Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪ੍ਰਾਚੀਨ ਇਸਰਾਏਲ ਵਿਚ ਉਹ ਚਮਤਕਾਰੀ ਰੌਸ਼ਨੀ ਕੀ ਦਰਸਾਉਂਦੀ ਸੀ ਜਿਸ ਨੂੰ ਕਦੇ-ਕਦੇ ਸ਼ਿਕਾਏਨਾ ਸੱਦਿਆ ਜਾਂਦਾ ਹੈ ਜੋ ਡੇਹਰੇ ਦੇ ਅੱਤ ਪਵਿੱਤਰ ਸਥਾਨ ਤੇ ਬਾਅਦ ਵਿਚ ਹੈਕਲ ਦੇ ਅੱਤ ਪਵਿੱਤਰ ਸਥਾਨ ਵਿਚ ਚਮਕਦੀ ਸੀ?

ਯਹੋਵਾਹ ਇਕ ਪ੍ਰੇਮ ਕਰਨ ਵਾਲੇ ਪਿਤਾ ਵਾਂਗ ਆਪਣੇ ਲੋਕਾਂ ਦੀ ਰੱਖਿਆ ਕਰਦਾ ਸੀ ਜਿਸ ਕਰਕੇ ਇਸਰਾਏਲ ਵਿਚ ਲੋਕਾਂ ਨੂੰ ਇਸ ਗੱਲ ਤੇ ਕੋਈ ਸ਼ੱਕ ਨਹੀਂ ਸੀ ਕਿ ਪਰਮੇਸ਼ੁਰ ਉਨ੍ਹਾਂ ਦੇ ਨਾਲ ਵਸਦਾ ਸੀ। ਉਸ ਨੇ ਇਕ ਚਮਕੀਲੇ ਬੱਦਲ ਦੇ ਜ਼ਰੀਏ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਦਿਲਾਇਆ ਸੀ। ਇਹ ਬੱਦਲ ਉਸ ਦੀ ਉਪਾਸਨਾ ਦੀ ਜਗ੍ਹਾ ਵਿਚ ਚਮਕਦਾ ਰਹਿੰਦਾ ਸੀ।

ਇਹ ਚਮਕੀਲੀ ਰੌਸ਼ਨੀ ਯਹੋਵਾਹ ਦੀ ਅਦਿੱਖ ਹਾਜ਼ਰੀ ਨੂੰ ਦਰਸਾਉਂਦੀ ਸੀ। ਇਹ ਰੌਸ਼ਨੀ ਡੇਹਰੇ ਅਤੇ ਸੁਲੇਮਾਨ ਦੀ ਹੈਕਲ ਦੇ ਅੱਤ ਪਵਿੱਤਰ ਸਥਾਨ ਵਿਚ ਚਮਕਦੀ ਸੀ। ਇਹ ਚਮਤਕਾਰੀ ਰੌਸ਼ਨੀ ਇਹ ਨਹੀਂ ਸੰਕੇਤ ਕਰਦੀ ਸੀ ਕਿ ਯਹੋਵਾਹ ਉੱਥੇ ਵਸਦਾ ਸੀ। ਪਰਮੇਸ਼ੁਰ ਮਨੁੱਖਾਂ ਦੀਆਂ ਬਣਾਈਆਂ ਇਮਾਰਤਾਂ ਵਿਚ ਨਹੀਂ ਸਮਾ ਸਕਦਾ। (2 ਇਤਹਾਸ 6:18; ਰਸੂਲਾਂ ਦੇ ਕਰਤੱਬ 17:24) ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿਚ ਇਹ ਅਨੋਖੀ ਰੌਸ਼ਨੀ ਪ੍ਰਧਾਨ ਜਾਜਕ ਨੂੰ ਤੇ ਉਸ ਦੇ ਜ਼ਰੀਏ ਸਾਰੇ ਇਸਰਾਏਲੀਆਂ ਨੂੰ ਤਸੱਲੀ ਦਿੰਦੀ ਸੀ ਕਿ ਯਹੋਵਾਹ ਉਨ੍ਹਾਂ ਦੀ ਦੇਖ-ਭਾਲ ਕਰੇਗਾ।

ਬਾਈਬਲ ਲਿਖੇ ਜਾਣ ਤੋਂ ਪਹਿਲਾਂ ਦੇ ਸਮੇਂ ਦੀ ਅਰਾਮੀ ਭਾਸ਼ਾ ਵਿਚ ਇਸ ਰੌਸ਼ਨੀ ਨੂੰ ਸ਼ਿਕਾਏਨਾ ਕਿਹਾ ਜਾਂਦਾ ਸੀ, ਜਿਸ ਦਾ ਅਰਥ ਹੈ “ਜੋ ਵਸਦਾ ਹੈ” ਜਾਂ “ਨਿਵਾਸ।” ਇਹ ਸ਼ਬਦ ਬਾਈਬਲ ਵਿਚ ਨਹੀਂ ਪਾਇਆ ਜਾਂਦਾ ਪਰ ਇਬਰਾਨੀ ਗ੍ਰੰਥਾਂ ਦੇ ਅਰਾਮੀ ਭਾਸ਼ਾ ਦੇ ਤਰਜਮਿਆਂ ਵਿਚ ਪਾਇਆ ਜਾਂਦਾ ਹੈ ਜਿਸ ਨੂੰ ਟਾਰਗਮ ਵੀ ਕਿਹਾ ਜਾਂਦਾ ਹੈ।

ਡੇਹਰਾ ਬਣਾਉਣ ਦੇ ਸੰਬੰਧ ਵਿਚ ਹਿਦਾਇਤਾਂ ਦਿੰਦੇ ਸਮੇਂ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਪਰਾਸਚਿਤ ਨੂੰ ਉਤਾਂਹ ਸੰਦੂਕ ਦੇ ਉੱਤੇ ਰੱਖੀਂ ਅਰ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀਂ। ਤਾਂ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪਰਾਸਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ ਮੈਂ ਓਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ।” (ਕੂਚ 25:21, 22) ਇਹ ਸੰਦੂਕ ਸੋਨੇ ਨਾਲ ਮੜ੍ਹਿਆ ਹੋਇਆ ਸੀ ਤੇ ਇਸ ਨੂੰ ਅੱਤ ਪਵਿੱਤਰ ਸਥਾਨ ਵਿਚ ਰੱਖਿਆ ਗਿਆ ਸੀ। ਸੰਦੂਕ ਦੇ ਢੱਕਣ ਉੱਤੇ ਦੋ ਸੁਨਹਿਰੇ ਕਰੂਬੀ ਸਨ।

ਯਹੋਵਾਹ ਕਿੱਥੋਂ ਬੋਲਦਾ ਸੀ? ਉਸ ਨੇ ਮੂਸਾ ਨਾਲ ਗੱਲ ਕਰਦੇ ਹੋਏ ਜਵਾਬ ਦਿੱਤਾ: “ਮੈਂ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਬੱਦਲ ਵਿੱਚ ਪਰਗਟ ਹੋਵਾਂਗਾ।” (ਲੇਵੀਆਂ 16:2) ਇਹ ਬੱਦਲ ਪਵਿੱਤਰ ਸੰਦੂਕ ਦੇ ਉੱਪਰ ਦੋਵੇਂ ਸੁਨਹਿਰੇ ਕਰੂਬੀਆਂ ਦੇ ਵਿਚਕਾਰ ਹੁੰਦਾ ਸੀ। ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਬੱਦਲ ਕਿੰਨਾ ਵੱਡਾ ਸੀ ਜਾਂ ਕਰੂਬੀਆਂ ਤੋਂ ਕਿੰਨਾ ਕੁ ਉਤਾਂਹ ਸੀ।

ਇਸ ਚਮਕੀਲੇ ਬੱਦਲ ਨਾਲ ਅੱਤ ਪਵਿੱਤਰ ਸਥਾਨ ਵਿਚ ਰੌਸ਼ਨੀ ਹੁੰਦੀ ਸੀ। ਅਸਲ ਵਿਚ ਇਸ ਕਮਰੇ ਵਿਚ ਰੌਸ਼ਨੀ ਕਰਨ ਲਈ ਹੋਰ ਕੋਈ ਸਾਧਨ ਨਹੀਂ ਸੀ। ਪ੍ਰਧਾਨ ਜਾਜਕ ਇਸੇ ਰੌਸ਼ਨੀ ਨਾਲ ਦੇਖ ਸਕਦਾ ਸੀ ਜਦੋਂ ਉਹ ਪ੍ਰਾਸਚਿਤ ਦੇ ਦਿਨ ਉਸ ਅੱਤ ਪਵਿੱਤਰ ਸਥਾਨ ਵਿਚ ਯਹੋਵਾਹ ਦੀ ਹਜ਼ੂਰੀ ਵਿਚ ਜਾਂਦਾ ਸੀ।

ਕੀ ਉਹ ਚਮਤਕਾਰੀ ਰੌਸ਼ਨੀ ਮਸੀਹੀਆਂ ਲਈ ਕੋਈ ਅਰਥ ਰੱਖਦੀ ਹੈ? ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਇਕ ਨਗਰੀ ਦੇਖੀ ਜਿਸ ਵਿਚ ‘ਰਾਤ ਨਹੀਂ ਹੋਵੇਗੀ।’ ਇਹ ਨਗਰੀ ਨਵੀਂ ਯਰੂਸ਼ਲਮ ਹੈ ਅਰਥਾਤ ਮਸਹ ਕੀਤੇ ਹੋਏ ਮਸੀਹੀ ਜੋ ਯਿਸੂ ਦੇ ਨਾਲ ਰਾਜ ਕਰਨ ਲਈ ਜੀ ਉਠਾਏ ਗਏ ਹਨ। ਇਸ ਨਗਰੀ ਨੂੰ ਨਾ ਚੰਦਰਮਾ ਤੇ ਨਾ ਸੂਰਜ ਰੌਸ਼ਨ ਕਰਦਾ ਹੈ। ਯਹੋਵਾਹ ਪਰਮੇਸ਼ੁਰ ਦਾ ਤੇਜ ਇਸ ਨਗਰੀ ਨੂੰ ਰੌਸ਼ਨ ਕਰਦਾ ਹੈ ਜਿਸ ਤਰ੍ਹਾਂ ਸ਼ਿਕਾਏਨਾ ਬੱਦਲ ਅੱਤ ਪਵਿੱਤਰ ਕਮਰੇ ਨੂੰ ਰੌਸ਼ਨ ਕਰਦਾ ਸੀ। ਇਸ ਤੋਂ ਇਲਾਵਾ, ਇਸ ਨਗਰੀ ਦੀ “ਜੋਤ” ਯਿਸੂ ਮਸੀਹ ਹੈ। ਸਾਰੀਆਂ ਕੌਮਾਂ ਵਿੱਚੋਂ ਬਚਾਏ ਗਏ ਲੋਕਾਂ ਨੂੰ ਇਸ “ਨਗਰੀ” ਦੀ ਰੂਹਾਨੀ ਰੌਸ਼ਨੀ ਤੋਂ ਲਾਭ ਹੁੰਦਾ ਹੈ।—ਪਰਕਾਸ਼ ਦੀ ਪੋਥੀ 21:22-25.

ਯਹੋਵਾਹ ਆਪਣੇ ਉਪਾਸਕਾਂ ਨੂੰ ਭਰਪੂਰ ਬਰਕਤਾਂ ਦਿੰਦਾ ਹੈ, ਇਸ ਲਈ ਉਸ ਦੇ ਉਪਾਸਕ ਪੂਰਾ ਭਰੋਸਾ ਰੱਖ ਸਕਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦਾ ਰਾਖਾ ਹੈ ਤੇ ਉਨ੍ਹਾਂ ਨਾਲ ਪਿਆਰ ਕਰਦਾ ਹੈ।