜਵਾਨ ਭੈਣ ਨੇ ਆਪਣੀ ਅਧਿਆਪਕਾ ਨੂੰ ਜਾਗਰੂਕ ਬਣੋ! ਦੇ ਹੋਰ ਰਸਾਲੇ ਦੇਣ ਦਾ ਫ਼ੈਸਲਾ ਕੀਤਾ। ਇਕ ਦਾ ਵਿਸ਼ਾ ਸੀ: “ਅਧਿਆਪਕਾਂ ਬਿਨਾਂ ਕਿੱਦਾਂ ਸਰੇ?” ਇਸ ਅਧਿਆਪਕਾ ਨੇ ਕਲਾਸ ਵਿਚ ਜਾਗਰੂਕ ਬਣੋ! ਦੀ ਤਾਰੀਫ਼ ਕੀਤੀ ਅਤੇ ਵਿਦਿਆਰਥੀਆਂ ਨੇ ਵੀ ਇਸ ਦੀਆਂ ਕਾਪੀਆਂ ਮੰਗੀਆਂ। ਭੈਣ ਨੇ ਇਸ ਰਸਾਲੇ ਦੇ ਹੋਰ ਅੰਕਾਂ ਦੀਆਂ ਕਾਪੀਆਂ ਸਕੂਲੇ ਲਿਆਂਦੀਆਂ ਤਾਂਕਿ ਵਿਦਿਆਰਥੀ ਇਹ ਪੜ੍ਹ ਸਕਣ।

ਬੇਨਿਨ, ਅਫ਼ਰੀਕਾ ਵਿਚ ਇਕ ਭੈਣ ਉੱਤੇ ਇਕ ਵੱਖਰੀ ਕਿਸਮ ਦਾ ਦਬਾਅ ਪਾਇਆ ਗਿਆ। ਉਸ ਦੇ ਸਕੂਲ ਦੇ ਕਈ ਵਿਦਿਆਰਥੀਆਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਪੈਸਿਆਂ ਦਾ ਪ੍ਰਬੰਧ ਕੀਤਾ ਤਾਂਕਿ ਉਹ ਆਪਣੇ ਬੱਚਿਆਂ ਨੂੰ ਇਮਤਿਹਾਨਾਂ ਦੀ ਤਿਆਰੀ ਕਰਾਉਣ ਲਈ ਟਿਊਟਰ ਰੱਖ ਸਕਣ। ਪਰ ਟਿਊਟਰਾਂ ਨੇ ਬੱਚਿਆਂ ਨੂੰ ਪੜ੍ਹਾਉਣ ਲਈ ਸ਼ਨੀਵਾਰ ਸਵੇਰ ਦਾ ਸਮਾਂ ਰੱਖਿਆ। ਭੈਣ ਨੇ ਇਸ ਤੇ ਇਤਰਾਜ਼ ਕੀਤਾ: “ਸ਼ਨੀਵਾਰ ਸਵੇਰ ਨੂੰ ਤਾਂ ਸਾਰੀ ਕਲੀਸਿਯਾ ਪ੍ਰਚਾਰ ਕਰਨ ਜਾਂਦੀ ਹੈ ਤੇ ਉਨ੍ਹਾਂ ਨਾਲ ਪ੍ਰਚਾਰ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਮੇਰੇ ਲਈ ਪ੍ਰਚਾਰ ਕਰਨਾ ਜ਼ਿਆਦਾ ਜ਼ਰੂਰੀ ਹੈ।” ਉਸ ਦਾ ਪਿਤਾ ਵੀ ਯਹੋਵਾਹ ਦਾ ਗਵਾਹ ਹੈ। ਇਸ ਲਈ ਉਸ ਨੇ ਮਾਪਿਆਂ ਅਤੇ ਟਿਊਟਰਾਂ ਦੇ ਇਕ ਸਮੂਹ ਨਾਲ ਗੱਲ ਕਰ ਕੇ ਇਹ ਸਮਾਂ ਬਦਲਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਸਾਰਿਆਂ ਨੇ ਨਾਂਹ ਕਰ ਦਿੱਤੀ। ਇਸ ਭੈਣ ਨੇ ਫ਼ੈਸਲਾ ਕੀਤਾ ਕਿ ਉਹ ਟਿਊਸ਼ਨ ਨਹੀਂ ਲਵੇਗੀ ਤੇ ਉਹ ਕਲੀਸਿਯਾ ਨਾਲ ਪ੍ਰਚਾਰ ਕਰਨ ਜਾਂਦੀ ਰਹੀ। ਉਸ ਦੇ ਕਲਾਸ ਦੇ ਵਿਦਿਆਰਥੀਆਂ ਨੇ ਉਸ ਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਉਸ ਉੱਤੇ ਜ਼ੋਰ ਪਾਇਆ ਕਿ ਉਹ ਪ੍ਰਚਾਰ ਨਾ ਕਰੇ ਅਤੇ ਆਪਣੇ ਰੱਬ ਨੂੰ ਭੁੱਲ ਜਾਵੇ। ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਉਹ ਇਮਤਿਹਾਨ ਵਿਚ ਫੇਲ੍ਹ ਹੋ ਜਾਵੇਗੀ। ਪਰ ਹੋਇਆ ਇੱਦਾਂ ਕਿ ਉਸ ਸਮੂਹ ਦੇ ਸਾਰੇ ਵਿਦਿਆਰਥੀ ਫੇਲ੍ਹ ਹੋ ਗਏ, ਪਰ ਸਾਡੀ ਭੈਣ ਪਾਸ ਹੋ ਗਈ! ਇਸ ਤੋਂ ਬਾਅਦ ਕਿਸੇ ਨੇ ਉਸ ਦਾ ਮਜ਼ਾਕ ਨਹੀਂ ਉਡਾਇਆ। ਹੁਣ ਵਿਦਿਆਰਥੀ ਉਸ ਨੂੰ ਕਹਿ ਰਹੇ ਹਨ, “ਤੈਨੂੰ ਆਪਣੇ ਰੱਬ ਦੀ ਪੂਜਾ ਕਰਦੇ ਰਹਿਣਾ ਚਾਹੀਦਾ ਹੈ।”

ਚੈੱਕ ਗਣਰਾਜ ਵਿਚ ਇਕ ਕਲਾਸ ਨੇ ਕੋਈ ਕਿਤਾਬ ਪੜ੍ਹ ਕੇ ਉਸ ਬਾਰੇ ਰਿਪੋਰਟ ਦੇਣੀ ਸੀ। ਉਸ ਕਲਾਸ ਵਿਚ 12 ਸਾਲਾਂ ਦੀ ਇਕ ਗਵਾਹ ਸੀ। ਉਸ ਦੀ ਮਾਂ ਨੇ ਉਸ ਨੂੰ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਬਾਰੇ ਗੱਲ ਕਰਨ ਦੀ ਸਲਾਹ ਦਿੱਤੀ। ਉਸ ਗਵਾਹ ਨੇ ਇਨ੍ਹਾਂ ਸਵਾਲਾਂ ਨਾਲ ਆਪਣੀ ਗੱਲਬਾਤ ਸ਼ੁਰੂ ਕੀਤੀ: “ਤੁਹਾਡਾ ਕੀ ਖ਼ਿਆਲ ਹੈ? ਸਰਬ ਮਹਾਨ ਮਨੁੱਖ ਕੌਣ ਹੋ ਸਕਦਾ ਹੈ?” ਉਸ ਨੇ ਯਿਸੂ, ਧਰਤੀ ਉੱਤੇ ਉਸ ਦੀ ਜ਼ਿੰਦਗੀ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਦੱਸਿਆ। ਫਿਰ ਉਸ ਨੇ “ਮਾਫ਼ੀ ਦੇ ਸੰਬੰਧ ਵਿਚ ਇਕ ਸਬਕ” ਨਾਂ ਦੇ ਅਧਿਆਇ ਬਾਰੇ ਗੱਲ ਕੀਤੀ। ਉਸ ਦੀ ਅਧਿਆਪਕਾ ਨੇ ਸ਼ਾਬਾਸ਼ ਦਿੱਤੀ: “ਤੇਰੀ ਰਿਪੋਰਟ ਬਹੁਤ ਹੀ ਵਧੀਆ ਹੈ!” ਉਸ ਨੇ ਇਸ ਕਿਤਾਬ ਦੀ ਇਕ ਕਾਪੀ ਵੀ ਲੈ ਲਈ। ਕੁਝ ਬੱਚੇ ਵੀ ਇਸ ਦੀ ਕਾਪੀ ਚਾਹੁੰਦੇ ਸਨ। ਅਗਲੇ ਦਿਨ ਇਸ ਗਵਾਹ ਨੇ 18 ਕਾਪੀਆਂ ਕਲਾਸ ਵਿਚ ਵੰਡੀਆਂ।

ਅਜਿਹੇ ਨੌਜਵਾਨਾਂ ਨੂੰ ਸਕੂਲ ਵਿਚ ਯਹੋਵਾਹ ਦੀ ਵਡਿਆਈ ਕਰ ਕੇ ਬਹੁਤ ਖ਼ੁਸ਼ੀ ਮਿਲ ਰਹੀ ਹੈ। ਅਸੀਂ ਸਾਰੇ ਉਨ੍ਹਾਂ ਦੇ ਜੋਸ਼ ਦੀ ਰੀਸ ਕਰ ਸਕਦੇ ਹਾਂ।