Skip to content

Skip to table of contents

ਯਹੋਵਾਹ ਦੇ ਰਾਹ ਤੇ ਚੱਲਣ ਵਾਲਿਆਂ ਲਈ ਬਰਕਤਾਂ

ਯਹੋਵਾਹ ਦੇ ਰਾਹ ਤੇ ਚੱਲਣ ਵਾਲਿਆਂ ਲਈ ਬਰਕਤਾਂ

ਜੀਵਨੀ

ਯਹੋਵਾਹ ਦੇ ਰਾਹ ਤੇ ਚੱਲਣ ਵਾਲਿਆਂ ਲਈ ਬਰਕਤਾਂ

ਰੌਮੁਓਲਟ ਸਟਾਫਸਕੀ ਦੀ ਜ਼ਬਾਨੀ

ਮੈਂ ਨੌਂ ਸਾਲਾਂ ਦਾ ਸੀ ਜਦ ਸਤੰਬਰ 1939 ਵਿਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ। ਉੱਤਰੀ ਪੋਲੈਂਡ ਵਿਚ ਜ਼ੋਰਾਂ ਨਾਲ ਲੜਾਈ ਚੱਲ ਰਹੀ ਸੀ। ਮੈਂ ਵੀ ਲੜਾਈ ਦੇਖਣੀ ਚਾਹੁੰਦਾ ਸੀ, ਇਸ ਲਈ ਮੈਂ ਆਪਣੇ ਘਰ ਦੇ ਨੇੜੇ ਜੰਗ ਦੇ ਮੈਦਾਨ ਵਿਚ ਗਿਆ। ਉੱਥੇ ਦਾ ਨਜ਼ਾਰਾ ਮੈਂ ਕਦੀ ਨਹੀਂ ਭੁੱਲ ਸਕਦਾ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਪਈਆਂ ਸਨ ਅਤੇ ਚਾਰੇ ਤਰਫ਼ ਧੂੰਆਂ ਹੀ ਧੂੰਆਂ ਸੀ। ਮੇਰਾ ਦਮ ਘੁੱਟ ਰਿਹਾ ਸੀ ਅਤੇ ਮੈਨੂੰ ਸਹੀ-ਸਲਾਮਤ ਘਰ ਪਹੁੰਚਣ ਦੀ ਚਿੰਤਾ ਲੱਗ ਗਈ। ਪਰ ਮੇਰੇ ਮਨ ਵਿਚ ਕਈ ਸਵਾਲ ਘੁੰਮ ਰਹੇ ਸਨ: “ਇਹ ਸਭ ਕੁਝ ਕਿਉਂ ਹੋ ਰਿਹਾ ਹੈ? ਰੱਬ ਇਸ ਬਾਰੇ ਕੁਝ ਕਰਦਾ ਕਿਉਂ ਨਹੀਂ? ਉਹ ਕਿਨ੍ਹਾਂ ਦਾ ਸਾਥ ਦੇ ਰਿਹਾ ਹੈ?”

ਯੁੱਧ ਦੇ ਅੰਤ ਨੇੜੇ ਨੌਜਵਾਨਾਂ ਨੂੰ ਜਰਮਨ ਰਾਜ ਲਈ ਕੰਮ ਕਰਨ ਵਾਸਤੇ ਮਜਬੂਰ ਕੀਤਾ ਜਾਂਦਾ ਸੀ। ਜੋ ਕੋਈ ਇਨਕਾਰ ਕਰਨ ਦੀ ਜੁਰਅਤ ਕਰਦਾ ਸੀ ਉਸ ਨੂੰ ਇਕ ਦਰਖ਼ਤ ਜਾਂ ਪੁਲ ਤੋਂ ਲਟਕਾ ਕੇ ਫਾਂਸੀ ਦੇ ਦਿੱਤੀ ਜਾਂਦੀ ਸੀ ਤੇ ਫੱਟੀ ਉੱਤੇ “ਗੱਦਾਰ” ਲਿਖ ਕੇ ਉਸ ਦੇ ਗਲੇ ਵਿਚ ਪਾ ਦਿੱਤੀ ਜਾਂਦੀ ਸੀ। ਸਾਡਾ ਸ਼ਹਿਰ ਗਦੀਨੀਆ ਦੋ ਵਿਰੋਧੀ ਫ਼ੌਜਾਂ ਦੇ ਵਿਚਕਾਰ ਸੀ। ਗੋਲੀਆਂ ਤੇ ਬੰਬਾਂ ਦੀ ਬੁਛਾੜ ਵਿਚ ਸਾਨੂੰ ਪਾਣੀ ਲੈਣ ਸ਼ਹਿਰੋਂ ਬਾਹਰ ਜਾਣਾ ਪੈਂਦਾ ਸੀ। ਮੇਰਾ ਛੋਟਾ ਭਰਾ ਹੈਨਰੀਕ ਗੋਲੀ ਲੱਗਣ ਨਾਲ ਮਰ ਗਿਆ ਸੀ। ਹਾਲਾਤ ਇੰਨੇ ਖ਼ਰਾਬ ਸਨ ਕਿ ਸੁਰੱਖਿਆ ਲਈ ਮਾਤਾ ਜੀ ਅਸਾਂ ਚਾਰ ਬੱਚਿਆਂ ਨਾਲ ਤਹਿਖ਼ਾਨੇ ਵਿਚ ਜਾ ਕੇ ਰਹਿਣ ਲੱਗ ਪਏ। ਉੱਥੇ ਮੇਰਾ ਭਰਾ ਡਿਫਥੀਰੀਆ ਬੀਮਾਰੀ ਕਰਕੇ ਦਮ ਤੋੜ ਗਿਆ। ਉਹ ਸਿਰਫ਼ ਦੋ ਸਾਲ ਦਾ ਸੀ।

ਇਕ ਵਾਰ ਫਿਰ ਮੈਂ ਸੋਚਿਆ: “ਰੱਬ ਕਿੱਥੇ ਹੈ? ਉਹ ਸਾਨੂੰ ਇੰਨਾ ਦੁੱਖ ਕਿਉਂ ਦੇ ਰਿਹਾ ਹੈ?” ਭਾਵੇਂ ਮੈਂ ਕੈਥੋਲਿਕ ਧਰਮ ਨੂੰ ਮੰਨਦਾ ਸੀ ਤੇ ਬਾਕਾਇਦਾ ਚਰਚ ਵੀ ਜਾਂਦਾ ਸੀ, ਪਰ ਮੈਨੂੰ ਆਪਣੇ ਸਵਾਲਾਂ ਦੇ ਜਵਾਬ ਨਹੀਂ ਮਿਲੇ।

ਮੈਨੂੰ ਬਾਈਬਲ ਦੀ ਸੱਚਾਈ ਮਿਲੀ

ਆਖ਼ਰ ਮੈਨੂੰ ਕਿਸੇ ਤੋਂ ਆਪਣੇ ਸਵਾਲਾਂ ਦੇ ਜਵਾਬ ਮਿਲ ਹੀ ਗਏ। ਸਾਲ 1945 ਵਿਚ ਯੁੱਧ ਖ਼ਤਮ ਹੋਇਆ ਅਤੇ 1947 ਦੇ ਸ਼ੁਰੂ ਵਿਚ ਯਹੋਵਾਹ ਦੀ ਇਕ ਗਵਾਹ ਸਾਡੇ ਘਰ ਆਈ। ਮੇਰੇ ਮਾਤਾ ਜੀ ਨੇ ਉਸ ਨਾਲ ਗੱਲ ਕੀਤੀ, ਪਰ ਮੈਂ ਵੀ ਉਨ੍ਹਾਂ ਦੀਆਂ ਕੁਝ ਗੱਲਾਂ ਸੁਣੀਆਂ। ਜੋ ਉਹ ਗਵਾਹ ਕਹਿ ਰਹੀ ਸੀ ਉਹ ਸਾਨੂੰ ਠੀਕ ਲੱਗਾ ਅਤੇ ਅਸੀਂ ਮਸੀਹੀ ਸਭਾਵਾਂ ਵਿਚ ਜਾਣ ਲੱਗੇ। ਸਿਰਫ਼ ਇਕ ਮਹੀਨੇ ਬਾਅਦ ਮੈਂ ਗਵਾਹਾਂ ਨਾਲ ਰਲ ਕੇ ਪ੍ਰਚਾਰ ਕਰਨ ਲੱਗ ਪਿਆ। ਭਾਵੇਂ ਮੈਂ ਅਜੇ ਬਾਈਬਲ ਦੀਆਂ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਨਹੀਂ ਸਿੱਖੀਆਂ ਸਨ, ਪਰ ਮੈਂ ਦੂਸਰਿਆਂ ਨੂੰ ਅਜਿਹੀ ਦੁਨੀਆਂ ਬਾਰੇ ਦੱਸ ਕੇ ਬਹੁਤ ਖ਼ੁਸ਼ ਹੁੰਦਾ ਸੀ ਜਿਸ ਵਿਚ ਲੜਾਈਆਂ ਤੇ ਜ਼ੁਲਮ ਨਹੀਂ ਹੋਣਗੇ।

ਸਤੰਬਰ 1947 ਵਿਚ ਮੈਂ ਸੌਪੌਟ ਸ਼ਹਿਰ ਵਿਚ ਹੋਏ ਸਰਕਟ ਸੰਮੇਲਨ ਵਿਚ ਬਪਤਿਸਮਾ ਲਿਆ। ਫਿਰ ਮਈ 1948 ਵਿਚ ਮੈਂ ਪਾਇਨੀਅਰ ਬਣ ਗਿਆ ਅਤੇ ਇਸ ਤਰ੍ਹਾਂ ਆਪਣਾ ਜ਼ਿਆਦਾ ਸਮਾਂ ਬਾਈਬਲ ਦਾ ਪ੍ਰਚਾਰ ਕਰਨ ਵਿਚ ਬਿਤਾਉਣ ਲੱਗ ਪਿਆ। ਪਾਦਰੀ ਸਾਡੇ ਕੰਮ ਦਾ ਸਖ਼ਤ ਵਿਰੋਧ ਕਰਦੇ ਸਨ ਅਤੇ ਉਨ੍ਹਾਂ ਨੇ ਸਾਡੇ ਵਿਰੁੱਧ ਲੋਕਾਂ ਨੂੰ ਚੁੱਕਿਆ। ਇਕ ਵਾਰ ਭੀੜ ਨੇ ਗੁੱਸੇ ਵਿਚ ਆ ਕੇ ਸਾਡੇ ਪੱਥਰ ਮਾਰੇ ਅਤੇ ਸਾਨੂੰ ਬੁਰੀ ਤਰ੍ਹਾਂ ਮਾਰਿਆ-ਕੁੱਟਿਆ। ਇਕ ਹੋਰ ਮੌਕੇ ਤੇ ਕੁਝ ਨਨਾਂ ਤੇ ਪਾਦਰੀਆਂ ਨੇ ਸਾਡੇ ਉੱਤੇ ਹਮਲਾ ਕਰਨ ਲਈ ਲੋਕਾਂ ਨੂੰ ਉਕਸਾਇਆ। ਅਸੀਂ ਉਨ੍ਹਾਂ ਲੋਕਾਂ ਤੋਂ ਬਚਣ ਲਈ ਪੁਲਸ ਥਾਣੇ ਭੱਜ ਗਏ, ਪਰ ਭੀੜ ਨੇ ਥਾਣੇ ਨੂੰ ਘੇਰਾ ਪਾ ਲਿਆ। ਉਹ ਸਾਨੂੰ ਕੁੱਟਣ ਦੀਆਂ ਧਮਕੀਆਂ ਦੇ ਰਹੇ ਸਨ। ਅਖ਼ੀਰ ਵਿਚ ਸਾਡੀ ਹਿਫਾਜ਼ਤ ਕਰਨ ਲਈ ਹੋਰ ਪੁਲਸ ਵਾਲੇ ਆਏ ਤੇ ਉਹ ਸਾਨੂੰ ਸਹੀ-ਸਲਾਮਤ ਘਰ ਲੈ ਗਏ।

ਉਸ ਸਮੇਂ ਜਿਸ ਇਲਾਕੇ ਵਿਚ ਅਸੀਂ ਪ੍ਰਚਾਰ ਕਰਦੇ ਸੀ, ਉੱਥੇ ਕੋਈ ਕਲੀਸਿਯਾ ਨਹੀਂ ਸੀ। ਅਸੀਂ ਕਈ ਰਾਤਾਂ ਬਾਹਰ ਜੰਗਲ ਵਿਚ ਹੀ ਕੱਟੀਆਂ। ਪਰ ਅਸੀਂ ਖ਼ੁਸ਼ ਸੀ ਕਿ ਮੁਸ਼ਕਲਾਂ ਦੇ ਬਾਵਜੂਦ ਅਸੀਂ ਪ੍ਰਚਾਰ ਕਰ ਸਕਦੇ ਸੀ। ਅੱਜ ਉਸ ਇਲਾਕੇ ਵਿਚ ਕਈ ਕਲੀਸਿਯਾਵਾਂ ਹਨ।

ਬੈਥਲ ਵਿਚ ਸੇਵਾ ਅਤੇ ਗਿਰਫ਼ਤਾਰੀ

ਸਾਲ 1949 ਵਿਚ ਮੈਨੂੰ ਲੂਜ ਵਿਚ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਮੇਰੇ ਲਈ ਬੈਥਲ ਵਿਚ ਸੇਵਾ ਕਰਨੀ ਬਹੁਤ ਵੱਡਾ ਸਨਮਾਨ ਸੀ! ਅਫ਼ਸੋਸ ਕਿ ਮੈਂ ਉੱਥੇ ਬਹੁਤੀ ਦੇਰ ਨਹੀਂ ਰਹਿ ਸਕਿਆ। ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗਣ ਤੋਂ ਇਕ ਮਹੀਨਾ ਪਹਿਲਾਂ ਜੂਨ 1950 ਵਿਚ ਮੈਨੂੰ ਹੋਰਨਾਂ ਭਰਾਵਾਂ ਦੇ ਨਾਲ ਗਿਰਫ਼ਤਾਰ ਕਰ ਲਿਆ ਗਿਆ। ਮੈਨੂੰ ਜੇਲ੍ਹ ਵਿਚ ਸੁੱਟਿਆ ਗਿਆ ਅਤੇ ਮੇਰੇ ਤੋਂ ਬੇਰਹਿਮੀ ਨਾਲ ਪੁੱਛ-ਗਿੱਛ ਕੀਤੀ ਗਈ।

ਮੇਰੇ ਪਿਤਾ ਜੀ ਇਕ ਸਮੁੰਦਰੀ ਜਹਾਜ਼ ਤੇ ਕੰਮ ਕਰਦੇ ਸਨ ਜੋ ਬਾਕਾਇਦਾ ਨਿਊਯਾਰਕ ਆਉਂਦਾ-ਜਾਂਦਾ ਸੀ। ਇਸ ਲਈ ਪੁੱਛ-ਗਿੱਛ ਕਰਨ ਵਾਲੇ ਪੁਲਸ ਅਫ਼ਸਰਾਂ ਨੇ ਮੇਰੇ ਕੋਲੋਂ ਇਹ ਮੰਨਵਾਉਣ ਦੀ ਕੋਸ਼ਿਸ਼ ਕੀਤੀ ਕਿ ਪਿਤਾ ਜੀ ਅਮਰੀਕਾ ਲਈ ਜਾਸੂਸੀ ਕਰ ਰਹੇ ਸਨ। ਉਨ੍ਹਾਂ ਨੇ ਮੇਰੇ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ। ਇਸ ਤੋਂ ਇਲਾਵਾ, ਚਾਰ ਪੁਲਸ ਅਫ਼ਸਰਾਂ ਨੇ ਮਿਲ ਕੇ ਮੈਨੂੰ ਭਰਾ ਵਿਲਹੈਲਮ ਸ਼ਾਇਡਰ ਦੇ ਖ਼ਿਲਾਫ਼ ਗਵਾਹੀ ਦੇਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਉਦੋਂ ਭਰਾ ਸ਼ਾਇਡਰ ਪੋਲੈਂਡ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਨਿਗਰਾਨੀ ਕਰ ਰਹੇ ਸਨ। ਪੁਲਸ ਅਫ਼ਸਰਾਂ ਨੇ ਮੋਟੇ-ਮੋਟੇ ਡੰਡੇ ਮੇਰੀਆਂ ਅੱਡੀਆਂ ਤੇ ਮਾਰ-ਮਾਰ ਕੇ ਮੈਨੂੰ ਲਹੂ-ਲੁਹਾਨ ਕਰ ਦਿੱਤਾ। ਮੈਂ ਹੋਰ ਨਹੀਂ ਸਹਿ ਸਕਦਾ ਸੀ, ਇਸ ਲਈ ਮੈਂ ਜ਼ਮੀਨ ਤੇ ਪਏ-ਪਏ ਯਹੋਵਾਹ ਅੱਗੇ ਤਰਲੇ ਕੀਤੇ, “ਹੇ ਯਹੋਵਾਹ, ਮੇਰੀ ਮਦਦ ਕਰ!” ਇਹ ਸੁਣ ਕੇ ਪੁਲਸ ਵਾਲੇ ਹੈਰਾਨ ਹੋਏ ਅਤੇ ਉਹ ਮੈਨੂੰ ਮਾਰਨੋਂ ਹਟ ਗਏ। ਫਿਰ ਕੁਝ ਹੀ ਮਿੰਟਾਂ ਵਿਚ ਉਹ ਸੌਂ ਗਏ। ਮੈਂ ਸੁਖ ਦਾ ਸਾਹ ਲਿਆ ਤੇ ਮੇਰੀ ਜਾਨ ਵਿਚ ਜਾਨ ਆਈ। ਇਸ ਤਜਰਬੇ ਤੋਂ ਮੈਂ ਸਿੱਖਿਆ ਕਿ ਜਦੋਂ ਯਹੋਵਾਹ ਦੇ ਵਫ਼ਾਦਾਰ ਸੇਵਕ ਉਸ ਨੂੰ ਦੁਹਾਈ ਦਿੰਦੇ ਹਨ, ਤਾਂ ਉਹ ਉਨ੍ਹਾਂ ਦੀ ਸੁਣਦਾ ਹੈ। ਮੇਰੀ ਨਿਹਚਾ ਹੋਰ ਵੀ ਪੱਕੀ ਹੋਈ ਤੇ ਮੈਂ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖਣਾ ਸਿੱਖਿਆ।

ਇਸ ਪੁੱਛ-ਪੜਤਾਲ ਦੀ ਰਿਪੋਰਟ ਵਿਚ ਉਹ ਗੱਲਾਂ ਲਿਖੀਆਂ ਗਈਆਂ ਜੋ ਮੈਂ ਕਹੀਆਂ ਹੀ ਨਹੀਂ। ਜਦ ਮੈਂ ਇਸ ਤੇ ਇਤਰਾਜ਼ ਕੀਤਾ, ਤਾਂ ਇਕ ਅਫ਼ਸਰ ਨੇ ਮੈਨੂੰ ਕਿਹਾ, “ਤੂੰ ਅਦਾਲਤ ਵਿਚ ਆਪਣੀ ਸਫ਼ਾਈ ਪੇਸ਼ ਕਰੀਂ!” ਮੇਰੇ ਨਾਲ ਦੇ ਇਕ ਕੈਦੀ ਨੇ ਮੈਨੂੰ ਤਸੱਲੀ ਦਿੰਦੇ ਹੋਏ ਕਿਹਾ: ‘ਫ਼ਿਕਰ ਨਾ ਕਰੋ ਕਿਉਂਕਿ ਮਿਲਟਰੀ ਵਕੀਲ ਰਿਪੋਰਟ ਦੁਬਾਰਾ ਦੇਖੇਗਾ ਜਿਸ ਵੇਲੇ ਤੁਸੀਂ ਉਸ ਨੂੰ ਸੱਚ ਦੱਸ ਸਕੋਗੇ।’ ਉਸ ਦੀ ਗੱਲ ਸੱਚ ਨਿਕਲੀ ਤੇ ਮੈਨੂੰ ਆਪਣੀ ਸਫ਼ਾਈ ਪੇਸ਼ ਕਰਨ ਦਾ ਮੌਕਾ ਮਿਲਿਆ।

ਸਰਕਟ ਕੰਮ ਅਤੇ ਦੁਬਾਰਾ ਕੈਦ ਵਿਚ

ਮੈਨੂੰ ਜਨਵਰੀ 1951 ਵਿਚ ਰਿਹਾ ਕੀਤਾ ਗਿਆ। ਇਕ ਮਹੀਨੇ ਬਾਅਦ ਮੈਂ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ। ਸਾਡੇ ਕੰਮ ਤੇ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਮੈਂ ਹੋਰਨਾਂ ਭਰਾਵਾਂ ਨਾਲ ਕੰਮ ਕੀਤਾ ਅਤੇ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ। ਅਸੀਂ ਖ਼ਾਸ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਜਿਨ੍ਹਾਂ ਨੂੰ ਖੁਫੀਆ ਪੁਲਸ ਤੋਂ ਬਚਣ ਲਈ ਆਪਣਾ ਸਭ ਕੁਝ ਛੱਡ ਕੇ ਭੱਜਣਾ ਪਿਆ ਸੀ। ਅਸੀਂ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਦੇ ਰਹਿਣ ਦਾ ਹੌਸਲਾ ਦਿੱਤਾ। ਬਾਅਦ ਵਿਚ ਇਨ੍ਹਾਂ ਭੈਣਾਂ-ਭਰਾਵਾਂ ਨੇ ਦਲੇਰੀ ਨਾਲ ਸਫ਼ਰੀ ਨਿਗਾਹਬਾਨਾਂ ਦਾ ਸਾਥ ਦਿੱਤਾ ਅਤੇ ਲੁਕ-ਛਿਪ ਕੇ ਬਾਈਬਲ ਦੇ ਪ੍ਰਕਾਸ਼ਨ ਛਾਪਣ ਅਤੇ ਵੰਡਣ ਵਿਚ ਮਦਦ ਕੀਤੀ।

ਇਕ ਦਿਨ ਅਪ੍ਰੈਲ 1951 ਵਿਚ ਜਦੋਂ ਮੈਂ ਮਸੀਹੀ ਸਭਾ ਤੋਂ ਵਾਪਸ ਆ ਰਿਹਾ ਸੀ, ਤਾਂ ਰਾਹ ਵਿਚ ਖੁਫੀਆ ਪੁਲਸ ਨੇ ਮੈਨੂੰ ਗਿਰਫ਼ਤਾਰ ਕਰ ਲਿਆ। ਉਹ ਮੇਰੇ ਉੱਤੇ ਸਖ਼ਤ ਨਜ਼ਰ ਰੱਖ ਰਹੇ ਸਨ। ਜਦੋਂ ਮੈਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ, ਤਾਂ ਉਹ ਮੈਨੂੰ ਬਿਡਗੋਸ਼ ਸ਼ਹਿਰ ਦੀ ਜੇਲ੍ਹ ਵਿਚ ਲੈ ਗਏ ਅਤੇ ਉਸੇ ਰਾਤ ਮੇਰੇ ਤੋਂ ਪੁੱਛ-ਪੜਤਾਲ ਕੀਤੀ। ਮੈਨੂੰ ਛੇ ਦਿਨ ਤੇ ਛੇ ਰਾਤਾਂ ਕੰਧ ਨਾਲ ਲੱਗ ਕੇ ਖੜ੍ਹਾ ਰਹਿਣਾ ਪਿਆ। ਮੈਨੂੰ ਨਾ ਕੁਝ ਖਾਣ ਨੂੰ ਦਿੱਤਾ ਤੇ ਨਾ ਕੁਝ ਪੀਣ ਨੂੰ। ਪੁਲਸ ਅਫ਼ਸਰਾਂ ਦੀਆਂ ਸਿਗਰਟਾਂ ਕਰਕੇ ਕਮਰੇ ਵਿਚ ਧੂੰਆਂ ਹੀ ਧੂੰਆਂ ਸੀ। ਮੈਨੂੰ ਕੁੱਟਿਆ-ਮਾਰਿਆ ਗਿਆ ਤੇ ਸਿਗਰਟਾਂ ਨਾਲ ਸਾੜਿਆ ਗਿਆ। ਜਦ ਮੈਂ ਬੇਹੋਸ਼ ਹੋ ਜਾਂਦਾ ਸੀ, ਤਾਂ ਉਹ ਮੇਰੇ ਉੱਤੇ ਪਾਣੀ ਸੁੱਟ ਕੇ ਦੁਬਾਰਾ ਪੁੱਛ-ਪੜਤਾਲ ਸ਼ੁਰੂ ਕਰ ਦਿੰਦੇ ਸਨ। ਮੈਂ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਉਹ ਮੈਨੂੰ ਇਹ ਸਭ ਕੁਝ ਸਹਿਣ ਦੀ ਸ਼ਕਤੀ ਦੇਵੇ ਅਤੇ ਉਸ ਨੇ ਮੇਰੀ ਸੁਣ ਲਈ।

ਬਿਡਗੋਸ਼ ਜੇਲ੍ਹ ਵਿਚ ਰਹਿਣ ਦੇ ਕੁਝ ਫ਼ਾਇਦੇ ਵੀ ਸੀ। ਉੱਥੇ ਮੈਂ ਦੂਸਰੇ ਕੈਦੀਆਂ ਨੂੰ ਬਾਈਬਲ ਦੀਆਂ ਗੱਲਾਂ ਦੱਸ ਸਕਿਆ ਜਿਨ੍ਹਾਂ ਨੂੰ ਸ਼ਾਇਦ ਇਹ ਗੱਲਾਂ ਸੁਣਨ ਦਾ ਮੌਕਾ ਨਾ ਮਿਲਦਾ। ਉਨ੍ਹਾਂ ਨੂੰ ਪ੍ਰਚਾਰ ਕਰਨਾ ਬਹੁਤ ਆਸਾਨ ਸੀ ਕਿਉਂਕਿ ਆਪਣੀ ਦੁਖੀ ਤੇ ਨਿਰਾਸ਼ਾਜਨਕ ਹਾਲਤ ਕਰਕੇ ਉਨ੍ਹਾਂ ਨੇ ਬਾਈਬਲ ਦਾ ਸੰਦੇਸ਼ ਖ਼ੁਸ਼ੀ ਨਾਲ ਸੁਣਿਆ ਤੇ ਦਿਲਾਸਾ ਹਾਸਲ ਕੀਤਾ।

ਦੋ ਅਹਿਮ ਤਬਦੀਲੀਆਂ

ਸਾਲ 1952 ਵਿਚ ਜੇਲ੍ਹ ਤੋਂ ਰਿਹਾ ਹੋਣ ਤੋਂ ਥੋੜ੍ਹੀ ਦੇਰ ਬਾਅਦ ਮੈਂ ਨੈੱਲਾ ਨੂੰ ਮਿਲਿਆ। ਉਹ ਇਕ ਜੋਸ਼ੀਲੀ ਪਾਇਨੀਅਰ ਸੀ ਜੋ ਦੱਖਣੀ ਪੋਲੈਂਡ ਵਿਚ ਪ੍ਰਚਾਰ ਕਰ ਰਹੀ ਸੀ। ਬਾਅਦ ਵਿਚ ਉਸ ਨੇ ਗੁਪਤ ਥਾਵਾਂ ਤੇ ਬਾਈਬਲ ਦਾ ਸਾਹਿੱਤ ਛਾਪਣ ਦੇ ਕੰਮ ਵਿਚ ਵੀ ਮਦਦ ਕੀਤੀ। ਅਸੀਂ ਇਨ੍ਹਾਂ ਥਾਵਾਂ ਨੂੰ “ਬੇਕਰੀ” ਕਹਿੰਦੇ ਸੀ ਕਿਉਂਕਿ ਇੱਥੇ ਰੂਹਾਨੀ ਖ਼ੁਰਾਕ ਤਿਆਰ ਹੁੰਦੀ ਸੀ। ਲੁਕ-ਛਿਪ ਕੇ ਸਾਹਿੱਤ ਛਾਪਣਾ ਬਹੁਤ ਮੁਸ਼ਕਲ ਕੰਮ ਸੀ ਜਿਸ ਵਿਚ ਭੈਣਾਂ-ਭਰਾਵਾਂ ਨੂੰ ਹਰ ਪਲ ਸਾਵਧਾਨ ਰਹਿਣਾ ਪੈਂਦਾ ਸੀ ਅਤੇ ਕਈ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਸਨ। ਮੇਰਾ ਤੇ ਨੈੱਲਾ ਦਾ ਵਿਆਹ 1954 ਵਿਚ ਹੋਇਆ ਅਤੇ ਅਸੀਂ ਸੇਵਾ ਵਿਚ ਆਪਣਾ ਪੂਰਾ ਸਮਾਂ ਲਾਇਆ। ਫਿਰ ਜਦੋਂ ਸਾਡੀ ਕੁੜੀ ਲਿਡਿਆ ਪੈਦਾ ਹੋਈ, ਤਾਂ ਉਦੋਂ ਅਸੀਂ ਫ਼ੈਸਲਾ ਕੀਤਾ ਕਿ ਨੈੱਲਾ ਘਰ ਰਹਿ ਕੇ ਲਿਡਿਆ ਦੀ ਦੇਖ-ਭਾਲ ਕਰੇਗੀ ਜਦ ਕਿ ਮੈਂ ਸਫ਼ਰੀ ਨਿਗਾਹਬਾਨ ਦਾ ਕੰਮ ਜਾਰੀ ਰੱਖਾਂਗਾ।

ਉਸੇ ਸਾਲ ਸਾਨੂੰ ਇਕ ਹੋਰ ਅਹਿਮ ਫ਼ੈਸਲਾ ਕਰਨਾ ਪਿਆ। ਮੈਨੂੰ ਜ਼ਿਲ੍ਹਾ ਨਿਗਾਹਬਾਨ ਦੇ ਤੌਰ ਤੇ ਪੋਲੈਂਡ ਦੇ ਇਕ-ਤਿਹਾਈ ਹਿੱਸੇ ਵਿਚ ਭੈਣਾਂ-ਭਰਾਵਾਂ ਨੂੰ ਮਿਲਣ ਤੇ ਉਨ੍ਹਾਂ ਦਾ ਹੌਸਲਾ ਵਧਾਉਣ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਸੀ। ਅਸੀਂ ਇਸ ਬਾਰੇ ਪ੍ਰਾਰਥਨਾ ਕੀਤੀ। ਮੈਂ ਜਾਣਦਾ ਸੀ ਕਿ ਪਾਬੰਦੀ ਕਰਕੇ ਭਰਾਵਾਂ ਨੂੰ ਹੌਸਲੇ ਦੀ ਕਿੰਨੀ ਜ਼ਰੂਰਤ ਸੀ। ਬਹੁਤ ਸਾਰੇ ਭਰਾਵਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ ਜਿਸ ਕਰਕੇ ਬਾਕੀ ਭੈਣਾਂ-ਭਰਾਵਾਂ ਦੀ ਨਿਹਚਾ ਨੂੰ ਮਜ਼ਬੂਤ ਕਰਨ ਦੀ ਸਖ਼ਤ ਲੋੜ ਸੀ। ਮੈਂ ਇਹ ਜ਼ਿੰਮੇਵਾਰੀ ਸਵੀਕਾਰ ਕਰ ਲਈ ਤੇ ਨੈੱਲਾ ਨੇ ਮੇਰਾ ਪੂਰਾ ਸਾਥ ਦਿੱਤਾ। ਯਹੋਵਾਹ ਦੀ ਮਦਦ ਨਾਲ ਮੈਂ 38 ਸਾਲਾਂ ਤਕ ਇਸ ਕੰਮ ਵਿਚ ਲੱਗਾ ਰਿਹਾ।

“ਬੇਕਰੀਆਂ” ਦੀ ਜ਼ਿੰਮੇਵਾਰੀ

ਉਨ੍ਹੀਂ ਦਿਨੀਂ ਇਕਾਂਤ ਥਾਵਾਂ ਵਿਚ ਬਣੀਆਂ “ਬੇਕਰੀਆਂ” ਦੀ ਜ਼ਿੰਮੇਵਾਰੀ ਜ਼ਿਲ੍ਹਾ ਨਿਗਾਹਬਾਨ ਦੀ ਹੁੰਦੀ ਸੀ। ਪੁਲਸ ਹੱਥ ਧੋ ਕੇ ਸਾਡੇ ਪਿੱਛੇ ਲੱਗੀ ਹੋਈ ਸੀ। ਉਹ ਸਾਡਾ ਛਾਪਾਖਾਨਾ ਲੱਭ ਕੇ ਛਪਾਈ ਦਾ ਕੰਮ ਬੰਦ ਕਰਵਾਉਣਾ ਚਾਹੁੰਦੇ ਸਨ। ਕਦੀ-ਕਦੀ ਉਹ ਆਪਣੇ ਉਦੇਸ਼ ਵਿਚ ਸਫ਼ਲ ਹੋ ਜਾਂਦੇ ਸਨ, ਪਰ ਯਹੋਵਾਹ ਦੀ ਕਿਰਪਾ ਨਾਲ ਸਾਨੂੰ ਹਮੇਸ਼ਾ ਰੂਹਾਨੀ ਭੋਜਨ ਮਿਲਦਾ ਰਿਹਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਯਹੋਵਾਹ ਨੇ ਹਮੇਸ਼ਾ ਸਾਡੀ ਦੇਖ-ਭਾਲ ਕੀਤੀ।

ਛਪਾਈ ਦਾ ਮੁਸ਼ਕਲ ਤੇ ਖ਼ਤਰਨਾਕ ਕੰਮ ਕਰਨ ਲਈ ਭੈਣਾਂ-ਭਰਾਵਾਂ ਦਾ ਵਫ਼ਾਦਾਰ, ਚੌਕਸ ਤੇ ਆਗਿਆਕਾਰ ਹੋਣਾ ਜ਼ਰੂਰੀ ਸੀ। ਇਨ੍ਹਾਂ ਗੁਣਾਂ ਕਰਕੇ ਹੀ ਭੈਣ-ਭਰਾ ਖੁਫੀਆ ਪੁਲਸ ਤੋਂ ਬਚ-ਬਚਾ ਕੇ ਛਪਾਈ ਦਾ ਕੰਮ ਕਰਨ ਵਿਚ ਸਫ਼ਲ ਹੋ ਸਕੇ ਸਨ। ਇਸ ਕੰਮ ਲਈ ਕੋਈ ਚੰਗੀ ਜਗ੍ਹਾ ਲੱਭਣੀ ਬਹੁਤ ਮੁਸ਼ਕਲ ਸੀ। ਕੁਝ ਥਾਵਾਂ ਵਧੀਆ ਸਨ, ਪਰ ਉੱਥੇ ਦੇ ਭੈਣ-ਭਰਾ ਸਾਵਧਾਨੀ ਵਰਤਣ ਵਿਚ ਲਾਪਰਵਾਹ ਸਨ। ਹੋਰ ਥਾਵਾਂ ਤੇ ਭੈਣ-ਭਰਾ ਸਚੇਤ ਸਨ, ਪਰ ਥਾਂ ਠੀਕ ਨਹੀਂ ਹੁੰਦੀ ਸੀ। ਭੈਣ-ਭਰਾ ਛਪਾਈ ਦਾ ਕੰਮ ਜਾਰੀ ਰੱਖਣ ਲਈ ਕੁਝ ਵੀ ਕਰਨ ਲਈ ਤਿਆਰ ਸਨ। ਮੈਂ ਉਨ੍ਹਾਂ ਸਾਰਿਆਂ ਭੈਣ-ਭਰਾਵਾਂ ਦੀ ਸੱਚ-ਮੁੱਚ ਕਦਰ ਕਰਦਾ ਹਾਂ ਜਿਨ੍ਹਾਂ ਨਾਲ ਮੈਂ ਕੰਮ ਕੀਤਾ।

ਖ਼ੁਸ਼ ਖ਼ਬਰੀ ਦੇ ਲਈ ਮੁਕੱਦਮੇ ਲੜਨੇ

ਉਨ੍ਹਾਂ ਮੁਸ਼ਕਲ ਸਾਲਾਂ ਦੌਰਾਨ ਸਾਡੇ ਉੱਤੇ ਗ਼ੈਰ-ਕਾਨੂੰਨੀ ਕੰਮ ਕਰਨ ਅਤੇ ਸਰਕਾਰ ਨੂੰ ਪਲਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਸੀ ਤੇ ਸਾਨੂੰ ਕਈ ਵਾਰ ਅਦਾਲਤ ਵਿਚ ਘੜੀਸਿਆ ਗਿਆ। ਇਹ ਸਾਡੇ ਲਈ ਇਕ ਵੱਡੀ ਸਮੱਸਿਆ ਸੀ ਕਿਉਂਕਿ ਮੁਕੱਦਮੇ ਲੜਨ ਲਈ ਸਾਡੇ ਕੋਲ ਵਕੀਲ ਨਹੀਂ ਸਨ। ਕੁਝ ਵਕੀਲਾਂ ਨੇ ਸਾਡੇ ਨਾਲ ਹਮਦਰਦੀ ਕੀਤੀ, ਪਰ ਉਹ ਗਵਾਹਾਂ ਲਈ ਮੁਕੱਦਮਾ ਲੜਨ ਦੀ ਬਦਨਾਮੀ ਤੋਂ ਡਰਦੇ ਸਨ ਅਤੇ ਉੱਚ ਅਧਿਕਾਰੀਆਂ ਦੇ ਖ਼ਿਲਾਫ਼ ਜਾਣ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਸਨ। ਪਰ ਯਹੋਵਾਹ ਸਾਡੀਆਂ ਲੋੜਾਂ ਜਾਣਦਾ ਸੀ ਅਤੇ ਸਮੇਂ ਸਿਰ ਉਸ ਨੇ ਸਾਡੀ ਮਦਦ ਕੀਤੀ।

ਕ੍ਰਕਊ ਦਾ ਜੰਮਪਲ ਭਰਾ ਪ੍ਰੌਸਟਾਕ ਇਕ ਸਫ਼ਰੀ ਨਿਗਾਹਬਾਨ ਸੀ। ਉਸ ਤੋਂ ਪੁੱਛ-ਪੜਤਾਲ ਕਰਦੇ ਸਮੇਂ ਪੁਲਿਸ ਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਨੂੰ ਹਸਪਤਾਲ ਲੈ ਜਾਣਾ ਪਿਆ। ਉਹ ਹਰ ਤਰ੍ਹਾਂ ਦੇ ਮਾਨਸਿਕ ਤੇ ਸਰੀਰਕ ਤਸੀਹੇ ਸਹਿ ਕੇ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ ਜਿਸ ਕਰਕੇ ਉਸ ਨੇ ਹਸਪਤਾਲ ਵਿਚ ਦੂਜੇ ਕੈਦੀਆਂ ਦਾ ਦਿਲ ਜਿੱਤ ਲਿਆ। ਇਨ੍ਹਾਂ ਵਿੱਚੋਂ ਇਕ ਬੰਦਾ ਵੀਟੌਲਡ ਲੀਸ-ਔਲਸ਼ਵਸਕੀ ਸੀ। ਉਹ ਭਰਾ ਪ੍ਰੌਸਟਾਕ ਦੀ ਹਿੰਮਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਕਈ ਵਾਰ ਉਸ ਨਾਲ ਗੱਲਬਾਤ ਕੀਤੀ ਅਤੇ ਵਾਅਦਾ ਕੀਤਾ, “ਰਿਹਾ ਹੋਣ ਤੋਂ ਬਾਅਦ ਮੈਂ ਯਹੋਵਾਹ ਦੇ ਗਵਾਹਾਂ ਦੇ ਮੁਕੱਦਮੇ ਲੜਾਂਗਾ।” ਉਹ ਆਪਣੇ ਵਚਨ ਦਾ ਪੱਕਾ ਰਿਹਾ।

ਸ਼੍ਰੀ ਔਲਸ਼ਵਸਕੀ ਨੇ ਆਪਣੇ ਵਕੀਲਾਂ ਦੀ ਟੀਮ ਇਕੱਠੀ ਕੀਤੀ ਅਤੇ ਉਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ। ਉਸ ਸਮੇਂ ਜਦ ਸਾਡਾ ਡਾਢਾ ਵਿਰੋਧ ਕੀਤਾ ਜਾ ਰਿਹਾ ਸੀ, ਤਾਂ ਇਨ੍ਹਾਂ ਵਕੀਲਾਂ ਨੇ ਇਕ ਮਹੀਨੇ ਵਿਚ 30 ਮੁਕੱਦਮੇ ਲੜੇ—ਹਰ ਰੋਜ਼ ਇਕ! ਸ਼੍ਰੀ ਔਲਸ਼ਵਸਕੀ ਨੂੰ ਹਰ ਮੁਕੱਦਮੇ ਦੀ ਪੂਰੀ ਜਾਣਕਾਰੀ ਦੇਣੀ ਜ਼ਰੂਰੀ ਸੀ, ਇਸ ਕਰਕੇ ਮੈਨੂੰ ਇਹ ਕੰਮ ਸੌਂਪਿਆ ਗਿਆ। ਮੈਂ 1960 ਤੇ 1970 ਦੇ ਦਹਾਕਿਆਂ ਦੌਰਾਨ ਸੱਤ ਸਾਲ ਉਸ ਨਾਲ ਕੰਮ ਕੀਤਾ।

ਉਨ੍ਹੀਂ ਦਿਨੀਂ ਮੈਂ ਕਾਨੂੰਨੀ ਕਾਰਵਾਈਆਂ ਬਾਰੇ ਬਹੁਤ ਕੁਝ ਸਿੱਖਿਆ। ਮੁਕੱਦਮੇ ਦੌਰਾਨ ਮੈਂ ਸਭ ਕੁਝ ਬੜੇ ਧਿਆਨ ਨਾਲ ਦੇਖਦਾ ਅਤੇ ਸੁਣਦਾ ਸੀ, ਜਿਵੇਂ ਕਿ ਵਕੀਲਾਂ ਦੀਆਂ ਸਹੀ ਤੇ ਗ਼ਲਤ ਦਲੀਲਾਂ, ਸਫ਼ਾਈ ਪੇਸ਼ ਕਰਨ ਦੇ ਤਰੀਕੇ ਅਤੇ ਦੋਸ਼ੀ ਠਹਿਰਾਏ ਗਏ ਭੈਣਾਂ-ਭਰਾਵਾਂ ਦੇ ਬਿਆਨ। ਮੈਂ ਇਹ ਸਭ ਜਾਣਕਾਰੀ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਵਰਤ ਸਕਿਆ। ਕਿਸ ਤਰ੍ਹਾਂ? ਮੈਂ ਉਨ੍ਹਾਂ ਨੂੰ ਸਿਖਾ ਸਕਿਆ ਕਿ ਉਨ੍ਹਾਂ ਨੇ ਅਦਾਲਤ ਵਿਚ ਕਦੋਂ ਬੋਲਣਾ ਹੈ ਅਤੇ ਕਦੋਂ ਚੁੱਪ ਰਹਿਣਾ ਹੈ। ਇਹ ਸਿਖਲਾਈ ਖ਼ਾਸ ਕਰਕੇ ਉਨ੍ਹਾਂ ਭੈਣਾਂ-ਭਰਾਵਾਂ ਦੇ ਕੰਮ ਆਉਂਦੀ ਸੀ ਜਿਨ੍ਹਾਂ ਨੂੰ ਬਿਆਨ ਦੇਣ ਲਈ ਸੱਦਿਆ ਜਾਂਦਾ ਸੀ।

ਮੁਕੱਦਮਿਆਂ ਦੌਰਾਨ ਸ਼੍ਰੀ ਔਲਸ਼ਵਸਕੀ ਅਕਸਰ ਯਹੋਵਾਹ ਦੇ ਗਵਾਹਾਂ ਦੇ ਘਰਾਂ ਵਿਚ ਰਹਿੰਦਾ ਸੀ। ਇਸ ਦਾ ਕਾਰਨ ਇਹ ਨਹੀਂ ਸੀ ਕਿ ਉਹ ਹੋਟਲ ਦਾ ਕਿਰਾਇਆ ਨਹੀਂ ਦੇ ਸਕਦਾ ਸੀ, ਪਰ ਇਸ ਲਈ ਕਿ ਉਹ ਗਵਾਹਾਂ ਦੀ ਸੋਚ ਅਤੇ ਭਾਵਨਾਵਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣਾ ਚਾਹੁੰਦਾ ਸੀ। ਉਸ ਦੀ ਸਹਾਇਤਾ ਨਾਲ ਅਸੀਂ ਕਈ ਮੁਕੱਦਮੇ ਜਿੱਤੇ। ਉਸ ਨੇ ਕਈ ਵਾਰ ਮੇਰੇ ਮੁਕੱਦਮੇ ਲੜੇ, ਪਰ ਮੇਰੇ ਤੋਂ ਪੈਸੇ ਨਹੀਂ ਲਏ। ਇਕ ਵਾਰ ਉਸ ਨੇ 30 ਮੁਕੱਦਮੇ ਲੜਨ ਦੀ ਫ਼ੀਸ ਨਹੀਂ ਲਈ। ਉਸ ਨੇ ਕਿਹਾ: “ਮੈਂ ਤੁਹਾਡੇ ਕੰਮ ਵਿਚ ਥੋੜ੍ਹਾ-ਬਹੁਤ ਯੋਗਦਾਨ ਪਾਉਣਾ ਚਾਹੁੰਦਾ ਹਾਂ।” ਅਸਲ ਵਿਚ ਉਸ ਦਾ ਯੋਗਦਾਨ ਥੋੜ੍ਹਾ ਨਹੀਂ ਸੀ ਕਿਉਂਕਿ ਫ਼ੀਸ ਨਾ ਲੈ ਕੇ ਉਸ ਨੇ ਸਾਡਾ ਕਾਫ਼ੀ ਸਾਰਾ ਪੈਸਾ ਬਚਾਇਆ। ਭਾਵੇਂ ਸ਼੍ਰੀ ਔਲਸ਼ਵਸਕੀ ਤੇ ਉਸ ਦੇ ਵਕੀਲਾਂ ਦੀਆਂ ਸਰਗਰਮੀਆਂ ਪੁਲਸ ਦੀਆਂ ਨਜ਼ਰਾਂ ਤੋਂ ਬਚੀਆਂ ਹੋਈਆਂ ਨਹੀਂ ਸਨ, ਫਿਰ ਵੀ ਉਹ ਸਾਡੀ ਮਦਦ ਕਰਨ ਤੋਂ ਪਿੱਛੇ ਨਹੀਂ ਹਟੇ।

ਮੁਕੱਦਮਿਆਂ ਦੌਰਾਨ ਸਾਡੇ ਭੈਣਾਂ-ਭਰਾਵਾਂ ਨੇ ਨਿਹਚਾ ਤੇ ਪਿਆਰ ਦੀ ਵਧੀਆ ਮਿਸਾਲ ਕਾਇਮ ਕੀਤੀ। ਉਹ ਭੈਣ-ਭਰਾਵਾਂ ਦੇ ਕੇਸ ਦੀ ਸੁਣਵਾਈ ਲਈ ਅਦਾਲਤ ਵਿਚ ਆਉਂਦੇ ਅਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਸਨ। ਇਕ ਸਾਲ ਦੌਰਾਨ ਜਦ ਬਹੁਤ ਸਾਰੇ ਮੁਕੱਦਮੇ ਲੜੇ ਜਾ ਰਹੇ ਸਨ, ਮੈਂ ਗਿਣਤੀ ਕੀਤੀ ਕਿ 30,000 ਭੈਣ-ਭਰਾ ਇਸ ਤਰ੍ਹਾਂ ਮਦਦ ਕਰਨ ਆਏ ਸਨ!

ਨਵੀਂ ਜ਼ਿੰਮੇਵਾਰੀ

ਸਾਲ 1989 ਵਿਚ ਸਾਡੇ ਕੰਮ ਤੋਂ ਪਾਬੰਦੀ ਹਟਾਈ ਗਈ। ਤਿੰਨ ਸਾਲ ਬਾਅਦ ਇਕ ਨਵਾਂ ਬ੍ਰਾਂਚ ਆਫ਼ਿਸ ਬਣਾਇਆ ਗਿਆ। ਮੈਨੂੰ ਉੱਥੇ ਹਸਪਤਾਲ ਸੂਚਨਾ ਸੇਵਾ ਵਿਭਾਗ ਵਿਚ ਕੰਮ ਕਰਨ ਲਈ ਸੱਦਿਆ ਗਿਆ। ਮੈਂ ਖ਼ੁਸ਼ੀ ਨਾਲ ਇਹ ਨਵੀਂ ਜ਼ਿੰਮੇਵਾਰੀ ਸਵੀਕਾਰ ਕੀਤੀ। ਇਸ ਵਿਭਾਗ ਵਿਚ ਮੇਰੇ ਨਾਲ ਹੋਰ ਦੋ ਭਰਾ ਸਨ ਅਤੇ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕੀਤੀ ਜੋ ਆਪਣੀ ਬਾਈਬਲ-ਸਿੱਖਿਅਤ ਜ਼ਮੀਰ ਦੇ ਕਾਰਨ ਖ਼ੂਨ ਨਹੀਂ ਲੈਣਾ ਚਾਹੁੰਦੇ ਸਨ।—ਰਸੂਲਾਂ ਦੇ ਕਰਤੱਬ 15:29.

ਮੈਂ ਤੇ ਮੇਰੀ ਪਤਨੀ ਇਸ ਗੱਲ ਲਈ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਯਹੋਵਾਹ ਦੀ ਸੇਵਾ ਕਰਨ ਦਾ ਸਨਮਾਨ ਮਿਲਿਆ। ਨੈੱਲਾ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਮੇਰਾ ਹੌਸਲਾ ਵਧਾਇਆ। ਮੈਂ ਅਕਸਰ ਯਹੋਵਾਹ ਦੀ ਸੇਵਾ ਵਿਚ ਰੁੱਝਾ ਹੋਣ ਕਰਕੇ ਜਾਂ ਜੇਲ੍ਹ ਵਿਚ ਹੋਣ ਕਰਕੇ ਉਸ ਤੋਂ ਦੂਰ ਰਹਿੰਦਾ ਸੀ, ਪਰ ਉਸ ਨੇ ਕਦੀ ਵੀ ਇਸ ਗੱਲ ਦੀ ਸ਼ਿਕਾਇਤ ਨਹੀਂ ਕੀਤੀ। ਮੁਸ਼ਕਲਾਂ ਸਮੇਂ ਉਸ ਨੇ ਕਦੇ ਹਿੰਮਤ ਨਹੀਂ ਹਾਰੀ, ਸਗੋਂ ਦੂਸਰਿਆਂ ਨੂੰ ਦਿਲਾਸਾ ਦਿੱਤਾ।

ਮਿਸਾਲ ਲਈ, 1974 ਵਿਚ ਮੈਨੂੰ ਹੋਰਨਾਂ ਸਫ਼ਰੀ ਨਿਗਾਹਬਾਨਾਂ ਦੇ ਨਾਲ ਗਿਰਫ਼ਤਾਰ ਕੀਤਾ ਗਿਆ ਸੀ। ਕੁਝ ਭਰਾ ਇਹ ਗੱਲ ਨੈੱਲਾ ਨੂੰ ਇਸ ਤਰੀਕੇ ਨਾਲ ਦੱਸਣੀ ਚਾਹੁੰਦੇ ਸਨ ਕਿ ਉਸ ਨੂੰ ਸਦਮਾ ਨਾ ਪਹੁੰਚੇ। ਜਦ ਉਹ ਉਸ ਨੂੰ ਮਿਲੇ, ਤਾਂ ਉਨ੍ਹਾਂ ਨੇ ਕਿਹਾ, “ਨੈੱਲਾ ਭੈਣ, ਬਹੁਤ ਬੁਰੀ ਖ਼ਬਰ ਹੈ।” ਪਹਿਲਾਂ ਤਾਂ ਡਰ ਦੇ ਮਾਰੇ ਨੈੱਲਾ ਦਾ ਸਾਹ ਸੁੱਕ ਗਿਆ ਕਿਉਂਕਿ ਉਸ ਨੂੰ ਲੱਗਾ ਕਿ ਮੈਂ ਮਰ ਗਿਆ ਸੀ। ਪਰ ਜਦ ਉਸ ਨੂੰ ਪਤਾ ਲੱਗਾ ਕਿ ਮੈਂ ਜੇਲ੍ਹ ਵਿਚ ਸੀ, ਤਾਂ ਉਸ ਨੇ ਸੁਖ ਦਾ ਸਾਹ ਲੈਂਦੇ ਹੋਏ ਕਿਹਾ: “ਉਹ ਜੀਉਂਦੇ ਹਨ, ਬਸ ਮੇਰੇ ਲਈ ਇੰਨਾ ਹੀ ਕਾਫ਼ੀ ਹੈ। ਜੇਲ੍ਹ ਵਿਚ ਤਾਂ ਉਹ ਬਹੁਤ ਵਾਰੀ ਜਾ ਚੁੱਕੇ ਹਨ।” ਬਾਅਦ ਵਿਚ ਭਰਾਵਾਂ ਨੇ ਮੈਨੂੰ ਦੱਸਿਆ ਕਿ ਉਹ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਏ।

ਭਾਵੇਂ ਉਨ੍ਹੀਂ ਦਿਨੀਂ ਸਾਨੂੰ ਕਈ ਘੋਰ ਅਤਿਆਚਾਰ ਸਹਿਣੇ ਪਏ, ਪਰ ਯਹੋਵਾਹ ਨੇ ਹਮੇਸ਼ਾ ਸਾਨੂੰ ਉਸ ਦੇ ਰਾਹ ਉੱਤੇ ਚੱਲਣ ਲਈ ਬਰਕਤਾਂ ਦਿੱਤੀਆਂ ਹਨ। ਅਸੀਂ ਬਹੁਤ ਖ਼ੁਸ਼ ਹਾਂ ਕਿ ਸਾਡੀ ਧੀ ਲਿਡਿਆ ਅਤੇ ਉਸ ਦਾ ਪਤੀ ਆਲਫ੍ਰੇਟ ਡੇਰੂਸ਼ਾ ਯਹੋਵਾਹ ਦੀ ਸੇਵਾ ਵਿਚ ਲੱਗੇ ਹੋਏ ਹਨ। ਸਾਨੂੰ ਇਸ ਗੱਲ ਦੀ ਵੀ ਬੇਹੱਦ ਖ਼ੁਸ਼ੀ ਹੈ ਕਿ ਉਨ੍ਹਾਂ ਨੇ ਆਪਣੇ ਦੋ ਪੁੱਤਰਾਂ ਕ੍ਰਿਸਟਫਰ ਤੇ ਜੌਨਾਥਨ ਨੂੰ ਵੀ ਯਹੋਵਾਹ ਦੇ ਰਾਹਾਂ ਉੱਤੇ ਚੱਲਣਾ ਸਿਖਾਇਆ ਹੈ। ਮੇਰਾ ਭਰਾ ਰਿਸ਼ਾਰਡ ਅਤੇ ਮੇਰੀ ਭੈਣ ਊਰਸੁਲਾ ਵੀ ਕਈ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰ ਰਹੇ ਹਨ।

ਯਹੋਵਾਹ ਨੇ ਸਾਡਾ ਸਾਥ ਕਦੀ ਨਹੀਂ ਛੱਡਿਆ ਅਤੇ ਅਸੀਂ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਰਹਿਣਾ ਚਾਹੁੰਦੇ ਹਾਂ। ਸਾਨੂੰ ਜ਼ਬੂਰ 37:34 ਦੇ ਸ਼ਬਦਾਂ ਉੱਤੇ ਪੂਰਾ ਭਰੋਸਾ ਹੈ: “ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ।” ਅਸੀਂ ਉਸ ਸਮੇਂ ਦੀ ਉਡੀਕ ਕਰਦੇ ਹਾਂ ਜਦ ਯਹੋਵਾਹ ਦਾ ਇਹ ਵਾਅਦਾ ਪੂਰਾ ਹੋਵੇਗਾ।

[ਸਫ਼ੇ 17 ਉੱਤੇ ਤਸਵੀਰ]

1964 ਵਿਚ ਕ੍ਰਕਊ ਵਿਚ ਇਕ ਭਰਾ ਦੇ ਬਾਗ਼ ਵਿਚ ਹੋਇਆ ਸੰਮੇਲਨ

[ਸਫ਼ੇ 18 ਉੱਤੇ ਤਸਵੀਰ]

1968 ਵਿਚ ਆਪਣੀ ਪਤਨੀ ਨੈੱਲਾ ਅਤੇ ਧੀ ਲਿਡਿਆ ਨਾਲ

[ਸਫ਼ੇ 20 ਉੱਤੇ ਤਸਵੀਰ]

ਬਿਨਾਂ ਲਹੂ ਦੇ ਦਿਲ ਦਾ ਓਪਰੇਸ਼ਨ ਕਰਵਾਉਣ ਤੋਂ ਪਹਿਲਾਂ ਯਹੋਵਾਹ ਦੇ ਗਵਾਹਾਂ ਦੇ ਮੁੰਡੇ ਨਾਲ

[ਸਫ਼ੇ 20 ਉੱਤੇ ਤਸਵੀਰ]

ਡਾ. ਵਾਈਟਸ ਨਾਲ ਜੋ ਕਾਟੁਵੀਟਸ ਦੇ ਇਕ ਹਸਪਤਾਲ ਵਿਚ ਬਿਨਾਂ ਖ਼ੂਨ ਚੜ੍ਹਾਏ ਬੱਚਿਆਂ ਦੇ ਦਿਲ ਦੇ ਓਪਰੇਸ਼ਨ ਕਰਨ ਦਾ ਮੁੱਖ ਸਰਜਨ ਹੈ

[ਸਫ਼ੇ 20 ਉੱਤੇ ਤਸਵੀਰ]

2002 ਵਿਚ ਨੈੱਲਾ ਨਾਲ