ਸਹੀ ਸਿੱਖਿਆ ਸਾਨੂੰ ਕਿੱਥੋਂ ਮਿਲ ਸਕਦੀ ਹੈ?
ਸਹੀ ਸਿੱਖਿਆ ਸਾਨੂੰ ਕਿੱਥੋਂ ਮਿਲ ਸਕਦੀ ਹੈ?
ਤਿੱਬਤ ਵਿਚ ਇਕ ਆਦਮੀ ਇਕ ਪ੍ਰਾਰਥਨਾ-ਚੱਕਰ ਨੂੰ ਘੁਮਾਉਂਦਾ ਹੈ ਜਿਸ ਉੱਤੇ ਪ੍ਰਾਰਥਨਾਵਾਂ ਉੱਕਰੀਆਂ ਹੋਈਆਂ ਹਨ। ਇਹ ਆਦਮੀ ਮੰਨਦਾ ਹੈ ਕਿ ਹਰ ਵਾਰ ਚੱਕਰ ਦੇ ਘੁੰਮਣ ਨਾਲ ਉਸ ਦੀਆਂ ਪ੍ਰਾਰਥਨਾਵਾਂ ਦੁਹਰਾਈਆਂ ਜਾਂਦੀਆਂ ਹਨ। ਇਕ ਸ਼ਾਨਦਾਰ ਭਾਰਤੀ ਘਰ ਵਿਚ ਇਕ ਪੂਜਾ-ਘਰ ਹੁੰਦਾ ਹੈ ਜਿਸ ਵਿਚ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਮੂਰਤਾਂ ਅੱਗੇ ਧੂਪ-ਬੱਤੀ ਕੀਤੀ ਜਾਂਦੀ ਹੈ, ਫੁੱਲ ਚੜ੍ਹਾਏ ਜਾਂਦੇ ਹਨ ਤੇ ਕਈ ਹੋਰ ਚੀਜ਼ਾਂ ਰੱਖੀਆਂ ਜਾਂਦੀਆਂ ਹਨ। ਹਜ਼ਾਰਾਂ ਕਿਲੋਮੀਟਰ ਦੂਰ ਇਟਲੀ ਵਿਚ ਇਕ ਔਰਤ ਸਜੇ ਹੋਏ ਚਰਚ ਵਿਚ ਯਿਸੂ ਦੀ ਮਾਤਾ ਮਰਿਯਮ ਦੀ ਮੂਰਤ ਅੱਗੇ ਗੋਡਿਆਂ ਭਾਰ ਬੈਠ ਕੇ ਮਾਲਾ ਫੇਰਦੀ ਹੋਈ ਪ੍ਰਾਰਥਨਾ ਕਰਦੀ ਹੈ।
ਸ਼ਾਇਦ ਤੁਸੀਂ ਖ਼ੁਦ ਦੇਖਿਆ ਹੋਵੇਗਾ ਕਿ ਧਰਮ ਲੋਕਾਂ ਦੀਆਂ ਜ਼ਿੰਦਗੀਆਂ ਤੇ ਕਿੰਨਾ ਅਸਰ ਪਾਉਂਦਾ ਹੈ। ਦੁਨੀਆਂ ਦੇ ਧਰਮ—ਅੱਜ-ਕੱਲ੍ਹ ਦੇ ਵਿਸ਼ਵਾਸਾਂ ਨੂੰ ਸਮਝਣਾ (ਅੰਗ੍ਰੇਜ਼ੀ) ਨਾਮਕ ਕਿਤਾਬ ਵਿਚ ਲਿਖਿਆ ਗਿਆ ਹੈ: ‘ਦੁਨੀਆਂ ਭਰ ਵਿਚ ਲੋਕਾਂ ਦੇ ਧਰਮ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਖ਼ਾਸ ਭੂਮਿਕਾ ਨਿਭਾਉਂਦੇ ਆਏ ਹਨ।’ ਲੇਖਕ ਜੌਨ ਬੋਕਰ ਨੇ ਆਪਣੀ ਕਿਤਾਬ ਰੱਬ ਦਾ ਸੰਖੇਪ ਇਤਿਹਾਸ (ਅੰਗ੍ਰੇਜ਼ੀ) ਵਿਚ ਲਿਖਿਆ: “ਅਜਿਹਾ ਕਦੇ ਕੋਈ ਮਨੁੱਖੀ ਸਮਾਜ ਨਹੀਂ ਹੋਇਆ ਜਿਸ ਦਾ ਕੋਈ ਪਰਮੇਸ਼ੁਰ ਨਾ ਹੋਵੇ। ਲੋਕ ਕਿਸੇ-ਨ-ਕਿਸੇ ਕਰਤਾਰ ਨੂੰ ਜ਼ਰੂਰ ਪੂਜਦੇ ਹਨ ਜੋ ਦੁਨੀਆਂ ਚਲਾਉਂਦਾ ਹੈ। ਇਹੋ ਗੱਲ ਉਨ੍ਹਾਂ ਸਮਾਜਾਂ ਬਾਰੇ ਵੀ ਸੱਚ ਹੈ ਜੋ ਆਪਣੇ ਆਪ ਨੂੰ ਨਾਸਤਿਕ ਕਹਿੰਦੇ ਹਨ।”
ਜੀ ਹਾਂ, ਧਰਮ ਨੇ ਲੱਖਾਂ ਲੋਕਾਂ ਤੇ ਅਸਰ ਪਾਇਆ ਹੈ। ਕੀ ਇਹ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਇਨਸਾਨ ਰੂਹਾਨੀ ਲੋੜ ਮਹਿਸੂਸ ਕਰਦੇ ਹਨ ਅਤੇ ਇਸ ਨੂੰ ਪੂਰੀ ਕਰਨੀ ਚਾਹੁੰਦੇ ਹਨ? ਮਸ਼ਹੂਰ ਮਨੋਵਿਗਿਆਨੀ ਡਾ. ਕਾਰਲ ਯੁੰਗ ਨੇ ਰੱਬ ਦੀ ਪੂਜਾ ਕਰਨ ਦੀ ਲੋੜ ਬਾਰੇ ਗੱਲ ਕਰਦੇ ਹੋਏ ਕਿਹਾ ਕਿ “ਇਸ ਗੱਲ ਦਾ ਸਬੂਤ ਮਨੁੱਖਜਾਤੀ ਦੇ ਇਤਿਹਾਸ ਤੋਂ ਸਾਫ਼ ਨਜ਼ਰ ਆਉਂਦਾ ਹੈ।”
ਪਰ ਬਹੁਤ ਸਾਰੇ ਲੋਕ ਨਾ ਹੀ ਮੰਨਦੇ ਹਨ ਕਿ ਰੱਬ ਹੈ ਅਤੇ ਨਾ ਹੀ ਉਨ੍ਹਾਂ ਨੂੰ ਧਰਮ ਵਿਚ ਕੋਈ ਦਿਲਚਸਪੀ ਹੈ। ਕੁਝ ਲੋਕ ਇਸ ਲਈ ਰੱਬ ਦੀ ਹੋਂਦ ਬਾਰੇ ਸ਼ੱਕ ਕਰਦੇ ਹਨ ਕਿਉਂਕਿ ਜਿਨ੍ਹਾਂ ਧਰਮਾਂ ਤੋਂ ਉਹ ਜਾਣੂ ਹਨ ਉਨ੍ਹਾਂ ਧਰਮਾਂ ਨੇ ਉਨ੍ਹਾਂ ਦੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ। ਪਰ ਧਰਮ ਅਸਲ ਵਿਚ ਹੈ ਕੀ? ਧਰਮ ਦਾ ਮਤਲਬ ਇਹ ਦੱਸਿਆ ਗਿਆ ਹੈ: “ਕਿਸੇ ਸਿਧਾਂਤ
ਜਾਂ ਅਸੂਲ ਦੀ ਕੱਟੜਤਾ ਨਾਲ ਪਾਲਣਾ ਕਰਨੀ; ਕਿਸੇ ਪ੍ਰਤੀ ਹਮੇਸ਼ਾ ਵਫ਼ਾਦਾਰ ਰਹਿਣਾ; ਫ਼ਰਜ਼ ਨਿਭਾਉਣਾ; ਕਿਸੇ ਪ੍ਰਤੀ ਸ਼ਰਧਾ ਰੱਖਣੀ ਅਤੇ ਉਸ ਨਾਲ ਲਗਾਅ ਹੋਣਾ।” ਇਸ ਅਰਥ ਦੇ ਮੁਤਾਬਕ ਕਿਹਾ ਜਾ ਸਕਦਾ ਹੈ ਕਿ ਤਕਰੀਬਨ ਸਾਰੇ ਲੋਕ ਕਿਸੇ-ਨ-ਕਿਸੇ ਧਾਰਮਿਕ ਅਸੂਲ ਦੀ ਪਾਲਣਾ ਕਰ ਰਹੇ ਹਨ। ਜੀ ਹਾਂ, ਨਾਸਤਿਕ ਲੋਕ ਵੀ ਇਨ੍ਹਾਂ ਵਿਚ ਗਿਣੇ ਜਾ ਸਕਦੇ ਹਨ!ਪੂਰੇ ਇਤਿਹਾਸ ਦੌਰਾਨ ਇਨਸਾਨਾਂ ਨੇ ਆਪਣੀ ਰੂਹਾਨੀ ਲੋੜ ਪੂਰੀ ਕਰਨ ਦੀ ਕੋਸ਼ਿਸ਼ ਵਿਚ ਵੱਖੋ-ਵੱਖਰੇ ਧਰਮ ਅਜ਼ਮਾ ਕੇ ਦੇਖੇ ਹਨ। ਨਤੀਜੇ ਵਜੋਂ, ਦੁਨੀਆਂ ਭਰ ਵਿਚ ਧਰਮਾਂ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਮਿਸਾਲ ਲਈ, ਭਾਵੇਂ ਜ਼ਿਆਦਾਤਰ ਧਰਮ ਸਿਖਾਉਂਦੇ ਹਨ ਕਿ ਰੱਬ ਹੈ, ਪਰ ਉਸ ਬਾਰੇ ਉਨ੍ਹਾਂ ਦੇ ਵੱਖਰੇ-ਵੱਖਰੇ ਵਿਚਾਰ ਹਨ, ਜਿਵੇਂ ਕਿ ਰੱਬ ਕੌਣ ਹੈ ਜਾਂ ਕੀ ਹੈ? ਜ਼ਿਆਦਾਤਰ ਧਰਮ ਮੁਕਤੀ ਪ੍ਰਾਪਤ ਕਰਨ ਉੱਤੇ ਜ਼ੋਰ ਪਾਉਂਦੇ ਹਨ। ਪਰ ਮੁਕਤੀ ਦਾ ਮਤਲਬ ਕੀ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ? ਇਨ੍ਹਾਂ ਗੱਲਾਂ ਬਾਰੇ ਸਾਰੇ ਧਰਮਾਂ ਦੇ ਆਪੋ-ਆਪਣੇ ਖ਼ਿਆਲ ਹਨ। ਤਾਂ ਫਿਰ, ਇੰਨੇ ਸਾਰੇ ਵੱਖਰੇ-ਵੱਖਰੇ ਖ਼ਿਆਲ ਹੋਣ ਦੇ ਬਾਵਜੂਦ ਅਸੀਂ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ ਕਿ ਕਿਹੜੀ ਸਿੱਖਿਆ ਸਹੀ ਹੈ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੈ?