Skip to content

Skip to table of contents

ਰੂਸ ਦੀ ਸਭ ਤੋਂ ਪੁਰਾਣੀ ਲਾਇਬ੍ਰੇਰੀ ਵਿਚ ਬਾਈਬਲ ਦਾ ਖ਼ਜ਼ਾਨਾ

ਰੂਸ ਦੀ ਸਭ ਤੋਂ ਪੁਰਾਣੀ ਲਾਇਬ੍ਰੇਰੀ ਵਿਚ ਬਾਈਬਲ ਦਾ ਖ਼ਜ਼ਾਨਾ

ਰੂਸ ਦੀ ਸਭ ਤੋਂ ਪੁਰਾਣੀ ਲਾਇਬ੍ਰੇਰੀ ਵਿਚ ਬਾਈਬਲ ਦਾ ਖ਼ਜ਼ਾਨਾ

ਦੋ ਵਿਦਵਾਨ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਦੀ ਤਲਾਸ਼ ਵਿਚ ਇਕੱਲੇ-ਇਕੱਲੇ ਸਫ਼ਰ ਕਰਨ ਨੂੰ ਨਿਕਲੇ। ਉਨ੍ਹਾਂ ਦੋਹਾਂ ਨੇ ਵਿਰਾਨ ਥਾਵਾਂ ਵਿੱਚੋਂ ਦੀ ਲੰਘਦਿਆਂ ਗੁਫ਼ਾਵਾਂ, ਮੱਠਾਂ ਅਤੇ ਚਿਰਾਂ ਤੋਂ ਬਣੇ ਚਟਾਨਾਂ ਦੇ ਘਰਾਂ ਵਿਚ ਖੋਜਬੀਨ ਕੀਤੀ। ਫਿਰ ਉਹ ਕਈ ਸਾਲਾਂ ਬਾਅਦ ਰੂਸ ਦੀ ਸਭ ਤੋਂ ਪੁਰਾਣੀ ਪਬਲਿਕ ਲਾਇਬ੍ਰੇਰੀ ਵਿਚ ਗਏ। ਉੱਥੇ ਉਹ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਲਿਆਏ ਜਿਨ੍ਹਾਂ ਤੋਂ ਦੁਨੀਆਂ ਬਿਲਕੁਲ ਬੇਖ਼ਬਰ ਸੀ। ਇਹ ਆਦਮੀ ਕੌਣ ਸਨ? ਇਹ ਪੁਰਾਣੀਆਂ ਹੱਥ-ਲਿਖਤਾਂ ਰੂਸ ਵਿਚ ਕਿਉਂ ਪਹੁੰਚਾਈਆਂ ਗਈਆਂ ਸਨ?

ਪੁਰਾਣੀਆਂ ਹੱਥ-ਲਿਖਤਾਂ ਦੀ ਜ਼ਰੂਰਤ ਕਿਉਂ ਪਈ?

ਇਨ੍ਹਾਂ ਵਿੱਚੋਂ ਇਕ ਵਿਦਵਾਨ ਬਾਰੇ ਜਾਣਨ ਲਈ ਆਓ ਆਪਾਂ 19ਵੀਂ ਸਦੀ ਦੀ ਸ਼ੁਰੂਆਤ ਤੇ ਝਾਤੀ ਮਾਰੀਏ ਜਦੋਂ ਸਾਰੇ ਯੂਰਪ ਵਿਚ ਨਵੇਂ ਖ਼ਿਆਲ ਜ਼ੋਰ ਫੜ ਰਹੇ ਸਨ। ਗਿਆਨ-ਵਿਗਿਆਨ ਦੇ ਇਸ ਸਮੇਂ ਦੌਰਾਨ ਆਲੋਚਕਾਂ ਨੇ ਕਿਹਾ ਕਿ ਬਾਈਬਲ ਪਰਮੇਸ਼ੁਰ ਦੁਆਰਾ ਨਹੀਂ ਲਿਖਾਈ ਗਈ। ਦਰਅਸਲ ਵਿਦਵਾਨਾਂ ਨੇ ਬਾਈਬਲ ਦੀ ਸੱਚਾਈ ਉੱਤੇ ਸ਼ੱਕ ਕਰ ਕੇ ਕਿਹਾ ਕਿ ਇਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।

ਬਾਈਬਲ ਤੇ ਵਿਸ਼ਵਾਸ ਕਰਨ ਵਾਲੇ ਸਮਝ ਗਏ ਸਨ ਕਿ ਬਾਈਬਲ ਬਾਰੇ ਲੋਕਾਂ ਦੇ ਹਰ ਸ਼ੱਕ ਨੂੰ ਦੂਰ ਕਰਨ ਲਈ ਜ਼ਰੂਰੀ ਸੀ ਕਿ ਇਸ ਦੀਆਂ ਪੁਰਾਣੀਆਂ ਹੱਥ-ਲਿਖਤਾਂ ਲੱਭੀਆਂ ਜਾਣ ਤਾਂਕਿ ਪੂਰੀ ਗਵਾਹੀ ਦਿੱਤੀ ਜਾ ਸਕੇ ਕਿ ਬਾਈਬਲ ਨੂੰ ਪਰਮੇਸ਼ੁਰ ਨੇ ਹੀ ਲਿਖਵਾਇਆ ਸੀ। ਉਨ੍ਹਾਂ ਨੇ ਸੋਚਿਆ ਕਿ ਭਾਵੇਂ ਆਧੁਨਿਕ ਲਿਖਤਾਂ ਨੂੰ ਤਬਾਹ ਕਰਨ ਜਾਂ ਇਨ੍ਹਾਂ ਦੀਆਂ ਨਵੀਆਂ ਕਾਪੀਆਂ ਬਣਾਉਣ ਵੇਲੇ ਇਨ੍ਹਾਂ ਵਿਚ ਫੇਰ-ਬਦਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਜੇ ਇਨ੍ਹਾਂ ਲਿਖਤਾਂ ਤੋਂ ਵੀ ਪੁਰਾਣੀਆਂ ਹੱਥ-ਲਿਖਤਾਂ ਲੱਭ ਪਈਆਂ, ਤਾਂ ਉਹ ਬਾਈਬਲ ਦੇ ਸੱਚ ਹੋਣ ਦੀ ਚੁੱਪ-ਚਾਪ ਗਵਾਹੀ ਦੇਣਗੀਆਂ। ਇਸ ਤੋਂ ਇਲਾਵਾ, ਪੁਰਾਣੀਆਂ ਲਿਖਤਾਂ ਦੀ ਮਦਦ ਨਾਲ ਉਨ੍ਹਾਂ ਕੁਝ ਗ਼ਲਤੀਆਂ ਨੂੰ ਲੱਭਿਆ ਜਾ ਸਕਦਾ ਸੀ ਜੋ ਹੱਥ-ਲਿਖਤਾਂ ਦੀ ਨਕਲ ਕਰਦੇ ਸਮੇਂ ਨਕਲਨਵੀਸਾਂ ਨੇ ਕੀਤੀਆਂ ਸਨ।

ਬਾਈਬਲ ਦੀ ਸੱਚਾਈ ਉੱਤੇ ਸਭ ਤੋਂ ਜ਼ੋਰਦਾਰ ਬਹਿਸਾਂ ਜਰਮਨੀ ਵਿਚ ਚੱਲ ਰਹੀਆਂ ਸਨ। ਉੱਥੇ ਦਾ ਇਕ ਨੌਜਵਾਨ ਪ੍ਰੋਫ਼ੈਸਰ ਆਪਣੀ ਚੰਗੀ-ਭਲੀ ਨੌਕਰੀ ਛੱਡ ਕੇ ਯਾਤਰਾ ਤੇ ਨਿਕਲ ਤੁਰਿਆ ਜਿਸ ਸਦਕਾ ਉਹ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਦੀ ਸਭ ਤੋਂ ਮਹੱਤਵਪੂਰਣ ਖੋਜ ਕਰ ਸਕਿਆ। ਇਸ ਵਿਦਵਾਨ ਦਾ ਨਾਂ ਕਾਂਸਟੰਟੀਨ ਵੌਨ ਟਿਸ਼ਨਡੋਰਫ ਸੀ। ਉਸ ਨੇ ਬਾਈਬਲ ਦੀ ਆਲੋਚਨਾ ਨੂੰ ਰੱਦ ਕੀਤਾ ਜਿਸ ਕਰਕੇ ਬਾਈਬਲ ਦੀ ਸੱਚਾਈ ਬਾਰੇ ਵਧੀਆ ਗਵਾਹੀ ਦਿੱਤੀ ਗਈ। ਉਹ 1844 ਵਿਚ ਪਹਿਲੀ ਵਾਰੀ ਸੀਨਈ ਦੀ ਉਜਾੜ ਦੀ ਯਾਤਰਾ ਤੇ ਨਿਕਲਿਆ ਸੀ ਜਿਸ ਦੌਰਾਨ ਉਸ ਨੂੰ ਉਹ ਚੀਜ਼ ਲੱਭੀ ਜਿਸ ਬਾਰੇ ਉਹ ਸੋਚ ਵੀ ਨਹੀਂ ਸਕਦਾ ਸੀ। ਇਕ ਮੱਠ ਦੇ ਕੂੜੇਦਾਨ ਵਿੱਚੋਂ ਉਸ ਨੂੰ ਸੈਪਟੁਜਿੰਟ ਯਾਨੀ ਬਾਈਬਲ ਦੇ ਇਬਰਾਨੀ ਹਿੱਸੇ ਦੇ ਯੂਨਾਨੀ ਤਰਜਮੇ ਦੀ ਕਾਪੀ ਲੱਭੀ। ਉਸ ਸਮੇਂ ਤਕ ਇਸ ਤੋਂ ਪੁਰਾਣੀ ਹੋਰ ਕੋਈ ਕਾਪੀ ਨਹੀਂ ਸੀ!

ਟਿਸ਼ਨਡੋਰਫ ਖ਼ੁਸ਼ੀ-ਖ਼ੁਸ਼ੀ ਚੰਮ ਦੇ 43 ਪੱਤਰਾਂ ਉੱਤੇ ਲਿਖੇ ਇਸ ਸੈਪਟੁਜਿੰਟ ਨੂੰ ਆਪਣੇ ਨਾਲ ਲੈ ਗਿਆ। ਉਸ ਨੂੰ ਪੂਰਾ ਯਕੀਨ ਸੀ ਕਿ ਇਨ੍ਹਾਂ ਤੋਂ ਇਲਾਵਾ ਉੱਥੇ ਹੋਰ ਵੀ ਪੱਤਰ ਸਨ, ਪਰ ਜਦ ਉਹ 1853 ਵਿਚ ਵਾਪਸ ਆਇਆ, ਤਾਂ ਉਸ ਨੂੰ ਸਿਰਫ਼ ਇਕ ਟੁਕੜਾ ਲੱਭਿਆ। ਬਾਕੀ ਦੇ ਕਿੱਥੇ ਸਨ? ਉਹ ਹੋਰ ਪੱਤਰ ਲੱਭਣੇ ਤਾਂ ਚਾਹੁੰਦਾ ਸੀ, ਪਰ ਇਸ ਸਮੇਂ ਤਕ ਉਹ ਆਪਣਾ ਸਭ ਕੁਝ ਖ਼ਰਚ ਚੁੱਕਾ ਸੀ। ਇਸ ਲਈ ਉਸ ਨੇ ਕਿਸੇ ਅਮੀਰ ਆਦਮੀ ਤੋਂ ਮਦਦ ਲੈਣੀ ਚਾਹੀ। ਆਪਣਾ ਘਰ-ਬਾਰ ਛੱਡ ਕੇ ਉਹ ਪੁਰਾਣੀਆਂ ਲਿਖਤਾਂ ਦੀ ਤਲਾਸ਼ ਵਿਚ ਜਾਣ ਲਈ ਤਿਆਰ ਸੀ, ਪਰ ਪਹਿਲਾਂ ਉਹ ਰੂਸ ਦੇ ਜ਼ਾਰ ਤੋਂ ਮਦਦ ਲੈਣ ਗਿਆ।

ਜ਼ਾਰ ਵੱਲੋਂ ਸਹਾਇਤਾ

ਟਿਸ਼ਨਡੋਰਫ ਇਕ ਪ੍ਰੋਟੈਸਟੈਂਟ ਵਿਦਵਾਨ ਸੀ ਜਦ ਕਿ ਰੂਸ ਦੇ ਲੋਕਾਂ ਨੇ ਆਰਥੋਡਾਕਸ ਧਰਮ ਨੂੰ ਅਪਣਾਇਆ ਹੋਇਆ ਸੀ। ਇਸ ਲਈ ਟਿਸ਼ਨਡੋਰਫ ਨੂੰ ਸ਼ਾਇਦ ਸ਼ੱਕ ਸੀ ਕਿ ਰੂਸ ਦਾ ਜ਼ਾਰ ਉਸ ਦੀ ਮਦਦ ਕਰੇਗਾ ਕਿ ਨਹੀਂ। ਖ਼ੁਸ਼ੀ ਦੀ ਗੱਲ ਹੈ ਕਿ ਉਸ ਵੇਲੇ ਰੂਸ ਵਿਚ ਕਾਫ਼ੀ ਸੁਧਾਰ ਆ ਚੁੱਕੇ ਸਨ। ਸਿੱਖਿਆ ਤੇ ਜ਼ਿਆਦਾ ਜ਼ੋਰ ਦਿੱਤੇ ਜਾਣ ਕਾਰਨ ਮਹਾਰਾਣੀ ਕੈਥਰੀਨ ਦੂਜੀ (ਕੈਥਰੀਨ ਮਹਾਨ) ਨੇ 1795 ਵਿਚ ਸੇਂਟ ਪੀਟਰਸਬਰਗ ਦੀ ਸ਼ਾਹੀ ਲਾਇਬ੍ਰੇਰੀ ਸਥਾਪਿਤ ਕੀਤੀ ਸੀ। ਰੂਸ ਦੀ ਇਸ ਪਹਿਲੀ ਪਬਲਿਕ ਲਾਇਬ੍ਰੇਰੀ ਵਿੱਚੋਂ ਕਰੋੜਾਂ ਲੋਕ ਵੱਡੀ ਮਾਤਰਾ ਵਿਚ ਪ੍ਰਕਾਸ਼ਿਤ ਕਿਤਾਬਾਂ ਨੂੰ ਪੜ੍ਹ ਸਕਦੇ ਸਨ।

ਇਹ ਸ਼ਾਹੀ ਲਾਇਬ੍ਰੇਰੀ ਯੂਰਪ ਵਿਚ ਸਭ ਤੋਂ ਵਧੀਆ ਮੰਨੀ ਜਾਂਦੀ ਸੀ, ਪਰ ਇਸ ਵਿਚ ਇਕ ਗੱਲ ਦੀ ਘਾਟ ਸੀ। ਰੂਸ ਵਿਚ ਉਸ ਸਮੇਂ ਵਿਦਵਾਨ ਬਾਈਬਲ ਦੀਆਂ ਭਾਸ਼ਾਵਾਂ ਦਾ ਅਧਿਐਨ ਕਰਨ ਅਤੇ ਤਰਜਮਾ ਕਰਨ ਵਿਚ ਬਹੁਤ ਦਿਲਚਸਪੀ ਲੈਣ ਲੱਗ ਪਏ ਸਨ। ਉਨ੍ਹਾਂ ਦੀ ਮਦਦ ਵਾਸਤੇ ਇਸ ਲਾਇਬ੍ਰੇਰੀ ਵਿਚ ਬਹੁਤੀਆਂ ਹੱਥ-ਲਿਖਤਾਂ ਨਹੀਂ ਸਨ। ਇਸ ਲਾਇਬ੍ਰੇਰੀ ਦੇ ਸਥਾਪਿਤ ਹੋਣ ਤੋਂ 50 ਸਾਲ ਬਾਅਦ ਵੀ ਇਸ ਵਿਚ ਇਬਰਾਨੀ ਭਾਸ਼ਾ ਦੀਆਂ ਸਿਰਫ਼ ਛੇ ਹੱਥ-ਲਿਖਤਾਂ ਸਨ। ਮਹਾਰਾਣੀ ਕੈਥਰੀਨ ਦੂਜੀ ਨੇ ਵਿਦਵਾਨਾਂ ਨੂੰ ਯੂਰਪ ਦੀਆਂ ਯੂਨੀਵਰਸਿਟੀਆਂ ਵਿਚ ਇਬਰਾਨੀ ਭਾਸ਼ਾ ਦਾ ਅਧਿਐਨ ਕਰਨ ਲਈ ਭੇਜਿਆ ਹੋਇਆ ਸੀ। ਇਨ੍ਹਾਂ ਵਿਦਵਾਨਾਂ ਨੇ ਰੂਸ ਵਾਪਸ ਆ ਕੇ ਆਰਥੋਡਾਕਸ ਪਾਦਰੀਆਂ ਦੇ ਟ੍ਰੇਨਿੰਗ ਕਾਲਜਾਂ ਵਿਚ ਇਬਰਾਨੀ ਭਾਸ਼ਾ ਸਿਖਾਉਣੀ ਸ਼ੁਰੂ ਕਰ ਦਿੱਤੀ। ਫਿਰ ਰੂਸੀ ਵਿਦਵਾਨਾਂ ਨੇ ਪਹਿਲੀ ਵਾਰ ਪ੍ਰਾਚੀਨ ਇਬਰਾਨੀ ਭਾਸ਼ਾ ਤੋਂ ਰੂਸੀ ਭਾਸ਼ਾ ਵਿਚ ਬਾਈਬਲ ਦਾ ਸਹੀ-ਸਹੀ ਤਰਜਮਾ ਕਰਨਾ ਸ਼ੁਰੂ ਕਰ ਦਿੱਤਾ। ਪਰ ਉਨ੍ਹਾਂ ਨੂੰ ਪੈਸੇ ਦੀ ਤੰਗੀ ਨੇ ਆ ਘੇਰਿਆ ਸੀ ਅਤੇ ਚਰਚ ਦੇ ਰੂੜ੍ਹੀਵਾਦੀ ਆਗੂਆਂ ਨੇ ਵੀ ਉਨ੍ਹਾਂ ਦਾ ਵਿਰੋਧ ਕੀਤਾ। ਬਾਈਬਲ ਦਾ ਗਿਆਨ ਭਾਲਣ ਵਾਲਿਆਂ ਨੂੰ ਅਜੇ ਥੋੜ੍ਹਾ ਹੋਰ ਇੰਤਜ਼ਾਰ ਕਰਨ ਦੀ ਲੋੜ ਸੀ।

ਟਿਸ਼ਨਡੋਰਫ ਨੂੰ ਜ਼ਾਰ ਐਲੇਗਜ਼ੈਂਡਰ ਦੂਜੇ ਬਾਰੇ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਸੀ। ਉਹ ਜ਼ਾਰ ਝੱਟ ਸਮਝ ਗਿਆ ਕਿ ਟਿਸ਼ਨਡੋਰਫ ਕੀ ਕਰਨਾ ਚਾਹੁੰਦਾ ਸੀ ਤੇ ਉਹ ਉਸ ਦੀ ਮਦਦ ਕਰਨ ਲਈ ਤਿਆਰ ਹੋ ਗਿਆ। ਭਾਵੇਂ ਕਈਆਂ ਨੇ ਟਿਸ਼ਨਡੋਰਫ ਨਾਲ ਖੁਣਸ ਕੀਤੀ ਅਤੇ ਉਸ ਦਾ ਵਿਰੋਧ ਕੀਤਾ, ਪਰ ਉਹ ਸੀਨਈ ਦੀ ਉਜਾੜ ਤੋਂ ਸੈਪਟੁਜਿੰਟ ਦੀਆਂ ਬਾਕੀ ਲਿਖਤਾਂ ਲੈ ਕੇ ਹੀ ਆਇਆ। * ਬਾਅਦ ਵਿਚ ਇਨ੍ਹਾਂ ਲਿਖਤਾਂ ਨੂੰ ਕੋਡੈਕਸ ਸਿਨੈਟਿਕਸ ਨਾਂ ਦਿੱਤਾ ਗਿਆ ਅਤੇ ਅੱਜ ਤਕ ਇਹੀ ਸਭ ਤੋਂ ਪੁਰਾਣੀਆਂ ਲਿਖਤਾਂ ਮੰਨੀਆਂ ਜਾਂਦੀਆਂ ਹਨ। ਸੇਂਟ ਪੀਟਰਸਬਰਗ ਵਾਪਸ ਆਉਂਦਿਆਂ ਹੀ ਟਿਸ਼ਨਡੋਰਫ ਸਿੱਧਾ ਸ਼ਾਹੀ ਮਹਿਲ ਨੂੰ ਗਿਆ। ਉੱਥੇ ਉਸ ਨੇ ਜ਼ਾਰ ਨੂੰ ਮਨਾ ਲਿਆ ਕਿ ਉਹ ਇਨ੍ਹਾਂ ਨਵੀਆਂ ਲੱਭੀਆਂ ਲਿਖਤਾਂ ਦਾ ਚੰਗੀ ਤਰ੍ਹਾਂ ਅਧਿਐਨ ਕਰਵਾਏ। ਇਸ ਤੋਂ ਪਹਿਲਾਂ ਬਾਈਬਲ ਦਾ ਅਧਿਐਨ ਕਦੇ ਇੰਨੀ ਬਾਰੀਕੀ ਨਾਲ ਨਹੀਂ ਕੀਤਾ ਗਿਆ ਸੀ। ਜ਼ਾਰ ਦੀ ਸਹਿਮਤੀ ਤੋਂ ਟਿਸ਼ਨਡੋਰਫ ਇੰਨਾ ਖ਼ੁਸ਼ ਸੀ ਕਿ ਉਸ ਨੇ ਲਿਖਿਆ: ‘ਰੱਬ ਨੇ ਸਾਨੂੰ ਸਿਨੈਟਿਕਸ ਬਾਈਬਲ ਉਪਲਬਧ ਕਰਾਈ ਹੈ ਤਾਂਕਿ ਅਸੀਂ ਸਾਫ਼-ਸਾਫ਼ ਜਾਣ ਸਕੀਏ ਕਿ ਪਰਮੇਸ਼ੁਰ ਨੇ ਸ਼ੁਰੂ ਵਿਚ ਬਾਈਬਲ ਵਿਚ ਕੀ ਲਿਖਵਾਇਆ ਸੀ। ਇਸ ਦੀ ਮਦਦ ਨਾਲ ਅਸੀਂ ਬਾਈਬਲ ਦੀ ਸੱਚਾਈ ਜਾਣ ਸਕਦੇ ਹਾਂ ਅਤੇ ਸਬੂਤ ਦੇ ਸਕਦੇ ਹਾਂ ਕਿ ਬਾਈਬਲ ਤੇ ਭਰੋਸਾ ਕੀਤਾ ਜਾ ਸਕਦਾ ਹੈ।’

ਕ੍ਰੀਮੀਆ ਤੋਂ ਮਿਲਿਆ ਖ਼ਜ਼ਾਨਾ

ਇਸ ਲੇਖ ਦੇ ਸ਼ੁਰੂ ਵਿਚ ਅਸੀਂ ਇਕ ਹੋਰ ਵਿਦਵਾਨ ਦੀ ਵੀ ਗੱਲ ਕੀਤੀ ਸੀ। ਉਹ ਕੌਣ ਸੀ? ਟਿਸ਼ਨਡੋਰਫ ਦੇ ਰੂਸ ਵਾਪਸ ਮੁੜਨ ਤੋਂ ਕੁਝ ਸਾਲ ਪਹਿਲਾਂ ਰੂਸ ਦੀ ਸ਼ਾਹੀ ਲਾਇਬ੍ਰੇਰੀ ਨੂੰ ਇਸ ਵਿਦਵਾਨ ਨੇ ਅਜਿਹਾ ਭੰਡਾਰ ਪੇਸ਼ ਕੀਤਾ ਜਿਸ ਤੋਂ ਜ਼ਾਰ ਬਹੁਤ ਹੀ ਖ਼ੁਸ਼ ਹੋਇਆ ਅਤੇ ਜਿਸ ਨੂੰ ਦੇਖਣ ਲਈ ਪੂਰੇ ਯੂਰਪ ਦੇ ਵਿਦਵਾਨ ਰੂਸ ਨੂੰ ਭੱਜੇ ਆਏ ਸਨ। ਇਸ ਭੰਡਾਰ ਦੀਆਂ 2,412 ਚੀਜ਼ਾਂ ਵਿਚ 975 ਹੱਥ-ਲਿਖਤਾਂ ਅਤੇ ਪੋਥੀਆਂ ਵੀ ਸਨ। ਇਨ੍ਹਾਂ ਢੇਰ ਸਾਰੀਆਂ ਪੁਰਾਣੀਆਂ ਹੱਥ-ਲਿਖਤਾਂ ਨੂੰ ਦੇਖ ਕੇ ਸਾਰੇ ਹੱਕੇ-ਬੱਕੇ ਰਹਿ ਗਏ। ਇਨ੍ਹਾਂ ਵਿਚ ਬਾਈਬਲ ਦੀਆਂ 45 ਹੱਥ-ਲਿਖਤਾਂ 10ਵੀਂ ਸਦੀ ਤੋਂ ਪਹਿਲਾਂ ਲਿਖੀਆਂ ਗਈਆਂ ਸਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸਾਰੀਆਂ ਹੱਥ-ਲਿਖਤਾਂ ਨੂੰ ਇੱਕੋ ਆਦਮੀ ਨੇ ਇਕੱਠਾ ਕੀਤਾ ਸੀ। ਉਸ ਕੇਰਾਈਟ ਵਿਦਵਾਨ ਦਾ ਨਾਂ ਸੀ ਅਵਰਾਹਾਮ ਫਰਕੋਵਿਚ ਤੇ ਉਸ ਸਮੇਂ ਉਸ ਦੀ ਉਮਰ 70 ਸਾਲ ਤੋਂ ਜ਼ਿਆਦਾ ਸੀ।

ਜ਼ਾਰ ਇਹ ਜਾਣਨਾ ਚਾਹੁੰਦਾ ਸੀ ਕਿ ਕੇਰਾਈਟ ਲੋਕ ਕੌਣ ਸਨ? ਰੂਸ ਨੇ ਆਪਣੀਆਂ ਸਰਹੱਦਾਂ ਵਧਾ ਕੇ ਹੋਰਨਾਂ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਨਤੀਜੇ ਵਜੋਂ ਕਈ ਜਾਤੀਆਂ ਦੇ ਲੋਕ ਉਸ ਸਮੇਂ ਰੂਸ ਦੇ ਨਾਗਰਿਕ ਬਣ ਗਏ ਸਨ। ਕਾਲੇ ਸਾਗਰ ਦੇ ਤਟ ਤੇ ਸਥਿਤ ਸੋਹਣੇ ਕ੍ਰੀਮੀਆ ਇਲਾਕੇ ਵਿਚ ਅਜਿਹੇ ਲੋਕ ਵੱਸਦੇ ਸਨ ਜੋ ਭਾਵੇਂ ਯਹੂਦੀ ਸਨ ਪਰ ਉਨ੍ਹਾਂ ਦੇ ਰੀਤੀ-ਰਿਵਾਜ ਤੁਰਕੀ ਦੇ ਲੋਕਾਂ ਵਰਗੇ ਸਨ ਅਤੇ ਉਨ੍ਹਾਂ ਦੀ ਬੋਲੀ ਟਾਟਰ ਭਾਸ਼ਾ ਨਾਲ ਮਿਲਦੀ-ਜੁਲਦੀ ਸੀ। ਇਨ੍ਹਾਂ ਲੋਕਾਂ ਨੂੰ ਕੇਰਾਈਟ ਕਿਹਾ ਜਾਂਦਾ ਸੀ ਅਤੇ 607 ਈ.ਪੂ. ਵਿਚ ਯਰੂਸ਼ਲਮ ਦੀ ਤਬਾਹੀ ਤੋਂ ਬਾਅਦ ਉਨ੍ਹਾਂ ਦੇ ਦਾਦੇ-ਪੜਦਾਦੇ ਬਾਬਲ ਦੀ ਗ਼ੁਲਾਮੀ ਵਿਚ ਚਲੇ ਗਏ ਸਨ। ਰਾਬਿਨੀ ਯਹੂਦੀਆਂ ਤੋਂ ਉਲਟ ਇਹ ਯਹੂਦੀ ਤਾਲਮੂਦ ਵਿਚ ਵਿਸ਼ਵਾਸ ਨਹੀਂ ਕਰਦੇ ਸਨ, ਸਗੋਂ ਬਾਈਬਲ ਪੜ੍ਹਨ ਤੇ ਜ਼ੋਰ ਦਿੰਦੇ ਸਨ। ਕ੍ਰੀਮੀਆ ਦੇ ਕੇਰਾਈਟ ਲੋਕ ਜ਼ਾਰ ਨੂੰ ਸਬੂਤ ਦੇਣ ਲਈ ਤਿਆਰ ਸਨ ਕਿ ਉਨ੍ਹਾਂ ਅਤੇ ਰਾਬਿਨੀ ਯਹੂਦੀਆਂ ਵਿਚ ਕਿੰਨਾ ਫ਼ਰਕ ਸੀ। ਉਹ ਚਾਹੁੰਦੇ ਸਨ ਕਿ ਰੂਸ ਵਿਚ ਉਨ੍ਹਾਂ ਨੂੰ ਅਲੱਗ ਦਰਜਾ ਦਿੱਤਾ ਜਾਵੇ। ਕੇਰਾਈਟ ਲੋਕਾਂ ਦੀਆਂ ਪੁਰਾਣੀਆਂ ਹੱਥ-ਲਿਖਤਾਂ ਪੇਸ਼ ਕਰ ਕੇ ਉਹ ਦਿਖਾਉਣਾ ਚਾਹੁੰਦੇ ਸਨ ਕਿ ਉਹ ਉਨ੍ਹਾਂ ਯਹੂਦੀਆਂ ਦੇ ਖ਼ਾਨਦਾਨ ਵਿੱਚੋਂ ਸਨ ਜੋ ਬਾਬਲ ਤੋਂ ਕ੍ਰੀਮੀਆ ਆਏ ਸਨ।

ਅਵਰਾਹਾਮ ਫਰਕੋਵਿਚ ਨੇ ਪੁਰਾਣੀਆਂ ਹੱਥ-ਲਿਖਤਾਂ ਦੀ ਖੋਜ ਕ੍ਰੀਮੀਆ ਦੇ ਚੂਫੂਟ-ਕਾਲ ਇਲਾਕੇ ਵਿਚ ਕੀਤੀ ਸੀ। ਕਈ ਸਦੀਆਂ ਤੋਂ ਕੇਰਾਈਟ ਲੋਕ ਚਟਾਨਾਂ ਦੇ ਬਣੇ ਛੋਟੇ-ਛੋਟੇ ਘਰਾਂ ਵਿਚ ਰਹਿੰਦੇ ਅਤੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਸਨ। ਉਹ ਪਰਮੇਸ਼ੁਰ ਦੇ ਨਾਂ ਯਹੋਵਾਹ ਨੂੰ ਪਵਿੱਤਰ ਸਮਝਦੇ ਸਨ ਤੇ ਕਦੇ ਵੀ ਕਿਸੇ ਲਿਖਤ ਨੂੰ ਸੁੱਟਦੇ ਨਹੀਂ ਸਨ ਜੇ ਉਸ ਤੇ ਪਰਮੇਸ਼ੁਰ ਦਾ ਨਾਂ ਲਿਖਿਆ ਹੁੰਦਾ ਸੀ। ਇਨ੍ਹਾਂ ਲਿਖਤਾਂ ਨੂੰ ਗਨੀਜ਼ਾ ਨਾਮਕ ਛੋਟੀਆਂ-ਛੋਟੀਆਂ ਕੋਠੜੀਆਂ ਵਿਚ ਸੰਭਾਲ ਕੇ ਰੱਖਿਆ ਜਾਂਦਾ ਸੀ। ਇਸ ਗਨੀਜ਼ਾ ਸ਼ਬਦ ਦਾ ਮਤਲਬ ਇਬਰਾਨੀ ਭਾਸ਼ਾ ਵਿਚ ਗੁਪਤ ਥਾਂ ਹੈ। ਕੇਰਾਈਟ ਲੋਕ ਯਹੋਵਾਹ ਦੇ ਨਾਂ ਦਾ ਇੰਨਾ ਆਦਰ-ਸਤਿਕਾਰ ਕਰਦੇ ਸਨ ਕਿ ਉਹ ਘੱਟ ਹੀ ਗੁਪਤ ਰੱਖੀਆਂ ਲਿਖਤਾਂ ਨੂੰ ਹੱਥ ਲਾਉਂਦੇ ਸਨ।

ਕਈ ਸਦੀਆਂ ਤੋਂ ਕਿਸੇ ਨੇ ਇਨ੍ਹਾਂ ਕੋਠੜੀਆਂ ਨੂੰ ਖੋਲ੍ਹਿਆ ਨਹੀਂ ਸੀ। ਅਵਰਾਹਾਮ ਫਰਕੋਵਿਚ ਨੇ ਧਿਆਨ ਨਾਲ ਇਨ੍ਹਾਂ ਦੀ ਖੋਜਬੀਨ ਕਰਨੀ ਸ਼ੁਰੂ ਕੀਤੀ। ਇਕ ਵਿਚ ਉਸ ਨੂੰ ਆਖ਼ਰੀ ਨਬੀਆਂ ਦਾ ਪੀਟਰਜ਼ਬਰਗ ਕੋਡੈਕਸ ਲੱਭਿਆ। ਇਹ ਮਸ਼ਹੂਰ ਹੱਥ-ਲਿਖਤ ਸੰਨ 916 ਦੀ ਲਿਖੀ ਹੋਈ ਹੈ ਅਤੇ ਬਾਈਬਲ ਦੇ ਇਬਰਾਨੀ ਹਿੱਸੇ ਦੀਆਂ ਸਭ ਤੋਂ ਪੁਰਾਣੀਆਂ ਲਿਖਤਾਂ ਵਿਚ ਗਿਣੀ ਜਾਂਦੀ ਹੈ।

ਅਵਰਾਹਾਮ ਫਰਕੋਵਿਚ ਨੇ ਢੇਰ ਸਾਰੀਆਂ ਹੱਥ-ਲਿਖਤਾਂ ਇਕੱਠੀਆਂ ਕਰ ਲਈਆਂ ਸਨ ਅਤੇ 1859 ਵਿਚ ਉਸ ਨੇ ਰੂਸ ਦੀ ਸ਼ਾਹੀ ਲਾਇਬ੍ਰੇਰੀ ਨੂੰ ਇਹ ਪੇਸ਼ ਕੀਤੀਆਂ। ਜ਼ਾਰ ਐਲੇਗਜ਼ੈਂਡਰ ਦੂਜੇ ਨੇ 1862 ਵਿਚ 1,25,000 ਰੂਬਲ ਦੇ ਕੇ ਇਹ ਸਾਰਾ ਭੰਡਾਰ ਲਾਇਬ੍ਰੇਰੀ ਲਈ ਖ਼ਰੀਦ ਲਿਆ। ਉਸ ਸਮੇਂ ਲਾਇਬ੍ਰੇਰੀ ਦਾ ਸਾਲਾਨਾ ਬਜਟ 10,000 ਰੂਬਲ ਹੀ ਸੀ। ਇਸ ਭੰਡਾਰ ਵਿਚ ਲੈਨਿਨਗ੍ਰਾਡ ਕੋਡੈਕਸ (B 19A) ਵੀ ਸ਼ਾਮਲ ਸੀ। ਇਹ ਕੋਡੈਕਸ 1008 ਦਾ ਲਿਖਿਆ ਹੋਇਆ ਹੈ ਅਤੇ ਇਸ ਨੂੰ ਸੰਸਾਰ ਵਿਚ ਬਾਈਬਲ ਦੇ ਪੂਰੇ ਇਬਰਾਨੀ ਹਿੱਸੇ ਦਾ ਸਭ ਤੋਂ ਪੁਰਾਣਾ ਕੋਡੈਕਸ ਮੰਨਿਆ ਜਾਂਦਾ ਹੈ। ਇਕ ਵਿਦਵਾਨ ਨੇ ਕਿਹਾ: ‘ਇਹ ਸ਼ਾਇਦ ਬਾਈਬਲ ਦੀ ਸਭ ਤੋਂ ਜ਼ਿਆਦਾ ਮਹੱਤਵਪੂਰਣ ਹੱਥ-ਲਿਖਤ ਹੈ ਜੋ ਇਬਰਾਨੀ ਬਾਈਬਲ ਦੇ ਆਧੁਨਿਕ ਤਰਜਮਿਆਂ ਨੂੰ ਸੁਧਾਰਨ ਵਿਚ ਮਦਦ ਕਰਦੀ ਹੈ।’ (ਨਾਲ ਦੀ ਡੱਬੀ ਦੇਖੋ।) ਉਸੇ ਸਾਲ 1862 ਵਿਚ ਟਿਸ਼ਨਡੋਰਫ ਦਾ ਕੋਡੈਕਸ ਸਿਨੈਟਿਕਸ ਛਾਪਿਆ ਗਿਆ ਸੀ ਤੇ ਸੰਸਾਰ ਭਰ ਵਿਚ ਉਸ ਦੀ ਪ੍ਰਸ਼ੰਸਾ ਕੀਤੀ ਗਈ।

ਆਧੁਨਿਕ ਸਮਿਆਂ ਵਿਚ ਬਾਈਬਲ ਤੇ ਚਾਨਣ

ਰੂਸ ਦੀ ਕੌਮੀ ਲਾਇਬ੍ਰੇਰੀ ਦਾ ਨਾਂ ਹੁਣ ਨੈਸ਼ਨਲ ਲਾਇਬ੍ਰੇਰੀ ਹੈ ਅਤੇ ਇਸ ਵਿਚ ਦੁਨੀਆਂ ਦੀਆਂ ਸਭ ਤੋਂ ਜ਼ਿਆਦਾ ਪੁਰਾਣੀਆਂ ਹੱਥ-ਲਿਖਤਾਂ ਹਨ। * ਬੀਤੇ 200 ਸਾਲਾਂ ਵਿਚ ਰੂਸ ਦੇ ਇਤਿਹਾਸ ਤੇ ਨਜ਼ਰ ਮਾਰਨ ਤੇ ਪਤਾ ਲੱਗਦਾ ਹੈ ਕਿ ਇਸ ਨੇ ਲਾਇਬ੍ਰੇਰੀ ਤੇ ਵੀ ਆਪਣਾ ਪ੍ਰਭਾਵ ਛੱਡਿਆ ਹੈ ਅਤੇ ਲਾਇਬ੍ਰੇਰੀ ਦਾ ਨਾਂ ਸੱਤ ਵਾਰ ਬਦਲਿਆ ਗਿਆ ਹੈ। ਇਕ ਮਸ਼ਹੂਰ ਨਾਂ ਸਾਲਟੀਕੌਫ ਸ਼ਚੇਡਰਿਨ ਪਬਲਿਕ ਲਾਇਬ੍ਰੇਰੀ ਸੀ। ਵੀਹਵੀਂ ਸਦੀ ਦੀਆਂ ਦੋ ਜੰਗਾਂ ਅਤੇ ਲੈਨਿਨਗ੍ਰਾਡ ਦੇ ਹਮਲੇ ਦੌਰਾਨ ਲਾਇਬ੍ਰੇਰੀ ਨੂੰ ਭਾਵੇਂ ਕੁਝ ਨੁਕਸਾਨ ਪਹੁੰਚਿਆ ਹੋਵੇਗਾ, ਪਰ ਇਸ ਦੀਆਂ ਹੱਥ-ਲਿਖਤਾਂ ਸਹੀ-ਸਲਾਮਤ ਰਹੀਆਂ। ਸਾਨੂੰ ਇਨ੍ਹਾਂ ਹੱਥ-ਲਿਖਤਾਂ ਤੋਂ ਕੀ ਫ਼ਾਇਦਾ ਹੁੰਦਾ ਹੈ?

ਬਾਈਬਲ ਦੇ ਆਧੁਨਿਕ ਤਰਜਮਿਆਂ ਲਈ ਪੁਰਾਣੀਆਂ ਹੱਥ-ਲਿਖਤਾਂ ਬਹੁਤ ਜ਼ਰੂਰੀ ਹਨ। ਇਨ੍ਹਾਂ ਦੀ ਮਦਦ ਨਾਲ ਸੱਚਾਈ ਭਾਲਣ ਵਾਲੇ ਲੋਕ ਬਾਈਬਲ ਦਾ ਸਹੀ ਗਿਆਨ ਲੈ ਸਕਦੇ ਹਨ। ਸਿਨੈਟਿਕਸ ਅਤੇ ਲੈਨਿਨਗ੍ਰਾਡ ਕੋਡੈਕਸ ਦੀ ਮਦਦ ਨਾਲ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਤਿਆਰ ਕੀਤੀ ਗਈ ਸੀ ਜਿਸ ਨੂੰ ਯਹੋਵਾਹ ਦੇ ਗਵਾਹਾਂ ਨੇ 1961 ਵਿਚ ਪੂਰਾ ਕਰ ਕੇ ਰਿਲੀਸ ਕੀਤਾ ਸੀ। ਮਿਸਾਲ ਲਈ, ਨਿਊ ਵਰਲਡ ਟ੍ਰਾਂਸਲੇਸ਼ਨ ਕਮੇਟੀ ਨੇ ਬਿਬਲੀਆ ਹਿਬਰੇਈਕਾ ਸਟੁੱਟਗਾਰਟੰਸੀਆ ਅਤੇ ਕਿਟਲ ਦੀ ਬਿਬਲੀਆ ਹਿਬਰੇਈਕਾ ਨੂੰ ਵਰਤਿਆ ਸੀ ਜੋ ਕਿ ਲੈਨਿਨਗ੍ਰਾਡ ਕੋਡੈਕਸ ਤੇ ਆਧਾਰਿਤ ਹਨ। ਇਨ੍ਹਾਂ ਦੇ ਮੂਲ ਪਾਠ ਵਿਚ ਪਰਮੇਸ਼ੁਰ ਦੇ ਪਵਿੱਤਰ ਨਾਂ ਦੇ ਚੌ-ਵਰਣੀ ਸ਼ਬਦ 6,828 ਵਾਰ ਵਰਤੇ ਗਏ ਹਨ।

ਬਾਈਬਲ ਪੜ੍ਹਨ ਵਾਲੇ ਬਹੁਤ ਘੱਟ ਲੋਕ ਸੇਂਟ ਪੀਟਰਸਬਰਗ ਦੀ ਗੁੰਮ-ਸੁੰਮ ਲਾਇਬ੍ਰੇਰੀ ਅਤੇ ਉਸ ਦੀਆਂ ਹੱਥ-ਲਿਖਤਾਂ ਬਾਰੇ ਜਾਣਦੇ ਹਨ। ਇਨ੍ਹਾਂ ਵਿੱਚੋਂ ਕੁਝ ਲਿਖਤਾਂ ਉੱਤੇ ਸ਼ਹਿਰ ਦਾ ਪੁਰਾਣਾ ਨਾਂ ਲੈਨਿਨਗ੍ਰਾਡ ਲਿਖਿਆ ਹੋਇਆ ਹੈ। ਪਰ ਜੇ ਯਹੋਵਾਹ ਨੇ ਬਾਈਬਲ ਨੂੰ ਸ਼ੁਰੂ ਵਿਚ ਨਾ ਲਿਖਵਾਇਆ ਹੁੰਦਾ, ਤਾਂ ਸਾਨੂੰ ਕੋਈ ਲਾਭ ਨਹੀਂ ਹੋਣਾ ਸੀ। ਇਸ ਲਈ ਜ਼ਬੂਰਾਂ ਦੇ ਇਕ ਲਿਖਾਰੀ ਨੇ ਪਰਮੇਸ਼ੁਰ ਅੱਗੇ ਅਰਦਾਸ ਕੀਤੀ: “ਆਪਣੇ ਚਾਨਣ ਅਰ ਆਪਣੀ ਸੱਚਿਆਈ ਨੂੰ ਘੱਲ ਕਿ ਓਹ ਮੇਰੀ ਅਗਵਾਈ ਕਰਨ।”—ਜ਼ਬੂਰਾਂ ਦੀ ਪੋਥੀ 43:3.

[ਫੁਟਨੋਟ]

^ ਪੈਰਾ 11 ਉਹ ਬਾਈਬਲ ਦੇ ਯੂਨਾਨੀ ਹਿੱਸੇ ਦੀ ਉਹ ਕਾਪੀ ਵੀ ਲਿਆਇਆ ਸੀ ਜੋ ਚੌਥੀ ਸਦੀ ਵਿਚ ਲਿਖੀ ਗਈ ਸੀ।

^ ਪੈਰਾ 19 ਕੋਡੈਕਸ ਸਿਨੈਟਿਕਸ ਦਾ ਵੱਡਾ ਹਿੱਸਾ ਬ੍ਰਿਟਿਸ਼ ਮਿਊਜ਼ੀਅਮ ਨੂੰ ਵੇਚ ਦਿੱਤਾ ਗਿਆ ਸੀ। ਹੁਣ ਸਿਰਫ਼ ਕੁਝ ਹੀ ਟੁਕੜੇ ਨੈਸ਼ਨਲ ਲਾਇਬ੍ਰੇਰੀ ਵਿਚ ਹਨ।

[ਸਫ਼ੇ 13 ਉੱਤੇ ਡੱਬੀ]

ਪਰਮੇਸ਼ੁਰ ਦਾ ਨਾਂ ਜਾਣਿਆ ਤੇ ਵਰਤਿਆ

ਯਹੋਵਾਹ ਨੇ ਆਪਣੀ ਬੁੱਧੀ ਨਾਲ ਬਾਈਬਲ ਨੂੰ ਸਾਡੇ ਸਮੇਂ ਤਕ ਬਚਾ ਕੇ ਰੱਖਿਆ ਹੈ। ਸਦੀਆਂ ਦੌਰਾਨ ਬਾਈਬਲ ਦੇ ਨਕਲਨਵੀਸਾਂ ਨੇ ਵੀ ਇਸ ਨੂੰ ਸੰਭਾਲ ਕੇ ਰੱਖਣ ਵਿਚ ਵੱਡਾ ਯੋਗਦਾਨ ਪਾਇਆ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਬਾਰੀਕੀ ਨਾਲ ਕੰਮ ਕਰਨ ਵਾਲੇ ਮਸੋਰਾ ਦੇ ਲਿਖਾਰੀ ਸਨ। ਇਨ੍ਹਾਂ ਇਬਰਾਨੀ ਲਿਖਾਰੀਆਂ ਨੇ 6ਵੀਂ ਤੋਂ 10ਵੀਂ ਸਦੀ ਵਿਚ ਆਪਣਾ ਕੰਮ ਕੀਤਾ ਸੀ। ਪ੍ਰਾਚੀਨ ਇਬਰਾਨੀ ਮਾਤਰਾਂ ਤੋਂ ਬਿਨਾਂ ਲਿਖੀ ਜਾਂਦੀ ਸੀ। ਸਮੇਂ ਦੇ ਬੀਤਣ ਨਾਲ ਇਬਰਾਨੀ ਦੀ ਥਾਂ ਸੀਰੀਆਈ ਭਾਸ਼ਾ ਵਰਤੀ ਜਾਣ ਲੱਗੀ ਤੇ ਲੋਕ ਇਬਰਾਨੀ ਭਾਸ਼ਾ ਦਾ ਸਹੀ ਉਚਾਰਣ ਭੁੱਲਣ ਲੱਗ ਪਏ। ਮਸੋਰਾ ਦੇ ਲਿਖਾਰੀਆਂ ਨੇ ਮਾਤਰਾਂ ਲਾਉਣ ਦਾ ਤਰੀਕਾ ਲੱਭਿਆ ਜਿਸ ਦੀ ਮਦਦ ਨਾਲ ਇਬਰਾਨੀ ਸ਼ਬਦਾਂ ਦਾ ਸਹੀ ਉਚਾਰਣ ਕੀਤਾ ਜਾ ਸਕੇ।

ਦਿਲਚਸਪੀ ਦੀ ਗੱਲ ਹੈ ਕਿ ਲੈਨਿਨਗ੍ਰਾਡ ਕੋਡੈਕਸ ਵਿਚ ਮਸੋਰਾ ਦੀਆਂ ਮਾਤਰਾਂ ਨਾਲ ਪਰਮੇਸ਼ੁਰ ਦੇ ਪਵਿੱਤਰ ਨਾਂ ਦੇ ਚੌ-ਵਰਣੀ ਸ਼ਬਦ ਉਚਾਰੇ ਜਾ ਸਕਦੇ ਹਨ—ਯਿਹਵਾਹ, ਯਿਹਵਿਹ ਅਤੇ ਯਿਹੋਵਾਹ। ਇਸ ਨਾਂ ਦਾ ਹੁਣ ਸਭ ਤੋਂ ਆਮ ਉਚਾਰਣ “ਯਹੋਵਾਹ” ਹੈ। ਬਾਈਬਲ ਦੇ ਲੇਖਕ ਅਤੇ ਪ੍ਰਾਚੀਨ ਸਮੇਂ ਦੇ ਹੋਰ ਲੋਕ ਇਸ ਨਾਂ ਤੋਂ ਜਾਣੂ ਸਨ। ਅੱਜ ਲੱਖਾਂ ਲੋਕ ਇਸ ਨਾਂ ਨੂੰ ਜਾਣਦੇ ਹਨ ਅਤੇ ਉਹ ਖੁੱਲ੍ਹੇ-ਆਮ ਕਹਿੰਦੇ ਹਨ ਕਿ ‘ਇਕੱਲਾ ਯਹੋਵਾਹ ਹੀ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ।’—ਜ਼ਬੂਰਾਂ ਦੀ ਪੋਥੀ 83:18.

[ਸਫ਼ੇ 10 ਉੱਤੇ ਤਸਵੀਰ]

ਨੈਸ਼ਨਲ ਲਾਇਬ੍ਰੇਰੀ ਦਾ ਕਮਰਾ ਜਿਸ ਵਿਚ ਪੁਰਾਣੀਆਂ ਹੱਥ-ਲਿਖਤਾਂ ਰੱਖੀਆਂ ਜਾਂਦੀਆਂ

[ਸਫ਼ੇ 11 ਉੱਤੇ ਤਸਵੀਰ]

ਮਹਾਰਾਣੀ ਕੈਥਰੀਨ ਦੂਜੀ

[ਸਫ਼ੇ 11 ਉੱਤੇ ਤਸਵੀਰਾਂ]

ਕਾਂਸਟੰਟੀਨ ਵੌਨ ਟਿਸ਼ਨਡੋਰਫ (ਗੱਭੇ) ਅਤੇ ਰੂਸ ਦਾ ਜ਼ਾਰ ਐਲੇਗਜ਼ੈਂਡਰ ਦੂਜਾ

[ਸਫ਼ੇ 12 ਉੱਤੇ ਤਸਵੀਰ]

ਅਵਰਾਹਾਮ ਫਰਕੋਵਿਚ

[ਸਫ਼ੇ 10 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Both images: National Library of Russia, St. Petersburg

[ਸਫ਼ੇ 11 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Catherine II: National Library of Russia, St. Petersburg; Alexander II: From the book Spamers Illustrierte Weltgeschichte, Leipzig, 1898