Skip to content

Skip to table of contents

ਮੌਤ ਜ਼ਿੰਦਗੀਆਂ ਤਬਾਹ ਕਰ ਦਿੰਦੀ ਹੈ

ਮੌਤ ਜ਼ਿੰਦਗੀਆਂ ਤਬਾਹ ਕਰ ਦਿੰਦੀ ਹੈ

ਮੌਤ ਜ਼ਿੰਦਗੀਆਂ ਤਬਾਹ ਕਰ ਦਿੰਦੀ ਹੈ

“ਛੇ ਸਾਲਾਂ ਦੀ ਕੁੜੀ ਨੇ ਕੀਤੀ ਖ਼ੁਦਕਸ਼ੀ।” ਦਰਦਨਾਕ ਮੌਤ ਦੀ ਇਹ ਖ਼ਬਰ ਜੈਕੀ ਨਾਂ ਦੀ ਇਕ ਛੋਟੀ ਜਿਹੀ ਕੁੜੀ ਦੀ ਸੀ। ਜੈਕੀ ਦੀ ਮਾਂ ਕੁਝ ਹੀ ਸਮਾਂ ਪਹਿਲਾਂ ਕਿਸੇ ਬੀਮਾਰੀ ਕਾਰਨ ਗੁਜ਼ਰ ਗਈ ਸੀ। ਜੈਕੀ ਨੇ ਰੇਲ-ਗੱਡੀ ਮੋਹਰੇ ਛਾਲ ਮਾਰਨ ਤੋਂ ਪਹਿਲਾਂ ਆਪਣੇ ਨਾਲ ਦੇ ਬੱਚਿਆਂ ਨੂੰ ਦੱਸਿਆ ਕਿ ਉਹ ‘ਇਕ ਪਰੀ ਬਣ ਕੇ ਆਪਣੀ ਮਾਂ ਦੇ ਕੋਲ ਜਾਣਾ ਚਾਹੁੰਦੀ ਸੀ।’

ਈਅਨ 18 ਸਾਲਾਂ ਦਾ ਸੀ ਜਦ ਉਸ ਨੇ ਪਾਦਰੀ ਅੱਗੇ ਇਹ ਗੱਲ ਸਮਝਾਉਣ ਲਈ ਤਰਲੇ ਕੀਤੇ ਕਿ ਉਸ ਦੇ ਪਿਤਾ ਜੀ ਕੈਂਸਰ ਕਾਰਨ ਕਿਉਂ ਮੌਤ ਦੀ ਗੋਦ ਵਿਚ ਚਲੇ ਗਏ ਸਨ? ਪਾਦਰੀ ਨੇ ਈਅਨ ਨੂੰ ਕਿਹਾ ਕਿ ਉਸ ਦਾ ਪਿਤਾ ਚੰਗਾ ਆਦਮੀ ਸੀ ਜਿਸ ਕਰਕੇ ਪਰਮੇਸ਼ੁਰ ਉਸ ਨੂੰ ਸਵਰਗ ਲੈ ਗਿਆ। ਇਹ ਗੱਲ ਸੁਣ ਕੇ ਈਅਨ ਨੇ ਸੋਚਿਆ ਕਿ ਉਹ ਇਸ ਤਰ੍ਹਾਂ ਦੇ ਕਠੋਰ ਰੱਬ ਨੂੰ ਨਹੀਂ ਜਾਣਨਾ ਚਾਹੁੰਦਾ। ਈਅਨ ਨੂੰ ਲੱਗਾ ਕਿ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ ਜਿਸ ਕਰਕੇ ਉਸ ਨੇ ਐਸ਼ੋ-ਆਰਾਮ ਦੀ ਜ਼ਿੰਦਗੀ ਗੁਜ਼ਾਰਨ ਦਾ ਫ਼ੈਸਲਾ ਕੀਤਾ। ਉਹ ਸ਼ਰਾਬ ਪੀਣ, ਨਸ਼ੇ ਕਰਨ ਤੇ ਬਦਚਲਣ ਜ਼ਿੰਦਗੀ ਜੀਉਣ ਲੱਗ ਪਿਆ। ਉਸ ਦੇ ਹਾਲਾਤ ਵਿਗੜਦੇ ਗਏ। ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਕਿਸ ਦਿਸ਼ਾ ਵੱਲ ਜਾ ਰਹੀ ਸੀ।

“ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ”

ਇਨ੍ਹਾਂ ਦੋ ਦੁਖਦਾਇਕ ਘਟਨਾਵਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮੌਤ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਿਸ ਤਰ੍ਹਾਂ ਤਬਾਹ ਕਰ ਦਿੰਦੀ ਹੈ, ਖ਼ਾਸ ਕਰਕੇ ਜੇ ਕਿਸੇ ਦੀ ਅਚਾਨਕ ਮੌਤ ਹੋ ਜਾਏ। ਇਹ ਸੱਚ ਹੈ ਕਿ ਸਾਰਿਆਂ ਨੂੰ ਬਾਈਬਲ ਦੀ ਇਸ ਗੱਲ ਦਾ ਅਹਿਸਾਸ ਹੈ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ।” (ਉਪਦੇਸ਼ਕ ਦੀ ਪੋਥੀ 9:5) ਪਰ ਬਹੁਤ ਸਾਰੇ ਇਸ ਕੌੜੀ ਸੱਚਾਈ ਬਾਰੇ ਨਾ ਹੀ ਸੋਚਣਾ ਪਸੰਦ ਕਰਦੇ ਹਨ। ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? ਹੋ ਸਕਦਾ ਹੈ ਕਿ ਸਾਡੀ ਜ਼ਿੰਦਗੀ ਕੰਮਾਂ-ਕਾਰਾਂ ਵਿਚ ਇੰਨੀ ਰੁੱਝੀ ਹੋਈ ਹੈ ਕਿ ਸ਼ਾਇਦ ਅਸੀਂ ਮੌਤ ਨੂੰ ਆਪਣੇ ਮਨਾਂ ਵਿੱਚੋਂ ਇਹ ਸੋਚ ਕੇ ਕੱਢ ਦੇਈਏ ਕਿ ਇਹ ਤਾਂ ਅਜੇ ਦੂਰ ਦੀ ਗੱਲ ਹੈ।

ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੱਸਦਾ ਹੈ: “ਜ਼ਿਆਦਾਤਰ ਲੋਕ ਮਰਨ ਤੋਂ ਡਰਦੇ ਹਨ ਅਤੇ ਇਸ ਬਾਰੇ ਸੋਚਣਾ ਵੀ ਨਹੀਂ ਚਾਹੁੰਦੇ।” ਪਰ ਕੋਈ ਗੰਭੀਰ ਹਾਦਸਾ ਜਾਂ ਜਾਨਲੇਵਾ ਬੀਮਾਰੀ ਸਾਨੂੰ ਸ਼ਾਇਦ ਅਚਾਨਕ ਹੀ ਮੌਤ ਦੀ ਅਸਲੀਅਤ ਦਾ ਅਹਿਸਾਸ ਕਰਾ ਦੇਵੇ। ਜਾਂ ਫਿਰ, ਕਿਸੇ ਸਾਕ-ਸੰਬੰਧੀ ਜਾਂ ਦੋਸਤ ਦੀ ਮੌਤ ਕਾਰਨ ਸਾਨੂੰ ਇਹ ਗੱਲ ਯਾਦ ਆ ਸਕਦੀ ਹੈ ਕਿ ਸਾਰਿਆਂ ਨੇ ਅਖ਼ੀਰ ਵਿਚ ਮਰਨਾ ਹੀ ਹੈ।

ਜਦ ਲੋਕ ਕਿਸੇ ਦੀ ਮੌਤ ਤੇ ਅਫ਼ਸੋਸ ਕਰਨ ਜਾਂਦੇ ਹਨ, ਤਾਂ ਉਹ ਅਕਸਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ: “ਜ਼ਿੰਦਗੀ ਦਾ ਸਫ਼ਰ ਤਾਂ ਚੱਲਦਾ ਹੀ ਰਹਿਣਾ ਹੈ।” ਵਾਕਈ, ਇਹ ਸਫ਼ਰ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਦਰਅਸਲ ਜ਼ਿੰਦਗੀ ਇੰਨੀ ਝੱਟ ਲੰਘ ਜਾਂਦੀ ਹੈ ਕਿ ਇਨਸਾਨ ਨੂੰ ਪਤਾ ਵੀ ਨਹੀਂ ਲੱਗਦਾ ਕਦ ਬੁਢਾਪੇ ਦੀਆਂ ਸਮੱਸਿਆਵਾਂ ਉਸ ਨੂੰ ਆ ਘੇਰਦੀਆਂ ਹਨ। ਇਸ ਉਮਰ ਵਿਚ ਉਸ ਨੂੰ ਮੌਤ ਦੂਰ ਦੀ ਗੱਲ ਨਹੀਂ ਲੱਗਦੀ। ਉਸ ਨੂੰ ਲੱਗਣ ਲੱਗਦਾ ਹੈ ਕਿ ਉਹ ਤਾਂ ਕਿਸੇ-ਨ-ਕਿਸੇ ਸਾਕ-ਸੰਬੰਧੀ ਜਾਂ ਬਚਪਨ ਦੇ ਦੋਸਤ ਦੀ ਮੌਤ ਤੇ ਅਫ਼ਸੋਸ ਕਰਨ ਲਈ ਤੁਰਿਆ ਹੀ ਰਹਿੰਦਾ ਹੈ। ਕਈ ਬਜ਼ੁਰਗਾਂ ਦੇ ਮਨਾਂ ਵਿਚ ਇਹੀ ਸਵਾਲ ਰਹਿੰਦਾ ਹੈ: “ਮੇਰੀ ਵਾਰੀ ਕਦ ਆਏਗੀ?”

ਮੌਤ ਬਾਰੇ ਮਹੱਤਵਪੂਰਣ ਸਵਾਲ

ਭਾਵੇਂ ਸਾਰੇ ਮੰਨਦੇ ਹਨ ਕਿ ਅਸੀਂ ਇਕ-ਨ-ਇਕ ਦਿਨ ਮਰਨਾ ਹੈ, ਪਰ ਉਨ੍ਹਾਂ ਦੇ ਮਨਾਂ ਵਿਚ ਮਹੱਤਵਪੂਰਣ ਸਵਾਲ ਇਹ ਉੱਠਦਾ ਹੈ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ। ਇਸ ਬਾਰੇ ਵੱਖਰੇ-ਵੱਖਰੇ ਵਿਚਾਰ ਸੁਣ ਕੇ ਸ਼ਾਇਦ ਕੋਈ ਇਵੇਂ ਸੋਚਣ ਲੱਗੇ ਕਿ ਜਿਨ੍ਹਾਂ ਚੀਜ਼ਾਂ ਬਾਰੇ ਸਾਨੂੰ ਕੁਝ ਪਤਾ ਨਹੀਂ ਹੈ ਉਨ੍ਹਾਂ ਬਾਰੇ ਬਹਿਸ ਕਰਨੀ ਫਜ਼ੂਲ ਹੈ। ਦੂਸਰੇ ਪਾਸੇ ਕੋਈ ਹੋਰ ਸ਼ਾਇਦ ਇਵੇਂ ਸੋਚੇ ਕਿ “ਜ਼ਿੰਦਗੀ ਸਾਨੂੰ ਸਿਰਫ਼ ਇਕ ਵਾਰੀ ਮਿਲਦੀ ਹੈ,” ਇਸ ਲਈ ਸਾਨੂੰ ਜ਼ਿੰਦਗੀ ਦਾ ਪੂਰਾ-ਪੂਰਾ ਮਜ਼ਾ ਲੈਣਾ ਚਾਹੀਦਾ ਹੈ।

ਇਨ੍ਹਾਂ ਖ਼ਿਆਲਾਂ ਦੇ ਉਲਟ, ਦੂਸਰੇ ਲੋਕ ਕਹਿੰਦੇ ਹਨ ਕਿ ਇਸ ਗੱਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੌਤ ਹੋਣ ਨਾਲ ਇਨਸਾਨ ਦਾ ਸਭ ਕੁਝ ਖ਼ਤਮ ਹੋ ਜਾਂਦਾ ਹੈ। ਪਰ ਇਹ ਲੋਕ ਪੱਕਾ ਨਹੀਂ ਦੱਸ ਸਕਦੇ ਕਿ ਮੌਤ ਤੋਂ ਬਾਅਦ ਇਨਸਾਨ ਨਾਲ ਕੀ ਹੁੰਦਾ ਹੈ। ਕਈ ਸੋਚਦੇ ਹਨ ਕਿ ਉਹ ਮਰਨ ਤੋਂ ਬਾਅਦ ਅਜਿਹੀ ਥਾਂ ਜਾਣਗੇ ਜਿੱਥੇ ਉਹ ਪਰਮ-ਸੁਖ ਦਾ ਆਨੰਦ ਮਾਣਨਗੇ ਅਤੇ ਦੂਸਰੇ ਮੰਨਦੇ ਹਨ ਕਿ ਉਹ ਭਵਿੱਖ ਵਿਚ ਸ਼ਾਇਦ ਇਨਸਾਨ ਦੇ ਰੂਪ ਵਿਚ ਦੁਬਾਰਾ ਜਨਮ ਲੈਣਗੇ।

ਉਹ ਲੋਕ ਜਿਨ੍ਹਾਂ ਦਾ ਕੋਈ ਸਾਕ-ਸੰਬੰਧੀ ਗੁਜ਼ਰ ਜਾਂਦਾ ਹੈ ਅਕਸਰ ਪੁੱਛਦੇ ਹਨ: “ਮਰੇ ਹੋਏ ਕਿੱਥੇ ਹਨ?” ਕਈ ਸਾਲ ਪਹਿਲਾਂ ਇਕ ਫੁਟਬਾਲ ਟੀਮ ਦੇ ਖਿਡਾਰੀ ਟੂਰਨਾਮੈਂਟ ਖੇਡਣ ਜਾ ਰਹੇ ਸਨ ਕਿ ਅਚਾਨਕ ਹੀ ਉਨ੍ਹਾਂ ਦੀ ਬੱਸ ਇਕ ਟਰੱਕ ਨਾਲ ਜਾ ਟਕਰਾਈ। ਉਨ੍ਹਾਂ ਦੀ ਬੱਸ ਪਲਟੀਆਂ ਖਾਂਦੀ ਸੜਕ ਤੋਂ ਥੱਲੇ ਜਾ ਡਿਗੀ। ਟੀਮ ਦੇ ਪੰਜ ਖਿਡਾਰੀ ਆਪਣੀਆਂ ਜਾਨਾਂ ਗੁਆ ਬੈਠੇ। ਇਕ ਮਿਰਤਕ ਦੀ ਮਾਂ ਦੀ ਤਾਂ ਜਿਵੇਂ ਦੁਨੀਆਂ ਹੀ ਉਜੜ ਗਈ ਸੀ। ਉਹ ਹਮੇਸ਼ਾ ਇਹੀ ਸਵਾਲ ਪੁੱਛਦੀ ਹੈ ਕਿ ਉਸ ਦਾ ਮੁੰਡਾ ਕਿੱਥੇ ਹੈ? ਉਹ ਬਾਕਾਇਦਾ ਉਸ ਦੀ ਕਬਰ ਤੇ ਜਾ ਕੇ ਉਸ ਨਾਲ ਘੰਟਿਆਂ ਬੱਧੀ ਗੱਲਾਂ ਕਰਦੀ ਰਹਿੰਦੀ ਹੈ। ਉਹ ਕਹਿੰਦੀ ਹੈ: “ਮੇਰੇ ਲਈ ਇਹ ਮੰਨਣਾ ਬਹੁਤ ਔਖਾ ਹੈ ਕਿ ਮੌਤ ਤੋਂ ਬਾਅਦ ਕੁਝ ਨਹੀਂ ਹੁੰਦਾ, ਪਰ ਮੈਨੂੰ ਪੱਕਾ ਨਹੀਂ ਪਤਾ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ।”

ਇਹ ਗੱਲ ਸਾਫ਼ ਹੈ ਕਿ ਮੌਤ ਬਾਰੇ ਸਾਡੀ ਸੋਚਣੀ ਦਾ ਸਾਡੀਆਂ ਜ਼ਿੰਦਗੀਆਂ ਤੇ ਕਾਫ਼ੀ ਅਸਰ ਪੈ ਸਕਦਾ ਹੈ। ਮੌਤ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਜਾਣ ਕੇ ਅਨੇਕ ਸਵਾਲ ਪੈਦਾ ਹੁੰਦੇ ਹਨ। ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਕਿਸ ਤਰ੍ਹਾਂ ਦਿਓਗੇ: ਕੀ ਸਾਨੂੰ ਮੌਤ ਨੂੰ ਭੁੱਲ ਕੇ ਸਿਰਫ਼ ਜੀਉਣ ਬਾਰੇ ਹੀ ਸੋਚਣਾ ਚਾਹੀਦਾ ਹੈ? ਕੀ ਸਾਨੂੰ ਕਿਸੇ ਦੀ ਮੌਤ ਕਾਰਨ ਆਪਣੀ ਜ਼ਿੰਦਗੀ ਖ਼ਰਾਬ ਕਰ ਲੈਣੀ ਚਾਹੀਦੀ ਹੈ? ਕੀ ਅਫ਼ਸੋਸ ਕਰਨ ਵਾਲਿਆਂ ਨੂੰ ਇਹ ਸਵਾਲ ਹਮੇਸ਼ਾ ਦੁਖੀ ਕਰਦਾ ਰਹੇਗਾ ਕਿ ਉਨ੍ਹਾਂ ਦੇ ਗੁਜ਼ਰੇ ਹੋਏ ਅਜ਼ੀਜ਼ ਕਿੱਥੇ ਹਨ? ਕੀ ਮੌਤ ਇਕ ਭੇਤ ਹੀ ਬਣੀ ਰਹੇਗੀ?