Skip to content

Skip to table of contents

ਕੀ ਤੁਸੀਂ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਹੋ?

ਕੀ ਤੁਸੀਂ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਹੋ?

ਕੀ ਤੁਸੀਂ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਹੋ?

‘ਅਸੀਂ ਯਹੋਵਾਹ ਦੇ ਤੇਜ ਨੂੰ ਸ਼ੀਸ਼ੇ ਦੀ ਤਰ੍ਹਾਂ ਸਾਫ਼ ਪ੍ਰਗਟ ਕਰਦੇ ਹਾਂ।’—2 ਕੁਰਿੰਥੀਆਂ 3:18, ਪਵਿੱਤਰ ਬਾਈਬਲ ਨਵਾਂ ਅਨੁਵਾਦ।

1. ਮੂਸਾ ਨੇ ਕੀ ਦੇਖਿਆ ਸੀ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ?

ਕਿਸੇ ਇਨਸਾਨ ਨੇ ਪਹਿਲਾਂ ਕਦੀ ਅਜਿਹਾ ਦਰਸ਼ਣ ਨਹੀਂ ਦੇਖਿਆ ਸੀ। ਸੀਨਈ ਪਹਾੜ ਉੱਤੇ ਮੂਸਾ ਨੇ ਯਹੋਵਾਹ ਨੂੰ ਇਕ ਅਨੋਖੀ ਅਰਜ਼ ਕੀਤੀ। ਉਹ ਯਹੋਵਾਹ ਦਾ ਤੇਜ ਦੇਖਣਾ ਚਾਹੁੰਦਾ ਸੀ ਜੋ ਕਿਸੇ ਇਨਸਾਨ ਨੇ ਕਦੀ ਨਹੀਂ ਦੇਖਿਆ ਸੀ। ਯਹੋਵਾਹ ਨੇ ਉਸ ਦੀ ਅਰਜ਼ ਸੁਣ ਲਈ। ਪਰ ਮੂਸਾ ਨੇ ਯਹੋਵਾਹ ਦਾ ਚਿਹਰਾ ਨਹੀਂ ਦੇਖਿਆ ਸੀ ਕਿਉਂਕਿ ਪਰਮੇਸ਼ੁਰ ਇੰਨਾ ਤੇਜਵਾਨ ਹੈ ਕਿ ਉਸ ਦਾ ਚਿਹਰਾ ਦੇਖ ਕੇ ਕੋਈ ਵੀ ਇਨਸਾਨ ਜ਼ਿੰਦਾ ਨਹੀਂ ਬਚ ਸਕਦਾ। ਇਸ ਲਈ ਯਹੋਵਾਹ ਨੇ ਆਪਣੇ “ਹੱਥ” ਨਾਲ ਮੂਸਾ ਨੂੰ ਢੱਕਿਆ ਤੇ ਯਹੋਵਾਹ ਦਾ ਦੂਤ ਮੂਸਾ ਦੇ ਕੋਲੋਂ ਲੰਘਿਆ। ਫਿਰ ਯਹੋਵਾਹ ਨੇ ਮੂਸਾ ਨੂੰ ਆਪਣੇ ਤੇਜ ਦੀ ਸਿਰਫ਼ ਝਲਕ ਦਿਖਾਈ। ਯਹੋਵਾਹ ਨੇ ਦੂਤ ਰਾਹੀਂ ਮੂਸਾ ਨਾਲ ਗੱਲ ਵੀ ਕੀਤੀ। ਬਾਈਬਲ ਸਾਨੂੰ ਦੱਸਦੀ ਹੈ ਕਿ ਇਸ ਤੋਂ ਬਾਅਦ ਕੀ ਹੋਇਆ ਸੀ: ‘ਜਾਂ ਮੂਸਾ ਸੀਨਈ ਪਹਾੜ ਤੋਂ ਉੱਤਰਿਆ ਉਸ ਦੇ ਮੂੰਹ ਦੀ ਖੱਲ ਯਹੋਵਾਹ ਦੇ ਨਾਲ ਬੋਲਣ ਦੇ ਕਾਰਨ ਚਮਕਦੀ ਸੀ।’—ਕੂਚ 33:18–34:7, 29.

2. ਪੌਲੁਸ ਰਸੂਲ ਨੇ ਉਸ ਤੇਜ ਬਾਰੇ ਕੀ ਲਿਖਿਆ ਸੀ ਜੋ ਮਸੀਹੀ ਪ੍ਰਗਟ ਕਰਦੇ ਹਨ?

2 ਕਲਪਨਾ ਕਰੋ ਕਿ ਤੁਸੀਂ ਮੂਸਾ ਨਾਲ ਉਸ ਪਹਾੜ ਉੱਤੇ ਹੋ। ਸਰਬਸ਼ਕਤੀਮਾਨ ਦਾ ਤੇਜ ਦੇਖ ਕੇ ਅਤੇ ਉਸ ਦੇ ਸ਼ਬਦ ਸੁਣ ਕੇ ਤੁਹਾਡਾ ਸ਼ਾਇਦ ਰੋਮ-ਰੋਮ ਖਿੜ ਉੱਠਦਾ! ਤੁਸੀਂ ਸੀਨਈ ਪਹਾੜ ਤੋਂ ਉਤਰਦੇ ਵੇਲੇ ਬਿਵਸਥਾ ਨੇਮ ਦੇ ਵਿਚੋਲੇ ਮੂਸਾ ਦੇ ਨਾਲ-ਨਾਲ ਚੱਲ ਕੇ ਬਹੁਤ ਫ਼ਖ਼ਰ ਵੀ ਮਹਿਸੂਸ ਕਰਦੇ। ਪਰ ਕੀ ਤੁਹਾਨੂੰ ਪਤਾ ਹੈ ਕਿ ਅੱਜ ਸੱਚੇ ਮਸੀਹੀ ਕੁਝ ਤਰੀਕਿਆਂ ਨਾਲ ਮੂਸਾ ਨਾਲੋਂ ਵੀ ਵੱਧ ਯਹੋਵਾਹ ਦਾ ਤੇਜ ਪ੍ਰਗਟ ਕਰਦੇ ਹਨ? ਪੌਲੁਸ ਰਸੂਲ ਨੇ ਇਸ ਬਾਰੇ ਲਿਖਦੇ ਹੋਏ ਕਿਹਾ ਸੀ ਕਿ ਮਸਹ ਕੀਤੇ ਹੋਏ ਮਸੀਹੀ “ਪ੍ਰਭੂ ਦੇ ਤੇਜ ਨੂੰ ਸ਼ੀਸ਼ੇ ਦੀ ਤਰ੍ਹਾਂ ਸਾਫ਼ ਪ੍ਰਗਟ ਕਰਦੇ” ਹਨ। (2 ਕੁਰਿੰਥੀਆਂ 3:7, 8, 18, ਨਵਾਂ ਅਨੁਵਾਦ) ਇਸੇ ਤਰ੍ਹਾਂ, ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਣ ਵਾਲੇ ਮਸੀਹੀ ਵੀ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਹਨ।

ਮਸੀਹੀ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਹਨ

3. ਸਾਡੇ ਕੋਲ ਯਹੋਵਾਹ ਬਾਰੇ ਅਜਿਹਾ ਕਿਹੜਾ ਗਿਆਨ ਹੈ ਜੋ ਮੂਸਾ ਕੋਲ ਨਹੀਂ ਸੀ?

3 ਕੀ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਨਾ ਸਾਡੇ ਲਈ ਸੰਭਵ ਹੈ? ਅਸੀਂ ਮੂਸਾ ਵਾਂਗ ਯਹੋਵਾਹ ਦੇ ਤੇਜ ਦੀ ਝਲਕ ਨਹੀਂ ਦੇਖੀ ਤੇ ਨਾ ਹੀ ਉਸ ਦੀ ਆਵਾਜ਼ ਸੁਣੀ ਹੈ। ਲੇਕਿਨ ਸਾਡੇ ਕੋਲ ਯਹੋਵਾਹ ਬਾਰੇ ਅਜਿਹਾ ਗਿਆਨ ਹੈ ਜੋ ਮੂਸਾ ਕੋਲ ਨਹੀਂ ਸੀ। ਮੂਸਾ ਦੀ ਮੌਤ ਤੋਂ ਤਕਰੀਬਨ 1,500 ਸਾਲ ਬਾਅਦ ਯਿਸੂ ਮਸੀਹਾ ਦੇ ਤੌਰ ਤੇ ਪ੍ਰਗਟ ਹੋਇਆ ਸੀ। ਇਸ ਲਈ ਮੂਸਾ ਨੂੰ ਇਹ ਨਹੀਂ ਪਤਾ ਸੀ ਕਿ ਬਿਵਸਥਾ ਨੇਮ ਯਿਸੂ ਵਿਚ ਕਿਵੇਂ ਪੂਰਾ ਹੋਣਾ ਸੀ ਜਿਸ ਨੇ ਇਨਸਾਨਾਂ ਨੂੰ ਪਾਪ ਤੇ ਮੌਤ ਦੇ ਸਰਾਪ ਤੋਂ ਛੁਟਕਾਰਾ ਦਿਲਾਉਣ ਲਈ ਆਪਣੀ ਜਾਨ ਕੁਰਬਾਨ ਕਰਨੀ ਸੀ। (ਰੋਮੀਆਂ 5:20, 21; ਗਲਾਤੀਆਂ 3:19) ਇਸ ਤੋਂ ਇਲਾਵਾ, ਮੂਸਾ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਯਹੋਵਾਹ ਕਿਵੇਂ ਆਪਣੇ ਮਸੀਹਾਈ ਰਾਜ ਦੁਆਰਾ ਆਪਣਾ ਸ਼ਾਨਦਾਰ ਮਕਸਦ ਪੂਰਾ ਕਰੇਗਾ ਤੇ ਧਰਤੀ ਉੱਤੇ ਦੁਬਾਰਾ ਸੋਹਣੇ ਹਾਲਾਤ ਲਿਆਵੇਗਾ। ਸੋ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ, ਬਲਕਿ ਨਿਹਚਾ ਦੀਆਂ ਨਜ਼ਰਾਂ ਨਾਲ ਯਹੋਵਾਹ ਦਾ ਤੇਜ ਦੇਖਿਆ ਹੈ। ਇਸ ਦੇ ਨਾਲ-ਨਾਲ ਭਾਵੇਂ ਅਸੀਂ ਕਿਸੇ ਦੂਤ ਰਾਹੀਂ ਯਹੋਵਾਹ ਦੀ ਆਵਾਜ਼ ਨਹੀਂ ਸੁਣੀ, ਫਿਰ ਵੀ ਅਸੀਂ ਬਾਈਬਲ ਰਾਹੀਂ, ਖ਼ਾਸ ਕਰਕੇ ਇੰਜੀਲਾਂ ਵਿਚ ਦਰਜ ਯਿਸੂ ਦੀ ਸੇਵਕਾਈ ਅਤੇ ਸਿੱਖਿਆਵਾਂ ਰਾਹੀਂ, ਉਸ ਦੀ ਆਵਾਜ਼ ਸੁਣੀ ਹੈ।

4. (ੳ) ਮਸਹ ਕੀਤੇ ਹੋਏ ਮਸੀਹੀ ਪਰਮੇਸ਼ੁਰ ਦਾ ਤੇਜ ਕਿਵੇਂ ਪ੍ਰਗਟ ਕਰਦੇ ਹਨ? (ਅ) ਧਰਤੀ ਉੱਤੇ ਜੀਉਣ ਦੀ ਆਸ ਰੱਖਣ ਵਾਲੇ ਮਸੀਹੀ ਵੀ ਪਰਮੇਸ਼ੁਰ ਦਾ ਤੇਜ ਕਿਵੇਂ ਪ੍ਰਗਟ ਕਰ ਸਕਦੇ ਹਨ?

4 ਭਾਵੇਂ ਮੂਸਾ ਵਾਂਗ ਸਾਡੇ ਚਿਹਰਿਆਂ ਤੋਂ ਪਰਮੇਸ਼ੁਰ ਦੇ ਤੇਜ ਦੀਆਂ ਕਿਰਨਾਂ ਨਹੀਂ ਨਿਕਲਦੀਆਂ, ਫਿਰ ਵੀ ਸਾਡੇ ਚਿਹਰੇ ਖ਼ੁਸ਼ੀ ਨਾਲ ਖਿੜ ਉੱਠਦੇ ਹਨ ਜਦ ਅਸੀਂ ਯਹੋਵਾਹ ਦੀ ਮਹਾਨਤਾ ਅਤੇ ਉਸ ਦੇ ਮਕਸਦਾਂ ਬਾਰੇ ਲੋਕਾਂ ਨੂੰ ਦੱਸਦੇ ਹਾਂ। ਸਾਡੇ ਜ਼ਮਾਨੇ ਬਾਰੇ ਗੱਲ ਕਰਦੇ ਹੋਏ ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਪਰਮੇਸ਼ੁਰ ਦੇ ਲੋਕ ਯਹੋਵਾਹ ਦਾ “ਪਰਤਾਪ ਕੌਮਾਂ ਵਿੱਚ ਦੱਸਣਗੇ।” (ਯਸਾਯਾਹ 66:19) ਇਸ ਤੋਂ ਇਲਾਵਾ 2 ਕੁਰਿੰਥੀਆਂ 4:1, 2 ਵਿਚ ਲਿਖਿਆ ਹੈ: “ਜਦੋਂ ਅਸਾਂ ਇਹ ਸੇਵਕਾਈ ਪਾਈ ਹੈ . . . ਅਸਾਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੋਇਆ ਹੈ ਅਤੇ ਨਾ ਚਤਰਾਈ ਦੀ ਚਾਲ ਚੱਲਦੇ ਨਾ ਪਰਮੇਸ਼ੁਰ ਦੇ ਬਚਨ ਵਿੱਚ ਰਲਾ ਪਾਉਂਦੇ ਹਾਂ ਸਗੋਂ ਸਤ ਨੂੰ ਪਰਗਟ ਕਰ ਕੇ ਹਰੇਕ ਮਨੁੱਖ ਦੇ ਅੰਤਹਕਰਨ ਵਿੱਚ ਪਰਮੇਸ਼ੁਰ ਦੇ ਅੱਗੇ ਆਪਣਾ ਪਰਮਾਣ ਦਿੰਦੇ ਹਾਂ।” ਪੌਲੁਸ ਖ਼ਾਸ ਕਰਕੇ ਮਸਹ ਕੀਤੇ ਹੋਏ ਮਸੀਹੀਆਂ ਬਾਰੇ ਗੱਲ ਕਰ ਰਿਹਾ ਸੀ ਜੋ “ਨਵੇਂ ਨੇਮ ਦੇ ਸੇਵਕ” ਹਨ। (2 ਕੁਰਿੰਥੀਆਂ 3:6) ਪਰ ਉਨ੍ਹਾਂ ਦੇ ਪ੍ਰਚਾਰ ਕਰਕੇ ਅਣਗਿਣਤ ਲੋਕਾਂ ਨੇ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਆਸ਼ਾ ਬਾਰੇ ਜਾਣਿਆ ਹੈ। ਸਾਰੇ ਮਸੀਹੀ ਯਹੋਵਾਹ ਦਾ ਤੇਜ ਸਿਰਫ਼ ਆਪਣੀਆਂ ਸਿੱਖਿਆਵਾਂ ਰਾਹੀਂ ਹੀ ਨਹੀਂ, ਸਗੋਂ ਆਪਣੇ ਕੰਮਾਂ ਰਾਹੀਂ ਵੀ ਪ੍ਰਗਟ ਕਰਦੇ ਹਨ। ਅੱਤ ਮਹਾਨ ਪਰਮੇਸ਼ੁਰ ਦਾ ਤੇਜ ਸ਼ੀਸ਼ੇ ਦੀ ਤਰ੍ਹਾਂ ਪ੍ਰਗਟ ਕਰਨਾ ਸਾਡੀ ਜ਼ਿੰਮੇਵਾਰੀ ਹੈ ਤੇ ਸਾਡੇ ਲਈ ਮਾਣ ਦੀ ਗੱਲ ਵੀ ਹੈ!

5. ਪਰਮੇਸ਼ੁਰ ਦੇ ਲੋਕਾਂ ਦੀ ਖ਼ੁਸ਼ਹਾਲੀ ਕਿਸ ਗੱਲ ਦਾ ਸਬੂਤ ਦਿੰਦੀ ਹੈ?

5 ਜਿਸ ਤਰ੍ਹਾਂ ਯਿਸੂ ਨੇ ਕਿਹਾ ਸੀ, ਅੱਜ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ। (ਮੱਤੀ 24:14) ਸਾਰੀਆਂ ਕੌਮਾਂ, ਗੋਤਾਂ, ਉੱਮਤਾਂ ਅਤੇ ਬੋਲੀਆਂ ਦੇ ਲੋਕ ਬਾਈਬਲ ਦੇ ਸੰਦੇਸ਼ ਨੂੰ ਖ਼ੁਸ਼ੀ-ਖ਼ੁਸ਼ੀ ਅਪਣਾ ਰਹੇ ਹਨ ਅਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਆਪਣੀਆਂ ਜ਼ਿੰਦਗੀਆਂ ਵਿਚ ਜ਼ਰੂਰੀ ਤਬਦੀਲੀਆਂ ਕਰ ਰਹੇ ਹਨ। (ਰੋਮੀਆਂ 12:2; ਪਰਕਾਸ਼ ਦੀ ਪੋਥੀ 7:9) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਉਹ ਉਨ੍ਹਾਂ ਗੱਲਾਂ ਬਾਰੇ ਦੱਸਣ ਤੋਂ ਨਹੀਂ ਰੁਕ ਸਕਦੇ ਜਿਹੜੀਆਂ ਉਨ੍ਹਾਂ ਨੇ ਦੇਖੀਆਂ ਤੇ ਸੁਣੀਆਂ ਹਨ। (ਰਸੂਲਾਂ ਦੇ ਕਰਤੱਬ 4:20) ਅੱਜ 60 ਲੱਖ ਤੋਂ ਜ਼ਿਆਦਾ ਲੋਕ ਪਰਮੇਸ਼ੁਰ ਦਾ ਤੇਜ ਪ੍ਰਗਟ ਕਰ ਰਹੇ ਹਨ। ਕੀ ਤੁਸੀਂ ਉਨ੍ਹਾਂ ਵਿਚ ਸ਼ਾਮਲ ਹੋ? ਪਰਮੇਸ਼ੁਰ ਦੇ ਲੋਕਾਂ ਦੀ ਖ਼ੁਸ਼ਹਾਲੀ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਦੀ ਬਰਕਤ ਅਤੇ ਮਿਹਰ ਉਨ੍ਹਾਂ ਉੱਤੇ ਹੈ। ਯਹੋਵਾਹ ਦੇ ਸੇਵਕਾਂ ਦੇ ਬਹੁਤ ਸਾਰੇ ਸ਼ਕਤੀਸ਼ਾਲੀ ਦੁਸ਼ਮਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਦੀ ਪਵਿੱਤਰ ਆਤਮਾ ਸਾਡੇ ਉੱਤੇ ਹੈ। ਆਓ ਆਪਾਂ ਇਸ ਬਾਰੇ ਚਰਚਾ ਕਰੀਏ।

ਪਰਮੇਸ਼ੁਰ ਦੇ ਲੋਕਾਂ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ

6. ਯਹੋਵਾਹ ਬਾਰੇ ਗਵਾਹੀ ਦੇਣ ਲਈ ਨਿਹਚਾ ਅਤੇ ਹਿੰਮਤ ਦੀ ਲੋੜ ਕਿਉਂ ਹੈ?

6 ਫ਼ਰਜ਼ ਕਰੋ ਕਿ ਤੁਹਾਨੂੰ ਅਦਾਲਤ ਵਿਚ ਕਿਸੇ ਜ਼ਾਲਮ ਹਥਿਆਰੇ ਦੇ ਖ਼ਿਲਾਫ਼ ਗਵਾਹੀ ਦੇਣ ਲਈ ਸੱਦਿਆ ਜਾਂਦਾ ਹੈ। ਤੁਸੀਂ ਜਾਣਦੇ ਹੋ ਕਿ ਇਸ ਮੁਜਰਮ ਦਾ ਸੰਬੰਧ ਵੱਡੇ ਗਿਰੋਹ ਨਾਲ ਹੈ ਅਤੇ ਉਹ ਤੁਹਾਨੂੰ ਗਵਾਹੀ ਦੇਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ। ਅਜਿਹੇ ਮੁਜਰਮ ਦੇ ਖ਼ਿਲਾਫ਼ ਬੋਲਣ ਲਈ ਤੁਹਾਨੂੰ ਹਿੰਮਤ ਦੀ ਲੋੜ ਪਵੇਗੀ। ਤੁਹਾਨੂੰ ਇਹ ਵੀ ਭਰੋਸਾ ਹੋਣਾ ਚਾਹੀਦਾ ਹੈ ਕਿ ਕਾਨੂੰਨ ਤੁਹਾਨੂੰ ਉਸ ਤੋਂ ਬਚਾ ਕੇ ਰੱਖੇਗਾ। ਸਾਡੇ ਨਾਲ ਅਜਿਹਾ ਹੀ ਕੁਝ ਹੋ ਰਿਹਾ ਹੈ। ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਗਵਾਹੀ ਦਿੰਦੇ ਸਮੇਂ ਅਸੀਂ ਸ਼ਤਾਨ ਦੇ ਖ਼ਿਲਾਫ਼ ਬੋਲ ਕੇ ਲੋਕਾਂ ਨੂੰ ਦੱਸ ਰਹੇ ਹਾਂ ਕਿ ਉਹ ਖ਼ੂਨੀ ਤੇ ਝੂਠਾ ਹੈ ਤੇ ਸਾਰੀ ਧਰਤੀ ਨੂੰ ਭਰਮਾ ਰਿਹਾ ਹੈ। (ਯੂਹੰਨਾ 8:44; ਪਰਕਾਸ਼ ਦੀ ਪੋਥੀ 12:9) ਯਹੋਵਾਹ ਦੇ ਪੱਖ ਵਿਚ ਤੇ ਸ਼ਤਾਨ ਦੇ ਵਿਰੁੱਧ ਬੋਲਣ ਲਈ ਤੁਹਾਨੂੰ ਨਿਹਚਾ ਅਤੇ ਹਿੰਮਤ ਦੀ ਲੋੜ ਹੈ।

7. ਸ਼ਤਾਨ ਕੋਲ ਕਿੰਨੀ ਕੁ ਤਾਕਤ ਹੈ ਅਤੇ ਉਹ ਕੀ ਕਰਨ ਦੀ ਕੋਸ਼ਿਸ਼ ਕਰਦਾ ਹੈ?

7 ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ ਅਤੇ ਉਹ ਸ਼ਤਾਨ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਜੇ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰੀਏ, ਤਾਂ ਉਹ ਸਾਡੀ ਰਾਖੀ ਕਰ ਸਕਦਾ ਹੈ ਤੇ ਕਰੇਗਾ ਵੀ। (2 ਇਤਹਾਸ 16:9) ਤਾਂ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਤਾਨ ਦੁਸ਼ਟ ਦੂਤਾਂ ਦਾ ਸਰਦਾਰ ਅਤੇ ਪਰਮੇਸ਼ੁਰ ਤੋਂ ਦੂਰ ਹੋ ਚੁੱਕੀ ਮਨੁੱਖਜਾਤੀ ਦਾ ਸਰਦਾਰ ਹੈ। (ਮੱਤੀ 12:24, 26; ਯੂਹੰਨਾ 14:30) ਸਵਰਗੋਂ ਧਰਤੀ ਉੱਤੇ ਸੁੱਟੇ ਜਾਣ ਕਰਕੇ ਸ਼ਤਾਨ ਨੂੰ “ਵੱਡਾ ਕ੍ਰੋਧ” ਹੈ, ਇਸ ਲਈ ਉਹ ਯਹੋਵਾਹ ਦੇ ਸੇਵਕਾਂ ਦਾ ਸਖ਼ਤ ਵਿਰੋਧ ਕਰਦਾ ਹੈ ਤੇ ਇਸ ਦੁਸ਼ਟ ਦੁਨੀਆਂ ਦੇ ਦਬਾਵਾਂ ਰਾਹੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ। (ਪਰਕਾਸ਼ ਦੀ ਪੋਥੀ 12:7-9, 12, 17) ਉਹ ਇਹ ਕਿਸ ਤਰ੍ਹਾਂ ਕਰਦਾ ਹੈ? ਆਓ ਆਪਾਂ ਉਸ ਦੇ ਤਿੰਨ ਤਰੀਕਿਆਂ ਵੱਲ ਧਿਆਨ ਦੇਈਏ।

8, 9. ਸ਼ਤਾਨ ਪ੍ਰਚਾਰ ਦੇ ਕੰਮ ਤੋਂ ਸਾਡਾ ਧਿਆਨ ਕਿਵੇਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਸਾਨੂੰ ਆਪਣੀ ਸੰਗਤ ਦਾ ਕਿਉਂ ਧਿਆਨ ਰੱਖਣਾ ਚਾਹੀਦਾ ਹੈ?

8 ਸ਼ਤਾਨ ਸਾਨੂੰ ਜ਼ਿੰਦਗੀ ਦੀਆਂ ਚਿੰਤਾਵਾਂ ਵਿਚ ਫਸਾ ਕੇ ਪ੍ਰਚਾਰ ਦੇ ਕੰਮ ਤੋਂ ਸਾਡਾ ਧਿਆਨ ਹਟਾਉਣਾ ਚਾਹੁੰਦਾ ਹੈ। ਇਨ੍ਹਾਂ ਆਖ਼ਰੀ ਦਿਨਾਂ ਵਿਚ ਲੋਕ ਪਰਮੇਸ਼ੁਰ ਦੇ ਪ੍ਰੇਮੀ ਨਹੀਂ, ਸਗੋਂ ਪੈਸਿਆਂ ਦੇ ਪ੍ਰੇਮੀ ਹਨ। ਉਹ ਸਿਰਫ਼ ਆਪਣੇ ਬਾਰੇ ਜਾਂ ਆਪਣੇ ਆਰਾਮ ਬਾਰੇ ਸੋਚਦੇ ਹਨ। (2 ਤਿਮੋਥਿਉਸ 3:1-4) ਜ਼ਿਆਦਾਤਰ ਲੋਕ ਕੰਮਾਂ-ਕਾਰਾਂ ਵਿਚ ਫੱਸੇ ਹੋਏ ਹਨ ਜਿਸ ਕਰਕੇ ਉਹ ‘ਕੁਝ ਨਹੀਂ ਜਾਣਨਾ’ ਚਾਹੁੰਦੇ ਤੇ ਨਾ ਹੀ ਖ਼ੁਸ਼ ਖ਼ਬਰੀ ਸੁਣਨਾ ਚਾਹੁੰਦੇ ਹਨ। ਉਹ ਬਾਈਬਲ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ। (ਮੱਤੀ 24:37-39) ਜੇ ਅਸੀਂ ਸਾਵਧਾਨ ਨਾ ਰਹੀਏ, ਤਾਂ ਅਸੀਂ ਵੀ ਉਨ੍ਹਾਂ ਵਰਗੇ ਬਣ ਸਕਦੇ ਹਾਂ ਅਤੇ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਸਕਦੇ ਹਾਂ। ਜੇ ਅਸੀਂ ਧਨ-ਦੌਲਤ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਨਾਲ ਪਿਆਰ ਕਰਨ ਲੱਗ ਪਈਏ, ਤਾਂ ਪਰਮੇਸ਼ੁਰ ਲਈ ਸਾਡਾ ਪਿਆਰ ਠੰਢਾ ਪੈ ਜਾਵੇਗਾ।—ਮੱਤੀ 24:12.

9 ਇਸੇ ਕਾਰਨ ਮਸੀਹੀ ਧਿਆਨ ਰੱਖਦੇ ਹਨ ਕਿ ਉਹ ਕਿਨ੍ਹਾਂ ਲੋਕਾਂ ਨਾਲ ਸੰਗਤ ਕਰਦੇ ਹਨ। ਸੁਲੇਮਾਨ ਪਾਤਸ਼ਾਹ ਨੇ ਲਿਖਿਆ ਸੀ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਅਸੀਂ ਉਨ੍ਹਾਂ ਲੋਕਾਂ ਨਾਲ ਮਿਲਣਾ-ਵਰਤਣਾ ਚਾਹੁੰਦੇ ਹਾਂ ਜੋ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਹਨ। ਅਜਿਹੇ ਲੋਕਾਂ ਦਾ ਸਾਥ ਕਿੰਨਾ ਚੰਗਾ ਹੈ! ਜਦ ਅਸੀਂ ਸਭਾਵਾਂ ਵਿਚ ਜਾਂ ਹੋਰ ਮੌਕਿਆਂ ਤੇ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੁੰਦੇ ਹਾਂ, ਤਾਂ ਸਾਨੂੰ ਉਨ੍ਹਾਂ ਦੇ ਪਿਆਰ, ਨਿਹਚਾ, ਖ਼ੁਸ਼ੀ ਅਤੇ ਬੁੱਧ ਤੋਂ ਬਹੁਤ ਹੌਸਲਾ ਮਿਲਦਾ ਹੈ। ਅਜਿਹੀ ਚੰਗੀ ਸੰਗਤ ਤੋਂ ਸਾਨੂੰ ਪ੍ਰਚਾਰ ਕਰਦੇ ਰਹਿਣ ਦਾ ਵੀ ਹੌਸਲਾ ਮਿਲਦਾ ਹੈ।

10. ਪਰਮੇਸ਼ੁਰ ਦਾ ਤੇਜ ਪ੍ਰਗਟ ਕਰਨ ਵਾਲਿਆਂ ਦਾ ਮਖੌਲ ਕਿਸ ਤਰ੍ਹਾਂ ਉਡਾਇਆ ਜਾਂਦਾ ਹੈ?

10 ਸ਼ਤਾਨ ਮਸੀਹੀਆਂ ਦਾ ਮਖੌਲ ਉਡਾ ਕੇ ਵੀ ਉਨ੍ਹਾਂ ਨੂੰ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਨ ਤੋਂ ਰੋਕਣ ਦਾ ਜਤਨ ਕਰਦਾ ਹੈ। ਸਾਨੂੰ ਇਸ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ। ਧਰਤੀ ਉੱਤੇ ਯਿਸੂ ਦੀ ਸੇਵਕਾਈ ਦੌਰਾਨ ਲੋਕ ਉਸ ਉੱਤੇ ਹੱਸੇ, ਉਸ ਦਾ ਮਖੌਲ ਉਡਾਇਆ, ਉਸ ਨੂੰ ਬੇਇੱਜ਼ਤ ਕੀਤਾ ਅਤੇ ਉਸ ਉੱਤੇ ਥੁੱਕਿਆ। (ਮਰਕੁਸ 5:40; ਲੂਕਾ 16:14; 18:32) ਉਸ ਤੋਂ ਬਾਅਦ ਉਸ ਦੇ ਚੇਲਿਆਂ ਦਾ ਵੀ ਮਖੌਲ ਉਡਾਇਆ ਗਿਆ ਸੀ। (ਰਸੂਲਾਂ ਦੇ ਕਰਤੱਬ 2:13; 17:32) ਅੱਜ ਯਹੋਵਾਹ ਦੇ ਸੇਵਕਾਂ ਨਾਲ ਵੀ ਅਜਿਹਾ ਸਲੂਕ ਕੀਤਾ ਜਾਂਦਾ ਹੈ। ਪਤਰਸ ਰਸੂਲ ਨੇ ਕਿਹਾ ਸੀ ਕਿ ਲੋਕ ਉਨ੍ਹਾਂ ਨੂੰ ਝੂਠੇ ਨਬੀ ਕਹਿਣਗੇ: “ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ ਅਤੇ ਆਖਣਗੇ ਭਈ ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ? ਕਿਉਂਕਿ . . . ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ।” (2 ਪਤਰਸ 3:3, 4) ਲੋਕ ਪਰਮੇਸ਼ੁਰ ਦੇ ਲੋਕਾਂ ਦਾ ਮਖੌਲ ਉਡਾਉਂਦੇ ਹੋਏ ਕਹਿੰਦੇ ਹਨ ਕਿ ਉਹ ਤਾਂ ਸੁਪਨਿਆਂ ਦੀ ਦੁਨੀਆਂ ਵਿਚ ਜੀ ਰਹੇ ਹਨ। ਲੋਕ ਬਾਈਬਲ ਦੇ ਨੈਤਿਕ ਅਸੂਲਾਂ ਨੂੰ ਪੁਰਾਣੇ ਜ਼ਮਾਨੇ ਦੀਆਂ ਘਿਸੀਆਂ-ਪਿਟੀਆਂ ਗੱਲਾਂ ਕਹਿੰਦੇ ਹਨ। ਕਈ ਲੋਕਾਂ ਦੇ ਖ਼ਿਆਲ ਵਿਚ ਅਸੀਂ ਫ਼ਜ਼ੂਲ ਗੱਲਾਂ ਦਾ ਪ੍ਰਚਾਰ ਕਰਦੇ ਫਿਰਦੇ ਹਾਂ। (1 ਕੁਰਿੰਥੀਆਂ 1:18, 19) ਮਸੀਹੀ ਹੋਣ ਕਰਕੇ ਸਕੂਲੇ, ਕੰਮ ਤੇ ਅਤੇ ਪਰਿਵਾਰ ਵਿਚ ਵੀ ਸਾਡਾ ਮਜ਼ਾਕ ਉਡਾਇਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਅਸੀਂ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਨਾ ਨਹੀਂ ਛੱਡਾਂਗੇ। ਅਸੀਂ ਪ੍ਰਚਾਰ ਕਰਦੇ ਰਹਾਂਗੇ ਕਿਉਂਕਿ ਯਿਸੂ ਵਾਂਗ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਬਚਨ ਸੱਚਾ ਹੈ।—ਯੂਹੰਨਾ 17:17.

11. ਸ਼ਤਾਨ ਨੇ ਮਸੀਹੀਆਂ ਉੱਤੇ ਅਤਿਆਚਾਰ ਕਰ ਕੇ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਿਵੇਂ ਕੀਤੀ ਹੈ?

11 ਸ਼ਤਾਨ ਵਿਰੋਧਤਾ ਤੇ ਅਤਿਆਚਾਰ ਵਰਤ ਕੇ ਵੀ ਸਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਓਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।” (ਮੱਤੀ 24:9) ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਕਈ ਦੇਸ਼ਾਂ ਵਿਚ ਸਾਡਾ ਵਿਰੋਧ ਕੀਤਾ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਬਹੁਤ ਸਮਾਂ ਪਹਿਲਾਂ ਯਹੋਵਾਹ ਨੇ ਕਿਹਾ ਸੀ ਕਿ ਉਸ ਦੀ ਸੇਵਾ ਕਰਨ ਅਤੇ ਸ਼ਤਾਨ ਦੀ ਸੇਵਾ ਕਰਨ ਵਾਲਿਆਂ ਵਿਚਕਾਰ ਨਫ਼ਰਤ ਜਾਂ ਵੈਰ ਹੋਵੇਗਾ। (ਉਤਪਤ 3:15) ਅਸੀਂ ਇਹ ਵੀ ਜਾਣਦੇ ਹਾਂ ਕਿ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਹਿ ਕੇ ਅਸੀਂ ਗਵਾਹੀ ਦਿੰਦੇ ਹਾਂ ਕਿ ਯਹੋਵਾਹ ਦੇ ਰਾਜ ਕਰਨ ਦਾ ਤਰੀਕਾ ਸਹੀ ਹੈ। ਇਹ ਜਾਣਦੇ ਹੋਏ ਅਸੀਂ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹਾਂ। ਜੇ ਅਸੀਂ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਨ ਦਾ ਪੱਕਾ ਇਰਾਦਾ ਕਰੀਏ, ਤਾਂ ਕੋਈ ਵੀ ਅਤਿਆਚਾਰ ਸਾਨੂੰ ਹਮੇਸ਼ਾ ਲਈ ਚੁੱਪ ਨਹੀਂ ਕਰਾ ਸਕਦਾ।

12. ਸ਼ਤਾਨ ਦੀ ਵਿਰੋਧਤਾ ਦੇ ਬਾਵਜੂਦ ਵਫ਼ਾਦਾਰ ਰਹਿ ਕੇ ਅਸੀਂ ਖ਼ੁਸ਼ ਕਿਉਂ ਹੋ ਸਕਦੇ ਹਾਂ?

12 ਕੀ ਤੁਸੀਂ ਮਖੌਲ ਅਤੇ ਵਿਰੋਧਤਾ ਦੇ ਬਾਵਜੂਦ ਵਫ਼ਾਦਾਰ ਹੋ ਅਤੇ ਇਸ ਦੁਨੀਆਂ ਦੀ ਚਕਾਚੌਂਧ ਤੋਂ ਬਚੇ ਹੋਏ ਹੋ? ਜੇ ਬਚੇ ਹੋਏ ਹੋ, ਤਾਂ ਤੁਸੀਂ ਖ਼ੁਸ਼ ਹੋਵੋ। ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਸੀ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ ਇਸ ਲਈ ਜੋ ਉਨ੍ਹਾਂ ਨੇ ਤੁਹਾਥੋਂ ਅਗਲਿਆਂ ਨਬੀਆਂ ਨੂੰ ਇਸੇ ਤਰਾਂ ਸਤਾਇਆ ਸੀ।” (ਮੱਤੀ 5:11, 12) ਧੀਰਜ ਰੱਖ ਕੇ ਤੁਸੀਂ ਸਬੂਤ ਦਿੰਦੇ ਹੋ ਕਿ ਯਹੋਵਾਹ ਦੀ ਪਵਿੱਤਰ ਆਤਮਾ ਤੁਹਾਡੇ ਉੱਤੇ ਹੈ ਅਤੇ ਤੁਹਾਨੂੰ ਉਸ ਦਾ ਤੇਜ ਪ੍ਰਗਟ ਕਰਨ ਦੀ ਸ਼ਕਤੀ ਦੇ ਰਹੀ ਹੈ।—2 ਕੁਰਿੰਥੀਆਂ 12:9.

ਯਹੋਵਾਹ ਦੀ ਮਦਦ ਨਾਲ ਧੀਰਜ ਰੱਖੋ

13. ਅਸੀਂ ਧੀਰਜ ਨਾਲ ਪ੍ਰਚਾਰ ਕਿਉਂ ਕਰਦੇ ਰਹਿੰਦੇ ਹਾਂ?

13 ਅਸੀਂ ਧੀਰਜ ਨਾਲ ਪ੍ਰਚਾਰ ਕਿਉਂ ਕਰਦੇ ਰਹਿੰਦੇ ਹਾਂ? ਇਸ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ ਅਤੇ ਉਸ ਦਾ ਤੇਜ ਪ੍ਰਗਟ ਕਰਨਾ ਚਾਹੁੰਦੇ ਹਾਂ। ਲੋਕ ਅਕਸਰ ਉਨ੍ਹਾਂ ਵਿਅਕਤੀਆਂ ਦੀ ਰੀਸ ਕਰਦੇ ਹਨ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਤੇ ਜਿਨ੍ਹਾਂ ਦੀ ਉਹ ਇੱਜ਼ਤ ਕਰਦੇ ਹਨ। ਤਾਂ ਫਿਰ ਸਾਨੂੰ ਯਹੋਵਾਹ ਪਰਮੇਸ਼ੁਰ ਦੀ ਰੀਸ ਜ਼ਰੂਰ ਕਰਨੀ ਚਾਹੀਦੀ ਹੈ। ਉਸ ਨੇ ਇਨਸਾਨਾਂ ਨਾਲ ਪਿਆਰ ਕਰਨ ਕਰਕੇ ਆਪਣੇ ਪੁੱਤਰ ਨੂੰ ਧਰਤੀ ਉੱਤੇ ਭੇਜਿਆ ਤਾਂਕਿ ਉਹ ਸੱਚਾਈ ਉੱਤੇ ਗਵਾਹੀ ਦੇਵੇ ਅਤੇ ਆਗਿਆਕਾਰ ਮਨੁੱਖਜਾਤੀ ਨੂੰ ਪਾਪ ਤੇ ਮੌਤ ਤੋਂ ਮੁਕਤ ਕਰੇ। (ਯੂਹੰਨਾ 3:16; 18:37) ਪਰਮੇਸ਼ੁਰ ਵਾਂਗ ਸਾਡੀ ਵੀ ਇਹੋ ਇੱਛਾ ਹੈ ਕਿ ਲੋਕ ਤੋਬਾ ਕਰ ਕੇ ਮੁਕਤੀ ਪਾਉਣ, ਤਾਹੀਓਂ ਅਸੀਂ ਉਨ੍ਹਾਂ ਨੂੰ ਪ੍ਰਚਾਰ ਕਰਦੇ ਹਾਂ। (2 ਪਤਰਸ 3:9) ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਅਤੇ ਪਰਮੇਸ਼ੁਰ ਦੀ ਰੀਸ ਕਰਨ ਦੀ ਇੱਛਾ ਨਾਲ ਅਸੀਂ ਆਪਣੀ ਸੇਵਕਾਈ ਰਾਹੀਂ ਉਸ ਦਾ ਤੇਜ ਪ੍ਰਗਟ ਕਰਦੇ ਰਹਾਂਗੇ।

14. ਯਹੋਵਾਹ ਸਾਨੂੰ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਦੀ ਸ਼ਕਤੀ ਕਿਵੇਂ ਦਿੰਦਾ ਹੈ?

14 ਦਰਅਸਲ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਦੀ ਸ਼ਕਤੀ ਯਹੋਵਾਹ ਹੀ ਦਿੰਦਾ ਹੈ। ਉਹ ਸਾਨੂੰ ਆਪਣੀ ਆਤਮਾ ਰਾਹੀਂ, ਆਪਣੇ ਸੰਗਠਨ ਰਾਹੀਂ ਅਤੇ ਆਪਣੇ ਬਚਨ ਬਾਈਬਲ ਰਾਹੀਂ ਤਾਕਤ ਬਖ਼ਸ਼ਦਾ ਹੈ। ਯਹੋਵਾਹ ‘ਧੀਰਜ ਦਾ ਪਰਮੇਸ਼ੁਰ’ ਹੈ ਤੇ ਉਹ ਉਨ੍ਹਾਂ ਨੂੰ ਧੀਰਜ ਰੱਖਣ ਦੀ ਸ਼ਕਤੀ ਬਖ਼ਸ਼ਦਾ ਹੈ ਜੋ ਉਸ ਦਾ ਤੇਜ ਪ੍ਰਗਟ ਕਰਨਾ ਚਾਹੁੰਦੇ ਹਨ। ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਅਜ਼ਮਾਇਸ਼ਾਂ ਨਾਲ ਨਿਪਟਣ ਦੀ ਬੁੱਧ ਦਿੰਦਾ ਹੈ। (ਰੋਮੀਆਂ 15:5; ਯਾਕੂਬ 1:5) ਇਸ ਤੋਂ ਇਲਾਵਾ, ਯਹੋਵਾਹ ਸਾਡੇ ਉੱਤੇ ਅਜਿਹਾ ਕੋਈ ਪਰਤਾਵਾ ਨਹੀਂ ਆਉਣ ਦੇਵੇਗਾ ਜੋ ਅਸੀਂ ਸਹਿ ਨਹੀਂ ਸਕਦੇ। ਜੇ ਅਸੀਂ ਉਸ ਉੱਤੇ ਭਰੋਸਾ ਰੱਖਾਂਗੇ, ਤਾਂ ਉਹ ਸਾਡੇ ਲਈ ਰਾਹ ਖੋਲ੍ਹ ਦੇਵੇਗਾ ਤਾਂਕਿ ਅਸੀਂ ਉਸ ਦਾ ਤੇਜ ਪ੍ਰਗਟ ਕਰਦੇ ਰਹੀਏ।—1 ਕੁਰਿੰਥੀਆਂ 10:13.

15. ਅਸੀਂ ਆਪਣੀ ਸੇਵਕਾਈ ਵਿਚ ਕਿਉਂ ਲੱਗੇ ਹੋਏ ਹਾਂ?

15 ਜਦ ਅਸੀਂ ਆਪਣੀ ਸੇਵਕਾਈ ਵਿਚ ਲੱਗੇ ਰਹਿੰਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਆਤਮਾ ਸਾਡੇ ਨਾਲ ਹੈ। ਮਿਸਾਲ ਲਈ ਫ਼ਰਜ਼ ਕਰੋ ਕਿ ਕਿਸੇ ਨੇ ਤੁਹਾਨੂੰ ਘਰ-ਘਰ ਜਾ ਕੇ ਲੋਕਾਂ ਨੂੰ ਮੁਫ਼ਤ ਰੋਟੀ ਵੰਡਣ ਦਾ ਕੰਮ ਸੌਂਪਿਆ ਹੈ। ਤੁਹਾਨੂੰ ਇਹ ਕੰਮ ਆਪਣੇ ਹੀ ਸਮੇਂ ਵਿਚ ਅਤੇ ਆਪਣੇ ਖ਼ਰਚੇ ਤੇ ਕਰਨਾ ਪਵੇਗਾ। ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਬਹੁਤ ਘੱਟ ਲੋਕ ਰੋਟੀ ਚਾਹੁੰਦੇ ਹਨ ਅਤੇ ਕਈ ਤਾਂ ਤੁਹਾਡਾ ਵਿਰੋਧ ਵੀ ਕਰਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਕੰਮ ਮਹੀਨੇ ਦੇ ਮਹੀਨੇ ਜਾਂ ਸਾਲਾਂ ਬੱਧੀ ਕਰਦੇ ਰਹੋਗੇ? ਸ਼ਾਇਦ ਨਹੀਂ। ਲੇਕਿਨ ਤੁਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਆਪਣੇ ਸਮੇਂ ਵਿਚ ਅਤੇ ਆਪਣੇ ਖ਼ਰਚੇ ਤੇ ਸ਼ਾਇਦ ਸਾਲਾਂ ਤੋਂ ਕਰਦੇ ਆਏ ਹੋ। ਤੁਸੀਂ ਇਹ ਕਿਉਂ ਕਰਦੇ ਹੋ? ਕਿਉਂਕਿ ਤੁਸੀਂ ਯਹੋਵਾਹ ਨਾਲ ਪਿਆਰ ਕਰਦੇ ਹੋ ਅਤੇ ਉਸ ਨੇ ਆਪਣੀ ਆਤਮਾ ਨਾਲ ਧੀਰਜ ਰੱਖਣ ਵਿਚ ਤੁਹਾਡੀ ਮਦਦ ਕੀਤੀ ਹੈ।

ਤੁਹਾਡੀ ਮਿਹਨਤ ਹਮੇਸ਼ਾ ਯਾਦ ਰਹੇਗੀ

16. ਆਪਣੀ ਸੇਵਕਾਈ ਵਿਚ ਲੱਗੇ ਰਹਿਣ ਨਾਲ ਸਾਨੂੰ ਅਤੇ ਸਾਡੇ ਸੁਣਨ ਵਾਲਿਆਂ ਨੂੰ ਕੀ ਫ਼ਾਇਦਾ ਹੋਵੇਗਾ?

16 ਨਵੇਂ ਨੇਮ ਦੀ ਸੇਵਕਾਈ ਇਕ ਅਨਮੋਲ ਖ਼ਜ਼ਾਨਾ ਹੈ। (2 ਕੁਰਿੰਥੀਆਂ 4:7) ਇਸੇ ਤਰ੍ਹਾਂ, ਧਰਤੀ ਉੱਤੇ ਸਦਾ ਲਈ ਜੀਉਣ ਦੀ ਉਮੀਦ ਰੱਖਣ ਵਾਲੇ ਮਸੀਹੀਆਂ ਦਾ ਪ੍ਰਚਾਰ ਵੀ ਇਕ ਖ਼ਜ਼ਾਨਾ ਹੈ। ਜਿਵੇਂ ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ ਸੀ, ਆਪਣੀ ਸੇਵਕਾਈ ਵਿਚ ਲੱਗੇ ਰਹਿਣ ਨਾਲ ਤੁਸੀਂ ‘ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾ’ ਸਕਦੇ ਹੋ। (1 ਤਿਮੋਥਿਉਸ 4:16) ਜ਼ਰਾ ਸੋਚੋ: ਜਿਸ ਖ਼ੁਸ਼ ਖ਼ਬਰੀ ਦਾ ਤੁਸੀਂ ਪ੍ਰਚਾਰ ਕਰਦੇ ਹੋ ਉਸ ਰਾਹੀਂ ਲੋਕਾਂ ਨੂੰ ਹਮੇਸ਼ਾ ਲਈ ਜੀਉਣ ਦਾ ਮੌਕਾ ਮਿਲਦਾ ਹੈ। ਜਿਨ੍ਹਾਂ ਲੋਕਾਂ ਦੀ ਤੁਸੀਂ ਮਦਦ ਕਰਦੇ ਹੋ, ਉਨ੍ਹਾਂ ਨਾਲ ਤੁਸੀਂ ਪੱਕੀ ਦੋਸਤੀ ਕਰ ਸਕਦੇ ਹੋ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਤੁਸੀਂ ਸੁੰਦਰ ਧਰਤੀ ਉੱਤੇ ਉਨ੍ਹਾਂ ਲੋਕਾਂ ਨਾਲ ਹਮੇਸ਼ਾ ਲਈ ਜੀ ਸਕੋਗੇ ਜਿਨ੍ਹਾਂ ਨੂੰ ਤੁਸੀਂ ਪਰਮੇਸ਼ੁਰ ਬਾਰੇ ਸਿਖਾਇਆ ਹੈ! ਉਹ ਤੁਹਾਡੀ ਮਿਹਨਤ ਨੂੰ ਕਦੀ ਨਹੀਂ ਭੁੱਲਣਗੇ। ਇਸ ਤੋਂ ਤੁਹਾਨੂੰ ਕਿੰਨੀ ਖ਼ੁਸ਼ੀ ਤੇ ਹੌਸਲਾ ਮਿਲੇਗਾ!

17. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅਸੀਂ ਮਨੁੱਖੀ ਇਤਿਹਾਸ ਦੇ ਨਿਰਾਲੇ ਸਮੇਂ ਵਿਚ ਜੀ ਰਹੇ ਹਾਂ?

17 ਅਸੀਂ ਮਨੁੱਖੀ ਇਤਿਹਾਸ ਦੇ ਨਿਰਾਲੇ ਸਮੇਂ ਵਿਚ ਜੀ ਰਹੇ ਹਾਂ। ਫਿਰ ਕਦੀ ਵੀ ਅਸੀਂ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਨਹੀਂ ਕਰਾਂਗੇ ਜੋ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਹਨ। ਨੂਹ ਅਜਿਹੇ ਸੰਸਾਰ ਵਿਚ ਰਹਿੰਦਾ ਸੀ ਅਤੇ ਉਸ ਨੇ ਉਸ ਦਾ ਅੰਤ ਹੁੰਦਾ ਦੇਖਿਆ ਸੀ। ਉਹ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਸ ਨੇ ਕਿਸ਼ਤੀ ਬਣਾ ਕੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਮਰਜ਼ੀ ਪੂਰੀ ਕੀਤੀ ਜਿਸ ਕਰਕੇ ਉਹ ਆਪਣੇ ਪਰਿਵਾਰ ਨਾਲ ਬਚ ਗਿਆ! (ਇਬਰਾਨੀਆਂ 11:7) ਤੁਹਾਨੂੰ ਵੀ ਇਹ ਖ਼ੁਸ਼ੀ ਮਿਲ ਸਕਦੀ ਹੈ। ਜਦ ਤੁਸੀਂ ਨਵੇਂ ਸੰਸਾਰ ਵਿਚ ਪ੍ਰਚਾਰ ਦੇ ਕੰਮ ਬਾਰੇ ਸੋਚੋਗੇ, ਤਾਂ ਤੁਸੀਂ ਕਿੰਨੇ ਖ਼ੁਸ਼ ਹੋਵੋਗੇ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਜੀ-ਜਾਨ ਨਾਲ ਕੀਤਾ ਸੀ।

18. ਯਹੋਵਾਹ ਆਪਣੇ ਸੇਵਕਾਂ ਨੂੰ ਕੀ ਤਸੱਲੀ ਤੇ ਉਤਸ਼ਾਹ ਦਿੰਦਾ ਹੈ?

18 ਤਾਂ ਫਿਰ, ਆਓ ਆਪਾਂ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਰਹੀਏ। ਇਹ ਅਜਿਹਾ ਕੰਮ ਹੈ ਜਿਸ ਨੂੰ ਯਾਦ ਕਰ ਕੇ ਸਾਨੂੰ ਹਮੇਸ਼ਾ ਖ਼ੁਸ਼ੀ ਤੇ ਸੰਤੁਸ਼ਟੀ ਮਿਲੇਗੀ। ਯਹੋਵਾਹ ਵੀ ਸਾਡੇ ਕੰਮ ਯਾਦ ਰੱਖਦਾ ਹੈ। ਬਾਈਬਲ ਵਿੱਚੋਂ ਸਾਨੂੰ ਇਹ ਤਸੱਲੀ ਮਿਲਦੀ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ। ਅਤੇ ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚੋ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹੋ ਜਿਹਾ ਜਤਨ ਕਰੇ ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਨ੍ਹਾਂ ਦੀ ਰੀਸ ਕਰੋ ਜਿਹੜੇ ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ।”—ਇਬਰਾਨੀਆਂ 6:10-12.

ਕੀ ਤੁਸੀਂ ਸਮਝਾ ਸਕਦੇ ਹੋ?

• ਮਸੀਹੀ ਪਰਮੇਸ਼ੁਰ ਦਾ ਤੇਜ ਕਿਸ ਤਰ੍ਹਾਂ ਪ੍ਰਗਟ ਕਰਦੇ ਹਨ?

• ਸ਼ਤਾਨ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਹੈ?

• ਇਸ ਗੱਲ ਦਾ ਕੀ ਸਬੂਤ ਹੈ ਕਿ ਯਹੋਵਾਹ ਦੀ ਆਤਮਾ ਸਾਡੇ ਉੱਤੇ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਮੂਸਾ ਨੇ ਯਹੋਵਾਹ ਦਾ ਤੇਜ ਪ੍ਰਗਟ ਕੀਤਾ

[ਸਫ਼ੇ 16 ਉੱਤੇ ਤਸਵੀਰਾਂ]

ਅਸੀਂ ਪ੍ਰਚਾਰ ਕਰ ਕੇ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਹਾਂ