ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਕੀ ਸਫ਼ਨਯਾਹ 2:3 ਵਿਚ ਸ਼ਬਦ “ਸ਼ਾਇਤ” ਦਾ ਮਤਲਬ ਇਹ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲਣ ਦੀ ਕੋਈ ਪੱਕੀ ਉਮੀਦ ਨਹੀਂ ਹੈ?
ਇਸ ਆਇਤ ਵਿਚ ਲਿਖਿਆ ਹੈ: “ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, ਜਿਨ੍ਹਾਂ ਨੇ ਉਹ ਦੇ ਫ਼ਰਮਾਨਾਂ ਨੂੰ ਮੰਨਿਆ ਹੈ, ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਤ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹੋਗੇ!” ਇਹ ਆਇਤ “ਸ਼ਾਇਤ” ਕਿਉਂ ਕਹਿੰਦੀ ਹੈ?
ਇਹ ਸਮਝਣ ਲਈ ਕਿ ਯਹੋਵਾਹ ਆਰਮਾਗੇਡਨ ਦੀ ਜੰਗ ਵੇਲੇ ਆਪਣੇ ਵਫ਼ਾਦਾਰ ਸੇਵਕਾਂ ਨਾਲ ਕਿਵੇਂ ਪੇਸ਼ ਆਵੇਗਾ ਸਾਨੂੰ ਬਾਈਬਲ ਵਿਚ ਦੇਖਣਾ ਚਾਹੀਦਾ ਕਿ ਯਹੋਵਾਹ ਉਨ੍ਹਾਂ ਸੇਵਕਾਂ ਲਈ ਕੀ ਕਰੇਗਾ ਜੋ ਆਰਮਾਗੇਡਨ ਤੋਂ ਪਹਿਲਾਂ ਮੌਤ ਦੀ ਨੀਂਦ ਸੌਂ ਜਾਂਦੇ ਹਨ। ਯਹੋਵਾਹ ਕੁਝ ਲੋਕਾਂ ਨੂੰ ਸਵਰਗ ਵਿਚ ਮੁੜ ਜੀ ਉਠਾਵੇਗਾ ਅਤੇ ਕੁਝ ਹੋਰ ਲੋਕਾਂ ਨੂੰ ਧਰਤੀ ਤੇ ਜੀ ਉਠਾਵੇਗਾ ਜਿੱਥੇ ਉਹ ਹਮੇਸ਼ਾ ਲਈ ਰਹਿਣਗੇ। (ਯੂਹੰਨਾ 5:28, 29; 1 ਕੁਰਿੰਥੀਆਂ 15:53, 54) ਇਸ ਗੱਲ ਤੋਂ ਜ਼ਾਹਰ ਹੈ ਕਿ ਯਹੋਵਾਹ ਆਰਮਾਗੇਡਨ ਤੋਂ ਪਹਿਲਾਂ ਮਰ ਚੁੱਕੇ ਵਫ਼ਾਦਾਰ ਸੇਵਕਾਂ ਨੂੰ ਚੇਤੇ ਰੱਖਦਾ ਹੈ। ਜੇ ਯਹੋਵਾਹ ਇਨ੍ਹਾਂ ਨਾਲ ਇਸ ਤਰ੍ਹਾਂ ਪੇਸ਼ ਆਉਂਦਾ ਹੈ, ਤਾਂ ਆਪਣੇ ਕ੍ਰੋਧ ਦੇ ਦਿਨ ਤੇ ਉਹ ਆਪਣੇ ਵਫ਼ਾਦਾਰ ਭਗਤਾਂ ਨਾਲ ਵੀ ਪਿਆਰ ਨਾਲ ਪੇਸ਼ ਆਵੇਗਾ।
ਪੌਲੁਸ ਰਸੂਲ ਦੇ ਸ਼ਬਦਾਂ ਤੋਂ ਵੀ ਸਾਨੂੰ ਉਤਸ਼ਾਹ ਮਿਲਦਾ ਹੈ। ਉਸ ਨੇ ਲਿਖਿਆ: “[ਪਰਮੇਸ਼ੁਰ ਨੇ] ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ ਤਾਂ ਨੂਹ ਨੂੰ ਜਿਹੜਾ ਧਰਮ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਸਣੇ ਬਚਾ ਲਿਆ। ਅਤੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਨੂੰ ਸੁਆਹ ਕਰ ਕੇ ਢਾਹ ਸੁੱਟਣ ਦਾ ਹੁਕਮ ਦਿੱਤਾ . . . ਅਤੇ ਲੂਤ ਨੂੰ ਜਿਹੜਾ ਧਰਮੀ ਸੀ . . . ਬਚਾ ਲਿਆ। . . . ਪ੍ਰਭੁ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਉਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ!” (2 ਪਤਰਸ 2:5-9) ਭਾਵੇਂ ਕਿ ਬੀਤੇ ਸਮਿਆਂ ਵਿਚ ਯਹੋਵਾਹ ਨੇ ਦੁਸ਼ਟ ਲੋਕਾਂ ਉੱਤੇ ਤਬਾਹੀ ਲਿਆ ਕੇ ਉਨ੍ਹਾਂ ਦਾ ਨਾਸ਼ ਕੀਤਾ, ਪਰ ਉਸ ਨੇ ਵਫ਼ਾਦਾਰ ਨੂਹ ਅਤੇ ਲੂਤ ਦੀਆਂ ਜਾਨਾਂ ਬਚਾਈਆਂ। ਆਰਮਾਗੇਡਨ ਤੇ ਵੀ ਜਦ ਯਹੋਵਾਹ ਕੁਧਰਮੀ ਲੋਕਾਂ ਦਾ ਹਮੇਸ਼ਾ ਲਈ ਨਾਸ਼ ਕਰੇਗਾ ਉਹ ਉਨ੍ਹਾਂ ਲੋਕਾਂ ਦੀਆਂ ਜਾਨਾਂ ਬਚਾਵੇਗਾ ਜੋ ਉਸ ਦੇ ਕਹਿਣੇ ਅਨੁਸਾਰ ਚੱਲਦੇ ਹਨ। ਉਸ ਸਮੇਂ ਧਰਮੀ ਲੋਕਾਂ ਦੀ “ਇਕ ਵੱਡੀ ਭੀੜ” ਤਬਾਹੀ ਵਿੱਚੋਂ ਬਚ ਨਿਕਲੇਗੀ।—ਪਰਕਾਸ਼ ਦੀ ਪੋਥੀ 7:9, 14.
ਇਸ ਤਰ੍ਹਾਂ ਲੱਗਦਾ ਹੈ ਕਿ ਸਫ਼ਨਯਾਹ 2:3 ਦਾ ਮਤਲਬ ਇਹ ਨਹੀਂ ਕਿ ਪਰਮੇਸ਼ੁਰ “ਸ਼ਾਇਤ” ਸਾਨੂੰ ਬਚਾ ਸਕਦਾ ਹੈ ਜਿਵੇਂ ਕਿਤੇ ਉਸ ਕੋਲ ਸ਼ਕਤੀ ਨਹੀਂ ਹੈ। ਇਸ ਦੀ ਬਜਾਇ ਅਸੀਂ ਸ਼ਾਇਦ ਯਹੋਵਾਹ ਦੇ ਕ੍ਰੋਧ ਦੇ ਦਿਨ ਵਿਚ ਲੁਕੇ ਰਹਾਂਗੇ ਜੇ ਅਸੀਂ ਧਰਮ ਅਤੇ ਮਸਕੀਨੀ ਨੂੰ ਭਾਲਣਾ ਸ਼ੁਰੂ ਕਰਾਂਗੇ। ਪਰ ਅਸੀਂ ਜ਼ਰੂਰ ਬਚਾਏ ਜਾਵਾਂਗੇ ਜੇ ਅਸੀਂ ਧਰਮ ਅਤੇ ਮਸਕੀਨੀ ਦੀ ਭਾਲ ਕਰਦੇ ਰਹਾਂਗੇ।—ਸਫ਼ਨਯਾਹ 2:3.
[ਸਫ਼ੇ 31 ਉੱਤੇ ਤਸਵੀਰ]
‘ਯਹੋਵਾਹ ਆਪਣੇ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਜਾਣਦਾ ਹੈ’