Skip to content

Skip to table of contents

ਸਿਕੰਦਰੀਆ ਦਾ ਫੀਲੋ—ਪਵਿੱਤਰ ਲਿਖਤਾਂ ਵਿਚ ਫ਼ਲਸਫ਼ੇ ਦੀ ਮਿਲਾਵਟ

ਸਿਕੰਦਰੀਆ ਦਾ ਫੀਲੋ—ਪਵਿੱਤਰ ਲਿਖਤਾਂ ਵਿਚ ਫ਼ਲਸਫ਼ੇ ਦੀ ਮਿਲਾਵਟ

ਸਿਕੰਦਰੀਆ ਦਾ ਫੀਲੋ​—ਪਵਿੱਤਰ ਲਿਖਤਾਂ ਵਿਚ ਫ਼ਲਸਫ਼ੇ ਦੀ ਮਿਲਾਵਟ

ਸਿਕੰਦਰ ਮਹਾਨ ਨੇ 332 ਈ.ਪੂ. ਵਿਚ ਮਿਸਰ ਤੇ ਚੜ੍ਹਾਈ ਕੀਤੀ। ਪੂਰਬ ਵੱਲ ਵਧਣ ਤੋਂ ਪਹਿਲਾਂ ਉਸ ਵਿਜੇਤਾ ਨੇ ਮਿਸਰ ਵਿਚ ਇਕ ਨਗਰ ਸਥਾਪਿਤ ਕਰ ਕੇ ਉਸ ਦਾ ਨਾਂ ਸਿਕੰਦਰੀਆ ਰੱਖਿਆ। ਸਮੇਂ ਦੇ ਬੀਤਣ ਨਾਲ ਇਹ ਨਗਰ ਯੂਨਾਨੀ ਸਭਿਆਚਾਰ ਦਾ ਕੇਂਦਰ ਬਣ ਗਿਆ। ਲਗਭਗ 20 ਈ.ਪੂ. ਵਿਚ ਉੱਥੇ ਸਿਕੰਦਰ ਵਰਗਾ ਹੀ ਇਕ ਹੋਰ ਵਿਜੇਤਾ ਪੈਦਾ ਹੋਇਆ ਜੋ ਤਲਵਾਰਾਂ ਤੇ ਨੇਜਿਆਂ ਨਾਲ ਨਹੀਂ ਲੜਿਆ, ਸਗੋਂ ਉਸ ਨੇ ਫ਼ਲਸਫ਼ੇ ਨੂੰ ਆਪਣਾ ਹਥਿਆਰ ਬਣਾਇਆ। ਇਹ ਵਿਜੇਤਾ ਸੀ ਫੀਲੋ।

ਸਾਲ 607 ਈ.ਪੂ. ਵਿਚ ਯਰੂਸ਼ਲਮ ਦੀ ਤਬਾਹੀ ਤੋਂ ਬਾਅਦ ਯਹੂਦੀ ਦੂਰ-ਦੂਰ ਤਕ ਤਿੱਤਰ-ਬਿੱਤਰ ਹੋ ਗਏ ਸਨ। ਉਨ੍ਹਾਂ ਵਿੱਚੋਂ ਕਈ ਮਿਸਰ ਚਲੇ ਗਏ ਅਤੇ ਹਜ਼ਾਰਾਂ ਯਹੂਦੀ ਸਿਕੰਦਰੀਆ ਵਿਚ ਰਹਿਣ ਲੱਗ ਪਏ ਸਨ। ਪਰ ਸਿਕੰਦਰੀਆ ਦੇ ਯਹੂਦੀਆਂ ਅਤੇ ਯੂਨਾਨੀਆਂ ਦਰਮਿਆਨ ਸ਼ਾਂਤੀ ਨਹੀਂ ਸੀ। ਯਹੂਦੀ ਲੋਕ ਯੂਨਾਨੀ ਦੇਵੀ-ਦੇਵਤਿਆਂ ਦੀ ਪੂਜਾ ਨਹੀਂ ਕਰਦੇ ਸਨ ਅਤੇ ਯੂਨਾਨੀ ਲੋਕ ਇਬਰਾਨੀ ਸ਼ਾਸਤਰਾਂ ਦੇ ਕਾਰਨ ਯਹੂਦੀਆਂ ਦਾ ਮਜ਼ਾਕ ਉਡਾਉਂਦੇ ਸਨ। ਫੀਲੋ ਇਕ ਯਹੂਦੀ ਟੱਬਰ ਵਿਚ ਪਲਿਆ ਸੀ ਅਤੇ ਉਸ ਨੇ ਯੂਨਾਨੀ ਤਾਲੀਮ ਲਈ ਸੀ, ਇਸ ਕਰਕੇ ਉਹ ਇਨ੍ਹਾਂ ਦੋਹਾਂ ਧਿਰਾਂ ਦੇ ਵਾਦ-ਵਿਵਾਦ ਬਾਰੇ ਜਾਣਦਾ ਸੀ। ਉਹ ਯਹੂਦੀ ਧਰਮ ਨੂੰ ਸੱਚਾ ਧਰਮ ਮੰਨਦਾ ਸੀ ਅਤੇ ਚਾਹੁੰਦਾ ਸੀ ਕਿ ਯੂਨਾਨੀ ਲੋਕ ਇਸ ਨੂੰ ਸਵੀਕਾਰ ਕਰ ਲੈਣ। ਇਸ ਲਈ ਉਸ ਨੇ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਬਾਰੇ ਸਮਝਾਉਣ ਦਾ ਅਜਿਹਾ ਤਰੀਕਾ ਲੱਭਿਆ ਕਿ ਯੂਨਾਨੀਆਂ ਦੇ ਦਿਲਾਂ ਨੂੰ ਯਹੂਦੀ ਧਰਮ ਭਾਅ ਜਾਵੇ।

ਪੁਰਾਣੀਆਂ ਲਿਖਤਾਂ ਦੇ ਨਵੇਂ ਅਰਥ

ਸਿਕੰਦਰੀਆ ਵਿਚ ਰਹਿ ਰਹੇ ਕਈ ਯਹੂਦੀਆਂ ਵਾਂਗ ਫੀਲੋ ਦੀ ਮਾਂ-ਬੋਲੀ ਵੀ ਯੂਨਾਨੀ ਸੀ। ਸੋ ਇਬਰਾਨੀ ਸ਼ਾਸਤਰ ਦੀ ਸਟੱਡੀ ਕਰਨ ਵੇਲੇ ਉਹ ਯੂਨਾਨੀ ਸੈਪਟੁਜਿੰਟ ਤਰਜਮਾ ਵਰਤਦਾ ਸੀ। ਸੈਪਟੁਜਿੰਟ ਦੀ ਜਾਂਚ ਕਰਦੇ ਸਮੇਂ ਉਸ ਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਇਬਰਾਨੀ ਸ਼ਾਸਤਰ ਵਿਚ ਫ਼ਲਸਫ਼ਾ ਸੀ ਅਤੇ ਮੂਸਾ ਇਕ “ਮਹਾਨ ਫ਼ਿਲਾਸਫ਼ਰ ਸੀ।”

ਕਈ ਸਦੀਆਂ ਪਹਿਲਾਂ, ਪੜ੍ਹੇ-ਲਿਖੇ ਯੂਨਾਨੀ ਲੋਕਾਂ ਨੂੰ ਯੂਨਾਨੀ ਮਿਥਿਹਾਸ ਦੇ ਦੇਵੀ-ਦੇਵਤਿਆਂ, ਦੈਂਤਾਂ ਤੇ ਜਿੰਨਾਂ ਉੱਤੇ ਵਿਸ਼ਵਾਸ ਕਰਨਾ ਮੁਸ਼ਕਲ ਲੱਗਦਾ ਸੀ। ਇਸ ਲਈ ਉਨ੍ਹਾਂ ਨੇ ਪੁਰਾਣੀਆਂ ਕਥਾਵਾਂ ਦੇ ਨਵੇਂ ਅਰਥ ਕੱਢਣੇ ਸ਼ੁਰੂ ਕਰ ਦਿੱਤੇ। ਯੂਨਾਨੀ ਸਭਿਆਚਾਰ ਦੇ ਵਿਦਵਾਨ ਜੇਮਜ਼ ਡ੍ਰਮੰਡ ਨੇ ਉਨ੍ਹਾਂ ਦੇ ਤਰੀਕੇ ਬਾਰੇ ਕਿਹਾ: “ਫ਼ਿਲਾਸਫ਼ਰ ਮਿਥਿਹਾਸਕ ਕਹਾਣੀਆਂ ਦੇ ਗੁਪਤ ਅਰਥ ਲੱਭਣ ਦੀ ਕੋਸ਼ਿਸ਼ ਕਰਦੇ ਸਨ ਅਤੇ ਸਿੱਟਾ ਕੱਢਦੇ ਸਨ ਕਿ ਕਹਾਣੀਕਾਰ ਦੈਂਤਾਂ ਤੇ ਦੇਵੀ-ਦੇਵਤਿਆਂ ਦੀਆਂ ਊਲਜਲੂਲ ਕਹਾਣੀਆਂ ਸੁਣਾ ਕੇ ਕੋਈ ਗਹਿਰੀ ਸੱਚਾਈ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ।” ਯੂਨਾਨੀ ਫ਼ਿਲਾਸਫ਼ਰਾਂ ਵਾਂਗ, ਫੀਲੋ ਨੇ ਵੀ ਪਵਿੱਤਰ ਲਿਖਤਾਂ ਨੂੰ ਦ੍ਰਿਸ਼ਟਾਂਤਾਂ ਵਜੋਂ ਸਮਝਾ ਕੇ ਉਨ੍ਹਾਂ ਦੇ ਗੁਪਤ ਅਰਥ ਕੱਢਣ ਦੀ ਕੋਸ਼ਿਸ਼ ਕੀਤੀ।

ਮਿਸਾਲ ਲਈ ਬੈਗਸਟਰਸ ਦੇ ਸੈਪਟੁਜਿੰਟ ਵਰਯਨ ਵਿਚ ਉਤਪਤ 3:22 ਵਿਚ ਲਿਖਿਆ ਹੈ: “ਪ੍ਰਭੂ ਪਰਮੇਸ਼ੁਰ ਨੇ ਆਦਮ ਤੇ ਉਸ ਦੀ ਤੀਵੀਂ ਲਈ ਚਮੜੇ ਦੇ ਚੋਲੇ ਬਣਾ ਕੇ ਉਨ੍ਹਾਂ ਨੂੰ ਪਵਾਏ।” ਯੂਨਾਨੀ ਲੋਕ ਸੋਚਦੇ ਸਨ ਕਿ ਇਨਸਾਨਾਂ ਲਈ ਕੱਪੜੇ ਬਣਾਉਣੇ ਮਹਾਨ ਪਰਮੇਸ਼ੁਰ ਦੀ ਸ਼ਾਨ ਦੇ ਖ਼ਿਲਾਫ਼ ਸੀ। ਇਸ ਲਈ ਫੀਲੋ ਨੇ ਇਸ ਆਇਤ ਦਾ ਇਹ ਅਰਥ ਕੱਢਿਆ: “ਚਮੜੇ ਦੇ ਚੋਲੇ ਅਸਲ ਵਿਚ ਸਾਡੀ ਚਮੜੀ ਯਾਨੀ ਜਿਸਮ ਹੈ। ਪਹਿਲਾਂ ਪਰਮੇਸ਼ੁਰ ਨੇ ਅਕਲ ਬਣਾਈ ਅਤੇ ਇਸ ਨੂੰ ਆਦਮ ਦਾ ਨਾਂ ਦਿੱਤਾ, ਫਿਰ ਉਸ ਨੇ ਇਸ ਵਿਚ ਜਾਨ ਪਾਈ ਅਤੇ ਇਸ ਨੂੰ ਜ਼ਿੰਦਗੀ ਕਿਹਾ। ਅਖ਼ੀਰ ਉਸ ਨੇ ਇਕ ਜਿਸਮ ਬਣਾਇਆ ਅਤੇ ਇਸ ਨੂੰ ਢਕਣ ਲਈ ਚਮੜੇ ਦੇ ਚੋਲੇ ਪਵਾਏ।” ਇਸ ਤਰ੍ਹਾਂ ਫੀਲੋ ਨੇ ਪਰਮੇਸ਼ੁਰ ਦੁਆਰਾ ਆਦਮ ਅਤੇ ਹੱਵਾਹ ਲਈ ਕੱਪੜੇ ਬਣਾਉਣ ਦੇ ਕੰਮ ਨੂੰ ਫ਼ਲਸਫ਼ੇ ਦਾ ਰੂਪ ਦੇ ਦਿੱਤਾ।

ਉਤਪਤ 2:10-14 ਉੱਤੇ ਵੀ ਗੌਰ ਕਰੋ ਜਿੱਥੇ ਅਦਨ ਦੇ ਬਾਗ਼ ਵਿਚ ਵਹਿੰਦੇ ਚਾਰ ਦਰਿਆਵਾਂ ਬਾਰੇ ਗੱਲ ਕੀਤੀ ਗਈ ਹੈ। ਫੀਲੋ ਨੇ ਇਨ੍ਹਾਂ ਦਰਿਆਵਾਂ ਨੂੰ ਵੀ ਨਵੇਂ ਅਰਥ ਦੇਣ ਦੀ ਕੋਸ਼ਿਸ਼ ਕੀਤੀ। ਅਦਨ ਦੇ ਬਾਗ਼ ਦੀ ਗੱਲ ਕਰਨ ਤੋਂ ਬਾਅਦ ਉਸ ਨੇ ਕਿਹਾ: “ਸ਼ਾਇਦ ਇਹ ਬਿਰਤਾਂਤ ਵੀ ਇਕ ਦ੍ਰਿਸ਼ਟਾਂਤ ਹੈ ਅਤੇ ਇਹ ਚਾਰ ਦਰਿਆ ਅਸਲ ਵਿਚ ਚਾਰ ਸਦਗੁਣ ਹਨ।” ਉਸ ਦੇ ਮੁਤਾਬਕ ਪੀਸੋਨ ਦਰਿਆ ਸਮਝਦਾਰੀ ਨੂੰ, ਗੀਹੋਨ ਦਰਿਆ ਗੰਭੀਰਤਾ ਨੂੰ, ਟਾਈਗ੍ਰਿਸ ਦਰਿਆ ਧੀਰਜ ਨੂੰ ਅਤੇ ਫਰਾਤ ਦਰਿਆ ਇਨਸਾਫ਼ ਨੂੰ ਦਰਸਾਉਂਦਾ ਸੀ। ਇਸ ਤਰ੍ਹਾਂ ਦਰਿਆ ਦਰਿਆ ਨਹੀਂ ਰਹੇ, ਬਲਕਿ ਫ਼ਲਸਫ਼ੇ ਦਾ ਇਕ ਹਿੱਸਾ ਬਣ ਗਏ।

ਫੀਲੋ ਨੇ ਪਵਿੱਤਰ ਸ਼ਾਸਤਰ ਦੇ ਹੋਰ ਕਈ ਬਿਰਤਾਂਤਾਂ ਦੇ ਵੀ ਗੁਪਤ ਅਰਥ ਕੱਢੇ ਜਿਵੇਂ ਕਿ ਸ੍ਰਿਸ਼ਟੀ ਦਾ ਬਿਰਤਾਂਤ, ਕਇਨ ਦੇ ਹੱਥੋਂ ਹਾਬਲ ਦਾ ਕਤਲ, ਨੂਹ ਦੇ ਜ਼ਮਾਨੇ ਦੀ ਜਲ-ਪਰਲੋ, ਬਾਬਲ ਵਿਚ ਵੱਖ-ਵੱਖ ਬੋਲੀਆਂ ਦੀ ਸ਼ੁਰੂਆਤ ਅਤੇ ਮੂਸਾ ਦੀ ਬਿਵਸਥਾ ਦੇ ਕਈ ਸਿਧਾਂਤ। ਜਿਵੇਂ ਪਿਛਲੇ ਪੈਰੇ ਵਿਚ ਦਿੱਤੀ ਉਦਾਹਰਣ ਦਿਖਾਉਂਦੀ ਹੈ, ਉਹ ਪਹਿਲਾਂ ਤਾਂ ਬਾਈਬਲ ਵਿਚ ਦੱਸੀ ਗੱਲ ਨੂੰ ਸਵੀਕਾਰ ਕਰਦਾ ਸੀ ਅਤੇ ਫਿਰ ਉਸ ਆਇਤ ਦਾ ਗੁਪਤ ਮਤਲਬ ਕੱਢਣ ਦੀ ਕੋਸ਼ਿਸ਼ ਕਰਦਾ ਸੀ। ਉਹ ਆਪਣੀ ਵਿਆਖਿਆ ਦੇਣ ਤੋਂ ਪਹਿਲਾਂ ਕਹਿੰਦਾ ਸੀ: “ਸ਼ਾਇਦ ਸਾਨੂੰ ਵੀ ਇਨ੍ਹਾਂ ਗੱਲਾਂ ਦੇ ਗੁਪਤ ਅਰਥ ਨੂੰ ਜਾਣਨਾ ਚਾਹੀਦਾ ਹੈ।” ਅਫ਼ਸੋਸ, ਫੀਲੋ ਦੀਆਂ ਲਿਖਤਾਂ ਵਿਚ ਬਾਈਬਲ ਦੀ ਸੱਚਾਈ ਨਹੀਂ ਦਿੱਸਦੀ, ਸਿਰਫ਼ ਫ਼ਲਸਫ਼ਾ ਹੀ ਨਜ਼ਰ ਆਉਂਦਾ ਹੈ।

ਪਰਮੇਸ਼ੁਰ ਕੌਣ ਹੈ?

ਫੀਲੋ ਨੇ ਪਰਮੇਸ਼ੁਰ ਦੀ ਹੋਂਦ ਦਾ ਸਬੂਤ ਦੇਣ ਲਈ ਇਕ ਜ਼ਬਰਦਸਤ ਦਲੀਲ ਪੇਸ਼ ਕੀਤੀ। ਪਹਿਲਾਂ ਉਸ ਨੇ ਜ਼ਮੀਨ, ਦਰਿਆਵਾਂ, ਆਕਾਸ਼ੀ ਪਿੰਡਾਂ ਅਤੇ ਤਾਰਿਆਂ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਉਸ ਨੇ ਇਹ ਸਿੱਟਾ ਕੱਢਿਆ: “ਸ੍ਰਿਸ਼ਟੀ ਦੀਆਂ ਤਮਾਮ ਚੀਜ਼ਾਂ ਵਿੱਚੋਂ ਸਭ ਤੋਂ ਵਧੀਆ ਚੀਜ਼ ਦੁਨੀਆਂ ਹੈ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਇਨ੍ਹਾਂ ਸਭ ਚੀਜ਼ਾਂ ਨੂੰ ਬਣਾਉਣ ਵਾਲਾ ਗਿਆਨ ਨਾਲ ਭਰਪੂਰ ਅਤੇ ਹੁਨਰਮੰਦ ਹੈ। ਇਸ ਤੇ ਸੋਚ-ਵਿਚਾਰ ਕਰ ਕੇ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਪਰਮੇਸ਼ੁਰ ਵਾਕਈ ਹੈ।” ਉਸ ਦੀ ਦਲੀਲ ਬਿਲਕੁਲ ਸਹੀ ਸੀ।—ਰੋਮੀਆਂ 1:20.

ਪਰ ਜਦੋਂ ਫੀਲੋ ਨੇ ਪਰਮੇਸ਼ੁਰ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਸੱਚਾਈ ਤੋਂ ਕੋਹਾਂ ਦੂਰ ਚਲਾ ਗਿਆ। ਉਸ ਨੇ ਦਾਅਵਾ ਕੀਤਾ ਕਿ ਪਰਮੇਸ਼ੁਰ ਵਿਚ “ਕੋਈ ਗੁਣ-ਔਗੁਣ ਨਹੀਂ ਹੈ” ਅਤੇ ਉਹ ਸਾਡੀ “ਸਮਝ ਤੋਂ ਬਾਹਰ” ਹੈ। ਫੀਲੋ ਨੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਜਾਣਨ ਦੀ ਕੋਸ਼ਿਸ਼ ਕਰਨ ਤੋਂ ਰੋਕਿਆ। ਉਸ ਦਾ ਕਹਿਣਾ ਸੀ ਕਿ “ਪਰਮੇਸ਼ੁਰ ਦੇ ਸੁਭਾਅ ਜਾਂ ਗੁਣਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਨੀ ਮੂਰਖਤਾ ਹੈ।” ਇਹ ਖ਼ਿਆਲ ਉਸ ਨੂੰ ਬਾਈਬਲ ਤੋਂ ਨਹੀਂ, ਪਰ ਯੂਨਾਨੀ ਫ਼ਿਲਾਸਫ਼ਰ ਪਲੈਟੋ ਤੋਂ ਮਿਲਿਆ ਸੀ।

ਫੀਲੋ ਦਾ ਕਹਿਣਾ ਸੀ ਕਿ ਪਰਮੇਸ਼ੁਰ ਸਾਡੀ ਸਮਝ ਤੋਂ ਇੰਨਾ ਬਾਹਰ ਹੈ ਕਿ ਉਸ ਦਾ ਨਿੱਜੀ ਨਾਂ ਲੈਣਾ ਮੁਮਕਿਨ ਨਹੀਂ। ਉਸ ਨੇ ਕਿਹਾ: “ਇਸ ਲਈ ਵਾਜਬ ਹੈ ਕਿ ਸੱਚੇ ਤੇ ਜੀਉਂਦੇ ਪਰਮੇਸ਼ੁਰ ਨੂੰ ਕੋਈ ਨਾਂ ਨਹੀਂ ਦਿੱਤਾ ਜਾ ਸਕਦਾ ਹੈ।” ਇਹ ਗੱਲ ਬਿਲਕੁਲ ਗ਼ਲਤ ਹੈ!

ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਸਾਫ਼-ਸਾਫ਼ ਦੱਸਿਆ ਗਿਆ ਹੈ। ਜ਼ਬੂਰ 83:18 ਦੱਸਦਾ ਹੈ: “ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!” ਯਸਾਯਾਹ 42:8 ਵਿਚ ਪਰਮੇਸ਼ੁਰ ਕਹਿੰਦਾ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।” ਯਹੂਦੀ ਹੋਣ ਕਰਕੇ ਫੀਲੋ ਬਾਈਬਲ ਦੇ ਇਹ ਹਵਾਲੇ ਜਾਣਦਾ ਸੀ। ਤਾਂ ਫਿਰ ਉਸ ਨੇ ਇਸ ਤਰ੍ਹਾਂ ਕਿਉਂ ਕਿਹਾ ਸੀ ਕਿ ਪਰਮੇਸ਼ੁਰ ਗੁਮਨਾਮ ਸੀ? ਕਿਉਂਕਿ ਉਹ ਬਾਈਬਲ ਤੋਂ ਸੱਚੇ ਪਰਮੇਸ਼ੁਰ ਦੀ ਗੱਲ ਨਹੀਂ, ਪਰ ਯੂਨਾਨੀ ਫ਼ਲਸਫ਼ੇ ਦੇ ਕਿਸੇ ਗੁਮਨਾਮ ਤੇ ਅਣਜਾਣ ਦੇਵਤੇ ਦੀ ਗੱਲ ਕਰ ਰਿਹਾ ਸੀ।

ਕੀ ਮੌਤ ਤੋਂ ਬਾਅਦ ਕੁਝ ਜ਼ਿੰਦਾ ਰਹਿੰਦਾ ਹੈ?

ਫੀਲੋ ਦਾ ਕਹਿਣਾ ਸੀ ਕਿ ਜਿਸਮ ਦੀ ਮੌਤ ਤੋਂ ਬਾਅਦ ਉਸ ਵਿੱਚੋਂ ਕੋਈ ਚੀਜ਼ ਜ਼ਿੰਦਾ ਰਹਿੰਦੀ ਹੈ। ਉਸ ਨੇ ਕਿਹਾ ਕਿ ਇਨਸਾਨ “ਸਰੀਰ ਅਤੇ ਆਤਮਾ ਮਿਲ ਕੇ ਬਣਦਾ ਸੀ।” ਪਰ ਕੀ ਅਸਲ ਵਿਚ ਕੁਝ ਜ਼ਿੰਦਾ ਰਹਿੰਦਾ ਹੈ? ਗੌਰ ਕਰੋ ਫੀਲੋ ਨੇ ਕੀ ਕਿਹਾ ਸੀ: “ਜਦ ਅਸੀਂ ਜ਼ਿੰਦਾ ਹੁੰਦੇ ਹਾਂ, ਤਾਂ ਮਾਨੋ ਸਾਡੀ ਆਤਮਾ ਮਰੀ ਹੋਈ ਹੁੰਦੀ ਹੈ ਅਤੇ ਸਾਡੇ ਜਿਸਮ ਅੰਦਰ ਦੱਬੀ ਹੋਈ ਹੁੰਦੀ ਹੈ ਜਿਵੇਂ ਕਿਤੇ ਸਾਡਾ ਸਰੀਰ ਉਸ ਦੀ ਕਬਰ ਹੋਵੇ। ਪਰ ਸਰੀਰ ਦੀ ਮੌਤ ਤੋਂ ਬਾਅਦ ਸਾਡੀ ਆਤਮਾ ਇਸ ਪਾਪੀ ਅਤੇ ਮੁਰਦਾ ਜਿਸਮ ਵਿੱਚੋਂ ਨਿਕਲ ਕੇ ਸੱਚ-ਮੁੱਚ ਜੀਉਣਾ ਸ਼ੁਰੂ ਕਰਦੀ ਹੈ।” ਫੀਲੋ ਦੇ ਮੁਤਾਬਕ ਆਤਮਾ ਦੀ ਮੌਤ ਇਕ ਪ੍ਰਤੀਕ ਸੀ। ਉਹ ਕਦੇ ਮਰਦੀ ਨਹੀਂ ਕਿਉਂਕਿ ਉਹ ਅਮਰ ਸੀ।

ਬਾਈਬਲ ਵਿਚ ਸਾਨੂੰ ਮੁਰਦਿਆਂ ਦੀ ਅਸਲੀਅਤ ਬਾਰੇ ਦੱਸਿਆ ਗਿਆ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ ਕਿ ਸਾਨੂੰ ਕਿਸੇ ਵੀ ਇਨਸਾਨ ਉੱਤੇ ਭਰੋਸਾ ਨਹੀਂ ਰੱਖਣਾ ਚਾਹੀਦਾ। ਕਿਉਂ ਨਹੀਂ? “ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ।”—ਜ਼ਬੂਰਾਂ ਦੀ ਪੋਥੀ 146:3, 4.

ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਰਾਜਾ ਸੁਲੇਮਾਨ ਨੇ ਬਾਈਬਲ ਵਿਚ ਲਿਖਿਆ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।” ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸੁਲੇਮਾਨ ਨੇ ਅੱਗੇ ਕਿਹਾ: “ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” (ਉਪਦੇਸ਼ਕ ਦੀ ਪੋਥੀ 9:5, 10) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਨਸਾਨ ਭਾਵੇਂ ਮੁਰਦਿਆਂ ਲਈ ਜੋ ਮਰਜ਼ੀ ਕਰਨ, ਪਰ ਮੁਰਦੇ ਕੁਝ ਨਹੀਂ ਜਾਣਦੇ ਜਾਂ ਮਹਿਸੂਸ ਕਰਦੇ। *

ਫੀਲੋ ਦੀ ਮੌਤ ਤੋਂ ਬਾਅਦ ਯਹੂਦੀਆਂ ਨੇ ਉਸ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਪਰ ਈਸਾਈਆਂ ਨੇ ਉਸ ਦੀਆਂ ਗੱਲਾਂ ਜ਼ਰੂਰ ਅਪਣਾਈਆਂ। ਯੂਸੀਬੀਅਸ ਅਤੇ ਚਰਚ ਦੇ ਹੋਰ ਲੀਡਰਾਂ ਦਾ ਮੰਨਣਾ ਸੀ ਕਿ ਫੀਲੋ ਈਸਾਈ ਬਣ ਗਿਆ ਸੀ। ਜਰੋਮ ਨੇ ਤਾਂ ਉਸ ਨੂੰ ਚਰਚ ਦਾ ਮੋਢੀ ਕਿਹਾ ਸੀ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੂਦੀਆਂ ਨੇ ਨਹੀਂ, ਪਰ ਸੱਚਾਈ ਤੋਂ ਬੇਮੁਖ ਹੋ ਚੁੱਕੇ ਈਸਾਈਆਂ ਨੇ ਫੀਲੋ ਦੀਆਂ ਲਿਖਤਾਂ ਨੂੰ ਸਾਂਭ ਕੇ ਰੱਖਿਆ ਸੀ।

ਫੀਲੋ ਦੀਆਂ ਲਿਖਤਾਂ ਕਰਕੇ ਇਕ ਵੱਡੀ ਧਾਰਮਿਕ ਤਬਦੀਲੀ ਆਈ। ਬਾਈਬਲ ਦੀ ਸਿੱਖਿਆ ਛੱਡ ਕੇ ਈਸਾਈਆਂ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਮੌਤ ਵੇਲੇ ਸਿਰਫ਼ ਸਰੀਰ ਮਰਦਾ ਹੈ, ਪਰ ਉਸ ਵਿੱਚੋਂ ਕੋਈ ਚੀਜ਼ ਯਾਨੀ ਆਤਮਾ ਨਿਕਲ ਕੇ ਜੀਉਂਦੀ ਰਹਿੰਦੀ ਹੈ। ਫੀਲੋ ਨੇ ਲੋਗੋਸ ਯਾਨੀ ਯਿਸੂ ਬਾਰੇ ਜੋ ਕਿਹਾ, ਉਸ ਦੇ ਆਧਾਰ ਤੇ ਈਸਾਈਆਂ ਨੇ ਤ੍ਰਿਏਕ ਦੀ ਸਿੱਖਿਆ ਘੜੀ ਜੋ ਕਿ ਬਾਈਬਲ ਵਿਚ ਨਹੀਂ ਪਾਈ ਜਾਂਦੀ।

ਧੋਖਾ ਨਾ ਖਾਓ

ਇਬਰਾਨੀ ਸ਼ਾਸਤਰ ਦੀ ਸਟੱਡੀ ਕਰਦੇ ਸਮੇਂ ਫੀਲੋ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹ “ਸ਼ਾਸਤਰ ਦੀ ਕਿਸੇ ਗੱਲ ਦਾ ਕੋਈ ਗੁਪਤ ਅਰਥ ਨਜ਼ਰਅੰਦਾਜ਼ ਨਾ ਕਰ ਬੈਠੇ।” ਪਰ ਮੂਸਾ ਨੇ ਬਿਵਸਥਾ ਸਾਰ 4:2 ਵਿਚ ਕਿਹਾ ਸੀ: “ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਨਾ ਓਹਨਾਂ ਨੂੰ ਵਧਾਓ ਅਤੇ ਨਾ ਓਹਨਾਂ ਨੂੰ ਘਟਾਓ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ।” ਭਾਵੇਂ ਫੀਲੋ ਨੇ ਚੰਗੇ ਇਰਾਦਿਆਂ ਨਾਲ ਪਰਮੇਸ਼ੁਰ ਦੇ ਬਚਨ ਦੀ ਵਿਆਖਿਆ ਕੀਤੀ ਸੀ, ਪਰ ਪਵਿੱਤਰ ਸ਼ਾਸਤਰ ਵਿਚ ਫ਼ਲਸਫ਼ੇ ਨੂੰ ਮਿਲਾ ਕੇ ਉਸ ਨੇ ਪਰਮੇਸ਼ੁਰ ਦੇ ਬਚਨ ਦੀਆਂ ਸਪੱਸ਼ਟ ਹਿਦਾਇਤਾਂ ਨੂੰ ਅਸਪੱਸ਼ਟ ਕਰ ਦਿੱਤਾ।

ਪਤਰਸ ਰਸੂਲ ਨੇ ਕਿਹਾ: “ਅਸਾਂ ਤੁਹਾਨੂੰ ਆਪਣੇ ਪ੍ਰਭੁ ਯਿਸੂ ਮਸੀਹ ਦੀ ਸਮਰੱਥਾ ਅਤੇ ਆਉਣ ਤੋਂ ਮਹਿਰਮ ਜੋ ਕੀਤਾ ਤਾਂ ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ।” (2 ਪਤਰਸ 1:16) ਫੀਲੋ ਦੀਆਂ ਲਿਖਤਾਂ ਤੋਂ ਉਲਟ, ਪਤਰਸ ਨੇ ਕਲੀਸਿਯਾ ਨੂੰ ਜੋ ਲਿਖਿਆ ਸੀ ਉਹ ਸੱਚ ਤੇ ਆਧਾਰਿਤ ਸੀ ਅਤੇ ਪਰਮੇਸ਼ੁਰ ਦੀ ਆਤਮਾ ਯਾਨੀ ‘ਸਚਿਆਈ ਦੀ ਆਤਮਾ’ ਦੁਆਰਾ ਲਿਖਵਾਇਆ ਗਿਆ ਸੀ ਜਿਸ ਦੇ ਜ਼ਰੀਏ ਮਸੀਹੀਆਂ ਨੇ ਸੱਚਾਈ ਸਿੱਖੀ ਸੀ।—ਯੂਹੰਨਾ 16:13.

ਜੇ ਤੁਸੀਂ ਬਾਈਬਲ ਵਿਚ ਦੱਸੇ ਗਏ ਸੱਚੇ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਸੱਚ ਜਾਣਨ ਦੀ ਲੋੜ ਹੈ, ਇਨਸਾਨੀ ਫ਼ਲਸਫ਼ਿਆਂ ਦੀ ਨਹੀਂ। ਤੁਹਾਨੂੰ ਯਹੋਵਾਹ ਅਤੇ ਉਸ ਦੀ ਮਰਜ਼ੀ ਦਾ ਸਹੀ ਗਿਆਨ ਲੈਣਾ ਚਾਹੀਦਾ ਹੈ ਅਤੇ ਤੁਹਾਨੂੰ ਹਲੀਮੀ ਨਾਲ ਸੱਚਾਈ ਨੂੰ ਕਬੂਲ ਕਰਨ ਦੀ ਲੋੜ ਹੈ। ਇਸ ਤਰੀਕੇ ਨਾਲ ਤੁਸੀਂ ‘ਪਵਿੱਤਰ ਲਿਖਤਾਂ ਦੇ ਮਹਿਰਮ ਹੋਵੋਗੇ ਜਿਹੜੀਆਂ ਉਸ ਨਿਹਚਾ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ ਤੁਹਾਨੂੰ ਮੁਕਤੀ ਦਾ ਗਿਆਨ ਦੇ ਸੱਕਦੀਆਂ ਹਨ।’ ਤੁਸੀਂ ਇਹ ਵੀ ਜਾਣੋਗੇ ਕਿ ਪਰਮੇਸ਼ੁਰ ਦਾ ਬਚਨ ਤੁਹਾਨੂੰ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਕਰ ਸਕਦਾ ਹੈ।—2 ਤਿਮੋਥਿਉਸ 3:15-17.

[ਫੁਟਨੋਟ]

^ ਪੈਰਾ 18 ਦ ਜੂਇਸ਼ ਐਨਸਾਈਕਲੋਪੀਡੀਆ (1910) ਵਿਚ ਲਿਖਿਆ ਹੈ: “ਇਹ ਸਿੱਖਿਆ ਕਿ ਮੌਤ ਤੋਂ ਬਾਅਦ ਆਤਮਾ ਜੀਉਂਦੀ ਰਹਿੰਦੀ ਹੈ ਪਵਿੱਤਰ ਸ਼ਾਸਤਰ ਉੱਤੇ ਆਧਾਰਿਤ ਹੋਣ ਦੀ ਬਜਾਇ ਫ਼ਲਸਫ਼ੇ ਜਾਂ ਧਾਰਮਿਕ ਗੁਰੂਆਂ ਦੇ ਨਿੱਜੀ ਵਿਚਾਰਾਂ ਉੱਤੇ ਆਧਾਰਿਤ ਹੈ। ਪਵਿੱਤਰ ਸ਼ਾਸਤਰ ਵਿਚ ਇਹੋ ਜਿਹੀ ਕੋਈ ਗੱਲ ਨਹੀਂ ਕਹੀ ਗਈ।”

[ਡੱਬੀ/ਸਫ਼ੇ 10 ਉੱਤੇ ਤਸਵੀਰ]

ਫੀਲੋ ਦਾ ਸ਼ਹਿਰ

ਫੀਲੋ ਮਿਸਰ ਦੇ ਸਿਕੰਦਰੀਆ ਸ਼ਹਿਰ ਵਿਚ ਰਹਿੰਦਾ ਤੇ ਕੰਮ ਕਰਦਾ ਸੀ। ਕਈ ਸਦੀਆਂ ਤਕ ਇਹ ਸ਼ਹਿਰ ਦੁਨੀਆਂ ਦੇ ਵਿਦਵਾਨਾਂ ਅਤੇ ਗਿਆਨੀਆਂ ਦਾ ਡੇਰਾ ਰਿਹਾ।

ਮਸ਼ਹੂਰ ਵਿਦਵਾਨ ਸ਼ਹਿਰ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਸਿਕੰਦਰੀਆ ਦੀ ਲਾਇਬ੍ਰੇਰੀ ਦੁਨੀਆਂ ਭਰ ਵਿਚ ਪ੍ਰਸਿੱਧ ਸੀ। ਉਸ ਦੇ ਲਾਇਬ੍ਰੇਰੀਅਨਾਂ ਨੇ ਹਰ ਲਿਖਤ ਦੀਆਂ ਕਾਪੀਆਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਨਤੀਜੇ ਵਜੋਂ ਇਹ ਲਾਇਬ੍ਰੇਰੀ ਲੱਖਾਂ ਕਿਤਾਬਾਂ ਨਾਲ ਮਾਲਾ-ਮਾਲ ਹੋ ਗਈ।

ਸਮੇਂ ਦੇ ਬੀਤਣ ਨਾਲ ਸਿਕੰਦਰੀਆ ਅਤੇ ਉਸ ਦੇ ਭਰਪੂਰ ਗਿਆਨ ਦੀ ਕਦਰ ਘੱਟ ਗਈ। ਰੋਮ ਦੇ ਬਾਦਸ਼ਾਹਾਂ ਨੇ ਆਪਣੇ ਸ਼ਹਿਰ ਰੋਮ ਵੱਲ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਰੋਮ ਸਭਿਆਚਾਰ ਦਾ ਕੇਂਦਰ ਬਣ ਗਿਆ। ਫਿਰ 7ਵੀਂ ਸਦੀ ਵਿਚ ਸਿਕੰਦਰੀਆ ਸ਼ਹਿਰ ਦੁਸ਼ਮਣ ਫ਼ੌਜਾਂ ਦੇ ਕਬਜ਼ੇ ਵਿਚ ਆ ਗਿਆ। ਇਤਿਹਾਸਕਾਰ ਅੱਜ ਤਕ ਉਸ ਲਾਇਬ੍ਰੇਰੀ ਦੀ ਤਬਾਹੀ ਤੇ ਅਫ਼ਸੋਸ ਕਰਦੇ ਹਨ ਕਿ ਉਸ ਕਬਜ਼ੇ ਨੇ ਦੁਨੀਆਂ ਦੀ ਤਰੱਕੀ ਵਿਚ 1,000 ਸਾਲ ਦਾ ਵਿਘਨ ਪਾ ਦਿੱਤਾ।

[ਕ੍ਰੈਡਿਟ ਲਾਈਨ]

L. Chapons/Illustrirte Familien-Bibel nach der deutschen Uebersetzung Dr. Martin Luthers

[ਸਫ਼ੇ 12 ਉੱਤੇ ਡੱਬੀ]

ਅੱਜ ਵੀ ਸੱਚਾਈ ਤੇ ਪਰਦਾ ਪਾਇਆ ਜਾ ਰਿਹਾ ਹੈ

ਫੀਲੋ ਵਾਂਗ ਕਈ ਧਾਰਮਿਕ ਆਗੂ ਅੱਜ ਬਾਈਬਲ ਦੇ ਗੁਪਤ ਅਰਥ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਉਹ ਮੰਨਦੇ ਹਨ ਕਿ ਇਸ ਦੀਆਂ ਸਪੱਸ਼ਟ ਗੱਲਾਂ ਵਿਚ ਗਹਿਰੇ ਅਰਥ ਲੁਕੇ ਹਨ।

ਆਓ ਆਪਾਂ ਦੇਖੀਏ ਕਿ ਉਹ ਉਤਪਤ ਦੇ ਪਹਿਲੇ 11 ਅਧਿਆਵਾਂ ਬਾਰੇ ਕੀ ਕਹਿੰਦੇ ਹਨ ਜਿਨ੍ਹਾਂ ਵਿਚ ਸ੍ਰਿਸ਼ਟੀ ਤੋਂ ਲੈ ਕੇ ਉਸ ਸਮੇਂ ਤਕ ਦਾ ਇਤਿਹਾਸ ਲਿਖਿਆ ਹੈ ਜਦੋਂ ਭਾਸ਼ਾਵਾਂ ਦੀ ਗੜਬੜੀ ਕਾਰਨ ਲੋਕ ਬਾਬਲ ਤੋਂ ਖਿੰਡ ਗਏ ਸਨ। ਕੈਥੋਲਿਕ ਚਰਚ ਦੀ ਦ ਨਿਊ ਅਮੈਰੀਕਨ ਬਾਈਬਲ ਇਨ੍ਹਾਂ ਅਧਿਆਵਾਂ ਬਾਰੇ ਕਹਿੰਦੀ ਹੈ: “ਇਸਰਾਏਲੀਆਂ ਨੇ ਇਨ੍ਹਾਂ ਲਿਖਤਾਂ ਵਿਚ ਦੱਸੀਆਂ ਗਈਆਂ ਸੱਚਾਈਆਂ ਨੂੰ ਸਾਂਭਣਾ ਸੀ, ਇਸ ਲਈ ਇਨ੍ਹਾਂ ਨੂੰ ਇਸ ਤਰੀਕੇ ਨਾਲ ਲਿਖਿਆ ਗਿਆ ਸੀ ਕਿ ਉਸ ਸਮੇਂ ਦੇ ਲੋਕ ਇਨ੍ਹਾਂ ਲਿਖਤਾਂ ਨੂੰ ਆਸਾਨੀ ਨਾਲ ਸਮਝ ਸਕਣ। ਸੋ ਸੱਚਾਈ ਨੂੰ ਜਾਣਨ ਲਈ ਸਾਨੂੰ ਨਾ ਸਿਰਫ਼ ਸ਼ਬਦਾਂ ਨੂੰ ਦੇਖਣਾ ਚਾਹੀਦਾ ਹੈ, ਸਗੋਂ ਉਨ੍ਹਾਂ ਵਿਚ ਲੁਕੇ ਗਹਿਰੇ ਅਰਥ ਨੂੰ ਸਮਝਣ ਦੀ ਲੋੜ ਹੈ।” ਇਸ ਅਨੁਵਾਦ ਦੇ ਲਿਖਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਕੱਪੜੇ ਸਰੀਰ ਨੂੰ ਢੱਕਦੇ ਹਨ, ਉਸੇ ਤਰ੍ਹਾਂ ਸ਼ਬਦ ਗੁਪਤ ਅਰਥ ਨੂੰ ਕੱਜਦੇ ਹਨ।

ਪਰ ਯਿਸੂ ਨੇ ਸਿਖਾਇਆ ਸੀ ਕਿ ਉਤਪਤ ਦੇ ਇਨ੍ਹਾਂ ਪਹਿਲੇ ਅਧਿਆਵਾਂ ਵਿਚ ਜੋ ਲਿਖਿਆ ਸੀ, ਉਹੋ ਉਨ੍ਹਾਂ ਦਾ ਅਸਲੀ ਮਤਲਬ ਸੀ। (ਮੱਤੀ 19:4-6; 24:37-39) ਪੌਲੁਸ ਅਤੇ ਪਤਰਸ ਦਾ ਵੀ ਇਹੋ ਵਿਚਾਰ ਸੀ। (ਰਸੂਲਾਂ ਦੇ ਕਰਤੱਬ 17:24-26; 2 ਪਤਰਸ 2:5; 3:6, 7) ਸੱਚੇ ਦਿਲ ਨਾਲ ਬਾਈਬਲ ਦੀ ਸਟੱਡੀ ਕਰਨ ਵਾਲੇ ਵਿਦਿਆਰਥੀ ਉਨ੍ਹਾਂ ਸਿੱਖਿਆਵਾਂ ਨੂੰ ਰੱਦ ਕਰਦੇ ਹਨ ਜੋ ਪਰਮੇਸ਼ੁਰ ਦੇ ਬਚਨ ਨਾਲ ਮੇਲ ਨਹੀਂ ਖਾਂਦੀਆਂ ਹਨ।

[ਸਫ਼ੇ 9 ਉੱਤੇ ਤਸਵੀਰ]

ਸਿਕੰਦਰੀਆ ਦਾ ਵਿਸ਼ਾਲ ਲਾਈਟਹਾਊਸ

[ਕ੍ਰੈਡਿਟ ਲਾਈਨ]

Archives Charmet/Bridgeman Art Library