Skip to content

Skip to table of contents

ਕਈ ਦੇਸ਼ਾਂ ਵਿਚ ਪ੍ਰਚਾਰ ਕਰ ਕੇ ਮੈਂ ਖ਼ੁਸ਼ ਹਾਂ

ਕਈ ਦੇਸ਼ਾਂ ਵਿਚ ਪ੍ਰਚਾਰ ਕਰ ਕੇ ਮੈਂ ਖ਼ੁਸ਼ ਹਾਂ

ਜੀਵਨੀ

ਕਈ ਦੇਸ਼ਾਂ ਵਿਚ ਪ੍ਰਚਾਰ ਕਰ ਕੇ ਮੈਂ ਖ਼ੁਸ਼ ਹਾਂ

ਆਨਾ ਮਾਥੇਆਘਿਸ ਦੀ ਜ਼ਬਾਨੀ

ਸਾਡੇ 561 ਫੁੱਟ ਲੰਮੇ ਬੇੜੇ ਨੂੰ ਅੱਗ ਲੱਗੀ ਹੋਈ ਸੀ। ਮੈਂ ਸੋਚ ਰਹੀ ਸੀ ਕਿ ਜੇ ਇਹ ਡੁੱਬ ਗਿਆ, ਤਾਂ ਇਸ ਨੇ ਮੈਨੂੰ ਵੀ ਨਾਲ ਹੀ ਡੋਬਣਾ। ਵੱਡੀਆਂ-ਵੱਡੀਆਂ ਲਹਿਰਾਂ ਨਾਲ ਸੰਘਰਸ਼ ਕਰਦੀ ਮੈਂ ਤੈਰਨ ਦੀ ਕੋਸ਼ਿਸ਼ ਕਰ ਰਹੀ ਸੀ। ਡੁੱਬਣ ਤੋਂ ਬਚਣ ਦਾ ਬਸ ਇੱਕੋ-ਇਕ ਚਾਰਾ ਸੀ ਕਿ ਮੈਂ ਇਕ ਔਰਤ ਦੀ ਬਚਾਉ-ਜਾਕਟ ਫੜੀ ਰੱਖਾਂ। ਮੈਂ ਰੱਬ ਅੱਗੇ ਹਿੰਮਤ ਅਤੇ ਤਾਕਤ ਲਈ ਅਰਦਾਸਾਂ ਕਰਦੀ ਰਹੀ।

ਇਹ ਘਟਨਾ 1971 ਵਿਚ ਵਾਪਰੀ ਸੀ ਜਦ ਮੈਂ ਇਟਲੀ ਵਾਪਸ ਜਾ ਰਹੀ ਸੀ। ਉਸ ਬੇੜੇ ਦੇ ਨਾਲ ਮੇਰੀਆਂ ਸਾਰੀਆਂ ਚੀਜ਼ਾਂ ਡੁੱਬ ਗਈਆਂ ਸਨ, ਪਰ ਮੇਰੀ ਜਾਨ ਬਚ ਗਈ ਅਤੇ ਮੈਂ ਆਪਣੇ ਮਸੀਹੀ ਭੈਣ-ਭਾਈਆਂ ਦੇ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਦੀ ਰਹੀ। ਮੈਂ ਕਈ ਦੇਸ਼ਾਂ ਵਿਚ ਜਾ ਕੇ ਯਹੋਵਾਹ ਦੀ ਸੇਵਾ ਕੀਤੀ ਅਤੇ ਬੇੜਾ ਡੁੱਬਣ ਦੀ ਘਟਨਾ ਤਾਂ ਮੇਰੀ ਜ਼ਿੰਦਗੀ ਦਾ ਸਿਰਫ਼ ਇਕ ਤਜਰਬਾ ਸੀ।

ਮੇਰਾ ਜਨਮ 1922 ਵਿਚ ਹੋਇਆ ਸੀ ਅਤੇ ਅਸੀਂ ਯਰੂਸ਼ਲਮ ਤੋਂ 16 ਕਿਲੋਮੀਟਰ ਉੱਤਰ ਵੱਲ ਰਾਮਾਲਾ ਸ਼ਹਿਰ ਵਿਚ ਰਹਿੰਦੇ ਸੀ। ਮੇਰੇ ਮਾਤਾ-ਪਿਤਾ ਦੋਵੇਂ ਕ੍ਰੀਟ ਟਾਪੂ ਤੋਂ ਸਨ, ਪਰ ਪਿਤਾ ਜੀ ਫਲਸਤੀਨ ਦੇ ਨਾਸਰਤ ਸ਼ਹਿਰ ਵਿਚ ਵੱਡੇ ਹੋਏ ਸਨ। ਮੇਰੇ ਤਿੰਨ ਵੱਡੇ ਭਰਾ ਅਤੇ ਦੋ ਵੱਡੀਆਂ ਭੈਣਾਂ ਸਨ। ਇਕ ਭਿਆਨਕ ਦੁਰਘਟਨਾ ਵਿਚ ਮੇਰਾ ਵਿਚਕਾਰਲਾ ਭਰਾ ਜਾਰਡਨ ਦਰਿਆ ਵਿਚ ਡੁੱਬ ਗਿਆ। ਉਸ ਦੀ ਮੌਤ ਦਾ ਸਦਮਾ ਸਾਡੇ ਪਰਿਵਾਰ ਲਈ ਸਹਾਰਨਾ ਬਹੁਤ ਔਖਾ ਸੀ ਜਿਸ ਕਾਰਨ ਮਾਤਾ ਜੀ ਰਾਮਾਲਾ ਵਿਚ ਰਹਿਣਾ ਨਹੀਂ ਚਾਹੁੰਦੇ ਸਨ। ਇਸ ਲਈ ਜਦ ਮੈਂ ਤਿੰਨ ਸਾਲਾਂ ਦੀ ਸੀ, ਅਸੀਂ ਯੂਨਾਨ ਦੇ ਐਥਿਨਜ਼ ਸ਼ਹਿਰ ਜਾ ਕੇ ਰਹਿਣ ਲੱਗ ਪਏ।

ਸਾਡੇ ਘਰ ਪਰਮੇਸ਼ੁਰ ਦਾ ਪੈਗਾਮ ਆਇਆ

ਯੂਨਾਨ ਵਿਚ ਰਹਿੰਦਿਆਂ ਅਜੇ ਸਾਨੂੰ ਬਹੁਤਾ ਚਿਰ ਨਹੀਂ ਹੋਇਆ ਸੀ ਜਦ ਮੇਰੇ ਵੱਡੇ ਭਰਾ ਨਿਘੋਸ ਨੂੰ ਯਹੋਵਾਹ ਦੇ ਗਵਾਹ ਮਿਲੇ। ਉਸ ਸਮੇਂ ਉਹ 22 ਸਾਲਾਂ ਦਾ ਸੀ। ਬਾਈਬਲ ਦਾ ਗਿਆਨ ਲੈ ਕੇ ਉਹ ਜੋਸ਼ ਨਾਲ ਪ੍ਰਚਾਰ ਕਰਨ ਲੱਗ ਪਿਆ। ਇਸ ਤੇ ਪਿਤਾ ਜੀ ਨੇ ਖਫ਼ਾ ਹੋ ਕੇ ਉਸ ਨੂੰ ਘਰੋਂ ਕੱਢ ਦਿੱਤਾ। ਪਰ ਜਦੋਂ ਵੀ ਪਿਤਾ ਜੀ ਫਲਸਤੀਨ ਜਾਂਦੇ ਹੁੰਦੇ ਸਨ, ਤਾਂ ਮੈਂ, ਮੇਰੀ ਭੈਣ ਅਤੇ ਮਾਤਾ ਜੀ ਨਿਘੋਸ ਨਾਲ ਉਸ ਦੀਆਂ ਮੀਟਿੰਗਾਂ ਵਿਚ ਜਾਂਦੀਆਂ ਸੀ। ਮੈਨੂੰ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਉਹ ਮੀਟਿੰਗਾਂ ਮਾਤਾ ਜੀ ਨੂੰ ਬਹੁਤ ਚੰਗੀਆਂ ਲੱਗਦੀਆਂ ਸਨ। ਪਰ ਕੁਝ ਸਮੇਂ ਵਿਚ 42 ਸਾਲ ਦੀ ਉਮਰ ਤੇ ਉਹ ਕੈਂਸਰ ਦੇ ਸ਼ਿਕਾਰ ਹੋ ਕੇ ਮੌਤ ਦੀ ਨੀਂਦ ਸੌਂ ਗਏ। ਉਸ ਸਮੇਂ ਤੋਂ ਮੇਰੀ ਭੈਣ ਅਰਿਏਡਨੇ ਨੇ ਘਰ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸੰਭਾਲ ਲਈ। ਭਾਵੇਂ ਉਸ ਦੀ ਉਮਰ ਬਹੁਤੀ ਨਹੀਂ ਸੀ, ਪਰ ਉਸ ਨੇ ਮੈਨੂੰ ਮਾਂ ਦਾ ਪਿਆਰ ਦਿੱਤਾ।

ਪਿਤਾ ਜੀ ਜਦੋਂ ਵੀ ਐਥਿਨਜ਼ ਵਿਚ ਹੁੰਦੇ ਸਨ, ਤਾਂ ਉਹ ਮੈਨੂੰ ਆਪਣੇ ਨਾਲ ਗ੍ਰੀਕ ਆਰਥੋਡਾਕਸ ਚਰਚ ਲੈ ਜਾਂਦੇ ਸਨ। ਇਸ ਲਈ ਉਨ੍ਹਾਂ ਦੀ ਮੌਤ ਤੋਂ ਬਾਅਦ ਮੈਂ ਉਸੇ ਚਰਚ ਜਾਂਦੀ ਰਹੀ, ਪਰ ਘੱਟ ਹੀ। ਮੈਨੂੰ ਚਰਚ ਦੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਰੱਬ ਦੀਆਂ ਗੱਲਾਂ ਤੇ ਅਮਲ ਕਰਨ ਦਾ ਕੋਈ ਸਬੂਤ ਨਹੀਂ ਮਿਲਿਆ, ਇਸ ਲਈ ਮੈਂ ਚਰਚ ਜਾਣਾ ਛੱਡ ਦਿੱਤਾ।

ਪਿਤਾ ਜੀ ਦੀ ਮੌਤ ਤੋਂ ਬਾਅਦ ਮੈਨੂੰ ਫਾਈਨੈਂਸ ਮਨਿਸਟ੍ਰੀ ਵਿਚ ਚੰਗੀ ਨੌਕਰੀ ਮਿਲ ਗਈ। ਪਰ ਮੇਰੇ ਭਰਾ ਨੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੱਤੀ। ਕਈ ਸਾਲ ਯੂਨਾਨ ਵਿਚ ਪਾਇਨੀਅਰੀ ਕਰਨ ਤੋਂ ਬਾਅਦ ਉਹ 1934 ਵਿਚ ਸਾਈਪ੍ਰਸ ਟਾਪੂ ਚਲਾ ਗਿਆ ਕਿਉਂਕਿ ਉਨ੍ਹੀਂ ਦਿਨੀਂ ਉੱਥੇ ਯਹੋਵਾਹ ਦਾ ਕੋਈ ਗਵਾਹ ਨਹੀਂ ਸੀ ਜਿਸ ਨੇ ਬਪਤਿਸਮਾ ਲਿਆ ਹੋਇਆ ਹੋਵੇ। ਇਸ ਲਈ ਮੇਰੇ ਭਰਾ ਨੇ ਉੱਥੇ ਪ੍ਰਚਾਰ ਕਰਨ ਵਿਚ ਵੱਡਾ ਹਿੱਸਾ ਲਿਆ ਸੀ। ਉਸ ਦੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਗਾਲਾਤੀਆ ਨੇ ਵੀ ਉੱਥੇ ਕਈ ਸਾਲ ਪਾਇਨੀਅਰੀ ਕੀਤੀ। ਨਿਘੋਸ ਅਕਸਰ ਸਾਨੂੰ ਬਾਈਬਲ ਬਾਰੇ ਕਿਤਾਬਾਂ ਅਤੇ ਰਸਾਲੇ ਘੱਲਦਾ ਹੁੰਦਾ ਸੀ, ਪਰ ਅਸੀਂ ਕਦੇ ਉਨ੍ਹਾਂ ਨੂੰ ਪੜ੍ਹਦੀਆਂ ਨਹੀਂ ਸੀ। ਆਪਣੀ ਮੌਤ ਤਕ ਉਹ ਸਾਈਪ੍ਰਸ ਵਿਚ ਹੀ ਰਿਹਾ।

ਮੈਂ ਵੀ ਸੱਚਾਈ ਦੇ ਰਾਹ ਚੱਲਣਾ ਸ਼ੁਰੂ ਕੀਤਾ

ਨਿਘੋਸ ਦਾ ਇਕ ਦੋਸਤ ਜੋਰਜ ਡੂਰਾਸ 1940 ਵਿਚ ਸਾਨੂੰ ਮਿਲਣ ਆਇਆ। ਉਸ ਦੇ ਘਰ ਕੁਝ ਲੋਕ ਬਾਈਬਲ ਦੀ ਸਟੱਡੀ ਕਰਦੇ ਸਨ ਅਤੇ ਉਸ ਨੇ ਸਾਨੂੰ ਵੀ ਆਪਣੇ ਘਰ ਬੁਲਾਇਆ। ਅਸੀਂ ਖ਼ੁਸ਼ੀ-ਖ਼ੁਸ਼ੀ ਸਟੱਡੀ ਵਿਚ ਜਾਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਹੀ ਸਮੇਂ ਵਿਚ ਹੋਰਨਾਂ ਨੂੰ ਵੀ ਇਹ ਗੱਲਾਂ ਦੱਸਣ ਲੱਗ ਪਈਆਂ। ਬਾਈਬਲ ਦੀਆਂ ਸੱਚਾਈਆਂ ਸਿੱਖ ਕੇ ਮੈਂ ਤੇ ਮੇਰੀ ਭੈਣ ਯਹੋਵਾਹ ਦੀਆਂ ਗਵਾਹਾਂ ਬਣ ਗਈਆਂ। ਅਰਿਏਡਨੇ ਨੇ 1942 ਵਿਚ ਅਤੇ ਮੈਂ 1943 ਵਿਚ ਬਪਤਿਸਮਾ ਲੈ ਲਿਆ।

ਦੂਜਾ ਵਿਸ਼ਵ ਯੁੱਧ ਮੁੱਕਣ ਤੇ ਨਿਘੋਸ ਨੇ ਸਾਨੂੰ ਸਾਈਪ੍ਰਸ ਬੁਲਾ ਲਿਆ ਅਤੇ 1945 ਵਿਚ ਅਸੀਂ ਨਿਕੋਸ਼ੀਆ ਜਾ ਕੇ ਰਹਿਣ ਲੱਗ ਪਈਆਂ। ਯੂਨਾਨ ਵਾਂਗ ਸਾਈਪ੍ਰਸ ਵਿਚ ਪ੍ਰਚਾਰ ਦੇ ਕੰਮ ਦਾ ਵਿਰੋਧ ਨਹੀਂ ਕੀਤਾ ਜਾਂਦਾ ਸੀ। ਅਸੀਂ ਘਰ-ਘਰ ਜਾ ਕੇ ਪ੍ਰਚਾਰ ਕਰਨ ਤੋਂ ਇਲਾਵਾ ਸੜਕਾਂ ਤੇ ਵੀ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੀਆਂ ਸੀ।

ਦੋ ਸਾਲ ਬਾਅਦ ਅਰਿਏਡਨੇ ਨੂੰ ਯੂਨਾਨ ਵਾਪਸ ਜਾਣਾ ਪਿਆ। ਉੱਥੇ ਉਸ ਦੀ ਮੁਲਾਕਾਤ ਯਹੋਵਾਹ ਦੇ ਉਸ ਗਵਾਹ ਨਾਲ ਹੋਈ ਜੋ ਉਸ ਦਾ ਜੀਵਨ ਸਾਥੀ ਬਣ ਗਿਆ ਅਤੇ ਉਹ ਐਥਿਨਜ਼ ਵਿਚ ਹੀ ਰਹਿਣ ਲੱਗ ਪਈ। ਫਿਰ ਉਨ੍ਹਾਂ ਦੋਹਾਂ ਨੇ ਮੈਨੂੰ ਵੀ ਐਥਿਨਜ਼ ਬੁਲਾ ਲਿਆ। ਉੱਥੇ ਪ੍ਰਚਾਰ ਕਰਨ ਦੀ ਬਹੁਤ ਲੋੜ ਸੀ ਇਸ ਲਈ ਮੈਂ ਐਥਿਨਜ਼ ਜਾ ਕੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।

ਯਹੋਵਾਹ ਦੀ ਹੋਰ ਸੇਵਾ ਕਰਨ ਦੇ ਮੌਕੇ

ਮੈਂ 1 ਨਵੰਬਰ 1947 ਤੋਂ ਪਾਇਨੀਅਰੀ ਕਰਨ ਲੱਗ ਪਈ ਅਤੇ ਹਰ ਮਹੀਨੇ 150 ਘੰਟੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸਾਡੀ ਕਲੀਸਿਯਾ ਦਾ ਪ੍ਰਚਾਰ ਖੇਤਰ ਬਹੁਤ ਵੱਡਾ ਸੀ ਅਤੇ ਮੈਨੂੰ ਦੂਰ-ਦੂਰ ਤੁਰ ਕੇ ਜਾਣਾ ਪੈਂਦਾ ਸੀ। ਇਸ ਦੇ ਬਾਵਜੂਦ ਮੈਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਸੀ। ਪੁਲਸ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਦੇ ਹੋਏ ਜਾਂ ਮੀਟਿੰਗਾਂ ਵਿਚ ਬੈਠੇ ਦੇਖ ਕੇ ਅਕਸਰ ਹਿਰਾਸਤ ਵਿਚ ਲੈ ਲੈਂਦੀ ਸੀ। ਫਿਰ ਉਹ ਦਿਨ ਵੀ ਆ ਗਿਆ ਜਦੋਂ ਮੈਂ ਵੀ ਗਿਰਫ਼ਤਾਰ ਹੋ ਗਈ।

ਮੇਰੇ ਉੱਤੇ ਇਹ ਗੰਭੀਰ ਆਰੋਪ ਲਾਇਆ ਗਿਆ ਕਿ ਮੈਂ ਲੋਕਾਂ ਦਾ ਧਰਮ ਬਦਲ ਰਹੀ ਸੀ। ਮੈਨੂੰ ਐਥਿਨਜ਼ ਵਿਚ ਔਰਤਾਂ ਦੀ ਆਵਿਰੌਫ ਨਾਂ ਦੀ ਜੇਲ੍ਹ ਵਿਚ ਦੋ ਮਹੀਨੇ ਬੰਦ ਕਰ ਦਿੱਤਾ ਗਿਆ। ਇਕ ਹੋਰ ਭੈਣ ਪਹਿਲਾਂ ਹੀ ਉੱਥੇ ਬੰਦ ਸੀ ਅਤੇ ਅਸੀਂ ਦੋਵੇਂ ਕੈਦ ਹੋਣ ਦੇ ਬਾਵਜੂਦ ਪਰਮੇਸ਼ੁਰ ਬਾਰੇ ਗੱਲਾਂ ਕਰ ਕੇ ਇਕ-ਦੂਜੇ ਦਾ ਹੌਸਲਾ ਵਧਾਉਂਦੀਆਂ ਰਹੀਆਂ। ਸਜ਼ਾ ਪੂਰੀ ਹੋਣ ਤੋਂ ਬਾਅਦ ਮੈਂ ਫਿਰ ਤੋਂ ਪਾਇਨੀਅਰੀ ਕਰਨ ਲੱਗ ਪਈ। ਉਸ ਸਮੇਂ ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨਾਲ ਬਾਈਬਲ ਦੀ ਸਟੱਡੀ ਕੀਤੀ ਜੋ ਅੱਜ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਇਸ ਗੱਲ ਤੋਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ।

ਸਾਲ 1949 ਵਿਚ ਮੈਨੂੰ ਅਮਰੀਕਾ ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 16ਵੀਂ ਕਲਾਸ ਲਈ ਬੁਲਾਇਆ ਗਿਆ ਜਿਸ ਵਿਚ ਪਾਇਨੀਅਰਾਂ ਨੂੰ ਮਿਸ਼ਨਰੀ ਕੰਮ ਦੀ ਸਿਖਲਾਈ ਦਿੱਤੀ ਜਾਂਦੀ ਹੈ। ਮੈਂ ਤੇ ਮੇਰੇ ਰਿਸ਼ਤੇਦਾਰ ਖ਼ੁਸ਼ੀ ਨਾਲ ਫੁੱਲੇ ਨਾ ਸਮਾਏ। ਪਹਿਲਾਂ ਮੈਂ 1950 ਵਿਚ ਨਿਊਯਾਰਕ ਸਿਟੀ ਵਿਚ ਹੋਏ ਅੰਤਰਰਾਸ਼ਟਰੀ ਸੰਮੇਲਨ ਵਿਚ ਗਈ ਅਤੇ ਉਸ ਤੋਂ ਬਾਅਦ ਗਿਲਿਅਡ ਸਕੂਲ।

ਅਮਰੀਕਾ ਵਿਚ ਮੈਨੂੰ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਵਿਚ ਕੁਝ ਮਹੀਨੇ ਕੰਮ ਕਰਨ ਦਾ ਮੌਕਾ ਮਿਲਿਆ। ਉਹ ਜਗ੍ਹਾ ਇੰਨੀ ਸਾਫ਼-ਸੁਥਰੀ ਸੀ ਅਤੇ ਭੈਣ-ਭਰਾਵਾਂ ਨਾਲ ਮਿਲ ਕੇ ਕੰਮ ਕਰਨਾ ਮੈਨੂੰ ਇੰਨਾ ਚੰਗਾ ਲੱਗਾ ਕਿ ਉਹ ਛੇ ਮਹੀਨੇ ਮੈਨੂੰ ਸਦਾ ਯਾਦ ਰਹਿਣਗੇ। ਫਿਰ ਮੈਂ ਗਿਲਿਅਡ ਸਕੂਲ ਵਿਚ ਪੰਜ ਮਹੀਨੇ ਪੂਰੀ ਮਿਹਨਤ ਨਾਲ ਸਟੱਡੀ ਕੀਤੀ। ਸਕੂਲ ਵਿਚ ਮੈਂ ਬਾਈਬਲ ਤੋਂ ਬਹੁਤ ਕੁਝ ਸਿੱਖਿਆ ਅਤੇ ਸਮਾਂ ਬਹੁਤ ਹੀ ਜਲਦੀ ਬੀਤ ਗਿਆ। ਹੁਣ ਮੈਂ ਬਾਕੀਆਂ ਨੂੰ ਇਹ ਗਿਆਨ ਵੰਡਣ ਲਈ ਉਤਾਵਲੀ ਸੀ।

ਮਿਸ਼ਨਰੀ ਸੇਵਾ ਦੀ ਸ਼ੁਰੂਆਤ

ਗਿਲਿਅਡ ਵਿਚ ਅਸੀਂ ਆਪਣੇ-ਆਪਣੇ ਸਾਥੀ ਚੁਣ ਸਕਦੇ ਸੀ ਜਿਸ ਨਾਲ ਅਸੀਂ ਹੋਰ ਦੇਸ਼ ਸੇਵਾ ਕਰਨ ਜਾਣਾ ਪਸੰਦ ਕਰਾਂਗੇ। ਮੇਰੀ ਸਾਥਣ ਇਕ ਬਹੁਤ ਹੀ ਪਿਆਰੀ ਭੈਣ ਰੂਥ ਹੈਮਿਗ ਸੀ ਜਿਸ ਦਾ ਨਾਂ ਹੁਣ ਰੂਥ ਬੌਸ੍ਹਾਰਟ ਹੈ। ਜਦ ਮੈਨੂੰ ਤੇ ਰੂਥ ਨੂੰ ਪਤਾ ਲੱਗਾ ਕਿ ਸਾਨੂੰ ਇਸਤੰਬੁਲ, ਤੁਰਕੀ ਵਿਚ ਭੇਜਿਆ ਜਾ ਰਿਹਾ ਹੈ, ਤਾਂ ਅਸੀਂ ਬਹੁਤ ਖ਼ੁਸ਼ ਹੋਈਆਂ। ਇਹ ਸ਼ਹਿਰ ਏਸ਼ੀਆ ਤੇ ਯੂਰਪ ਦੋਹਾਂ ਵਿਚ ਹੈ! ਅਸੀਂ ਜਾਣਦੀਆਂ ਸੀ ਕਿ ਉਸ ਵਕਤ ਸਾਡੇ ਪ੍ਰਚਾਰ ਦੇ ਕੰਮ ਨੂੰ ਉਸ ਦੇਸ਼ ਵਿਚ ਕਾਨੂੰਨੀ ਮਾਨਤਾ ਨਹੀਂ ਮਿਲੀ ਸੀ, ਪਰ ਸਾਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਸਾਡੀ ਮਦਦ ਕਰੇਗਾ।

ਸਾਗਰ ਤਟ ਤੇ ਬਣਿਆ ਇਸਤੰਬੁਲ ਬਹੁਤ ਹੀ ਸੋਹਣਾ ਸ਼ਹਿਰ ਹੈ ਜਿਸ ਵਿਚ ਕਈ ਦੇਸ਼ਾਂ ਦੇ ਲੋਕ ਰਹਿੰਦੇ ਹਨ। ਇਸਤੰਬੁਲ ਸ਼ਹਿਰ ਦਾ ਨਜ਼ਾਰਾ ਵੀ ਬੜਾ ਦਿਲਚਸਪ ਹੈ, ਰੌਣਕ-ਮੇਲੇ ਨਾਲ ਭਰੇ ਬਾਜ਼ਾਰ, ਦੁਨੀਆਂ ਭਰ ਦੇ ਵਧੀਆ ਤੋਂ ਵਧੀਆ ਪਕਵਾਨ, ਦਿਲਚਸਪ ਮਿਊਜ਼ੀਅਮ ਅਤੇ ਸੋਹਣੇ-ਸੋਹਣੇ ਘਰ। ਪਰ ਇਸ ਤੋਂ ਇਲਾਵਾ ਅਸੀਂ ਉੱਥੇ ਉਨ੍ਹਾਂ ਨੇਕਦਿਲ ਲੋਕਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੋਈਆਂ ਜੋ ਪਰਮੇਸ਼ੁਰ ਬਾਰੇ ਗਿਆਨ ਲੈਣਾ ਚਾਹੁੰਦੇ ਸਨ। ਇਸਤੰਬੁਲ ਵਿਚ ਯਹੋਵਾਹ ਦੇ ਗਵਾਹਾਂ ਦੇ ਛੋਟੇ ਜਿਹੇ ਸਮੂਹ ਵਿਚ ਆਰਮੀਨੀ, ਯੂਨਾਨੀ ਤੇ ਯਹੂਦੀ ਲੋਕ ਸਨ। ਪਰ ਉੱਥੇ ਹੋਰ ਦੇਸ਼ਾਂ ਦੇ ਲੋਕ ਵੀ ਸਨ, ਇਸ ਲਈ ਤੁਰਕੀ ਭਾਸ਼ਾ ਤੋਂ ਇਲਾਵਾ ਹੋਰ ਭਾਸ਼ਾਵਾਂ ਵਿਚ ਥੋੜ੍ਹੀ-ਬਹੁਤੀ ਗੱਲ ਕਰਨੀ ਸਿੱਖਣੀ ਫ਼ਾਇਦੇਮੰਦ ਸੀ। ਕਈ ਲੋਕ ਸੱਚਾਈ ਦੇ ਪਿਆਸੇ ਸਨ ਅਤੇ ਅਸੀਂ ਉਨ੍ਹਾਂ ਦੀ ਪਿਆਸ ਬੁਝਾ ਕੇ ਖ਼ੁਸ਼ ਸਾਂ। ਉਨ੍ਹਾਂ ਵਿੱਚੋਂ ਕਈ ਅੱਜ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰ ਰਹੇ ਹਨ।

ਅਫ਼ਸੋਸ ਕਿ ਤੁਰਕੀ ਦੀ ਸਰਕਾਰ ਨੇ ਰੂਥ ਨੂੰ ਦੇਸ਼ ਵਿਚ ਜ਼ਿਆਦਾ ਦੇਰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ। ਉਸ ਨੂੰ ਸਵਿਟਜ਼ਰਲੈਂਡ ਵਾਪਸ ਜਾਣਾ ਪਿਆ ਜਿੱਥੇ ਉਹ ਯਹੋਵਾਹ ਦੀ ਸੇਵਾ ਕਰਦੀ ਰਹੀ। ਉਸ ਦਾ ਸਾਥ ਮੈਨੂੰ ਇੰਨਾ ਪਸੰਦ ਸੀ ਕਿ ਇੰਨੇ ਸਾਲਾਂ ਬਾਅਦ ਉਹ ਮੈਨੂੰ ਅੱਜ ਵੀ ਯਾਦ ਆਉਂਦੀ ਹੈ।

ਘਰ ਤੋਂ ਕੋਹਾਂ ਦੂਰ ਦੇਸ਼ ਵਿਚ ਮਿਸ਼ਨਰੀ ਸੇਵਾ

ਸਾਲ 1963 ਵਿਚ ਮੈਨੂੰ ਵੀ ਤੁਰਕੀ ਵਿਚ ਹੋਰ ਰਹਿਣ ਦੀ ਇਜਾਜ਼ਤ ਨਹੀਂ ਮਿਲੀ। ਦਿਲ ਤੇ ਪੱਥਰ ਰੱਖ ਕੇ ਮੈਂ ਆਪਣੇ ਭੈਣ-ਭਾਈਆਂ ਨੂੰ ਅਲਵਿਦਾ ਕਹੀ ਜੋ ਕਠਿਨਾਈਆਂ ਦੇ ਬਾਵਜੂਦ ਸੱਚਾਈ ਵਿਚ ਤਰੱਕੀ ਕਰ ਰਹੇ ਸਨ। ਮੈਨੂੰ ਖ਼ੁਸ਼ ਕਰਨ ਲਈ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਨਿਊਯਾਰਕ ਜਾਣ ਦੀ ਟਿਕਟ ਖ਼ਰੀਦ ਦਿੱਤੀ ਤਾਂਕਿ ਮੈਂ ਉੱਥੇ ਇਕ ਸੰਮੇਲਨ ਵਿਚ ਜਾ ਸਕਾਂ। ਮੈਨੂੰ ਅਜੇ ਦੱਸਿਆ ਨਹੀਂ ਗਿਆ ਸੀ ਕਿ ਹੁਣ ਮੈਂ ਕਿਹੜੇ ਦੇਸ਼ ਜਾਣਾ ਸੀ।

ਸੰਮੇਲਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੈਂ ਲੀਮਾ, ਪੀਰੂ ਵਿਚ ਜਾਣਾ ਸੀ। ਮੈਂ ਆਪਣੀ ਨਵੀਂ ਨੌਜਵਾਨ ਸਾਥਣ ਨਾਲ ਨਿਊਯਾਰਕ ਤੋਂ ਸਿੱਧੀ ਪੀਰੂ ਚਲੀ ਗਈ। ਅਸੀਂ ਇਕ ਮਿਸ਼ਨਰੀ ਘਰ ਵਿਚ ਰਹੀਆਂ ਜੋ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਦੀ ਉਪਰਲੀ ਮੰਜ਼ਲ ਤੇ ਬਣਿਆ ਹੋਇਆ ਸੀ। ਪੀਰੂ ਵਿਚ ਮੈਂ ਸਪੇਨੀ ਭਾਸ਼ਾ ਵਿਚ ਗੱਲ ਕਰਨੀ ਸਿੱਖੀ ਅਤੇ ਮੈਨੂੰ ਉੱਥੇ ਪ੍ਰਚਾਰ ਕਰ ਕੇ ਅਤੇ ਭੈਣ-ਭਾਈਆਂ ਦੇ ਸਾਥ ਦਾ ਆਨੰਦ ਮਾਣ ਕੇ ਬਹੁਤ ਖ਼ੁਸ਼ੀ ਹੋਈ।

ਨਵਾਂ ਦੇਸ਼, ਨਵੀਂ ਭਾਸ਼ਾ

ਫਿਰ ਯੂਨਾਨ ਵਿਚ ਰਹਿੰਦੇ ਮੇਰੇ ਰਿਸ਼ਤੇਦਾਰਾਂ ਨੂੰ ਸਹਾਇਤਾ ਦੀ ਲੋੜ ਪੈ ਗਈ। ਉਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਸੀ ਤੇ ਉਨ੍ਹਾਂ ਦੀ ਸਿਹਤ ਇੰਨੀ ਚੰਗੀ ਵੀ ਨਹੀਂ ਸੀ। ਉਨ੍ਹਾਂ ਨੇ ਕਦੇ ਮੈਨੂੰ ਮਿਸ਼ਨਰੀ ਸੇਵਾ ਛੱਡ ਕੇ ਉਨ੍ਹਾਂ ਦੀ ਮਦਦ ਕਰਨ ਲਈ ਨਹੀਂ ਕਿਹਾ। ਪਰ ਮੈਂ ਉਨ੍ਹਾਂ ਦੀ ਹਾਲਤ ਬਾਰੇ ਸੋਚ ਕੇ ਅਤੇ ਪ੍ਰਾਰਥਨਾ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਕਿ ਮੈਨੂੰ ਉਨ੍ਹਾਂ ਦੇ ਥੋੜ੍ਹਾ ਨਜ਼ਦੀਕ ਰਹਿਣਾ ਚਾਹੀਦਾ ਹੈ। ਬ੍ਰਾਂਚ ਵਿਚ ਕੰਮ ਕਰਦੇ ਭਰਾ ਮੇਰੇ ਨਾਲ ਸਹਿਮਤ ਸਨ ਤੇ ਉਨ੍ਹਾਂ ਨੇ ਮੈਨੂੰ ਇਟਲੀ ਘੱਲ ਦਿੱਤਾ। ਮੇਰੇ ਰਿਸ਼ਤੇਦਾਰਾਂ ਨੇ ਮੇਰੇ ਇਟਲੀ ਆਉਣ ਦਾ ਸਾਰਾ ਖ਼ਰਚਾ ਕੀਤਾ। ਇਟਲੀ ਆਉਣ ਦਾ ਬਹੁਤ ਫ਼ਾਇਦਾ ਹੋਇਆ ਕਿਉਂਕਿ ਉੱਥੇ ਪ੍ਰਚਾਰਕਾਂ ਦੀ ਕਾਫ਼ੀ ਲੋੜ ਸੀ।

ਇਕ ਵਾਰ ਫਿਰ ਮੈਂ ਨਵੀਂ ਭਾਸ਼ਾ ਸਿੱਖੀ ਯਾਨੀ ਇਤਾਲਵੀ। ਸਭ ਤੋਂ ਪਹਿਲਾਂ ਮੈਨੂੰ ਫੌਜਾ ਸ਼ਹਿਰ ਭੇਜਿਆ ਗਿਆ। ਫਿਰ ਨੇਪਲਜ਼ ਵਿਚ ਜਿੱਥੇ ਲੋੜ ਜ਼ਿਆਦਾ ਸੀ। ਮੈਂ ਨੇਪਲਜ਼ ਦੇ ਸਭ ਤੋਂ ਸੋਹਣੇ ਇਲਾਕੇ, ਪੋਜ਼ਿਲਿਪੋ ਵਿਚ ਪ੍ਰਚਾਰ ਕਰਦੀ ਸੀ। ਮੇਰੇ ਵੱਡੇ ਸਾਰੇ ਖੇਤਰ ਵਿਚ ਪ੍ਰਚਾਰ ਕਰਨ ਲਈ ਸਿਰਫ਼ ਇਕ ਗਵਾਹ ਸੀ। ਮੈਨੂੰ ਉੱਥੇ ਪ੍ਰਚਾਰ ਕਰਨ ਦਾ ਬਹੁਤ ਮਜ਼ਾ ਆਇਆ ਅਤੇ ਯਹੋਵਾਹ ਦੀ ਮਦਦ ਨਾਲ ਮੈਂ ਕਈਆਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ। ਸਮੇਂ ਦੇ ਬੀਤਣ ਨਾਲ ਇਸ ਇਲਾਕੇ ਵਿਚ ਇਕ ਵੱਡੀ ਕਲੀਸਿਯਾ ਸਥਾਪਿਤ ਹੋ ਗਈ।

ਮੈਂ ਇਕ ਔਰਤ ਅਤੇ ਉਸ ਦੇ ਚਾਰ ਬੱਚਿਆਂ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕੀਤੀ। ਉਹ ਅਤੇ ਉਸ ਦੀਆਂ ਦੋ ਧੀਆਂ ਅੱਜ ਤਕ ਯਹੋਵਾਹ ਦੀਆਂ ਗਵਾਹਾਂ ਹਨ। ਮੈਂ ਇਕ ਪਤੀ-ਪਤਨੀ ਨਾਲ ਵੀ ਸਟੱਡੀ ਕੀਤੀ ਜਿਨ੍ਹਾਂ ਦੀ ਇਕ ਲੜਕੀ ਸੀ। ਉਹ ਤਿੰਨੇ ਵੀ ਸੱਚਾਈ ਵਿਚ ਆ ਗਏ। ਉਸ ਲੜਕੀ ਨੇ ਯਹੋਵਾਹ ਦੇ ਇਕ ਵਫ਼ਾਦਾਰ ਸੇਵਕ ਨਾਲ ਵਿਆਹ ਕਰਾਇਆ ਅਤੇ ਹੁਣ ਉਹ ਦੋਵੇਂ ਇਕੱਠੇ ਜੋਸ਼ ਨਾਲ ਸੇਵਾ ਕਰਦੇ ਹਨ। ਇਕ ਵੱਡੇ ਪਰਿਵਾਰ ਨਾਲ ਸਟੱਡੀ ਕਰਦੇ ਸਮੇਂ ਮੈਂ ਦੇਖਿਆ ਕਿ ਬਾਈਬਲ ਦੇ ਸੰਦੇਸ਼ ਵਿਚ ਕਿੰਨੀ ਤਾਕਤ ਹੈ। ਅਸੀਂ ਕੁਝ ਹਵਾਲਿਆਂ ਵਿਚ ਪੜ੍ਹਿਆ ਕਿ ਯਹੋਵਾਹ ਨੂੰ ਮੂਰਤੀਆਂ ਤੇ ਉਨ੍ਹਾਂ ਦੀ ਪੂਜਾ ਪਸੰਦ ਨਹੀਂ ਹੈ। ਘਰ ਦੀ ਮਾਲਕਣ ਨੇ ਸਟੱਡੀ ਖ਼ਤਮ ਹੋਣ ਤਕ ਉਡੀਕ ਨਹੀਂ ਕੀਤੀ। ਉਹ ਵਿੱਚੋਂ ਹੀ ਉੱਠ ਖੜ੍ਹੀ ਹੋਈ ਤੇ ਉਸ ਨੇ ਉਸੇ ਵੇਲੇ ਆਪਣੇ ਘਰ ਵਿੱਚੋਂ ਸਾਰੀਆਂ ਮੂਰਤੀਆਂ ਚੁੱਕ ਕੇ ਸੁੱਟ ਦਿੱਤੀਆਂ!

ਡੁੱਬਦੀ-ਡੁੱਬਦੀ ਬਚੀ

ਇਟਲੀ ਤੋਂ ਯੂਨਾਨ ਨੂੰ ਆਉਣ-ਜਾਣ ਲਈ ਮੈਂ ਹਮੇਸ਼ਾ ਸਮੁੰਦਰੀ ਜਹਾਜ਼ ਵਿਚ ਸਫ਼ਰ ਕਰਦੀ ਸੀ। ਆਮ ਕਰਕੇ ਇਹ ਸਫ਼ਰ ਕਾਫ਼ੀ ਸੋਹਣਾ ਹੋ ਜਾਇਆ ਕਰਦਾ ਸੀ। ਪਰ 1971 ਦਾ ਸਫ਼ਰ ਕੁਝ ਹੋਰ ਹੀ ਗੱਲ ਸੀ। ਮੈਂ ਏਲਿਆਨਾ ਨਾਂ ਦੇ ਬੇੜੇ ਵਿਚ ਇਟਲੀ ਵਾਪਸ ਜਾ ਰਹੀ ਸੀ। ਸਵੇਰ ਦੇ ਵੇਲੇ 28 ਅਗਸਤ ਨੂੰ ਅੱਗ ਬੇੜੇ ਦੀ ਰਸੋਈ ਤੋਂ ਸ਼ੁਰੂ ਹੋ ਕੇ ਪੂਰੇ ਬੇੜੇ ਵਿਚ ਫੈਲ ਗਈ ਜਿਸ ਕਰਕੇ ਲੋਕਾਂ ਵਿਚ ਹਫੜਾ-ਦਫੜੀ ਪੈ ਗਈ। ਔਰਤਾਂ ਬੇਹੋਸ਼ ਹੋਣ ਲੱਗ ਪਈਆਂ, ਬੱਚੇ ਰੋਣ-ਕੁਰਲਾਉਣ ਲੱਗ ਪਏ ਅਤੇ ਆਦਮੀ ਉੱਚੀ ਆਵਾਜ਼ ਵਿਚ ਧਮਕੀਆਂ ਦੇਣ ਲੱਗ ਪਏ। ਲੋਕ ਬੇੜੇ ਦੇ ਦੋਵੇਂ ਪਾਸੇ ਲੱਗੀਆਂ ਬਚਾਉ-ਕਿਸ਼ਤੀਆਂ ਵੱਲ ਦੌੜ ਪਏ। ਪਰ ਸਾਰਿਆਂ ਲਈ ਬਚਾਉ-ਜਾਕਟ ਨਹੀਂ ਸਨ ਅਤੇ ਕਿਸ਼ਤੀਆਂ ਨੂੰ ਹੇਠਾਂ ਪਾਣੀ ਵਿਚ ਉਤਾਰਨ ਵਾਲੀ ਮਸ਼ੀਨ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ। ਮੇਰੇ ਕੋਲ ਜਾਕਟ ਨਹੀਂ ਸੀ, ਪਰ ਅੱਗ ਲਟ-ਲਟ ਬਲ਼ ਰਹੀ ਸੀ। ਇਸ ਲਈ ਸਮੁੰਦਰ ਵਿਚ ਛਾਲ ਮਾਰਨ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ।

ਪਾਣੀ ਵਿਚ ਮੈਨੂੰ ਲਾਗੇ ਇਕ ਔਰਤ ਨਜ਼ਰ ਆਈ ਜਿਸ ਨੇ ਜਾਕਟ ਪਾਈ ਹੋਈ ਸੀ। ਸ਼ਾਇਦ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ। ਮੈਂ ਸੋਚਿਆ ਕਿ ਬੇੜੇ ਨੇ ਡੁੱਬਣ ਵੇਲੇ ਇਸ ਨੂੰ ਆਪਣੇ ਨਾਲ ਲੈ ਜਾਣਾ, ਇਸ ਲਈ ਮੈਂ ਉਸ ਨੂੰ ਬਾਂਹ ਤੋਂ ਫੜ ਕੇ ਬੇੜੇ ਤੋਂ ਪਰੇ ਖਿੱਚਣਾ ਸ਼ੁਰੂ ਕਰ ਦਿੱਤਾ। ਸਮੁੰਦਰ ਦੀਆਂ ਲਹਿਰਾਂ ਉੱਛਲ ਰਹੀਆਂ ਸਨ ਤੇ ਤੈਰਨਾ ਮੁਸ਼ਕਲ ਹੋ ਰਿਹਾ ਸੀ। ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਬਚਣਾ। ਮੈਂ ਯਹੋਵਾਹ ਨੂੰ ਹਿੰਮਤ ਲਈ ਬੇਨਤੀ ਕੀਤੀ ਤੇ ਉਸ ਨੇ ਮੈਨੂੰ ਸਹਾਰਾ ਦਿੱਤਾ। ਉਸ ਵੇਲੇ ਮੈਨੂੰ ਪੌਲੁਸ ਰਸੂਲ ਦੀ ਯਾਦ ਆ ਰਹੀ ਸੀ ਜਦ ਉਸ ਦਾ ਜਹਾਜ਼ ਵੀ ਤਬਾਹ ਹੋਇਆ ਸੀ।—ਰਸੂਲਾਂ ਦੇ ਕਰਤੱਬ ਦਾ 27ਵਾਂ ਅਧਿਆਇ

ਉਸ ਔਰਤ ਦੀ ਜਾਕਟ ਫੜ ਕੇ ਮੈਂ ਚਾਰ ਘੰਟੇ ਪਾਣੀ ਨਾਲ ਸੰਘਰਸ਼ ਕਰਦੀ ਹੋਈ ਯਹੋਵਾਹ ਅੱਗੇ ਦੁਆ ਕਰਦੀ ਰਹੀ। ਫਿਰ ਦੂਰੋਂ ਮੈਨੂੰ ਇਕ ਛੋਟੀ ਕਿਸ਼ਤੀ ਆਉਂਦੀ ਨਜ਼ਰ ਆਈ। ਸਾਨੂੰ ਬਚਾਉਣ ਵਾਲੇ ਆ ਗਏ ਸਨ, ਪਰ ਉਸ ਸਮੇਂ ਤਕ ਉਹ ਔਰਤ ਦਮ ਤੋੜ ਚੁੱਕੀ ਸੀ। ਬਾਰੀ, ਇਟਲੀ ਪਹੁੰਚ ਕੇ ਮੈਨੂੰ ਹਸਪਤਾਲ ਲੈ ਜਾਇਆ ਗਿਆ। ਮੇਰੇ ਉੱਥੇ ਰਹਿੰਦਿਆਂ ਕਈ ਭੈਣ-ਭਾਈ ਮੇਰੀ ਮਦਦ ਕਰਨ ਆਏ। ਮੇਰੇ ਨਾਲ ਹੋਰ ਲੋਕ ਜੋ ਹਸਪਤਾਲ ਵਿਚ ਸਨ, ਇਨ੍ਹਾਂ ਭੈਣ-ਭਾਈਆਂ ਦਾ ਪਿਆਰ ਦੇਖ ਕੇ ਹੈਰਾਨ ਹੋਏ।

ਠੀਕ ਹੋਣ ਤੋਂ ਬਾਅਦ ਮੈਨੂੰ ਰੋਮ ਸ਼ਹਿਰ ਵਿਚ ਸੇਵਾ ਕਰਨ ਭੇਜਿਆ ਗਿਆ। ਯਹੋਵਾਹ ਦੀ ਮਦਦ ਨਾਲ ਮੈਂ ਪੰਜ ਸਾਲਾਂ ਤਕ ਸ਼ਹਿਰ ਦੇ ਕਾਰੋਬਾਰੀ ਇਲਾਕੇ ਵਿਚ ਪ੍ਰਚਾਰ ਕੀਤਾ। ਇਟਲੀ ਵਿਚ ਮੈਂ ਪੂਰੇ 20 ਸਾਲ ਸੇਵਾ ਕੀਤੀ ਅਤੇ ਇਤਾਲਵੀ ਲੋਕਾਂ ਨਾਲ ਮੇਰਾ ਮੋਹ ਪੈ ਗਿਆ।

ਐਥਿਨਜ਼ ਵਾਪਸ ਆਈ

ਸਮੇਂ ਦੇ ਬੀਤਣ ਨਾਲ ਮੇਰੇ ਭੈਣ ਤੇ ਜੀਜੇ ਦੀ ਸਿਹਤ ਹੋਰ ਵਿਗੜ ਗਈ। ਉਨ੍ਹਾਂ ਮੇਰੇ ਲਈ ਜੋ ਕੀਤਾ ਮੈਂ ਕਦੇ ਮੋੜ ਤਾਂ ਨਹੀਂ ਸਕਦੀ ਸੀ, ਪਰ ਮੈਂ ਸੋਚਿਆ ਕਿ ਜੇ ਮੈਂ ਉਨ੍ਹਾਂ ਦੇ ਥੋੜ੍ਹਾ ਲਾਗੇ ਰਹਿੰਦੀ ਹੋਵਾਂ, ਤਾਂ ਕੁਝ ਹੱਦ ਤਕ ਮੈਂ ਉਨ੍ਹਾਂ ਦੀ ਮਦਦ ਕਰ ਸਕਾਂਗੀ। ਇਟਲੀ ਤੋਂ ਤੁਰਨ ਲੱਗਿਆ ਮੇਰਾ ਦਿਲ ਬਹੁਤ ਭਾਰਾ ਸੀ, ਪਰ ਬ੍ਰਾਂਚ ਆਫ਼ਿਸ ਦੀ ਇਜਾਜ਼ਤ ਨਾਲ 1985 ਵਿਚ ਮੈਂ ਐਥਿਨਜ਼ ਵਾਪਸ ਆ ਗਈ। ਮੈਂ ਫਿਰ ਤੋਂ ਉੱਥੇ ਹੀ ਪਾਇਨੀਅਰੀ ਕਰ ਰਹੀ ਹਾਂ ਜਿੱਥੇ ਮੈਂ 1947 ਵਿਚ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਸੀ।

ਮੈਂ ਆਪਣੀ ਕਲੀਸਿਯਾ ਦੇ ਖੇਤਰ ਵਿਚ ਪ੍ਰਚਾਰ ਕਰਨ ਤੋਂ ਇਲਾਵਾ ਬ੍ਰਾਂਚ ਦੀ ਇਜਾਜ਼ਤ ਨਾਲ ਸ਼ਹਿਰ ਦੇ ਕਾਰੋਬਾਰੀ ਇਲਾਕੇ ਵਿਚ ਵੀ ਪ੍ਰਚਾਰ ਕਰਨ ਲੱਗ ਪਈ। ਇਕ ਹੋਰ ਪਾਇਨੀਅਰ ਭੈਣ ਨਾਲ ਮਿਲ ਕੇ ਮੈਂ ਤਿੰਨ ਸਾਲਾਂ ਤਕ ਉਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜੋ ਕੰਮ ਤੇ ਗਏ ਹੋਣ ਕਾਰਨ ਆਮ ਕਰਕੇ ਘਰ ਨਹੀਂ ਮਿਲਦੇ।

ਸਮਾਂ ਤਾਂ ਆਪਣੀ ਚਾਲੇ ਚੱਲੀ ਜਾ ਰਿਹਾ ਹੈ, ਪਰ ਪਰਮੇਸ਼ੁਰ ਦੀ ਸੇਵਾ ਕਰਨ ਦਾ ਮੇਰਾ ਜੋਸ਼ ਮੱਠਾ ਨਹੀਂ ਪਿਆ। ਮੇਰੇ ਵਿਚ ਪਹਿਲਾਂ ਵਰਗੀ ਤਾਕਤ ਨਹੀਂ ਰਹੀ। ਮੇਰਾ ਜੀਜਾ ਮੌਤ ਦੀ ਨੀਂਦ ਸੌਂ ਗਿਆ ਹੈ। ਮੇਰੀ ਮਾਂ ਵਰਗੀ ਭੈਣ ਦੀ ਨਿਗਾਹ ਚਲੀ ਗਈ ਹੈ। ਉਨ੍ਹਾਂ ਸਾਲਾਂ ਦੌਰਾਨ ਮੇਰੀ ਸਿਹਤ ਚੰਗੀ ਸੀ ਜਦ ਮੈਂ ਮਿਸ਼ਨਰੀ ਸੇਵਾ ਕਰਦੀ ਸੀ, ਪਰ ਕੁਝ ਸਮਾਂ ਪਹਿਲਾਂ ਮੈਂ ਪੌੜੀਆਂ ਤੋਂ ਡਿੱਗ ਗਈ ਤੇ ਮੇਰੀ ਸੱਜੀ ਬਾਂਹ ਟੁੱਟ ਗਈ। ਮੈਂ ਦੁਬਾਰਾ ਡਿੱਗ ਗਈ ਤੇ ਮੇਰਾ ਲੱਕ ਟੁੱਟ ਗਿਆ। ਓਪਰੇਸ਼ਨ ਕਰਾਉਣ ਤੋਂ ਬਾਅਦ ਮੈਨੂੰ ਕਾਫ਼ੀ ਸਮਾਂ ਬਿਸਤਰੇ ਤੇ ਆਰਾਮ ਕਰਨਾ ਪਿਆ। ਹੁਣ ਮੈਨੂੰ ਸੋਟੀ ਦੇ ਆਸਰੇ ਤੁਰਨਾ ਪੈਂਦਾ ਹੈ ਤੇ ਬਿਨਾਂ ਕਿਸੇ ਨੂੰ ਨਾਲ ਲਏ ਮੈਂ ਇਕੱਲੀ ਕਿਤੇ ਆ-ਜਾ ਨਹੀਂ ਸਕਦੀ। ਭਾਵੇਂ ਮੈਂ ਬਹੁਤਾ ਨਹੀਂ ਕਰ ਸਕਦੀ, ਪਰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।

ਆਪਣੇ ਬੀਤੇ ਸਾਲਾਂ ਬਾਰੇ ਸੋਚ ਕੇ ਮੇਰਾ ਦਿਲ ਯਹੋਵਾਹ ਲਈ ਸ਼ੁਕਰਗੁਜ਼ਾਰੀ ਨਾਲ ਭਰ ਜਾਂਦਾ ਹੈ। ਉਸ ਨੇ ਅਤੇ ਉਸ ਦੇ ਜ਼ਮੀਨੀ ਸੰਗਠਨ ਨੇ ਮੇਰੀ ਲਗਾਤਾਰ ਅਗਵਾਈ ਕੀਤੀ ਹੈ ਤਾਂਕਿ ਮੈਂ ਆਪਣੀ ਪੂਰੀ ਜ਼ਿੰਦਗੀ ਉਸ ਦੀ ਸੇਵਾ ਪੂਰੇ ਜੋਸ਼ ਨਾਲ ਕਰਦੀ ਰਹਾਂ। ਯਹੋਵਾਹ ਅੱਗੇ ਮੇਰੀ ਇਹੋ ਅਰਦਾਸ ਹੈ ਕਿ ਉਹ ਮੈਨੂੰ ਤਾਕਤ ਬਖ਼ਸ਼ਦਾ ਰਹੇ ਤਾਂਕਿ ਮੈਂ ਉਸ ਦੀ ਸੇਵਾ ਵਿਚ ਲੱਗੀ ਰਹਾਂ। ਮੈਂ ਖ਼ੁਸ਼ ਹਾਂ ਕਿ ਮੈਨੂੰ ਕਈ ਦੇਸ਼ਾਂ ਵਿਚ ਪ੍ਰਚਾਰ ਕਰਨ ਦੇ ਮੌਕੇ ਮਿਲੇ ਹਨ।—ਮਲਾਕੀ 3:10.

[ਸਫ਼ੇ 9 ਉੱਤੇ ਤਸਵੀਰ]

ਗਿਲਿਅਡ ਜਾਣ ਤੋਂ ਪਹਿਲਾਂ ਆਪਣੀ ਭੈਣ ਅਰਿਏਡਨੇ ਅਤੇ ਜੀਜੇ ਮਿਖਾਲਿਸ ਨਾਲ

[ਸਫ਼ੇ 10 ਉੱਤੇ ਤਸਵੀਰ]

ਮੈਨੂੰ ਤੇ ਰੂਥ ਹੈਮਿਗ ਨੂੰ ਇਸਤੰਬੁਲ, ਤੁਰਕੀ ਭੇਜਿਆ ਗਿਆ

[ਸਫ਼ੇ 11 ਉੱਤੇ ਤਸਵੀਰ]

ਇਟਲੀ ਵਿਚ 1970 ਦੇ ਦਹਾਕੇ ਦੇ ਮੁਢਲੇ ਸਾਲਾਂ ਦੌਰਾਨ

[ਸਫ਼ੇ 12 ਉੱਤੇ ਤਸਵੀਰ]

ਅੱਜ ਆਪਣੀ ਭੈਣ ਅਰਿਏਡਨੇ ਨਾਲ