“ਜੰਗ ਮੁੱਕ ਗਈ”
“ਜੰਗ ਮੁੱਕ ਗਈ”
ਯਹੋਵਾਹ ਦੇ ਗਵਾਹਾਂ ਨੇ 2002 ਵਿਚ ਕਾਂਗੋ ਲੋਕਤੰਤਰੀ ਗਣਰਾਜ ਦੇ ਉੱਤਰ-ਪੱਛਮੀ ਇਲਾਕੇ ਦੇ ਐਮਬਾਨਡਾਕਾ ਸ਼ਹਿਰ ਵਿਚ ਇਕ ਵੱਡਾ ਸੰਮੇਲਨ ਕੀਤਾ ਸੀ। ਪ੍ਰੋਗ੍ਰਾਮ ਦੌਰਾਨ ਜਦ ਲਿੰਗਾਲਾ ਭਾਸ਼ਾ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਰਿਲੀਸ ਕੀਤੀ ਗਈ, ਤਾਂ ਪ੍ਰੋਗ੍ਰਾਮ ਸੁਣਨ ਵਾਲੇ ਖ਼ੁਸ਼ੀ ਨਾਲ ਕੁੱਦਣ ਲੱਗ ਪਏ ਅਤੇ ਕੁਝ ਤਾਂ ਰੋਣ ਹੀ ਲੱਗ ਪਏ। ਪ੍ਰੋਗ੍ਰਾਮ ਤੋਂ ਬਾਅਦ ਲੋਕ ਸਟੇਜ ਵੱਲ ਨੱਠੇ ਤਾਂਕਿ ਉਹ ਨਵੀਂ ਬਾਈਬਲ ਨੂੰ ਲਾਗਿਓਂ ਦੇਖ ਸਕਣ। ਉਹ ਉੱਚੀ-ਉੱਚੀ ਕਹਿ ਰਹੇ ਸਨ: “ਬਾਸੂਕੀ ਬਾਸਾਮਬਵੀ,” ਜਿਸ ਦਾ ਮਤਲਬ ਹੈ: “ਜੰਗ ਮੁੱਕ ਗਈ! ਲਾਨ੍ਹਤ ਹੈ ਉਨ੍ਹਾਂ ਤੇ!”
ਲੋਕ ਇੰਨੇ ਖ਼ੁਸ਼ ਕਿਉਂ ਸਨ ਅਤੇ ਉਹ ਕਿਨ੍ਹਾਂ ਤੇ ਲਾਨ੍ਹਤਾਂ ਪਾ ਰਹੇ ਸਨ? ਐਮਬਾਨਡਾਕਾ ਦੇ ਕੁਝ ਇਲਾਕਿਆਂ ਵਿਚ ਯਹੋਵਾਹ ਦੇ ਗਵਾਹਾਂ ਨੂੰ ਲਿੰਗਾਲਾ ਵਿਚ ਬਾਈਬਲਾਂ ਨਹੀਂ ਮਿਲਦੀਆਂ ਸਨ। ਕਿਉਂ ਨਹੀਂ? ਕਿਉਂਕਿ ਚਰਚ ਯਹੋਵਾਹ ਦੇ ਗਵਾਹਾਂ ਨੂੰ ਬਾਈਬਲਾਂ ਨਹੀਂ ਵੇਚਦੇ ਸਨ। ਗਵਾਹਾਂ ਨੂੰ ਕਿਸੇ ਹੋਰ ਦੇ ਜ਼ਰੀਏ ਬਾਈਬਲਾਂ ਖ਼ਰੀਦਣੀਆਂ ਪੈਂਦੀਆਂ ਸਨ। ਹੁਣ ਗਵਾਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਚਰਚ ਉਨ੍ਹਾਂ ਨੂੰ ਬਾਈਬਲਾਂ ਲੈਣ ਤੋਂ ਰੋਕ ਨਹੀਂ ਸਕਦੇ ਸਨ।
ਬਾਈਬਲ ਦਾ ਇਹ ਨਵਾਂ ਤਰਜਮਾ ਸਿਰਫ਼ ਯਹੋਵਾਹ ਦੇ ਗਵਾਹਾਂ ਦੇ ਫ਼ਾਇਦੇ ਲਈ ਹੀ ਨਹੀਂ ਹੈ, ਸਗੋਂ ਇਸ ਤੋਂ ਦੂਸਰੇ ਲੋਕਾਂ ਨੂੰ ਵੀ ਫ਼ਾਇਦਾ ਹੋਵੇਗਾ। ਇਕ ਆਦਮੀ ਨੇ ਲਾਉਡ-ਸਪੀਕਰਾਂ ਦੇ ਜ਼ਰੀਏ ਆਪਣੇ ਘਰ ਬੈਠਿਆਂ ਸੰਮੇਲਨ ਦਾ ਸਾਰਾ ਪ੍ਰੋਗ੍ਰਾਮ ਸੁਣਿਆ। ਉਸ ਨੇ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਲਿਖਿਆ: “ਇਸ ਬਾਈਬਲ ਦੀ ਰਿਲੀਸ ਬਾਰੇ ਸੁਣ ਕੇ ਮੈਂ ਬਹੁਤ ਖ਼ੁਸ਼ ਹਾਂ। ਇਸ ਤੋਂ ਅਸੀਂ ਬਹੁਤ ਕੁਝ ਸਿੱਖਾਂਗੇ। ਮੈਂ ਆਪ ਯਹੋਵਾਹ ਦਾ ਗਵਾਹ ਨਹੀਂ ਹਾਂ, ਪਰ ਮੈਂ ਵੀ ਤੁਹਾਡੀ ਨਵੀਂ ਬਾਈਬਲ ਹਾਸਲ ਕਰਨ ਦੀ ਉਡੀਕ ਵਿਚ ਹਾਂ।”
ਹੁਣ ਪੂਰੀ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ 33 ਭਾਸ਼ਾਵਾਂ ਵਿਚ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਲਿੰਗਾਲਾ ਦੇ ਨਾਲ-ਨਾਲ 19 ਹੋਰ ਭਾਸ਼ਾਵਾਂ ਵਿਚ ਮਿਲ ਸਕਦੀ ਹੈ। ਜੇ ਤੁਸੀਂ ਇਸ ਸ਼ਾਨਦਾਰ ਤਰਜਮੇ ਦੀ ਇਕ ਕਾਪੀ ਲੈਣੀ ਚਾਹੁੰਦੇ ਹੋ, ਤਾਂ ਯਹੋਵਾਹ ਦੇ ਕਿਸੇ ਗਵਾਹ ਤੋਂ ਮੰਗੋ।