Skip to content

Skip to table of contents

ਕੀ ਤੁਸੀਂ ਸਾਰੀਆਂ ਗੱਲਾਂ ਵਿਚ ਵਫ਼ਾਦਾਰ ਹੋ?

ਕੀ ਤੁਸੀਂ ਸਾਰੀਆਂ ਗੱਲਾਂ ਵਿਚ ਵਫ਼ਾਦਾਰ ਹੋ?

ਕੀ ਤੁਸੀਂ ਸਾਰੀਆਂ ਗੱਲਾਂ ਵਿਚ ਵਫ਼ਾਦਾਰ ਹੋ?

“ਜੋ ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਦਾਰ ਹੈ।”—ਲੂਕਾ 16:10.

1. ਯਹੋਵਾਹ ਨੂੰ ਵਫ਼ਾਦਾਰ ਕਿਉਂ ਕਿਹਾ ਜਾ ਸਕਦਾ ਹੈ?

ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਦਿਨ ਢਲ਼ਣ ਦੇ ਨਾਲ-ਨਾਲ ਜ਼ਮੀਨ ਤੇ ਪੈਂਦੇ ਦਰਖ਼ਤ ਦੇ ਪਰਛਾਵੇਂ ਨਾਲ ਕੀ ਹੁੰਦਾ ਹੈ? ਜਿੱਦਾਂ-ਜਿੱਦਾਂ ਦਿਨ ਢਲ਼ਦਾ ਜਾਂਦਾ ਹੈ, ਉੱਦਾਂ-ਉੱਦਾਂ ਪਰਛਾਵਾਂ ਵੀ ਬਦਲਦਾ ਰਹਿੰਦਾ ਹੈ। ਇਨਸਾਨਾਂ ਦੇ ਕੰਮ ਅਤੇ ਵਾਅਦੇ ਵੀ ਪਰਛਾਵੇਂ ਵਾਂਗ ਬਦਲਦੇ ਰਹਿੰਦੇ ਹਨ। ਪਰ ਇਸ ਦੇ ਉਲਟ ਯਹੋਵਾਹ ਪਰਮੇਸ਼ੁਰ ਸਮੇਂ ਦੇ ਬੀਤਣ ਨਾਲ ਬਦਲਦਾ ਨਹੀਂ ਹੈ। ਯਾਕੂਬ ਨੇ ਉਸ ਨੂੰ ‘ਜੋਤਾ ਦਾ ਪਿਤਾ’ ਕਿਹਾ “ਜਿਹ ਦੇ ਵਿੱਚ ਨਾ ਬਦਲ ਅਤੇ ਨਾ ਉਹ ਪਰਛਾਵਾਂ ਹੋ ਸੱਕਦਾ ਜਿਹੜਾ ਘੁੰਮਣ ਨਾਲ ਪੈਂਦਾ ਹੈ।” (ਯਾਕੂਬ 1:17) ਯਹੋਵਾਹ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਅਡੋਲ ਅਤੇ ਭਰੋਸੇਯੋਗ ਹੈ। ਉਹ ‘ਵਿਸ਼ਵਾਸ ਯੋਗ ਪਰਮੇਸ਼ੁਰ ਹੈ।’—ਬਿਵਸਥਾ ਸਾਰ 32:4, ਪਵਿੱਤਰ ਬਾਈਬਲ ਨਵਾਂ ਅਨੁਵਾਦ।

2. (ੳ) ਸਾਨੂੰ ਆਪਣੀ ਜਾਂਚ ਕਿਉਂ ਕਰਨੀ ਚਾਹੀਦੀ ਹੈ ਕਿ ਅਸੀਂ ਵਫ਼ਾਦਾਰ ਹਾਂ ਕਿ ਨਹੀਂ? (ਅ) ਵਫ਼ਾਦਾਰੀ ਬਾਰੇ ਅਸੀਂ ਕਿਨ੍ਹਾਂ ਸਵਾਲਾਂ ਤੇ ਵਿਚਾਰ ਕਰਾਂਗੇ?

2 ਯਹੋਵਾਹ ਆਪਣੇ ਸੇਵਕਾਂ ਦੀ ਵਫ਼ਾਦਾਰੀ ਨੂੰ ਕਿਵੇਂ ਵਿਚਾਰਦਾ ਹੈ? ਉਸੇ ਤਰ੍ਹਾਂ ਜਿਸ ਤਰ੍ਹਾਂ ਦਾਊਦ ਵਿਚਾਰਦਾ ਸੀ ਜਿਸ ਨੇ ਕਿਹਾ: “ਦੇਸ਼ ਦੇ ਵਿਸ਼ਵਾਸ ਪਾਤਰਾਂ ਤੇ ਮੇਰੀ ਕ੍ਰਿਪਾ ਦ੍ਰਿਸ਼ਟੀ ਹੋਵੇਗੀ, ਉਹ ਮੇਰੇ ਨਾਲ ਰਹਿ ਸਕਣਗੇ; ਭਲੇ ਰਾਹ ਤੇ ਚਲਨ ਵਾਲੇ ਮਨੁੱਖ, ਮੇਰੀ ਸੇਵਾ ਵਿਚ ਆ ਸਕਣਗੇ।” (ਭਜਨ 101:6, ਨਵਾਂ ਅਨੁਵਾਦ) ਜੀ ਹਾਂ, ਯਹੋਵਾਹ ਆਪਣੇ ਸੇਵਕਾਂ ਦੀ ਵਫ਼ਾਦਾਰੀ ਦੇਖ ਕੇ ਬਹੁਤ ਖ਼ੁਸ਼ ਹੁੰਦਾ ਹੈ। ਇਸੇ ਲਈ ਪੌਲੁਸ ਨੇ ਲਿਖਿਆ: “ਮੁਖਤਿਆਰਾਂ ਵਿੱਚ ਇਹ ਚਾਹੀਦਾ ਹੈ ਜੋ ਓਹ ਮਾਤਬਰ ਹੋਣ।” (1 ਕੁਰਿੰਥੀਆਂ 4:2) ਮਾਤਬਰ ਜਾਂ ਵਫ਼ਾਦਾਰ ਹੋਣ ਦਾ ਕੀ ਮਤਲਬ ਹੈ? ਸਾਨੂੰ ਕਿਨ੍ਹਾਂ ਮਾਮਲਿਆਂ ਵਿਚ ਵਫ਼ਾਦਾਰ ਹੋਣਾ ਚਾਹੀਦਾ ਹੈ? “ਭਲੇ ਰਾਹ ਤੇ” ਚੱਲਣ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

ਵਫ਼ਾਦਾਰ ਹੋਣ ਦਾ ਕੀ ਮਤਲਬ ਹੈ?

3. ਅਸੀਂ ਆਪਣੀ ਵਫ਼ਾਦਾਰੀ ਦਾ ਸਬੂਤ ਕਿਵੇਂ ਦੇ ਸਕਦੇ ਹਾਂ?

3ਇਬਰਾਨੀਆਂ 3:5 ਵਿਚ ਲਿਖਿਆ ਹੈ: ‘ਮੂਸਾ ਤਾਂ ਨੌਕਰ ਦੀ ਨਿਆਈਂ ਮਾਤਬਰ ਸੀ।’ ਮੂਸਾ ਨਬੀ ਨੂੰ ਮਾਤਬਰ ਜਾਂ ਵਫ਼ਾਦਾਰ ਕਿਉਂ ਕਿਹਾ ਗਿਆ ਸੀ? ਕਿਉਂਕਿ ਯਹੋਵਾਹ ਦਾ ਡੇਹਰਾ ਬਣਾਉਣ ਵੇਲੇ “ਮੂਸਾ ਨੇ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਸਭ ਕੁਝ ਕੀਤਾ।” (ਕੂਚ 40:16) ਯਹੋਵਾਹ ਦੇ ਸੇਵਕਾਂ ਵਜੋਂ ਜਦ ਅਸੀਂ ਉਸ ਦੀ ਆਗਿਆ ਮੰਨਦੇ ਹਾਂ, ਤਾਂ ਅਸੀਂ ਵਫ਼ਾਦਾਰ ਹੁੰਦੇ ਹਾਂ। ਇਸ ਦਾ ਮਤਲਬ ਹੈ ਕਿ ਭਾਵੇਂ ਜੋ ਵੀ ਮੁਸ਼ਕਲ ਆਵੇ ਅਤੇ ਅਸੀਂ ਭਾਵੇਂ ਕਿਸੇ ਵੀ ਅਜ਼ਮਾਇਸ਼ ਦਾ ਸਾਮ੍ਹਣਾ ਕਰੀਏ, ਫਿਰ ਵੀ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ। ਪਰ ਵਫ਼ਾਦਾਰੀ ਸਿਰਫ਼ ਵੱਡੀਆਂ ਅਜ਼ਮਾਇਸ਼ਾਂ ਉੱਤੇ ਜਿੱਤ ਹਾਸਲ ਕਰਨ ਨਾਲ ਹੀ ਸਾਬਤ ਨਹੀਂ ਹੁੰਦੀ। ਯਿਸੂ ਨੇ ਕਿਹਾ ਸੀ: “ਜੋ ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਦਾਰ ਹੈ, ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ।” (ਲੂਕਾ 16:10) ਤਾਂ ਫਿਰ ਸਾਨੂੰ ਛੋਟੀਆਂ ਤੋਂ ਛੋਟੀਆਂ ਗੱਲਾਂ ਵਿਚ ਵੀ ਦਿਆਨਤਦਾਰ ਜਾਂ ਵਫ਼ਾਦਾਰ ਰਹਿਣਾ ਚਾਹੀਦਾ ਹੈ।

4, 5. “ਥੋੜੇ ਤੋਂ ਥੋੜੇ” ਵਿਚ ਵੀ ਵਫ਼ਾਦਾਰ ਰਹਿ ਕੇ ਅਸੀਂ ਕੀ ਦਿਖਾਉਂਦੇ ਹਾਂ?

4 “ਥੋੜੇ ਤੋਂ ਥੋੜੇ” ਵਿਚ ਵੀ ਯਹੋਵਾਹ ਦੇ ਕਹਿਣੇ ਵਿਚ ਰਹਿਣਾ ਜ਼ਰੂਰੀ ਕਿਉਂ ਹੈ? ਇਸ ਦੇ ਦੋ ਕਾਰਨ ਹਨ। ਪਹਿਲਾ, ਛੋਟੀਆਂ ਗੱਲਾਂ ਵਿਚ ਵਫ਼ਾਦਾਰ ਰਹਿ ਕੇ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੀ ਹਕੂਮਤ ਨੂੰ ਕਿਸ ਤਰ੍ਹਾਂ ਵਿਚਾਰਦੇ ਹਾਂ। ਯਾਦ ਕਰੋ ਕਿ ਆਦਮ ਅਤੇ ਹੱਵਾਹ ਦੀ ਵਫ਼ਾਦਾਰੀ ਕਿਸ ਤਰ੍ਹਾਂ ਪਰਖੀ ਗਈ ਸੀ। ਉਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਅਦਨ ਦੇ ਬਾਗ਼ ਵਿਚ ਸਿਰਫ਼ ਇਕ ਦਰਖ਼ਤ ਦਾ ਫਲ ਨਾ ਖਾਣ ਜੋ ‘ਭਲੇ ਬੁਰੇ ਦੀ ਸਿਆਣ ਦਾ ਬਿਰਛ’ ਸੀ, ਪਰ ਉਹ ਬਾਕੀ ਸਾਰੇ ਦਰਖ਼ਤਾਂ ਤੋਂ ਖਾ ਸਕਦੇ ਸਨ। (ਉਤਪਤ 2:16, 17) ਉਨ੍ਹਾਂ ਉੱਤੇ ਕੋਈ ਵੱਡਾ ਬੋਝ ਨਹੀਂ ਪਾਇਆ ਗਿਆ ਸੀ। ਇਸ ਆਸਾਨ ਜਿਹੇ ਹੁਕਮ ਨੂੰ ਮੰਨ ਕੇ ਉਹ ਦਿਖਾ ਸਕਦੇ ਸਨ ਕਿ ਉਹ ਯਹੋਵਾਹ ਦੀ ਹਕੂਮਤ ਅਧੀਨ ਰਹਿਣਾ ਚਾਹੁੰਦੇ ਸਨ। ਇਸੇ ਤਰ੍ਹਾਂ ਅਸੀਂ ਹਰ ਰੋਜ਼ ਯਹੋਵਾਹ ਦਾ ਕਹਿਣਾ ਮੰਨ ਕੇ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੀ ਹਕੂਮਤ ਦੇ ਅਧੀਨ ਰਹਿਣਾ ਚਾਹੁੰਦੇ ਹਾਂ।

5 ਦੂਜਾ, “ਥੋੜੇ ਤੋਂ ਥੋੜੇ” ਵਿਚ ਵਫ਼ਾਦਾਰ ਰਹਿਣ ਨਾਲ ਸਾਨੂੰ “ਬਹੁਤ ਵਿੱਚ” ਯਾਨੀ ਵੱਡੀਆਂ ਅਜ਼ਮਾਇਸ਼ਾਂ ਵਿਚ ਵੀ ਵਫ਼ਾਦਾਰ ਰਹਿਣ ਦੀ ਤਾਕਤ ਮਿਲੇਗੀ। ਜ਼ਰਾ ਦਾਨੀਏਲ ਅਤੇ ਉਸ ਦੇ ਤਿੰਨ ਇਬਰਾਨੀ ਦੋਸਤਾਂ ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਦੀ ਮਿਸਾਲ ਉੱਤੇ ਗੌਰ ਕਰੋ। ਉਨ੍ਹਾਂ ਨੂੰ ਤਕਰੀਬਨ 617 ਈ.ਪੂ. ਵਿਚ ਬਾਬਲ ਵਿਚ ਗ਼ੁਲਾਮ ਬਣਾ ਕੇ ਲੈ ਜਾਇਆ ਗਿਆ ਸੀ। ਜਦ ਉਹ ਅਜੇ ਅੱਲ੍ਹੜ ਉਮਰ ਦੇ ਹੀ ਸਨ, ਤਾਂ ਇਨ੍ਹਾਂ ਚੌਹਾਂ ਨੂੰ ਰਾਜਾ ਨਬੂਕਦਨੱਸਰ ਦੇ ਮਹਿਲ ਵਿਚ ਰੱਖਿਆ ਗਿਆ। ਉੱਥੇ “ਰਾਜੇ ਨੇ ਉਨ੍ਹਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਸ਼ਰਾਬ ਵਿੱਚੋਂ ਨਿੱਤ ਦਿਹਾੜੇ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਵਰਿਹਾਂ ਤੀਕਰ ਓਹ ਪਾਲੇ ਜਾਣ ਤਾਂ ਜੋ ਓੜਕ ਨੂੰ ਓਹ ਰਾਜੇ ਦੀ ਦਰਗਾਹੇ ਖੜੇ ਹੋਣ।”—ਦਾਨੀਏਲ 1:3-5.

6. ਬਾਬਲ ਦੇ ਸ਼ਾਹੀ ਮਹਿਲ ਵਿਚ ਦਾਨੀਏਲ ਅਤੇ ਉਸ ਦੇ ਤਿੰਨ ਇਬਰਾਨੀ ਦੋਸਤਾਂ ਦੀ ਵਫ਼ਾਦਾਰੀ ਕਿਵੇਂ ਪਰਖੀ ਗਈ ਸੀ?

6 ਇਨ੍ਹਾਂ ਹਾਲਾਤਾਂ ਨੇ ਉਨ੍ਹਾਂ ਚਾਰ ਇਬਰਾਨੀ ਮੁੰਡਿਆਂ ਦੀ ਵਫ਼ਾਦਾਰੀ ਨੂੰ ਪਰਖਿਆ। ਕਿਸ ਤਰ੍ਹਾਂ? ਰਾਜੇ ਦੇ ਭੋਜਨ ਵਿਚ ਸ਼ਾਇਦ ਉਹ ਚੀਜ਼ਾਂ ਸ਼ਾਮਲ ਸਨ ਜੋ ਮੂਸਾ ਦੀ ਬਿਵਸਥਾ ਵਿਚ ਮਨ੍ਹਾ ਕੀਤੀਆਂ ਗਈਆਂ ਸਨ। (ਬਿਵਸਥਾ ਸਾਰ 14:3-20) ਹੋ ਸਕਦਾ ਹੈ ਕਿ ਪਸ਼ੂਆਂ ਦਾ ਮਾਸ ਪਕਾਉਣ ਤੋਂ ਪਹਿਲਾਂ ਲਹੂ ਨਹੀਂ ਵਹਾਇਆ ਜਾਂਦਾ ਸੀ। ਜੇਕਰ ਉਹ ਮੁੰਡੇ ਲਹੂ ਸਣੇ ਮਾਸ ਖਾਂਦੇ, ਤਾਂ ਉਹ ਲਹੂ ਸੰਬੰਧੀ ਯਹੋਵਾਹ ਦੇ ਨਿਯਮ ਦੀ ਉਲੰਘਣਾ ਕਰਦੇ। (ਬਿਵਸਥਾ ਸਾਰ 12:23-25) ਇਹ ਵੀ ਹੋ ਸਕਦਾ ਹੈ ਕਿ ਇਹ ਖਾਣਾ ਪਹਿਲਾਂ ਮੂਰਤੀਆਂ ਨੂੰ ਚੜ੍ਹਾਇਆ ਜਾਂਦਾ ਸੀ। ਬਾਬਲੀ ਲੋਕਾਂ ਦੀ ਰੀਤ ਸੀ ਕਿ ਉਹ ਸਾਂਝਾ ਭੋਜਨ ਖਾਣ ਤੋਂ ਪਹਿਲਾਂ ਭੋਜਨ ਨੂੰ ਦੇਵੀ-ਦੇਵਤਿਆਂ ਨੂੰ ਚੜ੍ਹਾਉਂਦੇ ਸਨ ਅਤੇ ਫਿਰ ਪਰਸ਼ਾਦ ਵਜੋਂ ਖਾਂਦੇ ਸਨ।

7. ਦਾਨੀਏਲ ਅਤੇ ਉਸ ਦੇ ਤਿੰਨ ਦੋਸਤਾਂ ਦੀ ਆਗਿਆਕਾਰੀ ਤੋਂ ਕੀ ਪਤਾ ਲੱਗਦਾ ਹੈ?

7 ਬਾਬਲ ਦੇ ਸ਼ਾਹੀ ਦਰਬਾਰ ਵਿਚ ਲੋਕ ਸਭ ਕੁਝ ਖਾਂਦੇ ਸਨ। ਪਰ ਦਾਨੀਏਲ ਅਤੇ ਉਸ ਦੇ ਦੋਸਤਾਂ ਨੇ ਆਪਣੇ ਮਨਾਂ ਵਿਚ ਠਾਣ ਲਿਆ ਸੀ ਕਿ ਉਹ ਅਜਿਹਾ ਕੋਈ ਭੋਜਨ ਨਹੀਂ ਖਾਣਗੇ ਜੋ ਪਰਮੇਸ਼ੁਰ ਦੀ ਬਿਵਸਥਾ ਵਿਚ ਮਨ੍ਹਾ ਕੀਤਾ ਹੋਇਆ ਸੀ। ਇਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦਾ ਮਾਮਲਾ ਸੀ। ਇਸ ਲਈ ਉਨ੍ਹਾਂ ਨੇ ਖਾਣ ਲਈ ਦਾਲ-ਸਬਜ਼ੀਆਂ ਅਤੇ ਪੀਣ ਲਈ ਪਾਣੀ ਮੰਗਿਆ। (ਦਾਨੀਏਲ 1:9-14) ਅੱਜ ਕਈ ਲੋਕ ਸ਼ਾਇਦ ਸਮਝਣ ਕਿ ਇਹ ਤਾਂ ਮਾਮੂਲੀ ਜਿਹੀ ਗੱਲ ਸੀ, ਪਰ ਉਨ੍ਹਾਂ ਚੌਹਾਂ ਨੇ ਪਰਮੇਸ਼ੁਰ ਦੀ ਆਗਿਆ ਮੰਨ ਕੇ ਦਿਖਾਇਆ ਕਿ ਉਹ ਯਹੋਵਾਹ ਨੂੰ ਹੀ ਆਪਣਾ ਰਾਜਾ ਸਮਝਦੇ ਸਨ।

8. (ੳ) ਤਿੰਨ ਇਬਰਾਨੀਆਂ ਨੂੰ ਕਿਸ ਵੱਡੀ ਪਰੀਖਿਆ ਦਾ ਸਾਮ੍ਹਣਾ ਕਰਨਾ ਪਿਆ ਸੀ? (ਅ) ਉਸ ਪਰੀਖਿਆ ਦਾ ਕੀ ਨਤੀਜਾ ਨਿਕਲਿਆ ਸੀ ਅਤੇ ਇਸ ਤੋਂ ਅਸੀਂ ਕੀ ਸਿੱਖਦੇ ਹਾਂ?

8 ਖਾਣ-ਪੀਣ ਦੇ ਮਾਮਲੇ ਵਿਚ ਵਫ਼ਾਦਾਰ ਰਹਿਣ ਦੁਆਰਾ ਅਗਾਹਾਂ ਨੂੰ ਆਉਣ ਵਾਲੀ ਇਕ ਵੱਡੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਤਿੰਨਾਂ ਇਬਰਾਨੀਆਂ ਦੀ ਮਦਦ ਹੋਈ। ਦਾਨੀਏਲ ਦਾ ਤੀਜਾ ਅਧਿਆਇ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਨ੍ਹਾਂ ਤਿੰਨ ਇਬਰਾਨੀਆਂ ਨੇ ਉਸ ਮੂਰਤ ਅੱਗੇ ਮੱਥਾ ਨਹੀਂ ਟੇਕਿਆ ਜੋ ਰਾਜਾ ਨਬੂਕਦਨੱਸਰ ਨੇ ਖੜ੍ਹੀ ਕੀਤੀ ਸੀ। ਮੂਰਤ ਅੱਗੇ ਮੱਥਾ ਟੇਕਣ ਦੀ ਬਜਾਇ ਉਨ੍ਹਾਂ ਨੂੰ ਸਜ਼ਾ-ਏ-ਮੌਤ ਕਬੂਲ ਸੀ। ਜਦ ਉਨ੍ਹਾਂ ਨੂੰ ਰਾਜੇ ਅੱਗੇ ਲਿਆਂਦਾ ਗਿਆ, ਤਾਂ ਉਨ੍ਹਾਂ ਨੇ ਪੂਰੇ ਭਰੋਸੇ ਨਾਲ ਕਿਹਾ: “ਸਾਡਾ ਪਰਮੇਸ਼ੁਰ ਜਿਹ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਮਹਾਰਾਜ ਜੀ, ਓਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। ਨਹੀਂ ਤਾਂ ਹੇ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦਿਓਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਹ ਨੂੰ ਤੁਸਾਂ ਖੜਾ ਕੀਤਾ ਹੈ ਮੱਥਾ ਟੇਕਾਂਗੇ।” (ਦਾਨੀਏਲ 3:17, 18) ਕੀ ਯਹੋਵਾਹ ਨੇ ਉਨ੍ਹਾਂ ਨੂੰ ਬਚਾਇਆ ਸੀ? ਜਿਨ੍ਹਾਂ ਆਦਮੀਆਂ ਨੇ ਇਨ੍ਹਾਂ ਨੂੰ ਅੱਗ ਦੇ ਵਿਚ ਸੁੱਟਿਆ ਸੀ ਉਹੀ ਸੜ ਕੇ ਸੁਆਹ ਹੋ ਗਏ, ਪਰ ਇਹ ਤਿੰਨੋਂ ਵਫ਼ਾਦਾਰ ਇਬਰਾਨੀ ਉਸ ਭੱਠੀ ਵਿੱਚੋਂ ਸਹੀ-ਸਲਾਮਤ ਜ਼ਿੰਦਾ ਨਿਕਲ ਆਏ! ਛੋਟੀਆਂ ਗੱਲਾਂ ਵਿਚ ਉਨ੍ਹਾਂ ਦੀ ਵਫ਼ਾਦਾਰੀ ਨੇ ਇਸ ਵੱਡੀ ਪਰੀਖਿਆ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ। ਇਸ ਬਿਰਤਾਂਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਛੋਟੀਆਂ ਗੱਲਾਂ ਵਿਚ ਵਫ਼ਾਦਾਰ ਰਹਿਣਾ ਕਿੰਨਾ ਜ਼ਰੂਰੀ ਹੈ।

“ਕੁਧਰਮ ਦੀ ਮਾਯਾ” ਅਤੇ ਵਫ਼ਾਦਾਰੀ

9. ਲੂਕਾ 16:10 ਦੀ ਗੱਲ ਕਹਿਣ ਤੋਂ ਪਹਿਲਾਂ ਅਤੇ ਬਾਅਦ ਵਿਚ ਯਿਸੂ ਨੇ ਕੀ ਕਿਹਾ ਸੀ?

9ਲੂਕਾ 16:10 ਦੇ ਸ਼ਬਦ ਕਹਿਣ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ: “ਕੁਧਰਮ ਦੀ ਮਾਯਾ ਨਾਲ ਆਪਣੇ ਲਈ ਮਿੱਤਰ ਬਣਾਓ ਤਾਂ ਜਿਸ ਵੇਲੇ ਇਹ ਜਾਂਦੀ ਰਹੇ ਓਹ ਤੁਹਾਨੂੰ ਸਦੀਵਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ ਕਰਨ।” ਫਿਰ ਉਸ ਨੇ ਥੋੜ੍ਹੇ ਤੋਂ ਥੋੜ੍ਹੇ ਵਿਚ ਵਫ਼ਾਦਾਰ ਰਹਿਣ ਬਾਰੇ ਗੱਲ ਕਰਨ ਤੋਂ ਬਾਅਦ ਕਿਹਾ: “ਸੋ ਜੇ ਤੁਸੀਂ ਕੁਧਰਮ ਦੀ ਮਾਯਾ ਵਿੱਚ ਦਿਆਨਤਦਾਰ ਨਾ ਹੋਏ ਤਾਂ ਸੱਚਾ ਧਨ ਕੌਣ ਤੁਹਾਨੂੰ ਸੌਂਪੇਗਾ? . . . ਕੋਈ ਟਹਿਲੂਆ ਦੋ ਮਾਲਕਾਂ ਦੀ ਟਹਿਲ ਨਹੀਂ ਕਰ ਸੱਕਦਾ ਕਿਉਂ ਜੋ ਉਹ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ, ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।”—ਲੂਕਾ 16:9-13.

10. ਅਸੀਂ “ਕੁਧਰਮ ਦੀ ਮਾਯਾ” ਨੂੰ ਵਰਤਣ ਸੰਬੰਧੀ ਵਫ਼ਾਦਾਰੀ ਕਿਵੇਂ ਦਿਖਾ ਸਕਦੇ ਹਾਂ?

10ਲੂਕਾ 16:10 ਦੇ ਸ਼ਬਦਾਂ ਦੇ ਪ੍ਰਸੰਗ ਤੋਂ ਪਤਾ ਲੱਗਦਾ ਹੈ ਕਿ ਯਿਸੂ ਇਸ ਆਇਤ ਵਿਚ “ਕੁਧਰਮ ਦੀ ਮਾਯਾ” ਯਾਨੀ ਧਨ-ਦੌਲਤ ਦੇ ਮਾਮਲੇ ਵਿਚ ਵਫ਼ਾਦਾਰ ਹੋਣ ਦੀ ਗੱਲ ਕਰ ਰਿਹਾ ਸੀ। ਧਨ-ਦੌਲਤ ਨੂੰ ਕੁਧਰਮ ਦੀ ਮਾਇਆ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ ਪਾਪੀ ਇਨਸਾਨਾਂ ਦੇ ਹੱਥਾਂ ਵਿਚ ਹੁੰਦੀ ਹੈ। ਇਸ ਤੋਂ ਇਲਾਵਾ ਧਨ ਪ੍ਰਾਪਤ ਕਰਨ ਦੀ ਇੱਛਾ ਇਨਸਾਨ ਨੂੰ ਬੇਈਮਾਨੀ ਕਰਨ ਲਈ ਪ੍ਰੇਰ ਸਕਦੀ ਹੈ। ਅਸੀਂ ਅਕਲਮੰਦੀ ਨਾਲ ਆਪਣੀ ਧਨ-ਦੌਲਤ ਵਰਤ ਕੇ ਆਪਣੀ ਵਫ਼ਾਦਾਰੀ ਦਿਖਾ ਸਕਦੇ ਹਾਂ। ਆਪਣੇ ਹੀ ਸੁਆਰਥ ਲਈ ਪੈਸਾ ਵਰਤਣ ਦੀ ਬਜਾਇ ਅਸੀਂ ਦੂਜਿਆਂ ਦੀ ਮਦਦ ਕਰਨ ਲਈ ਅਤੇ ਪਰਮੇਸ਼ੁਰ ਦੇ ਰਾਜ ਦੇ ਕੰਮ ਨੂੰ ਅੱਗੇ ਵਧਾਉਣ ਲਈ ਇਸ ਨੂੰ ਵਰਤ ਸਕਦੇ ਹਾਂ। ਇਸ ਤਰ੍ਹਾਂ ਵਫ਼ਾਦਾਰ ਰਹਿ ਕੇ ਅਸੀਂ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨਾਲ ਦੋਸਤੀ ਕਰਦੇ ਹਾਂ। ਫਿਰ ਉਹ ਸਾਨੂੰ “ਸਦੀਵਕਾਲ ਦੇ ਰਹਿਣ ਵਾਲੇ ਡੇਰਿਆਂ” ਵਿਚ ਕਬੂਲ ਕਰਨਗੇ ਤੇ ਅਸੀਂ ਹਮੇਸ਼ਾ ਲਈ ਸਵਰਗ ਵਿਚ ਜਾਂ ਧਰਤੀ ਉੱਤੇ ਜੀ ਸਕਾਂਗੇ।

11. ਸਾਨੂੰ ਲੋਕਾਂ ਨੂੰ ਕਿਉਂ ਦੱਸਣਾ ਚਾਹੀਦਾ ਹੈ ਕਿ ਉਹ ਯਹੋਵਾਹ ਦੇ ਗਵਾਹਾਂ ਦੇ ਕੰਮ ਲਈ ਆਪਣੀ ਇੱਛਾ ਨਾਲ ਦਾਨ ਦੇ ਸਕਦੇ ਹਨ?

11 ਜ਼ਰਾ ਸੋਚੋ ਕਿ ਅਸੀਂ ਲੋਕਾਂ ਨੂੰ ਕਿਹੜਾ ਮੌਕਾ ਦਿੰਦੇ ਹਾਂ ਜਦ ਅਸੀਂ ਉਨ੍ਹਾਂ ਨੂੰ ਬਾਈਬਲ ਜਾਂ ਹੋਰ ਪ੍ਰਕਾਸ਼ਨ ਦਿੰਦੇ ਹਾਂ। ਅਸੀਂ ਉਨ੍ਹਾਂ ਨੂੰ ਸਮਝਾਉਂਦੇ ਹਾਂ ਕਿ ਉਹ ਦੁਨੀਆਂ ਭਰ ਵਿਚ ਕੀਤੇ ਜਾ ਰਹੇ ਪ੍ਰਚਾਰ ਦੇ ਕੰਮ ਲਈ ਆਪਣੀ ਇੱਛਾ ਨਾਲ ਦਾਨ ਦੇ ਸਕਦੇ ਹਨ। ਕੀ ਇਸ ਤਰ੍ਹਾਂ ਕਰਨ ਨਾਲ ਅਸੀਂ ਉਨ੍ਹਾਂ ਨੂੰ ਆਪਣੀ ਧਨ-ਦੌਲਤ ਸਹੀ ਤਰੀਕੇ ਨਾਲ ਵਰਤਣ ਦਾ ਮੌਕਾ ਨਹੀਂ ਦੇ ਰਹੇ ਹਾਂ? ਭਾਵੇਂ ਯਿਸੂ ਨੇ ਧਨ-ਦੌਲਤ ਵਰਤਣ ਦੇ ਸੰਬੰਧ ਵਿਚ ਲੂਕਾ 16:10 ਦਾ ਸਿਧਾਂਤ ਦਿੱਤਾ ਸੀ, ਪਰ ਇਹ ਹੋਰਨਾਂ ਮਾਮਲਿਆਂ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ।

ਈਮਾਨਦਾਰ ਹੋਣਾ ਜ਼ਰੂਰੀ ਹੈ

12, 13. ਅਸੀਂ ਕਿਨ੍ਹਾਂ ਮਾਮਲਿਆਂ ਵਿਚ ਈਮਾਨਦਾਰ ਹੋ ਸਕਦੇ ਹਾਂ?

12 ਪੌਲੁਸ ਰਸੂਲ ਨੇ ਲਿਖਿਆ: “ਸਾਨੂੰ ਨਿਹਚਾ ਹੈ ਭਈ ਸਾਡਾ ਅੰਤਹਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18) “ਸਾਰੀਆਂ ਗੱਲਾਂ” ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਪੈਸਿਆਂ ਦੇ ਮਾਮਲੇ ਵਿਚ ਈਮਾਨਦਾਰ ਹੋਈਏ। ਈਮਾਨਦਾਰੀ ਨਾਲ ਅਸੀਂ ਜਲਦੀ ਆਪਣੇ ਕਰਜ਼ੇ ਚੁਕਾਉਂਦੇ ਹਾਂ ਅਤੇ ਟੈਕਸ ਭਰਦੇ ਹਾਂ। ਕਿਉਂ? ਕਿਉਂਕਿ ਅਸੀਂ ਆਪਣੀ ਜ਼ਮੀਰ ਸ਼ੁੱਧ ਰੱਖਣੀ ਚਾਹੁੰਦੇ ਹਾਂ, ਪਰ ਇਸ ਤੋਂ ਵੱਧ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ ਅਤੇ ਉਸ ਦੇ ਕਹਿਣੇ ਵਿਚ ਰਹਿਣਾ ਚਾਹੁੰਦੇ ਹਾਂ। (ਰੋਮੀਆਂ 13:5, 6) ਜਦੋਂ ਸਾਨੂੰ ਕਿਸੇ ਦੀ ਗੁਆਚੀ ਹੋਈ ਚੀਜ਼ ਲੱਭ ਪੈਂਦੀ ਹੈ, ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਜਾ ਕੇ ਇਸ ਨੂੰ ਵਾਪਸ ਕਰਦੇ ਹਾਂ। ਜਦ ਅਸੀਂ ਸਮਝਾਉਂਦੇ ਹਾਂ ਕਿ ਅਸੀਂ ਇਹ ਚੀਜ਼ ਕਿਉਂ ਮੋੜ ਰਹੇ ਹਾਂ, ਤਾਂ ਅਸੀਂ ਯਹੋਵਾਹ ਦਾ ਨਾਂ ਰੌਸ਼ਨ ਕਰਦੇ ਹਾਂ।

13 ਸਾਰੀਆਂ ਗੱਲਾਂ ਵਿਚ ਵਫ਼ਾਦਾਰ ਅਤੇ ਈਮਾਨਦਾਰ ਹੋਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਕੰਮ ਤੇ ਈਮਾਨਦਾਰ ਹੋਈਏ। ਸਾਡੇ ਕੰਮ ਕਰਨ ਦੇ ਤਰੀਕੇ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਕਿਹੋ ਜਿਹੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ। ਅਸੀਂ ਕੰਮ ਤੇ ਆਲਸੀ ਬਣ ਕੇ ਸਮੇਂ ਦੀ “ਚੋਰੀ” ਨਹੀਂ ਕਰਦੇ, ਸਗੋਂ ਪੂਰੀ ਮਿਹਨਤ ਕਰਦੇ ਹਾਂ ਜਿਵੇਂ ਕਿ ਅਸੀਂ ਯਹੋਵਾਹ ਦਾ ਕੰਮ ਕਰ ਰਹੇ ਹੋਈਏ। (ਅਫ਼ਸੀਆਂ 4:28; ਕੁਲੁੱਸੀਆਂ 3:23) ਅੰਦਾਜ਼ਾ ਲਾਇਆ ਗਿਆ ਹੈ ਕਿ ਇਕ ਯੂਰਪੀ ਦੇਸ਼ ਵਿਚ ਇਕ-ਤਿਹਾਈ ਕਾਮੇ ਝੂਠ ਬੋਲ ਕੇ ਡਾਕਟਰ ਤੋਂ ਚਿੱਠੀ ਲਿਖਵਾ ਲੈਂਦੇ ਹਨ ਕਿ ਉਹ ਬੀਮਾਰ ਹਨ ਅਤੇ ਕੰਮ ਤੇ ਨਹੀਂ ਆ ਸਕਦੇ। ਪਰਮੇਸ਼ੁਰ ਦੇ ਸੱਚੇ ਸੇਵਕ ਬਹਾਨੇ ਬਣਾ ਕੇ ਕੰਮ ਤੋਂ ਛੁੱਟੀ ਨਹੀਂ ਲੈਂਦੇ। ਯਹੋਵਾਹ ਦੇ ਗਵਾਹਾਂ ਦੀ ਈਮਾਨਦਾਰੀ ਤੇ ਮਿਹਨਤ ਦੇਖ ਕੇ ਕਈ ਵਾਰੀ ਉਨ੍ਹਾਂ ਦੇ ਮਾਲਕਾਂ ਨੇ ਉਨ੍ਹਾਂ ਨੂੰ ਤਰੱਕੀ ਦਿੱਤੀ ਹੈ।—ਕਹਾਉਤਾਂ 10:4.

ਪ੍ਰਚਾਰ ਕਰਨ ਵਿਚ ਵਫ਼ਾਦਾਰੀ

14, 15. ਪ੍ਰਚਾਰ ਦੇ ਕੰਮ ਵਿਚ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੀ ਵਫ਼ਾਦਾਰੀ ਦਾ ਸਬੂਤ ਦੇ ਸਕਦੇ ਹਾਂ?

14 ਪ੍ਰਚਾਰ ਦੇ ਕੰਮ ਵਿਚ ਅਸੀਂ ਆਪਣੀ ਵਫ਼ਾਦਾਰੀ ਦਾ ਸਬੂਤ ਕਿਵੇਂ ਦੇ ਸਕਦੇ ਹਾਂ? ਬਾਈਬਲ ਕਹਿੰਦੀ ਹੈ: “ਅਸੀਂ ਉਹ ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ।” (ਇਬਰਾਨੀਆਂ 13:15) ਪ੍ਰਚਾਰ ਦੇ ਕੰਮ ਵਿਚ ਵਫ਼ਾਦਾਰੀ ਦਿਖਾਉਣ ਲਈ ਜ਼ਰੂਰੀ ਹੈ ਕਿ ਅਸੀਂ ਬਾਕਾਇਦਾ ਪ੍ਰਚਾਰ ਕਰਦੇ ਰਹੀਏ। ਸਾਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਗੱਲ ਕਰਨ ਤੋਂ ਬਗੈਰ ਕੋਈ ਮਹੀਨਾ ਖਾਲੀ ਨਹੀਂ ਜਾਣ ਦੇਣਾ ਚਾਹੀਦਾ! ਬਾਕਾਇਦਾ ਪ੍ਰਚਾਰ ਕਰਨ ਦਾ ਇਹ ਵੀ ਫ਼ਾਇਦਾ ਹੈ ਕਿ ਅਸੀਂ ਪ੍ਰਚਾਰ ਕਰਨ ਵਿਚ ਮਾਹਰ ਹੁੰਦੇ ਹਾਂ।

15ਪਹਿਰਾਬੁਰਜ ਅਤੇ ਸਾਡੀ ਰਾਜ ਸੇਵਕਾਈ ਵਿਚ ਦਿੱਤੀਆਂ ਜਾਂਦੀਆਂ ਸਲਾਹਾਂ ਨੂੰ ਲਾਗੂ ਕਰ ਕੇ ਵੀ ਅਸੀਂ ਵਫ਼ਾਦਾਰੀ ਨਾਲ ਪ੍ਰਚਾਰ ਕਰ ਸਕਦੇ ਹਾਂ। ਜਦ ਅਸੀਂ ਪ੍ਰਚਾਰ ਕਰਨ ਲਈ ਤਿਆਰੀ ਕਰਦੇ ਹਾਂ ਅਤੇ ਦਿੱਤੀਆਂ ਗਈਆਂ ਪੇਸ਼ਕਾਰੀਆਂ ਵਰਤਦੇ ਹਾਂ, ਤਾਂ ਕੀ ਅਸੀਂ ਪ੍ਰਚਾਰ ਕਰਨ ਵਿਚ ਜ਼ਿਆਦਾ ਅਸਰਦਾਰ ਨਹੀਂ ਹੁੰਦੇ? ਜਦ ਪ੍ਰਚਾਰ ਵਿਚ ਕੋਈ ਸਾਡੀ ਗੱਲ ਸੁਣਦਾ ਹੈ, ਤਾਂ ਕੀ ਅਸੀਂ ਉਸ ਨੂੰ ਜਲਦੀ ਦੁਬਾਰਾ ਮਿਲਣ ਜਾਂਦੇ ਹਾਂ? ਜਿਨ੍ਹਾਂ ਦੇ ਨਾਲ ਅਸੀਂ ਬਾਈਬਲ ਦਾ ਅਧਿਐਨ ਕਰਦੇ ਹਾਂ, ਕੀ ਅਸੀਂ ਵਫ਼ਾਦਾਰੀ ਨਾਲ ਉਨ੍ਹਾਂ ਕੋਲ ਬਾਕਾਇਦਾ ਜਾਂਦੇ ਹਾਂ? ਵਫ਼ਾਦਾਰੀ ਨਾਲ ਪ੍ਰਚਾਰ ਕਰ ਕੇ ਸਾਨੂੰ ਅਤੇ ਸਾਡੀ ਗੱਲ ਸੁਣਨ ਵਾਲਿਆਂ ਨੂੰ ਜ਼ਿੰਦਗੀ ਮਿਲ ਸਕਦੀ ਹੈ।—1 ਤਿਮੋਥਿਉਸ 4:15, 16.

ਦੁਨੀਆਂ ਤੋਂ ਵੱਖਰੇ ਰਹਿਣਾ

16, 17. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਦੁਨੀਆਂ ਤੋਂ ਵੱਖਰੇ ਹਾਂ?

16 ਯਿਸੂ ਨੇ ਆਪਣੇ ਚੇਲਿਆਂ ਬਾਰੇ ਪ੍ਰਾਰਥਨਾ ਕਰਦੇ ਹੋਏ ਕਿਹਾ: “ਮੈਂ ਤੇਰਾ ਬਚਨ ਓਹਨਾਂ ਨੂੰ ਦਿੱਤਾ ਹੈ ਅਰ ਜਗਤ ਨੇ ਓਹਨਾਂ ਨਾਲ ਵੈਰ ਕੀਤਾ ਕਿਉਂ ਜੋ ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ। ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ। ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰਨਾ 17:14-16) ਅਸੀਂ ਸ਼ਾਇਦ ਠਾਣ ਲਿਆ ਹੈ ਕਿ ਅਸੀਂ ਵੱਡੀਆਂ-ਵੱਡੀਆਂ ਗੱਲਾਂ ਵਿਚ ਦੁਨੀਆਂ ਤੋਂ ਵੱਖਰੇ ਰਹਾਂਗੇ। ਮਿਸਾਲ ਲਈ, ਅਸੀਂ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ, ਬਦਚਲਣ ਜ਼ਿੰਦਗੀ ਨਹੀਂ ਜੀਉਂਦੇ ਅਤੇ ਉਨ੍ਹਾਂ ਧਾਰਮਿਕ ਤਿਓਹਾਰਾਂ ਤੇ ਰੀਤਾਂ-ਰਸਮਾਂ ਤੋਂ ਦੂਰ ਰਹਿੰਦੇ ਹਾਂ ਜੋ ਬਾਈਬਲ ਦੇ ਖ਼ਿਲਾਫ਼ ਹਨ। ਪਰ ਛੋਟੀਆਂ-ਛੋਟੀਆਂ ਦੁਨਿਆਵੀ ਗੱਲਾਂ ਬਾਰੇ ਕੀ? ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਹੋ ਸਕਦਾ ਹੈ ਕਿ ਅਸੀਂ ਦੁਨੀਆਂ ਦੇ ਰਾਹਾਂ ਨੂੰ ਅਪਣਾ ਲਈਏ। ਮਿਸਾਲ ਲਈ, ਸ਼ਾਇਦ ਅਸੀਂ ਬੇਢੰਗੇ ਜਾਂ ਅਜਿਹੇ ਕੱਪੜੇ ਪਾਉਣ ਲੱਗ ਪਈਏ ਜਿਹੜੇ ਸਰੀਰ ਨੂੰ ਚੰਗੀ ਤਰ੍ਹਾਂ ਨਹੀਂ ਢੱਕਦੇ। ਵਫ਼ਾਦਾਰ ਬਣਨ ਦਾ ਮਤਲਬ ਹੈ ਕਿ ਅਸੀਂ “ਲਾਜ ਅਤੇ ਸੰਜਮ ਸਹਿਤ” ਕੱਪੜੇ ਪਾਈਏ। (1 ਤਿਮੋਥਿਉਸ 2:9, 10) ਜੀ ਹਾਂ, “ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖੁਆਉਂਦੇ ਭਈ ਕਿਤੇ ਇਸ ਸੇਵਕਾਈ ਉੱਤੇ ਹਰਫ਼ ਨਾ ਆਵੇ। ਪਰ ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਾਂ।”—2 ਕੁਰਿੰਥੀਆਂ 6:3, 4.

17 ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ, ਇਸ ਲਈ ਅਸੀਂ ਕਲੀਸਿਯਾ ਦੀਆਂ ਸਭਾਵਾਂ ਵਿਚ ਅਤੇ ਸੰਮੇਲਨਾਂ ਵਿਚ ਚੱਜ ਦੇ ਕੱਪੜੇ ਪਹਿਨਦੇ ਹਾਂ। ਸਾਡਾ ਪਹਿਰਾਵਾ ਸੋਹਣਾ ਤੇ ਢੁਕਵਾਂ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇਖਣ ਵਾਲਿਆਂ ਉੱਤੇ ਚੰਗਾ ਅਸਰ ਪੈਂਦਾ ਹੈ। ਦੂਤ ਵੀ ਸਾਨੂੰ ਦੇਖ ਰਹੇ ਹਨ ਜਿਵੇਂ ਉਹ ਪੌਲੁਸ ਅਤੇ ਬਾਕੀ ਮਸੀਹੀਆਂ ਦੇ ਕੰਮ ਵੱਲ ਧਿਆਨ ਦਿੰਦੇ ਹੁੰਦੇ ਸਨ। (1 ਕੁਰਿੰਥੀਆਂ 4:9) ਸ਼ਾਇਦ ਕਈਆਂ ਨੂੰ ਲੱਗੇ ਕਿ ਕਿਸੇ ਤਰ੍ਹਾਂ ਦੇ ਵੀ ਕੱਪੜੇ ਪਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਪਰ ਪਰਮੇਸ਼ੁਰ ਨੂੰ ਫ਼ਰਕ ਪੈਂਦਾ ਹੈ।

ਵਫ਼ਾਦਾਰ ਰਹਿਣ ਦੀਆਂ ਬਰਕਤਾਂ

18, 19. ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

18 ਬਾਈਬਲ ਵਿਚ ਸੱਚੇ ਮਸੀਹੀਆਂ ਨੂੰ ‘ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਨੇਕ ਮੁਖਤਿਆਰ’ ਸੱਦਿਆ ਗਿਆ ਹੈ। ਉਹ ‘ਪਰਮੇਸ਼ੁਰ ਦੀ ਸਮਰੱਥਾ ਦੇ ਅਨੁਸਾਰ’ ਉਸ ਦੀ ਸੇਵਾ ਕਰਦੇ ਹਨ। (1 ਪਤਰਸ 4:10, 11) ਇਸ ਤੋਂ ਇਲਾਵਾ, ਮੁਖਤਿਆਰ ਹੋਣ ਦੇ ਨਾਤੇ ਸਾਨੂੰ ਅਜਿਹੀ ਚੀਜ਼ ਦਿੱਤੀ ਗਈ ਹੈ ਜੋ ਯਹੋਵਾਹ ਦੀ ਅਮਾਨਤ ਹੈ, ਯਾਨੀ ਪਰਮੇਸ਼ੁਰ ਦੀ ਕਿਰਪਾ। ਇਸ ਕਿਰਪਾ ਕਾਰਨ ਉਸ ਨੇ ਸਾਨੂੰ ਪ੍ਰਚਾਰ ਦਾ ਕੰਮ ਸੌਂਪਿਆ ਹੈ। ਇਹ ਕੰਮ ਕਰਨ ਲਈ ਅਸੀਂ ਪਰਮੇਸ਼ੁਰ ਦੀ “ਮਹਾ-ਸ਼ਕਤੀ” ਉੱਤੇ ਭਰੋਸਾ ਰੱਖ ਕੇ ਦਿਖਾਉਂਦੇ ਹਾਂ ਕਿ ਅਸੀਂ ਨੇਕ ਮੁਖਤਿਆਰ ਹਾਂ। (2 ਕੁਰਿੰਥੀਆਂ 4:7, ਨਵਾਂ ਅਨੁਵਾਦ) ਇਸ ਤਰ੍ਹਾਂ ਸਾਨੂੰ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਡੱਟ ਕੇ ਸਾਮ੍ਹਣਾ ਕਰਨ ਦੀ ਸਿਖਲਾਈ ਮਿਲਦੀ ਹੈ।

19 ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਪਰਮੇਸ਼ੁਰ ਦੇ ਚੇਲਿਓ, ਤੁਹਾਨੂੰ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ। ਯਹੋਵਾਹ ਉਨ੍ਹਾਂ ਦੀ ਰੱਖਿਆ ਕਰਦਾ ਹੈ ਜੋ ਉਸ ਦੇ ਵਫਾਦਾਰ ਹਨ।” (ਜ਼ਬੂਰ 31:23, ਈਜ਼ੀ ਟੂ ਰੀਡ ਵਰਯਨ) ਆਓ ਆਪਾਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕਰੀਏ ਅਤੇ ਪੂਰਾ ਭਰੋਸਾ ਰੱਖੀਏ ਕਿ ਉਹ ਸਾਰਿਆਂ ਮਨੁੱਖਾਂ ਦਾ, ਪਰ ਖ਼ਾਸ ਕਰਕੇ ਨਿਹਚਾਵਾਨਾਂ ਯਾਨੀ ਵਫ਼ਾਦਾਰਾਂ ਦਾ ਮੁਕਤੀਦਾਤਾ ਹੈ।—1 ਤਿਮੋਥਿਉਸ 4:10.

ਕੀ ਤੁਹਾਨੂੰ ਯਾਦ ਹੈ?

• ਸਾਨੂੰ “ਥੋੜੇ ਵਿਚ ਦਿਆਨਤਦਾਰ” ਕਿਉਂ ਹੋਣਾ ਚਾਹੀਦਾ ਹੈ?

• ਅਸੀਂ ਇਨ੍ਹਾਂ ਗੱਲਾਂ ਵਿਚ ਵਫ਼ਾਦਾਰੀ ਕਿਵੇਂ ਦਿਖਾ ਸਕਦੇ ਹਾਂ?

ਈਮਾਨਦਾਰੀ ਦੇ ਮਾਮਲੇ ਵਿਚ

ਪ੍ਰਚਾਰ ਦੇ ਕੰਮ ਵਿਚ

ਦੁਨੀਆਂ ਤੋਂ ਵੱਖਰੇ ਰਹਿਣ ਵਿਚ

[ਸਵਾਲ]

[ਸਫ਼ੇ 26 ਉੱਤੇ ਤਸਵੀਰਾਂ]

ਥੋੜ੍ਹੇ ਵਿਚ ਵਫ਼ਾਦਾਰ, ਬਹੁਤ ਵਿਚ ਵੀ ਵਫ਼ਾਦਾਰ

[ਸਫ਼ੇ 29 ਉੱਤੇ ਤਸਵੀਰ]

ਸਾਰੀਆਂ ਗੱਲਾਂ ਵਿਚ ਈਮਾਨਦਾਰ ਰਹੋ

[ਸਫ਼ੇ 29 ਉੱਤੇ ਤਸਵੀਰ]

ਵਫ਼ਾਦਾਰੀ ਨਾਲ ਪ੍ਰਚਾਰ ਕਰਨ ਦੀ ਤਿਆਰੀ ਕਰੋ

[ਸਫ਼ੇ 30 ਉੱਤੇ ਤਸਵੀਰ]

“ਲਾਜ ਅਤੇ ਸੰਜਮ ਸਹਿਤ” ਕੱਪੜੇ ਪਾਓ