Skip to content

Skip to table of contents

ਯਹੋਵਾਹ ਨੇ “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ”

ਯਹੋਵਾਹ ਨੇ “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ”

ਯਹੋਵਾਹ ਨੇ “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ”

“ਿਕ ਭੀ [ਚਿੜੀ] ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ।”ਮੱਤੀ 10:29, 30.

1, 2. (ੳ) ਅੱਯੂਬ ਨੂੰ ਕਿਉਂ ਲੱਗਾ ਕਿ ਪਰਮੇਸ਼ੁਰ ਨੇ ਉਸ ਦਾ ਸਾਥ ਛੱਡ ਦਿੱਤਾ ਸੀ? (ਅ) ਕੀ ਅੱਯੂਬ ਦੀਆਂ ਗੱਲਾਂ ਦਾ ਇਹ ਮਤਲਬ ਸੀ ਕਿ ਉਸ ਦਾ ਯਹੋਵਾਹ ਤੋਂ ਵਿਸ਼ਵਾਸ ਉੱਠ ਗਿਆ ਸੀ? ਸਮਝਾਓ।

“ਹੇ ਪਰਮੇਸ਼ਰ ਮੈਂ ਤੈਨੂੰ ਪੁਕਾਰਿਆ, ਪਰ ਤੂੰ ਮੈਨੂੰ ਉੱਤਰ ਨਾ ਦਿੱਤਾ, ਮੈਂ ਤੇਰੇ ਅੱਗੇ ਦੁਹਾਈ ਦਿੱਤੀ, ਪਰ ਤੂੰ ਮੇਰੇ ਵੱਲ ਧਿਆਨ ਨਾ ਕੀਤਾ। ਤੂੰ ਮੇਰੇ ਉਤੇ ਅੱਤਿਆਚਾਰ ਕਰ ਰਿਹਾ ਹੈ, ਅਤੇ ਮੇਰੇ ਨਾਲ ਅਤਿ ਬੁਰਾ ਵਰਤਾਓ ਕੀਤਾ ਹੈ।” ਜਿਸ ਆਦਮੀ ਨੇ ਇਹ ਸ਼ਬਦ ਕਹੇ ਸਨ ਉਹ ਬਹੁਤ ਹੀ ਦੁਖੀ ਸੀ ਅਤੇ ਹੁੰਦਾ ਵੀ ਕਿਉਂ ਨਾ! ਉਸ ਦਾ ਸਾਰਾ ਮਾਲ-ਧਨ ਲੁੱਟ ਲਿਆ ਗਿਆ ਸੀ, ਇਕ ਤੂਫ਼ਾਨ ਵਿਚ ਉਸ ਦੇ ਸਾਰੇ ਬੱਚੇ ਮਾਰੇ ਗਏ ਸਨ ਅਤੇ ਹੁਣ ਇਕ ਭਿਆਨਕ ਬੀਮਾਰੀ ਨੇ ਉਸ ਨੂੰ ਆ ਘੇਰਿਆ ਸੀ। ਇਸ ਆਦਮੀ ਦਾ ਨਾਂ ਅੱਯੂਬ ਸੀ ਅਤੇ ਉਸ ਦੀ ਦੁਖਦਾਈ ਕਹਾਣੀ ਸਾਡੀ ਨਿਹਚਾ ਮਜ਼ਬੂਤ ਕਰਨ ਲਈ ਬਾਈਬਲ ਵਿਚ ਲਿਖਵਾਈ ਗਈ ਹੈ।—ਅੱਯੂਬ 30:20, 21, ਪਵਿੱਤਰ ਬਾਈਬਲ ਨਵਾਂ ਅਨੁਵਾਦ।

2 ਅੱਯੂਬ ਦੀਆਂ ਗੱਲਾਂ ਤੋਂ ਸ਼ਾਇਦ ਲੱਗੇ ਕਿ ਉਸ ਦਾ ਪਰਮੇਸ਼ੁਰ ਤੋਂ ਵਿਸ਼ਵਾਸ ਉੱਠ ਗਿਆ ਸੀ। ਪਰ ਨਹੀਂ, ਅੱਯੂਬ ਤਾਂ ਸਿਰਫ਼ ਆਪਣੇ ਦਰਦ ਭਰੇ ਦਿਲ ਤੋਂ ਦੁਹਾਈ ਦੇ ਰਿਹਾ ਸੀ। (ਅੱਯੂਬ 6:2, 3) ਉਸ ਨੂੰ ਪਤਾ ਨਹੀਂ ਸੀ ਕਿ ਉਸ ਦੀਆਂ ਮੁਸੀਬਤਾਂ ਦੀ ਜੜ੍ਹ ਸ਼ਤਾਨ ਸੀ, ਇਸ ਲਈ ਉਸ ਨੇ ਸੋਚਿਆ ਕਿ ਪਰਮੇਸ਼ੁਰ ਨੇ ਉਸ ਦਾ ਸਾਥ ਛੱਡ ਦਿੱਤਾ ਸੀ। ਇਕ ਵਾਰ ਅੱਯੂਬ ਨੇ ਯਹੋਵਾਹ ਨੂੰ ਕਿਹਾ: “ਤੂੰ ਕਿਉਂ ਆਪਣਾ ਮੂੰਹ ਲੁਕਾਉਂਦਾ ਹੈਂ, ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈਂ?” *ਅੱਯੂਬ 13:24.

3. ਦੁੱਖ ਸਹਿੰਦੇ ਵੇਲੇ ਸਾਡੇ ਮਨ ਵਿਚ ਕਿਹੋ ਜਿਹੇ ਵਿਚਾਰ ਆ ਸਕਦੇ ਹਨ?

3 ਅੱਜ-ਕੱਲ੍ਹ ਯਹੋਵਾਹ ਦੇ ਬਹੁਤ ਸਾਰੇ ਸੇਵਕ ਲੜਾਈਆਂ, ਰਾਜਨੀਤਿਕ ਤੇ ਸਮਾਜਕ ਗੜਬੜੀ, ਕੁਦਰਤੀ ਆਫ਼ਤਾਂ, ਬੁਢਾਪੇ, ਬੀਮਾਰੀਆਂ, ਘੋਰ ਗ਼ਰੀਬੀ ਅਤੇ ਸਰਕਾਰੀ ਬੰਦਸ਼ਾਂ ਕਰਕੇ ਦੁੱਖ ਸਹਿ ਰਹੇ ਹਨ। ਸ਼ਾਇਦ ਤੁਸੀਂ ਵੀ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹੋ। ਕਦੀ-ਕਦਾਈਂ ਸ਼ਾਇਦ ਤੁਹਾਨੂੰ ਲੱਗੇ ਕਿ ਯਹੋਵਾਹ ਨੇ ਤੁਹਾਡੇ ਤੋਂ ਆਪਣਾ ਮੂੰਹ ਮੋੜ ਲਿਆ ਹੈ। ਤੁਸੀਂ ਯੂਹੰਨਾ 3:16 ਦੇ ਸ਼ਬਦ ਚੰਗੀ ਤਰ੍ਹਾਂ ਜਾਣਦੇ ਹੋ ਕਿ “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ।” ਫਿਰ ਵੀ, ਜਦ ਤੁਸੀਂ ਮੁਸ਼ਕਲਾਂ ਵਿਚ ਘਿਰੇ ਹੋਏ ਹੁੰਦੇ ਹੋ ਅਤੇ ਤੁਹਾਨੂੰ ਕੋਈ ਛੁਟਕਾਰਾ ਨਜ਼ਰ ਨਹੀਂ ਆਉਂਦਾ, ਤਾਂ ਤੁਸੀਂ ਸ਼ਾਇਦ ਸੋਚੋ: ‘ਕੀ ਪਰਮੇਸ਼ੁਰ ਸੱਚੀਂ ਮੈਨੂੰ ਪਿਆਰ ਕਰਦਾ ਹੈ? ਕੀ ਉਸ ਨੂੰ ਪਤਾ ਹੈ ਕਿ ਮੇਰੇ ਤੇ ਕੀ ਬੀਤ ਰਹੀ ਹੈ? ਕੀ ਉਹ ਮੇਰੀ ਪਰਵਾਹ ਕਰਦਾ ਹੈ?’

4. ਪੌਲੁਸ ਨੂੰ ਕਿਹੜੀ ਮੁਸ਼ਕਲ ਸਹਿਣੀ ਪਈ ਸੀ ਅਤੇ ਮੁਸ਼ਕਲਾਂ ਦਾ ਸਾਡੇ ਉੱਤੇ ਕੀ ਅਸਰ ਪੈ ਸਕਦਾ ਹੈ?

4 ਪੌਲੁਸ ਰਸੂਲ ਦੀ ਮਿਸਾਲ ਉੱਤੇ ਗੌਰ ਕਰੋ। ਉਸ ਨੇ ਕਿਹਾ: “ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ਤਾਨ ਦਾ ਘੱਲਿਆ ਹੋਇਆ ਭਈ ਉਹ ਮੈਨੂੰ ਹੂਰੇ ਮਾਰੇ।” ਉਸ ਨੇ ਅੱਗੇ ਕਿਹਾ: “ਮੈਂ ਪ੍ਰਭੁ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਭਈ ਇਹ ਮੈਥੋਂ ਦੂਰ ਹੋ ਜਾਵੇ।” ਯਹੋਵਾਹ ਨੇ ਉਸ ਦੀਆਂ ਬੇਨਤੀਆਂ ਜ਼ਰੂਰ ਸੁਣੀਆਂ, ਪਰ ਉਸ ਨੇ ਕਰਾਮਾਤ ਕਰ ਕੇ ਉਸ ਦੀ ਸਮੱਸਿਆ ਦੂਰ ਨਹੀਂ ਕੀਤੀ। ਇਸ ਦੀ ਬਜਾਇ ਪੌਲੁਸ ਪਰਮੇਸ਼ੁਰ ਦੀ ਸ਼ਕਤੀ ਨਾਲ ਆਪਣੇ ‘ਸਰੀਰ ਵਿੱਚ ਚੋਭਿਆ ਕੰਡਾ’ ਸਹਿ ਸਕਿਆ। * (2 ਕੁਰਿੰਥੀਆਂ 12:7-9) ਪੌਲੁਸ ਦੀ ਤਰ੍ਹਾਂ ਸ਼ਾਇਦ ਤੁਸੀਂ ਵੀ ਲੰਬੇ ਸਮੇਂ ਤੋਂ ਕੋਈ ਮੁਸ਼ਕਲ ਸਹਿ ਰਹੇ ਹੋ। ਤੁਸੀਂ ਸ਼ਾਇਦ ਸੋਚਿਆ ਹੋਵੇਗਾ: ‘ਯਹੋਵਾਹ ਮੇਰੀ ਮੁਸੀਬਤ ਦੂਰ ਕਿਉਂ ਨਹੀਂ ਕਰਦਾ? ਕੀ ਉਹ ਮੇਰੀ ਹਾਲਤ ਤੋਂ ਅਣਜਾਣ ਹੈ ਜਾਂ ਕੀ ਉਸ ਨੂੰ ਮੇਰੀ ਕੋਈ ਪਰਵਾਹ ਨਹੀਂ?’ ਇੱਦਾਂ ਦੀ ਕੋਈ ਗੱਲ ਨਹੀਂ! ਯਹੋਵਾਹ ਆਪਣੇ ਹਰੇਕ ਵਫ਼ਾਦਾਰ ਸੇਵਕ ਨਾਲ ਬਹੁਤ ਪਿਆਰ ਕਰਦਾ ਹੈ। ਸਾਨੂੰ ਇਸ ਗੱਲ ਦਾ ਸਬੂਤ ਯਿਸੂ ਦੇ ਸ਼ਬਦਾਂ ਤੋਂ ਮਿਲਦਾ ਹੈ ਜਿਹੜੇ ਉਸ ਨੇ ਆਪਣੇ ਰਸੂਲ ਚੁਣਨ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਕਹੇ ਸਨ। ਆਓ ਆਪਾਂ ਦੇਖੀਏ ਕਿ ਅੱਜ ਸਾਨੂੰ ਉਨ੍ਹਾਂ ਸ਼ਬਦਾਂ ਤੋਂ ਕੀ ਹੌਸਲਾ ਮਿਲਦਾ ਹੈ।

“ਨਾ ਡਰੋ”

5, 6. (ੳ) ਯਿਸੂ ਨੇ ਆਪਣੇ ਰਸੂਲਾਂ ਦੀ ਕਿਵੇਂ ਮਦਦ ਕੀਤੀ ਤਾਂਕਿ ਉਹ ਆਉਣ ਵਾਲੀਆਂ ਮੁਸ਼ਕਲਾਂ ਤੋਂ ਨਾ ਡਰਨ? (ਅ) ਪੌਲੁਸ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਸੀ?

5 ਯਿਸੂ ਨੇ ਆਪਣੇ ਰਸੂਲਾਂ ਨੂੰ ਚਮਤਕਾਰ ਕਰਨ ਦੀ ਸ਼ਕਤੀ ਦਿੱਤੀ ਸੀ ਅਤੇ “ਉਨ੍ਹਾਂ ਨੂੰ ਇਖ਼ਤਿਆਰ ਦਿੱਤਾ ਜੋ ਭ੍ਰਿਸ਼ਟ ਆਤਮਿਆਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ।” ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਮੁਸ਼ਕਲਾਂ ਨਹੀਂ ਆਉਣੀਆਂ ਸਨ। ਇਸ ਦੇ ਉਲਟ ਯਿਸੂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਔਖਿਆਈਆਂ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਉਸ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ: “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ ਕਰ ਸੱਕਦਾ ਹੈ।”—ਮੱਤੀ 10:1, 16-22, 28.

6 ਆਪਣੇ ਰਸੂਲਾਂ ਨੂੰ ਇਹ ਸਮਝਾਉਣ ਲਈ ਕਿ ਉਨ੍ਹਾਂ ਨੂੰ ਡਰਨ ਦੀ ਲੋੜ ਕਿਉਂ ਨਹੀਂ ਸੀ, ਯਿਸੂ ਨੇ ਦੋ ਮਿਸਾਲਾਂ ਦਿੱਤੀਆਂ। ਉਸ ਨੇ ਉਨ੍ਹਾਂ ਨੂੰ ਕਿਹਾ: “ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਮੱਤੀ 10:29-31) ਮੁਸ਼ਕਲਾਂ ਦੇ ਬਾਵਜੂਦ ਨਾ ਡਰਨ ਦਾ ਕੀ ਕਾਰਨ ਹੈ? ਯਿਸੂ ਦੇ ਕਹਿਣ ਦਾ ਭਾਵ ਇਹ ਸੀ ਕਿ ਜੇ ਅਸੀਂ ਭਰੋਸਾ ਰੱਖੀਏ ਕਿ ਯਹੋਵਾਹ ਨੂੰ ਸਾਡਾ ਫ਼ਿਕਰ ਹੈ, ਤਾਂ ਅਸੀਂ ਨਹੀਂ ਡਰਾਂਗੇ। ਪੌਲੁਸ ਰਸੂਲ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ। ਉਸ ਨੇ ਲਿਖਿਆ: “ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ? ਜਿਹ ਨੇ ਆਪਣੇ ਹੀ ਪੁੱਤ੍ਰ ਦਾ ਭੀ ਸਰਫ਼ਾ ਨਾ ਕੀਤਾ ਸਗੋਂ ਉਹ ਨੂੰ ਅਸਾਂ ਸਭਨਾਂ ਦੇ ਲਈ ਦੇ ਦਿੱਤਾ ਸੋ ਉਹ ਦੇ ਨਾਲ ਸਾਰੀਆਂ ਵਸਤਾਂ ਵੀ ਸਾਨੂੰ ਕਿੱਕੁਰ ਨਾ ਬਖ਼ਸ਼ੇਗਾ?” (ਰੋਮੀਆਂ 8:31, 32) ਭਾਵੇਂ ਤੁਹਾਡੇ ਉੱਤੇ ਮੁਸ਼ਕਲਾਂ ਦਾ ਪਹਾੜ ਕਿਉਂ ਨਾ ਟੁੱਟੇ, ਫਿਰ ਵੀ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਜੇ ਤੁਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹੋ, ਤਾਂ ਉਹ ਤੁਹਾਨੂੰ ਜ਼ਰੂਰ ਸੰਭਾਲੇਗਾ। ਇਹ ਗੱਲ ਹੋਰ ਵੀ ਸਾਫ਼ ਹੁੰਦੀ ਹੈ ਜਦ ਅਸੀਂ ਯਿਸੂ ਦੇ ਕਹੇ ਸ਼ਬਦਾਂ ਵੱਲ ਹੋਰ ਧਿਆਨ ਦਿੰਦੇ ਹਾਂ।

ਚਿੜੀ ਦੀ ਕੀਮਤ

7, 8. (ੳ) ਯਿਸੂ ਦੇ ਜ਼ਮਾਨੇ ਵਿਚ ਚਿੜੀਆਂ ਨੂੰ ਕਿਵੇਂ ਵਿਚਾਰਿਆ ਜਾਂਦਾ ਸੀ? (ਅ) ਮੱਤੀ 10:29 ਵਿਚ ਯਿਸੂ ਨੇ ਉਹ ਯੂਨਾਨੀ ਸ਼ਬਦ ਕਿਉਂ ਇਸਤੇਮਾਲ ਕੀਤਾ ਜੋ ਬਹੁਤ ਛੋਟੀਆਂ ਚਿੜੀਆਂ ਨੂੰ ਦਰਸਾਉਂਦਾ ਸੀ?

7 ਯਿਸੂ ਦੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਨੂੰ ਆਪਣੇ ਹਰੇਕ ਸੇਵਕ ਦਾ ਫ਼ਿਕਰ ਹੈ। ਆਓ ਆਪਾਂ ਪਹਿਲਾਂ ਚਿੜੀਆਂ ਦੀ ਮਿਸਾਲ ਵੱਲ ਧਿਆਨ ਦੇਈਏ। ਯਿਸੂ ਦੇ ਜ਼ਮਾਨੇ ਵਿਚ ਚਿੜੀਆਂ ਦਾ ਮਾਸ ਖਾਧਾ ਜਾਂਦਾ ਸੀ। ਪਰ ਕਿਉਂਕਿ ਉਹ ਫ਼ਸਲ ਨੂੰ ਖ਼ਰਾਬ ਕਰਦੀਆਂ ਸਨ, ਇਸ ਲਈ ਉਨ੍ਹਾਂ ਨੂੰ ਫ਼ਸਲਾਂ ਲਈ ਖ਼ਤਰਾ ਸਮਝਿਆ ਜਾਂਦਾ ਸੀ। ਚਿੜੀਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਸਸਤੇ ਵਿਚ ਹੀ ਵੇਚ ਦਿੱਤਾ ਜਾਂਦਾ ਸੀ। ਦੋ ਚਿੜੀਆਂ ਦੀ ਕੀਮਤ ਅੱਜ ਦੇ ਹਿਸਾਬ ਨਾਲ ਸਿਰਫ਼ ਦੋ ਰੁਪਏ ਸੀ। ਪਰ ਜੇ ਕੋਈ ਚਾਰ ਰੁਪਏ ਖ਼ਰਚ ਕੇ ਚਾਰ ਚਿੜੀਆਂ ਖ਼ਰੀਦਦਾ ਸੀ, ਤਾਂ ਉਸ ਨੂੰ ਚਾਰ ਦੀ ਬਜਾਇ ਪੰਜ ਮਿਲਦੀਆਂ ਸਨ। ਇਕ ਵਾਧੂ ਚਿੜੀ ਝੂੰਗੇ ਵਿਚ ਦੇ ਦਿੱਤੀ ਜਾਂਦੀ ਸੀ ਜਿਵੇਂ ਉਸ ਦੀ ਕੋਈ ਕੀਮਤ ਹੀ ਨਹੀਂ ਸੀ!—ਲੂਕਾ 12:6.

8 ਹੋਰਨਾਂ ਪੰਛੀਆਂ ਦੀ ਤੁਲਨਾ ਵਿਚ ਆਮ ਚਿੜੀ ਕਾਫ਼ੀ ਛੋਟੀ ਹੁੰਦੀ ਹੈ। ਇੱਥੇ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਚਿੜੀਆਂ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਬਹੁਤ ਛੋਟੀਆਂ ਚਿੜੀਆਂ। ਯਿਸੂ ਚਾਹੁੰਦਾ ਸੀ ਕਿ ਇਹ ਮਿਸਾਲ ਸੁਣ ਕੇ ਉਸ ਦੇ ਰਸੂਲ ਸਭ ਤੋਂ ਛੋਟੀ ਤੇ ਮਾਮੂਲੀ ਚਿੜੀ ਦੀ ਕਲਪਨਾ ਕਰਨ।

9. ਚਿੜੀਆਂ ਦੀ ਮਿਸਾਲ ਦੇ ਕੇ ਯਿਸੂ ਨੇ ਕਿਹੜੀ ਜ਼ਰੂਰੀ ਗੱਲ ਸਿਖਾਈ ਸੀ?

9 ਚਿੜੀਆਂ ਦੀ ਮਿਸਾਲ ਦੇ ਕੇ ਯਿਸੂ ਨੇ ਇਕ ਜ਼ਰੂਰੀ ਗੱਲ ਸਿਖਾਈ: ਜੋ ਇਨਸਾਨਾਂ ਦੀਆਂ ਨਜ਼ਰਾਂ ਵਿਚ ਮਾਮੂਲੀ ਹੈ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਮਹੱਤਵਪੂਰਣ ਹੈ। ਇਸ ਗੱਲ ਉੱਤੇ ਹੋਰ ਜ਼ੋਰ ਦੇਣ ਲਈ ਯਿਸੂ ਨੇ ਕਿਹਾ ਕਿ ਯਹੋਵਾਹ ਨੂੰ ਪਤਾ ਹੁੰਦਾ ਹੈ ਕਿ ਕਦੋਂ ਇਕ ਚਿੜੀ ‘ਧਰਤੀ ਉੱਤੇ ਡਿੱਗਦੀ’ ਹੈ। * ਗੱਲ ਬਿਲਕੁਲ ਸਾਫ਼ ਹੈ: ਜੇ ਯਹੋਵਾਹ ਸਭ ਤੋਂ ਛੋਟੀ ਤੇ ਮਾਮੂਲੀ ਚਿੜੀ ਵੱਲ ਧਿਆਨ ਦਿੰਦਾ ਹੈ, ਤਾਂ ਉਹ ਉਸ ਇਨਸਾਨ ਦਾ ਕਿੰਨਾ ਧਿਆਨ ਰੱਖਦਾ ਹੋਵੇਗਾ ਜਿਸ ਨੇ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੈ!

10. ਇਸ ਗੱਲ ਦੀ ਕੀ ਅਹਿਮੀਅਤ ਹੈ ਕਿ “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ”?

10 ਚਿੜੀਆਂ ਦੀ ਮਿਸਾਲ ਦੇਣ ਤੋਂ ਇਲਾਵਾ, ਯਿਸੂ ਨੇ ਕਿਹਾ: “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ।” (ਮੱਤੀ 10:30) ਇਹ ਛੋਟੀ ਪਰ ਡੂੰਘੀ ਗੱਲ ਚਿੜੀਆਂ ਦੀ ਮਿਸਾਲ ਦੇ ਮੁੱਦੇ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਸਾਡੀ ਮਦਦ ਕਰਦੀ ਹੈ। ਜ਼ਰਾ ਸੋਚੋ: ਆਮ ਤੌਰ ਤੇ ਇਕ ਇਨਸਾਨ ਦੇ ਸਿਰ ਤੇ ਤਕਰੀਬਨ ਇਕ ਲੱਖ ਵਾਲ ਹੁੰਦੇ ਹਨ। ਦੇਖਣ ਨੂੰ ਇਕ ਵਾਲ ਦੂਸਰੇ ਵਰਗਾ ਹੀ ਲੱਗਦਾ ਹੈ ਅਤੇ ਅਸੀਂ ਕਿਸੇ ਇਕ ਵਾਲ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ। ਪਰ ਯਹੋਵਾਹ ਪਰਮੇਸ਼ੁਰ ਸਾਡੇ ਹਰ ਵਾਲ ਵੱਲ ਧਿਆਨ ਦਿੰਦਾ ਹੈ ਅਤੇ ਉਸ ਨੇ ਸਾਡੇ ਸਿਰ ਦੇ ਸਾਰੇ ਵਾਲ ਗਿਣੇ ਹੋਏ ਹਨ। ਜੇ ਯਹੋਵਾਹ ਸਾਡੇ ਸਿਰ ਦੇ ਇਕ-ਇਕ ਵਾਲ ਬਾਰੇ ਜਾਣਦਾ ਹੈ, ਤਾਂ ਕੀ ਸਾਡੀ ਜ਼ਿੰਦਗੀ ਦੀ ਕੋਈ ਵੀ ਗੱਲ ਉਸ ਤੋਂ ਲੁਕੀ ਹੋਈ ਹੋ ਸਕਦੀ ਹੈ? ਨਹੀਂ। ਯਹੋਵਾਹ ਆਪਣੇ ਇਕ-ਇਕ ਸੇਵਕ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਹੈ। ਉਹ ਤਾਂ ਸਾਡੇ “ਰਿਦੇ ਨੂੰ ਵੇਖਦਾ ਹੈ।”—1 ਸਮੂਏਲ 16:7.

11. ਦਾਊਦ ਨੇ ਇਸ ਗੱਲ ਵਿਚ ਆਪਣਾ ਭਰੋਸਾ ਕਿਵੇਂ ਜ਼ਾਹਰ ਕੀਤਾ ਕਿ ਯਹੋਵਾਹ ਨੂੰ ਉਸ ਦਾ ਫ਼ਿਕਰ ਸੀ?

11 ਦਾਊਦ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਦੁੱਖ ਦੇਖੇ ਸਨ, ਫਿਰ ਵੀ ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਸ ਦਾ ਧਿਆਨ ਰੱਖਦਾ ਸੀ। ਉਸ ਨੇ ਲਿਖਿਆ: “ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ, ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ।” (ਜ਼ਬੂਰਾਂ ਦੀ ਪੋਥੀ 139:1, 2) ਤੁਸੀਂ ਵੀ ਯਕੀਨ ਕਰ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ। (ਯਿਰਮਿਯਾਹ 17:10) ਕਦੇ ਵੀ ਇਹ ਨਾ ਸੋਚੋ ਕਿ ਤੁਸੀਂ ਇੰਨੇ ਮਾਮੂਲੀ ਹੋ ਕਿ ਯਹੋਵਾਹ ਤੁਹਾਡੇ ਵੱਲ ਧਿਆਨ ਨਹੀਂ ਦੇਵੇਗਾ!

“ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ”

12. ਕੀ ਸਬੂਤ ਹੈ ਕਿ ਯਹੋਵਾਹ ਆਪਣੇ ਲੋਕਾਂ ਦੇ ਦੁੱਖਾਂ ਨੂੰ ਜਾਣਦਾ ਹੈ?

12 ਯਹੋਵਾਹ ਆਪਣੇ ਹਰੇਕ ਸੇਵਕ ਨੂੰ ਜਾਣਦਾ ਹੀ ਨਹੀਂ, ਪਰ ਉਸ ਨੂੰ ਪੂਰੀ ਜਾਣਕਾਰੀ ਵੀ ਹੈ ਕਿ ਉਹ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਿਹਾ ਹੈ। ਮਿਸਾਲ ਲਈ, ਜਦ ਮਿਸਰ ਵਿਚ ਗ਼ੁਲਾਮ ਬਣੇ ਇਸਰਾਏਲੀਆਂ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਸੀ, ਤਾਂ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।” (ਕੂਚ 3:7) ਸਾਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਸਾਡੀਆਂ ਸਭ ਮੁਸ਼ਕਲਾਂ ਨੂੰ ਦੇਖਦਾ ਹੈ ਅਤੇ ਸਾਡੀ ਦੁਹਾਈ ਨੂੰ ਸੁਣਦਾ ਹੈ! ਉਹ ਵਾਕਈ ਸਾਡੇ ਦੁੱਖਾਂ ਨੂੰ ਸਮਝਦਾ ਹੈ।

13. ਅਸੀਂ ਕਿਉਂ ਮੰਨ ਸਕਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਦੇ ਦੁੱਖਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ?

13 ਇਸਰਾਏਲੀਆਂ ਨਾਲ ਯਹੋਵਾਹ ਦੇ ਪਿਆਰ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਵਫ਼ਾਦਾਰ ਸੇਵਕਾਂ ਦਾ ਬਹੁਤ ਧਿਆਨ ਰੱਖਦਾ ਹੈ। ਭਾਵੇਂ ਉਹ ਅਕਸਰ ਆਪਣੀਆਂ ਹੀ ਗ਼ਲਤੀਆਂ ਕਰਕੇ ਦੁੱਖ ਸਹਿੰਦੇ ਸਨ, ਫਿਰ ਵੀ ਯਸਾਯਾਹ ਨੇ ਯਹੋਵਾਹ ਬਾਰੇ ਲਿਖਿਆ: “ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।” (ਯਸਾਯਾਹ 63:9) ਤਾਂ ਫਿਰ, ਯਹੋਵਾਹ ਦੇ ਵਫ਼ਾਦਾਰ ਸੇਵਕ ਹੋਣ ਦੇ ਨਾਤੇ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਜਦ ਤੁਹਾਨੂੰ ਦਰਦ ਹੁੰਦਾ ਹੈ, ਤਾਂ ਯਹੋਵਾਹ ਨੂੰ ਵੀ ਦਰਦ ਹੁੰਦਾ ਹੈ। ਕੀ ਇਹ ਜਾਣ ਕੇ ਤੁਹਾਨੂੰ ਹਰ ਦੁੱਖ ਦਾ ਸਾਮ੍ਹਣਾ ਕਰਨ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਹੌਸਲਾ ਨਹੀਂ ਮਿਲਦਾ?—1 ਪਤਰਸ 5:6, 7.

14. ਦਾਊਦ ਨੇ ਕਿਸ ਹਾਲਤ ਵਿਚ ਜ਼ਬੂਰ 56 ਲਿਖਿਆ ਸੀ?

14 ਰਾਜਾ ਦਾਊਦ ਨੂੰ ਪੱਕਾ ਯਕੀਨ ਸੀ ਕਿ ਯਹੋਵਾਹ ਉਸ ਨਾਲ ਪਿਆਰ ਕਰਦਾ ਤੇ ਉਸ ਦੇ ਦੁੱਖ ਸਮਝਦਾ ਸੀ। ਇਹ ਗੱਲ 56ਵੇਂ ਜ਼ਬੂਰ ਤੋਂ ਸਾਫ਼ ਦੇਖੀ ਜਾ ਸਕਦੀ ਹੈ ਜੋ ਦਾਊਦ ਨੇ ਰਾਜਾ ਸ਼ਾਊਲ ਤੋਂ ਭੱਜਦੇ ਵਕਤ ਲਿਖਿਆ ਸੀ। ਦਾਊਦ ਫਿਲਿਸਤੀਆਂ ਦੇ ਸ਼ਹਿਰ ਗਥ ਨੂੰ ਭੱਜਿਆ ਸੀ, ਪਰ ਉਸ ਨੂੰ ਫਿਲਿਸਤੀਆਂ ਦੇ ਹੱਥੀਂ ਫੜੇ ਜਾਣ ਦਾ ਡਰ ਸੀ ਕਿਉਂਕਿ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ ਸੀ। ਉਸ ਸਮੇਂ ਦਾਊਦ ਨੇ ਲਿਖਿਆ: “ਮੇਰੇ ਘਾਤੀ ਮੈਨੂੰ ਸਾਰਾ ਦਿਨ ਮਿੱਧਦੇ ਹਨ, ਕਿਉਂ ਜੋ ਓਹ ਬਹੁਤ ਹਨ ਜੋ ਵੱਡਾ ਹੰਕਾਰ ਕਰ ਕੇ ਮੇਰੇ ਨਾਲ ਲੜਦੇ ਹਨ।” ਇਸ ਖ਼ਤਰਨਾਕ ਹਾਲਤ ਵਿਚ ਦਾਊਦ ਨੇ ਯਹੋਵਾਹ ਨੂੰ ਦੁਹਾਈ ਦਿੱਤੀ: “ਓਹ ਸਾਰਾ ਦਿਨ ਮੇਰੀਆਂ ਗੱਲਾਂ ਨੂੰ ਪਲਟਾਉਂਦੇ ਰਹਿੰਦੇ ਹਨ, ਉਨ੍ਹਾਂ ਦੇ ਸਾਰੇ ਉਪਾਓ ਮੇਰਾ ਬੁਰਾ ਕਰਨ ਦੇ ਹਨ।”—ਜ਼ਬੂਰਾਂ ਦੀ ਪੋਥੀ 56:2, 5.

15. (ੳ) ਦਾਊਦ ਦਾ ਕੀ ਮਤਲਬ ਸੀ ਜਦ ਉਸ ਨੇ ਯਹੋਵਾਹ ਨੂੰ ਉਸ ਦੇ ਅੰਝੂ ਮਸ਼ਕ ਵਿਚ ਰੱਖਣ ਜਾਂ ਵਹੀ ਵਿਚ ਲਿਖਣ ਲਈ ਕਿਹਾ? (ਅ) ਜਦ ਅਸੀਂ ਕਿਸੇ ਮੁਸੀਬਤ ਵਿਚ ਹੁੰਦੇ ਹਾਂ, ਤਾਂ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?

15 ਫਿਰ ਜਿਵੇਂ ਜ਼ਬੂਰ 56:8 ਵਿਚ ਲਿਖਿਆ ਹੈ, ਦਾਊਦ ਨੇ ਇਹ ਗੱਲਾਂ ਕਹੀਆਂ: “ਤੂੰ ਮੇਰੇ ਅਵਾਰਾ ਫਿਰਨ ਦਾ ਲੇਖਾ ਕਰਦਾ ਹੈਂ, ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ [“ਮਸ਼ਕ,” NW] ਵਿੱਚ ਰੱਖ ਛੱਡ, ਭਲਾ, ਓਹ ਤੇਰੀ ਵਹੀ ਵਿੱਚ ਨਹੀਂ ਹਨ?” ਕਿੰਨੇ ਵਧੀਆ ਤਰੀਕੇ ਨਾਲ ਦਾਊਦ ਨੇ ਇੱਥੇ ਯਹੋਵਾਹ ਦੇ ਕੋਮਲ ਪਿਆਰ ਨੂੰ ਬਿਆਨ ਕੀਤਾ ਹੈ! ਜਦ ਅਸੀਂ ਮੁਸੀਬਤ ਵਿਚ ਫਸੇ ਹੋਏ ਹੁੰਦੇ ਹਾਂ, ਤਾਂ ਸ਼ਾਇਦ ਅਸੀਂ ਯਹੋਵਾਹ ਅੱਗੇ ਰੋ-ਰੋ ਕੇ ਉਸ ਨੂੰ ਦੁਹਾਈ ਦੇਈਏ। ਮੁਕੰਮਲ ਹੋਣ ਦੇ ਬਾਵਜੂਦ ਯਿਸੂ ਮਸੀਹ ਨੇ ਵੀ ਇਸੇ ਤਰ੍ਹਾਂ ਕੀਤਾ ਸੀ। (ਇਬਰਾਨੀਆਂ 5:7) ਦਾਊਦ ਨੇ ਕਿਹਾ ਸੀ ਕਿ ਯਹੋਵਾਹ ਉਸ ਦੇ ਅੰਝੂਆਂ ਨੂੰ ਮਸ਼ਕ ਵਿਚ ਸਾਂਭ ਕੇ ਰੱਖੇਗਾ ਜਾਂ ਕਿਤਾਬ ਵਿਚ ਲਿਖ ਲਵੇਗਾ। * ਉਸ ਦੇ ਕਹਿਣ ਦਾ ਮਤਲਬ ਸੀ ਕਿ ਯਹੋਵਾਹ ਸਭ ਕੁਝ ਦੇਖਦਾ ਸੀ ਅਤੇ ਉਹ ਉਸ ਦੀ ਪੀੜ ਨੂੰ ਚੇਤੇ ਰੱਖੇਗਾ। ਤੁਸੀਂ ਸ਼ਾਇਦ ਸੋਚੋ ਕਿ ਤੁਸੀਂ ਤਾਂ ਇੰਨੇ ਸਾਰੇ ਅੰਝੂ ਵਹਾਏ ਹਨ ਕਿ ਇਨ੍ਹਾਂ ਨਾਲ ਮਸ਼ਕ ਭਰ ਜਾਵੇਗੀ ਜਾਂ ਜੇ ਵਹੀ ਵਿਚ ਤੁਹਾਡੇ ਦੁੱਖ ਲਿਖੇ ਜਾਣ, ਤਾਂ ਇਨ੍ਹਾਂ ਨਾਲ ਪੂਰੀ ਕਿਤਾਬ ਭਰ ਜਾਵੇਗੀ। ਜੇ ਇਹ ਗੱਲ ਹੈ, ਤਾਂ ਹੌਸਲਾ ਰੱਖੋ। ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 34:18.

ਪਰਮੇਸ਼ੁਰ ਨਾਲ ਦੋਸਤੀ ਕਰੋ

16, 17. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਦੇ ਦੁੱਖ-ਦਰਦ ਸਮਝਦਾ ਹੈ? (ਅ) ਯਹੋਵਾਹ ਨੇ ਕੀ ਕੀਤਾ ਹੈ ਤਾਂਕਿ ਇਨਸਾਨ ਉਸ ਨਾਲ ਦੋਸਤੀ ਕਰ ਸਕਣ?

16 ਯਾਦ ਰੱਖੋ ਕਿ ਯਹੋਵਾਹ ਨੇ ‘ਸਾਡੇ ਸਿਰ ਦੇ ਵਾਲ ਸਭ ਗਿਣੇ ਹੋਏ ਹਨ।’ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਅਜਿਹੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਜੋ ਸਾਡਾ ਬਹੁਤ ਧਿਆਨ ਰੱਖਦਾ ਤੇ ਸਾਨੂੰ ਬਹੁਤ ਪਿਆਰ ਕਰਦਾ ਹੈ। ਭਾਵੇਂ ਸਭ ਦੁੱਖ-ਦਰਦ ਖ਼ਤਮ ਹੋਣ ਲਈ ਸਾਨੂੰ ਯਹੋਵਾਹ ਦੇ ਨਵੇਂ ਸੰਸਾਰ ਦੀ ਉਡੀਕ ਕਰਨੀ ਪਵੇਗੀ, ਪਰ ਯਹੋਵਾਹ ਹੁਣ ਵੀ ਆਪਣੇ ਲੋਕਾਂ ਲਈ ਕੁਝ ਕਰ ਰਿਹਾ ਹੈ। ਦਾਊਦ ਨੇ ਲਿਖਿਆ: “ਕੱਬੇ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ।”—ਕਹਾਉਤਾਂ 3:32.

17 ਕੀ ਪਾਪੀ ਇਨਸਾਨਾਂ ਲਈ ਯਹੋਵਾਹ ਨਾਲ “ਦੋਸਤੀ” ਕਰਨੀ ਮੁਮਕਿਨ ਹੈ? ਹਾਂ, ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੇ ਡੇਹਰੇ ਵਿਚ ਬੁਲਾਉਂਦਾ ਹੈ ਜੋ ਉਸ ਦਾ ਭੈ ਰੱਖਦੇ ਹਨ। (ਜ਼ਬੂਰਾਂ ਦੀ ਪੋਥੀ 15:1-5) ਯਹੋਵਾਹ ਇਨ੍ਹਾਂ ਲੋਕਾਂ ਲਈ ਕੀ ਕਰਦਾ ਹੈ? ਉਹ ਆਪਣਾ ਨੇਮ ਉਨ੍ਹਾਂ ਨੂੰ ਦੱਸਦਾ ਹੈ। (ਜ਼ਬੂਰਾਂ ਦੀ ਪੋਥੀ 25:14) ਯਹੋਵਾਹ ਆਪਣੇ ਨਬੀਆਂ ਰਾਹੀਂ ਉਨ੍ਹਾਂ ਨੂੰ ਆਪਣਾ “ਭੇਤ ਪਰਗਟ” ਕਰਦਾ ਹੈ ਤਾਂਕਿ ਉਹ ਉਸ ਦੇ ਮਕਸਦ ਜਾਣ ਸਕਣ ਅਤੇ ਉਨ੍ਹਾਂ ਦੇ ਅਨੁਸਾਰ ਜੀ ਸਕਣ।—ਆਮੋਸ 3:7.

18. ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਸਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ?

18 ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਡੇ ਵਰਗੇ ਮਾਮੂਲੀ ਇਨਸਾਨ ਅੱਤ ਮਹਾਨ ਯਹੋਵਾਹ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹਨ! ਦਰਅਸਲ ਯਹੋਵਾਹ ਇਹੀ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਦੋਸਤੀ ਕਰੀਏ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਅਜਿਹਾ ਰਿਸ਼ਤਾ ਮੁਮਕਿਨ ਬਣਾਉਣ ਲਈ ਯਹੋਵਾਹ ਨੇ ਪਹਿਲਾਂ ਹੀ ਕਦਮ ਚੁੱਕੇ ਹਨ। ਯਿਸੂ ਦੇ ਬਲੀਦਾਨ ਨੇ ਸਾਡੇ ਲਈ ਰਾਹ ਖੋਲ੍ਹ ਦਿੱਤਾ ਹੈ ਤਾਂਕਿ ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਦੋਸਤ ਬਣ ਸਕੀਏ। ਬਾਈਬਲ ਵਿਚ ਲਿਖਿਆ ਹੈ: “ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।”—1 ਯੂਹੰਨਾ 4:19.

19. ਧੀਰਜ ਨਾਲ ਮੁਸ਼ਕਲਾਂ ਸਹਿਣ ਦਾ ਕੀ ਫ਼ਾਇਦਾ ਹੈ?

19 ਯਹੋਵਾਹ ਨਾਲ ਸਾਡੀ ਦੋਸਤੀ ਹੋਰ ਵੀ ਮਜ਼ਬੂਤ ਹੁੰਦੀ ਹੈ ਜਦ ਅਸੀਂ ਧੀਰਜ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ। ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ।” (ਯਾਕੂਬ 1:4) ਮੁਸ਼ਕਲਾਂ ਸਹਿੰਦੇ ਸਮੇਂ ਧੀਰਜ ਦਾ ਕਿਹੜਾ “ਕੰਮ” ਪੂਰਾ ਹੁੰਦਾ ਹੈ? ਪੌਲੁਸ ਦੇ ‘ਸਰੀਰ ਵਿੱਚ ਚੁਭਿਆ ਕੰਡਾ’ ਯਾਦ ਕਰੋ। ਪੌਲੁਸ ਨੂੰ ਧੀਰਜ ਰੱਖਣ ਦਾ ਕੀ ਫ਼ਾਇਦਾ ਹੋਇਆ ਸੀ? ਉਸ ਨੇ ਕਿਹਾ: “ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅੱਤ ਅਨੰਦ ਨਾਲ ਅਭਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਯਾ ਕਰੇ। ਇਸ ਕਾਰਨ ਮੈਂ ਮਸੀਹ ਦੇ ਲਈ ਨਿਰਬਲਤਾਈਆਂ ਉੱਤੇ, ਮਿਹਣਿਆਂ ਉੱਤੇ, ਤੰਗੀਆਂ ਉੱਤੇ, ਸਤਾਏ ਜਾਣ ਉੱਤੇ, ਸੰਕਟਾਂ ਉੱਤੇ, ਪਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।” (2 ਕੁਰਿੰਥੀਆਂ 12:9, 10) ਪੌਲੁਸ ਨੇ ਆਪਣੇ ਤਜਰਬੇ ਤੋਂ ਸਿੱਖਿਆ ਕਿ ਯਹੋਵਾਹ ਨੇ ਮੁਸ਼ਕਲਾਂ ਸਹਿਣ ਲਈ ਉਸ ਨੂੰ ਹਮੇਸ਼ਾ ਆਪਣੀ “ਮਹਾ-ਸ਼ਕਤੀ” ਬਖ਼ਸ਼ੀ। ਇਸ ਕਰਕੇ ਯਿਸੂ ਅਤੇ ਯਹੋਵਾਹ ਪਰਮੇਸ਼ੁਰ ਦੇ ਨਾਲ ਉਸ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ।—2 ਕੁਰਿੰਥੀਆਂ 4:7, ਨਵਾਂ ਅਨੁਵਾਦ; ਫ਼ਿਲਿੱਪੀਆਂ 4:11-13.

20. ਅਸੀਂ ਕਿਉਂ ਮੰਨ ਸਕਦੇ ਹਾਂ ਕਿ ਯਹੋਵਾਹ ਸਾਨੂੰ ਸਹਾਰਾ ਤੇ ਦਿਲਾਸਾ ਜ਼ਰੂਰ ਦੇਵੇਗਾ?

20 ਸ਼ਾਇਦ ਯਹੋਵਾਹ ਨੇ ਤੁਹਾਡੇ ਦੁੱਖਾਂ ਨੂੰ ਦੂਰ ਨਾ ਕੀਤਾ ਹੋਵੇ। ਫਿਰ ਵੀ, ਤੁਹਾਨੂੰ ਉਸ ਦੇ ਇਸ ਵਾਅਦੇ ਤੋਂ ਹੌਸਲਾ ਮਿਲ ਸਕਦਾ ਹੈ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5) ਯਹੋਵਾਹ ਤੁਹਾਨੂੰ ਸਹਾਰਾ ਤੇ ਦਿਲਾਸਾ ਜ਼ਰੂਰ ਦੇਵੇਗਾ। ਉਸ ਨੇ ਤਾਂ “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ।” ਉਹ ਤੁਹਾਡਾ ਧੀਰਜ ਦੇਖਦਾ ਹੈ। ਉਹ ਤੁਹਾਡਾ ਦਰਦ ਸਮਝਦਾ ਹੈ। ਉਸ ਨੂੰ ਤੁਹਾਡਾ ਫ਼ਿਕਰ ਹੈ। ਉਹ ‘ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ’ ਕਦੀ ਨਹੀਂ ਭੁੱਲੇਗਾ।—ਇਬਰਾਨੀਆਂ 6:10.

[ਫੁਟਨੋਟ]

^ ਪੈਰਾ 2 ਧਰਮੀ ਦਾਊਦ ਅਤੇ ਕੋਰਹ ਦੇ ਵਫ਼ਾਦਾਰ ਪੁੱਤਰਾਂ ਨੇ ਵੀ ਦੁੱਖ ਦੇ ਵੇਲੇ ਇਹੋ ਜਿਹੀਆਂ ਗੱਲਾਂ ਕਹੀਆਂ ਸਨ।—ਜ਼ਬੂਰਾਂ ਦੀ ਪੋਥੀ 10:1; 44:24.

^ ਪੈਰਾ 4 ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਪੌਲੁਸ ਦੇ ਸਰੀਰ ਵਿੱਚ ਕਿਹੜਾ ਕੰਡਾ ਚੁਭਿਆ ਹੋਇਆ ਸੀ। ਇਹ ਸ਼ਾਇਦ ਕੋਈ ਸਰੀਰਕ ਕਸ਼ਟ ਸੀ, ਸ਼ਾਇਦ ਉਸ ਦੀ ਨਿਗਾਹ ਕਮਜ਼ੋਰ ਸੀ। ਜਾਂ ਹੋ ਸਕਦਾ ਹੈ ਕਿ ਉਹ ਉਨ੍ਹਾਂ ਭਰਾਵਾਂ ਦੀ ਗੱਲ ਕਰ ਰਿਹਾ ਸੀ ਜੋ ਆਪਣੇ ਆਪ ਨੂੰ ਰਸੂਲ ਕਹਿੰਦੇ ਸਨ ਅਤੇ ਪੌਲੁਸ ਦੇ ਰਸੂਲ ਹੋਣ ਦੀ ਪਦਵੀ ਨੂੰ ਲਲਕਾਰਦੇ ਸਨ ਤੇ ਉਸ ਦੀ ਸੇਵਕਾਈ ਨੂੰ ਤੁੱਛ ਸਮਝਦੇ ਸਨ।—2 ਕੁਰਿੰਥੀਆਂ 11:6, 13-15; ਗਲਾਤੀਆਂ 4:15; 6:11.

^ ਪੈਰਾ 9 ਕੁਝ ਵਿਦਵਾਨ ਕਹਿੰਦੇ ਹਨ ਕਿ ਚਿੜੀ ਦਾ ਧਰਤੀ ਉੱਤੇ ਡਿੱਗਣ ਦਾ ਮਤਲਬ ਸਿਰਫ਼ ਮਰਨਾ ਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨਾਨੀ ਭਾਸ਼ਾ ਵਿਚ ਇਹ ਦਾਣੇ ਚੁਗਣ ਲਈ ਚਿੜੀ ਦੇ ਜ਼ਮੀਨ ਉੱਤੇ ਉਤਰਨ ਨੂੰ ਵੀ ਸੰਕੇਤ ਕਰਦਾ ਹੈ। ਜੇ ਇਹ ਸੱਚ ਹੈ, ਤਾਂ ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਸਿਰਫ਼ ਚਿੜੀ ਦੇ ਮਰਨ ਵੇਲੇ ਹੀ ਉਸ ਨੂੰ ਨਹੀਂ ਦੇਖਦਾ, ਸਗੋਂ ਉਹ ਚਿੜੀ ਦੇ ਹਰ ਕੰਮ ਨੂੰ ਦੇਖਦਾ ਹੈ ਅਤੇ ਉਸ ਦੀ ਦੇਖ-ਭਾਲ ਕਰਦਾ ਹੈ।—ਮੱਤੀ 6:26.

^ ਪੈਰਾ 15 ਪੁਰਾਣੇ ਜ਼ਮਾਨੇ ਵਿਚ ਮਸ਼ਕਾਂ ਭੇਡਾਂ, ਬੱਕਰੀਆਂ ਅਤੇ ਮੱਝਾਂ ਦੀ ਖਲ ਤੋਂ ਬਣਾਈਆਂ ਜਾਂਦੀਆਂ ਸਨ। ਇਹ ਮਸ਼ਕਾਂ ਦੁੱਧ, ਘਿਉ, ਪਨੀਰ ਜਾਂ ਪਾਣੀ ਭਰਨ ਦੇ ਕੰਮ ਆਉਂਦੀਆਂ ਸਨ। ਜਿਨ੍ਹਾਂ ਖਲਾਂ ਨੂੰ ਜ਼ਿਆਦਾ ਦੇਰ ਧੁੱਪ ਵਿਚ ਸੁਕਾਇਆ ਜਾਂਦਾ ਸੀ ਉਨ੍ਹਾਂ ਵਿਚ ਤੇਲ ਜਾਂ ਮੈ ਵੀ ਰੱਖੀ ਜਾ ਸਕਦੀ ਸੀ।

ਕੀ ਤੁਹਾਨੂੰ ਯਾਦ ਹੈ?

• ਕਿਨ੍ਹਾਂ ਕਾਰਨਾਂ ਕਰਕੇ ਕੋਈ ਮਸੀਹੀ ਸੋਚ ਸਕਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਛੱਡ ਦਿੱਤਾ ਹੈ?

• ਅਸੀਂ ਚਿੜੀਆਂ ਅਤੇ ਸਿਰ ਦੇ ਵਾਲਾਂ ਦੀਆਂ ਮਿਸਾਲਾਂ ਤੋਂ ਕੀ ਸਿੱਖਦੇ ਹਾਂ?

• ਇਸ ਦਾ ਕੀ ਮਤਲਬ ਹੈ ਕਿ ਯਹੋਵਾਹ ਤੁਹਾਡੇ ਅੰਝੂ ਆਪਣੀ “ਮਸ਼ਕ” ਵਿਚ ਰੱਖਦਾ ਜਾਂ “ਵਹੀ” ਵਿਚ ਲਿਖਦਾ ਹੈ?

• ਅਸੀਂ ਯਹੋਵਾਹ ਨਾਲ “ਦੋਸਤੀ” ਕਿਵੇਂ ਕਰ ਸਕਦੇ ਹਾਂ?

[ਸਵਾਲ]

[ਸਫ਼ੇ 22 ਉੱਤੇ ਤਸਵੀਰ]

ਯਹੋਵਾਹ ਨੇ ਪੌਲੁਸ ਦੇ ‘ਸਰੀਰ ਵਿੱਚ ਚੁਭਿਆ ਕੰਡਾ’ ਕਿਉਂ ਨਹੀਂ ਕੱਢਿਆ ਸੀ?

[ਸਫ਼ੇ 23 ਉੱਤੇ ਤਸਵੀਰ]

ਚਿੜੀਆਂ ਬਾਰੇ ਯਿਸੂ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

[ਕ੍ਰੈਡਿਟ ਲਾਈਨ]

© J. Heidecker/VIREO

[ਸਫ਼ੇ 25 ਉੱਤੇ ਤਸਵੀਰ]

ਰੋਜ਼ ਬਾਈਬਲ ਪੜ੍ਹਨ ਨਾਲ ਸਾਡਾ ਭਰੋਸਾ ਵਧਦਾ ਹੈ ਕਿ ਪਰਮੇਸ਼ੁਰ ਸਾਡਾ ਧਿਆਨ ਰੱਖਦਾ ਹੈ