Skip to content

Skip to table of contents

ਮਨ ਦੀ ਸ਼ਾਂਤੀ ਦੀ ਤਲਾਸ਼

ਮਨ ਦੀ ਸ਼ਾਂਤੀ ਦੀ ਤਲਾਸ਼

ਮਨ ਦੀ ਸ਼ਾਂਤੀ ਦੀ ਤਲਾਸ਼

ਐਲਬਰਟ ਦਾ ਵਿਆਹੁਤਾ ਜੀਵਨ ਬਹੁਤ ਸੁਖੀ ਸੀ ਅਤੇ ਉਸ ਦੇ ਦੋ ਸੋਨੇ ਵਰਗੇ ਬੱਚੇ ਸਨ। ਪਰ ਉਸ ਨੂੰ ਆਪਣੀ ਜ਼ਿੰਦਗੀ ਵਿਚ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਸੀ। ਇਕ ਸਮੇਂ ਜਦ ਉਹ ਬੇਰੁਜ਼ਗਾਰ ਸੀ ਅਤੇ ਨੌਕਰੀ ਦੀ ਭਾਲ ਵਿਚ ਸੀ, ਉਹ ਰਾਜਨੀਤੀ ਵਿਚ ਹਿੱਸਾ ਲੈਣ ਲੱਗਾ ਤੇ ਸਮਾਜਵਾਦ ਦੇ ਅਸੂਲਾਂ ਉੱਤੇ ਚੱਲਣ ਲੱਗ ਪਿਆ। ਉਹ ਕਮਿਊਨਿਸਟ ਪਾਰਟੀ ਦਾ ਮੈਂਬਰ ਵੀ ਬਣ ਗਿਆ।

ਪਰ ਕੁਝ ਹੀ ਦੇਰ ਬਾਅਦ ਐਲਬਰਟ ਦਾ ਕਮਿਊਨਿਸਟ ਪਾਰਟੀ ਤੋਂ ਭਰੋਸਾ ਉੱਠ ਗਿਆ। ਉਸ ਨੇ ਰਾਜਨੀਤੀ ਨਾਲੋਂ ਆਪਣੇ ਸੰਬੰਧ ਤੋੜ ਲਏ ਅਤੇ ਉਹ ਆਪਣਾ ਪੂਰਾ ਧਿਆਨ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਵਿਚ ਲਾਉਣ ਲੱਗਾ। ਹੁਣ ਉਸ ਦੇ ਪਰਿਵਾਰ ਦੀ ਖ਼ੁਸ਼ੀ ਹੀ ਉਸ ਦੇ ਜੀਵਨ ਦਾ ਮਕਸਦ ਸੀ। ਫਿਰ ਵੀ ਐਲਬਰਟ ਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਸੀ। ਉਸ ਨੂੰ ਅਜੇ ਵੀ ਮਨ ਦੀ ਸ਼ਾਂਤੀ ਨਹੀਂ ਮਿਲੀ ਸੀ।

ਐਲਬਰਟ ਇਕੱਲਾ ਹੀ ਨਹੀਂ ਜੋ ਇਸ ਤਰ੍ਹਾਂ ਮਹਿਸੂਸ ਕਰਦਾ ਹੈ, ਹੋਰ ਵੀ ਕਈ ਲੋਕ ਹਨ ਜੋ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਜੀਵਨ ਦਾ ਮਕਸਦ ਲੱਭਣ ਲਈ ਕਈਆਂ ਨੇ ਵੱਖੋ-ਵੱਖਰੇ ਜੀਉਣ ਦੇ ਢੰਗ, ਫ਼ਲਸਫ਼ੇ ਤੇ ਧਰਮ ਅਜ਼ਮਾ ਕੇ ਦੇਖੇ ਹਨ। ਮਿਸਾਲ ਵਜੋਂ, 1960 ਦੇ ਦਹਾਕੇ ਵਿਚ ਕਈ ਪੱਛਮੀ ਦੇਸ਼ਾਂ ਵਿਚ ਹਿੱਪੀ ਅੰਦੋਲਨ ਚੱਲਿਆ। ਇਹ ਅੰਦੋਲਨ ਸਮਾਜ ਦੇ ਨੈਤਿਕ ਮਿਆਰਾਂ ਤੇ ਆਮ ਕਦਰਾਂ-ਕੀਮਤਾਂ ਦੇ ਵਿਰੋਧ ਵਿਚ ਚਲਾਇਆ ਗਿਆ ਸੀ। ਇਸ ਅੰਦੋਲਨ ਵਿਚ ਖ਼ਾਸ ਕਰਕੇ ਨੌਜਵਾਨ ਸ਼ਾਮਲ ਹੋਏ ਸਨ। ਇਨ੍ਹਾਂ ਨੌਜਵਾਨਾਂ ਨੇ ਨਸ਼ਿਆਂ ਰਾਹੀਂ ਅਤੇ ਅੰਦੋਲਨ ਦੇ ਗੁਰੂਆਂ ਅਤੇ ਧਾਰਮਿਕ ਆਗੂਆਂ ਦੇ ਫ਼ਲਸਫ਼ਿਆਂ ਤੇ ਚੱਲ ਕੇ ਖ਼ੁਸ਼ੀ ਅਤੇ ਜ਼ਿੰਦਗੀ ਦੇ ਮਕਸਦ ਨੂੰ ਭਾਲਣ ਦੀ ਕੋਸ਼ਿਸ਼ ਕੀਤੀ। ਪਰ ਅਖ਼ੀਰ ਵਿਚ ਇਹ ਹਿੱਪੀ ਅੰਦੋਲਨ ਲੋਕਾਂ ਨੂੰ ਅਸਲੀ ਖ਼ੁਸ਼ੀ ਦੇਣ ਵਿਚ ਅਸਫ਼ਲ ਹੋਇਆ। ਇਸ ਦੀ ਬਜਾਇ ਇਸ ਅੰਦੋਲਨ ਨੇ ਇਕ ਨਸ਼ੇਬਾਜ਼ ਪੀੜ੍ਹੀ ਪੈਦਾ ਕੀਤੀ ਜਿਸ ਨੂੰ ਨੈਤਿਕ ਮਿਆਰਾਂ ਦੀ ਕੋਈ ਕਦਰ ਨਹੀਂ ਸੀ। ਨਤੀਜੇ ਵਜੋਂ, ਦੁਨੀਆਂ ਦੇ ਨੈਤਿਕ ਮਿਆਰ ਵਿਗੜਦੇ ਗਏ ਅਤੇ ਇਸ ਦਾ ਅਸਰ ਅਗਲੀਆਂ ਪੀੜ੍ਹੀਆਂ ਤੇ ਵੀ ਪਿਆ।

ਸਦੀਆਂ ਤੋਂ ਬਹੁਤ ਸਾਰੇ ਲੋਕਾਂ ਨੇ ਸੋਚਿਆ ਹੈ ਕਿ ਉਹ ਧਨ-ਦੌਲਤ ਤੇ ਤਾਕਤ ਹਾਸਲ ਕਰਨ ਜਾਂ ਪੜ੍ਹਾਈ-ਲਿਖਾਈ ਕਰਨ ਦੁਆਰਾ ਖ਼ੁਸ਼ ਹੋ ਸਕਦੇ ਹਨ। ਪਰ ਇਨ੍ਹਾਂ ਦੇ ਜ਼ਰੀਏ ਖ਼ੁਸ਼ੀ ਦੀ ਬਜਾਇ ਨਿਰਾਸ਼ਾ ਹੀ ਹੱਥ ਲੱਗਦੀ ਹੈ। ਯਿਸੂ ਨੇ ਕਿਹਾ ਸੀ ਕਿ “ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” (ਲੂਕਾ 12:15) ਜੀ ਹਾਂ, ਜਿਹੜਾ ਇਨਸਾਨ ਆਪਣੀ ਪੂਰੀ ਜ਼ਿੰਦਗੀ ਧਨ-ਦੌਲਤ ਕਮਾਉਣ ਵਿਚ ਲਾ ਦਿੰਦਾ ਹੈ, ਉਸ ਦੀ ਝੋਲੀ ਅਕਸਰ ਦੁੱਖ-ਦਰਦਾਂ ਨਾਲ ਹੀ ਭਰੀ ਜਾਂਦੀ ਹੈ। ਬਾਈਬਲ ਕਹਿੰਦੀ ਹੈ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।”—1 ਤਿਮੋਥਿਉਸ 6:9, 10.

ਤਾਂ ਫਿਰ, ਇਨਸਾਨ ਨੂੰ ਮਨ ਦੀ ਸ਼ਾਂਤੀ ਕਿਵੇਂ ਮਿਲ ਸਕਦੀ ਹੈ ਅਤੇ ਉਸ ਨੂੰ ਜੀਵਨ ਦੇ ਮਕਸਦ ਦਾ ਪਤਾ ਕਿੱਦਾਂ ਲੱਗ ਸਕਦਾ ਹੈ? ਕੀ ਉਸ ਨੂੰ ਥਾਂ-ਥਾਂ ਠੋਕਰਾਂ ਖਾਂਦੇ ਹੋਏ ਵੱਖੋ-ਵੱਖਰੇ ਜੀਉਣ ਦੇ ਤਰੀਕੇ ਅਜ਼ਮਾ ਕੇ ਦੇਖਣੇ ਪੈਣਗੇ? ਨਹੀਂ, ਸਾਨੂੰ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਹੈ। ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਜੇ ਅਸੀਂ ਮਨ ਦੀ ਸ਼ਾਂਤੀ ਅਤੇ ਆਪਣੀ ਜ਼ਿੰਦਗੀ ਵਿਚ ਮਕਸਦ ਚਾਹੁੰਦੇ ਹਾਂ, ਤਾਂ ਸਾਨੂੰ ਇਕ ਜ਼ਰੂਰੀ ਲੋੜ ਪੂਰੀ ਕਰਨੀ ਪਵੇਗੀ ਅਤੇ ਇਹ ਲੋੜ ਸਿਰਫ਼ ਇਨਸਾਨਾਂ ਨੂੰ ਮਹਿਸੂਸ ਹੁੰਦੀ ਹੈ।

[ਸਫ਼ੇ 3 ਉੱਤੇ ਤਸਵੀਰ]

ਕੀ ਧਨ-ਦੌਲਤ ਤੇ ਤਾਕਤ ਹਾਸਲ ਕਰਨ ਜਾਂ ਪੜ੍ਹਾਈ-ਲਿਖਾਈ ਕਰਨ ਦੁਆਰਾ ਸਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ?