Skip to content

Skip to table of contents

ਯਹੋਵਾਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ”

ਯਹੋਵਾਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ”

ਯਹੋਵਾਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ”

“ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 11:6.

1, 2. ਯਹੋਵਾਹ ਦੇ ਕੁਝ ਸੇਵਕ ਆਪਣੇ ਬਾਰੇ ਕਿਵੇਂ ਮਹਿਸੂਸ ਕਰਦੇ ਹਨ ਅਤੇ ਕਿਉਂ?

ਬਾਰਬਰਾ * ਕਹਿੰਦੀ ਹੈ: “ਮੈਨੂੰ ਯਹੋਵਾਹ ਦੀ ਗਵਾਹ ਬਣੀ ਨੂੰ ਤਕਰੀਬਨ 30 ਸਾਲ ਹੋ ਗਏ ਹਨ, ਪਰ ਮੈਂ ਆਪਣੇ ਆਪ ਨੂੰ ਇਸ ਨਾਂ ਦੇ ਕਾਬਲ ਕਦੀ ਵੀ ਨਹੀਂ ਸਮਝਿਆ। ਭਾਵੇਂ ਮੈਂ ਪਾਇਨੀਅਰੀ ਕੀਤੀ ਹੈ ਅਤੇ ਯਹੋਵਾਹ ਦੀ ਸੇਵਾ ਵਿਚ ਮੈਨੂੰ ਹੋਰ ਕਈ ਸਨਮਾਨ ਮਿਲੇ ਹਨ, ਪਰ ਮੇਰਾ ਦਿਲ ਨਹੀਂ ਮੰਨਦਾ ਕਿ ਮੈਂ ਇਸ ਸਭ ਦੇ ਲਾਇਕ ਹਾਂ।” ਕੀਥ ਨੇ ਵੀ ਇਹੋ ਜਿਹੀ ਗੱਲ ਕਹੀ: “ਕਈ ਵਾਰ ਮੈਨੂੰ ਲੱਗਾ ਕਿ ਮੈਂ ਯਹੋਵਾਹ ਦਾ ਸੇਵਕ ਹੋਣ ਦੇ ਯੋਗ ਨਹੀਂ ਹਾਂ। ਯਹੋਵਾਹ ਦੇ ਲੋਕ ਕਿੰਨੇ ਖ਼ੁਸ਼ ਰਹਿੰਦੇ ਹਨ, ਪਰ ਮੈਂ ਖ਼ੁਸ਼ ਨਹੀਂ ਸੀ। ਮੈਂ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗਾ ਅਤੇ ਇਸ ਕਰਕੇ ਮੈਂ ਹੋਰ ਵੀ ਉਦਾਸ ਹੋ ਜਾਂਦਾ ਸੀ।”

2 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਲਈ ਇਸ ਤਰ੍ਹਾਂ ਮਹਿਸੂਸ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਕੀ ਤੁਸੀਂ ਕਦੀ ਇਸ ਤਰ੍ਹਾਂ ਮਹਿਸੂਸ ਕੀਤਾ ਹੈ? ਤੁਸੀਂ ਸ਼ਾਇਦ ਮੁਸ਼ਕਲਾਂ ਹੇਠ ਦੱਬੇ ਹੋਏ ਮਹਿਸੂਸ ਕਰੋ ਜਦ ਕਿ ਦੂਸਰੇ ਭੈਣ-ਭਰਾ ਖ਼ੁਸ਼ ਤੇ ਬੇਫ਼ਿਕਰ ਨਜ਼ਰ ਆਉਂਦੇ ਹਨ। ਨਤੀਜੇ ਵਜੋਂ ਤੁਸੀਂ ਸ਼ਾਇਦ ਸੋਚੋ ਕਿ ਯਹੋਵਾਹ ਦੀ ਕਿਰਪਾ ਤੁਹਾਡੇ ਉੱਤੇ ਨਹੀਂ ਹੈ ਅਤੇ ਤੁਸੀਂ ਉਸ ਦੇ ਪਿਆਰ ਦੇ ਲਾਇਕ ਹੀ ਨਹੀਂ ਹੋ। ਪਰ ਇਹ ਸਿੱਟਾ ਕੱਢਣ ਵਿਚ ਜਲਦਬਾਜ਼ੀ ਨਾ ਕਰੋ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “[ਯਹੋਵਾਹ] ਨੇ ਦੁਖੀਏ ਦੇ ਦੁਖ ਨੂੰ ਤੁੱਛ ਨਾ ਜਾਣਿਆ ਨਾ ਉਸ ਤੋਂ ਘਿਣ ਕੀਤੀ, ਅਤੇ ਨਾ ਉਸ ਤੋਂ ਆਪਣਾ ਮੂੰਹ ਛਿਪਾਇਆ, ਸਗੋਂ ਜਦ ਉਸ ਨੇ ਉਹ ਦੀ ਦੁਹਾਈ ਦਿੱਤੀ ਤਾਂ ਉਹ ਨੇ ਸੁਣਿਆ।” (ਜ਼ਬੂਰਾਂ ਦੀ ਪੋਥੀ 22:24) ਭਾਵੇਂ ਇਹ ਸ਼ਬਦ ਮਸੀਹਾ ਬਾਰੇ ਲਿਖੇ ਗਏ ਸਨ, ਪਰ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਦੀ ਦੁਹਾਈ ਸੁਣਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਦਾ ਹੈ।

3. ਅਸੀਂ ਦੁਨੀਆਂ ਦੇ ਦਬਾਵਾਂ ਤੋਂ ਮੁਕਤ ਕਿਉਂ ਨਹੀਂ ਹਾਂ?

3 ਕੋਈ ਵੀ ਇਸ ਦੁਨੀਆਂ ਦੇ ਦਬਾਵਾਂ ਤੋਂ ਮੁਕਤ ਨਹੀਂ ਹੈ, ਯਹੋਵਾਹ ਦੇ ਲੋਕ ਵੀ ਨਹੀਂ। ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਯਹੋਵਾਹ ਦਾ ਵੈਰੀ ਸ਼ਤਾਨ ਰਾਜ ਕਰਦਾ ਹੈ। (2 ਕੁਰਿੰਥੀਆਂ 4:4; 1 ਯੂਹੰਨਾ 5:19) ਚਮਤਕਾਰੀ ਢੰਗ ਨਾਲ ਸੁਰੱਖਿਅਤ ਰਹਿਣ ਦੀ ਬਜਾਇ ਯਹੋਵਾਹ ਦੇ ਸੇਵਕ ਸ਼ਤਾਨ ਦਾ ਖ਼ਾਸ ਨਿਸ਼ਾਨਾ ਹਨ। (ਅੱਯੂਬ 1:7-12; ਪਰਕਾਸ਼ ਦੀ ਪੋਥੀ 2:10) ਇਸ ਲਈ ਜਿੰਨਾ ਚਿਰ ਯਹੋਵਾਹ ਸ਼ਤਾਨ ਦੇ ਖ਼ਿਲਾਫ਼ ਕਦਮ ਨਹੀਂ ਚੁੱਕਦਾ, ਉੱਨਾ ਚਿਰ ਸਾਨੂੰ ਯਹੋਵਾਹ ਦੇ ਪਿਆਰ ਵਿਚ ਪੂਰਾ ਭਰੋਸਾ ਰੱਖਦੇ ਹੋਏ “ਬਿਪਤਾ ਵਿੱਚ ਧੀਰਜ” ਰੱਖਣ ਅਤੇ “ਪ੍ਰਾਰਥਨਾ ਲਗਾਤਾਰ ਕਰਦੇ” ਰਹਿਣ ਦੀ ਲੋੜ ਹੈ। (ਰੋਮੀਆਂ 12:12) ਸਾਨੂੰ ਇਹ ਕਦੀ ਨਹੀਂ ਸੋਚਣਾ ਚਾਹੀਦਾ ਕਿ ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ।

ਧੀਰਜ ਦੀਆਂ ਮਿਸਾਲਾਂ

4. ਯਹੋਵਾਹ ਦੇ ਕੁਝ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਦਿਓ ਜਿਨ੍ਹਾਂ ਨੂੰ ਦੁਖਦਾਈ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ ਸੀ।

4 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਕਈ ਸੇਵਕਾਂ ਨੂੰ ਦੁਖਦਾਈ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਮਿਸਾਲ ਲਈ, ਬੇਔਲਾਦ ਹੋਣ ਕਰਕੇ ਹੰਨਾਹ ਦਾ “ਮਨ ਬਹੁਤ ਉਦਾਸ” ਸੀ। ਉਸ ਨੂੰ ਲੱਗਦਾ ਸੀ ਕਿ ਪਰਮੇਸ਼ੁਰ ਉਸ ਨੂੰ ਭੁੱਲ ਗਿਆ ਸੀ। (1 ਸਮੂਏਲ 1:9-11) ਏਲੀਯਾਹ ਰਾਣੀ ਈਜ਼ਬਲ ਤੋਂ ਬਹੁਤ ਡਰ ਗਿਆ ਸੀ ਕਿਉਂਕਿ ਉਹ ਉਸ ਦਾ ਖ਼ੂਨ ਕਰਨ ਲਈ ਉਸ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਸੀ ਅਤੇ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਹੁਣ ਇੰਨਾ ਹੀ ਬਹੁਤ ਹੈ ਮੇਰੀ ਜਾਨ ਕੱਢ ਲੈ ਕਿਉਂ ਜੋ ਮੈਂ ਆਪਣੇ ਪਿਉ ਦਾਦਿਆਂ ਨਾਲੋਂ ਨੇਕ ਨਹੀਂ ਹਾਂ।” (1 ਰਾਜਿਆਂ 19:4) ਪੌਲੁਸ ਰਸੂਲ ਵੀ ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬੋਝ ਹੇਠ ਦੱਬਿਆ ਹੋਇਆ ਸੀ ਕਿਉਂਕਿ ਉਸ ਨੇ ਕਿਹਾ: “ਜਦ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਿਆਈ ਹਾਜ਼ਰ ਹੁੰਦੀ ਹੈ।” ਉਸ ਨੇ ਅੱਗੇ ਕਿਹਾ: “ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ!”—ਰੋਮੀਆਂ 7:21-24.

5. (ੳ) ਹੰਨਾਹ, ਏਲੀਯਾਹ ਅਤੇ ਪੌਲੁਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਸਨ? (ਅ) ਜੇ ਅਸੀਂ ਨਿਰਾਸ਼ ਹੋ ਕੇ ਸੋਚਣ ਲੱਗਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਨਹੀਂ ਕਰਦਾ, ਤਾਂ ਅਸੀਂ ਯਹੋਵਾਹ ਦੇ ਬਚਨ ਤੋਂ ਦਿਲਾਸਾ ਕਿਵੇਂ ਪਾ ਸਕਦੇ ਹਾਂ?

5 ਅਸੀਂ ਜਾਣਦੇ ਹਾਂ ਕਿ ਦੁੱਖਾਂ ਦੇ ਬਾਵਜੂਦ ਹੰਨਾਹ, ਏਲੀਯਾਹ ਅਤੇ ਪੌਲੁਸ ਨੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡੀ ਅਤੇ ਯਹੋਵਾਹ ਨੇ ਉਨ੍ਹਾਂ ਦੀ ਝੋਲੀ ਬਰਕਤਾਂ ਨਾਲ ਭਰ ਦਿੱਤੀ। (1 ਸਮੂਏਲ 1:20; 2:21; 1 ਰਾਜਿਆਂ 19:5-18; 2 ਤਿਮੋਥਿਉਸ 4:8) ਫਿਰ ਵੀ ਉਨ੍ਹਾਂ ਨੂੰ ਗਮ, ਨਿਰਾਸ਼ਾ ਅਤੇ ਡਰ ਵਰਗੇ ਜਜ਼ਬਾਤਾਂ ਨਾਲ ਸੰਘਰਸ਼ ਕਰਨਾ ਪਿਆ। ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਸਮੇਂ-ਸਮੇਂ ਤੇ ਨਿਰਾਸ਼ ਹੋ ਜਾਂਦੇ ਹਾਂ। ਪਰ ਜਦ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਤੁਸੀਂ ਸੋਚਣ ਲੱਗ ਪੈਂਦੇ ਹੋ ਕਿ ਯਹੋਵਾਹ ਤੁਹਾਨੂੰ ਪਿਆਰ ਨਹੀਂ ਕਰਦਾ, ਤਾਂ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਯਹੋਵਾਹ ਦੇ ਬਚਨ ਤੋਂ ਦਿਲਾਸਾ ਪਾ ਸਕਦੇ ਹੋ। ਉਦਾਹਰਣ ਲਈ, ਪਿੱਛਲੇ ਲੇਖ ਵਿਚ ਅਸੀਂ ਯਿਸੂ ਦੀ ਇਸ ਗੱਲ ਵੱਲ ਧਿਆਨ ਦਿੱਤਾ ਸੀ ਕਿ ਯਹੋਵਾਹ ਨੇ ਸਾਡੇ “ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ।” (ਮੱਤੀ 10:30) ਇਹ ਸ਼ਬਦ ਸਾਨੂੰ ਯਕੀਨ ਦਿਵਾਉਂਦੇ ਹਨ ਕਿ ਯਹੋਵਾਹ ਆਪਣੇ ਹਰ ਸੇਵਕ ਦੀ ਪਰਵਾਹ ਕਰਦਾ ਹੈ। ਚਿੜੀਆਂ ਬਾਰੇ ਯਿਸੂ ਦੀ ਮਿਸਾਲ ਵੀ ਯਾਦ ਕਰੋ। ਜੇ ਯਹੋਵਾਹ ਜਾਣਦਾ ਹੈ ਕਿ ਇਕ ਛੋਟੀ ਚਿੜੀ ਧਰਤੀ ਉੱਤੇ ਕਦੋਂ ਡਿੱਗਦੀ ਹੈ, ਤਾਂ ਉਹ ਤੁਹਾਡੀ ਹਾਲਤ ਵੀ ਚੰਗੀ ਤਰ੍ਹਾਂ ਜਾਣਦਾ ਹੈ!

6. ਨਿਰਾਸ਼ ਲੋਕਾਂ ਨੂੰ ਬਾਈਬਲ ਤੋਂ ਕਿਵੇਂ ਦਿਲਾਸਾ ਮਿਲ ਸਕਦਾ ਹੈ?

6 ਕੀ ਇਹ ਸੱਚ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਪਾਪੀ ਇਨਸਾਨਾਂ ਦਾ ਕੋਈ ਮੁੱਲ ਹੈ? ਹਾਂ! ਬਾਈਬਲ ਦੀਆਂ ਕਈ ਆਇਤਾਂ ਸਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦੀਆਂ ਹਨ। ਇਨ੍ਹਾਂ ਆਇਤਾਂ ਉੱਤੇ ਗਹਿਰਾਈ ਨਾਲ ਸੋਚ-ਵਿਚਾਰ ਕਰ ਕੇ ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕਾਂਗੇ: “ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।” (ਜ਼ਬੂਰਾਂ ਦੀ ਪੋਥੀ 94:19) ਪਰਮੇਸ਼ੁਰ ਦੇ ਬਚਨ ਵਿਚ ਤਸੱਲੀ ਦੇਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਹਨ। ਆਓ ਆਪਾਂ ਇਨ੍ਹਾਂ ਕੁਝ ਆਇਤਾਂ ਵੱਲ ਧਿਆਨ ਦੇਈਏ ਤਾਂਕਿ ਸਾਨੂੰ ਪੂਰਾ ਯਕੀਨ ਹੋ ਜਾਵੇ ਕਿ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਤੇ ਸਾਨੂੰ ਸਾਡੀ ਵਫ਼ਾਦਾਰੀ ਦਾ ਇਨਾਮ ਵੀ ਦਿੰਦਾ ਹੈ।

ਯਹੋਵਾਹ ਦੀ “ਖਾਸ ਮਲਕੀਅਤ”

7. ਯਹੋਵਾਹ ਨੇ ਮਲਾਕੀ ਰਾਹੀਂ ਭ੍ਰਿਸ਼ਟ ਯਹੂਦੀ ਕੌਮ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?

7 ਤਕਰੀਬਨ 2,500 ਸਾਲ ਪਹਿਲਾਂ ਯਹੂਦੀ ਲੋਕਾਂ ਦੀ ਰੂਹਾਨੀ ਹਾਲਤ ਬਹੁਤ ਖ਼ਰਾਬ ਸੀ। ਜਾਜਕ ਯਹੋਵਾਹ ਦੀ ਵੇਦੀ ਉੱਤੇ ਬੀਮਾਰ ਤੇ ਲੰਗੜੇ ਜਾਨਵਰ ਚੜ੍ਹਾ ਰਹੇ ਸਨ। ਨਿਆਂਕਾਰ ਪੱਖਪਾਤ ਕਰ ਰਹੇ ਸਨ। ਜਾਦੂ-ਟੂਣਾ, ਝੂਠ, ਧੋਖੇਬਾਜ਼ੀ ਅਤੇ ਜ਼ਨਾਹਕਾਰੀ ਦਾ ਬੋਲਬਾਲਾ ਸੀ। (ਮਲਾਕੀ 1:8; 2:9; 3:5) ਮਲਾਕੀ ਨੇ ਇਸ ਭ੍ਰਿਸ਼ਟ ਕੌਮ ਬਾਰੇ ਇਕ ਅਸਚਰਜ ਭਵਿੱਖਬਾਣੀ ਕੀਤੀ। ਉਸ ਨੇ ਕਿਹਾ ਕਿ ਉਹ ਸਮਾਂ ਆਉਣਾ ਸੀ ਜਦ ਲੋਕਾਂ ਦਾ ਯਹੋਵਾਹ ਨਾਲ ਫਿਰ ਤੋਂ ਚੰਗਾ ਰਿਸ਼ਤਾ ਹੋਵੇਗਾ। ਅਸੀਂ ਪੜ੍ਹਦੇ ਹਾਂ: “ਸੈਨਾਂ ਦਾ ਯਹੋਵਾਹ ਆਖਦਾ ਹੈ, ਓਹ ਮੇਰੇ ਲਈ ਹੋਣਗੇ ਅਰਥਾਤ ਮੇਰੀ ਖਾਸ ਮਲਕੀਅਤ ਜਿਸ ਦਿਨ ਮੈਂ ਇਹ ਕਰਾਂ। ਮੈਂ ਓਹਨਾਂ ਨੂੰ ਬਖਸ਼ ਦਿਆਂਗਾ ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤ੍ਰ ਨੂੰ ਬਖਸ਼ ਦਿੰਦਾ ਹੈ।”—ਮਲਾਕੀ 3:17.

8. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮਲਾਕੀ 3:17 ਦੀ ਭਵਿੱਖਬਾਣੀ ਵੱਡੀ ਭੀੜ ਉੱਤੇ ਵੀ ਲਾਗੂ ਹੁੰਦੀ ਹੈ?

8 ਮਲਾਕੀ ਦੀ ਭਵਿੱਖਬਾਣੀ ਅੱਜ ਸਾਡੇ ਜ਼ਮਾਨੇ ਵਿਚ ਵੀ ਪੂਰੀ ਹੋਈ ਹੈ। ਇਹ ਮਸਹ ਕੀਤੇ ਹੋਏ 1,44,000 ਮਸੀਹੀਆਂ ਉੱਤੇ ਲਾਗੂ ਹੁੰਦੀ ਹੈ ਜੋ ਯਹੋਵਾਹ ਦੀ ਕੌਮ ਹਨ। ਇਹ ਕੌਮ ਸੱਚ-ਮੁੱਚ ਯਹੋਵਾਹ ਦੀ “ਖਾਸ ਮਲਕੀਅਤ” ਅਤੇ “ਖਾਸ ਪਰਜਾ” ਹੈ। (1 ਪਤਰਸ 2:9) ਮਲਾਕੀ ਦੀ ਭਵਿੱਖਬਾਣੀ ਤੋਂ “ਵੱਡੀ ਭੀੜ” ਨੂੰ ਵੀ ਹੌਸਲਾ ਮਿਲਦਾ ਹੈ ਜੋ “ਚਿੱਟੇ ਬਸਤਰ ਪਹਿਨੇ . . . ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ।” (ਪਰਕਾਸ਼ ਦੀ ਪੋਥੀ 7:4, 9) ਵੱਡੀ ਭੀੜ ਦੇ ਲੋਕ ਮਸਹ ਕੀਤੇ ਹੋਏ ਮਸੀਹੀਆਂ ਨਾਲ ਇੱਕੋ ਇੱਜੜ ਵਿਚ ਹਨ ਜਿਸ ਦਾ ਅਯਾਲੀ ਯਿਸੂ ਮਸੀਹ ਹੈ।—ਯੂਹੰਨਾ 10:16.

9. ਯਹੋਵਾਹ ਆਪਣੇ ਸੇਵਕਾਂ ਨੂੰ “ਖਾਸ ਮਲਕੀਅਤ” ਕਿਉਂ ਸਮਝਦਾ ਹੈ?

9 ਯਹੋਵਾਹ ਉਨ੍ਹਾਂ ਲੋਕਾਂ ਨੂੰ ਕਿਵੇਂ ਵਿਚਾਰਦਾ ਹੈ ਜੋ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕਰਦੇ ਹਨ? ਮਲਾਕੀ 3:17 ਅਨੁਸਾਰ ਉਹ ਉਨ੍ਹਾਂ ਨੂੰ ਉਸ ਤਰ੍ਹਾਂ ਦੇਖਦਾ ਹੈ ਜਿਵੇਂ ਇਕ ਪਿਤਾ ਆਪਣੇ ਪਿਆਰੇ ਪੁੱਤਰਾਂ ਨੂੰ ਵੇਖਦਾ ਹੈ। ਧਿਆਨ ਦਿਓ ਕਿ ਉਹ ਕਿੰਨੇ ਫ਼ਖ਼ਰ ਨਾਲ ਉਨ੍ਹਾਂ ਨੂੰ “ਮੇਰੀ ਖਾਸ ਮਲਕੀਅਤ” ਕਹਿੰਦਾ ਹੈ! ਬਾਈਬਲ ਦੇ ਹੋਰ ਤਰਜਮੇ ਕਹਿੰਦੇ ਹਨ, “ਮੇਰੇ ਆਪਣੇ ਲੋਕ,” “ਮੇਰੀ ਸਭ ਤੋਂ ਕੀਮਤੀ ਸੰਪਤੀ” ਅਤੇ “ਮੇਰੇ ਹੀਰੇ।” ਯਹੋਵਾਹ ਆਪਣੇ ਸੇਵਕਾਂ ਨੂੰ ਖ਼ਾਸ ਕਿਉਂ ਸਮਝਦਾ ਹੈ? ਇਕ ਕਾਰਨ ਇਹ ਹੈ ਕਿ ਉਹ ਆਪਣੇ ਸੇਵਕਾਂ ਦੀ ਕਦਰ ਕਰਦਾ ਹੈ। (ਇਬਰਾਨੀਆਂ 6:10) ਉਹ ਆਪਣੇ ਸੱਚੇ ਭਗਤਾਂ ਦੇ ਨੇੜੇ ਰਹਿੰਦਾ ਹੈ ਤੇ ਉਨ੍ਹਾਂ ਨੂੰ ਅਨਮੋਲ ਸਮਝਦਾ ਹੈ।

10. ਯਹੋਵਾਹ ਆਪਣੇ ਲੋਕਾਂ ਦੀ ਰੱਖਿਆ ਕਿਸ ਤਰ੍ਹਾਂ ਕਰਦਾ ਹੈ?

10 ਕੀ ਤੁਹਾਡੇ ਕੋਲ ਕੋਈ ਕੀਮਤੀ ਚੀਜ਼ ਹੈ ਜਿਸ ਨੂੰ ਤੁਸੀਂ ਆਪਣੀ ਖ਼ਾਸ ਮਲਕੀਅਤ ਸਮਝਦੇ ਹੋ? ਕੀ ਤੁਸੀਂ ਉਸ ਦੀ ਰੱਖਿਆ ਨਹੀਂ ਕਰਦੇ? ਯਹੋਵਾਹ ਵੀ ਆਪਣੀ “ਖਾਸ ਮਲਕੀਅਤ” ਦੀ ਰੱਖਿਆ ਕਰਦਾ ਹੈ। ਇਹ ਸੱਚ ਹੈ ਕਿ ਉਹ ਆਪਣੇ ਲੋਕਾਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਦੁੱਖਾਂ ਤੋਂ ਨਹੀਂ ਬਚਾਉਂਦਾ ਹੈ। (ਉਪਦੇਸ਼ਕ ਦੀ ਪੋਥੀ 9:11) ਪਰ ਯਹੋਵਾਹ ਆਪਣੇ ਸੇਵਕਾਂ ਨੂੰ ਰੂਹਾਨੀ ਤੌਰ ਤੇ ਬਚਾ ਸਕਦਾ ਹੈ ਅਤੇ ਬਚਾਉਂਦਾ ਵੀ ਹੈ। ਉਹ ਉਨ੍ਹਾਂ ਨੂੰ ਹਰ ਦੁੱਖ ਸਹਿਣ ਦੀ ਤਾਕਤ ਦਿੰਦਾ ਹੈ। (1 ਕੁਰਿੰਥੀਆਂ 10:13) ਇਸ ਲਈ ਮੂਸਾ ਨੇ ਇਸਰਾਏਲੀਆਂ ਨੂੰ ਕਿਹਾ ਸੀ: “ਤਕੜੇ ਹੋਵੋ, ਹੌਸਲਾ ਰੱਖੋ, . . . ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਨਾਲ ਨਾਲ ਜਾਂਦਾ ਹੈ! ਉਹ ਨਾ ਤਾਂ ਤੁਹਾਨੂੰ ਛੱਡੇਗਾ ਨਾ ਤੁਹਾਨੂੰ ਤਿਆਗੇਗਾ।” (ਬਿਵਸਥਾ ਸਾਰ 31:6) ਯਹੋਵਾਹ ਆਪਣੇ ਲੋਕਾਂ ਦਾ ਫਲਦਾਤਾ ਹੈ। ਉਸ ਦੀਆਂ ਨਜ਼ਰਾਂ ਵਿਚ ਉਹ ਉਸ ਦੀ “ਖਾਸ ਮਲਕੀਅਤ” ਹਨ।

ਯਹੋਵਾਹ “ਫਲ-ਦਾਤਾ” ਹੈ

11, 12. ਜੇ ਅਸੀਂ ਯਾਦ ਰੱਖੀਏ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਦਿਲ ਖੋਲ੍ਹ ਕੇ ਬਰਕਤਾਂ ਦਿੰਦਾ ਹੈ, ਤਾਂ ਸਾਨੂੰ ਉਸ ਦੇ ਪਿਆਰ ਉੱਤੇ ਸ਼ੱਕ ਨਾ ਕਰਨ ਵਿਚ ਮਦਦ ਕਿਵੇਂ ਮਿਲੇਗੀ?

11 ਇਕ ਹੋਰ ਸਬੂਤ ਕਿ ਯਹੋਵਾਹ ਆਪਣੇ ਲੋਕਾਂ ਦੀ ਕਦਰ ਕਰਦਾ ਹੈ ਇਹ ਹੈ ਕਿ ਉਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ। ਉਸ ਨੇ ਇਸਰਾਏਲੀਆਂ ਨੂੰ ਕਿਹਾ: “ਮੈਨੂੰ ਜ਼ਰਾ ਪਰਤਾਓ, ਸੈਨਾਂ ਦਾ ਯਹੋਵਾਹ ਆਖਦਾ ਹੈ, ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਵਰ੍ਹਾਵਾਂ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!” (ਮਲਾਕੀ 3:10) ਅਖ਼ੀਰ ਵਿਚ ਯਹੋਵਾਹ ਆਪਣੇ ਸੇਵਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੇਗਾ। (ਯੂਹੰਨਾ 5:24; ਪਰਕਾਸ਼ ਦੀ ਪੋਥੀ 21:4) ਇਸ ਅਨਮੋਲ ਬਰਕਤ ਤੋਂ ਅਸੀਂ ਯਹੋਵਾਹ ਦਾ ਪਿਆਰ ਅਤੇ ਦਰਿਆ-ਦਿਲੀ ਦੇਖ ਸਕਦੇ ਹਾਂ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਆਪਣੇ ਸੇਵਕਾਂ ਦੀ ਸੱਚ-ਮੁੱਚ ਕਦਰ ਕਰਦਾ ਹੈ। ਜੇ ਅਸੀਂ ਯਾਦ ਰੱਖੀਏ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਦਿਲ ਖੋਲ੍ਹ ਕੇ ਬਰਕਤਾਂ ਦਿੰਦਾ ਹੈ, ਤਾਂ ਅਸੀਂ ਪਰਮੇਸ਼ੁਰ ਦੇ ਪਿਆਰ ਉੱਤੇ ਸ਼ੱਕ ਨਹੀਂ ਕਰਾਂਗੇ। ਦਰਅਸਲ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਆਪਣਾ ਫਲਦਾਤਾ ਮੰਨੀਏ। ਪੌਲੁਸ ਨੇ ਲਿਖਿਆ: “ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।”—ਇਬਰਾਨੀਆਂ 11:6.

12 ਪਰ ਯਾਦ ਰੱਖੋ ਕਿ ਅਸੀਂ ਯਹੋਵਾਹ ਦੀ ਸੇਵਾ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ, ਨਾ ਸਿਰਫ਼ ਇਸ ਲਈ ਕਿ ਉਹ ਸਾਨੂੰ ਬਰਕਤਾਂ ਦੇਣ ਦਾ ਵਾਅਦਾ ਕਰਦਾ ਹੈ। ਫਿਰ ਵੀ ਬਰਕਤਾਂ ਪਾਉਣ ਦੀ ਉਮੀਦ ਦਿਲ ਵਿਚ ਰੱਖਣੀ ਗ਼ਲਤ ਜਾਂ ਸੁਆਰਥੀ ਨਹੀਂ ਹੈ। (ਕੁਲੁੱਸੀਆਂ 3:23, 24) ਯਹੋਵਾਹ ਉਨ੍ਹਾਂ ਲੋਕਾਂ ਨਾਲ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਖ਼ਾਸ ਸਮਝਦਾ ਹੈ ਜੋ ਉਸ ਨੂੰ ਭਾਲਦੇ ਹਨ ਅਤੇ ਇਸੇ ਕਰਕੇ ਉਹ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ।

13. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਦੀ ਕੁਰਬਾਨੀ ਯਹੋਵਾਹ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ?

13 ਯਹੋਵਾਹ ਦੀਆਂ ਨਜ਼ਰਾਂ ਵਿਚ ਮਨੁੱਖਜਾਤੀ ਦੀ ਕੀਮਤ ਦਾ ਸਭ ਤੋਂ ਵੱਡਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਸ ਨੇ ਉਨ੍ਹਾਂ ਲਈ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ। ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਯਿਸੂ ਮਸੀਹ ਦਾ ਬਲੀਦਾਨ ਇਸ ਗੱਲ ਦਾ ਖੰਡਨ ਕਰਦਾ ਹੈ ਕਿ ਅਸੀਂ ਯਹੋਵਾਹ ਦੇ ਪਿਆਰ ਦੇ ਲਾਇਕ ਨਹੀਂ ਹਾਂ। ਜੇ ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਕੁਰਬਾਨ ਕਰ ਕੇ ਸਾਡੇ ਲਈ ਇੰਨੀ ਵੱਡੀ ਕੀਮਤ ਚੁਕਾਈ, ਤਾਂ ਉਹ ਜ਼ਰੂਰ ਸਾਨੂੰ ਪਿਆਰ ਕਰਦਾ ਹੈ!

14. ਪੌਲੁਸ ਯਿਸੂ ਦੇ ਬਲੀਦਾਨ ਨੂੰ ਕਿਸ ਤਰ੍ਹਾਂ ਵਿਚਾਰਦਾ ਸੀ?

14 ਇਸ ਲਈ, ਜੇ ਤੁਹਾਡੇ ਮਨ ਵਿਚ ਕਦੇ ਵੀ ਇਹ ਵਿਚਾਰ ਆਉਂਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਪਿਆਰ ਦੇ ਕਾਬਲ ਨਹੀਂ ਹੋ, ਤਾਂ ਯਿਸੂ ਦੇ ਬਲੀਦਾਨ ਉੱਤੇ ਸੋਚ-ਵਿਚਾਰ ਕਰੋ। ਜੀ ਹਾਂ, ਇਸ ਗੱਲ ਨੂੰ ਮੰਨ ਲਓ ਕਿ ਯਹੋਵਾਹ ਨੇ ਇਹ ਪ੍ਰਬੰਧ ਤੁਹਾਡੇ ਲਈ ਕੀਤਾ ਹੈ। ਪੌਲੁਸ ਰਸੂਲ ਨੇ ਇਹ ਗੱਲ ਮੰਨੀ ਸੀ। ਯਾਦ ਕਰੋ ਕਿ ਉਸ ਨੇ ਕਿਹਾ ਸੀ: “ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ!” ਪਰ ਫਿਰ ਉਸ ਨੇ ਕਿਹਾ: “ਮਸੀਹ ਸਾਡੇ ਪ੍ਰਭੁ ਦੇ ਵਸੀਲੇ ਪਰਮੇਸ਼ੁਰ ਦਾ ਧੰਨਵਾਦ ਹੋਵੇ” ਜਿਸ ਨੇ ‘ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ।’ (ਰੋਮੀਆਂ 7:24, 25; ਗਲਾਤੀਆਂ 2:20) ਪੌਲੁਸ ਇਹ ਗੱਲ ਕਹਿ ਕੇ ਆਪਣੇ ਉੱਤੇ ਹੰਕਾਰ ਨਹੀਂ ਕਰ ਰਿਹਾ ਸੀ, ਬਲਕਿ ਉਸ ਨੂੰ ਭਰੋਸਾ ਸੀ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਦੀ ਬਹੁਤ ਕੀਮਤ ਸੀ। ਪੌਲੁਸ ਵਾਂਗ ਤੁਹਾਨੂੰ ਵੀ ਯਿਸੂ ਦੀ ਕੁਰਬਾਨੀ ਨੂੰ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਸਮਝਣਾ ਚਾਹੀਦਾ ਹੈ। ਯਹੋਵਾਹ ਨਾ ਸਿਰਫ਼ ਸਾਡਾ ਮੁਕਤੀਦਾਤਾ ਹੈ, ਪਰ ਉਹ ਸਾਡਾ ਫਲਦਾਤਾ ਵੀ ਹੈ।

ਸ਼ਤਾਨ ਦੀਆਂ ਖ਼ਤਰਨਾਕ ਚਾਲਾਂ ਤੋਂ ਬਚੋ

15-17. (ੳ) ਸ਼ਤਾਨ ਗ਼ਲਤ ਭਾਵਨਾਵਾਂ ਦਾ ਫ਼ਾਇਦਾ ਕਿਵੇਂ ਉਠਾਉਂਦਾ ਹੈ? (ਅ) ਸਾਨੂੰ ਅੱਯੂਬ ਦੇ ਤਜਰਬੇ ਤੋਂ ਕੀ ਹੌਸਲਾ ਮਿਲਦਾ ਹੈ?

15 ਫਿਰ ਵੀ ਸ਼ਾਇਦ ਤੁਹਾਨੂੰ ਲੱਗੇ ਕਿ ਪਰਮੇਸ਼ੁਰ ਦੇ ਬਚਨ ਵਿਚ ਦਿੱਤੀਆਂ ਤਸੱਲੀਆਂ ਤੁਹਾਡੇ ਲਈ ਨਹੀਂ ਹਨ। ਤੁਸੀਂ ਸ਼ਾਇਦ ਸੋਚੋ ਕਿ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਹਮੇਸ਼ਾ ਲਈ ਜੀਉਣ ਦੀ ਬਰਕਤ ਸਿਰਫ਼ ਦੂਸਰੇ ਲੋਕ ਪ੍ਰਾਪਤ ਕਰਨਗੇ, ਪਰ ਤੁਸੀਂ ਇਸ ਦੇ ਲਾਇਕ ਨਹੀਂ ਹੋ। ਜੇ ਤੁਸੀਂ ਇਸ ਤਰ੍ਹਾਂ ਸੋਚਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ?

16 ਤੁਸੀਂ ਪੌਲੁਸ ਦੀ ਇਸ ਗੱਲ ਤੋਂ ਵਾਕਫ਼ ਹੋਵੋਗੇ ਜੋ ਉਸ ਨੇ ਅਫ਼ਸੀਆਂ ਨੂੰ ਲਿਖੀ ਸੀ: “ਪਰਮੇਸ਼ਰ ਦੇ ਸਭ ਹਥਿਆਰਾਂ ਨੂੰ ਆਪਣੇ ਉਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖ਼ਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ।” (ਅਫ਼ਸੀਆਂ 6:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜਦ ਅਸੀਂ ਸ਼ਤਾਨ ਦੀਆਂ ਚਾਲਾਂ ਬਾਰੇ ਸੋਚਦੇ ਹਾਂ, ਤਾਂ ਝੱਟ ਸਾਡੇ ਮਨ ਵਿਚ ਮਾਇਆ ਦਾ ਜਾਲ ਜਾਂ ਅਨੈਤਿਕਤਾ ਵਰਗੀਆਂ ਗੱਲਾਂ ਆਉਂਦੀਆਂ ਹਨ। ਇਨ੍ਹਾਂ ਗੱਲਾਂ ਨੇ ਪਿੱਛਲੇ ਜ਼ਮਾਨਿਆਂ ਵਿਚ ਪਰਮੇਸ਼ੁਰ ਦੇ ਕਈ ਲੋਕਾਂ ਨੂੰ ਭਰਮਾਇਆ ਸੀ ਤੇ ਅੱਜ ਵੀ ਭਰਮਾ ਰਹੀਆਂ ਹਨ। ਪਰ ਸਾਨੂੰ ਸ਼ਤਾਨ ਦੀ ਇਕ ਹੋਰ ਚਾਲ ਨਹੀਂ ਭੁੱਲਣੀ ਚਾਹੀਦੀ। ਕਿਹੜੀ? ਸ਼ਤਾਨ ਲੋਕਾਂ ਦੇ ਮਨ ਵਿਚ ਇਹ ਗੱਲ ਪਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਨਹੀਂ ਕਰਦਾ।

17 ਸ਼ਤਾਨ ਅਜਿਹੀਆਂ ਗ਼ਲਤ ਭਾਵਨਾਵਾਂ ਦਾ ਫ਼ਾਇਦਾ ਉਠਾਉਣ ਤੇ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਨ ਵਿਚ ਮਾਹਰ ਹੈ। ਯਾਦ ਕਰੋ ਕਿ ਬਿਲਦਦ ਨੇ ਅੱਯੂਬ ਨੂੰ ਕੀ ਕਿਹਾ ਸੀ: “ਮਨੁੱਖ ਫੇਰ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰੂ, ਅਤੇ ਤੀਵੀਂ ਦਾ ਜਣਿਆ ਹੋਇਆ ਕਿਵੇਂ ਨਿਰਮਲ ਹੋਊ? ਵੇਖ, ਚੰਦ ਵਿੱਚ ਵੀ ਚਮਕ ਨਹੀਂ, ਅਤੇ ਉਹ ਦੀ ਨਿਗਾਹ ਵਿੱਚ ਤਾਰੇ ਵੀ ਨਿਰਮਲ ਨਹੀਂ। ਫੇਰ ਮਨੁੱਖ ਕਿੱਥੇ, ਜਿਹੜਾ ਕੀੜਾ ਹੀ ਹੈਗਾ, ਅਤੇ ਆਦਮੀ ਦਾ ਪੁੱਤ੍ਰ ਜਿਹੜਾ ਕਿਰਮ ਹੀ ਹੈਗਾ?” (ਅੱਯੂਬ 25:4-6; ਯੂਹੰਨਾ 8:44) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਨ੍ਹਾਂ ਸ਼ਬਦਾਂ ਨੇ ਅੱਯੂਬ ਦਾ ਹੌਸਲਾ ਕਿੰਨਾ ਢਾਹਿਆ ਹੋਣਾ? ਸੋ ਸ਼ਤਾਨ ਨੂੰ ਤੁਹਾਡਾ ਹੌਸਲਾ ਨਾ ਢਾਹੁਣ ਦਿਓ। ਇਸ ਦੀ ਬਜਾਇ ਸ਼ਤਾਨ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਪਛਾਣੋ ਤਾਂਕਿ ਤੁਸੀਂ ਹਿੰਮਤ ਨਾਲ ਉਸ ਦਾ ਸਾਮ੍ਹਣਾ ਕਰ ਕੇ ਪਰਮੇਸ਼ੁਰ ਦੀ ਸੇਵਾ ਕਰਦੇ ਰਹੋ। (2 ਕੁਰਿੰਥੀਆਂ 2:11) ਭਾਵੇਂ ਕਿ ਯਹੋਵਾਹ ਨੇ ਅੱਯੂਬ ਨੂੰ ਸੁਧਾਰਿਆ, ਫਿਰ ਵੀ ਯਹੋਵਾਹ ਨੇ ਉਸ ਦੇ ਧੀਰਜ ਦਾ ਫਲ ਦੇ ਕੇ ਉਸ ਨੂੰ ਪਹਿਲਾਂ ਨਾਲੋਂ ਦੁਗਣੀ ਬਰਕਤ ਦਿੱਤੀ।—ਅੱਯੂਬ 42:10.

ਯਹੋਵਾਹ “ਸਾਡੇ ਮਨ ਨਾਲੋਂ ਵੱਡਾ ਹੈ”

18, 19. ਯਹੋਵਾਹ ਕਿਵੇਂ “ਸਾਡੇ ਮਨ ਨਾਲੋਂ ਵੱਡਾ ਹੈ” ਅਤੇ ਉਹ ਕਿਸ ਅਰਥ ਵਿਚ “ਜਾਣੀਜਾਣ” ਹੈ?

18 ਇਹ ਸੱਚ ਹੈ ਕਿ ਦਿਲ ਵਿੱਚੋਂ ਗ਼ਲਤ ਭਾਵਨਾਵਾਂ ਨੂੰ ਕੱਢਣਾ ਬਹੁਤ ਔਖਾ ਹੈ। ਪਰ ਯਹੋਵਾਹ ਦੀ ਆਤਮਾ ‘ਪਰਮੇਸ਼ੁਰ ਦੇ ਗਿਆਨ ਦਾ ਮੁਕਾਬਲਾ ਕਰਨ ਵਾਲੀ ਹਰ ਤਰ੍ਹਾਂ ਦੀ ਮੁਸ਼ਕਲ ਨੂੰ ਹੱਲ ਕਰਨ’ ਵਿਚ ਸਾਡੀ ਮਦਦ ਕਰ ਸਕਦੀ ਹੈ। (2 ਕੁਰਿੰਥੀਆਂ 10:4, 5, ਨਵਾਂ ਅਨੁਵਾਦ) ਜਦ ਤੁਹਾਡੇ ਮਨ ਵਿਚ ਨਿਰਾਸ਼ ਕਰਨ ਵਾਲੇ ਖ਼ਿਆਲ ਆਉਂਦੇ ਹਨ, ਤਾਂ ਯੂਹੰਨਾ ਰਸੂਲ ਦੇ ਸ਼ਬਦਾਂ ਉੱਤੇ ਮਨਨ ਕਰੋ: “ਇਸ ਤੋਂ ਅਸੀਂ ਜਾਣਾਂਗੇ ਜੋ ਅਸੀਂ ਸਤ ਤੋਂ ਹਾਂ ਅਤੇ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਓਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ। ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।”—1 ਯੂਹੰਨਾ 3:19, 20.

19 ਇਸ ਦਾ ਕੀ ਮਤਲਬ ਹੈ ਕਿ “ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ”? ਕਦੀ-ਕਦੀ ਸਾਡੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਕਰਕੇ ਸਾਡਾ ਮਨ ਸ਼ਾਇਦ ਸਾਨੂੰ ਲਾਹਨਤਾਂ ਪਾਵੇ। ਜਾਂ ਹੋ ਸਕਦਾ ਹੈ ਕਿ ਆਪਣੇ ਭੈੜੇ ਪਿਛੋਕੜ ਕਾਰਨ ਅਸੀਂ ਹੀਣ-ਭਾਵਨਾ ਦੇ ਸ਼ਿਕਾਰ ਹੋ ਜਾਈਏ ਅਤੇ ਸੋਚੀਏ ਕਿ ਅਸੀਂ ਯਹੋਵਾਹ ਨੂੰ ਕਦੇ ਨਹੀਂ ਖ਼ੁਸ਼ ਕਰ ਸਕਦੇ। ਯੂਹੰਨਾ ਰਸੂਲ ਦੇ ਸ਼ਬਦ ਸਾਨੂੰ ਭਰੋਸਾ ਦਿਵਾਉਂਦੇ ਹਨ ਕਿ ਯਹੋਵਾਹ ਸਾਡੇ ਮਨ ਨਾਲੋਂ ਵੱਡਾ ਹੈ! ਉਹ ਸਾਡੀਆਂ ਗ਼ਲਤੀਆਂ ਉੱਤੇ ਧਿਆਨ ਲਾਉਣ ਦੀ ਬਜਾਇ ਸਾਡੇ ਚੰਗੇ ਗੁਣਾਂ ਨੂੰ ਦੇਖਦਾ ਹੈ। ਉਸ ਸਾਡੀ ਸੋਚ ਅਤੇ ਮਨੋਰਥਾਂ ਨੂੰ ਵੀ ਜਾਣਦਾ ਹੈ। ਦਾਊਦ ਨੇ ਲਿਖਿਆ: “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰਾਂ ਦੀ ਪੋਥੀ 103:14) ਜੀ ਹਾਂ, ਯਹੋਵਾਹ ਸਾਨੂੰ ਸਾਡੇ ਨਾਲੋਂ ਚੰਗੀ ਤਰ੍ਹਾਂ ਜਾਣਦਾ ਹੈ!

“ਸੁਹੱਪਣ ਦਾ ਮੁਕਟ” ਅਤੇ “ਸ਼ਾਹੀ ਅਮਾਮਾ”

20. ਯਸਾਯਾਹ ਦੀ ਭਵਿੱਖਬਾਣੀ ਵਿਚ ਕੀ ਦੱਸਿਆ ਹੈ ਜਿਸ ਤੋਂ ਸਾਨੂੰ ਯਹੋਵਾਹ ਦੀਆਂ ਆਪਣੇ ਲੋਕਾਂ ਲਈ ਭਾਵਨਾਵਾਂ ਬਾਰੇ ਪਤਾ ਲੱਗਦਾ ਹੈ?

20 ਯਸਾਯਾਹ ਨਬੀ ਰਾਹੀਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਦੁਬਾਰਾ ਆਪਣੇ ਦੇਸ਼ ਵਿਚ ਵਸਣ ਦੀ ਉਮੀਦ ਦਿੱਤੀ ਸੀ। ਬਾਬਲ ਵਿਚ ਗ਼ੁਲਾਮੀ ਦੌਰਾਨ ਉਨ੍ਹਾਂ ਨੂੰ ਇਸ ਗੱਲ ਤੋਂ ਦਿਲਾਸਾ ਮਿਲਣਾ ਸੀ। ਉਸ ਸਮੇਂ ਬਾਰੇ ਗੱਲ ਕਰਦੇ ਹੋਏ ਜਦ ਉਨ੍ਹਾਂ ਨੇ ਵਾਪਸ ਆਪਣੇ ਦੇਸ਼ ਆਉਣਾ ਸੀ, ਯਹੋਵਾਹ ਨੇ ਕਿਹਾ: ‘ਤੁਸੀਂ ਯਹੋਵਾਹ ਦੇ ਹੱਥ ਵਿੱਚ ਇੱਕ ਸੁਹੱਪਣ ਦਾ ਮੁਕਟ, ਅਤੇ ਆਪਣੇ ਪਰਮੇਸ਼ੁਰ ਦੇ ਹੱਥ ਵਿੱਚ ਇੱਕ ਸ਼ਾਹੀ ਅਮਾਮਾ ਹੋਵੋਗੇ।’ (ਯਸਾਯਾਹ 62:3) ਇਹ ਸ਼ਬਦ ਕਹਿ ਕੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਮਹਿਮਾ ਅਤੇ ਇੱਜ਼ਤ-ਸਤਿਕਾਰ ਨਾਲ ਸ਼ਿੰਗਾਰਿਆ। ਅੱਜ ਉਸ ਨੇ ਰੂਹਾਨੀ ਇਸਰਾਏਲ ਨਾਲ ਵੀ ਅਜਿਹਾ ਕੀਤਾ ਹੈ। ਯਹੋਵਾਹ ਨੇ ਆਪਣੇ ਲੋਕਾਂ ਨੂੰ ਉੱਚਾ ਚੁੱਕਿਆ ਹੈ ਤਾਂਕਿ ਲੋਕ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੀ ਤਾਰੀਫ਼ ਕਰ ਸਕਣ।

21. ਇਹ ਭਰੋਸਾ ਰੱਖਣ ਲਈ ਕਿ ਯਹੋਵਾਹ ਤੁਹਾਡੀ ਵਫ਼ਾਦਾਰੀ ਤੇ ਧੀਰਜ ਦਾ ਫਲ ਜ਼ਰੂਰ ਦੇਵੇਗਾ, ਤੁਹਾਨੂੰ ਕੀ ਕਰਨਾ ਚਾਹੀਦਾ ਹੈ?

21 ਭਾਵੇਂ ਇਹ ਭਵਿੱਖਬਾਣੀ ਖ਼ਾਸ ਕਰਕੇ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਲਾਗੂ ਹੁੰਦੀ ਹੈ, ਪਰ ਇਹ ਦਿਖਾਉਂਦੀ ਹੈ ਕਿ ਯਹੋਵਾਹ ਉਸ ਦੀ ਸੇਵਾ ਕਰਨ ਵਾਲਿਆਂ ਦੀ ਬਹੁਤ ਇੱਜ਼ਤ ਕਰਦਾ ਹੈ। ਇਸ ਲਈ ਜਦ ਤੁਹਾਡੇ ਮਨ ਵਿਚ ਯਹੋਵਾਹ ਦੇ ਪਿਆਰ ਬਾਰੇ ਸ਼ੱਕ ਪੈਦਾ ਹੁੰਦਾ ਹੈ, ਤਾਂ ਯਾਦ ਰੱਖੋ ਕਿ ਭਾਵੇਂ ਤੁਸੀਂ ਪਾਪੀ ਹੋ, ਫਿਰ ਵੀ ਯਹੋਵਾਹ ਦੀਆਂ ਨਜ਼ਰਾਂ ਵਿਚ ਤੁਸੀਂ ‘ਸੁਹੱਪਣ ਦੇ ਮੁਕਟ’ ਤੇ “ਸ਼ਾਹੀ ਅਮਾਮਾ” ਜਿੰਨੇ ਕੀਮਤੀ ਹੋ। ਸੋ ਯਹੋਵਾਹ ਦੀ ਮਰਜ਼ੀ ਪੂਰੀ ਕਰ ਕੇ ਉਸ ਦੇ ਦਿਲ ਨੂੰ ਖ਼ੁਸ਼ ਕਰਦੇ ਰਹੋ। (ਕਹਾਉਤਾਂ 27:11) ਫਿਰ ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਵਫ਼ਾਦਾਰੀ ਅਤੇ ਧੀਰਜ ਦਾ ਫਲ ਜ਼ਰੂਰ ਦੇਵੇਗਾ!

[ਫੁਟਨੋਟ]

^ ਪੈਰਾ 1 ਕੁਝ ਨਾਂ ਬਦਲੇ ਗਏ ਹਨ।

ਕੀ ਤੁਹਾਨੂੰ ਯਾਦ ਹੈ?

• ਅਸੀਂ ਕਿਸ ਅਰਥ ਵਿਚ ਯਹੋਵਾਹ ਦੀ “ਖਾਸ ਮਲਕੀਅਤ” ਹਾਂ?

• ਇਹ ਮੰਨਣਾ ਜ਼ਰੂਰੀ ਕਿਉਂ ਹੈ ਕਿ ਯਹੋਵਾਹ ਸਾਡਾ ਫਲਦਾਤਾ ਹੈ?

• ਸ਼ਤਾਨ ਦੀਆਂ ਕਿਹੜੀਆਂ “ਖ਼ਤਰਨਾਕ ਚਾਲਾਂ” ਤੋਂ ਬਚਣਾ ਜ਼ਰੂਰੀ ਹੈ?

• ਪਰਮੇਸ਼ੁਰ ਕਿਵੇਂ “ਸਾਡੇ ਮਨ ਨਾਲੋਂ ਵੱਡਾ” ਹੈ?

[ਸਵਾਲ]

[ਸਫ਼ੇ 26 ਉੱਤੇ ਤਸਵੀਰ]

ਪੌਲੁਸ

[ਸਫ਼ੇ 26 ਉੱਤੇ ਤਸਵੀਰ]

ਏਲੀਯਾਹ

[ਸਫ਼ੇ 26 ਉੱਤੇ ਤਸਵੀਰ]

ਹੰਨਾਹ

[ਸਫ਼ੇ 28 ਉੱਤੇ ਤਸਵੀਰ]

ਪਰਮੇਸ਼ੁਰ ਦੇ ਬਚਨ ਵਿਚ ਤਸੱਲੀ ਦੇਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਹਨ