“ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤੇਗ!”
“ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤੇਗ!”
ਅੱਜ ਤੋਂ ਲਗਭਗ ਸਾਢੇ ਤਿੰਨ ਹਜ਼ਾਰ ਪਹਿਲਾਂ ਪ੍ਰਾਚੀਨ ਇਸਰਾਏਲ ਦੇਸ਼ ਦੀ ਹਾਲਤ ਬਹੁਤ ਮਾੜੀ ਸੀ। ਲੋਕ ਯਹੋਵਾਹ ਵੱਲੋਂ ਮੂੰਹ ਮੋੜ ਕੇ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਸਨ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਦੀ ਰੱਖਿਆ ਕਰਨੀ ਛੱਡ ਦਿੱਤੀ ਸੀ। ਮਿਦਯਾਨੀ, ਅਮਾਲੇਕੀ ਅਤੇ ਪੂਰਬੀ ਲੋਕ ਊਠਾਂ ਤੇ ਸਵਾਰ ਹੋ ਕੇ ਆਉਂਦੇ ਸਨ ਤੇ ਟਿੱਡੀਆਂ ਦੇ ਦਲ ਵਾਂਗ ਹਰੇ ਭਰੇ ਖੇਤਾਂ ਨੂੰ ਉਜਾੜ ਦਿੰਦੇ ਸਨ। ਦੁਸ਼ਮਣਾਂ ਦੇ ਡੰਗਰ ਸਾਰਾ ਘਾਹ ਤੇ ਪੇੜ-ਪੌਦੇ ਖਾ ਜਾਂਦੇ ਸਨ। ਪਰ ਇਸਰਾਏਲੀਆਂ ਕੋਲ ਨਾ ਕੋਈ ਭੇਡ, ਨਾ ਬਲਦ ਤੇ ਨਾ ਕੋਈ ਖੋਤਾ ਸੀ। ਮਿਦਯਾਨੀਆਂ ਦੇ ਅਤਿਆਚਾਰਾਂ ਕਾਰਨ ਇਸਰਾਏਲੀਆਂ ਦਾ ਬੁਰਾ ਹਾਲ ਸੀ ਅਤੇ ਉਨ੍ਹਾਂ ਨੇ ਪਹਾੜਾਂ ਵਿਚ ਲੁਕਣ ਲਈ ਗੁਫ਼ਾਵਾਂ ਅਤੇ ਘੁਰੇ ਬਣਾ ਲਏ ਸਨ।
ਸੱਤ ਸਾਲ ਉਨ੍ਹਾਂ ਦਾ ਇਹੀ ਹਾਲ ਰਿਹਾ। ਜਦ ਇਸਰਾਏਲੀ ਹੋਰ ਨਾ ਸਹਾਰ ਸਕੇ, ਤਾਂ ਉਨ੍ਹਾਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ। ਕੀ ਉਸ ਨੇ ਉਨ੍ਹਾਂ ਦੀ ਦੁਹਾਈ ਸੁਣੀ? ਉਨ੍ਹਾਂ ਦੇ ਤਜਰਬੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?—ਨਿਆਈਆਂ 6:1-6.
ਹੁਸ਼ਿਆਰ ਕਿਸਾਨ ਜਾਂ ‘ਤਕੜਾ ਸੂਰਬੀਰ’?
ਆਮ ਕਰਕੇ ਇਸਰਾਏਲੀ ਕਿਸਾਨ ਕਿਸੇ ਖੁੱਲ੍ਹੀ ਜਗ੍ਹਾ ਤੇ ਬਲਦਾਂ ਦੀ ਮਦਦ ਨਾਲ ਕਣਕ ਨੂੰ ਦਰੜਦੇ ਸਨ ਤੇ ਫਿਰ ਉਹ ਦਾਣਿਆਂ ਨੂੰ ਛੱਟਦੇ ਸਨ। ਇਸ ਤਰ੍ਹਾਂ ਤੂੜੀ ਖੁੱਲ੍ਹੀ ਹਵਾ ਵਿਚ ਉੱਡ ਕੇ ਦਾਣਿਆਂ ਤੋਂ ਅਲੱਗ ਹੋ ਜਾਂਦੀ ਸੀ। ਪਰ ਮਿਦਯਾਨੀ ਲੁਟੇਰਿਆਂ ਦੇ ਖ਼ਤਰੇ ਕਾਰਨ ਕੋਈ ਖੁੱਲ੍ਹੇ-ਆਮ ਇਸ ਤਰ੍ਹਾਂ ਨਹੀਂ ਕਰ ਸਕਦਾ ਸੀ। ਇਸ ਲਈ ਗਿਦਾਊਨ ਦੁਸ਼ਮਣਾਂ ਦੀਆਂ ਨਜ਼ਰਾਂ ਤੋਂ ਓਹਲੇ ਕਣਕ ਨੂੰ ਛੱਟਦਾ ਹੁੰਦਾ ਸੀ। (ਨਿਆਈਆਂ 6:11) ਉੱਥੇ ਉਹ ਲੁਕ-ਛਿਪ ਕੇ ਕਣਕ ਨੂੰ ਕੁੱਟ ਕੇ ਦਾਣੇ ਕੱਢਦਾ ਸੀ ਤੇ ਫਿਰ ਥੋੜ੍ਹੇ-ਥੋੜ੍ਹੇ ਦਾਣਿਆਂ ਨੂੰ ਛੱਟ ਲੈਂਦਾ ਸੀ।
ਇਕ ਦਿਨ ਯਹੋਵਾਹ ਦੇ ਦੂਤ ਨੇ ਉਸ ਨੂੰ ਦਰਸ਼ਨ ਦਿੱਤਾ ਅਤੇ ਕਿਹਾ: “ਹੇ ਤਕੜੇ ਸੂਰਬੀਰ, ਯਹੋਵਾਹ ਤੇਰੇ ਨਾਲ ਹੈ।” (ਨਿਆਈਆਂ 6:12) ਇਹ ਸੁਣ ਕੇ ਗਿਦਾਊਨ ਸ਼ਾਇਦ ਹੈਰਾਨ ਹੋਇਆ ਹੋਵੇ ਕਿਉਂਕਿ ਉਹ ਤਾਂ ਲੁਕ-ਲੁਕ ਕੇ ਦਾਣੇ ਛੱਟ ਰਿਹਾ ਸੀ, ਫਿਰ ਉਹ ਆਪਣੇ ਆਪ ਨੂੰ ਸੂਰਬੀਰ ਕਿੱਦਾਂ ਸਮਝ ਸਕਦਾ ਸੀ। ਪਰ ਦੂਤ ਦੀ ਗੱਲ ਤੋਂ ਉਸ ਨੂੰ ਲੱਗਾ ਹੋਣਾ ਕਿ ਪਰਮੇਸ਼ੁਰ ਨੂੰ ਉਸ ਤੇ ਭਰੋਸਾ ਸੀ ਕਿ ਉਹ ਇਸਰਾਏਲ ਦੀ ਅਗਵਾਈ ਕਰਨ ਦੇ ਲਾਇਕ ਸੀ। ਪਰ ਗਿਦਾਊਨ ਨੂੰ ਇਸ ਗੱਲ ਤੇ ਯਕੀਨ ਕਰਨ ਦੀ ਲੋੜ ਸੀ।
ਦੂਤ ਦੇ ਜ਼ਰੀਏ ਯਹੋਵਾਹ ਨੇ ਉਸ ਨੂੰ ਕਿਹਾ: “ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾ!” ਪਰ ਗਿਦਾਊਨ ਨੇ ਨਿਮਰਤਾ ਨਾਲ ਜਵਾਬ ਦਿੱਤਾ: “ਹੇ ਪ੍ਰਭੁ, ਮੈਂ ਇਸਰਾਏਲ ਨੂੰ ਕਿੱਕਰ ਬਚਾਵਾਂ? ਵੇਖ, ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਉ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ।” ਫਿਰ ਉਸ ਨੇ ਯਹੋਵਾਹ ਤੋਂ ਇਕ ਨਿਸ਼ਾਨੀ ਮੰਗੀ ਜਿਸ ਤੋਂ ਇਹ ਪਤਾ ਲੱਗੇ ਕਿ ਮਿਦਯਾਨੀਆਂ ਨੂੰ ਹਰਾਉਣ ਵਿਚ ਯਹੋਵਾਹ ਸੱਚ-ਮੁੱਚ ਉਸ ਦੀ ਮਦਦ ਕਰੇਗਾ। ਗਿਦਾਊਨ ਦੀ ਹੁਸ਼ਿਆਰੀ ਦੇਖ ਕੇ ਯਹੋਵਾਹ ਉਸ ਨੂੰ ਭਰੋਸਾ ਦੇਣ ਲਈ ਤਿਆਰ ਸੀ। ਜਦ ਗਿਦਾਊਨ ਨੇ ਦੂਤ ਅੱਗੇ ਭੋਜਨ ਦੀ ਭੇਟ ਚੜ੍ਹਾਈ, ਤਾਂ ਪੱਥਰ ਵਿੱਚੋਂ ਅੱਗ ਨਿਕਲ ਕੇ ਸਭ ਕੁਝ ਖਾ ਗਈ। ਇਸ ਤਰ੍ਹਾਂ ਯਹੋਵਾਹ ਨੇ ਗਿਦਾਊਨ ਦਾ ਡਰ ਦੂਰ ਕੀਤਾ ਤੇ ਗਿਦਾਊਨ ਨੇ ਉਸ ਥਾਂ ਤੇ ਜਗਵੇਦੀ ਬਣਾਈ।—ਨਿਆਈਆਂ 6:12-24.
“ਬਆਲ ਆਪ ਹੀ ਝਗੜਾ ਕਰੇ”
ਇਸਰਾਏਲ ਦੀ ਵੱਡੀ ਸਮੱਸਿਆ ਮਿਦਯਾਨੀਆਂ ਦਾ ਅਤਿਆਚਾਰ ਨਹੀਂ ਸੀ, ਬਲਕਿ ਸਮੱਸਿਆ ਇਹ ਸੀ ਕਿ ਉਹ ਬਆਲ ਦੀ ਪੂਜਾ ਕਰਨ ਲੱਗ ਪਏ ਸਨ। ਯਹੋਵਾਹ “ਇੱਕ ਗ਼ੈਰਤੀ ਪਰਮੇਸ਼ੁਰ ਹੈ” ਅਤੇ ਉਸ ਨੂੰ ਕੋਈ ਅਜਿਹਾ ਇਨਸਾਨ ਪਸੰਦ ਨਹੀਂ ਹੈ ਜੋ ਉਸ ਦੀ ਉਪਾਸਨਾ ਕਰਨ ਦੇ ਨਾਲ-ਨਾਲ ਦੇਵੀ-ਦੇਵਤਿਆਂ ਦੀ ਵੀ ਪੂਜਾ ਕਰੇ। (ਕੂਚ 34:14) ਇਸ ਲਈ ਉਸ ਨੇ ਗਿਦਾਊਨ ਨੂੰ ਕਿਹਾ ਕਿ ਉਹ ਬਆਲ ਦੀ ਜਗਵੇਦੀ ਜੋ ਉਸ ਦੇ ਪਿਤਾ ਨੇ ਬਣਾਈ ਸੀ, ਨੂੰ ਢਾਹ ਸੁੱਟੇ ਅਤੇ ਉਸ ਦੇ ਕੋਲ ਦਾ ਟੁੰਡ ਵੱਢ ਸੁੱਟੇ। ਗਿਦਾਊਨ ਆਪਣੇ ਪਿਤਾ ਅਤੇ ਸ਼ਹਿਰ ਦੇ ਲੋਕਾਂ ਤੋਂ ਡਰਦਾ ਸੀ, ਇਸ ਲਈ ਉਸ ਨੇ ਆਪਣੇ ਨਾਲ ਦਸ ਟਹਿਲੂਏ ਲੈ ਕੇ ਇਹ ਕੰਮ ਰਾਤ ਨੂੰ ਕਰ ਦਿੱਤਾ।
ਗਿਦਾਊਨ ਦੀ ਹੁਸ਼ਿਆਰੀ ਜਾਇਜ਼ ਸੀ ਕਿਉਂਕਿ ਉਸ ਵੱਲੋਂ ਬਆਲ ਦੇ ਕੀਤੇ “ਅਪਮਾਨ” ਨੂੰ ਦੇਖ ਕੇ ਬਆਲ ਦੇ ਪੁਜਾਰੀ ਉਸ ਦੇ ਲਹੂ ਦੇ ਪਿਆਸੇ ਹੋ ਗਏ ਸਨ। ਪਰ ਗਿਦਾਊਨ ਦੇ ਪਿਤਾ ਯੋਆਸ਼ ਨੇ ਲੋਕਾਂ ਨੂੰ ਕਿਹਾ ਕਿ ਜੇ ਬਆਲ ਦੇਵਤਾ ਹੈ, ਤਾਂ ਉਹ ਖ਼ੁਦ ਆਪਣੇ ਆਪ ਲਈ ਲੜੇ। ਫਿਰ ਯੋਆਸ਼ ਨੇ ਆਪਣੇ ਪੁੱਤਰ ਨਿਆਈਆਂ 6:25-32.
ਦਾ ਨਾਂ ਯਰੁੱਬਆਲ ਰੱਖ ਦਿੱਤਾ ਜਿਸ ਦਾ ਅਰਥ ਹੈ: “ਉਹ ਦੇ ਨਾਲ ਬਆਲ ਆਪ ਹੀ ਝਗੜਾ ਕਰੇ।”—ਯਹੋਵਾਹ ਹਮੇਸ਼ਾ ਆਪਣੇ ਸੇਵਕਾਂ ਦੀ ਮਦਦ ਕਰਦਾ ਹੈ ਜਦੋਂ ਉਹ ਦਲੇਰੀ ਨਾਲ ਉਸ ਦਾ ਪੱਖ ਲੈਂਦੇ ਹਨ। ਫਿਰ ਜਦ ਮਿਦਯਾਨੀਆਂ ਨੇ ਇਸਰਾਏਲ ਤੇ ਹਮਲਾ ਕੀਤਾ, ਤਾਂ “ਯਹੋਵਾਹ ਦਾ ਆਤਮਾ ਗਿਦਾਊਨ ਉੱਤੇ ਆਇਆ।” (ਨਿਆਈਆਂ 6:34) ਪਵਿੱਤਰ ਆਤਮਾ ਦੀ ਅਗਵਾਈ ਅਧੀਨ ਗਿਦਾਊਨ ਨੇ ਮਨੱਸ਼ਹ, ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਦੇ ਗੋਤਾਂ ਵਿੱਚੋਂ ਫ਼ੌਜ ਤਿਆਰ ਕੀਤੀ।—ਨਿਆਈਆਂ 6:35.
ਲੜਾਈ ਲਈ ਤਿਆਰੀ
ਭਾਵੇਂ ਇਸ ਸਮੇਂ ਤਕ ਗਿਦਾਊਨ ਦੀ ਫ਼ੌਜ ਵਿਚ 32,000 ਆਦਮੀ ਸਨ, ਫਿਰ ਵੀ ਉਸ ਨੇ ਪਰਮੇਸ਼ੁਰ ਤੋਂ ਇਕ ਹੋਰ ਨਿਸ਼ਾਨੀ ਮੰਗੀ। ਉਸ ਨੇ ਕਿਹਾ ਕਿ ਜੇ ਜ਼ਮੀਨ ਤੇ ਪਿਆ ਉੱਨ ਦਾ ਫੰਬਾ ਤ੍ਰੇਲ ਨਾਲ ਗਿੱਲਾ ਹੋ ਗਿਆ, ਪਰ ਜ਼ਮੀਨ ਸੁੱਕੀ ਰਹੀ, ਤਾਂ ਉਸ ਨੂੰ ਵਿਸ਼ਵਾਸ ਹੋ ਜਾਵੇਗਾ ਕਿ ਪਰਮੇਸ਼ੁਰ ਉਸ ਦੇ ਜ਼ਰੀਏ ਇਸਰਾਏਲ ਨੂੰ ਬਚਾਵੇਗਾ। ਯਹੋਵਾਹ ਨੇ ਉਸ ਨੂੰ ਇਹ ਕਰਾਮਾਤ ਕਰ ਵਿਖਾਈ। ਫਿਰ ਗਿਦਾਊਨ ਨੇ ਇਸ ਗੱਲ ਦਾ ਹੋਰ ਸਬੂਤ ਚਾਹਿਆ ਕਿ ਪਰਮੇਸ਼ੁਰ ਉੱਨ ਦੇ ਫੰਬੇ ਨੂੰ ਸੁੱਕਾ ਰਹਿਣ ਦੇਵੇ ਅਤੇ ਆਲੇ-ਦੁਆਲੇ ਦੀ ਸਾਰੀ ਜ਼ਮੀਨ ਨੂੰ ਤ੍ਰੇਲ ਨਾਲ ਗਿੱਲੀ ਕਰ ਦੇਵੇ। ਯਹੋਵਾਹ ਨੇ ਇਸੇ ਤਰ੍ਹਾਂ ਕੀਤਾ। ਇਹ ਨਿਸ਼ਾਨੀਆਂ ਮੰਗ ਕੇ ਕੀ ਗਿਦਾਊਨ ਕੁਝ ਜ਼ਿਆਦਾ ਹੀ ਹੁਸ਼ਿਆਰੀ ਦਿਖਾ ਰਿਹਾ ਸੀ? ਨਹੀਂ, ਕਿਉਂਕਿ ਯਹੋਵਾਹ ਉਸ ਨੂੰ ਨਿਸ਼ਾਨੀਆਂ ਦੇ ਕੇ ਉਸ ਨੂੰ ਭਰੋਸਾ ਦੇਣ ਲਈ ਰਾਜ਼ੀ ਸੀ। (ਨਿਆਈਆਂ 6:36-40) ਅੱਜ ਅਸੀਂ ਅਜਿਹੀਆਂ ਕਰਾਮਾਤਾਂ ਦੇਖਣ ਦੀ ਆਸ ਨਹੀਂ ਰੱਖਦੇ, ਪਰ ਪਰਮੇਸ਼ੁਰ ਦੇ ਬਚਨ ਵਿੱਚੋਂ ਸਾਨੂੰ ਭਰੋਸਾ ਰੱਖਣ ਦੇ ਕਾਰਨ ਅਤੇ ਅਗਵਾਈ ਮਿਲਦੀ ਹੈ।
ਪਰਮੇਸ਼ੁਰ ਨੇ ਗਿਦਾਊਨ ਨੂੰ ਕਿਹਾ ਕਿ ਉਸ ਦੀ ਫ਼ੌਜ ਬਹੁਤ ਵੱਡੀ ਸੀ। ਜੇ ਇਸਰਾਏਲੀ ਐਡੀ ਵੱਡੀ ਫ਼ੌਜ ਦੇ ਸਹਾਰੇ ਜਿੱਤ ਜਾਂਦੇ, ਤਾਂ ਜਿੱਤ ਲਈ ਯਹੋਵਾਹ ਦੇ ਗੁਣ ਗਾਉਣ ਦੀ ਬਜਾਇ ਉਨ੍ਹਾਂ ਨੇ ਆਪਣੀ ਤਾਕਤ ਤੇ ਫੜ੍ਹਾਂ ਮਾਰਨੀਆਂ ਸਨ। ਇਸ ਮਸਲੇ ਦਾ ਯਹੋਵਾਹ ਨੇ ਕੀ ਹੱਲ ਕੱਢਿਆ? ਉਸ ਨੇ ਬਿਵਸਥਾ ਦੇ ਇਕ ਅਸੂਲ ਅਨੁਸਾਰ ਗਿਦਾਊਨ ਨੂੰ ਕਿਹਾ ਕਿ ਜਿਹੜਾ ਵੀ ਬੰਦਾ ਭੈਭੀਤ ਮਹਿਸੂਸ ਕਰਦਾ ਸੀ, ਉਹ ਆਪਣੇ ਘਰ ਵਾਪਸ ਜਾ ਸਕਦਾ ਸੀ। ਇਸ ਤਰ੍ਹਾਂ 22,000 ਆਦਮੀ ਆਪਣੇ ਘਰਾਂ ਨੂੰ ਚਲੇ ਗਏ ਤੇ ਫ਼ੌਜ ਦੀ ਗਿਣਤੀ 10,000 ਰਹਿ ਗਈ।—ਬਿਵਸਥਾ ਸਾਰ 20:8; ਨਿਆਈਆਂ 7:2, 3.
ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਫ਼ੌਜ ਵਿਚ ਅਜੇ ਵੀ ਬਹੁਤ ਆਦਮੀ ਸਨ। ਪਰਮੇਸ਼ੁਰ ਨੇ ਗਿਦਾਊਨ ਨੂੰ ਕਿਹਾ ਕਿ ਉਹ ਆਦਮੀਆਂ ਨੂੰ ਪਾਣੀ ਕੋਲ ਲੈ ਜਾਵੇ। ਯਹੂਦੀ ਵਿਦਵਾਨ ਜੋਸੀਫ਼ਸ ਨੇ ਲਿਖਿਆ ਕਿ ਪਰਮੇਸ਼ੁਰ ਨੇ ਸਿਖਰ ਦੁਪਹਿਰੇ ਫ਼ੌਜੀਆਂ ਨੂੰ ਨਦੀ ਤੇ ਜਾਣ ਲਈ ਕਿਹਾ। ਉਹ ਜਿਵੇਂ-ਕਿਵੇਂ ਪਾਣੀ ਕੋਲ ਪਹੁੰਚੇ, ਤਾਂ ਗਿਦਾਊਨ ਨੇ ਉਨ੍ਹਾਂ ਨੂੰ ਪਾਣੀ ਪੀਂਦੇ ਦੇਖਿਆ। ਸਿਰਫ਼ 300 ਆਦਮੀਆਂ ਨੇ ਦੁਸ਼ਮਣਾਂ ਤੋਂ ਸਾਵਧਾਨ ਰਹਿੰਦੇ ਹੋਏ ਹੱਥ ਨਾਲ ਪਾਣੀ ਪੀਤਾ। ਸਿਰਫ਼ ਇਨ੍ਹਾਂ 300 ਨੂੰ ਗਿਦਾਊਨ ਨਾਲ ਜਾਣ ਦਾ ਮੌਕਾ ਮਿਲਿਆ ਸੀ। (ਨਿਆਈਆਂ 7:4-8) ਜ਼ਰਾ ਸੋਚੋ ਜੇ ਤੁਸੀਂ ਉਨ੍ਹਾਂ ਦੀ ਥਾਂ ਹੁੰਦੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ? ਦੁਸ਼ਮਣਾਂ ਦੀ ਗਿਣਤੀ 1,35,000 ਸੀ! ਤੁਹਾਨੂੰ ਪੂਰਾ ਯਕੀਨ ਹੋਣਾ ਸੀ ਕਿ ਜਿੱਤ ਤੁਹਾਡੀ ਤਾਕਤ ਨਾਲ ਨਹੀਂ, ਸਗੋਂ ਯਹੋਵਾਹ ਦੀ ਤਾਕਤ ਨਾਲ ਹੋਣੀ ਸੀ।
ਪਰਮੇਸ਼ੁਰ ਨੇ ਗਿਦਾਊਨ ਨੂੰ ਆਪਣੇ ਟਹਿਲੂਏ ਨਾਲ ਮਿਦਯਾਨੀਆਂ ਦੇ ਡੇਰੇ ਵਿਚ ਜਾਣ ਲਈ ਕਿਹਾ। ਉੱਥੇ ਗਿਦਾਊਨ ਨੇ ਇਕ ਬੰਦੇ ਨੂੰ ਉਸ ਦੇ ਨਾਲ ਦੇ ਸਾਥੀ ਨੂੰ ਇਕ ਸੁਪਨਾ ਸੁਣਾਉਂਦੇ ਸੁਣਿਆ। ਸੁਣਨ ਵਾਲੇ ਸਾਥੀ ਨੇ ਸੁਪਨੇ ਦਾ ਅਰਥ ਦੱਸਦੇ ਹੋਏ ਕਿਹਾ ਕਿ ਪਰਮੇਸ਼ੁਰ ਨੇ ਮਿਦਯਾਨੀਆਂ ਨੂੰ ਗਿਦਾਊਨ ਦੇ ਹੱਥ ਦੇ ਦੇਣਾ ਸੀ। ਗੱਲ ਸੁਣ ਕੇ ਗਿਦਾਊਨ ਨੂੰ ਹੌਸਲਾ ਮਿਲਿਆ ਅਤੇ ਉਸ ਨੂੰ ਯਕੀਨ ਹੋ ਗਿਆ ਕਿ 300 ਆਦਮੀਆਂ ਨਾਲ ਯਹੋਵਾਹ ਉਸ ਨੂੰ ਮਿਦਯਾਨੀਆਂ ਉੱਤੇ ਜਿੱਤ ਦੇਵੇਗਾ।—ਨਿਆਈਆਂ 7:9-15.
ਜੰਗੀ ਦਾਅ-ਪੇਚ
ਗਿਦਾਊਨ ਨੇ 300 ਆਦਮੀਆਂ ਨੂੰ ਸੌ-ਸੌ ਬੰਦਿਆਂ ਦੀਆਂ ਤਿੰਨ ਟੋਲੀਆਂ ਵਿਚ ਵੰਡਿਆ। ਫਿਰ ਹਰੇਕ ਦੇ ਹੱਥ ਵਿਚ ਇਕ-ਇਕ ਤੁਰ੍ਹੀ ਅਤੇ ਇਕ-ਇਕ ਖਾਲੀ ਘੜਾ ਦਿੱਤਾ ਤੇ ਇਨ੍ਹਾਂ ਘੜਿਆਂ ਵਿਚ ਇਕ-ਇਕ ਮਸ਼ਾਲ ਛੁਪਾਈ ਹੋਈ ਸੀ। ਗਿਦਾਊਨ ਦਾ ਪਹਿਲਾ ਹੁਕਮ ਸੀ: ‘ਮੇਰੇ ਵੱਲ ਵੇਖ ਕੇ ਜੋ ਕੁਝ ਮੈਂ ਕਰਾਂ ਸੋ ਤੁਸੀਂ ਭੀ ਕਰਨਾ। ਜਦ ਮੈਂ ਤੁਰ੍ਹੀ ਵਜਾਵਾਂ ਤਾਂ ਤੁਸਾਂ ਸਭਨਾਂ ਨੇ ਭੀ ਤੁਰ੍ਹੀਆਂ ਵਜਾਉਣੀਆਂ ਅਤੇ ਇਹ ਜੈ ਕਾਰਾ ਬੁਲਾਓ, “ਯਹੋਵਾਹ ਅਤੇ ਗਿਦਾਊਨ ਦੀ ਜੈ!”’—ਨਿਆਈਆਂ 7:16-18, 20.
ਇਸਰਾਏਲੀਆਂ ਦੇ 300 ਆਦਮੀਆਂ ਨੇ ਦੱਬੇ ਪੈਰੀਂ ਜਾ ਕੇ ਦੁਸ਼ਮਣਾਂ ਦੇ ਡੇਰੇ ਨੂੰ ਘੇਰ ਲਿਆ। ਰਾਤ ਦੇ ਕੁਝ ਦਸ ਕੁ ਵਜੇ ਸਨ ਜਦ ਉਨ੍ਹਾਂ ਨੇ ਹਾਲੇ ਪਹਿਰਾ ਦੇਣ ਵਾਲਿਆਂ ਨੂੰ ਬਦਲਿਆ ਹੀ ਸੀ। ਹਮਲਾ ਕਰਨ ਦਾ ਇਹ ਵਧੀਆ ਮੌਕਾ ਸੀ ਕਿਉਂਕਿ ਨਵੇਂ ਪਹਿਰੇਦਾਰਾਂ ਦੀਆਂ ਅੱਖਾਂ ਅਜੇ ਹਨੇਰੇ ਵਿਚ ਦੇਖਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸਨ।
ਜ਼ਰਾ ਸੋਚੋ ਮਿਦਯਾਨੀਆਂ ਤੇ ਉਸ ਵੇਲੇ ਕੀ ਬੀਤੀ ਹੋਵੇਗੀ। ਰਾਤ ਦੇ ਸੰਨਾਟੇ ਵਿਚ 300 ਘੜੇ ਭੰਨੇ ਗਏ, 300 ਤੁਰ੍ਹੀਆਂ ਵੱਜ ਉੱਠੀਆਂ ਅਤੇ 300 ਆਦਮੀਆਂ ਨੇ ਨਾਅਰੇ ਲਾਏ। ਜਦ ਹੱਕੇ-ਬੱਕੇ ਹੋਏ ਮਿਦਯਾਨੀਆਂ ਨੇ ਇਹ ਜੈ ਕਾਰਾ ਸੁਣਿਆ “ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤੇਗ!,” ਤਾਂ ਉਹ ਆਪ ਵੀ ਦੁਹਾਈ ਦੇਣ ਲੱਗੇ। ਹਫੜਾ-ਦਫੜੀ ਵਿਚ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ ਕਿ ਕੌਣ ਦੋਸਤ ਹੈ ਤੇ ਕੌਣ ਦੁਸ਼ਮਣ। ਡੇਰੇ ਦੇ ਬਾਹਰ 300 ਇਸਰਾਏਲੀ ਆਪੋ-ਆਪਣੀ ਥਾਂ ਖੜ੍ਹੇ ਰਹੇ, ਪਰ ਪਰਮੇਸ਼ੁਰ ਨੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਹੀ ਤਲਵਾਰ ਨਾਲ ਇਕ-ਦੂਜੇ ਨੂੰ ਵਢਵਾ ਦਿੱਤਾ। ਦੁਸ਼ਮਣ ਭੱਜ ਨਿਕਲੇ, ਪਰ ਜਾਣ ਲਈ ਕੋਈ ਰਾਹ ਨਹੀਂ ਸੀ। ਹਰ ਭਗੌੜੇ ਦਾ ਪਿੱਛਾ ਕੀਤਾ ਗਿਆ ਅਤੇ ਇਸਰਾਏਲ ਉੱਤੇ ਲੰਬੀ ਦੇਰ ਤੋਂ ਮੰਡਰਾਉਂਦੇ ਮਿਦਯਾਨੀਆਂ ਦੇ ਖ਼ਤਰੇ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਗਿਆ। ਆਖ਼ਰਕਾਰ ਉਨ੍ਹਾਂ ਨੂੰ ਮਿਦਯਾਨੀਆਂ ਦੇ ਕਬਜ਼ੇ ਤੋਂ ਰਾਹਤ ਮਿਲੀ।—ਨਿਆਈਆਂ 7:19-25; 8:10-12, 28.
ਇਸ ਜਿੱਤ ਤੋਂ ਬਾਅਦ ਵੀ ਗਿਦਾਊਨ ਨੇ ਘਮੰਡ ਨਹੀਂ ਕੀਤਾ। ਜਦੋਂ ਇਫ਼ਰਾਈਮ ਦੇ ਲੋਕ ਉਸ ਨਾਲ ਗੁੱਸੇ ਹੋਏ ਕਿ ਉਨ੍ਹਾਂ ਨੂੰ ਲੜਾਈ ਵਿਚ ਹਿੱਸਾ ਲੈਣ ਲਈ ਕਿਉਂ ਨਹੀਂ ਬੁਲਾਇਆ ਗਿਆ ਸੀ, ਤਾਂ ਉਸ ਨੇ ਨਰਮਾਈ ਨਾਲ ਉਨ੍ਹਾਂ ਨੂੰ ਜਵਾਬ ਦਿੱਤਾ। ਉਸ ਦੇ ਨਰਮ ਜਵਾਬ ਨੇ ਉਨ੍ਹਾਂ ਦਾ ਗੁੱਸਾ ਠੰਢਾ ਕਰ ਦਿੱਤਾ।—ਨਿਆਈਆਂ 8:1-3; ਕਹਾਉਤਾਂ 15:1.
ਸ਼ਾਂਤੀ ਸਥਾਪਿਤ ਹੋਣ ਤੋਂ ਬਾਅਦ ਇਸਰਾਏਲੀਆਂ ਨੇ ਗਿਦਾਊਨ ਤੇ ਜ਼ੋਰ ਪਾਇਆ ਕਿ ਉਹ ਉਨ੍ਹਾਂ ਤੇ ਰਾਜ ਕਰੇ। ਭਾਵੇਂ ਉਸ ਨੇ ਦਿਲ ਵਿਚ ਇਹ ਗੱਲ ਚਾਹੀ ਹੋਵੇ, ਪਰ ਗਿਦਾਊਨ ਨੇ ਇਨਕਾਰ ਕਰ ਦਿੱਤਾ। ਉਹ ਨਹੀਂ ਭੁੱਲਿਆ ਸੀ ਕਿ ਇਹ ਜਿੱਤ ਕਿਸ ਦੇ ਸਹਾਰੇ ਹੋਈ ਸੀ। ਉਸ ਨੇ ਕਿਹਾ: “ਨਾ ਮੈਂ ਤੁਹਾਡੇ ਉੱਤੇ ਰਾਜ ਕਰਾਂਗਾ ਅਤੇ ਨਾ ਮੇਰਾ ਪੁੱਤ੍ਰ ਤੁਹਾਡੇ ਉੱਤੇ ਰਾਜ ਕਰੇਗਾ, ਸਗੋਂ ਯਹੋਵਾਹ ਤੁਹਾਡੇ ਉੱਤੇ ਰਾਜ ਕਰੇਗਾ।”—ਨਿਆਈਆਂ 8:23.
ਪਰ ਗਿਦਾਊਨ ਵਿਚ ਵੀ ਕਮੀਆਂ ਸਨ ਤੇ ਉਸ ਨੇ ਹਮੇਸ਼ਾ ਸਹੀ ਕਦਮ ਨਹੀਂ ਚੁੱਕਿਆ ਸੀ। ਜੰਗ ਵਿਚ ਲੁੱਟੀਆਂ ਚੀਜ਼ਾਂ ਨਾਲ ਉਸ ਨੇ ਇਕ ਏਫ਼ੋਦ ਬਣਾ ਕੇ ਆਪਣੇ ਸ਼ਹਿਰ ਵਿਚ ਉਸ ਨੂੰ ਰੱਖਿਆ। ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਸ ਨੇ ਇਹ ਕਿਉਂ ਕੀਤਾ ਸੀ, ਪਰ ਇੰਨਾ ਕਿਹਾ ਗਿਆ ਕਿ ਸਾਰੇ ਇਸਰਾਏਲੀ ਉਸ ਦੇ ਮਗਰ ਲੱਗ ਕੇ “ਜ਼ਨਾਕਾਰ” ਹੋਏ। ਉਨ੍ਹਾਂ ਨੇ ਉਸ ਏਫ਼ੋਦ ਦੀ ਪੂਜਾ ਕੀਤੀ ਅਤੇ ਇਹ ਗਿਦਾਊਨ ਦੇ ਟੱਬਰ ਲਈ ਵੀ ਫਾਹੀ ਬਣ ਗਿਆ। ਇਸ ਦੇ ਬਾਵਜੂਦ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਸ ਨੇ ਸਭ ਕੁਝ ਛੱਡ ਕੇ ਮੂਰਤੀ-ਪੂਜਾ ਕਰਨੀ ਸ਼ੁਰੂ ਨਹੀਂ ਕੀਤੀ ਸੀ ਕਿਉਂਕਿ ਬਾਈਬਲ ਵਿਚ ਗਿਦਾਊਨ ਨੂੰ ਨਿਹਚਾਵਾਨਾਂ ਵਿਚ ਗਿਣਿਆ ਗਿਆ ਹੈ।—ਨਿਆਈਆਂ 8:27; ਇਬਰਾਨੀਆਂ 11:32-34.
ਸਾਡੇ ਲਈ ਅਹਿਮ ਸਬਕ
ਗਿਦਾਊਨ ਦੀ ਕਹਾਣੀ ਤੋਂ ਸਾਨੂੰ ਇਹ ਚੇਤਾਵਨੀ ਮਿਲਦੀ ਹੈ ਕਿ ਜੇ ਸਾਡੇ ਮਾੜੇ ਚਾਲ-ਚੱਲਣ ਕਰਕੇ ਯਹੋਵਾਹ ਆਪਣੀ ਬਰਕਤ ਸਾਡੇ ਤੋਂ ਹਟਾ ਦੇਵੇ, ਤਾਂ ਸਾਡੀ ਹਾਲਤ ਉਨ੍ਹਾਂ ਇਸਰਾਏਲੀਆਂ ਵਰਗੀ ਹੋ ਜਾਵੇਗੀ ਜੋ ਮਿਦਯਾਨੀਆਂ ਦੀ ਮਾਰ ਹੇਠ ਰਹਿੰਦੇ ਸਨ। ਅਸੀਂ ਬੁਰੇ ਜ਼ਮਾਨੇ ਵਿਚ ਰਹਿੰਦੇ ਹਾਂ ਤੇ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” (ਕਹਾਉਤਾਂ 10:22) ਸਾਨੂੰ ਉਸ ਦੀ ਬਰਕਤ ਤਾਂ ਹੀ ਮਿਲਦੀ ਹੈ ਜੇ ਅਸੀਂ ‘ਪੱਕੇ ਮਨ ਨਾਲ, ਅਰ ਚਿੱਤ ਦੇ ਪ੍ਰੇਮ ਨਾਲ ਉਸ ਦੀ ਟਹਿਲ ਸੇਵਾ ਕਰਦੇ ਹਾਂ।’ ਨਹੀਂ ਤਾਂ ਉਹ ਸਾਨੂੰ ਤਿਆਗ ਦੇਵੇਗਾ।—1 ਇਤਹਾਸ 28:9.
ਗਿਦਾਊਨ ਦੀ ਕਹਾਣੀ ਤੋਂ ਸਾਨੂੰ ਇਹ ਹੌਸਲਾ ਮਿਲਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਕਿਸੇ ਵੀ ਖ਼ਤਰੇ ਤੋਂ ਬਚਾ ਸਕਦਾ ਹੈ ਭਾਵੇਂ ਇਸ ਕੰਮ ਲਈ ਉਸ ਨੂੰ ਕਮਜ਼ੋਰ ਇਨਸਾਨ ਹੀ ਕਿਉਂ ਨਾ ਵਰਤਣੇ ਪੈਣ। ਸਾਨੂੰ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਕੋਲ ਅਸੀਮ ਤਾਕਤ ਹੈ ਕਿਉਂਕਿ ਗਿਦਾਊਨ ਅਤੇ ਉਸ ਦੇ 300 ਆਦਮੀਆਂ ਨੇ 1,35,000 ਮਿਦਯਾਨੀਆਂ ਉੱਤੇ ਫਤਹਿ ਪਾਈ ਸੀ। ਸਾਡੇ ਉੱਤੇ ਵੀ ਅਜਿਹੀ ਔਖੀ ਘੜੀ ਆ ਸਕਦੀ ਹੈ ਜਦੋਂ ਅਸੀਂ ਅਣਗਿਣਤ ਦੁਸ਼ਮਣਾਂ ਨਾਲ ਘਿਰੇ ਹੋਏ ਮਹਿਸੂਸ ਕਰ ਸਕਦੇ ਹਾਂ। ਫਿਰ ਵੀ ਗਿਦਾਊਨ ਦੀ ਕਹਾਣੀ ਤੋਂ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਯਹੋਵਾਹ ਤੇ ਪੂਰਾ ਭਰੋਸਾ ਰੱਖੀਏ ਕਿ ਉਹ ਆਪਣੇ ਸੇਵਕਾਂ ਨੂੰ ਜ਼ਰੂਰ ਬਚਾਵੇਗਾ।