Skip to content

Skip to table of contents

“ਭਲਿਆਈ ਦੀ ਖੁਸ਼ ਖਬਰੀ”

“ਭਲਿਆਈ ਦੀ ਖੁਸ਼ ਖਬਰੀ”

“ਭਲਿਆਈ ਦੀ ਖੁਸ਼ ਖਬਰੀ”

‘ਜਿਹੜਾ ਭਲਿਆਈ ਦੀ ਖੁਸ਼ ਖਬਰੀ ਲਿਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ!’—ਯਸਾਯਾਹ 52:7.

1, 2. (ੳ) ਹਰ ਰੋਜ਼ ਕਿਹੜੀਆਂ ਬੁਰੀਆਂ ਘਟਨਾਵਾਂ ਵਾਪਰ ਰਹੀਆਂ ਹਨ? (ਅ) ਭੈੜੀਆਂ ਖ਼ਬਰਾਂ ਦਾ ਲੋਕਾਂ ਉੱਤੇ ਕੀ ਅਸਰ ਪੈਂਦਾ ਹੈ?

ਅੱਜ ਤੁਸੀਂ ਦੁਨੀਆਂ ਵਿਚ ਜਿੱਥੇ ਵੀ ਜਾਓ, ਹਰ ਪਾਸੇ ਤੁਹਾਨੂੰ ਬੁਰੀਆਂ ਖ਼ਬਰਾਂ ਹੀ ਸੁਣਨ ਨੂੰ ਮਿਲਦੀਆਂ ਹਨ। ਜਦ ਲੋਕ ਰੇਡੀਓ ਸੁਣਦੇ ਹਨ, ਤਾਂ ਉਨ੍ਹਾਂ ਨੂੰ ਭਿਆਨਕ ਬੀਮਾਰੀਆਂ ਬਾਰੇ ਪਤਾ ਲੱਗਦਾ ਹੈ। ਜਦ ਉਹ ਟੈਲੀਵਿਯਨ ਦੇਖਦੇ ਹਨ, ਤਾਂ ਉਨ੍ਹਾਂ ਨੂੰ ਭੁੱਖਮਰੀ ਕਾਰਨ ਤੜਫ ਰਹੇ ਬੱਚਿਆਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਹਨ। ਜਦ ਉਹ ਅਖ਼ਬਾਰ ਪੜ੍ਹਦੇ ਹਨ, ਤਾਂ ਉਨ੍ਹਾਂ ਨੂੰ ਬੰਬ ਵਿਸਫੋਟਾਂ ਕਾਰਨ ਬੇਕਸੂਰ ਲੋਕਾਂ ਦੇ ਨਸ਼ਟ ਹੋਣ ਬਾਰੇ ਪਤਾ ਲੱਗਦਾ ਹੈ।

2 ਅਜਿਹੀਆਂ ਬੁਰੀਆਂ ਘਟਨਾਵਾਂ ਹਰ ਦਿਨ ਵਾਪਰ ਰਹੀਆਂ ਹਨ। ਸੱਚ-ਮੁੱਚ, ਇਸ ਸੰਸਾਰ ਦੀ ਹਾਲਤ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ। (1 ਕੁਰਿੰਥੀਆਂ 7:31) ਪੱਛਮੀ ਯੂਰਪ ਦੇ ਇਕ ਰਸਾਲੇ ਵਿਚ ਕਿਹਾ ਗਿਆ ਕਿ ਕਦੀ-ਕਦੀ ਇੱਦਾਂ ਲੱਗਦਾ ਕਿ “ਸਾਰੀ ਦੁਨੀਆਂ ਨੂੰ ਅੱਗ ਲੱਗੀ ਹੋਈ ਹੈ।” ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਲੋਕ ਭੈੜੀਆਂ ਖ਼ਬਰਾਂ ਸੁਣ-ਸੁਣ ਕੇ ਨਿਰਾਸ਼ ਹੋ ਰਹੇ ਹਨ! ਅਮਰੀਕਾ ਵਿਚ ਟੈਲੀਵਿਯਨ ਤੇ ਆਉਂਦੀਆਂ ਖ਼ਬਰਾਂ ਬਾਰੇ ਇਕ ਬੰਦੇ ਨੇ ਕਿਹਾ: ‘ਖ਼ਬਰਾਂ ਸੁਣਨ ਤੋਂ ਬਾਅਦ, ਮੈਂ ਬਿਲਕੁਲ ਉਦਾਸ ਹੋ ਜਾਂਦਾ ਹਾਂ। ਕਿਤਿਓਂ ਵੀ ਕੋਈ ਚੰਗੀ ਖ਼ਬਰ ਸੁਣਨ ਨੂੰ ਨਹੀਂ ਮਿਲਦੀ। ਇਸ ਤਰ੍ਹਾਂ ਦੀਆਂ ਖ਼ਬਰਾਂ ਸੁਣ-ਸੁਣ ਕੇ ਮੇਰਾ ਮਨ ਪਰੇਸ਼ਾਨ ਹੋ ਜਾਂਦਾ ਹੈ।’

ਖ਼ੁਸ਼ ਖ਼ਬਰੀ ਸੁਣੋ!

3. (ੳ) ਬਾਈਬਲ ਵਿਚ ਕਿਹੜੀ ਖ਼ੁਸ਼ ਖ਼ਬਰੀ ਦੱਸੀ ਗਈ ਹੈ? (ਅ) ਤੁਸੀਂ ਪਰਮੇਸ਼ੁਰ ਦੇ ਰਾਜ ਦੀ ਖ਼ਬਰ ਨੂੰ ਖ਼ੁਸ਼ੀ ਦੀ ਖ਼ਬਰ ਕਿਉਂ ਸਮਝਦੇ ਹੋ?

3 ਇਸ ਗਮਗੀਨ ਦੁਨੀਆਂ ਵਿਚ ਕੀ ਸਾਨੂੰ ਕਿਤਿਓਂ ਖ਼ੁਸ਼ ਖ਼ਬਰੀ ਮਿਲ ਸਕਦੀ ਹੈ? ਜੀ ਹਾਂ! ਸਾਨੂੰ ਇਸ ਗੱਲ ਤੋਂ ਦਿਲਾਸਾ ਮਿਲਦਾ ਹੈ ਕਿ ਬਾਈਬਲ ਵਿਚ ਖ਼ੁਸ਼ ਖ਼ਬਰੀ ਦੱਸੀ ਗਈ ਹੈ। ਇਹ ਖ਼ੁਸ਼ ਖ਼ਬਰੀ ਕੀ ਹੈ? ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਰਾਜ ਸਾਰੀਆਂ ਬੀਮਾਰੀਆਂ, ਭੁੱਖਮਰੀ, ਜੁਰਮ, ਲੜਾਈਆਂ ਤੇ ਹੋਰ ਦੁੱਖਾਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। (ਜ਼ਬੂਰਾਂ ਦੀ ਪੋਥੀ 46:9; 72:12) ਇਹ ਕਿੰਨੀ ਵਧੀਆ ਖ਼ਬਰ ਹੈ! ਇਸੇ ਕਰਕੇ ਯਹੋਵਾਹ ਦੇ ਗਵਾਹ ਪੂਰੀ ਦੁਨੀਆਂ ਵਿਚ ਸਾਰਿਆਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਜਾਂਦੇ ਹਨ।—ਮੱਤੀ 24:14.

4. ਇਸ ਲੇਖ ਵਿਚ ਅਸੀਂ ਕਿਨ੍ਹਾਂ ਦੋ ਗੱਲਾਂ ਉੱਤੇ ਚਰਚਾ ਕਰਾਂਗੇ ਅਤੇ ਅਗਲੇ ਲੇਖ ਵਿਚ ਅਸੀਂ ਕਿਸ ਗੱਲ ਵੱਲ ਧਿਆਨ ਦੇਵਾਂਗੇ?

4 ਅਸੀਂ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਕੀ ਕਰ ਸਕਦੇ ਹਾਂ—ਉਨ੍ਹਾਂ ਇਲਾਕਿਆਂ ਵਿਚ ਵੀ ਜਿੱਥੇ ਲੋਕ ਸਾਡੀ ਗੱਲ ਸੁਣਨੀ ਨਹੀਂ ਚਾਹੁੰਦੇ? (ਲੂਕਾ 8:15) ਇਸ ਬਾਰੇ ਜਾਣਨ ਲਈ ਆਓ ਆਪਾਂ ਖ਼ੁਸ਼ ਖ਼ਬਰੀ ਸੁਣਾਉਣ ਦੇ ਸੰਬੰਧ ਵਿਚ ਤਿੰਨ ਮੁੱਖ ਗੱਲਾਂ ਉੱਤੇ ਵਿਚਾਰ ਕਰੀਏ। (1) ਸਾਡੀ ਇੱਛਾ ਕੀ ਹੈ ਯਾਨੀ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਉਂ ਕਰਦੇ ਹਾਂ; (2) ਸਾਡਾ ਸੰਦੇਸ਼ ਕੀ ਹੈ ਯਾਨੀ ਅਸੀਂ ਲੋਕਾਂ ਨੂੰ ਕਿਸ ਗੱਲ ਦਾ ਪ੍ਰਚਾਰ ਕਰਦੇ ਹਾਂ; ਅਤੇ (3) ਸਾਡੇ ਤਰੀਕੇ ਕੀ ਹਨ ਯਾਨੀ ਅਸੀਂ ਪ੍ਰਚਾਰ ਕਿਵੇਂ ਕਰਦੇ ਹਾਂ। ਜੇ ਅਸੀਂ ਆਪਣੀ ਇੱਛਾ ਸਹੀ ਰੱਖਾਂਗੇ, ਆਪਣੇ ਸੰਦੇਸ਼ ਨੂੰ ਸੌਖੇ ਸ਼ਬਦਾਂ ਵਿਚ ਸਾਫ਼-ਸਾਫ਼ ਦੱਸਾਂਗੇ ਅਤੇ ਅਸਰਦਾਰ ਤਰੀਕਿਆਂ ਨਾਲ ਪ੍ਰਚਾਰ ਕਰਾਂਗੇ, ਤਾਂ ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਸਭ ਤੋਂ ਵਧੀਆ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਦੇਵਾਂਗੇ। ਹਾਂ, ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੱਸ ਸਕਾਂਗੇ। *

ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਉਂ ਕਰਦੇ ਹਾਂ?

5. (ੳ) ਇਕ ਮੁੱਖ ਕਾਰਨ ਕੀ ਹੈ ਜਿਸ ਕਰਕੇ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ? (ਅ) ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ ਕਿ ਪ੍ਰਚਾਰ ਕਰਨ ਦੇ ਹੁਕਮ ਦੀ ਪਾਲਣਾ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ?

5 ਆਓ ਆਪਾਂ ਪਹਿਲੀ ਗੱਲ ਉੱਤੇ ਚਰਚਾ ਕਰੀਏ: ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਉਂ ਕਰਦੇ ਹਾਂ। ਉਸੇ ਕਾਰਨ ਜਿਸ ਕਰਕੇ ਯਿਸੂ ਨੇ ਪ੍ਰਚਾਰ ਕੀਤਾ ਸੀ। ਉਸ ਨੇ ਕਿਹਾ: “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” (ਯੂਹੰਨਾ 14:31; ਜ਼ਬੂਰਾਂ ਦੀ ਪੋਥੀ 40:8) ਯਿਸੂ ਵਾਂਗ ਅਸੀਂ ਵੀ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ। (ਮੱਤੀ 22:37, 38) ਇਸ ਪਿਆਰ ਦਾ ਪ੍ਰਚਾਰ ਨਾਲ ਕੀ ਸੰਬੰਧ ਹੈ? ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।” (1 ਯੂਹੰਨਾ 5:3; ਯੂਹੰਨਾ 14:21) ਕੀ ਪਰਮੇਸ਼ੁਰ ਦੇ ਹੁਕਮਾਂ ਵਿਚ ਇਹ ਹੁਕਮ ਵੀ ਸ਼ਾਮਲ ਹੈ ਕਿ ਅਸੀਂ ‘ਜਾ ਕੇ ਚੇਲੇ ਬਣਾਈਏ’? (ਮੱਤੀ 28:19) ਜੀ ਹਾਂ। ਭਾਵੇਂ ਇਹ ਹੁਕਮ ਯਿਸੂ ਨੇ ਦਿੱਤਾ ਸੀ, ਪਰ ਅਸਲ ਵਿਚ ਇਹ ਯਹੋਵਾਹ ਤੋਂ ਹੀ ਹੈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਯਿਸੂ ਨੇ ਕਿਹਾ: “ਮੈਂ ਆਪਣੀ ਵੱਲੋਂ ਕੁਝ ਨਹੀਂ ਕਰਦਾ ਪਰ ਜਿੱਦਾਂ ਪਿਤਾ ਨੇ ਮੈਨੂੰ ਸਿਖਾਲਿਆ ਹੈ ਓਦਾਂ ਹੀ ਮੈਂ ਏਹ ਗੱਲਾਂ ਆਖਦਾ ਹਾਂ।” (ਯੂਹੰਨਾ 8:28; ਮੱਤੀ 17:5) ਸੋ ਪ੍ਰਚਾਰ ਕਰਨ ਦੇ ਹੁਕਮ ਦੀ ਪਾਲਣਾ ਕਰ ਕੇ ਅਸੀਂ ਯਹੋਵਾਹ ਨੂੰ ਦਿਖਾਉਂਦੇ ਹਾਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ।

6. ਪਰਮੇਸ਼ੁਰ ਬਾਰੇ ਅਸੀਂ ਕੀ-ਕੀ ਦੱਸਣਾ ਚਾਹੁੰਦੇ ਹਾਂ?

6 ਇਸ ਤੋਂ ਇਲਾਵਾ ਅਸੀਂ ਪ੍ਰਚਾਰ ਕਰ ਕੇ ਉਸ ਝੂਠ ਨੂੰ ਰੋਕਣਾ ਚਾਹੁੰਦੇ ਹਾਂ ਜੋ ਸ਼ਤਾਨ ਯਹੋਵਾਹ ਬਾਰੇ ਫੈਲਾ ਰਿਹਾ ਹੈ। (2 ਕੁਰਿੰਥੀਆਂ 4:4) ਸ਼ਤਾਨ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਤਰੀਕੇ ਤੇ ਸਵਾਲ ਖੜ੍ਹਾ ਕੀਤਾ ਹੈ। (ਉਤਪਤ 3:1-5) ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਲੋਕਾਂ ਸਾਮ੍ਹਣੇ ਸ਼ਤਾਨ ਨੂੰ ਝੂਠਾ ਸਾਬਤ ਕਰਨਾ ਅਤੇ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨਾ ਚਾਹੁੰਦੇ ਹਾਂ। (ਯਸਾਯਾਹ 43:10-12) ਪ੍ਰਚਾਰ ਕਰਨ ਦਾ ਹੋਰ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਦੇ ਗੁਣਾਂ ਅਤੇ ਰਾਹਾਂ ਨੂੰ ਜਾਣਿਆ ਹੈ। ਅਸੀਂ ਆਪਣੇ ਪਰਮੇਸ਼ੁਰ ਨਾਲ ਦੋਸਤੀ ਕੀਤੀ ਹੈ ਅਤੇ ਉਸ ਬਾਰੇ ਹੋਰਨਾਂ ਨੂੰ ਦੱਸਣਾ ਚਾਹੁੰਦੇ ਹਾਂ। ਦਰਅਸਲ ਸਾਨੂੰ ਯਹੋਵਾਹ ਦੀ ਭਲਾਈ ਅਤੇ ਉਸ ਦੇ ਧਰਮੀ ਰਾਹਾਂ ਨੂੰ ਜਾਣ ਕੇ ਇੰਨੀ ਖ਼ੁਸ਼ੀ ਮਿਲਦੀ ਹੈ ਕਿ ਅਸੀਂ ਉਸ ਬਾਰੇ ਗੱਲ ਕਰਨੋਂ ਹਟ ਹੀ ਨਹੀਂ ਸਕਦੇ। (ਜ਼ਬੂਰਾਂ ਦੀ ਪੋਥੀ 145:7-12) ਸਾਡਾ ਦਿਲ ਉਸ ਦੀ ਵਡਿਆਈ ਕਰਨ ਅਤੇ ਉਸ ਦੇ “ਗੁਣਾਂ” ਬਾਰੇ ਦੱਸਣ ਲਈ ਸਾਨੂੰ ਪ੍ਰੇਰਦਾ ਹੈ।—1 ਪਤਰਸ 2:9; ਯਸਾਯਾਹ 43:21.

7. ਪ੍ਰਚਾਰ ਕਰਨ ਦਾ ਹੋਰ ਜ਼ਰੂਰੀ ਕਾਰਨ ਕੀ ਹੈ?

7 ਪ੍ਰਚਾਰ ਕਰਨ ਦਾ ਇਕ ਹੋਰ ਜ਼ਰੂਰੀ ਕਾਰਨ ਵੀ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਦਿਲਾਸਾ ਦੇਣਾ ਚਾਹੁੰਦੇ ਹਾਂ ਜੋ ਬੁਰੀਆਂ ਖ਼ਬਰਾਂ ਸੁਣ-ਸੁਣ ਕੇ ਪਰੇਸ਼ਾਨ ਹਨ ਜਾਂ ਕਿਸੇ ਹੋਰ ਕਾਰਨ ਦੁਖੀ ਹਨ। ਇਸ ਤਰ੍ਹਾਂ ਕਰ ਕੇ ਅਸੀਂ ਯਿਸੂ ਦੇ ਨਮੂਨੇ ਤੇ ਚੱਲਦੇ ਹਾਂ। ਮਿਸਾਲ ਲਈ ਆਓ ਆਪਾਂ ਦੇਖੀਏ ਕਿ ਮਰਕੁਸ ਦੇ 6ਵੇਂ ਅਧਿਆਇ ਵਿਚ ਕੀ ਲਿਖਿਆ ਹੈ।

8. ਮਰਕੁਸ ਦੇ 6ਵੇਂ ਅਧਿਆਇ ਅਨੁਸਾਰ ਯਿਸੂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ?

8 ਯਿਸੂ ਦੇ 12 ਚੇਲੇ ਪ੍ਰਚਾਰ ਕਰ ਕੇ ਵਾਪਸ ਮੁੜੇ ਤੇ ਉਨ੍ਹਾਂ ਨੇ ਯਿਸੂ ਨੂੰ ਦੱਸਿਆ ਕਿ ਉਨ੍ਹਾਂ ਨੇ ਕੀ ਕੀਤਾ ਤੇ ਕੀ ਸਿਖਾਇਆ। ਯਿਸੂ ਨੇ ਦੇਖਿਆ ਕਿ ਉਹ ਥੱਕੇ ਹੋਏ ਸਨ, ਇਸ ਲਈ ਉਸ ਨੇ ਉਨ੍ਹਾਂ ਨੂੰ ਥੋੜ੍ਹੀ ਦੇਰ ਆਰਾਮ ਕਰਨ ਲਈ ਕਿਹਾ। ਉਹ ਉਸ ਦੇ ਨਾਲ ਬੇੜੀ ਵਿਚ ਬੈਠ ਕੇ ਕਿਸੇ ਸ਼ਾਂਤ ਜਗ੍ਹਾ ਵੱਲ ਚੱਲ ਪਏ। ਪਰ ਲੋਕਾਂ ਨੇ ਉਨ੍ਹਾਂ ਨੂੰ ਜਾਂਦੇ ਦੇਖ ਲਿਆ ਤੇ ਉਹ ਨੱਠ ਕੇ ਉਨ੍ਹਾਂ ਤੋਂ ਅੱਗੇ ਉੱਥੇ ਜਾ ਪਹੁੰਚੇ। ਯਿਸੂ ਨੇ ਕੀ ਕੀਤਾ? ਅਸੀਂ ਪੜ੍ਹਦੇ ਹਾਂ: ‘ਤਾਂ ਉਸ ਨੇ ਨਿੱਕਲ ਕੇ ਇੱਕ ਵੱਡੀ ਭੀੜ ਵੇਖੀ ਅਰ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।’ (ਮਰਕੁਸ 6:31-34) ਭਾਵੇਂ ਯਿਸੂ ਬਹੁਤ ਥੱਕਿਆ ਹੋਇਆ ਸੀ, ਪਰ ਫਿਰ ਵੀ ਉਸ ਨੇ ਉਨ੍ਹਾਂ ਲੋਕਾਂ ਨੂੰ ਉਪਦੇਸ਼ ਦਿੱਤਾ ਕਿਉਂਕਿ ਉਸ ਨੂੰ ਉਨ੍ਹਾਂ ਤੇ ਬਹੁਤ ਤਰਸ ਆਇਆ ਸੀ। ਹਾਂ, ਯਿਸੂ ਸੱਚ-ਮੁੱਚ ਲੋਕਾਂ ਦੇ ਦੁੱਖ ਸਮਝਦਾ ਸੀ।

9. ਮਰਕੁਸ ਦੇ 6ਵੇਂ ਅਧਿਆਇ ਤੋਂ ਅਸੀਂ ਪ੍ਰਚਾਰ ਕਰਨ ਬਾਰੇ ਕੀ ਸਿੱਖਦੇ ਹਾਂ?

9 ਇਸ ਬਿਰਤਾਂਤ ਤੋਂ ਅਸੀਂ ਕੀ ਸਿੱਖਦੇ ਹਾਂ? ਮਸੀਹੀ ਹੋਣ ਦੇ ਨਾਤੇ ਸਾਡਾ ਫ਼ਰਜ਼ ਹੈ ਕਿ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ ਤੇ ਚੇਲੇ ਬਣਾਈਏ। ਪਰਮੇਸ਼ੁਰ ਚਾਹੁੰਦਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ,” ਇਸ ਲਈ ਅਸੀਂ ਆਪਣਾ ਇਹ ਫ਼ਰਜ਼ ਨਿਭਾਉਣਾ ਚਾਹੁੰਦੇ ਹਾਂ। (1 ਤਿਮੋਥਿਉਸ 2:4) ਪਰ ਅਸੀਂ ਇਸ ਕੰਮ ਨੂੰ ਸਿਰਫ਼ ਫ਼ਰਜ਼ ਹੀ ਨਹੀਂ ਸਮਝਦੇ, ਸਗੋਂ ਸਾਡੇ ਦਿਲਾਂ ਵਿਚ ਲੋਕਾਂ ਲਈ ਪਿਆਰ ਹੈ। ਯਿਸੂ ਵਾਂਗ, ਜੇ ਅਸੀਂ ਲੋਕਾਂ ਨਾਲ ਹਮਦਰਦੀ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਵਾਂਗੇ। (ਮੱਤੀ 22:39) ਇਸ ਤਰ੍ਹਾਂ ਦੀਆਂ ਇੱਛਾਵਾਂ ਰੱਖਣ ਨਾਲ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਾਂਗੇ।

ਸਾਡਾ ਸੰਦੇਸ਼ —ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ

10, 11. (ੳ) ਯਸਾਯਾਹ ਨੇ ਸਾਡੇ ਸੰਦੇਸ਼ ਬਾਰੇ ਕੀ ਲਿਖਿਆ ਸੀ? (ਅ) ਯਿਸੂ ਨੇ ਭਲਾਈ ਦੀ ਖ਼ੁਸ਼ ਖ਼ਬਰੀ ਕਿਵੇਂ ਸੁਣਾਈ ਸੀ ਅਤੇ ਸਾਡੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਸੇਵਕ ਉਸ ਦੀ ਮਿਸਾਲ ਉੱਤੇ ਕਿਵੇਂ ਚੱਲ ਰਹੇ ਹਨ?

10 ਆਓ ਹੁਣ ਆਪਾਂ ਦੂਜੀ ਗੱਲ ਉੱਤੇ ਚਰਚਾ ਕਰੀਏ। ਅਸੀਂ ਕਿਸ ਗੱਲ ਦਾ ਪ੍ਰਚਾਰ ਕਰਦੇ ਹਾਂ ਯਾਨੀ ਸਾਡਾ ਸੰਦੇਸ਼ ਕੀ ਹੈ? ਯਸਾਯਾਹ ਨਬੀ ਨੇ ਸਾਡੇ ਸੰਦੇਸ਼ ਬਾਰੇ ਲਿਖਿਆ: “ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ! ਜਿਹੜਾ ਸ਼ਾਂਤੀ ਸੁਣਾਉਂਦਾ, ਭਲਿਆਈ ਦੀ ਖੁਸ਼ ਖਬਰੀ ਲਿਆਉਂਦਾ, ਜਿਹੜਾ ਮੁਕਤੀ ਸੁਣਾਉਂਦਾ ਹੈ, ਉਹ ਸੀਯੋਨ ਨੂੰ ਆਖਦਾ ਹੈ, ਤੇਰਾ ਪਰਮੇਸ਼ੁਰ ਰਾਜ ਕਰਦਾ ਹੈ।”—ਯਸਾਯਾਹ 52:7.

11 ਇਸ ਆਇਤ ਦੀ ਮੁੱਖ ਗੱਲ ਵੱਲ ਧਿਆਨ ਦਿਓ: “ਤੇਰਾ ਪਰਮੇਸ਼ੁਰ ਰਾਜ ਕਰਦਾ ਹੈ।” ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਸੰਦੇਸ਼ ਸੁਣਾਉਂਦੇ ਹਾਂ। (ਮਰਕੁਸ 13:10) ਯਸਾਯਾਹ ਨੇ ਇਸ ਸੰਦੇਸ਼ ਨੂੰ “ਮੁਕਤੀ,” “ਖੁਸ਼ ਖਬਰੀ,” “ਸ਼ਾਂਤੀ” ਅਤੇ “ਭਲਿਆਈ” ਦਾ ਸੰਦੇਸ਼ ਕਹਿ ਕੇ ਦਿਖਾਇਆ ਕਿ ਇਹ ਸੰਦੇਸ਼ ਕਿੰਨਾ ਵਧੀਆ ਹੈ। ਯਸਾਯਾਹ ਤੋਂ ਕਈ ਸਦੀਆਂ ਬਾਅਦ, ਪਹਿਲੀ ਸਦੀ ਵਿਚ ਯਿਸੂ ਮਸੀਹ ਨੇ ਜੋਸ਼ ਨਾਲ ਪ੍ਰਚਾਰ ਕਰ ਕੇ ਇਹ ਭਵਿੱਖਬਾਣੀ ਪੂਰੀ ਕੀਤੀ ਸੀ। ਉਸ ਨੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਭਲਾਈ ਦੀ ਖ਼ੁਸ਼ ਖ਼ਬਰੀ ਸੁਣਾਈ ਅਤੇ ਸਾਡੇ ਲਈ ਚੰਗੀ ਮਿਸਾਲ ਕਾਇਮ ਕੀਤੀ। (ਲੂਕਾ 4:43) ਯਹੋਵਾਹ ਦੇ ਗਵਾਹ ਖ਼ਾਸ ਕਰਕੇ 1919 ਤੋਂ ਯਿਸੂ ਦੀ ਮਿਸਾਲ ਤੇ ਚੱਲ ਰਹੇ ਹਨ। ਉਹ ਜੋਸ਼ ਨਾਲ ਪਰਮੇਸ਼ੁਰ ਦੇ ਸਥਾਪਿਤ ਹੋ ਚੁੱਕੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਰਹੇ ਹਨ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਦੱਸ ਰਹੇ ਹਨ।

12. ਲੋਕਾਂ ਉੱਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਕੀ ਅਸਰ ਪੈਂਦਾ ਹੈ?

12 ਲੋਕਾਂ ਉੱਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਕੀ ਅਸਰ ਪੈਂਦਾ ਹੈ? ਯਿਸੂ ਦੇ ਜ਼ਮਾਨੇ ਵਾਂਗ, ਹੁਣ ਵੀ ਇਸ ਖ਼ੁਸ਼ ਖ਼ਬਰੀ ਤੋਂ ਲੋਕਾਂ ਨੂੰ ਆਸ਼ਾ ਅਤੇ ਦਿਲਾਸਾ ਮਿਲਦਾ ਹੈ। (ਰੋਮੀਆਂ 12:12; 15:4) ਨੇਕਦਿਲ ਲੋਕਾਂ ਨੂੰ ਆਸ਼ਾ ਮਿਲਦੀ ਹੈ ਕਿ ਅਗਾਹਾਂ ਬਿਹਤਰ ਸਮਾਂ ਆਉਣ ਵਾਲਾ ਹੈ। (ਮੱਤੀ 6:9, 10; 2 ਪਤਰਸ 3:13) ਇਹ ਜਾਣ ਕੇ ਉਹ ਹੌਸਲੇ ਨਾਲ ਮੌਜੂਦਾ ਸਮੇਂ ਵਿਚ ਸਬਰ ਕਰਦੇ ਹਨ। ਬਾਈਬਲ ਵਿਚ ਲਿਖਿਆ ਹੈ ਕਿ ਇਸ ਉਮੀਦ ਕਰਕੇ ‘ਉਹ ਬੁਰੀ ਖਬਰ ਤੋਂ ਨਹੀਂ ਡਰਨਗੇ।’—ਜ਼ਬੂਰਾਂ ਦੀ ਪੋਥੀ 112:1, 7.

“ਟੁੱਟੇ ਦਿਲ ਵਾਲਿਆਂ” ਲਈ ਸੰਦੇਸ਼

13. ਯਸਾਯਾਹ ਨੇ ਕਿਨ੍ਹਾਂ ਬਰਕਤਾਂ ਦੀ ਗੱਲ ਕੀਤੀ ਸੀ ਜੋ ਖ਼ੁਸ਼ ਖ਼ਬਰੀ ਸੁਣਨ ਵਾਲਿਆਂ ਨੂੰ ਮਿਲਣਗੀਆਂ?

13 ਇਸ ਤੋਂ ਇਲਾਵਾ ਖ਼ੁਸ਼ ਖ਼ਬਰੀ ਸੁਣਨ ਵਾਲਿਆਂ ਨੂੰ ਦਿਲਾਸੇ ਦੇ ਨਾਲ-ਨਾਲ ਹੋਰ ਵੀ ਕਈ ਲਾਭ ਹੁੰਦੇ ਹਨ। ਆਓ ਆਪਾਂ ਪੜ੍ਹੀਏ ਕਿ ਯਸਾਯਾਹ ਨਬੀ ਨੇ ਕਿਹੜੀਆਂ ਬਰਕਤਾਂ ਬਾਰੇ ਲਿਖਿਆ ਸੀ: “ਪ੍ਰਭੁ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਏਸ ਲਈ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ, ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ, ਓਸ ਮੈਨੂੰ ਘੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਧੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁਲ੍ਹਣ ਦਾ ਪਰਚਾਰ ਕਰਾਂ, ਭਈ ਮੈਂ ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰਾਂ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ।”—ਯਸਾਯਾਹ 61:1, 2; ਲੂਕਾ 4:16-21.

14. (ੳ) ਪ੍ਰਚਾਰ ਦੇ ਕੰਮ ਰਾਹੀਂ “ਟੁੱਟੇ ਦਿਲ ਵਾਲਿਆਂ ਦੇ ਪੱਟੀ” ਕਿਵੇਂ ਬੰਨ੍ਹੀ ਜਾਂਦੀ ਹੈ? (ਅ) ਅਸੀਂ ਟੁੱਟੇ ਦਿਲ ਵਾਲਿਆਂ ਦੇ ਸੰਬੰਧ ਵਿਚ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?

14 ਇਸ ਭਵਿੱਖਬਾਣੀ ਅਨੁਸਾਰ ਯਿਸੂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ “ਟੁੱਟੇ ਦਿਲ ਵਾਲਿਆਂ ਦੇ ਪੱਟੀ” ਬੰਨ੍ਹਣੀ ਸੀ। ਯਸਾਯਾਹ ਨੇ ਕਿੰਨੀ ਵਧੀਆ ਮਿਸਾਲ ਵਰਤੀ! ਜਿਵੇਂ ਨਰਸ ਜ਼ਖ਼ਮੀ ਵਿਅਕਤੀ ਨੂੰ ਆਰਾਮ ਦੇਣ ਲਈ ਉਸ ਦੇ ਜ਼ਖ਼ਮ ਤੇ ਪੱਟੀ ਬੰਨ੍ਹਦੀ ਹੈ ਉਸੇ ਤਰ੍ਹਾਂ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰ ਦੁਆਰਾ ਲੋਕਾਂ ਦੇ ਜ਼ਖ਼ਮੀ ਦਿਲਾਂ ਤੇ ਪੱਟੀਆਂ ਬੰਨ੍ਹੀਆਂ ਜਾਂਦੀਆਂ ਹਨ। ਯਹੋਵਾਹ ਦੇ ਗਵਾਹ ਲੋਕਾਂ ਨੂੰ ਸਹਾਰਾ ਦੇ ਕੇ ਯਹੋਵਾਹ ਦੀ ਰੀਸ ਕਰਦੇ ਹਨ। (ਹਿਜ਼ਕੀਏਲ 34:15, 16) ਬਾਈਬਲ ਵਿਚ ਪਰਮੇਸ਼ੁਰ ਬਾਰੇ ਕਿਹਾ ਹੈ: “ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।”—ਜ਼ਬੂਰਾਂ ਦੀ ਪੋਥੀ 147:3.

ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਲੋਕਾਂ ਦੀ ਮਦਦ ਕਰਦਾ ਹੈ

15, 16. ਕਿਹੜੀਆਂ ਜੀਉਂਦੀਆਂ-ਜਾਗਦੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਲੋਕਾਂ ਨੂੰ ਸਹਾਰਾ ਤੇ ਤਾਕਤ ਦਿੰਦਾ ਹੈ?

15 ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸੱਚ-ਮੁੱਚ ਟੁੱਟੇ ਦਿਲ ਵਾਲਿਆਂ ਨੂੰ ਸਹਾਰਾ ਤੇ ਤਾਕਤ ਦਿੰਦਾ ਹੈ। ਇਸ ਦੀਆਂ ਕਈ ਜੀਉਂਦੀਆਂ-ਜਾਗਦੀਆਂ ਮਿਸਾਲਾਂ ਹਨ। ਜ਼ਰਾ ਦੱਖਣੀ ਅਮਰੀਕਾ ਵਿਚ ਰਹਿਣ ਵਾਲੀ ਓਰੀਐਨਾ ਦੀ ਮਿਸਾਲ ਵੱਲ ਧਿਆਨ ਦਿਓ। ਇਸ ਬਜ਼ੁਰਗ ਤੀਵੀਂ ਨੇ ਜੀਉਣ ਦੀ ਆਸ ਹੀ ਛੱਡ ਦਿੱਤੀ ਸੀ। ਸਾਡੀ ਇਕ ਭੈਣ ਓਰੀਐਨਾ ਦੇ ਘਰ ਜਾ ਕੇ ਉਸ ਨੂੰ ਬਾਈਬਲ ਅਤੇ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਪੜ੍ਹ ਕੇ ਸੁਣਾਉਣ ਲੱਗੀ। * ਪਹਿਲਾਂ-ਪਹਿਲ ਇਹ ਨਿਰਾਸ਼ ਤੀਵੀਂ ਪਲੰਘ ਉੱਤੇ ਪਈ ਅੱਖਾਂ ਬੰਦ ਕਰ ਕੇ ਸੁਣਦੀ ਰਹਿੰਦੀ ਤੇ ਵਿਚ-ਵਿਚ ਹਉਕੇ ਭਰਦੀ ਰਹਿੰਦੀ। ਪਰ ਕੁਝ ਸਟੱਡੀਆਂ ਬਾਅਦ ਉਹ ਪਲੰਘ ਉੱਤੇ ਬੈਠ ਕੇ ਸੁਣਨ ਲੱਗੀ। ਫਿਰ ਉਹ ਬੈਠਕ ਵਿਚ ਆ ਕੇ ਕੁਰਸੀ ਤੇ ਬੈਠੀ ਭੈਣ ਦਾ ਇੰਤਜ਼ਾਰ ਕਰਨ ਲੱਗ ਪਈ। ਬਾਅਦ ਵਿਚ ਇਹ ਤੀਵੀਂ ਕਿੰਗਡਮ ਹਾਲ ਵਿਚ ਸਭਾਵਾਂ ਵਿਚ ਜਾਣ ਲੱਗੀ। ਉਸ ਨੂੰ ਸਭਾਵਾਂ ਤੋਂ ਇੰਨਾ ਹੌਸਲਾ ਮਿਲਦਾ ਸੀ ਕਿ ਉਹ ਆਪਣੇ ਘਰ ਕੋਲੋਂ ਲੰਘਣ ਵਾਲਿਆਂ ਨੂੰ ਬਾਈਬਲ ਦੇ ਪ੍ਰਕਾਸ਼ਨ ਦੇਣ ਲੱਗ ਪਈ। ਓਰੀਐਨਾ ਨੇ 93 ਸਾਲਾਂ ਦੀ ਉਮਰ ਤੇ ਯਹੋਵਾਹ ਦੀ ਗਵਾਹ ਵਜੋਂ ਬਪਤਿਸਮਾ ਲਿਆ। ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਨੇ ਉਸ ਅੰਦਰ ਜੀਣ ਦੀ ਇੱਛਾ ਮੁੜ ਪੈਦਾ ਕਰ ਦਿੱਤੀ।—ਕਹਾਉਤਾਂ 15:30; 16:24.

16 ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਉਨ੍ਹਾਂ ਨੂੰ ਵੀ ਸਹਾਰਾ ਦਿੰਦਾ ਹੈ ਜੋ ਬੀਮਾਰੀ ਕਰਕੇ ਕੁਝ ਦਿਨਾਂ ਦੇ ਮਹਿਮਾਨ ਹਨ। ਪੱਛਮੀ ਯੂਰਪ ਵਿਚ ਰਹਿਣ ਵਾਲੀ ਮਾਰੀਆ ਦੀ ਉਦਾਹਰਣ ਲਓ। ਉਹ ਬਹੁਤ ਨਿਰਾਸ਼ ਸੀ ਕਿਉਂਕਿ ਉਸ ਨੂੰ ਇਕ ਜਾਨਲੇਵਾ ਬੀਮਾਰੀ ਲੱਗੀ ਹੋਈ ਸੀ। ਫਿਰ ਉਸ ਨੂੰ ਯਹੋਵਾਹ ਦੇ ਗਵਾਹ ਮਿਲੇ। ਪਰਮੇਸ਼ੁਰ ਦੇ ਮਕਸਦਾਂ ਬਾਰੇ ਸਿੱਖਣ ਤੋਂ ਬਾਅਦ ਉਸ ਨੂੰ ਜੀਣ ਦਾ ਮਕਸਦ ਮਿਲਿਆ। ਉਹ ਬਪਤਿਸਮਾ ਲੈ ਕੇ ਯਹੋਵਾਹ ਦੀ ਗਵਾਹ ਬਣ ਗਈ ਤੇ ਪ੍ਰਚਾਰ ਦੇ ਕੰਮ ਵਿਚ ਬਹੁਤ ਰੁੱਝ ਗਈ। ਜ਼ਿੰਦਗੀ ਦੇ ਆਖ਼ਰੀ ਦੋ ਸਾਲਾਂ ਦੌਰਾਨ ਉਸ ਦਾ ਚਿਹਰਾ ਬਿਲਕੁਲ ਬਦਲ ਗਿਆ ਸੀ। ਉਮੀਦ ਦੀ ਕਿਰਨ ਉਸ ਦੀਆਂ ਅੱਖਾਂ ਵਿੱਚੋਂ ਚਮਕ ਰਹੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਉਸ ਨੂੰ ਮੁੜ ਜ਼ਿੰਦਾ ਕੀਤਾ ਜਾਵੇਗਾ।—ਰੋਮੀਆਂ 8:38, 39.

17. (ੳ) ਖ਼ੁਸ਼ ਖ਼ਬਰੀ ਸੁਣਨ ਵਾਲਿਆਂ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ? (ਅ) ਇਸ ਸੰਬੰਧੀ ਤੁਹਾਡਾ ਆਪਣਾ ਕੀ ਤਜਰਬਾ ਹੈ ਕਿ ਯਹੋਵਾਹ “ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ” ਰਿਹਾ ਹੈ?

17 ਅਜਿਹੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਰਾਜ ਬਾਰੇ ਸੁਣ ਕੇ ਲੋਕਾਂ ਨੂੰ ਕਿੰਨਾ ਫ਼ਾਇਦਾ ਹੁੰਦਾ ਹੈ। ਮੁੜ ਜੀ ਉੱਠਣ ਦੀ ਉਮੀਦ ਸੋਗੀਆਂ ਦੇ ਗਮ ਨੂੰ ਹੌਲਾ ਕਰ ਦਿੰਦੀ ਹੈ। (1 ਥੱਸਲੁਨੀਕੀਆਂ 4:13) ਜਦ ਗ਼ਰੀਬ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਦੀ ਵਫ਼ਾਦਾਰੀ ਨੂੰ ਕਦੇ ਵੀ ਨਹੀਂ ਭੁੱਲੇਗਾ, ਤਾਂ ਉਹ ਸਿਰ ਨੀਵਾਂ ਕਰ ਕੇ ਨਹੀਂ, ਸਗੋਂ ਉੱਚਾ ਚੁੱਕ ਕੇ ਚੱਲਦੇ ਹਨ। (ਜ਼ਬੂਰਾਂ ਦੀ ਪੋਥੀ 37:28) ਯਹੋਵਾਹ ਦੀ ਮਦਦ ਨਾਲ ਨਿਰਾਸ਼ ਲੋਕਾਂ ਨੂੰ ਆਪਣੀ ਉਦਾਸੀ ਨੂੰ ਮੁਸਕਾਨ ਵਿਚ ਬਦਲਣ ਦੀ ਤਾਕਤ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 40:1, 2) ਜੀ ਹਾਂ, ਯਹੋਵਾਹ ਪਰਮੇਸ਼ੁਰ ਆਪਣੇ ਬਚਨ ਰਾਹੀਂ “ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ” ਰਿਹਾ ਹੈ। (ਜ਼ਬੂਰਾਂ ਦੀ ਪੋਥੀ 145:14) ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਇਲਾਕੇ ਵਿਚ ਅਤੇ ਸਾਡੀ ਕਲੀਸਿਯਾ ਵਿਚ ਟੁੱਟੇ ਦਿਲ ਵਾਲੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਸੁਣ ਕੇ ਆਰਾਮ ਪਾ ਰਹੇ ਹਨ, ਤਾਂ ਸਾਨੂੰ ਯਕੀਨ ਹੁੰਦਾ ਹੈ ਕਿ ਸਾਡੇ ਕੋਲ ਸਭ ਤੋਂ ਵਧੀਆ ਖ਼ਬਰ ਹੈ!—ਜ਼ਬੂਰਾਂ ਦੀ ਪੋਥੀ 51:17.

“ਮੇਰੀ ਬੇਨਤੀ ਪਰਮੇਸ਼ੁਰ ਦੇ ਅੱਗੇ”

18. ਜਦ ਯਹੂਦੀਆਂ ਨੇ ਖ਼ੁਸ਼ ਖ਼ਬਰੀ ਸੁਣਨ ਤੋਂ ਇਨਕਾਰ ਕੀਤਾ, ਤਾਂ ਪੌਲੁਸ ਉੱਤੇ ਇਸ ਦਾ ਕੀ ਅਸਰ ਪਿਆ ਅਤੇ ਕਿਉਂ?

18 ਭਾਵੇਂ ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਚਾਹੁੰਦੇ ਹਾਂ, ਫਿਰ ਵੀ ਕਈ ਸੁਣਨਾ ਨਹੀਂ ਚਾਹੁੰਦੇ। ਇਸ ਦਾ ਸਾਡੇ ਉੱਤੇ ਕੀ ਅਸਰ ਪੈ ਸਕਦਾ ਹੈ? ਉਹੀ ਜੋ ਪੌਲੁਸ ਰਸੂਲ ਤੇ ਪਿਆ ਸੀ। ਉਹ ਅਕਸਰ ਯਹੂਦੀ ਲੋਕਾਂ ਨੂੰ ਪ੍ਰਚਾਰ ਕਰਦਾ ਸੀ, ਪਰ ਕਈਆਂ ਨੇ ਮੁਕਤੀ ਦਾ ਸੰਦੇਸ਼ ਸੁਣਨ ਤੋਂ ਇਨਕਾਰ ਕੀਤਾ। ਪੌਲੁਸ ਇਸ ਕਰਕੇ ਦੁਖੀ ਹੋਇਆ। ਉਸ ਨੇ ਕਿਹਾ: “ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਸਦਾ ਦੁਖੀ ਰਹਿੰਦਾ ਹੈ।” (ਰੋਮੀਆਂ 9:2) ਪੌਲੁਸ ਨੂੰ ਉਨ੍ਹਾਂ ਯਹੂਦੀਆਂ ਉੱਤੇ ਤਰਸ ਆਉਂਦਾ ਸੀ ਜਿਨ੍ਹਾਂ ਨੂੰ ਉਹ ਪ੍ਰਚਾਰ ਕਰਦਾ ਸੀ। ਉਸ ਨੂੰ ਦੁੱਖ ਹੁੰਦਾ ਸੀ ਜਦ ਉਹ ਖ਼ੁਸ਼ ਖ਼ਬਰੀ ਨਹੀਂ ਸੁਣਨੀ ਚਾਹੁੰਦੇ ਸਨ।

19. (ੳ) ਸਾਨੂੰ ਸ਼ਾਇਦ ਕਿਸ ਗੱਲ ਦਾ ਦੁੱਖ ਹੋਵੇ? (ਅ) ਕਿਹੜੀ ਉਮੀਦ ਨੇ ਪ੍ਰਚਾਰ ਕਰਦੇ ਰਹਿਣ ਵਿਚ ਪੌਲੁਸ ਦੀ ਮਦਦ ਕੀਤੀ?

19 ਅਸੀਂ ਵੀ ਇਸੇ ਲਈ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ ਕਿਉਂਕਿ ਸਾਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ। ਤਾਂ ਫਿਰ ਸ਼ਾਇਦ ਸਾਨੂੰ ਵੀ ਦੁੱਖ ਲੱਗੇ ਜਦ ਲੋਕ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਨਾ ਸੁਣਨਾ ਚਾਹੁਣ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਲੋਕਾਂ ਦੀ ਭਲਾਈ ਚਾਹੁੰਦੇ ਹਾਂ। ਪਰ ਸਾਨੂੰ ਪੌਲੁਸ ਰਸੂਲ ਦੀ ਮਿਸਾਲ ਯਾਦ ਰੱਖਣੀ ਚਾਹੀਦੀ ਹੈ। ਕਿਹੜੀ ਉਮੀਦ ਨੇ ਪ੍ਰਚਾਰ ਕਰਦੇ ਰਹਿਣ ਵਿਚ ਉਸ ਦੀ ਮਦਦ ਕੀਤੀ ਸੀ? ਭਾਵੇਂ ਪੌਲੁਸ ਨੂੰ ਦੁੱਖ ਹੋਇਆ ਜਦ ਯਹੂਦੀਆਂ ਨੇ ਖ਼ੁਸ਼ ਖ਼ਬਰੀ ਸਵੀਕਾਰ ਨਹੀਂ ਕੀਤੀ, ਪਰ ਉਸ ਨੇ ਹਿੰਮਤ ਨਹੀਂ ਹਾਰੀ। ਉਸ ਨੇ ਇਹ ਨਹੀਂ ਸੋਚਿਆ ਕਿ ਸਾਰੇ ਯਹੂਦੀ ਇੱਕੋ ਜਿਹੇ ਸਨ ਅਤੇ ਕੋਈ ਵੀ ਉਸ ਦੀ ਗੱਲ ਨਹੀਂ ਸੁਣੇਗਾ। ਉਸ ਨੂੰ ਉਮੀਦ ਸੀ ਕਿ ਕੁਝ ਲੋਕ ਮਸੀਹ ਨੂੰ ਸਵੀਕਾਰ ਕਰਨਗੇ। ਇਸ ਲਈ ਉਸ ਨੇ ਲਿਖਿਆ: “ਮੇਰੇ ਮਨ ਦੀ ਚਾਹ ਅਤੇ ਮੇਰੀ ਬੇਨਤੀ ਪਰਮੇਸ਼ੁਰ ਦੇ ਅੱਗੇ ਓਹਨਾਂ ਦੀ ਮੁਕਤੀ ਲਈ ਹੈ।”—ਰੋਮੀਆਂ 10:1.

20, 21. (ੳ) ਆਪਣੇ ਪ੍ਰਚਾਰ ਦੇ ਕੰਮ ਵਿਚ ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਅ) ਅਗਲੇ ਲੇਖ ਵਿਚ ਕਿਸ ਗੱਲ ਦੀ ਚਰਚਾ ਕੀਤੀ ਜਾਵੇਗੀ?

20 ਧਿਆਨ ਦਿਓ ਕਿ ਪੌਲੁਸ ਨੇ ਦੋ ਗੱਲਾਂ ਉੱਤੇ ਜ਼ੋਰ ਦਿੱਤਾ ਸੀ। ਉਸ ਦੀ ਦਿਲੀ ਇੱਛਾ ਸੀ ਕਿ ਕਿਸੇ-ਨ-ਕਿਸੇ ਨੂੰ ਮੁਕਤੀ ਮਿਲੇ ਅਤੇ ਉਸ ਨੇ ਇਸ ਲਈ ਪਰਮੇਸ਼ੁਰ ਅੱਗੇ ਬੇਨਤੀ ਕੀਤੀ। ਅੱਜ, ਅਸੀਂ ਪੌਲੁਸ ਦੀ ਰੀਸ ਕਰਦੇ ਹਾਂ। ਸਾਡੀ ਦਿਲੀ ਇੱਛਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਲੱਭ ਸਕੀਏ ਜੋ ਖ਼ੁਸ਼ ਖ਼ਬਰੀ ਸੁਣਨੀ ਚਾਹੁੰਦੇ ਹਨ। ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਅਜਿਹੇ ਲੋਕਾਂ ਦੀ ਮਦਦ ਕਰ ਸਕੀਏ ਤਾਂਕਿ ਉਹ ਵੀ ਮੁਕਤੀ ਹਾਸਲ ਕਰ ਸਕਣ।—ਕਹਾਉਤਾਂ 11:30; ਹਿਜ਼ਕੀਏਲ 33:11; ਯੂਹੰਨਾ 6:44.

21 ਲੇਕਿਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਸਾਨੂੰ ਸਿਰਫ਼ ਇਸ ਵੱਲ ਹੀ ਧਿਆਨ ਦੇਣ ਦੀ ਲੋੜ ਨਹੀਂ ਕਿ ਅਸੀਂ ਕਿਉਂ ਅਤੇ ਕਿਸ ਗੱਲ ਦਾ ਪ੍ਰਚਾਰ ਕਰਦੇ ਹਾਂ, ਸਗੋਂ ਅਸੀਂ ਕਿਸ ਤਰੀਕੇ ਨਾਲ ਪ੍ਰਚਾਰ ਕਰਦੇ ਹਾਂ। ਅਗਲੇ ਲੇਖ ਵਿਚ ਇਸ ਬਾਰੇ ਚਰਚਾ ਕੀਤੀ ਜਾਵੇਗੀ।

[ਫੁਟਨੋਟ]

^ ਪੈਰਾ 4 ਇਸ ਲੇਖ ਵਿਚ ਅਸੀਂ ਪਹਿਲੀਆਂ ਦੋ ਗੱਲਾਂ ਉੱਤੇ ਚਰਚਾ ਕਰਾਂਗੇ। ਅਗਲੇ ਲੇਖ ਵਿਚ ਅਸੀਂ ਤੀਜੀ ਗੱਲ ਵੱਲ ਧਿਆਨ ਦੇਵਾਂਗੇ।

^ ਪੈਰਾ 15 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਨੇ ਛਾਪੀ ਹੈ।

ਤੁਸੀਂ ਕੀ ਸਿੱਖਿਆ?

• ਅਸੀਂ ਪ੍ਰਚਾਰ ਕਿਉਂ ਕਰਦੇ ਹਾਂ?

• ਅਸੀਂ ਕਿਸ ਗੱਲ ਦਾ ਪ੍ਰਚਾਰ ਕਰਦੇ ਹਾਂ?

• ਖ਼ੁਸ਼ ਖ਼ਬਰੀ ਸੁਣਨ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

• ਕਿਹੜੀ ਉਮੀਦ ਪ੍ਰਚਾਰ ਕਰਦੇ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ?

[ਸਵਾਲ]

[ਸਫ਼ੇ 18 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਟੁੱਟੇ ਦਿਲ ਵਾਲਿਆਂ ਨੂੰ ਹੌਸਲਾ ਦਿੰਦਾ ਹੈ

[ਸਫ਼ੇ 20 ਉੱਤੇ ਤਸਵੀਰਾਂ]

ਪ੍ਰਾਰਥਨਾ ਕਰਨ ਨਾਲ ਸਾਨੂੰ ਪ੍ਰਚਾਰ ਕਰਦੇ ਰਹਿਣ ਦੀ ਤਾਕਤ ਮਿਲਦੀ ਹੈ