Skip to content

Skip to table of contents

ਕੁਆਰੇ ਪਰ ਯਹੋਵਾਹ ਦੀ ਸੇਵਾ ਵਿਚ ਖ਼ੁਸ਼

ਕੁਆਰੇ ਪਰ ਯਹੋਵਾਹ ਦੀ ਸੇਵਾ ਵਿਚ ਖ਼ੁਸ਼

“ਮੇਰੀ ਸਹਾਇਤਾ ਯਹੋਵਾਹ ਤੋਂ ਹੈ”

ਕੁਆਰੇ ਪਰ ਯਹੋਵਾਹ ਦੀ ਸੇਵਾ ਵਿਚ ਖ਼ੁਸ਼

ਸਪੇਨ ਵਿਚ ਰਹਿਣ ਵਾਲੀ ਇਕ ਕੁਆਰੀ ਮਸੀਹੀ ਭੈਣ ਨੇ ਕਿਹਾ: “ਭਾਵੇਂ ਸਾਡੇ ਵਿੱਚੋਂ ਕਈਆਂ ਦਾ ਅਜੇ ਵਿਆਹ ਨਹੀਂ ਹੋਇਆ, ਫਿਰ ਵੀ ਅਸੀਂ ਪੂਰੀ ਤਰ੍ਹਾਂ ਖ਼ੁਸ਼ ਹਾਂ।” ਇਹ ਭੈਣ ਇੰਨੀ ਖ਼ੁਸ਼ ਕਿਉਂ ਹੈ? ਉਹ ਅੱਗੇ ਕਹਿੰਦੀ ਹੈ: “ਅਸੀਂ ਇਸ ਗੱਲ ਤੋਂ ਬਹੁਤ ਖ਼ੁਸ਼ ਹਾਂ ਕਿ ਸਾਨੂੰ ਉਨ੍ਹਾਂ ਗੱਲਾਂ ਬਾਰੇ ਫ਼ਿਕਰ ਨਹੀਂ ਕਰਨਾ ਪੈਂਦਾ ਜਿਨ੍ਹਾਂ ਬਾਰੇ ਸ਼ਾਦੀ-ਸ਼ੁਦਾ ਭੈਣਾਂ-ਭਰਾਵਾਂ ਨੂੰ ਕਰਨਾ ਪੈਂਦਾ ਹੈ। ਇਸ ਲਈ ਅਸੀਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਸਮਾਂ ਬਿਤਾ ਸਕਦੇ ਹਾਂ।”

ਪਰਮੇਸ਼ੁਰ ਦਾ ਬਚਨ ਕੁਆਰੇ ਵਿਅਕਤੀਆਂ ਦੀਆਂ ਅਜਿਹੀਆਂ ਭਾਵਨਾਵਾਂ ਦੀ ਹਾਮੀ ਭਰਦਾ ਹੈ। ਪੌਲੁਸ ਰਸੂਲ ਖ਼ੁਦ ਅਣਵਿਆਹਿਆ ਸੀ ਅਤੇ ਉਸ ਨੇ ਵਿਆਹ ਬਾਰੇ ਕਿਹਾ: “ਮੈਂ ਅਣਵਿਆਹਿਆਂ ਨੂੰ ਅਤੇ ਵਿਧਵਾਂ ਨੂੰ ਇਹ ਆਖਦਾ ਹਾਂ ਜੋ ਓਹਨਾਂ ਲਈ ਚੰਗਾ ਹੈ ਭਈ ਇਹੋ ਜਿਹੇ ਰਹਿਣ ਜਿਹੋ ਜਿਹਾ ਮੈਂ ਹਾਂ।” ਪਰ ਉਸ ਨੇ ਕੁਆਰੇ ਰਹਿਣ ਦਾ ਕਿਹੜਾ ਖ਼ਾਸ ਕਾਰਨ ਦੱਸਿਆ ਸੀ? ਉਸ ਦਾ ਕਹਿਣਾ ਸੀ ਕਿ ਸ਼ਾਦੀ-ਸ਼ੁਦਾ ਵਿਅਕਤੀ ਦੁਚਿੱਤੀ ਬਣ ਜਾਂਦਾ ਹੈ ਜਦ ਕਿ ਇਕ ਕੁਆਰਾ ਵਿਅਕਤੀ “ਪ੍ਰਭੁ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ।” (1 ਕੁਰਿੰਥੀਆਂ 7:8, 32-34) ਤਾਂ ਫਿਰ, ਅਣਵਿਆਹੇ ਭੈਣਾਂ-ਭਰਾਵਾਂ ਦੀ ਖ਼ੁਸ਼ੀ ਦਾ ਖ਼ਾਸ ਕਾਰਨ ਇਹ ਹੈ ਕਿ ਉਹ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿੰਦੇ ਹਨ।

ਅਹਿਮ ਮਕਸਦ ਲਈ ਕੁਆਰੇ ਰਹਿਣਾ

ਪੌਲੁਸ ਦੀ ਗੱਲ ਸ਼ਾਇਦ ਉਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਅਜੀਬ ਲੱਗੇ ਜਿਨ੍ਹਾਂ ਮੁਲਕਾਂ ਵਿਚ ਸ਼ਾਦੀ ਕਰ ਕੇ ਆਪਣਾ ਘਰ-ਬਾਰ ਵਸਾਉਣਾ ਆਮ ਗੱਲ ਸਮਝੀ ਜਾਂਦੀ ਹੈ। ਯਿਸੂ ਵੀ ਅਣਵਿਆਹਿਆ ਸੀ ਅਤੇ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਸੀ। ਧਿਆਨ ਦਿਓ ਕਿ ਉਸ ਨੇ ਅਣਵਿਆਹਿਆਂ ਲਈ ਇਕ ਖ਼ਾਸ ਮਕਸਦ ਬਾਰੇ ਗੱਲ ਕਰਦੇ ਹੋਏ ਕੀ ਕਿਹਾ ਸੀ: “ਕੁਝ ਇਹੋ ਜਹੇ ਵੀ ਹਨ, ਜੋ ਸਵਰਗ ਦੇ ਰਾਜ ਦੀ ਖ਼ਾਤਰ ਵਿਆਹ ਨਹੀਂ ਕਰਦੇ ਹਨ। ਜੋ ਕੋਈ ਵੀ ਇਸ ਦੀ ਪਾਲਨਾ ਕਰ ਸਕਦਾ ਹੈ, ਉਹ ਕਰੇ।”—ਮੱਤੀ 19:12, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਇਨ੍ਹਾਂ ਸ਼ਬਦਾਂ ਦੇ ਅਨੁਸਾਰ ਕਈਆਂ ਨੂੰ ਕੁਆਰੇ ਰਹਿਣ ਨਾਲ ਆਪਣਾ ਪੂਰਾ ਧਿਆਨ ਪਰਮੇਸ਼ੁਰ ਦੀ ਸੇਵਾ ਵਿਚ ਲਾਉਣ ਦਾ ਮੌਕਾ ਮਿਲਿਆ ਹੈ ਕਿਉਂਕਿ ਉਨ੍ਹਾਂ ਨੂੰ ਵਿਆਹ ਸੰਬੰਧੀ ਜ਼ਿੰਮੇਵਾਰੀਆਂ ਨਹੀਂ ਸੰਭਾਲਣੀਆਂ ਪੈਂਦੀਆਂ। (1 ਕੁਰਿੰਥੀਆਂ 7:35) ਹਜ਼ਾਰਾਂ ਹੀ ਮਸੀਹੀ ਭੈਣ-ਭਰਾ ਸ਼ਾਦੀ-ਸ਼ੁਦਾ ਨਾ ਹੋਣ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਅਤੇ ਹੋਰਾਂ ਦੀ ਮਦਦ ਕਰਨ ਵਿਚ ਖ਼ੁਸ਼ ਹਨ। *

ਬਹੁਤ ਸਾਰੇ ਅਣਵਿਆਹੇ ਮਸੀਹੀਆਂ ਨੇ ਦੇਖਿਆ ਹੈ ਕਿ ਇਹ ਗੱਲ ਜ਼ਰੂਰੀ ਨਹੀਂ ਕਿ ਸਿਰਫ਼ ਸ਼ਾਦੀ-ਸ਼ੁਦਾ ਲੋਕ ਖ਼ੁਸ਼ ਹੁੰਦੇ ਹਨ ਅਤੇ ਅਣਵਿਆਹੇ ਲੋਕ ਹਮੇਸ਼ਾ ਨਿਰਾਸ਼ ਰਹਿੰਦੇ ਹਨ। ਦੋਹਾਂ ਸਮੂਹਾਂ ਵਿਚ ਕਦੀ ਖ਼ੁਸ਼ੀ ਹੁੰਦੀ ਹੈ ਅਤੇ ਕਦੀ ਗਮ। ਵੈਸੇ ਬਾਈਬਲ ਵਿਚ ਲਿਖਿਆ ਹੈ ਕਿ ਵਿਆਹੇ ਲੋਕ “ਸਰੀਰ ਵਿੱਚ ਦੁਖ ਭੋਗਣਗੇ।”—1 ਕੁਰਿੰਥੀਆਂ 7:28.

ਹਾਲਾਤਾਂ ਕਾਰਨ ਕੁਆਰੇ

ਕਈ ਭੈਣ-ਭਰ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਆਪਣੇ ਹਾਲਾਤਾਂ ਕਾਰਨ ਅਣਵਿਆਹੇ ਰਹੇ ਹਨ। ਉਹ ਵੀ ਸ਼ਾਇਦ ਵਿਆਹੁਤਾ ਜੀਵਨ ਦਾ ਆਨੰਦ ਮਾਣਨਾ ਚਾਹੁੰਦੇ ਹਨ, ਪਰ ਪੈਸੇ ਦੀ ਤੰਗੀ ਜਾਂ ਹੋਰ ਕਿਸੇ ਕਾਰਨ ਕਰਕੇ ਉਨ੍ਹਾਂ ਲਈ ਸ਼ਾਇਦ ਇਸ ਵੇਲੇ ਵਿਆਹ ਕਰਾਉਣਾ ਨਾਮੁਮਕਿਨ ਹੋਵੇ। ਸਾਡੇ ਕਈ ਮਸੀਹੀ ਭੈਣਾਂ-ਭਰਾਵਾਂ ਨੇ ਅਜੇ ਇਸ ਲਈ ਵਿਆਹ ਨਹੀਂ ਕਰਾਇਆ ਕਿਉਂਕਿ ਉਨ੍ਹਾਂ ਨੇ ਆਪਣੇ ਮਨਾਂ ਵਿਚ ਇਹ ਗੱਲ ਧਾਰੀ ਹੈ ਕਿ ਉਹ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰਾਉਣਗੇ। (1 ਕੁਰਿੰਥੀਆਂ 7:39) ਉਹ ਵਫ਼ਾਦਾਰੀ ਨਾਲ ਕੇਵਲ ਯਹੋਵਾਹ ਦੇ ਗਵਾਹਾਂ ਵਿੱਚੋਂ ਇਕ ਸਮਰਪਿਤ ਤੇ ਬਪਤਿਸਮਾ ਪ੍ਰਾਪਤ ਜੀਵਨ-ਸਾਥੀ ਚੁਣਨਾ ਚਾਹੁੰਦੇ ਹਨ।

ਇਹ ਸੱਚ ਹੈ ਕਿ ਕਦੀ-ਕਦੀ ਇਨ੍ਹਾਂ ਅਣਵਿਆਹੇ ਭੈਣਾਂ-ਭਰਾਵਾਂ ਵਿੱਚੋਂ ਕੁਝ ਤਨਹਾਈ ਮਹਿਸੂਸ ਕਰਦੇ ਹਨ। ਪਰ ਉਹ ਹੌਸਲਾ ਨਹੀਂ ਹਾਰਦੇ। ਤਨਹਾਈ ਦੇ ਬਾਵਜੂਦ ਇਕ ਭੈਣ ਨੇ ਕਿਹਾ: “ਅਸੀਂ ਯਹੋਵਾਹ ਦਾ ਹੁਕਮ ਜਾਣਦੇ ਹਾਂ ਅਤੇ ਅਸੀਂ ਉਸ ਨੂੰ ਕਿਸੇ ਵੀ ਤਰ੍ਹਾਂ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਅਸੀਂ ਜੀਵਨ-ਸਾਥੀ ਦਾ ਸਾਥ ਤਾਂ ਜ਼ਰੂਰ ਚਾਹੁੰਦੇ ਹਾਂ, ਪਰ ਜੇ ਕੋਈ ਸਾਡੇ ਨਾਲ ਕਿਸੇ ਇਹੋ ਜਿਹੇ ਵਿਅਕਤੀ ਨਾਲ ਵਿਆਹ ਕਰਾਉਣ ਦੀ ਗੱਲ ਵੀ ਕਰੇ ਜੋ ਯਹੋਵਾਹ ਦਾ ਗਵਾਹ ਨਹੀਂ ਹੈ, ਤਾਂ ਅਸੀਂ ਸਿੱਧਾ ਨਾਂਹ ਵਿਚ ਜਵਾਬ ਦੇਈਦਾ ਹੈ। ਅਸੀਂ ਉਨ੍ਹਾਂ ਲੋਕਾਂ ਨਾਲ ਤਾਂ ਬੈਠਣਾ ਵੀ ਨਹੀਂ ਚਾਹੁੰਦੇ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ।” ਭਾਵੇਂ ਇਹ ਭੈਣ-ਭਰਾ ਤਨਹਾਈ ਮਹਿਸੂਸ ਕਰਦੇ ਹਨ, ਪਰ ਉਹ ਯਹੋਵਾਹ ਦੇ ਉੱਚੇ ਮਿਆਰਾਂ ਤੇ ਚੱਲ ਕੇ ਉਸ ਨੂੰ ਹਮੇਸ਼ਾਂ ਖ਼ੁਸ਼ ਕਰਨਾ ਚਾਹੁੰਦੇ ਹਨ। ਇਨ੍ਹਾਂ ਭੈਣਾਂ-ਭਰਾਵਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।

ਪਰਮੇਸ਼ੁਰ ਵੱਲੋਂ ਸਹਾਇਤਾ

ਜਿਹੜੇ ਭੈਣ-ਭਰਾ ਉਨ੍ਹਾਂ ਲੋਕਾਂ ਨਾਲ ਵਿਆਹ ਕਰਨ ਤੋਂ ਇਨਕਾਰ ਕਰਦੇ ਹਨ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ, ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਅਤੇ ਬਿਨਾਂ ਸ਼ੱਕ ਯਹੋਵਾਹ ਵੀ ਉਨ੍ਹਾਂ ਪ੍ਰਤੀ ਵਫ਼ਾਦਾਰ ਰਹੇਗਾ। ਰਾਜਾ ਦਾਊਦ ਆਪਣੇ ਤਜਰਬੇ ਤੋਂ ਕਹਿ ਸਕਿਆ: “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ।” (ਜ਼ਬੂਰਾਂ ਦੀ ਪੋਥੀ 37:28) ਯਹੋਵਾਹ ਉਨ੍ਹਾਂ ਨਾਲ ਵਾਅਦਾ ਕਰਦਾ ਹੈ ਜੋ ਹਮੇਸ਼ਾ ਉਸ ਤੇ ਭਰੋਸਾ ਰੱਖ ਕੇ ਉਸ ਦਾ ਕਹਿਣਾ ਮੰਨਦੇ ਹਨ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5) ਯਹੋਵਾਹ ਦੀ ਰੀਸ ਕਰਦੇ ਹੋਏ ਅਸੀਂ ਵੀ ਉਨ੍ਹਾਂ ਅਣਵਿਆਹੇ ਭੈਣਾਂ-ਭਰਾਵਾਂ ਦੀ ਤਾਰੀਫ਼ ਕਰ ਸਕਦੇ ਹਾਂ ਜੋ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਬਚਨ ਦੀ ਪਾਲਣਾ ਕਰਦੇ ਹਨ। ਅਸੀਂ ਉਨ੍ਹਾਂ ਲਈ ਪਰਮੇਸ਼ੁਰ ਨੂੰ ਦੁਆ ਕਰ ਸਕਦੇ ਹਾਂ ਕਿ ਉਹ ਉਨ੍ਹਾਂ ਨੂੰ ਤਾਕਤ ਦੇਵੇ ਤਾਂਕਿ ਉਹ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਣ।—ਨਿਆਈਆਂ 11:30-40.

ਬਹੁਤ ਸਾਰੇ ਅਣਵਿਆਹੇ ਮਸੀਹੀਆਂ ਦਾ ਤਜਰਬਾ ਰਿਹਾ ਹੈ ਕਿ ਜਦ ਉਹ ਹੋਰਾਂ ਨੂੰ ਬਾਈਬਲ ਬਾਰੇ ਸਿਖਾਉਣ ਵਿਚ ਜ਼ਿਆਦਾ ਸਮਾਂ ਲਾਉਂਦੇ ਹਨ, ਤਦ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਮਕਸਦ ਭਰੀ ਲੱਗਦੀ ਹੈ। ਮਿਸਾਲ ਲਈ, ਪੈਟਰੀਸ਼ੀਆ ਦੀ ਉਦਾਹਰਣ ਲੈ ਲਓ ਜੋ 35 ਕੁ ਸਾਲਾਂ ਦੀ ਪਾਇਨੀਅਰ ਭੈਣ ਹੈ। ਉਹ ਹਰ ਮਹੀਨੇ ਘੱਟੋ-ਘੱਟ 70 ਘੰਟੇ ਬਾਈਬਲ ਦੇ ਸੰਦੇਸ਼ ਦਾ ਪ੍ਰਚਾਰ ਕਰਨ ਵਿਚ ਲਾਉਂਦੀ ਹੈ। ਉਹ ਦੱਸਦੀ ਹੈ: “ਭਾਵੇਂ ਸ਼ਾਦੀ-ਸ਼ੁਦਾ ਨਾ ਹੋਣ ਕਰਕੇ ਮੈਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਵਿਆਹ ਸੰਬੰਧੀ ਜ਼ਿੰਮੇਵਾਰੀਆਂ ਨਾ ਹੋਣ ਕਾਰਨ ਹੀ ਮੈਂ ਪਾਇਨੀਅਰੀ ਕਰ ਸਕੀ ਹਾਂ। ਮੈਂ ਆਪਣੀ ਮਰਜ਼ੀ ਨਾਲ ਦਿਨ ਦੀਆਂ ਯੋਜਨਾਵਾਂ ਬਣਾ ਸਕਦੀ ਹਾਂ ਅਤੇ ਬਾਈਬਲ ਦਾ ਅਧਿਐਨ ਕਰਨ ਵਿਚ ਵੀ ਜ਼ਿਆਦਾ ਧਿਆਨ ਲਾ ਸਕਦੀ ਹਾਂ। ਮੈਂ ਯਹੋਵਾਹ ਤੇ ਆਪਣਾ ਭਾਰ ਸੁੱਟਣਾ ਵੀ ਸਿੱਖਿਆ ਹੈ ਖ਼ਾਸ ਕਰਕੇ ਮੁਸ਼ਕਲਾਂ ਦੌਰਾਨ।”

ਇਨ੍ਹਾਂ ਭੈਣਾਂ-ਭਰਾਵਾਂ ਨੂੰ ਬਾਈਬਲ ਦੇ ਇਸ ਵਾਅਦੇ ਤੋਂ ਹੌਸਲਾ ਮਿਲਦਾ ਹੈ: “ਆਪਣੇ ਆਪ ਨੂੰ ਪ੍ਰਭੂ ਨੂੰ ਸੌਂਪ ਦਿਓ, ਉਸ ਤੇ ਭਰੋਸਾ ਰੱਖੋ, ਤਾਂ ਉਹ ਤੁਹਾਡੀ ਮਦਦ ਕਰੇਗਾ।” (ਭਜਨ 37:5, ਨਵਾਂ ਅਨੁਵਾਦ) ਜੀ ਹਾਂ, ਪਰਮੇਸ਼ੁਰ ਦੇ ਸਾਰੇ ਸ਼ਾਦੀ-ਸ਼ੁਦਾ ਤੇ ਕੁਆਰੇ ਸੇਵਕ ਉਸ ਦੇ ਬਚਨ ਦੇ ਇਨ੍ਹਾਂ ਸ਼ਬਦਾਂ ਤੋਂ ਦਿਲਾਸਾ ਪਾ ਸਕਦੇ ਹਨ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।”—ਜ਼ਬੂਰਾਂ ਦੀ ਪੋਥੀ 121:2.

[ਫੁਟਨੋਟ]

^ ਪੈਰਾ 7 ਸਾਲ 2005 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ ਤੇ ਜੁਲਾਈ ਤੇ ਅਗਸਤ ਦੇ ਮਹੀਨਿਆਂ ਦੀਆਂ ਤਸਵੀਰਾਂ ਦੇਖੋ।

[ਸਫ਼ੇ 9 ਉੱਤੇ ਸੁਰਖੀ]

“ਅਣਵਿਆਹਿਆ ਪੁਰਖ ਪ੍ਰਭੁ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਜੋ ਉਹ ਪ੍ਰਭੁ ਨੂੰ ਕਿਵੇਂ ਪਰਸੰਨ ਕਰੇ।”—1 ਕੁਰਿੰਥੀਆਂ 7:32.

[ਸਫ਼ੇ 8 ਉੱਤੇ ਡੱਬੀ]

ਕੁਆਰੇ ਹੋਣ ਦਾ ਫ਼ਾਇਦਾ ਉਠਾਓ

ਯਿਸੂ ਨੇ ਵਿਆਹ ਨਹੀਂ ਕਰਾਇਆ ਸੀ ਅਤੇ ਉਸ ਨੇ ਕਿਹਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।”—ਯੂਹੰਨਾ 4:34.

ਫ਼ਿਲਿੱਪੁਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਅਤੇ ਉਹ “ਅਗੰਮ ਵਾਕ” ਕਰਦੀਆਂ ਰਹੀਆਂ।—ਰਸੂਲਾਂ ਦੇ ਕਰਤੱਬ 21:8, 9.

ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਾਲੀਆਂ ਕੁਆਰੀਆਂ ਭੈਣਾਂ ਦਾ “ਵੱਡਾ ਦਲ ਹੈ।”—ਜ਼ਬੂਰਾਂ ਦੀ ਪੋਥੀ 68:11.