Skip to content

Skip to table of contents

ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ

ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ

ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ

‘ਤੁਸੀਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।’—ਰਸੂਲਾਂ ਦੇ ਕਰਤੱਬ 1:8.

1. ਬਾਈਬਲ ਦੇ ਅਧਿਆਪਕ ਹੋਣ ਦੇ ਨਾਤੇ ਅਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹਾਂ ਤੇ ਕਿਉਂ?

ਕਾਬਲ ਅਧਿਆਪਕ ਨਾ ਸਿਰਫ਼ ਇਸ ਗੱਲ ਵੱਲ ਧਿਆਨ ਦਿੰਦੇ ਹਨ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਕੀ ਸਿਖਾਉਂਦੇ ਹਨ, ਸਗੋਂ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਉਹ ਕਿਸ ਤਰੀਕੇ ਨਾਲ ਸਿਖਾਉਂਦੇ ਹਨ। ਅਸੀਂ ਵੀ ਇਕ ਕਿਸਮ ਦੇ ਅਧਿਆਪਕ ਹਾਂ ਅਤੇ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਂਦੇ ਹਾਂ। ਅਸੀਂ ਵੀ ਇਸ ਦਾ ਧਿਆਨ ਰੱਖਦੇ ਹਾਂ ਕਿ ਅਸੀਂ ਲੋਕਾਂ ਨੂੰ ਕੀ ਅਤੇ ਕਿਸ ਤਰੀਕੇ ਨਾਲ ਸਿਖਾਉਂਦੇ ਹਾਂ। ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਸੰਦੇਸ਼ ਸੁਣਾਉਂਦੇ ਹਾਂ। ਸਾਡਾ ਸੰਦੇਸ਼ ਕਦੀ ਨਹੀਂ ਬਦਲਦਾ, ਪਰ ਹਾਲਾਤ ਅਨੁਸਾਰ ਅਸੀਂ ਪ੍ਰਚਾਰ ਕਰਨ ਦੇ ਤਰੀਕੇ ਬਦਲ ਲੈਂਦੇ ਹਾਂ। ਕਿਉਂ? ਕਿਉਂਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਚਾਹੁੰਦੇ ਹਾਂ।

2. ਪ੍ਰਚਾਰ ਕਰਨ ਦੇ ਵੱਖੋ-ਵੱਖਰੇ ਤਰੀਕੇ ਇਸਤੇਮਾਲ ਕਰ ਕੇ ਅਸੀਂ ਕਿਨ੍ਹਾਂ ਦੀ ਰੀਸ ਕਰ ਰਹੇ ਹਾਂ?

2 ਪ੍ਰਚਾਰ ਕਰਨ ਦੇ ਵੱਖੋ-ਵੱਖਰੇ ਤਰੀਕੇ ਇਸਤੇਮਾਲ ਕਰ ਕੇ ਅਸੀਂ ਪਰਮੇਸ਼ੁਰ ਦੇ ਪੁਰਾਣੇ ਸੇਵਕਾਂ ਦੀ ਰੀਸ ਕਰਦੇ ਹਾਂ। ਮਿਸਾਲ ਲਈ, ਪੌਲੁਸ ਰਸੂਲ ਨੇ ਕਿਹਾ: ‘ਯਹੂਦੀਆਂ ਲਈ ਮੈਂ ਯਹੂਦੀ ਜਿਹਾ ਬਣਿਆ। ਸ਼ਰਾ ਹੀਣਾਂ ਲਈ ਮੈਂ ਸ਼ਰਾ ਹੀਣ ਜਿਹਾ ਬਣਿਆ। ਮੈਂ ਨਿਤਾਣਿਆਂ ਲਈ ਨਿਤਾਣਾ ਬਣਿਆ। ਮੈਂ ਸਭਨਾਂ ਲਈ ਸਭ ਕੁਝ ਬਣਿਆ ਹਾਂ ਤਾਂ ਜੋ ਮੈਂ ਹਰ ਤਰਾਂ ਨਾਲ ਕਈਆਂ ਨੂੰ ਬਚਾਵਾਂ।’ (1 ਕੁਰਿੰਥੀਆਂ 9:19-23) ਪੌਲੁਸ ਦੀ ਸੇਵਕਾਈ ਸਫ਼ਲ ਰਹੀ ਅਤੇ ਸਾਡੀ ਵੀ ਸਫ਼ਲ ਹੋਵੇਗੀ ਜੇ ਅਸੀਂ ਵੀ ਵੱਖੋ-ਵੱਖਰੇ ਲੋਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਪੇਸ਼ਕਾਰੀ ਬਦਲੀਏ।

“ਧਰਤੀ ਦੇ ਕੰਢਿਆਂ” ਤਕ

3. (ੳ) ਅਸੀਂ ਪ੍ਰਚਾਰ ਸੰਬੰਧੀ ਕਿਹੜੀ ਇਕ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹਾਂ? (ਅ) ਅੱਜ ਯਸਾਯਾਹ 45:22 ਦੇ ਸ਼ਬਦ ਕਿਵੇਂ ਪੂਰੇ ਹੋ ਰਹੇ ਹਨ?

3 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲਿਆਂ ਲਈ ਇਕ ਮੁਸ਼ਕਲ ਇਹ ਹੈ ਕਿ “ਸਾਰੀ ਦੁਨੀਆ ਵਿੱਚ” ਪ੍ਰਚਾਰ ਕੀਤਾ ਜਾਣਾ ਹੈ। (ਮੱਤੀ 24:14) ਪਿਛਲੀ ਸਦੀ ਦੌਰਾਨ ਯਹੋਵਾਹ ਦੇ ਸੇਵਕ ਸਖ਼ਤ ਮਿਹਨਤ ਕਰ ਕੇ ਨਵੀਆਂ ਥਾਵਾਂ ਤੇ ਖ਼ੁਸ਼ ਖ਼ਬਰੀ ਸੁਣਾਉਣ ਗਏ। ਇਸ ਦਾ ਕੀ ਨਤੀਜਾ ਨਿਕਲਿਆ? ਅੱਜ ਸੰਸਾਰ ਭਰ ਵਿਚ ਪ੍ਰਚਾਰ ਦਾ ਕੰਮ ਕੀਤਾ ਜਾ ਰਿਹਾ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿਚ ਪ੍ਰਚਾਰ ਥੋੜ੍ਹੇ ਹੀ ਦੇਸ਼ਾਂ ਵਿਚ ਕੀਤਾ ਜਾਂਦਾ ਸੀ, ਪਰ ਹੁਣ ਯਹੋਵਾਹ ਦੇ ਗਵਾਹ 235 ਦੇਸ਼ਾਂ ਵਿਚ ਪ੍ਰਚਾਰ ਕਰ ਰਹੇ ਹਨ! ਵਾਕਈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਧਰਤੀ ਦੇ ਕੰਢਿਆਂ” ਤਕ ਕੀਤਾ ਜਾ ਰਿਹਾ ਹੈ।—ਯਸਾਯਾਹ 45:22.

4, 5. (ੳ) ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਕਿਨ੍ਹਾਂ ਨੇ ਵੱਡਾ ਯੋਗਦਾਨ ਪਾਇਆ ਹੈ? (ਅ) ਯਹੋਵਾਹ ਦੇ ਗਵਾਹਾਂ ਦੇ ਕੁਝ ਬ੍ਰਾਂਚ ਆਫ਼ਿਸਾਂ ਨੇ ਚਿੱਠੀਆਂ ਵਿਚ ਕੀ ਲਿਖਿਆ ਹੈ?

4 ਸੰਸਾਰ ਭਰ ਦੇ ਇਸ ਵੱਡੇ ਕੰਮ ਵਿਚ ਕਿਸ-ਕਿਸ ਨੇ ਹਿੱਸਾ ਲਿਆ ਹੈ? ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੇ ਮਿਸ਼ਨਰੀਆਂ ਅਤੇ ਸੇਵਕਾਈ ਸਿਖਲਾਈ ਸਕੂਲ ਦੇ 20,000 ਤੋਂ ਜ਼ਿਆਦਾ ਗ੍ਰੈਜੂਏਟ ਭਰਾਵਾਂ ਨੇ ਇਸ ਵਿਚ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾਂ ਦੇ ਇਲਾਵਾ ਉਹ ਭੈਣ-ਭਰਾ ਵੀ ਹਨ ਜੋ ਆਪਣੇ ਖ਼ਰਚੇ ਤੇ ਉਨ੍ਹਾਂ ਦੇਸ਼ਾਂ ਵਿਚ ਰਹਿਣ ਗਏ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕੁਰਬਾਨੀਆਂ ਦੇਣ ਵਾਲੇ ਇਹ ਬੁੱਢੇ ਤੇ ਜਵਾਨ, ਵਿਆਹੇ ਤੇ ਕੁਆਰੇ ਭੈਣ-ਭਰਾ ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਿਚ ਬਹੁਤ ਮਿਹਨਤ ਕਰਦੇ ਹਨ। (ਜ਼ਬੂਰਾਂ ਦੀ ਪੋਥੀ 110:3; ਰੋਮੀਆਂ 10:18) ਅਸੀਂ ਇਨ੍ਹਾਂ ਸਾਰਿਆਂ ਦੀ ਬਹੁਤ ਕਦਰ ਕਰਦੇ ਹਾਂ। ਯਹੋਵਾਹ ਦੇ ਗਵਾਹਾਂ ਦੇ ਕੁਝ ਬ੍ਰਾਂਚ ਆਫ਼ਿਸਾਂ ਨੇ ਚਿੱਠੀਆਂ ਰਾਹੀਂ ਉਨ੍ਹਾਂ ਪਰਦੇਸੀ ਭੈਣ-ਭਰਾਵਾਂ ਦੀ ਸ਼ਲਾਘਾ ਕੀਤੀ ਹੈ ਜਿਹੜੇ ਉਨ੍ਹਾਂ ਦੇ ਇਲਾਕਿਆਂ ਵਿਚ ਪ੍ਰਚਾਰ ਕਰ ਰਹੇ ਹਨ।

5 “ਇਹ ਪਿਆਰੇ ਭੈਣ-ਭਰਾ ਦੂਰ-ਦੁਰਾਡੇ ਇਲਾਕਿਆਂ ਵਿਚ ਪ੍ਰਚਾਰ ਕਰਨ ਦੇ ਨਾਲ-ਨਾਲ ਨਵੀਆਂ ਕਲੀਸਿਯਾਵਾਂ ਸਥਾਪਿਤ ਕਰਦੇ ਹਨ ਅਤੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ ਤਾਂਕਿ ਉਹ ਸੱਚਾਈ ਵਿਚ ਤਰੱਕੀ ਕਰਨ।” (ਇਕਵੇਡਾਰ) “ਜੇ ਪਰਦੇਸਾਂ ਤੋਂ ਆਏ ਸੈਂਕੜੇ ਭੈਣ-ਭਰਾ ਇੱਥੋਂ ਚਲੇ ਜਾਣ, ਤਾਂ ਕਲੀਸਿਯਾਵਾਂ ਉੱਤੇ ਇਸ ਦਾ ਮਾੜਾ ਅਸਰ ਪਵੇਗਾ। ਇਨ੍ਹਾਂ ਦਾ ਸਾਥ ਸਾਡੇ ਲਈ ਬਹੁਤ ਵੱਡੀ ਬਰਕਤ ਹੈ।” (ਡਮਿਨੀਕਨ ਗਣਰਾਜ) “ਕਈ ਕਲੀਸਿਯਾਵਾਂ ਵਿਚ ਬਹੁਤ ਸਾਰੀਆਂ ਭੈਣਾਂ ਹਨ, ਕਿਸੇ-ਕਿਸੇ ਕਲੀਸਿਯਾ ਵਿਚ 70 ਫੀ ਸਦੀ ਭੈਣਾਂ ਹੀ ਹਨ। ਜ਼ਿਆਦਾਤਰ ਭੈਣਾਂ ਸੱਚਾਈ ਵਿਚ ਨਵੀਆਂ ਹਨ, ਪਰ ਦੂਸਰੇ ਦੇਸ਼ਾਂ ਤੋਂ ਆਈਆਂ ਕੁਆਰੀਆਂ ਪਾਇਨੀਅਰ ਭੈਣਾਂ ਉਨ੍ਹਾਂ ਦੀ ਬੇਹੱਦ ਮਦਦ ਕਰਦੀਆਂ ਹਨ। ਵਿਦੇਸ਼ਾਂ ਤੋਂ ਆਈਆਂ ਇਹ ਭੈਣਾਂ ਸਾਡੇ ਲਈ ਅਨਮੋਲ ਹਨ!” (ਇਕ ਪੂਰਬੀ ਯੂਰਪੀਅਨ ਦੇਸ਼) ਕੀ ਤੁਸੀਂ ਵਿਦੇਸ਼ ਜਾ ਕੇ ਸੇਵਾ ਕਰਨ ਬਾਰੇ ਕਦੇ ਸੋਚਿਆ ਹੈ? *ਰਸੂਲਾਂ ਦੇ ਕਰਤੱਬ 16:9, 10.

“ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ”

6. ਜ਼ਕਰਯਾਹ 8:23 ਵਿਚ ਸਾਡੇ ਪ੍ਰਚਾਰ ਦੇ ਸੰਬੰਧ ਵਿਚ ਕਿਸ ਮੁਸ਼ਕਲ ਦਾ ਸੰਕੇਤ ਮਿਲਦਾ ਹੈ?

6 ਦੂਰ-ਦੁਰਾਡੇ ਦੇਸ਼ਾਂ ਵਿਚ ਰਹਿੰਦੇ ਲੋਕਾਂ ਤਕ ਪਹੁੰਚਣ ਤੋਂ ਇਲਾਵਾ ਇਕ ਹੋਰ ਮੁਸ਼ਕਲ ਹੈ ਅਣਗਿਣਤ ਭਾਸ਼ਾਵਾਂ। ਪਰਮੇਸ਼ੁਰ ਦੇ ਬਚਨ ਵਿਚ ਪਹਿਲਾਂ ਹੀ ਲਿਖਿਆ ਗਿਆ ਸੀ: ‘ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!’ (ਜ਼ਕਰਯਾਹ 8:23) ਇਸ ਭਵਿੱਖਬਾਣੀ ਵਿਚ ਦੱਸੇ ਗਏ “ਦਸ ਮਨੁੱਖ” ਪਰਕਾਸ਼ ਦੀ ਪੋਥੀ 7:9 ਵਿਚ ਦੱਸੀ ਗਈ ਵੱਡੀ ਭੀੜ ਨੂੰ ਦਰਸਾਉਂਦੇ ਹਨ। ਪਰ ਧਿਆਨ ਦਿਓ ਕਿ ਇਸ ਭਵਿੱਖਬਾਣੀ ਦੇ ਅਨੁਸਾਰ “ਦਸ ਮਨੁੱਖ” ਸਾਰੀਆਂ ਕੌਮਾਂ ਵਿੱਚੋਂ ਹੀ ਨਹੀਂ ਨਿਕਲਣਗੇ, ਸਗੋਂ ‘ਵੱਖੋ ਵੱਖ ਬੋਲੀ ਬੋਲਣ ਵਾਲੀਆਂ ਕੌਮਾਂ’ ਵਿੱਚੋਂ ਵੀ ਨਿਕਲਣਗੇ। ਕੀ ਅੱਜ ਇਸ ਭਵਿੱਖਬਾਣੀ ਦੀ ਇਹ ਖ਼ਾਸ ਗੱਲ ਪੂਰੀ ਹੋ ਰਹੀ ਹੈ? ਜੀ ਹਾਂ, ਇਹ ਜ਼ਰੂਰ ਪੂਰੀ ਹੋ ਰਹੀ ਹੈ!

7. ਕਿਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ‘ਵੱਖੋ ਵੱਖ ਬੋਲੀ ਬੋਲਣ ਵਾਲੀਆਂ ਕੌਮਾਂ’ ਤਕ ਖ਼ੁਸ਼ ਖ਼ਬਰੀ ਪਹੁੰਚਾਈ ਜਾ ਰਹੀ ਹੈ?

7 ਜ਼ਰਾ ਗੌਰ ਕਰੋ ਕਿ ਅੱਜ ਤੋਂ 50 ਸਾਲ ਪਹਿਲਾਂ ਸਾਡੇ ਪ੍ਰਕਾਸ਼ਨ 90 ਭਾਸ਼ਾਵਾਂ ਵਿਚ ਛਾਪੇ ਜਾਂਦੇ ਸਨ, ਪਰ ਹੁਣ ਇਹ ਤਕਰੀਬਨ 400 ਭਾਸ਼ਾਵਾਂ ਵਿਚ ਛਾਪੇ ਜਾ ਰਹੇ ਹਨ। “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਪੂਰੀ ਕੋਸ਼ਿਸ਼ ਕਰ ਕੇ ਉਨ੍ਹਾਂ ਭਾਸ਼ਾਵਾਂ ਵਿਚ ਪ੍ਰਕਾਸ਼ਨ ਤਿਆਰ ਕੀਤੇ ਹਨ ਜੋ ਬਹੁਤ ਘੱਟ ਲੋਕ ਬੋਲਦੇ ਹਨ। (ਮੱਤੀ 24:45) ਮਿਸਾਲ ਲਈ, ਬਾਈਬਲ ਦੇ ਪ੍ਰਕਾਸ਼ਨ ਹੁਣ 47,000 ਗ੍ਰੀਨਲੈਂਡਿਕ ਭਾਸ਼ਾ ਬੋਲਣ ਵਾਲੇ ਲੋਕਾਂ ਲਈ, 15,000 ਪਲਾਯੂਅਨ ਭਾਸ਼ਾ ਬੋਲਣ ਵਾਲੇ ਲੋਕਾਂ ਲਈ ਅਤੇ 7,000 ਤੋਂ ਘੱਟ ਯਾਪੀ ਭਾਸ਼ਾ ਬੋਲਣ ਵਾਲੇ ਲੋਕਾਂ ਲਈ ਤਿਆਰ ਕੀਤੇ ਜਾਂਦੇ ਹਨ।

‘ਇੱਕ ਵੱਡਾ ਦਰਵੱਜਾ’ ਖੁੱਲ੍ਹਿਆ ਹੈ

8, 9. ਭੈਣ-ਭਰਾਵਾਂ ਲਈ ਕਿਹੜਾ ‘ਵੱਡਾ ਦਰਵੱਜਾ’ ਖੁੱਲ੍ਹਿਆ ਹੈ ਅਤੇ ਹਜ਼ਾਰਾਂ ਗਵਾਹ ਕੀ ਕਰ ਰਹੇ ਹਨ?

8 ਹੁਣ ਸਾਨੂੰ ਦੂਜੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸ਼ਾਇਦ ਦੂਜਿਆਂ ਦੇਸ਼ਾਂ ਵਿਚ ਜਾਣ ਦੀ ਜ਼ਰੂਰਤ ਨਾ ਹੋਵੇ। ਅੱਜ ਲੱਖਾਂ ਲੋਕ ਆਪਣੇ ਦੇਸ਼ ਛੱਡ ਕੇ ਅਮੀਰ ਦੇਸ਼ਾਂ ਵਿਚ ਰਹਿਣ ਲੱਗ ਪਏ ਹਨ ਅਤੇ ਵੱਖੋ-ਵੱਖਰੀਆਂ ਬੋਲੀਆਂ ਬੋਲਣ ਵਾਲੇ ਲੋਕਾਂ ਨੇ ਇਨ੍ਹਾਂ ਦੇਸ਼ਾਂ ਵਿਚ ਆਪਣੇ-ਆਪਣੇ ਇਲਾਕੇ ਵਸਾ ਲਏ ਹਨ। ਮਿਸਾਲ ਲਈ, ਫਰਾਂਸ ਦੇ ਪੈਰਿਸ ਸ਼ਹਿਰ ਵਿਚ ਤਕਰੀਬਨ 100 ਵੱਖੋ-ਵੱਖਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੈਨੇਡਾ ਦੇ ਟੋਰੌਂਟੋ ਸ਼ਹਿਰ ਵਿਚ 125 ਅਤੇ ਲੰਡਨ ਵਿਚ 300 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ! ਬਹੁਤ ਸਾਰੀਆਂ ਕਲੀਸਿਯਾਵਾਂ ਦੇ ਇਲਾਕਿਆਂ ਵਿਚ ਹੋਰ ਬੋਲੀ ਬੋਲਣ ਵਾਲਿਆਂ ਦੀ ਵਧਦੀ ਗਿਣਤੀ ਨੇ ਭੈਣਾਂ-ਭਰਾਵਾਂ ਲਈ ‘ਇੱਕ ਵੱਡਾ ਦਰਵੱਜਾ’ ਖੋਲ੍ਹ ਦਿੱਤਾ ਹੈ ਯਾਨੀ ਉਨ੍ਹਾਂ ਨੂੰ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲ ਰਿਹਾ ਹੈ।—1 ਕੁਰਿੰਥੀਆਂ 16:9.

9 ਪਰਦੇਸੀਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਯਹੋਵਾਹ ਦੇ ਹਜ਼ਾਰਾਂ ਗਵਾਹ ਹੋਰ ਭਾਸ਼ਾਵਾਂ ਸਿੱਖ ਰਹੇ ਹਨ। ਭਾਵੇਂ ਨਵੀਂ ਭਾਸ਼ਾ ਸਿੱਖਣੀ ਸੌਖੀ ਨਹੀਂ ਹੈ, ਫਿਰ ਵੀ ਵਿਦੇਸ਼ੀ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਿਖਾ ਕੇ ਸਾਡੇ ਭੈਣ-ਭਰਾਵਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਕੁਝ ਸਮਾਂ ਪਹਿਲਾਂ ਇਕ ਪੱਛਮੀ ਦੇਸ਼ ਵਿਚ ਹੋਏ ਜ਼ਿਲ੍ਹਾ ਸੰਮੇਲਨਾਂ ਵਿਚ ਬਪਤਿਸਮਾ ਲੈਣ ਵਾਲਿਆਂ ਵਿੱਚੋਂ 40 ਫੀ ਸਦੀ ਲੋਕ ਪਰਦੇਸੀ ਸਨ।

10. ਤੁਸੀਂ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਨਾਮਕ ਪੁਸਤਕ ਕਿਵੇਂ ਵਰਤ ਰਹੇ ਹੋ? (ਸਫ਼ਾ 26 ਉੱਤੇ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਨਾਮਕ ਪੁਸਤਕ ਬਾਰੇ ਕੁਝ ਜਾਣਕਾਰੀ” ਨਾਂ ਦੀ ਡੱਬੀ ਦੇਖੋ)

10 ਇਹ ਸੱਚ ਹੈ ਕਿ ਅਸੀਂ ਸਾਰੇ ਜਣੇ ਹੋਰ ਭਾਸ਼ਾ ਨਹੀਂ ਸਿੱਖ ਸਕਦੇ। ਫਿਰ ਵੀ, ਅਸੀਂ ਹੋਰ ਬੋਲੀ ਬੋਲਣ ਵਾਲਿਆਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਣ ਲਈ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ * ਨਾਮਕ ਪੁਸਤਕ ਜ਼ਰੂਰ ਵਰਤ ਸਕਦੇ ਹਾਂ। (ਯੂਹੰਨਾ 4:37) ਕੀ ਤੁਸੀਂ ਪ੍ਰਚਾਰ ਕਰਦੇ ਸਮੇਂ ਇਹ ਪੁਸਤਕ ਵਰਤ ਰਹੇ ਹੋ?

ਜਦ ਲੋਕ ਸਾਡਾ ਸੰਦੇਸ਼ ਨਹੀਂ ਸੁਣਨਾ ਚਾਹੁੰਦੇ

11. ਸਾਨੂੰ ਹੋਰ ਕਿਸ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ?

11 ਜਿੱਦਾਂ-ਜਿੱਦਾਂ ਧਰਤੀ ਉੱਤੇ ਸ਼ਤਾਨ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ, ਉੱਦਾਂ-ਉੱਦਾਂ ਸਾਨੂੰ ਇਕ ਹੋਰ ਮੁਸ਼ਕਲ ਦਾ ਲਗਾਤਾਰ ਸਾਮ੍ਹਣਾ ਕਰਨਾ ਪੈ ਰਿਹਾ ਹੈ—ਲੋਕ ਸਾਡੀ ਗੱਲ ਨਹੀਂ ਸੁਣਨੀ ਚਾਹੁੰਦੇ। ਸਾਨੂੰ ਇਸ ਤੋਂ ਹੈਰਾਨੀ ਨਹੀਂ ਹੁੰਦੀ ਕਿਉਂਕਿ ਯਿਸੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅਜਿਹਾ ਹੋਵੇਗਾ। ਸਾਡੇ ਜ਼ਮਾਨੇ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ: “ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ।” (ਮੱਤੀ 24:12) ਬਹੁਤ ਸਾਰੇ ਲੋਕ ਹੁਣ ਪਰਮੇਸ਼ੁਰ ਨੂੰ ਨਹੀਂ ਮੰਨਦੇ ਅਤੇ ਨਾ ਹੀ ਬਾਈਬਲ ਨੂੰ। (2 ਪਤਰਸ 3:3, 4) ਇਸ ਕਰਕੇ ਦੁਨੀਆਂ ਦੇ ਕੁਝ ਇਲਾਕਿਆਂ ਵਿਚ ਬਹੁਤ ਘੱਟ ਲੋਕ ਯਿਸੂ ਦੇ ਚੇਲੇ ਬਣਦੇ ਹਨ। ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਇਲਾਕਿਆਂ ਵਿਚ ਵਫ਼ਾਦਾਰੀ ਨਾਲ ਪ੍ਰਚਾਰ ਕਰਨ ਵਾਲੇ ਸਾਡੇ ਪਿਆਰੇ ਭੈਣਾਂ-ਭਰਾਵਾਂ ਦੀ ਮਿਹਨਤ ਵਿਅਰਥ ਜਾਂਦੀ ਹੈ। (ਇਬਰਾਨੀਆਂ 6:10) ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਆਓ ਆਪਾਂ ਦੇਖੀਏ।

12. ਸਾਡੇ ਪ੍ਰਚਾਰ ਦੇ ਕੰਮ ਦੇ ਕਿਹੜੇ ਦੋ ਖ਼ਾਸ ਉਦੇਸ਼ ਹਨ?

12 ਮੱਤੀ ਦੀ ਇੰਜੀਲ ਵਿਚ ਸਾਡੇ ਪ੍ਰਚਾਰ ਦੇ ਕੰਮ ਬਾਰੇ ਦੋ ਖ਼ਾਸ ਉਦੇਸ਼ ਦੱਸੇ ਗਏ ਹਨ। ਇਕ ਇਹ ਹੈ ਕਿ ਅਸੀਂ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਈਏ।’ (ਮੱਤੀ 28:19) ਦੂਜਾ ਇਹ ਕਿ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ “ਸਾਖੀ” ਵਜੋਂ ਦਿੱਤਾ ਜਾ ਰਿਹਾ ਹੈ। (ਮੱਤੀ 24:14) ਇਹ ਦੋਵੇਂ ਉਦੇਸ਼ ਅਹਿਮੀਅਤ ਰੱਖਦੇ ਹਨ, ਪਰ ਦੂਜਾ ਜ਼ਿਆਦਾ ਅਹਿਮ ਹੈ। ਕਿਉਂ?

13, 14. (ੳ) ਯਿਸੂ ਦੇ ਆਉਣ ਦਾ ਇਕ ਖ਼ਾਸ ਲੱਛਣ ਕੀ ਹੈ? (ਅ) ਜਦ ਲੋਕ ਸਾਡੀ ਗੱਲ ਨਹੀਂ ਸੁਣਦੇ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

13 ਮੱਤੀ ਦੀ ਇੰਜੀਲ ਵਿਚ ਰਸੂਲਾਂ ਨੇ ਯਿਸੂ ਨੂੰ ਪੁੱਛਿਆ: “ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” (ਮੱਤੀ 24:3) ਜਵਾਬ ਵਿਚ ਯਿਸੂ ਨੇ ਇਕ ਲੱਛਣ ਇਹ ਦੱਸਿਆ ਕਿ ਸਾਰੀ ਦੁਨੀਆਂ ਵਿਚ ਪ੍ਰਚਾਰ ਕੀਤਾ ਜਾਵੇਗਾ। ਕੀ ਉਹ ਚੇਲੇ ਬਣਾਉਣ ਬਾਰੇ ਗੱਲ ਕਰ ਰਿਹਾ ਸੀ? ਨਹੀਂ, ਕਿਉਂਕਿ ਉਸ ਨੇ ਕਿਹਾ: ‘ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।’ (ਮੱਤੀ 24:14) ਸੋ ਯਿਸੂ ਕਹਿ ਰਿਹਾ ਸੀ ਕਿ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਇਕ ਖ਼ਾਸ ਲੱਛਣ ਹੋਵੇਗਾ।

14 ਇਸ ਲਈ ਜਦ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਵੇਂ ਅਸੀਂ ਦੂਜਿਆਂ ਨੂੰ ਚੇਲੇ ਬਣਾਉਣ ਵਿਚ ਸਫ਼ਲ ਨਹੀਂ ਹੁੰਦੇ, ਪਰ ਅਸੀਂ “ਸਾਖੀ” ਜ਼ਰੂਰ ਦਿੰਦੇ ਹਾਂ। ਚਾਹੇ ਲੋਕ ਸਾਡੀ ਗੱਲ ਸੁਣਨ ਜਾਂ ਨਾ, ਉਹ ਜਾਣਦੇ ਹਨ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਇਸ ਤਰ੍ਹਾਂ ਅਸੀਂ ਯਿਸੂ ਦੀ ਭਵਿੱਖਬਾਣੀ ਪੂਰੀ ਕਰਨ ਵਿਚ ਹਿੱਸਾ ਲੈ ਰਹੇ ਹਾਂ। (ਯਸਾਯਾਹ 52:7; ਪਰਕਾਸ਼ ਦੀ ਪੋਥੀ 14:6, 7) ਪੱਛਮੀ ਯੂਰਪ ਵਿਚ ਰਹਿ ਰਹੇ ਜੋਰਡੀ ਨਾਂ ਦੇ ਇਕ ਨੌਜਵਾਨ ਭਰਾ ਨੇ ਕਿਹਾ: “ਇਹ ਜਾਣ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਮੈਨੂੰ ਮੱਤੀ 24:14 ਦੀ ਭਵਿੱਖਬਾਣੀ ਪੂਰੀ ਕਰਨ ਲਈ ਵਰਤ ਰਿਹਾ ਹੈ।” (2 ਕੁਰਿੰਥੀਆਂ 2:15-17) ਉਮੀਦ ਹੈ ਕਿ ਤੁਸੀਂ ਵੀ ਇਸ ਭਰਾ ਦੀ ਗੱਲ ਨਾਲ ਸਹਿਮਤ ਹੋਵੋਗੇ।

ਜਦ ਸਾਡੇ ਕੰਮ ਦਾ ਵਿਰੋਧ ਕੀਤਾ ਜਾਂਦਾ ਹੈ

15. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ? (ਅ) ਅਸੀਂ ਵਿਰੋਧਤਾ ਦੇ ਬਾਵਜੂਦ ਪ੍ਰਚਾਰ ਕਿਉਂ ਕਰਦੇ ਰਹਿ ਸਕਦੇ ਹਾਂ?

15 ਵਿਰੋਧਤਾ ਕਾਰਨ ਵੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਮੁਸ਼ਕਲ ਹੁੰਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਚੇਤਾਵਨੀ ਦਿੱਤੀ ਸੀ: “ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।” (ਮੱਤੀ 24:9) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅੱਜ ਯਿਸੂ ਦੇ ਚੇਲਿਆਂ ਨਾਲ ਨਫ਼ਰਤ ਕੀਤੀ ਜਾਂਦੀ ਹੈ, ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਸਤਾਇਆ ਜਾਂਦਾ ਹੈ। (ਰਸੂਲਾਂ ਦੇ ਕਰਤੱਬ 5:17, 18, 40; 2 ਤਿਮੋਥਿਉਸ 3:12; ਪਰਕਾਸ਼ ਦੀ ਪੋਥੀ 12:12, 17) ਕੁਝ ਦੇਸ਼ਾਂ ਨੇ ਉਨ੍ਹਾਂ ਦੇ ਕੰਮ ਉੱਤੇ ਪਾਬੰਦੀ ਲਾਈ ਹੋਈ ਹੈ। ਫਿਰ ਵੀ ਪਰਮੇਸ਼ੁਰ ਦੀ ਆਗਿਆ ਅਨੁਸਾਰ ਇਨ੍ਹਾਂ ਦੇਸ਼ਾਂ ਵਿਚ ਅਸੀਂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਾਂ। (ਆਮੋਸ 3:8; ਰਸੂਲਾਂ ਦੇ ਕਰਤੱਬ 5:29; 1 ਪਤਰਸ 2:21) ਇਨ੍ਹਾਂ ਦੇਸ਼ਾਂ ਵਿਚ ਅਤੇ ਦੂਜੇ ਦੇਸ਼ਾਂ ਵਿਚ ਯਹੋਵਾਹ ਦੇ ਗਵਾਹ ਇਹ ਕੰਮ ਕਿਉਂ ਕਰਦੇ ਰਹਿ ਸਕਦੇ ਹਨ? ਕਿਉਂਕਿ ਯਹੋਵਾਹ ਆਪਣੀ ਪਵਿੱਤਰ ਆਤਮਾ ਰਾਹੀਂ ਸਾਨੂੰ ਤਾਕਤ ਬਖ਼ਸ਼ਦਾ ਹੈ।—ਜ਼ਕਰਯਾਹ 4:6; ਅਫ਼ਸੀਆਂ 3:16; 2 ਤਿਮੋਥਿਉਸ 4:17.

16. ਯਿਸੂ ਨੇ ਪ੍ਰਚਾਰ ਦੇ ਕੰਮ ਵਿਚ ਪਰਮੇਸ਼ੁਰ ਦੀ ਆਤਮਾ ਦੀ ਭੂਮਿਕਾ ਉੱਤੇ ਜ਼ੋਰ ਕਿਵੇਂ ਦਿੱਤਾ ਸੀ?

16 ਯਿਸੂ ਨੇ ਪ੍ਰਚਾਰ ਦੇ ਕੰਮ ਵਿਚ ਪਰਮੇਸ਼ੁਰ ਦੀ ਆਤਮਾ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ ਜਦ ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ: ‘ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।’ (ਰਸੂਲਾਂ ਦੇ ਕਰਤੱਬ 1:8; ਪਰਕਾਸ਼ ਦੀ ਪੋਥੀ 22:17) ਇਸ ਆਇਤ ਵਿਚ ਘਟਨਾਵਾਂ ਦੀ ਤਰਤੀਬ ਵੱਲ ਧਿਆਨ ਦਿਓ। ਪਹਿਲਾਂ ਚੇਲਿਆਂ ਉੱਤੇ ਪਵਿੱਤਰ ਆਤਮਾ ਆਉਣੀ ਸੀ, ਫਿਰ ਉਨ੍ਹਾਂ ਨੇ ਸਾਰੀ ਦੁਨੀਆਂ ਵਿਚ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਚੁੱਕਣੀ ਸੀ। ਸਿਰਫ਼ ਪਰਮੇਸ਼ੁਰ ਦੀ ਆਤਮਾ ਤੋਂ ਤਾਕਤ ਪਾ ਕੇ ਹੀ ਉਹ “ਸਭ ਕੌਮਾਂ ਉੱਤੇ ਸਾਖੀ” ਦੇ ਸਕਦੇ ਸਨ। (ਮੱਤੀ 24:13, 14; ਯਸਾਯਾਹ 61:1, 2) ਇਸੇ ਲਈ ਯਿਸੂ ਨੇ ਪਵਿੱਤਰ ਆਤਮਾ ਨੂੰ “ਸਹਾਇਕ” ਕਿਹਾ ਸੀ। (ਯੂਹੰਨਾ 15:26) ਉਸ ਨੇ ਕਿਹਾ ਸੀ ਕਿ ਪਰਮੇਸ਼ੁਰ ਦੀ ਆਤਮਾ ਉਸ ਦੇ ਚੇਲਿਆਂ ਨੂੰ ਸਿੱਖਿਆ ਦੇਵੇਗੀ ਅਤੇ ਉਨ੍ਹਾਂ ਦੀ ਅਗਵਾਈ ਕਰੇਗੀ।—ਯੂਹੰਨਾ 14:16, 26; 16:13.

17. ਜਦ ਸਾਨੂੰ ਸਤਾਇਆ ਜਾਂਦਾ ਹੈ, ਤਾਂ ਪਵਿੱਤਰ ਆਤਮਾ ਸਾਡੀ ਮਦਦ ਕਿਸ ਤਰ੍ਹਾਂ ਕਰਦੀ ਹੈ?

17 ਅੱਜ ਜਦ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਵਿਰੋਧ ਕੀਤਾ ਜਾਂਦਾ ਹੈ, ਤਾਂ ਪਰਮੇਸ਼ੁਰ ਦੀ ਆਤਮਾ ਸਾਡੀ ਮਦਦ ਕਿਸ ਤਰ੍ਹਾਂ ਕਰਦੀ ਹੈ? ਇਹ ਸਾਨੂੰ ਤਾਕਤ ਦਿੰਦੀ ਹੈ ਅਤੇ ਜ਼ੁਲਮ ਕਰਨ ਵਾਲਿਆਂ ਦਾ ਵਿਰੋਧ ਕਰਦੀ ਹੈ। ਆਓ ਆਪਾਂ ਰਾਜਾ ਸ਼ਾਊਲ ਦੀ ਜ਼ਿੰਦਗੀ ਤੋਂ ਇਸ ਦੀ ਮਿਸਾਲ ਦੇਖੀਏ।

ਪਰਮੇਸ਼ੁਰ ਦੀ ਆਤਮਾ ਨੇ ਵਿਰੋਧ ਕੀਤਾ

18. (ੳ) ਸ਼ਾਊਲ ਵਿਚ ਕਿਹੜੀ ਤਬਦੀਲੀ ਆਈ? (ਅ) ਸ਼ਾਊਲ ਨੇ ਦਾਊਦ ਨੂੰ ਕਿਸ ਤਰ੍ਹਾਂ ਸਤਾਇਆ ਸੀ?

18 ਸ਼ਾਊਲ ਇਸਰਾਏਲ ਦਾ ਪਹਿਲਾ ਰਾਜਾ ਬਣਿਆ ਅਤੇ ਸ਼ੁਰੂ-ਸ਼ੁਰੂ ਵਿਚ ਸਭ ਕੁਝ ਠੀਕ-ਠਾਕ ਸੀ। ਪਰ ਬਾਅਦ ਵਿਚ ਉਸ ਨੇ ਯਹੋਵਾਹ ਦਾ ਕਹਿਣਾ ਮੰਨਣਾ ਛੱਡ ਦਿੱਤਾ। (1 ਸਮੂਏਲ 10:1, 24; 11:14, 15; 15:17-23) ਨਤੀਜੇ ਵਜੋਂ ਪਰਮੇਸ਼ੁਰ ਦੀ ਆਤਮਾ ਸ਼ਾਊਲ ਦੇ ਨਾਲ ਨਹੀਂ ਰਹੀ। ਯਹੋਵਾਹ ਨੇ ਦਾਊਦ ਨੂੰ ਅਗਲਾ ਰਾਜਾ ਚੁਣਿਆ ਅਤੇ ਉਸ ਉੱਤੇ ਆਪਣੀ ਆਤਮਾ ਪਾਈ। ਸ਼ਾਊਲ ਦਾਊਦ ਨਾਲ ਬਹੁਤ ਗੁੱਸੇ ਹੋ ਗਿਆ ਅਤੇ ਉਸ ਨੇ ਉਸ ਦੀ ਜਾਨ ਲੈਣ ਦੀ ਵੀ ਕੋਸ਼ਿਸ਼ ਕੀਤੀ। (1 ਸਮੂਏਲ 16:1, 13, 14) ਕਈ ਵਾਰ ਇਸ ਤਰ੍ਹਾਂ ਲੱਗਦਾ ਸੀ ਕਿ ਦਾਊਦ ਨੂੰ ਸੌਖਿਆਂ ਹੀ ਮਾਰਿਆ ਜਾ ਸਕਦਾ ਸੀ। ਇਕ ਦਿਨ ਦਾਊਦ ਦੇ ਹੱਥ ਵਿਚ ਤਾਂ ਸਿਰਫ਼ ਇਕ ਸਾਜ਼ ਸੀ, ਪਰ ਸ਼ਾਊਲ ਦੇ ਕੋਲ ਬਰਛਾ ਸੀ। ਜਦ ਦਾਊਦ ਸਾਜ਼ ਵਜਾ ਰਿਹਾ ਸੀ, ਤਾਂ “ਸ਼ਾਊਲ ਨੇ ਸਾਂਗ ਸੁੱਟ ਕੇ ਆਖਿਆ, ਦਾਊਦ ਨੂੰ ਮੈਂ ਕੰਧ ਨਾਲ ਵਿੰਨ੍ਹਾਂਗਾ ਪਰ ਦਾਊਦ ਉਹ ਦੇ ਸਾਹਮਣਿਓਂ ਦੋ ਵਾਰੀਂ ਬਚ ਨਿੱਕਲਿਆ।” (1 ਸਮੂਏਲ 18:10, 11) ਬਾਅਦ ਵਿਚ ਸ਼ਾਊਲ ਦਾ ਦਿਲ ਨਰਮ ਹੋਇਆ। ਉਸ ਨੇ ਆਪਣੇ ਪੁੱਤਰ ਅਤੇ ਦਾਊਦ ਦੇ ਦੋਸਤ ਯੋਨਾਥਾਨ ਦੀ ਗੱਲ ਸੁਣ ਕੇ ਸਹੁੰ ਖਾਧੀ: “ਜੀਉਂਦੇ ਯਹੋਵਾਹ ਦੀ ਸੌਂਹ, [ਦਾਊਦ] ਨਾ ਮਾਰਿਆ ਜਾਵੇਗਾ।” ਪਰ ਇਕ ਵਾਰ ਫਿਰ “ਸ਼ਾਊਲ ਨੇ ਚਾਹਿਆ ਭਈ ਦਾਊਦ ਨੂੰ ਕੰਧ ਨਾਲ ਵਿੰਨ੍ਹਾਂ ਪਰ ਦਾਊਦ ਸ਼ਾਊਲ ਦੇ ਅੱਗੋਂ ਖਿਸਕ ਗਿਆ ਅਤੇ ਸਾਂਗ ਕੰਧ ਦੇ ਵਿੱਚ ਜਾ ਖੁੱਭੀ।” ਦਾਊਦ ਨੱਸ ਗਿਆ, ਪਰ ਸ਼ਾਊਲ ਨੇ ਉਸ ਦਾ ਪਿੱਛਾ ਕੀਤਾ। ਉਸ ਸਮੇਂ ਤੋਂ ਪਰਮੇਸ਼ੁਰ ਦੀ ਆਤਮਾ ਸ਼ਾਊਲ ਦਾ ਵਿਰੋਧ ਕਰਨ ਲੱਗ ਪਈ। ਕਿਸ ਤਰ੍ਹਾਂ?—1 ਸਮੂਏਲ 19:6, 10.

19. ਪਰਮੇਸ਼ੁਰ ਦੀ ਆਤਮਾ ਨੇ ਦਾਊਦ ਨੂੰ ਸ਼ਾਊਲ ਤੋਂ ਕਿਵੇਂ ਬਚਾਇਆ ਸੀ?

19 ਦਾਊਦ ਭੱਜ ਕੇ ਸਮੂਏਲ ਨਬੀ ਕੋਲ ਚਲਾ ਗਿਆ, ਪਰ ਸ਼ਾਊਲ ਨੇ ਉਸ ਨੂੰ ਫੜਨ ਲਈ ਆਪਣੇ ਬੰਦੇ ਭੇਜੇ। ਲੇਕਿਨ ਜਦ ਉਹ ਉਸ ਜਗ੍ਹਾ ਪਹੁੰਚੇ ਜਿੱਥੇ ਦਾਊਦ ਲੁਕਿਆ ਹੋਇਆ ਸੀ “ਤਾਂ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਹਲਕਾਰਿਆਂ ਉੱਤੇ ਆਇਆ ਅਤੇ ਓਹ ਵੀ ਅਗੰਮ ਵਾਚਣ ਲੱਗ ਪਏ।” ਪਰਮੇਸ਼ੁਰ ਦੀ ਆਤਮਾ ਦਾ ਉਨ੍ਹਾਂ ਉੱਤੇ ਇੰਨਾ ਅਸਰ ਹੋ ਗਿਆ ਕਿ ਉਹ ਭੁੱਲ ਗਏ ਕਿ ਉਹ ਕੀ ਕਰਨ ਆਏ ਸਨ। ਸ਼ਾਊਲ ਨੇ ਦਾਊਦ ਨੂੰ ਫੜਨ ਲਈ ਦੋ ਵਾਰ ਫਿਰ ਬੰਦੇ ਭੇਜੇ, ਪਰ ਉਨ੍ਹਾਂ ਨਾਲ ਵੀ ਉਹੀ ਗੱਲ ਹੋਈ। ਅਖ਼ੀਰ ਵਿਚ ਰਾਜਾ ਸ਼ਾਊਲ ਆਪ ਦਾਊਦ ਕੋਲ ਗਿਆ, ਪਰ ਉਹ ਵੀ ਪਰਮੇਸ਼ੁਰ ਦੀ ਆਤਮਾ ਦਾ ਸਾਮ੍ਹਣਾ ਨਾ ਕਰ ਸਕਿਆ। ਦਰਅਸਲ ਪਵਿੱਤਰ ਆਤਮਾ ਨੇ ਉਸ ਨੂੰ ਹਰਕਤਹੀਣ ਕਰ ਦਿੱਤਾ ਤੇ ਉਹ “ਉਸ ਸਾਰੇ ਦਿਨ ਅਤੇ ਸਾਰੀ ਰਾਤ” ਪਿਆ ਰਿਹਾ ਅਤੇ ਇਸ ਤਰ੍ਹਾਂ ਦਾਊਦ ਨੂੰ ਉੱਥੋਂ ਭੱਜਣ ਦਾ ਮੌਕਾ ਮਿਲ ਗਿਆ।—1 ਸਮੂਏਲ 19:20-24.

20. ਅਸੀਂ ਸ਼ਾਊਲ ਤੇ ਦਾਊਦ ਦੇ ਇਸ ਬਿਰਤਾਂਤ ਤੋਂ ਕੀ ਸਿੱਖਦੇ ਹਾਂ?

20 ਸ਼ਾਊਲ ਅਤੇ ਦਾਊਦ ਦੇ ਇਸ ਬਿਰਤਾਂਤ ਤੋਂ ਅਸੀਂ ਇਕ ਵਧੀਆ ਗੱਲ ਸਿੱਖਦੇ ਹਾਂ: ਜਦ ਪਰਮੇਸ਼ੁਰ ਦੀ ਆਤਮਾ ਪਰਮੇਸ਼ੁਰ ਦੇ ਸੇਵਕਾਂ ਦੇ ਵਿਰੋਧੀਆਂ ਦਾ ਵਿਰੋਧ ਕਰਦੀ ਹੈ, ਤਾਂ ਉਹ ਵਿਰੋਧੀ ਸਫ਼ਲ ਨਹੀਂ ਹੋ ਸਕਦੇ। (ਜ਼ਬੂਰਾਂ ਦੀ ਪੋਥੀ 46:11; 125:2) ਯਹੋਵਾਹ ਨੇ ਠਾਣ ਲਿਆ ਸੀ ਕਿ ਦਾਊਦ ਇਸਰਾਏਲ ਦਾ ਅਗਲਾ ਰਾਜਾ ਬਣੇਗਾ। ਅਜਿਹਾ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਸੀ। ਯਹੋਵਾਹ ਨੇ ਠਾਣਿਆ ਹੋਇਆ ਹੈ ਕਿ ਸਾਡੇ ਜ਼ਮਾਨੇ ਵਿਚ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕੀਤਾ ਜਾਵੇਗਾ।’ ਕੋਈ ਵੀ ਇਸ ਕੰਮ ਨੂੰ ਰੋਕ ਨਹੀਂ ਸਕਦਾ।—ਰਸੂਲਾਂ ਦੇ ਕਰਤੱਬ 5:40, 42.

21. (ੳ) ਅੱਜ ਕੁਝ ਵਿਰੋਧੀ ਸਾਡਾ ਵਿਰੋਧ ਕਿਵੇਂ ਕਰਦੇ ਹਨ? (ਅ) ਅਸੀਂ ਕਿਸ ਗੱਲ ਦਾ ਯਕੀਨ ਰੱਖ ਸਕਦੇ ਹਾਂ?

21 ਕੁਝ ਧਾਰਮਿਕ ਆਗੂ ਤੇ ਨੇਤਾ ਝੂਠ ਅਤੇ ਹਿੰਸਾ ਦਾ ਸਹਾਰਾ ਲੈ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਪਰ ਜਿਸ ਤਰ੍ਹਾਂ ਯਹੋਵਾਹ ਨੇ ਦਾਊਦ ਦੀ ਮਦਦ ਕੀਤੀ ਸੀ, ਉਸੇ ਤਰ੍ਹਾਂ ਉਹ ਅੱਜ ਆਪਣੇ ਲੋਕਾਂ ਦੀ ਵੀ ਮਦਦ ਕਰਦਾ ਹੈ। (ਮਲਾਕੀ 3:6) ਇਸ ਲਈ ਦਾਊਦ ਵਾਂਗ ਅਸੀਂ ਵੀ ਯਕੀਨ ਨਾਲ ਕਹਿ ਸਕਦੇ ਹਾਂ: “ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈ?” (ਜ਼ਬੂਰਾਂ ਦੀ ਪੋਥੀ 56:11; 121:1-8; ਰੋਮੀਆਂ 8:31) ਯਹੋਵਾਹ ਦੀ ਮਦਦ ਨਾਲ ਆਓ ਆਪਾਂ ਹਰ ਮੁਸ਼ਕਲ ਦਾ ਸਾਮ੍ਹਣਾ ਕਰੀਏ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੀਏ।

[ਫੁਟਨੋਟ]

^ ਪੈਰਾ 5 ਹੇਠਾਂ “ਬੜੀ ਖ਼ੁਸ਼ੀ” ਨਾਂ ਦੀ ਡੱਬੀ ਦੇਖੋ।

^ ਪੈਰਾ 10 ਇਹ ਪੁਸਤਕ ਯਹੋਵਾਹ ਦੇ ਗਵਾਹਾਂ ਨੇ ਛਾਪੀ ਹੈ।

ਕੀ ਤੁਹਾਨੂੰ ਯਾਦ ਹੈ?

• ਅਸੀਂ ਪ੍ਰਚਾਰ ਕਰਨ ਦੇ ਵੱਖੋ-ਵੱਖਰੇ ਤਰੀਕੇ ਕਿਉਂ ਵਰਤਦੇ ਹਾਂ?

• ਅੱਜ ਕਿਹੜਾ ‘ਵੱਡਾ ਦਰਵੱਜਾ’ ਖੁੱਲ੍ਹਿਆ ਹੋਇਆ ਹੈ?

• ਭਾਵੇਂ ਲੋਕ ਸਾਡੀ ਗੱਲ ਸੁਣਨੀ ਨਹੀਂ ਚਾਹੁੰਦੇ, ਫਿਰ ਵੀ ਅਸੀਂ ਪ੍ਰਚਾਰ ਕਰ ਕੇ ਕੀ ਕਰਦੇ ਹਾਂ?

• ਕੋਈ ਵੀ ਵਿਰੋਧੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਉਂ ਨਹੀਂ ਰੋਕ ਸਕਦਾ?

[ਸਵਾਲ]

[ਸਫ਼ੇ 22 ਉੱਤੇ ਡੱਬੀ]

ਬੜੀ ਖ਼ੁਸ਼ੀ

“ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਰਿਹਾ ਪੂਰਾ ਪਰਿਵਾਰ।” ਇਹ ਗੱਲ ਉਸ ਪਰਿਵਾਰ ਬਾਰੇ ਕਹੀ ਗਈ ਜੋ ਸਪੇਨ ਤੋਂ ਬੋਲੀਵੀਆ ਵਿਚ ਰਹਿਣ ਗਿਆ। ਪਹਿਲਾਂ ਇਸ ਪਰਿਵਾਰ ਦਾ ਇਕ ਪੁੱਤਰ ਬੋਲੀਵੀਆ ਵਿਚ ਭੈਣਾਂ-ਭਰਾਵਾਂ ਦੇ ਇਕ ਛੋਟੇ ਸਮੂਹ ਦਾ ਸਾਥ ਦੇਣ ਗਿਆ ਸੀ। ਉਸ ਦੀ ਖ਼ੁਸ਼ੀ ਦਾ ਉਸ ਦੇ ਮਾਪਿਆਂ ਉੱਤੇ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਪੂਰਾ ਪਰਿਵਾਰ ਬੋਲੀਵੀਆ ਚਲਿਆ ਗਿਆ। ਮਾਂ-ਬਾਪ ਤੋਂ ਇਲਾਵਾ ਇਸ ਪਰਿਵਾਰ ਵਿਚ ਚਾਰ ਮੁੰਡੇ ਹਨ ਜਿਨ੍ਹਾਂ ਦੀ ਉਮਰ 14 ਤੋਂ 25 ਸਾਲ ਹੈ। ਤਿੰਨ ਮੁੰਡੇ ਪਾਇਨੀਅਰੀ ਕਰ ਰਹੇ ਹਨ ਅਤੇ ਜਿਹੜਾ ਮੁੰਡਾ ਪਹਿਲਾਂ ਬੋਲੀਵੀਆ ਗਿਆ ਸੀ ਉਹ ਸੇਵਕਾਈ ਸਿਖਲਾਈ ਸਕੂਲ ਵਿਚ ਸਿਖਲਾਈ ਲੈ ਚੁੱਕਾ ਹੈ।

ਤੀਹ ਸਾਲਾਂ ਦੀ ਐਨਜੇਲੀਕਾ ਕੈਨੇਡਾ ਤੋਂ ਆਈ ਹੈ ਅਤੇ ਪੂਰਬੀ ਯੂਰਪ ਵਿਚ ਸੇਵਾ ਕਰ ਰਹੀ ਹੈ। ਉਸ ਨੇ ਕਿਹਾ: “ਮੁਸ਼ਕਲਾਂ ਬਹੁਤ ਹਨ, ਫਿਰ ਵੀ ਲੋਕਾਂ ਦੀ ਮਦਦ ਕਰ ਕੇ ਮੈਨੂੰ ਬੜੀ ਖ਼ੁਸ਼ੀ ਮਿਲਦੀ ਹੈ। ਮੈਨੂੰ ਬਹੁਤ ਹੌਸਲਾ ਮਿਲਦਾ ਹੈ ਜਦ ਭੈਣ-ਭਰਾ ਮੇਰਾ ਧੰਨਵਾਦ ਕਰਦੇ ਹਨ ਕਿ ਮੈਂ ਉਨ੍ਹਾਂ ਦੀ ਮਦਦ ਕਰਨ ਆਈ।”

ਅਮਰੀਕਾ ਤੋਂ ਡਮਿਨੀਕਨ ਗਣਰਾਜ ਵਿਚ ਆਈਆਂ ਦੋ ਸਕੀਆਂ ਭੈਣਾਂ ਨੇ ਕਿਹਾ: “ਇੱਥੇ ਰਹਿਣ-ਸਹਿਣ ਦੇ ਤੌਰ-ਤਰੀਕੇ ਬਹੁਤ ਵੱਖਰੇ ਹਨ। ਫਿਰ ਵੀ ਅਸੀਂ ਆਪਣੇ ਕੰਮ ਵਿਚ ਲੱਗੀਆਂ ਰਹੀਆਂ ਅਤੇ ਹੁਣ ਸਾਡੇ ਸੱਤ ਬਾਈਬਲ ਵਿਦਿਆਰਥੀ ਸਭਾਵਾਂ ਵਿਚ ਆਉਂਦੇ ਹਨ।” ਇਨ੍ਹਾਂ ਦੋ ਭੈਣਾਂ ਨੇ ਇਕ ਸ਼ਹਿਰ ਵਿਚ ਨਵਾਂ ਸਮੂਹ ਸ਼ੁਰੂ ਕਰਨ ਵਿਚ ਮਦਦ ਕੀਤੀ ਜਿੱਥੇ ਕੋਈ ਕਲੀਸਿਯਾ ਨਹੀਂ ਹੈ।

ਲੌਰਾ ਦੀ ਉਮਰ 30 ਦੇ ਕਰੀਬ ਹੈ ਅਤੇ ਉਹ ਚਾਰ ਸਾਲਾਂ ਤੋਂ ਵਿਦੇਸ਼ ਵਿਚ ਸੇਵਾ ਕਰ ਰਹੀ ਹੈ। ਉਹ ਕਹਿੰਦੀ ਹੈ: “ਮੈਂ ਜਾਣ-ਬੁੱਝ ਕੇ ਆਪਣੀ ਜ਼ਿੰਦਗੀ ਸਾਦੀ ਰੱਖਦੀ ਹਾਂ। ਭੈਣ-ਭਰਾ ਦੇਖ ਸਕਦੇ ਹਨ ਕਿ ਸਾਦਾ ਜੀਵਨ ਗ਼ਰੀਬੀ ਦਾ ਨਤੀਜਾ ਨਹੀਂ ਹੈ, ਸਗੋਂ ਇਹ ਮੇਰੀ ਮਰਜ਼ੀ ਹੈ। ਮੈਂ ਦੂਸਰਿਆਂ ਦੀ, ਖ਼ਾਸ ਕਰਕੇ ਨੌਜਵਾਨਾਂ ਦੀ ਮਦਦ ਕਰ ਰਹੀ ਹਾਂ ਤੇ ਮੈਨੂੰ ਇਸ ਤੋਂ ਬਹੁਤ ਖ਼ੁਸ਼ੀ ਮਿਲੀ ਹੈ। ਭਾਵੇਂ ਪਰਦੇਸ ਵਿਚ ਸੇਵਾ ਕਰਦਿਆਂ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ, ਪਰ ਮੈਂ ਜ਼ਿੰਦਗੀ ਵਿਚ ਹੋਰ ਕੁਝ ਨਹੀਂ ਚਾਹੁੰਦੀ। ਮੇਰੀ ਇਹੀ ਦੁਆ ਹੈ ਕਿ ਮੈਂ ਇੱਥੇ ਯਹੋਵਾਹ ਦੀ ਸੇਵਾ ਕਰਦੀ ਰਹਾਂ।”

[ਡੱਬੀ/ਸਫ਼ੇ 26 ਉੱਤੇ ਤਸਵੀਰ]

ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਪੁਸਤਕ ਬਾਰੇ ਕੁਝ ਜਾਣਕਾਰੀ

ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਨਾਂ ਦੀਆਂ ਤਿੰਨ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ। ਇਕ ਵਿਚ 92 ਭਾਸ਼ਾਵਾਂ ਵਿਚ ਸੰਦੇਸ਼ ਦਿੱਤਾ ਗਿਆ ਹੈ, ਦੂਜੀ ਵਿਚ 61 ਭਾਸ਼ਾਵਾਂ ਵਿਚ ਤੇ ਤੀਜੀ ਵਿਚ 29 ਭਾਸ਼ਾਵਾਂ ਵਿਚ। ਹਰ ਸਫ਼ੇ ਤੇ ਇਕ ਭਾਸ਼ਾ ਵਿਚ ਸੰਦੇਸ਼ ਹੈ। ਇਹ ਸੰਦੇਸ਼ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਜਦ ਕੋਈ ਇਹ ਸੰਦੇਸ਼ ਪੜ੍ਹਦਾ ਹੈ, ਤਾਂ ਉਸ ਨੂੰ ਲੱਗਦਾ ਹੈ ਕਿ ਤੁਸੀਂ ਉਸ ਨਾਲ ਗੱਲ ਕਰ ਰਹੇ ਹੋ।

ਕੁਝ ਪੁਸਤਕਾਂ ਦੇ ਅੰਦਰ ਦੁਨੀਆਂ ਦਾ ਇਕ ਨਕਸ਼ਾ ਹੈ। ਪਹਿਲਾਂ ਤੁਸੀਂ ਆਪਣੇ ਦੇਸ਼ ਵੱਲ ਇਸ਼ਾਰਾ ਕਰ ਸਕਦੇ ਹੋ ਤੇ ਫਿਰ ਤੁਸੀਂ ਘਰ-ਸੁਆਮੀ ਨੂੰ ਪੁੱਛ ਸਕਦੇ ਹੋ ਕਿ ਉਹ ਕਿਸ ਦੇਸ਼ ਤੋਂ ਹੈ। ਇਸ ਤਰ੍ਹਾਂ ਤੁਸੀਂ ਉਸ ਨਾਲ ਗੱਲਬਾਤ ਸ਼ੁਰੂ ਕਰ ਸਕਦੇ ਹੋ।

ਇਸ ਪੁਸਤਕ ਦੇ ਮੁਖਬੰਧ ਵਿਚ ਦੱਸਿਆ ਗਿਆ ਹੈ ਕਿ ਅਸੀਂ ਹੋਰ ਬੋਲੀ ਬੋਲਣ ਵਾਲਿਆਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ। ਹੋਰ ਬੋਲੀ ਬੋਲਣ ਵਾਲੇ ਲੋਕਾਂ ਨੂੰ ਗਵਾਹੀ ਦੇਣ ਲਈ ਇੱਥੇ ਤਿੰਨ ਮੁੱਖ ਤਰੀਕੇ ਦੱਸੇ ਗਏ ਹਨ। ਇਨ੍ਹਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਵਰਤੋ।

ਇਸ ਪੁਸਤਕ ਦੇ ਸ਼ੁਰੂ ਵਿਚ ਸਾਰੀਆਂ ਭਾਸ਼ਾਵਾਂ ਦੇ ਨਾਂ ਤੇ ਚਿੰਨ੍ਹ ਦਿੱਤੇ ਗਏ ਹਨ। ਇਨ੍ਹਾਂ ਚਿੰਨ੍ਹਾਂ ਦੀ ਮਦਦ ਨਾਲ ਅਸੀਂ ਪਛਾਣ ਸਕਦੇ ਹਾਂ ਕਿ ਕੋਈ ਟ੍ਰੈਕਟ ਜਾਂ ਪ੍ਰਕਾਸ਼ਨ ਕਿਸ ਭਾਸ਼ਾ ਵਿਚ ਹੈ।

[ਤਸਵੀਰ]

ਕੀ ਤੁਸੀਂ ਪ੍ਰਚਾਰ ਕਰਦੇ ਸਮੇਂ ਇਹ ਪੁਸਤਕ ਵਰਤ ਰਹੇ ਹੋ?

[ਸਫ਼ੇ 23 ਉੱਤੇ ਤਸਵੀਰਾਂ]

ਯਹੋਵਾਹ ਦੇ ਗਵਾਹ ਹੁਣ 400 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਦੇ ਪ੍ਰਕਾਸ਼ਨ ਛਾਪਦੇ ਹਨ

ਘਾਨਾ

ਲੈਪਲੈਂਡ (ਸਵੀਡਨ)

ਫ਼ਿਲਪੀਨ

[ਸਫ਼ੇ 24, 25 ਉੱਤੇ ਤਸਵੀਰਾਂ]

ਕੀ ਤੁਸੀਂ ਉੱਥੇ ਸੇਵਾ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ?

ਇਕਵੇਡਾਰ

ਡਮਿਨੀਕਨ ਗਣਰਾਜ