Skip to content

Skip to table of contents

‘ਯਹੋਵਾਹ ਦੇ ਗਵਾਹ ਫ਼ੌਰਨ ਆਜ਼ਾਦ ਹੋ ਸਕਦੇ ਸਨ’

‘ਯਹੋਵਾਹ ਦੇ ਗਵਾਹ ਫ਼ੌਰਨ ਆਜ਼ਾਦ ਹੋ ਸਕਦੇ ਸਨ’

‘ਯਹੋਵਾਹ ਦੇ ਗਵਾਹ ਫ਼ੌਰਨ ਆਜ਼ਾਦ ਹੋ ਸਕਦੇ ਸਨ’

ਅਗਸਤ 1945 ਵਿਚ ਫ਼ਰਾਂਸ ਦੇ ਰਾਸ਼ਟਰਪਤੀ ਚਾਰਲਜ਼ ਡੀ ਗੌਲ ਦੀ ਭਤੀਜੀ ਜੈਨਵੀਵ ਡੀ ਗੌਲ ਨੇ ਇਕ ਚਿੱਠੀ ਵਿਚ ਉਪਰਲੇ ਲਫ਼ਜ਼ ਲਿਖੇ ਸਨ। ਯਹੋਵਾਹ ਦੇ ਗਵਾਹਾਂ ਨਾਲ ਉਸ ਦੀ ਜਾਣ-ਪਛਾਣ ਜਰਮਨੀ ਦੇ ਉੱਤਰੀ ਇਲਾਕੇ ਵਿਚ ਰੈਵਨਜ਼ਬਰੂਕ ਨਜ਼ਰਬੰਦੀ-ਕੈਂਪ ਵਿਚ ਹੋਈ ਸੀ।

ਪੋਲੈਂਡ ਵਿਚ ਆਉਸ਼ਵਿਟਸ ਨਜ਼ਰਬੰਦੀ-ਕੈਂਪ ਦੇ ਕੈਦੀ 27 ਜਨਵਰੀ 1945 ਨੂੰ ਆਜ਼ਾਦ ਕੀਤੇ ਗਏ। ਜਰਮਨੀ ਵਿਚ 1996 ਤੋਂ ਹਰ ਸਾਲ 27 ਜਨਵਰੀ ਦਾ ਦਿਨ ਹਿਟਲਰ ਦੇ ਜ਼ੁਲਮ ਦੇ ਸ਼ਿਕਾਰ ਲੋਕਾਂ ਦੇ ਯਾਦਗਾਰੀ ਦਿਨ ਵਜੋਂ ਮਨਾਇਆ ਜਾਂਦਾ ਹੈ।

27 ਜਨਵਰੀ 2003 ਨੂੰ ਬਾਡਨ-ਵਰਟੈਮਬੌਰਗ ਦੀ ਪਾਰਲੀਮੈਂਟ ਦੇ ਪ੍ਰਧਾਨ ਪੀਟਰ ਸਟ੍ਰਾਉਬ ਨੇ ਆਪਣੇ ਸ਼ਰਧਾਂਜਲੀ ਭਾਸ਼ਣ ਵਿਚ ਕਿਹਾ ਕਿ “ਸਾਡੀਆਂ ਨਜ਼ਰਾਂ ਵਿਚ ਉਹ ਸਾਰੇ ਲੋਕ ਮਾਣ ਦੇ ਯੋਗ ਹਨ ਜਿਨ੍ਹਾਂ ਨੇ ਆਪਣੇ ਧਾਰਮਿਕ ਜਾਂ ਰਾਜਨੀਤਿਕ ਅਸੂਲਾਂ ਦੇ ਕਾਰਨ ਜ਼ੁਲਮ ਸਹੇ ਤੇ ਜੋ ਹਿਟਲਰ ਦੇ ਦਬਾਵਾਂ ਹੇਠ ਝੁੱਕਣ ਦੀ ਬਜਾਇ ਸ਼ਹੀਦ ਹੋਣ ਲਈ ਤਿਆਰ ਸਨ। ਸਿਰਫ਼ ਯਹੋਵਾਹ ਦੇ ਗਵਾਹਾਂ ਨੇ ਹਿਟਲਰ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਬਿਲਕੁਲ ਇਨਕਾਰ ਕੀਤਾ। ਉਨ੍ਹਾਂ ਨੇ ਹਾਈਲ ਹਿਟਲਰ ਕਹਿਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਦੇਸ਼ ਦੀ ਅਤੇ ਹਿਟਲਰ ਦੀ ਭਗਤੀ ਕਰਨ ਤੋਂ ਹੀ ਨਹੀਂ ਇਨਕਾਰ ਕੀਤਾ, ਸਗੋਂ ਉਹ ਫ਼ੌਜ ਵਿਚ ਵੀ ਭਰਤੀ ਨਹੀਂ ਹੋਏ ਤੇ ਨਾ ਹੀ ਉਨ੍ਹਾਂ ਨੇ ਕੋਈ ਐਸੀਆਂ ਨੌਕਰੀਆਂ ਕੀਤੀਆਂ ਜਿਨ੍ਹਾਂ ਦਾ ਲੜਾਈ ਨਾਲ ਸੰਬੰਧ ਸੀ। ਉਨ੍ਹਾਂ ਦੇ ਬੱਚੇ ਵੀ “ਹਿਟਲਰ ਯੂਥ ਮੂਵਮੈਂਟ” ਦੇ ਮੈਂਬਰ ਨਹੀਂ ਬਣੇ।

ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ‘ਓਹ ਜਗਤ ਦੇ ਨਹੀਂ ਸਨ ਜਿਵੇਂ ਉਹ ਜਗਤ ਦਾ ਨਹੀਂ ਸੀ।’ (ਯੂਹੰਨਾ 17:16) ਇਸ ਲਈ ਯਹੋਵਾਹ ਦੇ ਗਵਾਹ ਆਪਣੇ ਧਾਰਮਿਕ ਅਸੂਲਾਂ ਕਾਰਨ ਹੀ ਹਿਟਲਰ ਦੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਸਨ। ਸਟ੍ਰਾਉਬ ਨੇ ਇਹ ਵੀ ਕਿਹਾ ਕਿ “ਨਜ਼ਰਬੰਦੀ-ਕੈਂਪ ਵਿਚ ਯਹੋਵਾਹ ਦੇ ਗਵਾਹਾਂ ਨੂੰ ਆਪਣੇ ਕੱਪੜਿਆਂ ਤੇ ਜਾਮਣੀ ਰੰਗ ਦਾ ਤਿਕੋਣਾ ਬਿੱਲਾ ਲਾਉਣਾ ਪੈਂਦਾ ਸੀ। ਜ਼ਿੰਦਗੀ ਤੇ ਮੌਤ ਇਨ੍ਹਾਂ ਲੋਕਾਂ ਦੇ ਆਪਣੇ ਹੱਥ ਵਿਚ ਸੀ। ਜੇ ਉਹ ਕਾਗਜ਼ਾਤ ਤੇ ਦਸਤਖਤ ਕਰ ਕੇ ਆਪਣਾ ਧਰਮ ਤਿਆਗ ਦਿੰਦੇ, ਤਾਂ ਉਹ ਫ਼ੌਰਨ ਆਜ਼ਾਦ ਹੋ ਸਕਦੇ ਸਨ।”

ਜ਼ਿਆਦਾਤਰ ਗਵਾਹਾਂ ਦੇ ਮਨ ਵਿਚ ਇਹ ਖ਼ਿਆਲ ਵੀ ਨਹੀਂ ਆਇਆ ਕਿ ਉਹ ਆਪਣੇ ਧਰਮ ਨੂੰ ਤਿਆਗ ਕੇ ਆਜ਼ਾਦ ਹੋ ਜਾਣ। ਇਸ ਕਰਕੇ ਨਾਜ਼ੀਆਂ ਦੇ ਰਾਜ ਵਿਚ ਤਕਰੀਬਨ 1,200 ਗਵਾਹਾਂ ਨੇ ਆਪਣੀਆਂ ਜਾਨਾਂ ਗੁਆਈਆਂ। ਹੋਰਨਾਂ 270 ਗਵਾਹ ਸ਼ਹੀਦ ਹੋਏ ਕਿਉਂਕਿ ਉਹ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਕੋਈ ਕੰਮ ਕਰਨ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਬਤ ਕੀਤਾ ਕਿ ਉਨ੍ਹਾਂ ਲਈ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ” ਸੀ।—ਰਸੂਲਾਂ ਦੇ ਕਰਤੱਬ 5:29.

ਉੱਤਰੀ ਰਾਇਨ-ਵੈਸਟਫ਼ਾਲੀਆ ਦੀ ਪਾਰਲੀਮੈਂਟ ਦੇ ਪ੍ਰਧਾਨ ਉਲਰਿਖ਼ ਸ਼ਮਿਤ ਨੇ ਕਿਹਾ ਕਿ ਯਹੋਵਾਹ ਦੇ ਗਵਾਹ ‘ਆਮ ਲੋਕ ਸਨ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ, ਜੋ ਆਪਣੇ ਧਰਮ ਤੇ ਪੱਕੇ ਰਹੇ, ਜਿਨ੍ਹਾਂ ਨੇ ਬਹੁਤ ਬਹਾਦਰੀ ਦਿਖਾਈ ਅਤੇ ਜਿਨ੍ਹਾਂ ਦਾ ਧਾਰਮਿਕ ਵਿਸ਼ਵਾਸ ਇੰਨਾ ਪੱਕਾ ਸੀ ਕਿ ਉਹ ਨਾਜ਼ੀਆਂ ਦੇ ਸਿਧਾਂਤਾਂ ਦਾ ਵਿਰੋਧ ਕਰਨ ਲਈ ਤਿਆਰ ਸਨ।’ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਸਾਰਿਆਂ ਤੋਂ ਬਹੁਤ ਪ੍ਰਸੰਨ ਹੁੰਦਾ ਹੈ ਜੋ ਅਜ਼ਮਾਇਸ਼ਾਂ ਵਿਚ ਉਸ ਦੇ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਕਹਾਉਤਾਂ 27:11 ਵਿਚ ਅਸੀਂ ਪੜ੍ਹਦੇ ਹਾਂ ਕਿ “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।”

[ਸਫ਼ੇ 30 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Courtesy of United States Holocaust Memorial Museum