Skip to content

Skip to table of contents

ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਚੱਲਾਂਗੇ

ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਚੱਲਾਂਗੇ

ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਚੱਲਾਂਗੇ

“ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”—ਮੀਕਾਹ 4:5.

1. ਨੂਹ ਦੇ ਜ਼ਮਾਨੇ ਵਿਚ ਹਾਲਾਤ ਕਿਹੋ ਜਿਹੇ ਸਨ ਅਤੇ ਨੂਹ ਹੋਰਨਾਂ ਲੋਕਾਂ ਤੋਂ ਵੱਖਰਾ ਕਿਵੇਂ ਸੀ?

ਬਾਈਬਲ ਅਨੁਸਾਰ ਹਨੋਕ ਪਹਿਲਾ ਇਨਸਾਨ ਸੀ ਜੋ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ। ਦੂਜਾ ਇਨਸਾਨ ਨੂਹ ਸੀ। ਬਾਈਬਲ ਦੱਸਦੀ ਹੈ: “ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।” (ਉਤਪਤ 6:9) ਨੂਹ ਦੇ ਜ਼ਮਾਨੇ ਵਿਚ ਜ਼ਿਆਦਾਤਰ ਲੋਕ ਯਹੋਵਾਹ ਦੀ ਭਗਤੀ ਨਹੀਂ ਕਰਦੇ ਸਨ। ਇਸ ਤੋਂ ਇਲਾਵਾ, ਕਈ ਬਦਕਾਰ ਦੂਤਾਂ ਨੇ ਧਰਤੀ ਉੱਤੇ ਔਰਤਾਂ ਨਾਲ ਨਾਜਾਇਜ਼ ਜਿਨਸੀ ਸੰਬੰਧ ਰੱਖ ਕੇ ਅਜਿਹੀ ਔਲਾਦ ਪੈਦਾ ਕੀਤੀ ਜਿਸ ਨੂੰ ਨੈਫ਼ਲਿਮ ਕਿਹਾ ਜਾਂਦਾ ਹੈ। ਇਹ “ਸੂਰਬੀਰ ਹੋਏ ਜਿਹੜੇ ਮੁੱਢੋਂ ਨਾਮੀ ਸਨ।” ਤਾਹੀਓਂ ਸਾਰੀ ਧਰਤੀ ਉੱਤੇ ਹਿੰਸਾ ਫੈਲੀ ਹੋਈ ਸੀ! (ਉਤਪਤ 6:2, 4, 11) ਫਿਰ ਵੀ ਨੂਹ ਯਹੋਵਾਹ ਦੇ ਰਾਹਾਂ ਤੇ ਚੱਲਿਆ ਅਤੇ “ਧਰਮ ਦਾ ਪਰਚਾਰਕ” ਬਣਿਆ। (2 ਪਤਰਸ 2:5) ਜਦ ਪਰਮੇਸ਼ੁਰ ਨੇ ਉਸ ਨੂੰ ਜਾਨਾਂ ਬਚਾਉਣ ਲਈ ਕਿਸ਼ਤੀ ਬਣਾਉਣ ਲਈ ਕਿਹਾ, ਤਾਂ “ਜਿਵੇਂ ਪਰਮੇਸ਼ੁਰ ਨੇ [ਨੂਹ] ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” (ਉਤਪਤ 6:22) ਨੂਹ ਸੱਚ-ਮੁੱਚ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ।

2, 3. ਨੂਹ ਨੇ ਸਾਡੇ ਲਈ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ?

2 ਪੌਲੁਸ ਨੇ ਵਫ਼ਾਦਾਰ ਗਵਾਹਾਂ ਦੀ ਸੂਚੀ ਵਿਚ ਨੂਹ ਦਾ ਨਾਂ ਵੀ ਸ਼ਾਮਲ ਕੀਤਾ ਸੀ। ਉਸ ਨੇ ਕਿਹਾ: “ਨਿਹਚਾ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਮ ਕੇ ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ ਅਤੇ ਉਸ ਨਿਹਚਾ ਦੇ ਕਾਰਨ ਉਹ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਰਮ ਦਾ ਅਧਕਾਰੀ ਹੋਇਆ ਜਿਹੜਾ ਨਿਹਚਾ ਤੋਂ ਹੀ ਹੁੰਦਾ ਹੈ।” (ਇਬਰਾਨੀਆਂ 11:7) ਸਾਡੇ ਲਈ ਕਿੰਨੀ ਵਧੀਆ ਮਿਸਾਲ! ਨੂਹ ਨੂੰ ਪੱਕਾ ਯਕੀਨ ਸੀ ਕਿ ਯਹੋਵਾਹ ਦੀ ਗੱਲ ਪੂਰੀ ਹੋਵੇਗੀ। ਇਸ ਲਈ ਉਸ ਨੇ ਤਨ-ਮਨ-ਧਨ ਲਾ ਕੇ ਯਹੋਵਾਹ ਦੇ ਹੁਕਮ ਪੂਰੇ ਕੀਤੇ। ਇਸੇ ਤਰ੍ਹਾਂ ਅੱਜ ਵੀ ਯਹੋਵਾਹ ਦੇ ਕਈ ਸੇਵਕ ਇਸ ਸੰਸਾਰ ਵਿਚ ਧਨ-ਦੌਲਤ ਕਮਾਉਣ ਦੇ ਮੌਕਿਆਂ ਨੂੰ ਠੁਕਰਾ ਕੇ ਆਪਣਾ ਸਾਰਾ ਸਮਾਂ, ਬਲ ਤੇ ਪੈਸਾ ਯਹੋਵਾਹ ਦੇ ਹੁਕਮਾਂ ਨੂੰ ਪੂਰਾ ਕਰਨ ਵਿਚ ਲਗਾ ਦਿੰਦੇ ਹਨ। ਉਨ੍ਹਾਂ ਦੀ ਨਿਹਚਾ ਕਾਬਲ-ਏ-ਤਾਰੀਫ਼ ਹੈ। ਆਪਣੀ ਪੱਕੀ ਨਿਹਚਾ ਕਰਕੇ ਉਹ ਆਪਣੇ ਆਪ ਨੂੰ ਤੇ ਦੂਸਰਿਆਂ ਨੂੰ ਵੀ ਬਚਾਉਣਗੇ।—ਲੂਕਾ 16:9; 1 ਤਿਮੋਥਿਉਸ 4:16.

3 ਨੂਹ ਅਤੇ ਉਸ ਦੇ ਪਰਿਵਾਰ ਲਈ ਪਰਮੇਸ਼ੁਰ ਉੱਤੇ ਨਿਹਚਾ ਕਰਨੀ ਉੱਨੀ ਹੀ ਮੁਸ਼ਕਲ ਸੀ ਜਿੰਨੀ ਕੁ ਨੂਹ ਦੇ ਪੜਦਾਦੇ ਹਨੋਕ ਲਈ ਸੀ ਜਿਸ ਬਾਰੇ ਅਸੀਂ ਪਿੱਛਲੇ ਲੇਖ ਵਿਚ ਚਰਚਾ ਕੀਤੀ ਸੀ। ਹਨੋਕ ਦੇ ਜ਼ਮਾਨੇ ਵਾਂਗ ਨੂਹ ਦੇ ਜ਼ਮਾਨੇ ਵਿਚ ਵੀ ਯਹੋਵਾਹ ਦੀ ਭਗਤੀ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਸੀ। ਅਖ਼ੀਰ ਵਿਚ ਸਿਰਫ਼ ਅੱਠ ਲੋਕ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ ਤੇ ਜਲ-ਪਰਲੋ ਤੋਂ ਬਚੇ। ਨੂਹ ਨੇ ਹਿੰਸਕ ਤੇ ਬਦਚਲਣ ਦੁਨੀਆਂ ਵਿਚ ਧਾਰਮਿਕਤਾ ਦਾ ਪ੍ਰਚਾਰ ਕੀਤਾ। ਇਸ ਤੋਂ ਇਲਾਵਾ, ਜਲ-ਪਰਲੋ ਤੋਂ ਬਚਣ ਲਈ ਉਸ ਨੇ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਇਕ ਵੱਡੀ ਕਿਸ਼ਤੀ ਬਣਾਈ। ਇਹ ਲੋਕਾਂ ਨੂੰ ਬੜਾ ਅਜੀਬ ਲੱਗਾ ਹੋਵੇਗਾ ਕਿਉਂਕਿ ਕਿਸੇ ਨੇ ਅੱਗੇ ਕਦੀ ਵੀ ਹੜ੍ਹ ਨਹੀਂ ਦੇਖਿਆ ਸੀ।

4. ਯਿਸੂ ਦੇ ਅਨੁਸਾਰ ਨੂਹ ਦੇ ਦਿਨਾਂ ਵਿਚ ਲੋਕਾਂ ਨੇ ਕਿਹੜੀ ਗ਼ਲਤੀ ਕੀਤੀ ਸੀ?

4 ਧਿਆਨ ਦਿਓ ਕਿ ਨੂਹ ਦੇ ਦਿਨਾਂ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਹਿੰਸਾ, ਝੂਠੇ ਧਰਮ ਜਾਂ ਅਨੈਤਿਕਤਾ ਬਾਰੇ ਕੁਝ ਨਹੀਂ ਕਿਹਾ ਸੀ। ਇਸ ਦੀ ਬਜਾਇ, ਯਿਸੂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਲੋਕਾਂ ਨੇ ਨੂਹ ਦੀ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ। ਉਸ ਨੇ ਕਿਹਾ ਕਿ ਲੋਕ “ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ।” ਖਾਣ-ਪੀਣ ਤੇ ਵਿਆਹ ਕਰਨ ਤੇ ਕਰਾਉਣ ਵਿਚ ਕੀ ਖ਼ਰਾਬੀ ਸੀ? ਖ਼ਰਾਬੀ ਤਾਂ ਕੋਈ ਨਹੀਂ ਸੀ, ਪਰ ਜਲ-ਪਰਲੋ ਆਉਣ ਵਾਲੀ ਸੀ ਅਤੇ ਨੂਹ ਧਾਰਮਿਕਤਾ ਦਾ ਪ੍ਰਚਾਰ ਕਰ ਰਿਹਾ ਸੀ। ਉਸ ਦੇ ਸ਼ਬਦਾਂ ਤੇ ਕੰਮਾਂ ਕਰਕੇ ਲੋਕਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਸੀ। ਪਰ ਉਨ੍ਹਾਂ ਨੇ ਨੂਹ ਵੱਲ ਕੋਈ ਧਿਆਨ ਨਾ ਦਿੱਤਾ “ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ।”—ਮੱਤੀ 24:38, 39.

5. ਨੂਹ ਅਤੇ ਉਸ ਦੇ ਪਰਿਵਾਰ ਨੂੰ ਕਿਹੜੇ ਗੁਣ ਪੈਦਾ ਕਰਨ ਦੀ ਲੋੜ ਸੀ?

5 ਉਨ੍ਹਾਂ ਦਿਨਾਂ ਬਾਰੇ ਸੋਚਦੇ ਹੋਏ ਅਸੀਂ ਦੇਖ ਸਕਦੇ ਹਾਂ ਕਿ ਨੂਹ ਨੇ ਅਕਲਮੰਦੀ ਨਾਲ ਸਹੀ ਰਾਹ ਚੁਣਿਆ ਸੀ। ਪਰ ਜਲ-ਪਰਲੋ ਆਉਣ ਤੋਂ ਪਹਿਲਾਂ ਦੀ ਦੁਨੀਆਂ ਵਿਚ ਨੂਹ ਤੇ ਉਸ ਦੇ ਪਰਿਵਾਰ ਨੂੰ ਬਾਕੀ ਲੋਕਾਂ ਤੋਂ ਵੱਖਰੇ ਹੋਣ ਲਈ ਹਿੰਮਤ ਦੀ ਲੋੜ ਸੀ। ਇਸ ਤੋਂ ਇਲਾਵਾ, ਇਕ ਵੱਡੀ ਸਾਰੀ ਕਿਸ਼ਤੀ ਬਣਾਉਣ ਅਤੇ ਉਸ ਵਿਚ ਵੱਖ-ਵੱਖ ਜਾਨਵਰ ਇਕੱਠੇ ਕਰਨ ਲਈ ਵੀ ਉਨ੍ਹਾਂ ਨੂੰ ਪੱਕੀ ਨਿਹਚਾ ਦੀ ਲੋੜ ਸੀ। ਕੀ ਨੂਹ ਦੇ ਪਰਿਵਾਰ ਵਿੱਚੋਂ ਕਿਸੇ ਨੇ ਕਦੀ ਸੋਚਿਆ ਕਿ ‘ਕਾਸ਼ ਲੋਕਾਂ ਦੀਆਂ ਨਜ਼ਰਾਂ ਮੇਰੇ ਤੇ ਨਾ ਹੁੰਦੀਆਂ ਤੇ ਮੈਂ ਆਮ ਲੋਕਾਂ ਵਾਂਗ ਜੀ ਸਕਦਾ’? ਜੇ ਅਜਿਹਾ ਖ਼ਿਆਲ ਉਨ੍ਹਾਂ ਦੇ ਮਨ ਵਿਚ ਆਇਆ ਵੀ ਹੋਵੇ, ਤਾਂ ਵੀ ਉਨ੍ਹਾਂ ਨੇ ਆਪਣੀ ਨਿਹਚਾ ਕਮਜ਼ੋਰ ਨਹੀਂ ਪੈਣ ਦਿੱਤੀ। ਉਨ੍ਹਾਂ ਨੇ ਜਿੰਨੇ ਸਾਲ ਧੀਰਜ ਨਾਲ ਪਰਮੇਸ਼ੁਰ ਦੀ ਮਰਜ਼ੀ ਪੂਰੀ ਕੀਤੀ, ਸਾਨੂੰ ਉੱਨੇ ਸਾਲ ਇਸ ਬੁਰੀ ਦੁਨੀਆਂ ਵਿਚ ਜੀਣਾ ਨਹੀਂ ਪਵੇਗਾ। ਆਖ਼ਰਕਾਰ ਬਹੁਤ ਸਾਲਾਂ ਬਾਅਦ ਨੂਹ ਆਪਣੀ ਨਿਹਚਾ ਕਰਕੇ ਜਲ-ਪਰਲੋ ਤੋਂ ਬਚ ਗਿਆ। ਲੇਕਿਨ ਯਹੋਵਾਹ ਨੇ ਉਨ੍ਹਾਂ ਸਾਰਿਆਂ ਲੋਕਾਂ ਦਾ ਨਾਸ਼ ਕਰ ਦਿੱਤਾ ਜੋ ਚੇਤਾਵਨੀ ਵੱਲ ਧਿਆਨ ਦੇਣ ਦੀ ਬਜਾਇ ਆਪਣੀ ਰੋਜ਼ ਦੀ ਜ਼ਿੰਦਗੀ ਵਿਚ ਰੁੱਝੇ ਰਹੇ।

ਧਰਤੀ ਫਿਰ ਤੋਂ ਹਿੰਸਾ ਨਾਲ ਭਰ ਗਈ

6. ਜਲ-ਪਰਲੋ ਤੋਂ ਬਾਅਦ ਵੀ ਕਿਹੋ ਜਿਹੇ ਹਾਲਾਤ ਸਨ?

6 ਜਲ-ਪਰਲੋ ਤੋਂ ਬਾਅਦ ਇਨਸਾਨਾਂ ਨੂੰ ਇਕ ਨਵੀਂ ਸ਼ੁਰੂਆਤ ਮਿਲੀ। ਪਰ ਇਨਸਾਨ ਹਾਲੇ ਵੀ ਨਾਮੁਕੰਮਲ ਸਨ ਅਤੇ “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ” ਰਹੀ। (ਉਤਪਤ 8:21) ਇਸ ਤੋਂ ਇਲਾਵਾ, ਭਾਵੇਂ ਸ਼ਤਾਨ ਤੇ ਉਸ ਦੇ ਦੂਤ ਹੁਣ ਮਨੁੱਖੀ ਸਰੀਰ ਨਹੀਂ ਧਾਰ ਸਕਦੇ ਸਨ, ਪਰ ਉਹ ਹਾਲੇ ਵੀ ਇਨਸਾਨਾਂ ਨੂੰ ਕੁਰਾਹੇ ਪਾਉਣ ਵਿਚ ਲੱਗੇ ਹੋਏ ਸਨ। ਬਹੁਤ ਜਲਦੀ ਪਤਾ ਲੱਗ ਗਿਆ ਕਿ ਅਧਰਮੀ ਲੋਕਾਂ ਦਾ ਸੰਸਾਰ “ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ” ਸੀ ਅਤੇ ਅੱਜ ਵਾਂਗ ਉਸ ਜ਼ਮਾਨੇ ਦੇ ਯਹੋਵਾਹ ਦੇ ਸੇਵਕਾਂ ਨੂੰ ਵੀ “ਸ਼ਤਾਨ ਦੇ ਛਲ ਛਿੱਦ੍ਰਾਂ” ਦਾ ਸਾਮ੍ਹਣਾ ਕਰਨਾ ਪਿਆ ਸੀ।—1 ਯੂਹੰਨਾ 5:19; ਅਫ਼ਸੀਆਂ 6:11, 12.

7. ਜਲ-ਪਰਲੋ ਤੋਂ ਬਾਅਦ ਹਿੰਸਾ ਵਿਚ ਵਾਧਾ ਕਿਵੇਂ ਹੁੰਦਾ ਗਿਆ?

7 ਜਲ-ਪਰਲੋ ਤੋਂ ਬਾਅਦ ਨਿਮਰੋਦ ਦੇ ਸਮੇਂ ਤੋਂ ਸਾਰੀ ਧਰਤੀ ਹਿੰਸਾ ਨਾਲ ਭਰੀ ਹੋਈ ਹੈ। ਆਬਾਦੀ ਵਧਣ ਕਰਕੇ ਅਤੇ ਘਾਤਕ ਹਥਿਆਰਾਂ ਦੀ ਕਾਢ ਕਰਕੇ ਵੀ ਹਿੰਸਾ ਬਹੁਤ ਵਧ ਗਈ ਹੈ। ਪਹਿਲਾਂ-ਪਹਿਲ ਸਿਰਫ਼ ਤਲਵਾਰਾਂ, ਬਰਛੇ, ਤੀਰ-ਕਮਾਨ ਤੇ ਰਥ ਹੁੰਦੇ ਸਨ। ਫਿਰ 20ਵੀਂ ਸਦੀ ਦੇ ਸ਼ੁਰੂ ਵਿਚ ਤੋਪਾਂ ਤੇ ਬੰਦੂਕਾਂ ਇਸਤੇਮਾਲ ਕੀਤੀਆਂ ਜਾਣ ਲੱਗ ਪਈਆਂ। ਪਰ ਪਹਿਲੇ ਵਿਸ਼ਵ ਯੁੱਧ ਵਿਚ ਨਵੇਂ ਤੋਂ ਨਵੇਂ ਜਾਨ-ਲੇਵਾ ਹਥਿਆਰ ਇਸਤੇਮਾਲ ਕੀਤੇ ਗਏ, ਜਿਵੇਂ ਹਵਾਈ ਜਹਾਜ਼, ਟੈਂਕ, ਪਣਡੁੱਬੀਆਂ ਤੇ ਜ਼ਹਿਰੀਲੀਆਂ ਗੈਸਾਂ। ਉਸ ਯੁੱਧ ਵਿਚ ਇਨ੍ਹਾਂ ਹਥਿਆਰਾਂ ਨੇ ਲੱਖਾਂ ਲੋਕਾਂ ਦੀਆਂ ਜਾਨਾਂ ਲਈਆਂ। ਕੀ ਇਹ ਕੋਈ ਹੈਰਾਨੀ ਦੀ ਗੱਲ ਸੀ? ਨਹੀਂ।

8. ਪਰਕਾਸ਼ ਦੀ ਪੋਥੀ 6:1-4 ਦੇ ਸ਼ਬਦ ਕਿਸ ਤਰ੍ਹਾਂ ਪੂਰੇ ਹੋਏ ਹਨ?

8 ਸਾਲ 1914 ਵਿਚ ਯਿਸੂ ਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਰਾਜਾ ਬਣਾਇਆ ਗਿਆ ਅਤੇ ‘ਪ੍ਰਭੁ ਦਾ ਦਿਨ’ ਸ਼ੁਰੂ ਹੋਇਆ। (ਪਰਕਾਸ਼ ਦੀ ਪੋਥੀ 1:10) ਪਰਕਾਸ਼ ਦੀ ਪੋਥੀ ਵਿਚ ਦਰਜ ਇਕ ਦਰਸ਼ਣ ਵਿਚ ਯਿਸੂ ਨੂੰ ਇਕ ਜੇਤੂ ਰਾਜੇ ਵਜੋਂ ਇਕ ਚਿੱਟੇ ਘੋੜੇ ਉੱਤੇ ਸਵਾਰ ਦਿਖਾਇਆ ਗਿਆ ਹੈ। ਉਸ ਦੇ ਮਗਰ-ਮਗਰ ਦੂਜੇ ਘੋੜਸਵਾਰ ਆਉਂਦੇ ਹਨ ਜੋ ਧਰਤੀ ਉੱਤੇ ਆਉਣ ਵਾਲੀਆਂ ਬਿਪਤਾਵਾਂ ਨੂੰ ਦਰਸਾਉਂਦੇ ਹਨ। ਇਨ੍ਹਾਂ ਵਿੱਚੋਂ ਇਕ ਲਾਲ ਘੋੜੇ ਉੱਤੇ ਸਵਾਰ ਹੈ। ਇਸ ਘੋੜਸਵਾਰ ਨੂੰ ਇਜਾਜ਼ਤ ਦਿੱਤੀ ਗਈ ਸੀ ਕਿ ਉਹ “ਧਰਤੀ ਉੱਤੋਂ ਸੁਲਾਹ ਨੂੰ ਚੁੱਕ ਸੁੱਟੇ ਅਤੇ ਇਹ ਜੋ ਮਨੁੱਖ ਇੱਕ ਦੂਏ ਨੂੰ ਮਾਰ ਘੱਤਣ ਅਤੇ ਇੱਕ ਵੱਡੀ ਸਾਰੀ ਤਲਵਾਰ ਉਹ ਨੂੰ ਫੜਾਈ ਗਈ।” (ਪਰਕਾਸ਼ ਦੀ ਪੋਥੀ 6:1-4) ਲਾਲ ਘੋੜਾ ਤੇ ਉਸ ਦਾ ਸਵਾਰ ਧਰਤੀ ਉੱਤੇ ਯੁੱਧਾਂ ਨੂੰ ਦਰਸਾਉਂਦੇ ਹਨ। ਉਸ ਦੀ ਵੱਡੀ ਤਲਵਾਰ ਅੱਜ ਯੁੱਧਾਂ ਵਿਚ ਵਰਤੇ ਜਾਂਦੇ ਖ਼ਤਰਨਾਕ ਹਥਿਆਰਾਂ ਅਤੇ ਇਨ੍ਹਾਂ ਦੁਆਰਾ ਹੁੰਦੇ ਭਿਆਨਕ ਵਿਨਾਸ਼ ਨੂੰ ਦਰਸਾਉਂਦੀ ਹੈ। ਇਨ੍ਹਾਂ ਹਥਿਆਰਾਂ ਵਿਚ ਸ਼ਾਮਲ ਹਨ ਨਿਊਕਲੀ ਬੰਬ ਜੋ ਇੱਕੋ ਵਾਰੀ ਲੱਖਾਂ ਜਾਨਾਂ ਲੈ ਸਕਦੇ ਹਨ; ਰਾਕਟ ਜੋ ਇਨ੍ਹਾਂ ਬੰਬਾਂ ਨੂੰ ਹਜ਼ਾਰਾਂ ਮੀਲ ਦੂਰ ਨਿਸ਼ਾਨੇ ਤੇ ਸੁੱਟ ਸਕਦੇ ਹਨ; ਅਤੇ ਰਸਾਇਣਕ ਤੇ ਬਾਇਓਲਾਜੀਕਲ ਹਥਿਆਰ ਜੋ ਪੂਰੇ-ਪੂਰੇ ਸ਼ਹਿਰਾਂ ਨੂੰ ਤਬਾਹ ਕਰ ਸਕਦੇ ਹਨ।

ਅਸੀਂ ਯਹੋਵਾਹ ਦੀਆਂ ਚੇਤਾਵਨੀਆਂ ਵੱਲ ਧਿਆਨ ਦਿੰਦੇ ਹਾਂ

9. ਸਾਡਾ ਜ਼ਮਾਨਾ ਨੂਹ ਦੇ ਜ਼ਮਾਨੇ ਵਰਗਾ ਕਿਵੇਂ ਹੈ?

9 ਨੂਹ ਦੇ ਜ਼ਮਾਨੇ ਵਿਚ ਭੈੜੇ ਲੋਕਾਂ ਅਤੇ ਨੈਫ਼ਲਿਮਾਂ ਦੇ ਕਾਰਨ ਹਿੰਸਾ ਬਹੁਤ ਵਧ ਗਈ ਸੀ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ। ਪਰ ਅੱਜ ਦੇ ਸਮੇਂ ਬਾਰੇ ਕੀ? ਕੀ ਨੂਹ ਦੇ ਜ਼ਮਾਨੇ ਨਾਲੋਂ ਅੱਜ ਦੁਨੀਆਂ ਘੱਟ ਹਿੰਸਕ ਹੈ? ਬਿਲਕੁਲ ਨਹੀਂ! ਇਸ ਤੋਂ ਇਲਾਵਾ, ਠੀਕ ਜਿਵੇਂ ਨੂਹ ਦੇ ਦਿਨਾਂ ਵਿਚ ਹੋਇਆ ਸੀ, ਲੋਕ ਆਪਣੇ ਹੀ ਕੰਮਾਂ ਵਿਚ ਰੁੱਝੇ ਹੋਏ ਹਨ ਅਤੇ ਉਹ ਯਹੋਵਾਹ ਦੀ ਚੇਤਾਵਨੀ ਨਹੀਂ ਸੁਣ ਰਹੇ ਹਨ। (ਲੂਕਾ 17:26, 27) ਸੋ ਕੀ ਸਾਨੂੰ ਕੋਈ ਸ਼ੱਕ ਹੈ ਕਿ ਯਹੋਵਾਹ ਫਿਰ ਤੋਂ ਮਨੁੱਖਜਾਤੀ ਨੂੰ ਤਬਾਹ ਕਰੇਗਾ? ਨਹੀਂ।

10. (ੳ) ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਸਾਨੂੰ ਕਿਹੜੀ ਚੇਤਾਵਨੀ ਵਾਰ-ਵਾਰ ਮਿਲਦੀ ਹੈ? (ਅ) ਅੱਜ ਅਸੀਂ ਬੁੱਧੀਮਤਾ ਨਾਲ ਕਿਵੇਂ ਚੱਲ ਸਕਦੇ ਹਾਂ?

10 ਜਲ-ਪਰਲੋ ਤੋਂ ਸੈਂਕੜੇ ਸਾਲ ਪਹਿਲਾਂ ਹਨੋਕ ਨੇ ਸਾਡੇ ਜ਼ਮਾਨੇ ਵਿਚ ਹੋਣ ਵਾਲੀ ਤਬਾਹੀ ਦੀ ਭਵਿੱਖਬਾਣੀ ਕੀਤੀ ਸੀ। (ਯਹੂਦਾਹ 14, 15) ਯਿਸੂ ਨੇ ਵੀ ਕਿਹਾ ਸੀ ਕਿ “ਵੱਡਾ ਕਸ਼ਟ” ਹੋਵੇਗਾ। (ਮੱਤੀ 24:21) ਹੋਰਨਾਂ ਨਬੀਆਂ ਨੇ ਵੀ ਇਸ ਬਾਰੇ ਚੇਤਾਵਨੀ ਦਿੱਤੀ ਸੀ। (ਹਿਜ਼ਕੀਏਲ 38:18-23; ਦਾਨੀਏਲ 12:1; ਯੋਏਲ 2:31, 32) ਪਰਕਾਸ਼ ਦੀ ਪੋਥੀ ਵਿਚ ਅਸੀਂ ਸਾਫ਼ ਸ਼ਬਦਾਂ ਵਿਚ ਉਸ ਤਬਾਹੀ ਬਾਰੇ ਪੜ੍ਹ ਸਕਦੇ ਹਾਂ। (ਪਰਕਾਸ਼ ਦੀ ਪੋਥੀ 19:11-21) ਅਸੀਂ ਨੂਹ ਵਾਂਗ ਧਾਰਮਿਕਤਾ ਦਾ ਪ੍ਰਚਾਰ ਕਰਦੇ ਹਾਂ। ਅਸੀਂ ਪਰਮੇਸ਼ੁਰ ਵੱਲੋਂ ਦਿੱਤੀ ਗਈ ਚੇਤਾਵਨੀ ਵੱਲ ਧਿਆਨ ਦਿੰਦੇ ਹਾਂ ਅਤੇ ਹੋਰਨਾਂ ਲੋਕਾਂ ਦਾ ਧਿਆਨ ਵੀ ਇਸ ਵੱਲ ਦਿਵਾਉਂਦੇ ਹਾਂ। ਇਸ ਤਰ੍ਹਾਂ ਅਸੀਂ ਨੂਹ ਵਾਂਗ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਹਾਂ। ਜਿਨ੍ਹਾਂ ਲੋਕਾਂ ਨੂੰ ਆਪਣੀ ਜਾਨ ਪਿਆਰੀ ਹੈ, ਉਨ੍ਹਾਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦੇ ਨਾਲ ਚੱਲਦੇ ਰਹਿਣ। ਰੋਜ਼ ਮੁਸ਼ਕਲਾਂ ਸਹਿਣ ਦੇ ਬਾਵਜੂਦ ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਯਹੋਵਾਹ ਦੇ ਮਕਸਦਾਂ ਦੀ ਪੂਰਤੀ ਵਿਚ ਪੱਕੀ ਨਿਹਚਾ ਰੱਖਣੀ ਚਾਹੀਦੀ ਹੈ।—ਇਬਰਾਨੀਆਂ 11:6.

ਮੁਸ਼ਕਲ ਸਮਿਆਂ ਵਿਚ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹੋ

11. ਅਸੀਂ ਪਹਿਲੀ ਸਦੀ ਦੇ ਮਸੀਹੀਆਂ ਦੀ ਰੀਸ ਕਿਵੇਂ ਕਰਦੇ ਹਾਂ?

11 ਪਹਿਲੀ ਸਦੀ ਵਿਚ ਮਸਹ ਕੀਤੇ ਹੋਏ ਮਸੀਹੀਆਂ ਬਾਰੇ ਕਿਹਾ ਜਾਂਦਾ ਸੀ ਕਿ ਉਹ “ਯਿਸੂ ਦੇ ਮਾਰਗ ਨੂੰ ਮੰਨਦੇ” ਸਨ। (ਰਸੂਲਾਂ ਦੇ ਕਰਤੱਬ 9:2, ਈਜ਼ੀ ਟੂ ਰੀਡ ਵਰਯਨ) ਇਸ ਦਾ ਮਤਲਬ ਸੀ ਕਿ ਯਹੋਵਾਹ ਅਤੇ ਯਿਸੂ ਮਸੀਹ ਦੀ ਸੇਵਾ ਕਰਨੀ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਰਾਹ ਸੀ ਅਤੇ ਉਹ ਮਸੀਹ ਦੇ ਦੱਸੇ ਰਾਹ ਤੇ ਚੱਲਦੇ ਸਨ। ਅੱਜ ਵੀ ਵਫ਼ਾਦਾਰ ਮਸੀਹੀ ਇਸੇ ਤਰ੍ਹਾਂ ਕਰਦੇ ਹਨ।

12. ਯਿਸੂ ਦੇ ਲੋਕਾਂ ਨੂੰ ਖਾਣਾ ਖੁਆਉਣ ਦੇ ਚਮਤਕਾਰ ਤੋਂ ਬਾਅਦ ਕੀ ਹੋਇਆ ਸੀ?

12 ਯਿਸੂ ਦੀ ਸੇਵਕਾਈ ਦੀ ਇਕ ਘਟਨਾ ਤੋਂ ਅਸੀਂ ਮਜ਼ਬੂਤ ਨਿਹਚਾ ਦੀ ਜ਼ਰੂਰਤ ਬਾਰੇ ਸਬਕ ਸਿੱਖਦੇ ਹਾਂ। ਇਕ ਵਾਰ ਯਿਸੂ ਨੇ ਚਮਤਕਾਰ ਕਰ ਕੇ ਲਗਭਗ 5,000 ਲੋਕਾਂ ਨੂੰ ਖਾਣਾ ਖੁਆਇਆ ਸੀ। ਲੋਕ ਇਹ ਦੇਖ ਕੇ ਬੜੇ ਹੈਰਾਨ ਤੇ ਖ਼ੁਸ਼ ਹੋਏ। ਪਰ ਧਿਆਨ ਦਿਓ ਕਿ ਅੱਗੇ ਕੀ ਹੋਇਆ: “ਉਨ੍ਹਾਂ ਲੋਕਾਂ ਨੇ ਇਹ ਨਿਸ਼ਾਨ ਜਿਹੜਾ ਉਸ ਨੇ ਵਿਖਾਇਆ ਸੀ ਵੇਖ ਕੇ ਕਿਹਾ ਕਿ ਸੱਚੀ ਮੁੱਚੀ ਇਹ ਉਹੋ ਨਬੀ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਹੈ! ਸੋ ਜਾਂ ਯਿਸੂ ਨੂੰ ਮਲੂਮ ਹੋਇਆ ਜੋ ਉਹ ਮੈਨੂੰ ਬਦੋ ਬਦੀ ਫੜ ਕੇ ਪਾਤਸ਼ਾਹ ਬਣਾਉਣ ਲਈ ਆਉਣ ਲੱਗੇ ਹਨ ਤਾਂ ਆਪ ਇਕੱਲਾ ਫੇਰ ਪਹਾੜ ਨੂੰ ਚੱਲਿਆ ਗਿਆ।” (ਯੂਹੰਨਾ 6:10-15) ਉਸੇ ਰਾਤ ਯਿਸੂ ਹੋਰ ਜਗ੍ਹਾ ਚਲਾ ਗਿਆ। ਇਸ ਗੱਲ ਤੋਂ ਬਹੁਤ ਲੋਕ ਨਿਰਾਸ਼ ਹੋਏ ਕਿ ਯਿਸੂ ਰਾਜਾ ਨਹੀਂ ਬਣਨਾ ਚਾਹੁੰਦਾ ਸੀ। ਲੋਕਾਂ ਦੇ ਮਨਾਂ ਵਿਚ ਕੋਈ ਸ਼ੱਕ ਨਹੀਂ ਸੀ ਕਿ ਯਿਸੂ ਰਾਜਾ ਬਣਨ ਦੇ ਯੋਗ ਸੀ। ਉਹ ਆਪਣੀ ਅੱਖੀਂ ਦੇਖ ਚੁੱਕੇ ਸਨ ਕਿ ਯਿਸੂ ਬਹੁਤ ਬੁੱਧੀਮਾਨ ਸੀ ਤੇ ਉਹ ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਸੀ। ਤਾਂ ਫਿਰ ਯਿਸੂ ਨੇ ਰਾਜਾ ਬਣਨ ਤੋਂ ਇਨਕਾਰ ਕਿਉਂ ਕੀਤਾ? ਕਿਉਂਕਿ ਉਦੋਂ ਯਿਸੂ ਨੂੰ ਰਾਜਾ ਬਣਾਉਣ ਦਾ ਯਹੋਵਾਹ ਦਾ ਸਮਾਂ ਨਹੀਂ ਸੀ। ਇਸ ਤੋਂ ਇਲਾਵਾ, ਯਿਸੂ ਨੇ ਧਰਤੀ ਤੇ ਰਹਿ ਕੇ ਰਾਜ ਨਹੀਂ ਕਰਨਾ ਸੀ, ਸਗੋਂ ਸਵਰਗ ਤੋਂ ਰਾਜ ਕਰਨਾ ਸੀ।

13, 14. ਕਈਆਂ ਲੋਕਾਂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਦੀ ਸੋਚ ਗ਼ਲਤ ਸੀ ਅਤੇ ਉਨ੍ਹਾਂ ਦੀ ਨਿਹਚਾ ਕਿਵੇਂ ਪਰਖੀ ਗਈ?

13 ਇਸ ਦੇ ਬਾਵਜੂਦ, ਲੋਕ ਯਿਸੂ ਦੇ ਮਗਰ-ਮਗਰ ਗਏ ਤੇ ਉਨ੍ਹਾਂ ਨੇ ਉਸ ਨੂੰ “ਝੀਲ ਦੇ ਪਾਰ” ਲੱਭ ਲਿਆ। ਉਹ ਉਸ ਦਾ ਪਿੱਛਾ ਕਿਉਂ ਕਰ ਰਹੇ ਸਨ ਜਦ ਕਿ ਯਿਸੂ ਰਾਜਾ ਨਹੀਂ ਬਣਨਾ ਚਾਹੁੰਦਾ ਸੀ? ਉਨ੍ਹਾਂ ਨੇ ਮੂਸਾ ਦੇ ਜ਼ਮਾਨੇ ਵਿਚ ਯਹੋਵਾਹ ਦੁਆਰਾ ਉਜਾੜ ਵਿਚ ਲੋਕਾਂ ਲਈ ਕੀਤੇ ਗਏ ਖਾਣੇ ਦੇ ਪ੍ਰਬੰਧ ਦਾ ਜ਼ਿਕਰ ਕਰ ਕੇ ਦਿਖਾਇਆ ਕਿ ਉਹ ਮੁਫ਼ਤ ਦੀ ਰੋਟੀ ਖਾਣੀ ਚਾਹੁੰਦੇ ਸਨ। ਉਨ੍ਹਾਂ ਦੇ ਕਹਿਣ ਦਾ ਭਾਵ ਸੀ ਕਿ ਯਿਸੂ ਵੀ ਉਨ੍ਹਾਂ ਨੂੰ ਰੋਟੀ ਖੁਆਵੇ। ਲੋਕਾਂ ਦੀ ਗ਼ਲਤ ਸੋਚ ਨੂੰ ਸੁਧਾਰਨ ਲਈ ਯਿਸੂ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਿੱਖਿਆ ਦੇਣ ਲੱਗ ਪਿਆ। (ਯੂਹੰਨਾ 6:17, 24, 25, 30, 31, 35-40) ਉਸ ਦੀਆਂ ਗੱਲਾਂ ਸੁਣ ਕੇ ਕੁਝ ਲੋਕ ਬੁੜ-ਬੁੜਾਉਣ ਲੱਗ ਪਏ, ਖ਼ਾਸ ਕਰਕੇ ਜਦੋਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ ਅਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ। ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ।”—ਯੂਹੰਨਾ 6:53, 54.

14 ਅਕਸਰ ਯਿਸੂ ਦੀਆਂ ਮਿਸਾਲਾਂ ਤੋਂ ਇਹ ਸਾਫ਼ ਜ਼ਾਹਰ ਹੋ ਜਾਂਦਾ ਸੀ ਕਿ ਉਸ ਦੀ ਗੱਲ ਸੁਣਨ ਵਾਲੇ ਲੋਕ ਅਸਲ ਵਿਚ ਪਰਮੇਸ਼ੁਰ ਦੇ ਨਾਲ ਚੱਲਣਾ ਚਾਹੁੰਦੇ ਸਨ ਕਿ ਨਹੀਂ। ਇਸ ਵਾਰ ਵੀ ਇਹੀ ਹੋਇਆ। ਲੋਕਾਂ ਨੇ ਝੱਟ ਦਿਖਾ ਦਿੱਤਾ ਕਿ ਉਨ੍ਹਾਂ ਦੇ ਦਿਲ ਵਿਚ ਕੀ ਸੀ। ਅਸੀਂ ਪੜ੍ਹਦੇ ਹਾਂ: “ਉਹ ਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਸੁਣ ਕੇ ਆਖਿਆ ਜੋ ਇਹ ਔਖੀ ਗੱਲ ਹੈ, ਇਹ ਨੂੰ ਕੌਣ ਸੁਣ ਸੱਕਦਾ ਹੈ?” ਯਿਸੂ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਡੂੰਘਾ ਮਤਲਬ ਸਮਝਣਾ ਚਾਹੀਦਾ ਸੀ। ਉਸ ਨੇ ਕਿਹਾ: “ਜੀਉਦਾਤਾ ਤਾਂ ਆਤਮਾ ਹੈ। ਮਾਸ ਤੋਂ ਕੁਝ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਓਹ ਆਤਮਾ ਹਨ ਅਤੇ ਜੀਉਣ ਹਨ।” ਫਿਰ ਵੀ ਕਈਆਂ ਨੇ ਉਸ ਦੀਆਂ ਗੱਲਾਂ ਸੁਣਨ ਤੋਂ ਇਨਕਾਰ ਕਰ ਦਿੱਤਾ। ਬਾਈਬਲ ਕਹਿੰਦੀ ਹੈ: “ਇਸ ਗੱਲ ਤੋਂ ਉਹ ਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਹਾਂ ਨੂੰ ਫਿਰ ਗਏ ਅਤੇ ਮੁੜ ਉਹ ਦੇ ਨਾਲ ਨਾ ਚੱਲੇ।”—ਯੂਹੰਨਾ 6:60, 63, 66.

15. ਯਿਸੂ ਦੇ ਕੁਝ ਚੇਲਿਆਂ ਦਾ ਕਿਹੜਾ ਸਹੀ ਨਜ਼ਰੀਆ ਸੀ?

15 ਪਰ ਯਿਸੂ ਦੇ ਸਾਰੇ ਚੇਲਿਆਂ ਨੇ ਇਸ ਤਰ੍ਹਾਂ ਨਹੀਂ ਕੀਤਾ। ਯਿਸੂ ਦੀ ਗੱਲ ਤਾਂ ਉਸ ਦੇ ਵਫ਼ਾਦਾਰ ਚੇਲਿਆਂ ਨੂੰ ਵੀ ਚੰਗੀ ਤਰ੍ਹਾਂ ਸਮਝ ਨਹੀਂ ਆਈ ਸੀ। ਫਿਰ ਵੀ ਉਨ੍ਹਾਂ ਨੇ ਯਿਸੂ ਉੱਤੇ ਭਰੋਸਾ ਰੱਖਿਆ। ਪਤਰਸ ਇਨ੍ਹਾਂ ਵਫ਼ਾਦਾਰ ਚੇਲਿਆਂ ਵਿੱਚੋਂ ਇਕ ਸੀ। ਉਸ ਨੇ ਬਾਕੀ ਵਫ਼ਾਦਾਰ ਚੇਲਿਆਂ ਦੇ ਦਿਲ ਦੀ ਗੱਲ ਪ੍ਰਗਟ ਕੀਤੀ ਜਦ ਉਸ ਨੇ ਕਿਹਾ: “ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।” (ਯੂਹੰਨਾ 6:68) ਇਹ ਕਿੰਨਾ ਵਧੀਆ ਨਜ਼ਰੀਆ ਸੀ ਤੇ ਕਿੰਨੀ ਵਧੀਆ ਮਿਸਾਲ!

16. ਅਸੀਂ ਕਿਵੇਂ ਪਰਤਾਏ ਜਾ ਸਕਦੇ ਹਾਂ ਅਤੇ ਸਾਨੂੰ ਕਿਹੜਾ ਨਜ਼ਰੀਆ ਰੱਖਣਾ ਚਾਹੀਦਾ ਹੈ?

16 ਯਿਸੂ ਦੇ ਚੇਲਿਆਂ ਵਾਂਗ ਅਸੀਂ ਵੀ ਪਰਤਾਏ ਜਾ ਸਕਦੇ ਹਾਂ। ਅਸੀਂ ਨਿਰਾਸ਼ ਹੋ ਸਕਦੇ ਹਾਂ ਕਿ ਯਹੋਵਾਹ ਦੇ ਵਾਅਦੇ ਉੱਨੀ ਜਲਦੀ ਪੂਰੇ ਨਹੀਂ ਹੋ ਰਹੇ ਜਿੰਨੀ ਜਲਦੀ ਅਸੀਂ ਚਾਹੁੰਦੇ ਹਾਂ। ਅਸੀਂ ਸ਼ਾਇਦ ਸੋਚੀਏ ਕਿ ਸਾਡੇ ਕਿਤਾਬਾਂ-ਰਸਾਲਿਆਂ ਵਿਚ ਬਾਈਬਲ ਬਾਰੇ ਦੱਸੀਆਂ ਗੱਲਾਂ ਸਮਝਣੀਆਂ ਬਹੁਤ ਔਖੀਆਂ ਹਨ। ਸ਼ਾਇਦ ਅਸੀਂ ਕਿਸੇ ਮਸੀਹੀ ਦਾ ਚਾਲ-ਚਲਣ ਦੇਖ ਕੇ ਨਿਰਾਸ਼ ਹੋ ਜਾਈਏ। ਕੀ ਸਾਨੂੰ ਅਜਿਹੀਆਂ ਗੱਲਾਂ ਕਰਕੇ ਪਰਮੇਸ਼ੁਰ ਨਾਲ ਚੱਲਣਾ ਛੱਡ ਦੇਣਾ ਚਾਹੀਦਾ ਹੈ? ਬਿਲਕੁਲ ਨਹੀਂ! ਜਿਨ੍ਹਾਂ ਚੇਲਿਆਂ ਨੇ ਯਿਸੂ ਨੂੰ ਛੱਡ ਦਿੱਤਾ ਸੀ, ਉਨ੍ਹਾਂ ਦੇ ਖ਼ਿਆਲ ਦੁਨਿਆਵੀ ਤੇ ਖ਼ੁਦਗਰਜ਼ ਸਨ। ਸਾਨੂੰ ਉਨ੍ਹਾਂ ਵਾਂਗ ਨਹੀਂ ਕਰਨਾ ਚਾਹੀਦਾ।

ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ

17. ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਵਿਚ ਸਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ?

17 ਪੌਲੁਸ ਰਸੂਲ ਨੇ ਲਿਖਿਆ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ।” (2 ਤਿਮੋਥਿਉਸ 3:16) ਯਹੋਵਾਹ ਨੇ ਬਾਈਬਲ ਵਿਚ ਸਾਫ਼-ਸਾਫ਼ ਕਿਹਾ ਹੈ: “ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” (ਯਸਾਯਾਹ 30:21) ਜੇ ਅਸੀਂ ਪਰਮੇਸ਼ੁਰ ਦੇ ਬਚਨ ਦੀ ਪਾਲਣਾ ਕਰਾਂਗੇ, ਤਾਂ ਅਸੀਂ ‘ਚੌਕਸੀ ਨਾਲ ਵੇਖ ਸਕਾਂਗੇ ਕਿ ਅਸੀਂ ਕਿੱਕੁਰ ਚੱਲ ਰਹੇ ਹਾਂ।’ (ਅਫ਼ਸੀਆਂ 5:15) ਬਾਈਬਲ ਦਾ ਅਧਿਐਨ ਅਤੇ ਉਸ ਉੱਤੇ ਮਨਨ ਕਰ ਕੇ ਸਾਨੂੰ ‘ਸਚਿਆਈ ਉੱਤੇ ਚੱਲਣ’ ਵਿਚ ਮਦਦ ਮਿਲੇਗੀ। (3 ਯੂਹੰਨਾ 3) ਯਾਦ ਰੱਖੋ ਕਿ ਯਿਸੂ ਨੇ ਕਿਹਾ ਸੀ: “ਜੀਉਦਾਤਾ ਤਾਂ ਆਤਮਾ ਹੈ। ਮਾਸ ਤੋਂ ਕੁਝ ਲਾਭ ਨਹੀਂ।” ਜੀ ਹਾਂ, ਸਾਡੇ ਕਦਮਾਂ ਨੂੰ ਸੇਧ ਸਿਰਫ਼ ਯਹੋਵਾਹ ਦੇ ਬਚਨ, ਉਸ ਦੀ ਆਤਮਾ ਤੇ ਉਸ ਦੇ ਸੰਗਠਨ ਤੋਂ ਹੀ ਮਿਲ ਸਕਦੀ ਹੈ।

18. (ੳ) ਕੁਝ ਲੋਕ ਕੀ ਮੂਰਖਤਾ ਕਰਦੇ ਹਨ? (ਅ) ਸਾਡੀ ਨਿਹਚਾ ਕਿਹੋ ਜਿਹੀ ਹੋਣੀ ਚਾਹੀਦੀ ਹੈ?

18 ਆਪਣੇ ਦੁਨਿਆਵੀ ਖ਼ਿਆਲਾਂ ਕਾਰਨ ਜਾਂ ਆਪਣੀਆਂ ਅਧੂਰੀਆਂ ਉਮੀਦਾਂ ਦੇ ਕਾਰਨ ਨਿਰਾਸ਼ ਹੋਣ ਵਾਲੇ ਲੋਕ ਅਕਸਰ ਇਸ ਦੁਨੀਆਂ ਦੇ ਕੰਮਾਂ ਵਿਚ ਫਿਰ ਤੋਂ ਰੁੱਝ ਜਾਂਦੇ ਹਨ। ਉਹ ‘ਜਾਗਦੇ ਰਹਿਣ’ ਦੀ ਅਹਿਮੀਅਤ ਨੂੰ ਭੁੱਲ ਜਾਂਦੇ ਹਨ। ਇਸ ਕਾਰਨ ਉਹ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਣ ਦੀ ਬਜਾਇ ਸੁਆਰਥੀ ਕੰਮਾਂ ਵਿਚ ਰੁੱਝ ਜਾਂਦੇ ਹਨ। (ਮੱਤੀ 24:42) ਇੱਦਾਂ ਕਰਨਾ ਮੂਰਖਤਾਈ ਹੈ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਕੀ ਕਿਹਾ ਸੀ: “ਅਸੀਂ ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।” (ਇਬਰਾਨੀਆਂ 10:39) ਹਨੋਕ ਤੇ ਨੂਹ ਵਾਂਗ, ਅਸੀਂ ਵੀ ਬੜੇ ਖ਼ਤਰਨਾਕ ਸਮਿਆਂ ਵਿਚ ਜੀ ਰਹੇ ਹਾਂ, ਪਰ ਉਨ੍ਹਾਂ ਵਾਂਗ ਸਾਨੂੰ ਵੀ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦਾ ਸਨਮਾਨ ਪ੍ਰਾਪਤ ਹੈ। ਪਰਮੇਸ਼ੁਰ ਦੇ ਨਾਲ ਚੱਲ ਕੇ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੇ ਵਾਅਦੇ ਪੂਰੇ ਹੋਣਗੇ, ਦੁਸ਼ਟਤਾ ਖ਼ਤਮ ਹੋ ਜਾਵੇਗੀ ਅਤੇ ਇਕ ਨਵਾਂ ਧਰਮੀ ਸੰਸਾਰ ਸਥਾਪਿਤ ਹੋਵੇਗਾ। ਇਹ ਕਿੰਨੀ ਵਧੀਆ ਉਮੀਦ ਹੈ!

19. ਮੀਕਾਹ ਨੇ ਯਹੋਵਾਹ ਦੇ ਸੇਵਕਾਂ ਬਾਰੇ ਕੀ ਕਿਹਾ ਸੀ?

19 ਮੀਕਾਹ ਨਬੀ ਨੇ ਕਿਹਾ ਸੀ ਕਿ ਦੁਨਿਆਵੀ ਲੋਕ ‘ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੇ ਹਨ।’ ਫਿਰ ਉਸ ਨੇ ਆਪਣੇ ਬਾਰੇ ਤੇ ਪਰਮੇਸ਼ੁਰ ਦੇ ਹੋਰਨਾਂ ਵਫ਼ਾਦਾਰ ਸੇਵਕਾਂ ਬਾਰੇ ਕਿਹਾ: “ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।” (ਮੀਕਾਹ 4:5) ਕੀ ਅਸੀਂ ਮੀਕਾਹ ਨਾਲ ਸਹਿਮਤ ਹਾਂ? ਜੇ ਹਾਂ, ਤਾਂ ਫਿਰ ਆਓ ਆਪਾਂ ਪਰਮੇਸ਼ੁਰ ਦੇ ਨੇੜੇ ਰਹਿਣ ਦਾ ਪੱਕਾ ਇਰਾਦਾ ਕਰੀਏ, ਭਾਵੇਂ ਜ਼ਮਾਨਾ ਜਿੰਨਾ ਮਰਜ਼ੀ ਵਿਗੜ ਜਾਵੇ। (ਯਾਕੂਬ 4:8) ਆਓ ਆਪਾਂ ਹੁਣ ਅਤੇ ਹਮੇਸ਼ਾ ਲਈ ਯਹੋਵਾਹ ਦੇ ਨਾਲ-ਨਾਲ ਚੱਲਦੇ ਰਹੀਏ!

ਤੁਸੀਂ ਕੀ ਜਵਾਬ ਦਿਓਗੇ?

• ਸਾਡਾ ਜ਼ਮਾਨਾ ਨੂਹ ਦੇ ਜ਼ਮਾਨੇ ਵਰਗਾ ਕਿਵੇਂ ਹੈ?

• ਨੂਹ ਤੇ ਉਸ ਦਾ ਪਰਿਵਾਰ ਕਿਹੜੇ ਰਾਹ ਤੇ ਚੱਲੇ ਸਨ ਅਤੇ ਅਸੀਂ ਉਨ੍ਹਾਂ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਾਂ?

• ਯਿਸੂ ਦੇ ਕੁਝ ਚੇਲਿਆਂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਦੀ ਸੋਚ ਗ਼ਲਤ ਸੀ?

• ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

[ਸਵਾਲ]

[ਸਫ਼ੇ 20 ਉੱਤੇ ਤਸਵੀਰਾਂ]

ਨੂਹ ਦੇ ਦਿਨਾਂ ਵਾਂਗ ਅੱਜ ਲੋਕ ਆਪਣੇ ਕੰਮਾਂ ਵਿਚ ਰੁੱਝੇ ਹੋਏ ਹਨ

[ਸਫ਼ੇ 21 ਉੱਤੇ ਤਸਵੀਰ]

ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰਕ ਹੋਣ ਕਰਕੇ ਅਸੀਂ ਪਿੱਛੇ ਨਹੀਂ ਹਟਾਂਗੇ