Skip to content

Skip to table of contents

“ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ”

“ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ”

“ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ”

ਜਦੋਂ ਪੰਛੀ ਸਵੇਰ ਨੂੰ ਨੀਂਦ ਤੋਂ ਜਾਗਦੇ ਹਨ, ਤਾਂ ਸਭ ਤੋਂ ਪਹਿਲਾਂ ਉਹ ਚਹਿਕਦੇ ਹਨ ਤੇ ਫਿਰ ਖਾਣਾ ਲੱਭਣ ਲਈ ਉੱਡ ਜਾਂਦੇ ਹਨ। ਸ਼ਾਮੀਂ ਉਹ ਆਪਣੇ ਆਲ੍ਹਣਿਆਂ ਨੂੰ ਮੁੜਦੇ ਹਨ, ਫਿਰ ਥੋੜ੍ਹੇ ਚਿਰ ਲਈ ਚਹਿਕਦੇ ਹਨ ਤੇ ਸੌਂ ਜਾਂਦੇ ਹਨ। ਉਹ ਕੁਝ ਰੁੱਤਾਂ ਵਿਚ ਮੇਲ ਕਰਦੇ ਹਨ, ਆਂਡੇ ਦਿੰਦੇ ਅਤੇ ਫਿਰ ਆਪਣੇ ਬੱਚਿਆਂ ਨੂੰ ਪਾਲਦੇ ਹਨ। ਹੋਰਨਾਂ ਜਾਨਵਰਾਂ ਦਾ ਵੀ ਇਹੋ ਜੀਵਨ ਚੱਕਰ ਹੈ।

ਪਰ ਇਨਸਾਨ ਜਾਨਵਰਾਂ ਤੋਂ ਵੱਖਰੇ ਹਨ। ਇਹ ਗੱਲ ਸੱਚ ਹੈ ਕਿ ਅਸੀਂ ਵੀ ਖਾਂਦੇ-ਪੀਂਦੇ, ਸੌਂਦੇ ਤੇ ਬੱਚੇ ਪੈਦਾ ਕਰਦੇ ਹਾਂ, ਪਰ ਅਸੀਂ ਸਿਰਫ਼ ਇਨ੍ਹਾਂ ਗੱਲਾਂ ਨਾਲ ਹੀ ਸੰਤੁਸ਼ਟ ਨਹੀਂ ਹੁੰਦੇ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਇਸ ਦੁਨੀਆਂ ਵਿਚ ਕਿਉਂ ਆਏ ਹਾਂ। ਅਸੀਂ ਆਪਣੀਆਂ ਜ਼ਿੰਦਗੀਆਂ ਦਾ ਮਕਸਦ ਭਾਲਦੇ ਹਾਂ। ਅਸੀਂ ਵਧੀਆ ਭਵਿੱਖ ਚਾਹੁੰਦੇ ਹਾਂ। ਇਨ੍ਹਾਂ ਗੱਲਾਂ ਤੋਂ ਜ਼ਾਹਰ ਹੁੰਦਾ ਹੈ ਕਿ ਇਨਸਾਨ ਰੂਹਾਨੀ ਗੱਲਾਂ ਲਈ ਪਿਆਸੇ ਹਨ ਅਤੇ ਇਸ ਪਿਆਸ ਨੂੰ ਤ੍ਰਿਪਤ ਕਰਨ ਲਈ ਉਨ੍ਹਾਂ ਕੋਲ ਰੂਹਾਨੀ ਗੱਲਾਂ ਸਮਝਣ ਦੀ ਯੋਗਤਾ ਵੀ ਹੈ।

ਪਰਮੇਸ਼ੁਰ ਦੇ ਸਰੂਪ ਤੇ ਬਣਾਏ ਗਏ

ਬਾਈਬਲ ਸਮਝਾਉਂਦੀ ਹੈ ਕਿ ਇਨਸਾਨ ਨੂੰ ਰੂਹਾਨੀ ਗੱਲਾਂ ਬਾਰੇ ਜਾਣਨ ਦੀ ਕਿਉਂ ਲੋੜ ਹੈ: “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।” (ਉਤਪਤ 1:27) “ਪਰਮੇਸ਼ੁਰ ਦੇ ਸਰੂਪ ਉੱਤੇ” ਬਣਾਏ ਜਾਣ ਦਾ ਮਤਲਬ ਹੈ ਕਿ ਭਾਵੇਂ ਅਸੀਂ ਗ਼ਲਤੀਆਂ ਦੇ ਪੁਤਲੇ ਹਾਂ, ਫਿਰ ਵੀ ਅਸੀਂ ਕੁਝ ਹੱਦ ਤਕ ਪਰਮੇਸ਼ੁਰ ਦੀ ਨਕਲ ਕਰ ਸਕਦੇ ਹਾਂ ਯਾਨੀ ਉਸ ਵਰਗੇ ਗੁਣ ਪੈਦਾ ਕਰ ਸਕਦੇ ਹਾਂ। (ਰੋਮੀਆਂ 5:12) ਮਿਸਾਲ ਵਜੋਂ, ਅਸੀਂ ਕੋਈ ਚੀਜ਼ ਡੀਜ਼ਾਈਨ ਕਰ ਕੇ ਉਸ ਨੂੰ ਬਣਾ ਸਕਦੇ ਹਾਂ, ਸਾਡੇ ਕੋਲ ਬੁੱਧ ਹੈ, ਅਸੀਂ ਇਨਸਾਫ਼ ਕਰਨਾ ਅਤੇ ਇਕ-ਦੂਜੇ ਨਾਲ ਪਿਆਰ ਕਰਨਾ ਜਾਣਦੇ ਹਾਂ। ਇਸ ਤੋਂ ਇਲਾਵਾ ਅਸੀਂ ਆਪਣੇ ਅਤੀਤ ਅਤੇ ਆਉਣ ਵਾਲੇ ਕੱਲ੍ਹ ਬਾਰੇ ਸੋਚ ਕੇ ਯੋਜਨਾਵਾਂ ਬਣਾ ਸਕਦੇ ਹਾਂ।—ਕਹਾਉਤਾਂ 4:7; ਉਪਦੇਸ਼ਕ ਦੀ ਪੋਥੀ 3:1, 11; ਮੀਕਾਹ 6:8; ਯੂਹੰਨਾ 13:34; 1 ਯੂਹੰਨਾ 4:8.

ਪਰ ਸਾਡੀ ਧਾਰਮਿਕਤਾ ਖ਼ਾਸ ਕਰਕੇ ਇਸ ਗੱਲ ਤੋਂ ਸਾਫ਼ ਦੇਖੀ ਜਾ ਸਕਦੀ ਹੈ ਕਿ ਅਸੀਂ ਸੁਭਾਵਕ ਤੌਰ ਤੇ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦੇ ਹਾਂ। ਜਿੰਨਾ ਚਿਰ ਅਸੀਂ ਆਪਣੀ ਰੂਹਾਨੀ ਲੋੜ ਪੂਰੀ ਕਰ ਕੇ ਆਪਣੇ ਸਿਰਜਣਹਾਰ ਨਾਲ ਵਧੀਆ ਰਿਸ਼ਤਾ ਨਹੀਂ ਕਾਇਮ ਕਰਦੇ, ਉੱਨਾ ਚਿਰ ਅਸੀਂ ਸੱਚ-ਮੁੱਚ ਖ਼ੁਸ਼ ਨਹੀਂ ਹੋ ਸਕਦੇ। ਯਿਸੂ ਨੇ ਕਿਹਾ ਸੀ: “ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।” (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਜ਼ਰੂਰੀ ਹੈ ਕਿ ਅਸੀਂ ਇਸ ਲੋੜ ਨੂੰ ਸਹੀ ਜਾਣਕਾਰੀ ਨਾਲ ਪੂਰੀ ਕਰੀਏ। ਹਾਂ ਸਾਨੂੰ ਪਰਮੇਸ਼ੁਰ, ਉਸ ਦੇ ਅਸੂਲਾਂ ਅਤੇ ਇਨਸਾਨਾਂ ਲਈ ਉਸ ਦੇ ਮਕਸਦ ਬਾਰੇ ਸਹੀ ਜਾਣਕਾਰੀ ਹਾਸਲ ਕਰਨ ਦੀ ਲੋੜ ਹੈ। ਤਾਂ ਫਿਰ, ਇਹ ਜਾਣਕਾਰੀ ਸਾਨੂੰ ਕਿੱਥੋਂ ਮਿਲ ਸਕਦੀ ਹੈ? ਪਵਿੱਤਰ ਬਾਈਬਲ ਵਿੱਚੋਂ।

“ਤੇਰਾ ਬਚਨ ਸਚਿਆਈ ਹੈ”

ਪੌਲੁਸ ਰਸੂਲ ਨੇ ਲਿਖਿਆ ਸੀ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।” (2 ਤਿਮੋਥਿਉਸ 3:16) ਪੌਲੁਸ ਦੇ ਇਹ ਸ਼ਬਦ ਪ੍ਰਾਰਥਨਾ ਵਿਚ ਯਿਸੂ ਦੇ ਕਹੇ ਇਨ੍ਹਾਂ ਸ਼ਬਦਾਂ ਦੀ ਹਾਮੀ ਭਰਦੇ ਹਨ: “ਤੇਰਾ ਬਚਨ ਸਚਿਆਈ ਹੈ।” ਅੱਜ ਅਸੀਂ ਉਸ ਬਚਨ ਨੂੰ ਪਵਿੱਤਰ ਬਾਈਬਲ ਵਜੋਂ ਜਾਣਦੇ ਹਾਂ ਅਤੇ ਸਾਡੇ ਲਈ ਬੁੱਧੀਮਤਾ ਦੀ ਗੱਲ ਹੋਵੇਗੀ ਜੇ ਅਸੀਂ ਧਿਆਨ ਨਾਲ ਦੇਖੀਏ ਕਿ ਸਾਡੇ ਵਿਸ਼ਵਾਸ ਅਤੇ ਮਿਆਰ ਇਸ ਦੇ ਨਾਲ ਮਿਲਦੇ ਹਨ ਕਿ ਨਹੀਂ।—ਯੂਹੰਨਾ 17:17.

ਜਦ ਅਸੀਂ ਪਰਮੇਸ਼ੁਰ ਦੇ ਬਚਨ ਨਾਲ ਆਪਣੇ ਵਿਸ਼ਵਾਸਾਂ ਦੀ ਤੁਲਨਾ ਕਰਦੇ ਹਾਂ, ਤਦ ਅਸੀਂ ਪ੍ਰਾਚੀਨ ਬਰਿਯਾ ਦੇ ਸ਼ਹਿਰੀਆਂ ਦੀ ਨਕਲ ਕਰ ਰਹੇ ਹੋਵਾਂਗੇ। ਇਨ੍ਹਾਂ ਲੋਕਾਂ ਨੇ ਪੌਲੁਸ ਦੀਆਂ ਗੱਲਾਂ ਸੁਣ ਕੇ ਬਾਈਬਲ ਵਿੱਚੋਂ ਜਾਂਚ ਕਰ ਕੇ ਦੇਖਿਆ ਸੀ ਕਿ ਉਸ ਦੀਆਂ ਸਿੱਖਿਆਵਾਂ ਬਾਈਬਲ ਨਾਲ ਮੇਲ ਖਾਂਦੀਆਂ ਸਨ ਜਾਂ ਨਹੀਂ। ਬਰਿਯਾ ਦੇ ਵਸਨੀਕਾਂ ਦੀ ਨਿੰਦਾ ਕਰਨ ਦੀ ਬਜਾਇ ਯਿਸੂ ਦੇ ਚੇਲੇ ਲੂਕਾ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ। ਲੂਕਾ ਦੱਸਦਾ ਹੈ ਕਿ ਉਨ੍ਹਾਂ ਨੇ “ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।” (ਰਸੂਲਾਂ ਦੇ ਕਰਤੱਬ 17:11) ਅੱਜ-ਕੱਲ੍ਹ ਵੱਖੋ-ਵੱਖਰੀਆਂ ਧਾਰਮਿਕ ਸਿੱਖਿਆਵਾਂ ਤੇ ਨੈਤਿਕ ਮਿਆਰ ਪਾਏ ਜਾਂਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਰਿਯਾ ਸ਼ਹਿਰ ਦੇ ਬੁੱਧੀਮਾਨ ਲੋਕਾਂ ਦੀ ਰੀਸ ਕਰ ਕੇ ਸੱਚਾਈ ਦੀ ਭਾਲ ਕਰੀਏ।

ਰੂਹਾਨੀ ਸੱਚਾਈ ਪਛਾਣਨ ਦਾ ਹੋਰ ਕਿਹੜਾ ਤਰੀਕਾ ਹੈ? ਅਸੀਂ ਦੇਖ ਸਕਦੇ ਹਾਂ ਕਿ ਇਸ ਦਾ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ। (ਮੱਤੀ 7:17) ਮਿਸਾਲ ਵਜੋਂ, ਜੇ ਵਿਅਕਤੀ ਬਾਈਬਲ ਦੀ ਸੱਚਾਈ ਦੇ ਅਨੁਸਾਰ ਚੱਲੇ, ਤਾਂ ਉਹ ਚੰਗਾ ਪਤੀ ਤੇ ਪਿਤਾ ਬਣੇਗਾ, ਚੰਗੀ ਪਤਨੀ ਅਤੇ ਮਾਂ ਬਣੇਗੀ ਜਿਸ ਨਾਲ ਪਰਿਵਾਰਕ ਖ਼ੁਸ਼ੀ ਵਧੇਗੀ ਅਤੇ ਸਾਰਿਆਂ ਨੂੰ ਮਨ ਦੀ ਸ਼ਾਂਤੀ ਵੀ ਮਿਲੇਗੀ। ਯਿਸੂ ਨੇ ਕਿਹਾ ਸੀ: “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।”—ਲੂਕਾ 11:28.

ਯਿਸੂ ਦੇ ਇਹ ਸ਼ਬਦ ਸਾਨੂੰ ਉਸ ਦੇ ਸਵਰਗੀ ਪਿਤਾ ਦੇ ਸ਼ਬਦ ਯਾਦ ਕਰਾਉਂਦੇ ਹਨ ਜੋ ਉਸ ਨੇ ਪ੍ਰਾਚੀਨ ਇਸਰਾਏਲੀਆਂ ਨੂੰ ਕਹੇ ਸਨ: “ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਉਂ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।” (ਯਸਾਯਾਹ 48:17, 18) ਨੇਕ ਤੇ ਈਮਾਨਦਾਰ ਵਿਅਕਤੀ ਪਰਮੇਸ਼ੁਰ ਦੀ ਇਹ ਅਰਜ਼ ਕਬੂਲ ਕਰਨ ਲਈ ਝੱਟ ਤਿਆਰ ਹੋ ਜਾਣਗੇ!

ਕੁਝ ਆਪਣੇ “ਕੰਨਾਂ ਦੀ ਜਲੂਨ” ਜ਼ਿਆਦਾ ਪਸੰਦ ਕਰਦੇ ਹਨ

ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਇਸ ਲਈ ਅਰਜ਼ ਕੀਤੀ ਸੀ ਕਿਉਂਕਿ ਉਸ ਵੇਲੇ ਉਨ੍ਹਾਂ ਨੂੰ ਝੂਠੀਆਂ ਧਾਰਮਿਕ ਗੱਲਾਂ ਰਾਹੀਂ ਭਰਮਾਇਆ ਜਾ ਰਿਹਾ ਸੀ। (ਜ਼ਬੂਰਾਂ ਦੀ ਪੋਥੀ 106:35-40) ਸਾਨੂੰ ਵੀ ਝੂਠੀਆਂ ਸਿੱਖਿਆਵਾਂ ਤੋਂ ਬਚੇ ਰਹਿਣ ਦੀ ਲੋੜ ਹੈ। ਪੌਲੁਸ ਰਸੂਲ ਨੇ ਉਨ੍ਹਾਂ ਲੋਕਾਂ ਬਾਰੇ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ ਇਹ ਲਿਖਿਆ: “ਉਹ ਸਮਾ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ। ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ।”—2 ਤਿਮੋਥਿਉਸ 4:3, 4.

ਅੱਜ ਧਾਰਮਿਕ ਆਗੂ ਲੋਕਾਂ ਨੂੰ ਉਹੀ ਗੱਲਾਂ ਸੁਣਾਉਂਦੇ ਹਨ ਜੋ ਲੋਕਾਂ ਦੇ ਕੰਨਾਂ ਨੂੰ ਚੰਗੀਆਂ ਲੱਗਦੀਆਂ ਹਨ। ਉਹ ਲੋਕਾਂ ਦੇ ਗ਼ਲਤ ਕੰਮਾਂ ਨੂੰ ਸਹੀ ਕਰਾਰ ਦਿੰਦੇ ਹਨ। ਮਿਸਾਲ ਲਈ, ਜਦ ਸ਼ਾਦੀ-ਸ਼ੁਦਾ ਲੋਕ ਇਕ-ਦੂਜੇ ਨਾਲ ਬੇਵਫ਼ਾਈ ਕਰਦੇ ਹਨ, ਸਮਲਿੰਗੀ ਸੰਬੰਧ ਰੱਖਦੇ ਹਨ ਅਤੇ ਜ਼ਿਆਦਾ ਸ਼ਰਾਬ ਪੀਂਦੇ ਹਨ, ਤਦ ਧਾਰਮਿਕ ਆਗੂ ਉਨ੍ਹਾਂ ਦੇ ਇਨ੍ਹਾਂ ਕੰਮਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਇਨ੍ਹਾਂ ਕੰਮਾਂ ਨੂੰ ਠੀਕ ਸਮਝਦੇ ਹਨ ਅਤੇ ਇਨ੍ਹਾਂ ਵਿਚ ਹਿੱਸਾ ਲੈਂਦੇ ਹਨ, ਉਹ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।”—1 ਕੁਰਿੰਥੀਆਂ 6:9, 10; ਰੋਮੀਆਂ 1:24-32.

ਇਹ ਸੱਚ ਹੈ ਕਿ ਬਾਈਬਲ ਦੇ ਮਿਆਰਾਂ ਤੇ ਚੱਲਣਾ ਕੋਈ ਸੌਖੀ ਗੱਲ ਨਹੀਂ ਹੈ, ਖ਼ਾਸ ਕਰਕੇ ਜਦ ਸਾਡੇ ਆਲੇ-ਦੁਆਲੇ ਦੇ ਲੋਕ ਸਾਡਾ ਮਖੌਲ ਉਡਾਉਂਦੇ ਹਨ। ਪਰ ਫਿਰ ਵੀ ਅਸੀਂ ਇਨ੍ਹਾਂ ਮਿਆਰਾਂ ਤੇ ਚੱਲ ਸਕਦੇ ਹਾਂ। ਯਹੋਵਾਹ ਦੇ ਗਵਾਹਾਂ ਵਿੱਚੋਂ ਕਈ ਲੋਕ ਪਹਿਲਾਂ ਅਮਲੀ, ਸ਼ਰਾਬੀ, ਹਰਾਮਕਾਰ, ਝੂਠੇ, ਗੁੰਡੇ ਤੇ ਚੋਰ ਹੋਇਆ ਕਰਦੇ ਸਨ। ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਕੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਆਪਣਾ ਜੀਵਨ-ਢੰਗ ਬਦਲਿਆ ਤਾਂਕਿ ਉਹ ‘ਅਜਿਹੀ ਜੋਗ ਚਾਲ ਚੱਲ ਸਕਣ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਉਂਦੀ ਹੈ।’ (ਕੁਲੁੱਸੀਆਂ 1:9, 10; 1 ਕੁਰਿੰਥੀਆਂ 6:11) ਇਸ ਤਰ੍ਹਾਂ ਉਹ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਕਾਇਮ ਕਰਦੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਅਤੇ ਭਵਿੱਖ ਲਈ ਇਕ ਵਧੀਆ ਆਸ ਵੀ ਮਿਲੀ ਹੈ।

ਪਰਮੇਸ਼ੁਰ ਦੇ ਰਾਜ ਦੀ ਆਸ

ਬਾਈਬਲ ਵਿਚ ਪਰਮੇਸ਼ੁਰ ਦੇ ਭਗਤਾਂ ਲਈ ਸਥਾਈ ਸ਼ਾਂਤੀ ਦੀ ਆਸ ਬਾਰੇ ਜ਼ਿਕਰ ਕੀਤਾ ਗਿਆ ਹੈ। ਪਰਮੇਸ਼ੁਰ ਦਾ ਰਾਜ ਹੀ ਇਹ ਸ਼ਾਂਤੀ ਲਿਆਵੇਗਾ। ਯਿਸੂ ਨੇ ਆਪਣੀ ਆਦਰਸ਼ ਪ੍ਰਾਰਥਨਾ ਵਿਚ ਕਿਹਾ ਸੀ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਜੀ ਹਾਂ, ਪਰਮੇਸ਼ੁਰ ਆਪਣੇ ਰਾਜ ਰਾਹੀਂ ਹੀ ਇਸ ਧਰਤੀ ਸੰਬੰਧੀ ਆਪਣੀ ਮਰਜ਼ੀ ਪੂਰੀ ਕਰੇਗਾ। ਸਿਰਫ਼ ਰਾਜ ਰਾਹੀਂ ਹੀ ਕਿਉਂ? ਕਿਉਂਕਿ ਇਹ ਰਾਜ ਯਾਨੀ ਯਿਸੂ ਮਸੀਹ ਦੀ ਸਰਕਾਰ ਹੀ ਉਹ ਜ਼ਰੀਆ ਹੈ ਜਿਸ ਰਾਹੀਂ ਪਰਮੇਸ਼ੁਰ ਆਪਣੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕਰੇਗਾ।—ਜ਼ਬੂਰਾਂ ਦੀ ਪੋਥੀ 2:7-12; ਦਾਨੀਏਲ 7:13, 14.

ਯਿਸੂ ਮਸੀਹ ਇਸ ਰਾਜ ਦੇ ਰਾਜੇ ਵਜੋਂ ਪਰਮੇਸ਼ੁਰ ਦੇ ਭਗਤਾਂ ਦੇ ਸਾਰੇ ਦੁੱਖ ਦੂਰ ਕਰਨ ਦੇ ਨਾਲ-ਨਾਲ ਆਦਮ ਦੇ ਪਾਪ ਕਾਰਨ ਆਈਆਂ ਬੀਮਾਰੀਆਂ ਅਤੇ ਮੌਤ ਨੂੰ ਵੀ ਖ਼ਤਮ ਕਰੇਗਾ। ਪਰਕਾਸ਼ ਦੀ ਪੋਥੀ 21:3, 4 ਵਿਚ ਲਿਖਿਆ ਹੈ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ . . . ਅਤੇ ਉਹ [ਯਹੋਵਾਹ ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”

ਇਸ ਧਰਤੀ ਉੱਤੇ ਸਦਾ ਲਈ ਸ਼ਾਂਤੀ ਕਾਇਮ ਕੀਤੀ ਜਾਵੇਗੀ। ਅਸੀਂ ਇਹ ਪੱਕੇ ਭਰੋਸੇ ਨਾਲ ਕਿਉਂ ਕਹਿ ਸਕਦੇ ਹਾਂ? ਇਸ ਦਾ ਜਵਾਬ ਸਾਨੂੰ ਯਸਾਯਾਹ 11:9 ਵਿਚ ਮਿਲਦਾ ਹੈ ਜਿੱਥੇ ਲਿਖਿਆ ਹੈ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ [ਪਰਮੇਸ਼ੁਰ ਦੇ ਵਫ਼ਾਦਾਰ ਸੇਵਕ] ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਰੋਇਆ ਹੈ।” ਜੀ ਹਾਂ, ਧਰਤੀ ਤੇ ਵਸਣ ਵਾਲਾ ਹਰ ਇਨਸਾਨ ਯਹੋਵਾਹ ਬਾਰੇ ਸਹੀ ਗਿਆਨ ਜਾਣੇਗਾ ਅਤੇ ਉਸ ਦਾ ਕਹਿਣਾ ਮੰਨੇਗਾ। ਕੀ ਤੁਹਾਨੂੰ ਇਹ ਗੱਲ ਸੁਣ ਕੇ ਖ਼ੁਸ਼ੀ ਨਹੀਂ ਹੁੰਦੀ? ਜੇ ਹੁੰਦੀ ਹੈ, ਤਾਂ ਤੁਹਾਨੂੰ ਹੁਣ ‘ਯਹੋਵਾਹ ਦਾ ਗਿਆਨ’ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਕੀ ਤੁਸੀਂ ਰਾਜ ਦੇ ਸੰਦੇਸ਼ ਨੂੰ ਸੁਣੋਗੇ?

ਆਪਣੇ ਰਾਜ ਰਾਹੀਂ ਪਰਮੇਸ਼ੁਰ ਸ਼ਤਾਨ ਦੇ ਸਾਰੇ ਕੰਮਾਂ ਨੂੰ ਖ਼ਤਮ ਕਰ ਕੇ ਲੋਕਾਂ ਨੂੰ ਆਪਣੇ ਧਰਮੀ ਰਾਹ ਸਿਖਾਵੇਗਾ। ਇਸੇ ਲਈ ਯਿਸੂ ਦੇ ਪ੍ਰਚਾਰ ਦਾ ਮੁੱਖ ਸੰਦੇਸ਼ ਪਰਮੇਸ਼ੁਰ ਦਾ ਰਾਜ ਸੀ। ਯਿਸੂ ਨੇ ਇਹ ਵੀ ਦੱਸਿਆ ਸੀ: “ਮੈਨੂੰ ਚਾਹੀਦਾ ਹੈ ਜੋ ਹੋਰਨਾਂ ਨਗਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।” (ਲੂਕਾ 4:43) ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਵੀ ਇਸ ਰਾਜ ਬਾਰੇ ਹੋਰਨਾਂ ਨੂੰ ਦੱਸਣ। (ਮੱਤੀ 28:19, 20) ਉਸ ਨੇ ਇਹ ਵੀ ਦੱਸਿਆ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਅੰਤ ਹੁਣ ਬਹੁਤ ਹੀ ਨੇੜੇ ਆ ਪਹੁੰਚਿਆ ਹੈ। ਤਾਂ ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਸੱਚੇ ਦਿਲ ਵਾਲੇ ਲੋਕ ਖ਼ੁਸ਼ ਖ਼ਬਰੀ ਦੇ ਸੰਦੇਸ਼ ਨੂੰ ਸੁਣ ਕੇ ਆਪਣੀਆਂ ਜਾਨਾਂ ਬਚਾਉਣ!

ਪਹਿਲੇ ਲੇਖ ਵਿਚ ਜ਼ਿਕਰ ਕੀਤੇ ਗਏ ਐਲਬਰਟ ਨੇ ਵੀ ਰਾਜ ਬਾਰੇ ਖ਼ੁਸ਼ ਖ਼ਬਰੀ ਸੁਣੀ। ਕਿਵੇਂ? ਉਸ ਦੀ ਪਤਨੀ ਅਤੇ ਉਸ ਦੇ ਮੁੰਡੇ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਪਹਿਲਾਂ-ਪਹਿਲਾਂ ਐਲਬਰਟ ਨੂੰ ਯਹੋਵਾਹ ਦੇ ਗਵਾਹਾਂ ਤੇ ਸ਼ੱਕ ਸੀ। ਉਸ ਨੇ ਇਕ ਪਾਦਰੀ ਨੂੰ ਘਰ ਬੁਲਾਇਆ ਤਾਂਕਿ ਪਾਦਰੀ ਗਵਾਹਾਂ ਨੂੰ ਗ਼ਲਤ ਸਾਬਤ ਕਰ ਸਕੇ, ਪਰ ਪਾਦਰੀ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਐਲਬਰਟ ਨੇ ਸਟੱਡੀ ਦੌਰਾਨ ਆਪਣੀ ਪਤਨੀ ਤੇ ਮੁੰਡੇ ਨਾਲ ਬੈਠਣ ਦਾ ਫ਼ੈਸਲਾ ਕੀਤਾ ਤਾਂਕਿ ਉਹ ਗਵਾਹਾਂ ਦੀ ਸਿੱਖਿਆ ਵਿਚ ਨੁਕਸ ਕੱਢ ਸਕੇ। ਪਰ ਉਨ੍ਹਾਂ ਨਾਲ ਸਿਰਫ਼ ਇਕ ਵਾਰੀ ਬੈਠਣ ਤੋਂ ਬਾਅਦ ਉਹ ਵੀ ਸਟੱਡੀ ਕਰਨ ਲੱਗ ਪਿਆ ਤਾਂਕਿ ਹੋਰ ਗੱਲਾਂ ਸਿੱਖ ਸਕੇ। ਉਸ ਦੇ ਰਵੱਈਏ ਵਿਚ ਆਈ ਤਬਦੀਲੀ ਦਾ ਕਾਰਨ ਕੀ ਸੀ? ਐਲਬਰਟ ਦੱਸਦਾ ਹੈ: “ਇਨ੍ਹਾਂ ਗੱਲਾਂ ਦੀ ਤਾਂ ਮੈਂ ਤਲਾਸ਼ ਵਿਚ ਸਾਂ।”

ਆਖ਼ਰਕਾਰ ਐਲਬਰਟ ਨੇ ਆਪਣੀ ਰੂਹਾਨੀ ਲੋੜ ਪੂਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਬਾਈਬਲ ਵਿੱਚੋਂ ਉਸ ਨੂੰ ਪਤਾ ਲੱਗਾ ਕਿ ਬੇਇਨਸਾਫ਼ੀ ਤੇ ਭ੍ਰਿਸ਼ਟਾਚਾਰ ਨੂੰ ਕਿਸ ਤਰ੍ਹਾਂ ਖ਼ਤਮ ਕੀਤਾ ਜਾਣਾ ਹੈ ਅਤੇ ਮਨੁੱਖਜਾਤੀ ਦੇ ਭਵਿੱਖ ਲਈ ਕੀ ਆਸ ਹੈ। ਬਾਈਬਲ ਦੀ ਸੱਚਾਈ ਜਾਣ ਕੇ ਹੀ ਉਸ ਦੀ ਪਿਆਸ ਤ੍ਰਿਪਤ ਹੋਈ ਅਤੇ ਉਸ ਨੂੰ ਮਨ ਦੀ ਸ਼ਾਂਤੀ ਮਿਲੀ। ਕੀ ਤੁਸੀਂ ਆਪਣੀ ਰੂਹਾਨੀ ਲੋੜ ਪੂਰੀ ਕਰ ਰਹੇ ਹੋ? ਕੁਝ ਸਮਾਂ ਕੱਢ ਕੇ ਸਫ਼ੇ 6 ਉੱਤੇ ਡੱਬੀ ਵਿਚ ਦਿੱਤੇ ਸਵਾਲਾਂ ਤੇ ਗੌਰ ਕਰੋ। ਜੇ ਤੁਸੀਂ ਇਨ੍ਹਾਂ ਗੱਲਾਂ ਬਾਰੇ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ।

[ਸਫ਼ਾ 6 ਉੱਤੇ ਡੱਬੀਆਂ/ਤਸਵੀਰ]

ਕੀ ਤੁਹਾਡੀ ਰੂਹਾਨੀ ਲੋੜ ਪੂਰੀ ਹੋ ਰਹੀ ਹੈ?

ਜੋ ਰੂਹਾਨੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਕੀ ਤੁਸੀਂ ਉਸ ਤੋਂ ਸੰਤੁਸ਼ਟ ਹੋ? ਕਿਰਪਾ ਕਰ ਕੇ ਅਗਲੇ ਸਵਾਲ ਪੜ੍ਹੋ ਅਤੇ ਜਿਨ੍ਹਾਂ ਸਵਾਲਾਂ ਦੇ ਜਵਾਬ ਤੁਹਾਨੂੰ ਆਉਂਦੇ ਹਨ, ਉਨ੍ਹਾਂ ਤੇ ਨਿਸ਼ਾਨ ਲਾਓ।

□ ਪਰਮੇਸ਼ੁਰ ਕੌਣ ਹੈ ਅਤੇ ਉਸ ਦਾ ਨਾਂ ਕੀ ਹੈ?

□ ਯਿਸੂ ਮਸੀਹ ਕੌਣ ਹੈ? ਉਸ ਨੂੰ ਆਪਣੀ ਜਾਨ ਕਿਉਂ ਦੇਣੀ ਪਈ ਸੀ? ਤੁਹਾਨੂੰ ਉਸ ਦੀ ਕੁਰਬਾਨੀ ਤੋਂ ਕੀ ਫ਼ਾਇਦਾ ਹੋ ਸਕਦਾ ਹੈ?

□ ਕੀ ਸ਼ਤਾਨ ਅਸਲੀ ਵਿਅਕਤੀ ਹੈ? ਜੇ ਹੈ, ਤਾਂ ਉਹ ਕਿੱਥੋਂ ਆਇਆ ਹੈ?

□ ਮੌਤ ਤੋਂ ਬਾਅਦ ਸਾਡੇ ਨਾਲ ਕੀ ਵਾਪਰਦਾ ਹੈ?

□ ਪਰਮੇਸ਼ੁਰ ਦਾ ਧਰਤੀ ਅਤੇ ਮਨੁੱਖਜਾਤੀ ਲਈ ਕੀ ਮਕਸਦ ਹੈ?

□ ਪਰਮੇਸ਼ੁਰ ਦਾ ਰਾਜ ਕੀ ਹੈ?

□ ਪਰਮੇਸ਼ੁਰ ਦੇ ਨੈਤਿਕ ਮਿਆਰ ਕੀ ਹਨ?

□ ਪਰਿਵਾਰ ਵਿਚ ਪਰਮੇਸ਼ੁਰ ਨੇ ਪਤੀ-ਪਤਨੀ ਨੂੰ ਕਿਹੜੀਆਂ-ਕਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ? ਬਾਈਬਲ ਦੇ ਕਿਹੜੇ ਕੁਝ ਸਿਧਾਂਤ ਪਰਿਵਾਰਕ ਖ਼ੁਸ਼ੀ ਨੂੰ ਵਧਾਉਂਦੇ ਹਨ?

ਜੇ ਤੁਹਾਨੂੰ ਇਨ੍ਹਾਂ ਸਵਾਲਾਂ ਦਾ ਪੱਕਾ ਜਵਾਬ ਨਹੀਂ ਪਤਾ, ਤਾਂ ਤੁਸੀਂ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਮਕ ਬਰੋਸ਼ਰ ਮੰਗਵਾ ਸਕਦੇ ਹੋ। ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਤਕਰੀਬਨ 300 ਭਾਸ਼ਾਵਾਂ ਵਿਚ ਛਾਪਿਆ ਗਿਆ ਹੈ। ਇਸ ਬਰੋਸ਼ਰ ਵਿਚ 16 ਵੱਖੋ-ਵੱਖਰੇ ਬਾਈਬਲ ਵਿਸ਼ਿਆਂ ਬਾਰੇ ਚਰਚਾ ਕੀਤੀ ਗਈ ਹੈ ਅਤੇ ਉੱਪਰ ਪੁੱਛੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ।

[ਸਫ਼ੇ 4 ਉੱਤੇ ਤਸਵੀਰ]

ਜਾਨਵਰਾਂ ਤੋਂ ਉਲਟ ਇਨਸਾਨਾਂ ਨੂੰ ਰੂਹਾਨੀ ਲੋੜ ਮਹਿਸੂਸ ਹੁੰਦੀ ਹੈ

[ਸਫ਼ੇ 5 ਉੱਤੇ ਤਸਵੀਰ]

‘ਉਹ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ।’—2 ਤਿਮੋਥਿਉਸ 4:3

[ਸਫ਼ੇ 7 ਉੱਤੇ ਤਸਵੀਰ]

ਪਰਮੇਸ਼ੁਰ ਦਾ ਰਾਜ ਸਦਾ ਲਈ ਸ਼ਾਂਤੀ ਕਾਇਮ ਕਰੇਗਾ