Skip to content

Skip to table of contents

“ਆਪਣੇ ਆਪ ਨੂੰ ਪਰਖੋ”

“ਆਪਣੇ ਆਪ ਨੂੰ ਪਰਖੋ”

“ਆਪਣੇ ਆਪ ਨੂੰ ਪਰਖੋ”

“ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ। ਆਪਣੇ ਆਪ ਨੂੰ ਪਰਖੋ।”—2 ਕੁਰਿੰਥੀਆਂ 13:5.

1, 2. (ੳ) ਜੇ ਸਾਨੂੰ ਆਪਣੇ ਵਿਸ਼ਵਾਸਾਂ ਉੱਤੇ ਸ਼ੱਕ ਹੈ, ਤਾਂ ਇਸ ਦਾ ਸਾਡੇ ਉੱਤੇ ਕੀ ਅਸਰ ਪੈ ਸਕਦਾ ਹੈ? (ਅ) ਪਹਿਲੀ ਸਦੀ ਵਿਚ ਕੁਰਿੰਥੁਸ ਦੀ ਕਲੀਸਿਯਾ ਵਿਚ ਕਿਹੜੀ ਸਥਿਤੀ ਪੈਦਾ ਹੋ ਗਈ ਸੀ ਜਿਸ ਕਰਕੇ ਕੁਝ ਮੈਂਬਰ ਉਲਝਣ ਵਿਚ ਪੈ ਗਏ ਸਨ?

ਇਕ ਮੁਸਾਫ਼ਰ ਚੌਰਾਹੇ ਤੇ ਆ ਕੇ ਖੜ੍ਹ ਜਾਂਦਾ ਹੈ। ਉਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਆਪਣੀ ਮੰਜ਼ਲ ਤੇ ਪਹੁੰਚਣ ਲਈ ਉਹ ਕਿਹੜੇ ਰਾਹ ਜਾਵੇ। ਉਹ ਕੁਝ ਲੋਕਾਂ ਤੋਂ ਰਾਹ ਪੁੱਛਦਾ ਹੈ, ਪਰ ਕੋਈ ਕਹਿੰਦਾ ਹੈ ਇੱਧਰ ਨੂੰ ਜਾਓ ਤੇ ਕੋਈ ਕਹਿੰਦਾ ਹੈ ਉੱਧਰ ਨੂੰ। ਉਲਝਣ ਵਿਚ ਪਿਆ ਮੁਸਾਫ਼ਰ ਉੱਥੇ ਹੀ ਖੜ੍ਹਾ ਰਹਿੰਦਾ ਹੈ। ਜੇ ਸਾਨੂੰ ਆਪਣੇ ਵਿਸ਼ਵਾਸਾਂ ਉੱਤੇ ਸ਼ੱਕ ਹੈ, ਤਾਂ ਸਾਡੇ ਨਾਲ ਵੀ ਅਜਿਹਾ ਕੁਝ ਹੋ ਸਕਦਾ ਹੈ। ਜੇ ਸਾਨੂੰ ਪਤਾ ਨਹੀਂ ਕਿ ਸਾਨੂੰ ਕਿਸ ਪਾਸੇ ਜਾਣਾ ਚਾਹੀਦਾ ਹੈ, ਤਾਂ ਅਸੀਂ ਸਹੀ ਫ਼ੈਸਲੇ ਨਹੀਂ ਕਰ ਸਕਾਂਗੇ ਅਤੇ ਸਹੀ ਕਦਮ ਨਹੀਂ ਚੁੱਕ ਪਾਵਾਂਗੇ।

2 ਪਹਿਲੀ ਸਦੀ ਵਿਚ ਯੂਨਾਨ ਦੇ ਕੁਰਿੰਥੁਸ ਸ਼ਹਿਰ ਦੀ ਕਲੀਸਿਯਾ ਵਿਚ ਇਹੋ ਜਿਹੀ ਸਥਿਤੀ ਪੈਦਾ ਹੋ ਗਈ ਸੀ। ਕੁਝ ਘਮੰਡੀ ਭਰਾ ਪੌਲੁਸ ਰਸੂਲ ਦੇ ਅਧਿਕਾਰ ਨੂੰ ਲਲਕਾਰਦੇ ਹੋਏ ਕਹਿਣ ਲੱਗੇ: “ਉਹ ਦੀਆਂ ਪੱਤ੍ਰੀਆਂ ਤਾਂ ਭਾਰੀਆਂ ਅਤੇ ਤਕੜੀਆਂ ਹਨ ਪਰ ਆਪ ਦੇਹੀ ਨਾਲ ਸਨਮੁਖ ਹੋ ਕੇ ਨਿਰਬਲ ਹੈ ਅਤੇ ਉਹ ਦਾ ਬਚਨ ਤੁੱਛ ਹੈ।” (2 ਕੁਰਿੰਥੀਆਂ 10:7-12; 11:5, 6) ਅਜਿਹੀਆਂ ਗੱਲਾਂ ਕਾਰਨ ਕਲੀਸਿਯਾ ਦੇ ਕੁਝ ਮੈਂਬਰ ਉਲਝਣ ਵਿਚ ਪੈ ਗਏ ਕਿ ਉਹ ਕੀ ਵਿਸ਼ਵਾਸ ਕਰਨ ਤੇ ਕੀ ਨਹੀਂ।

3, 4. ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਦਿੱਤੀ ਗਈ ਪੌਲੁਸ ਦੀ ਸਲਾਹ ਸਾਡੇ ਉੱਤੇ ਕਿਵੇਂ ਲਾਗੂ ਹੁੰਦੀ ਹੈ?

3 ਪੌਲੁਸ 50 ਈ. ਵਿਚ ਕੁਰਿੰਥੁਸ ਨੂੰ ਗਿਆ ਸੀ ਜਿਸ ਵੇਲੇ ਉਸ ਨੇ ਕੁਰਿੰਥੁਸ ਦੀ ਕਲੀਸਿਯਾ ਸਥਾਪਿਤ ਕੀਤੀ ਸੀ। ਉਹ “ਡੂਢ ਬਰਸ ਉੱਥੇ ਰਹਿ ਕੇ ਉਨ੍ਹਾਂ ਦੇ ਵਿੱਚ ਪਰਮੇਸ਼ੁਰ ਦਾ ਬਚਨ ਸਿਖਾਉਂਦਾ ਰਿਹਾ” ਅਤੇ “ਕੁਰਿੰਥੀਆਂ ਵਿੱਚੋਂ ਬਥੇਰੇ ਲੋਕਾਂ ਨੇ ਸੁਣ ਕੇ ਨਿਹਚਾ ਕੀਤੀ ਅਤੇ ਬਪਤਿਸਮਾ ਲਿਆ।” (ਰਸੂਲਾਂ ਦੇ ਕਰਤੱਬ 18:5-11) ਪੌਲੁਸ ਨੂੰ ਕੁਰਿੰਥੁਸ ਵਿਚ ਆਪਣੇ ਭੈਣਾਂ-ਭਰਾਵਾਂ ਬਾਰੇ ਬਹੁਤ ਚਿੰਤਾ ਸੀ ਕਿ ਉਹ ਸੱਚਾਈ ਵਿਚ ਕਿਵੇਂ ਚੱਲ ਰਹੇ ਸਨ। ਇਸ ਤੋਂ ਇਲਾਵਾ, ਉੱਥੇ ਦੇ ਭੈਣਾਂ-ਭਰਾਵਾਂ ਨੇ ਪੌਲੁਸ ਨੂੰ ਲਿਖ ਕੇ ਕੁਝ ਗੱਲਾਂ ਬਾਰੇ ਉਸ ਦੀ ਸਲਾਹ ਮੰਗੀ ਸੀ। (1 ਕੁਰਿੰਥੀਆਂ 7:1) ਉਸ ਨੇ ਉਨ੍ਹਾਂ ਨੂੰ ਬਹੁਤ ਚੰਗੀ ਸਲਾਹ ਦਿੱਤੀ।

4 ਪੌਲੁਸ ਨੇ ਲਿਖਿਆ: “ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ। ਆਪਣੇ ਆਪ ਨੂੰ ਪਰਖੋ।” (2 ਕੁਰਿੰਥੀਆਂ 13:5) ਇਸ ਸਲਾਹ ਨੂੰ ਲਾਗੂ ਕਰ ਕੇ ਉਨ੍ਹਾਂ ਭੈਣਾਂ-ਭਰਾਵਾਂ ਦੇ ਮਨਾਂ ਵਿਚ ਕੋਈ ਸ਼ੱਕ ਨਹੀਂ ਰਹਿਣਾ ਸੀ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਸੀ ਤੇ ਕੀ ਨਹੀਂ। ਪੌਲੁਸ ਦੀ ਸਲਾਹ ਤੇ ਚੱਲਣ ਨਾਲ ਸਾਡੀ ਨਿਹਚਾ ਵੀ ਮਜ਼ਬੂਤ ਹੋਵੇਗੀ। ਤਾਂ ਫਿਰ ਅਸੀਂ ਪੌਲੁਸ ਦੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ? ਅਸੀਂ ਕਿਵੇਂ ਪਰਖ ਸਕਦੇ ਹਾਂ ਕਿ ਅਸੀਂ ਨਿਹਚਾ ਵਿਚ ਹਾਂ ਕਿ ਨਹੀਂ? ਆਪਣੇ ਆਪ ਨੂੰ ਪਰਖਣ ਵਿਚ ਕੀ-ਕੀ ਸ਼ਾਮਲ ਹੈ?

“ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ”

5, 6. ਇਹ ਪਰਖਣ ਲਈ ਕਿ ਅਸੀਂ ਨਿਹਚਾ ਵਿਚ ਹਾਂ ਜਾਂ ਨਹੀਂ, ਸਾਡਾ ਮਿਆਰ ਕੀ ਹੈ ਅਤੇ ਇਹ ਵਧੀਆ ਮਿਆਰ ਕਿਉਂ ਹੈ?

5 ਆਮ ਤੌਰ ਤੇ ਕਿਸੇ ਚੀਜ਼ ਜਾਂ ਵਿਅਕਤੀ ਨੂੰ ਪਰਤਾਉਣ ਲਈ ਕੋਈ ਮਿਆਰ ਹੁੰਦਾ ਹੈ। ਪੌਲੁਸ ਦੀ ਸਲਾਹ ਅਨੁਸਾਰ ਅਸੀਂ ਕਿਸ ਚੀਜ਼ ਨੂੰ ਪਰਖਣਾ ਹੈ ਅਤੇ ਕਿਸ ਤਰ੍ਹਾਂ? ਸਾਨੂੰ ਆਪਣੀ ਨਿਹਚਾ ਜਾਂ ਵਿਸ਼ਵਾਸਾਂ ਦਾ ਨਹੀਂ, ਸਗੋਂ ਆਪਣਾ ਪਰਤਾਵਾ ਕਰਨਾ ਹੈ। ਪਰਤਾਵਾ ਕਰਨ ਲਈ ਮਿਆਰ ਕੀ ਹੈ? ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ। ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 19:7, 8) ਯਹੋਵਾਹ ਦੀ ਖਰੀ ਬਿਵਸਥਾ, ਸੱਚੀ ਸਾਖੀ, ਸਿੱਧੇ ਫ਼ਰਮਾਨ ਅਤੇ ਨਿਰਮਲ ਹੁਕਮ ਬਾਈਬਲ ਵਿਚ ਪਾਏ ਜਾਂਦੇ ਹਨ। ਇਸ ਲਈ ਬਾਈਬਲ ਦੇ ਮਿਆਰ ਲਾਗੂ ਕਰ ਕੇ ਹੀ ਅਸੀਂ ਆਪਣਾ ਪਰਤਾਵਾ ਕਰ ਸਕਦੇ ਹਾਂ।

6 ਬਾਈਬਲ ਵਿਚ ਲਿਖੀਆਂ ਗੱਲਾਂ ਬਾਰੇ ਪੌਲੁਸ ਰਸੂਲ ਨੇ ਕਿਹਾ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬਰਾਨੀਆਂ 4:12) ਜੀ ਹਾਂ, ਪਰਮੇਸ਼ੁਰ ਦਾ ਬਚਨ ਸਾਡੇ ਦਿਲ ਦੀ ਪਰੀਖਿਆ ਲੈ ਸਕਦਾ ਹੈ। ਇਸ ਰਾਹੀਂ ਪਤਾ ਲੱਗ ਸਕਦਾ ਹੈ ਕਿ ਅਸੀਂ ਸੱਚ-ਮੁੱਚ ਕਿਹੋ ਜਿਹੇ ਇਨਸਾਨ ਹਾਂ। ਅਸੀਂ ਬਾਈਬਲ ਦੀ ਗੁਣਕਾਰ ਤੇ ਅਸਰਕਾਰੀ ਸਿੱਖਿਆ ਦੁਆਰਾ ਆਪਣੀ ਪਰਖ ਕਿਵੇਂ ਕਰ ਸਕਦੇ ਹਾਂ? ਜ਼ਬੂਰਾਂ ਦੇ ਲਿਖਾਰੀ ਨੇ ਇਸ ਦਾ ਜਵਾਬ ਦਿੱਤਾ: “ਧੰਨ ਹੈ ਉਹ ਮਨੁੱਖ ਜਿਹੜਾ . . . ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।” (ਜ਼ਬੂਰਾਂ ਦੀ ਪੋਥੀ 1:1, 2) “ਯਹੋਵਾਹ ਦੀ ਬਿਵਸਥਾ” ਬਾਈਬਲ ਵਿਚ ਲਿਖੀ ਹੋਈ ਹੈ, ਇਸ ਲਈ ਸਾਨੂੰ ਪੂਰੀ ਲਗਨ ਨਾਲ ਯਹੋਵਾਹ ਦਾ ਬਚਨ ਪੜ੍ਹਨਾ ਚਾਹੀਦਾ ਹੈ। ਸਾਨੂੰ ਸਮਾਂ ਕੱਢ ਕੇ ਉਸ ਉੱਤੇ ਮਨਨ ਕਰਨਾ ਚਾਹੀਦਾ ਹੈ ਅਤੇ ਉਸ ਵਿਚ ਲਿਖੀਆਂ ਗੱਲਾਂ ਅਨੁਸਾਰ ਆਪਣੇ ਆਪ ਨੂੰ ਪਰਖਣਾ ਚਾਹੀਦਾ ਹੈ।

7. ਆਪਣੇ ਆਪ ਨੂੰ ਪਰਖਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?

7 ਆਪਣੇ ਆਪ ਨੂੰ ਪਰਖਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ: ਪਰਮੇਸ਼ੁਰ ਦੇ ਬਚਨ ਨੂੰ ਪੜ੍ਹੋ। ਫਿਰ ਵਿਚਾਰ ਕਰੋ ਕਿ ਤੁਸੀਂ ਇਸ ਵਿਚ ਲਿਖੀਆਂ ਗੱਲਾਂ ਉੱਤੇ ਚੱਲਦੇ ਹੋ ਕਿ ਨਹੀਂ। ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਬਾਈਬਲ ਦੀ ਸਹੀ ਸਮਝ ਦੇਣ ਦੇ ਕਈ ਪ੍ਰਬੰਧ ਕੀਤੇ ਹਨ।

8. “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਪ੍ਰਕਾਸ਼ਨ ਇਹ ਪਰਖਣ ਵਿਚ ਸਾਡੀ ਮਦਦ ਕਿਵੇਂ ਕਰ ਸਕਦੇ ਹਨ ਕਿ ਅਸੀਂ ਨਿਹਚਾ ਵਿਚ ਹਾਂ ਕਿ ਨਹੀਂ?

8 ਯਹੋਵਾਹ ਸਾਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਪ੍ਰਕਾਸ਼ਨਾਂ ਦੁਆਰਾ ਸਿੱਖਿਆ ਤੇ ਨਿਰਦੇਸ਼ਨ ਦਿੰਦਾ ਹੈ। (ਮੱਤੀ 24:45) ਇਨ੍ਹਾਂ ਪ੍ਰਕਾਸ਼ਨਾਂ ਵਿਚ ਬਾਈਬਲ ਦੀਆਂ ਗੱਲਾਂ ਸਮਝਾਈਆਂ ਜਾਂਦੀਆਂ ਹਨ। ਮਿਸਾਲ ਲਈ, ਯਹੋਵਾਹ ਦੇ ਨੇੜੇ ਰਹੋ ਪੁਸਤਕ ਦੇ ਤਕਰੀਬਨ ਸਾਰੇ ਅਧਿਆਵਾਂ ਦੇ ਅੰਤ ਵਿਚ “ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ” ਨਾਂ ਦੀ ਡੱਬੀ ਹੈ। * ਇਨ੍ਹਾਂ ਡੱਬੀਆਂ ਵਿਚ ਪੁੱਛੇ ਸਵਾਲਾਂ ਉੱਤੇ ਗੌਰ ਕਰਨ ਨਾਲ ਅਸੀਂ ਆਪਣੀ ਪਰਖ ਕਰ ਸਕਦੇ ਹਾਂ। ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿਚ ਵੀ ਕਈ ਵਿਸ਼ਿਆਂ ਉੱਤੇ ਲੇਖ ਛਪਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਆਪਣੇ ਆਪ ਨੂੰ ਪਰਖ ਸਕਦੇ ਹਾਂ ਕਿ ਸਾਡੀ ਨਿਹਚਾ ਕਿੰਨੀ ਕੁ ਪੱਕੀ ਹੈ। ਹਾਲ ਹੀ ਵਿਚ ਪਹਿਰਾਬੁਰਜ ਵਿਚ ਕਹਾਉਤਾਂ ਦੀ ਪੁਸਤਕ ਬਾਰੇ ਕੁਝ ਲੇਖ ਛਪੇ ਸਨ। ਇਨ੍ਹਾਂ ਬਾਰੇ ਇਕ ਭੈਣ ਨੇ ਕਿਹਾ: “ਇਹ ਲੇਖ ਮੇਰੇ ਲਈ ਬਹੁਤ ਹੀ ਫ਼ਾਇਦੇਮੰਦ ਸਾਬਤ ਹੋਏ। ਇਨ੍ਹਾਂ ਦੀ ਮਦਦ ਨਾਲ ਮੈਂ ਆਪਣੀ ਜਾਂਚ ਕਰ ਸਕੀ ਕਿ ਮੇਰੀ ਬੋਲੀ, ਚਾਲ-ਚਲਣ ਅਤੇ ਸੋਚਣੀ ਯਹੋਵਾਹ ਦੇ ਮਿਆਰਾਂ ਉੱਤੇ ਪੂਰੇ ਉਤਰਦੇ ਹਨ ਜਾਂ ਨਹੀਂ।”

9, 10. ਯਹੋਵਾਹ ਨੇ ਸਾਡੇ ਲਈ ਕਿਹੜੇ ਪ੍ਰਬੰਧ ਕੀਤੇ ਹਨ ਤਾਂਕਿ ਅਸੀਂ ਪਰਖ ਸਕੀਏ ਕਿ ਅਸੀਂ ਨਿਹਚਾ ਵਿਚ ਹਾਂ ਕਿ ਨਹੀਂ?

9 ਯਹੋਵਾਹ ਸਾਨੂੰ ਕਲੀਸਿਯਾ ਦੀਆਂ ਸਭਾਵਾਂ ਅਤੇ ਸੰਮੇਲਨਾਂ ਦੁਆਰਾ ਵੀ ਸਿੱਖਿਆ ਦਿੰਦਾ ਹੈ। ਯਹੋਵਾਹ ਨੇ ਇਹ ਪ੍ਰਬੰਧ ਉਨ੍ਹਾਂ ਲੋਕਾਂ ਲਈ ਕੀਤੇ ਹਨ ਜਿਨ੍ਹਾਂ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: “ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ। ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ . . . ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।” (ਯਸਾਯਾਹ 2:2, 3) ਯਹੋਵਾਹ ਦੇ ਰਾਹਾਂ ਬਾਰੇ ਸਿੱਖਿਆ ਲੈਣੀ ਸਾਡੇ ਲਈ ਕਿੰਨੀ ਵੱਡੀ ਬਰਕਤ ਹੈ!

10 ਪਰਮੇਸ਼ੁਰ ਨੇ ਇਕ ਹੋਰ ਪ੍ਰਬੰਧ ਵੀ ਕੀਤਾ ਹੈ। ਕਲੀਸਿਯਾ ਵਿਚ ਜ਼ਿੰਮੇਵਾਰ ਭਰਾ ਬਾਈਬਲ ਤੋਂ ਸਾਨੂੰ ਸਲਾਹ ਦਿੰਦੇ ਹਨ। ਇਨ੍ਹਾਂ ਭਰਾਵਾਂ ਬਾਰੇ ਬਾਈਬਲ ਵਿਚ ਲਿਖਿਆ ਹੈ: “ਹੇ ਭਰਾਵੋ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰੋ ਅਤੇ ਤੂੰ ਆਪਣੇ ਆਪ ਵੱਲ ਧਿਆਨ ਰੱਖ ਮਤੇ ਤੂੰ ਵੀ ਪਰਤਾਵੇ ਵਿੱਚ ਪਵੇਂ।” (ਗਲਾਤੀਆਂ 6:1) ਅਸੀਂ ਕਿੰਨੇ ਧੰਨਵਾਦੀ ਹਾਂ ਕਿ ਯਹੋਵਾਹ ਇਨ੍ਹਾਂ ਬਜ਼ੁਰਗਾਂ ਰਾਹੀਂ ਸਾਨੂੰ ਸੁਧਾਰਦਾ ਹੈ!

11. ਇਹ ਪਰਖਣ ਲਈ ਕਿ ਅਸੀਂ ਨਿਹਚਾ ਵਿਚ ਹਾਂ ਕਿ ਨਹੀਂ, ਸਾਨੂੰ ਕੀ-ਕੀ ਕਰਨਾ ਚਾਹੀਦਾ ਹੈ?

11 ਸਾਡੇ ਪ੍ਰਕਾਸ਼ਨ, ਸਭਾਵਾਂ ਅਤੇ ਕਲੀਸਿਯਾ ਦੇ ਬਜ਼ੁਰਗ—ਇਹ ਸਭ ਯਹੋਵਾਹ ਵੱਲੋਂ ਵਧੀਆ ਪ੍ਰਬੰਧ ਹਨ। ਪਰ ਇਹ ਪਤਾ ਕਰਨ ਲਈ ਕਿ ਅਸੀਂ ਨਿਹਚਾ ਵਿਚ ਹਾਂ ਕਿ ਨਹੀਂ, ਸਾਨੂੰ ਆਪਣੀ ਜਾਂਚ ਕਰਨੀ ਪਵੇਗੀ। ਇਸ ਲਈ ਜਦ ਅਸੀਂ ਆਪਣੇ ਪ੍ਰਕਾਸ਼ਨ ਪੜ੍ਹਦੇ ਹਾਂ ਜਾਂ ਬਾਈਬਲ ਦੀ ਸਲਾਹ ਸੁਣਦੇ ਹਾਂ, ਤਾਂ ਸਾਨੂੰ ਆਪਣੇ ਆਪ ਨੂੰ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਕੀ ਮੈਂ ਇਸ ਤਰ੍ਹਾਂ ਦਾ ਹਾਂ? ਕੀ ਮੈਂ ਇਹ ਕਰਦਾ ਹਾਂ? ਕੀ ਮੈਂ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲ ਰਿਹਾ ਹਾਂ?’ ਇਨ੍ਹਾਂ ਪ੍ਰਬੰਧਾਂ ਰਾਹੀਂ ਮਿਲੀ ਜਾਣਕਾਰੀ ਬਾਰੇ ਸਾਡੇ ਰਵੱਈਏ ਦਾ ਸਾਡੀ ਨਿਹਚਾ ਉੱਤੇ ਅਸਰ ਪੈਂਦਾ ਹੈ। ਬਾਈਬਲ ਕਹਿੰਦੀ ਹੈ: “ਪ੍ਰਾਣਿਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂ ਜੋ ਓਹ ਉਸ ਦੇ ਲੇਖੇ ਮੂਰਖਤਾਈ ਹਨ। . . . ਪਰ ਜਿਹੜਾ ਆਤਮਕ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਚ ਕਰਦਾ ਹੈ।” (1 ਕੁਰਿੰਥੀਆਂ 2:14, 15) ਅਸੀਂ ਆਪਣੇ ਪ੍ਰਕਾਸ਼ਨਾਂ ਵਿਚ ਜੋ ਪੜ੍ਹਦੇ ਹਾਂ ਅਤੇ ਸਭਾਵਾਂ ਵਿਚ ਅਤੇ ਬਜ਼ੁਰਗਾਂ ਤੋਂ ਜੋ ਸੁਣਦੇ ਹਾਂ, ਉਨ੍ਹਾਂ ਗੱਲਾਂ ਬਾਰੇ ਸਾਨੂੰ ਸਹੀ ਰਵੱਈਆ ਰੱਖਣਾ ਚਾਹੀਦਾ ਹੈ।

“ਆਪਣੇ ਆਪ ਨੂੰ ਪਰਖੋ”

12. ਆਪਣੇ ਆਪ ਨੂੰ ਪਰਖਣ ਦਾ ਕੀ ਮਤਲਬ ਹੈ?

12 ਸਾਨੂੰ ਆਪਣੇ ਆਪ ਨੂੰ ਕਿਉਂ ਪਰਖਣਾ ਚਾਹੀਦਾ ਹੈ? ਕਿਉਂਕਿ ਸੱਚਾਈ ਵਿਚ ਹੋਣ ਦੇ ਬਾਵਜੂਦ ਸਾਡੀ ਨਿਹਚਾ ਕਮਜ਼ੋਰ ਪੈ ਸਕਦੀ ਹੈ। ਆਪਣੇ ਆਪ ਨੂੰ ਪਰਖਣ ਦਾ ਮਤਲਬ ਹੈ ਕਿ ਅਸੀਂ ਆਪਣੇ ਅੰਦਰ ਝਾਕ ਕੇ ਦੇਖੀਏ ਕਿ ਅਸੀਂ ਸੱਚਾਈ ਵਿਚ ਮਜ਼ਬੂਤ ਹਾਂ ਕਿ ਨਹੀਂ ਅਤੇ ਅਸੀਂ ਯਹੋਵਾਹ ਦੇ ਪ੍ਰਬੰਧਾਂ ਦੀ ਦਿਲੋਂ ਕਦਰ ਕਰਦੇ ਹਾਂ ਜਾਂ ਨਹੀਂ।

13. ਇਬਰਾਨੀਆਂ 5:14 ਅਨੁਸਾਰ ਅਸੀਂ ਨਿਹਚਾ ਵਿਚ ਪੱਕੇ ਹੋਣ ਦਾ ਸਬੂਤ ਕਿਵੇਂ ਦਿੰਦੇ ਹਾਂ?

13 ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਨਿਹਚਾ ਵਿਚ ਪੱਕੇ ਹਾਂ? ਪੌਲੁਸ ਰਸੂਲ ਨੇ ਲਿਖਿਆ: “ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” (ਇਬਰਾਨੀਆਂ 5:14) ਭਲੇ-ਬੁਰੇ ਦੀ ਜਾਂਚ ਕਰਨ ਲਈ ਆਪਣੀਆਂ ਗਿਆਨ ਇੰਦਰੀਆਂ ਨੂੰ ਸਾਧ ਕੇ ਅਸੀਂ ਸਿਆਣੇ ਹੋਣ ਦਾ ਸਬੂਤ ਦਿੰਦੇ ਹਾਂ। ਜਿਸ ਤਰ੍ਹਾਂ ਇਕ ਸਫ਼ਲ ਖਿਡਾਰੀ ਲਗਾਤਾਰ ਅਭਿਆਸ ਕਰ ਕੇ ਆਪਣੀਆਂ ਮਾਸ-ਪੇਸ਼ੀਆਂ ਨੂੰ ਮਜ਼ਬੂਤ ਰੱਖਦਾ ਹੈ, ਉਸੇ ਤਰ੍ਹਾਂ ਸਾਨੂੰ ਲਗਾਤਾਰ ਬਾਈਬਲ ਸਿਧਾਂਤ ਲਾਗੂ ਕਰ ਕੇ ਸਹੀ-ਗ਼ਲਤ ਦੀ ਪਛਾਣ ਕਰਨ ਵਿਚ ਮਾਹਰ ਬਣਨ ਦੀ ਲੋੜ ਹੈ।

14, 15. ਸਾਨੂੰ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਸਮਝਣ ਲਈ ਮਿਹਨਤ ਕਿਉਂ ਕਰਨੀ ਚਾਹੀਦੀ ਹੈ?

14 ਭਲੇ-ਬੁਰੇ ਦੀ ਸਮਝ ਹਾਸਲ ਕਰਨ ਲਈ ਬਾਈਬਲ ਦਾ ਗਿਆਨ ਲੈਣਾ ਜ਼ਰੂਰੀ ਹੈ। ਕਿਉਂ? ਕਿਉਂਕਿ ਜਦ ਅਸੀਂ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਦਾ ਅਧਿਐਨ ਕਰਦੇ ਹਾਂ, ਤਾਂ ਅਸੀਂ ਸਮਝ ਜਾਂਦੇ ਹਾਂ ਕਿ ਕੀ ਸਹੀ ਹੈ ਤੇ ਕੀ ਗ਼ਲਤ। ਸਾਲਾਂ ਦੌਰਾਨ ਪਹਿਰਾਬੁਰਜ ਵਿਚ ਬਹੁਤ ਸਾਰੇ ਡੂੰਘੇ ਵਿਸ਼ਿਆਂ ਉੱਤੇ ਚਰਚਾ ਕੀਤੀ ਜਾ ਚੁੱਕੀ ਹੈ। ਡੂੰਘੀਆਂ ਗੱਲਾਂ ਸਮਝਾਉਣ ਵਾਲੇ ਲੇਖ ਦੇਖ ਕੇ ਅਸੀਂ ਕੀ ਕਰਦੇ ਹਾਂ? ਕੀ ਅਸੀਂ ਅਜਿਹੇ ਲੇਖਾਂ ਨੂੰ ਪੜ੍ਹਨ ਤੋਂ ਕਤਰਾਉਂਦੇ ਹਾਂ ਕਿਉਂਕਿ ਇਨ੍ਹਾਂ ਵਿਚ “ਕਈਆਂ ਗੱਲਾਂ ਦਾ ਸਮਝਣਾ ਔਖਾ ਹੈ”? (2 ਪਤਰਸ 3:16) ਇਸ ਦੀ ਬਜਾਇ ਅਸੀਂ ਇਨ੍ਹਾਂ ਗੱਲਾਂ ਨੂੰ ਸਮਝਣ ਲਈ ਹੋਰ ਮਿਹਨਤ ਕਰਦੇ ਹਾਂ।—ਅਫ਼ਸੀਆਂ 3:18.

15 ਜੇ ਬਾਈਬਲ ਦਾ ਅਧਿਐਨ ਕਰਨਾ ਸਾਡੇ ਲਈ ਔਖਾ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ? ਇਹ ਜ਼ਰੂਰੀ ਹੈ ਕਿ ਅਸੀਂ ਅਧਿਐਨ ਕਰਨ ਦੀ ਆਪਣੇ ਆਪ ਨੂੰ ਆਦਤ ਪਾਈਏ। * (1 ਪਤਰਸ 2:2) ਨਿਹਚਾ ਵਿਚ ਤਕੜੇ ਹੋਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਅੰਨ ਲੈਣਾ ਯਾਨੀ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਨਹੀਂ ਤਾਂ ਸਾਡੀ ਭਲੇ-ਬੁਰੇ ਦੀ ਸਮਝ ਅਧੂਰੀ ਰਹਿ ਜਾਵੇਗੀ। ਪਰ ਨਿਹਚਾ ਵਿਚ ਮਜ਼ਬੂਤ ਹੋਣ ਲਈ ਸਿਰਫ਼ ਇਹ ਜਾਣਨਾ ਹੀ ਕਾਫ਼ੀ ਨਹੀਂ ਕਿ ਕੀ ਸਹੀ ਹੈ ਤੇ ਕੀ ਗ਼ਲਤ। ਸਾਨੂੰ ਬਾਈਬਲ ਦਾ ਅਧਿਐਨ ਕਰਨ ਦੇ ਨਾਲ-ਨਾਲ ਸਿੱਖੀਆਂ ਗੱਲਾਂ ਉੱਤੇ ਰੋਜ਼ ਚੱਲਣਾ ਵੀ ਚਾਹੀਦਾ ਹੈ।

16, 17. ਯਾਕੂਬ ਨੇ “ਬਚਨ ਉੱਤੇ ਅਮਲ ਕਰਨ ਵਾਲੇ” ਬਣਨ ਬਾਰੇ ਕੀ ਕਿਹਾ ਸੀ?

16 ਸਾਡੇ ਕੰਮਾਂ ਤੋਂ ਵੀ ਪਤਾ ਲੱਗਦਾ ਹੈ ਕਿ ਅਸੀਂ ਸੱਚਾਈ ਦੀ ਕਿੰਨੀ ਕੁ ਕਦਰ ਕਰਦੇ ਹਾਂ ਤੇ ਸਾਡੀ ਨਿਹਚਾ ਕਿੰਨੀ ਕੁ ਮਜ਼ਬੂਤ ਹੈ। ਯਿਸੂ ਦੇ ਚੇਲੇ ਯਾਕੂਬ ਨੇ ਇਸ ਦੇ ਸੰਬੰਧ ਵਿਚ ਇਕ ਵਧੀਆ ਉਦਾਹਰਣ ਇਸਤੇਮਾਲ ਕੀਤੀ ਸੀ: “ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ। ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੈ ਅਤੇ ਓਸ ਉੱਤੇ ਅਮਲ ਕਰਨ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚਲਿਆ ਗਿਆ ਅਤੇ ਓਸੇ ਵੇਲੇ ਭੁੱਲ ਗਿਆ ਜੋ ਮੈਂ ਕਿਹੋ ਜਿਹਾ ਸਾਂ। ਪਰ ਜਿਹ ਨੇ ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ ਨੂੰ ਗੌਹ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧੰਨ ਹੋਵੇਗਾ।”—ਯਾਕੂਬ 1:22-25.

17 ਯਾਕੂਬ ਦੇ ਕਹਿਣ ਦਾ ਮਤਲਬ ਸੀ: ‘ਪਰਮੇਸ਼ੁਰ ਦੇ ਬਚਨ ਦੇ ਸ਼ੀਸ਼ੇ ਵਿਚ ਦੇਖ ਕੇ ਆਪਣੀ ਜਾਂਚ ਕਰੋ। ਇਸ ਤਰ੍ਹਾਂ ਕਰਦੇ ਰਹੋ ਅਤੇ ਪਤਾ ਕਰੋ ਕਿ ਤੁਸੀਂ ਸੱਚ-ਮੁੱਚ ਕਿਹੋ ਜਿਹੇ ਇਨਸਾਨ ਹੋ। ਫਿਰ ਭੁੱਲ ਨਾ ਜਾਓ ਕਿ ਤੁਸੀਂ ਕੀ ਦੇਖਿਆ ਸੀ, ਸਗੋਂ ਆਪਣੇ ਆਪ ਨੂੰ ਸੁਧਾਰੋ।’ ਪਰ ਇਸ ਸਲਾਹ ਉੱਤੇ ਚੱਲਣਾ ਮੁਸ਼ਕਲ ਹੋ ਸਕਦਾ ਹੈ।

18. ਯਾਕੂਬ ਦੀ ਸਲਾਹ ਉੱਤੇ ਚੱਲਣਾ ਮੁਸ਼ਕਲ ਕਿਉਂ ਹੋ ਸਕਦਾ ਹੈ?

18 ਮਿਸਾਲ ਲਈ, ਬਾਈਬਲ ਵਿਚ ਸਾਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਪੌਲੁਸ ਨੇ ਲਿਖਿਆ: “ਧਰਮ ਲਈ ਤਾਂ ਹਿਰਦੇ ਨਾਲ ਨਿਹਚਾ ਕਰੀਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ।” (ਰੋਮੀਆਂ 10:10) ਮੁਕਤੀ ਲਈ ਮੂੰਹ ਨਾਲ ਇਕਰਾਰ ਕਰਨ ਲਈ ਸ਼ਾਇਦ ਸਾਨੂੰ ਆਪਣੀ ਜ਼ਿੰਦਗੀ ਵਿਚ ਕੁਝ ਤਬਦੀਲੀਆਂ ਕਰਨ ਦੀ ਲੋੜ ਪਵੇ ਕਿਉਂਕਿ ਪ੍ਰਚਾਰ ਕਰਨਾ ਸਾਡੇ ਸੁਭਾਅ ਦੇ ਉਲਟ ਹੋ ਸਕਦਾ ਹੈ। ਇਸ ਤੋਂ ਇਲਾਵਾ, ਜੋਸ਼ ਨਾਲ ਪ੍ਰਚਾਰ ਕਰਨ ਅਤੇ ਇਸ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਲਈ ਸਾਨੂੰ ਹੋਰ ਜ਼ਿਆਦਾ ਤਬਦੀਲੀਆਂ ਤੇ ਕੁਰਬਾਨੀਆਂ ਕਰਨੀਆਂ ਪੈ ਸਕਦੀਆਂ ਹਨ। (ਮੱਤੀ 6:33) ਪਰ ਜਦ ਅਸੀਂ ਇਹ ਕੰਮ ਕਰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਮਿਲਦੀ ਹੈ ਕਿਉਂਕਿ ਅਸੀਂ ਯਹੋਵਾਹ ਦਾ ਨਾਂ ਰੌਸ਼ਨ ਕਰਦੇ ਹਾਂ। ਤਾਂ ਫਿਰ ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਕੀ ਅਸੀਂ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਹਾਂ?’

19. ਨਿਹਚਾ ਦੇ ਕੰਮਾਂ ਵਿਚ ਕੀ-ਕੀ ਸ਼ਾਮਲ ਹੋਣਾ ਚਾਹੀਦਾ ਹੈ?

19 ਨਿਹਚਾ ਦੇ ਕੰਮਾਂ ਵਿਚ ਕੀ-ਕੀ ਸ਼ਾਮਲ ਹੈ? ਪੌਲੁਸ ਨੇ ਕਿਹਾ: “ਜੋ ਕੁਝ ਤੁਸਾਂ ਸਿੱਖਿਆ ਅਤੇ ਮੰਨ ਲਿਆ ਅਤੇ ਸੁਣਿਆ ਅਤੇ ਮੇਰੇ ਵਿੱਚ ਡਿੱਠਾ ਓਹੀਓ ਕਰੋ ਤਾਂ ਸ਼ਾਂਤੀ ਦਾਤਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇਗਾ।” (ਫ਼ਿਲਿੱਪੀਆਂ 4:9) ਅਸੀਂ ਇਹ ਸਾਬਤ ਕਰਾਂਗੇ ਕਿ ਅਸੀਂ ਸੱਚ-ਮੁੱਚ ਮਸੀਹ ਦੇ ਚੇਲੇ ਹਾਂ ਜੇਕਰ ਅਸੀਂ ਸਿੱਖੀਆਂ, ਮੰਨੀਆਂ, ਦੇਖੀਆਂ ਅਤੇ ਸੁਣੀਆਂ ਗੱਲਾਂ ਉੱਤੇ ਚੱਲੀਏ। ਯਹੋਵਾਹ ਨੇ ਆਪਣੇ ਨਬੀ ਯਸਾਯਾਹ ਰਾਹੀਂ ਕਿਹਾ ਸੀ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।”—ਯਸਾਯਾਹ 30:21.

20. ਕਿਹੋ ਜਿਹੇ ਭੈਣ-ਭਰਾ ਕਲੀਸਿਯਾ ਲਈ ਵੱਡੀ ਬਰਕਤ ਸਾਬਤ ਹੁੰਦੇ ਹਨ?

20 ਜਿਹੜੇ ਭੈਣ-ਭਰਾ ਲਗਨ ਨਾਲ ਬਾਈਬਲ ਦਾ ਅਧਿਐਨ ਕਰਦੇ ਹਨ, ਜੋਸ਼ ਨਾਲ ਪ੍ਰਚਾਰ ਕਰਦੇ ਹਨ, ਵਫ਼ਾਦਾਰੀ ਦੀ ਵਧੀਆ ਮਿਸਾਲ ਕਾਇਮ ਕਰਦੇ ਹਨ ਤੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਹਨ, ਉਹ ਕਲੀਸਿਯਾ ਲਈ ਵੱਡੀ ਬਰਕਤ ਸਾਬਤ ਹੁੰਦੇ ਹਨ। ਉਨ੍ਹਾਂ ਦੀ ਨਿਹਚਾ ਦਾ ਕਲੀਸਿਯਾ ਉੱਤੇ ਚੰਗਾ ਅਸਰ ਪੈਂਦਾ ਹੈ। ਇਹ ਮਜ਼ਬੂਤ ਭੈਣ-ਭਰਾ ਖ਼ਾਸ ਕਰਕੇ ਉਨ੍ਹਾਂ ਲੋਕਾਂ ਦੀ ਮਦਦ ਕਰਦੇ ਹਨ ਜੋ ਸੱਚਾਈ ਵਿਚ ਨਵੇਂ-ਨਵੇਂ ਆਏ ਹਨ। ਜਦ ਅਸੀਂ ਪੌਲੁਸ ਦੀ ਸਲਾਹ ਲਾਗੂ ਕਰਦੇ ਹੋਏ ‘ਆਪਣਾ ਪਰਤਾਵਾ ਕਰਦੇ ਹਾਂ ਕਿ ਅਸੀਂ ਨਿਹਚਾ ਵਿੱਚ ਹਾਂ ਯਾ ਨਹੀਂ ਅਤੇ ਆਪਣੇ ਆਪ ਨੂੰ ਪਰਖਦੇ ਹਾਂ,’ ਤਾਂ ਅਸੀਂ ਵੀ ਦੂਸਰਿਆਂ ਉੱਤੇ ਚੰਗਾ ਪ੍ਰਭਾਵ ਪਾ ਸਕਦੇ ਹਾਂ।

ਖ਼ੁਸ਼ੀ ਨਾਲ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੋ

21, 22. ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ?

21 ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਕਿਹਾ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।” (ਜ਼ਬੂਰਾਂ ਦੀ ਪੋਥੀ 40:8) ਦਾਊਦ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਬਹੁਤ ਖ਼ੁਸ਼ ਹੁੰਦਾ ਸੀ। ਕਿਉਂ? ਕਿਉਂਕਿ ਯਹੋਵਾਹ ਦੀ ਬਿਵਸਥਾ ਉਸ ਦੇ ਦਿਲ ਵਿਚ ਸੀ। ਦਾਊਦ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਨੇ ਕਿਹੜੇ ਰਾਹ ਤੁਰਨਾ ਸੀ।

22 ਜਦ ਪਰਮੇਸ਼ੁਰ ਦੀ ਬਿਵਸਥਾ ਸਾਡੇ ਦਿਲ ਵਿਚ ਹੁੰਦੀ ਹੈ, ਤਾਂ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕਿਹੜੇ ਰਾਹ ਜਾਣਾ ਹੈ। ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਖ਼ੁਸ਼ ਹੁੰਦੇ ਹਾਂ। ਤਾਂ ਫਿਰ, ਆਓ ਆਪਾਂ ‘ਵੱਡਾ ਜਤਨ ਕਰੀਏ’ ਤੇ ਦਿਲੋਂ ਯਹੋਵਾਹ ਦੀ ਸੇਵਾ ਕਰਦੇ ਰਹੀਏ।—ਲੂਕਾ 13:24.

[ਫੁਟਨੋਟ]

^ ਪੈਰਾ 8 ਇਹ ਪੁਸਤਕ ਯਹੋਵਾਹ ਦੇ ਗਵਾਹਾਂ ਨੇ ਛਾਪੀ ਹੈ।

^ ਪੈਰਾ 15 ਅਧਿਐਨ ਕਰਨ ਬਾਰੇ ਕੁਝ ਸੁਝਾਵਾਂ ਲਈ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਸਫ਼ੇ 27-32 ਦੇਖੋ। ਇਹ ਪੁਸਤਕ ਯਹੋਵਾਹ ਦੇ ਗਵਾਹਾਂ ਨੇ ਛਾਪੀ ਹੈ।

ਕੀ ਤੁਹਾਨੂੰ ਯਾਦ ਹੈ?

• ਅਸੀਂ ਆਪਣੇ ਆਪ ਨੂੰ ਕਿਵੇਂ ਪਰਖ ਸਕਦੇ ਹਾਂ ਕਿ ਅਸੀਂ ਨਿਹਚਾ ਵਿਚ ਹਾਂ ਕਿ ਨਹੀਂ?

• ਆਪਣੇ ਆਪ ਨੂੰ ਪਰਖਣ ਵਿਚ ਕੀ-ਕੀ ਸ਼ਾਮਲ ਹੈ?

• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਨਿਹਚਾ ਵਿਚ ਪੱਕੇ ਹਾਂ?

• ਨਿਹਚਾ ਦੇ ਕੰਮਾਂ ਤੋਂ ਕਿਵੇਂ ਪਤਾ ਲੱਗ ਸਕਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ?

[ਸਵਾਲ]

[ਸਫ਼ੇ 23 ਉੱਤੇ ਤਸਵੀਰ]

ਕੀ ਤੁਸੀਂ ਜਾਣਦੇ ਹੋ ਕਿ ਆਪਣਾ ਪਰਤਾਵਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?

[ਸਫ਼ੇ 24 ਉੱਤੇ ਤਸਵੀਰ]

ਭਲੇ-ਬੁਰੇ ਦੀ ਜਾਂਚ ਕਰਨ ਲਈ ਆਪਣੀਆਂ ਗਿਆਨ ਇੰਦਰੀਆਂ ਸਾਧ ਕੇ ਅਸੀਂ ਸਿਆਣੇ ਹੋਣ ਦਾ ਸਬੂਤ ਦਿੰਦੇ ਹਾਂ

[Pictures on page 25]

ਅਸੀਂ ਆਪਣੇ ਆਪ ਨੂੰ ਪਰਖ ਸਕਦੇ ਹਾਂ ਕਿ ਅਸੀਂ ‘ਸੁਣ ਕੇ ਭੁੱਲਣ ਵਾਲੇ ਹਾਂ ਜਾਂ ਕਰਮ ਦੇ ਕਰਤਾ’ ਹਾਂ