Skip to content

Skip to table of contents

ਕੁਝ ਮੇਨੋਨਾਇਟ ਈਸਾਈ ਸੱਚਾਈ ਦੀ ਖੋਜ ਵਿਚ ਨਿਕਲੇ

ਕੁਝ ਮੇਨੋਨਾਇਟ ਈਸਾਈ ਸੱਚਾਈ ਦੀ ਖੋਜ ਵਿਚ ਨਿਕਲੇ

ਕੁਝ ਮੇਨੋਨਾਇਟ ਈਸਾਈ ਸੱਚਾਈ ਦੀ ਖੋਜ ਵਿਚ ਨਿਕਲੇ

ਬੋਲੀਵੀਆ ਵਿਚ ਯਹੋਵਾਹ ਦੇ ਕੁਝ ਗਵਾਹ ਇਕ ਮਿਸ਼ਨਰੀ ਘਰ ਵਿਚ ਰਹਿੰਦੇ ਹਨ। ਨਵੰਬਰ 2000 ਦੀ ਇਕ ਸਵੇਰ ਉਨ੍ਹਾਂ ਨੇ ਖਿੜਕੀ ਵਿੱਚੋਂ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਸਾਮ੍ਹਣੇ ਕੁਝ ਆਦਮੀ-ਤੀਵੀਂ ਖੜ੍ਹੇ ਸਨ। ਇਹ ਲੋਕ ਘਬਰਾਏ ਹੋਏ ਸਨ। ਮਿਸ਼ਨਰੀਆਂ ਨੇ ਜਦ ਬੂਹਾ ਖੋਲ੍ਹਿਆ, ਤਾਂ ਪਰਾਹੁਣਿਆਂ ਨੇ ਮਿਲਦੇ ਸਾਰ ਹੀ ਕਿਹਾ ਕਿ ਉਹ “ਬਾਈਬਲ ਦੀ ਸੱਚਾਈ ਸਿੱਖਣੀ ਚਾਹੁੰਦੇ ਸਨ।” ਇਹ ਲੋਕ ਮੇਨੋਨਾਇਟ ਸਨ। ਆਦਮੀਆਂ ਨੇ ਓਵਰਆਲ ਪਾਏ ਹੋਏ ਸਨ ਤੇ ਤੀਵੀਆਂ ਨੇ ਗੂੜ੍ਹੇ ਰੰਗ ਦੇ ਏਪ੍ਰਨ ਬੰਨ੍ਹੇ ਹੋਏ ਸਨ। ਉਹ ਆਪਸ ਵਿਚ ਇਕ-ਦੂਜੇ ਨਾਲ ਜਰਮਨ ਭਾਸ਼ਾ ਦੀ ਇਕ ਉਪਬੋਲੀ ਵਿਚ ਗੱਲ ਕਰਦੇ ਸਨ। ਉਨ੍ਹਾਂ ਦੇ ਚਿਹਰੇ ਉਤਰੇ ਹੋਏ ਸਨ ਤੇ ਉਹ ਮੁੜ-ਮੁੜ ਕੇ ਬਾਹਰ ਦੇਖ ਰਹੇ ਸਨ ਕਿ ਕਿਤੇ ਕੋਈ ਉਨ੍ਹਾਂ ਦਾ ਪਿੱਛਾ ਤਾਂ ਨਹੀਂ ਕਰ ਰਿਹਾ ਸੀ। ਜਦ ਉਹ ਪੌੜੀਆਂ ਚੜ੍ਹ ਕੇ ਘਰ ਅੰਦਰ ਆਏ, ਤਾਂ ਇਕ ਨੌਜਵਾਨ ਨੇ ਕਿਹਾ: “ਮੈਂ ਉਨ੍ਹਾਂ ਲੋਕਾਂ ਬਾਰੇ ਜਾਣਨਾ ਚਾਹੁੰਦਾ ਹਾਂ ਜੋ ਪਰਮੇਸ਼ੁਰ ਦਾ ਨਾਂ ਵਰਤਦੇ ਹਨ।”

ਚਾਹ ਪੀਂਦਿਆਂ ਪਰਾਹੁਣਿਆਂ ਦੀ ਪਰੇਸ਼ਾਨੀ ਦੂਰ ਹੋ ਗਈ। ਉਹ ਦੂਰੋਂ ਕਿਸੇ ਬਸਤੀ ਤੋਂ ਆਏ ਸਨ ਜਿੱਥੇ ਲੋਕ ਖੇਤੀ-ਬਾੜੀ ਕਰਦੇ ਸਨ। ਉੱਥੇ ਪਿੱਛਲੇ ਛੇ ਸਾਲਾਂ ਤੋਂ ਉਨ੍ਹਾਂ ਨੂੰ ਡਾਕ ਰਾਹੀਂ ਪਹਿਰਾਬੁਰਜ ਰਸਾਲਾ ਮਿਲਦਾ ਸੀ। ਉਨ੍ਹਾਂ ਨੇ ਪੁੱਛਿਆ: “ਕੀ ਇਹ ਸੱਚ ਹੈ ਕਿ ਧਰਤੀ ਤੋਂ ਸਭ ਦੁੱਖ ਦੂਰ ਕੀਤੇ ਜਾਣੇ ਹਨ ਅਤੇ ਇਸ ਨੇ ਬਾਗ਼ ਵਰਗੀ ਸੋਹਣੀ ਬਣ ਜਾਣਾ ਹੈ?” ਮਿਸ਼ਨਰੀਆਂ ਨੇ ਬਾਈਬਲ ਵਿੱਚੋਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ। (ਯਸਾਯਾਹ 11:9; 2 ਪਤਰਸ 3:7, 13; ਪਰਕਾਸ਼ ਦੀ ਪੋਥੀ 21:3, 4) ਪਰਾਹੁਣਿਆਂ ਵਿੱਚੋਂ ਇਕ ਆਦਮੀ ਨੇ ਕਿਹਾ: “ਦੇਖਿਆ, ਮੈਂ ਤੁਹਾਨੂੰ ਕਿਹਾ ਸੀ! ਧਰਤੀ ਨੇ ਸੱਚ-ਮੁੱਚ ਫਿਰਦੌਸ ਬਣ ਜਾਣਾ ਹੈ।” ਸਾਰੇ ਵਾਰ-ਵਾਰ ਕਹਿ ਰਹੇ ਸਨ: “ਹਾਂ, ਸਾਨੂੰ ਸੱਚਾਈ ਲੱਭ ਹੀ ਪਈ ਹੈ।”

ਮੇਨੋਨਾਇਟ ਈਸਾਈ ਕੌਣ ਹਨ? ਉਹ ਕਿਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕਰਦੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਲਈ ਸਾਨੂੰ 16ਵੀਂ ਸਦੀ ਵਿਚ ਜਾਣਾ ਪਵੇਗਾ।

ਮੇਨੋਨਾਇਟ ਈਸਾਈ ਕੌਣ ਹਨ?

ਸੋਲ੍ਹਵੀਂ ਸਦੀ ਵਿਚ ਯੂਰਪੀ ਭਾਸ਼ਾਵਾਂ ਵਿਚ ਜ਼ੋਰਾਂ-ਸ਼ੋਰਾਂ ਨਾਲ ਬਾਈਬਲ ਦਾ ਤਰਜਮਾ ਅਤੇ ਛਪਾਈ ਹੋਣ ਲੱਗੀ ਤੇ ਬਹੁਤ ਸਾਰੇ ਲੋਕਾਂ ਨੇ ਬਾਈਬਲ ਦੀ ਸਟੱਡੀ ਕਰਨ ਵਿਚ ਦਿਲਚਸਪੀ ਲਈ। ਮਾਰਟਿਨ ਲੂਥਰ ਅਤੇ ਪ੍ਰੋਟੈਸਟੈਂਟ ਮਤ ਦੇ ਹੋਰ ਆਗੂਆਂ ਨੇ ਕੈਥੋਲਿਕ ਚਰਚ ਦੀਆਂ ਕਈ ਸਿੱਖਿਆਵਾਂ ਨੂੰ ਤਿਆਗ ਦਿੱਤਾ। ਪਰ ਪ੍ਰੋਟੈਸਟੈਂਟ ਚਰਚਾਂ ਨੇ ਕਈ ਰੀਤੀ-ਰਿਵਾਜ ਜੋ ਬਾਈਬਲ ਦੀ ਸਿੱਖਿਆ ਦੇ ਉਲਟ ਸਨ ਨਹੀਂ ਛੱਡੇ। ਮਿਸਾਲ ਲਈ, ਜ਼ਿਆਦਾਤਰ ਅਜੇ ਵੀ ਨਵਜੰਮੇ ਬੱਚਿਆਂ ਨੂੰ ਚਰਚ ਵਿਚ ਬਪਤਿਸਮਾ ਦਿੰਦੇ ਸਨ। ਪਰ ਬਾਈਬਲ ਦੀ ਸਟੱਡੀ ਕਰਨ ਵਾਲੇ ਕੁਝ ਲੋਕਾਂ ਨੂੰ ਅਹਿਸਾਸ ਹੋਇਆ ਕਿ ਮਸੀਹ ਦੇ ਚੇਲੇ ਬਣਨ ਲਈ ਜ਼ਰੂਰੀ ਸੀ ਕਿ ਕੋਈ ਬਪਤਿਸਮਾ ਲੈਣ ਤੋਂ ਪਹਿਲਾਂ ਪਰਮੇਸ਼ੁਰ ਦਾ ਗਿਆਨ ਲਵੇ ਅਤੇ ਨਵ-ਜਨਮੇ ਬੱਚੇ ਗਿਆਨ ਨਹੀਂ ਲੈ ਸਕਦੇ। (ਮੱਤੀ 28:19, 20) ਇਹ ਲੋਕ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਜਾ ਕੇ ਜੋਸ਼ ਨਾਲ ਇਸ ਗੱਲ ਦਾ ਪ੍ਰਚਾਰ ਕਰਨ ਲੱਗੇ। ਉਹ ਬਾਈਬਲ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਲੋਕਾਂ ਨੂੰ ਬਪਤਿਸਮਾ ਵੀ ਦੇਣ ਲੱਗੇ। ਇਸ ਕਰਕੇ ਉਨ੍ਹਾਂ ਨੂੰ ਐਨਾਬੈਪਟਿਸਟ ਸੱਦਿਆ ਗਿਆ ਜਿਸ ਦਾ ਮਤਲਬ ਹੈ “ਮੁੜ ਬਪਤਿਸਮਾ ਦੇਣਾ।”

ਮੇਨੋ ਸਾਈਮੰਸ ਨਾਂ ਦੇ ਇਕ ਕੈਥੋਲਿਕ ਪਾਦਰੀ ਨੇ ਐਨਾਬੈਪਟਿਸਟ ਲੋਕਾਂ ਤੋਂ ਬਾਈਬਲ ਦਾ ਗਿਆਨ ਲਿਆ ਸੀ। ਉਹ ਉੱਤਰੀ ਨੀਦਰਲੈਂਡਜ਼ ਵਿਚ ਵਿਟਮਾਰਸਮ ਨਾਂ ਦੇ ਪਿੰਡ ਵਿਚ ਰਹਿੰਦਾ ਸੀ। ਉਸ ਨੇ 1536 ਵਿਚ ਰੋਮਨ ਕੈਥੋਲਿਕ ਚਰਚ ਨੂੰ ਛੱਡ ਦਿੱਤਾ ਅਤੇ ਚਰਚ ਅਧਿਕਾਰੀਆਂ ਨੇ ਥਾਂ-ਥਾਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਫਿਰ 1542 ਵਿਚ ਪਵਿੱਤਰ ਰੋਮੀ ਸਮਰਾਟ ਚਾਰਲਜ਼ ਪੰਜਵੇਂ ਨੇ ਮੇਨੋ ਦੇ ਸਿਰ ਤੇ 100 ਗਿਲਡਰ ਦਾ ਇਨਾਮ ਰੱਖਿਆ। ਇਸ ਦੇ ਬਾਵਜੂਦ ਮੇਨੋ ਨੇ ਐਨਾਬੈਪਟਿਸਟ ਲੋਕਾਂ ਨੂੰ ਕਲੀਸਿਯਾਵਾਂ ਵਿਚ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ। ਉਹ ਤੇ ਉਸ ਦੇ ਚੇਲੇ ਮੇਨੋਨਾਇਟ ਨਾਂ ਤੋਂ ਜਾਣੇ ਜਾਣ ਲੱਗੇ।

ਅੱਜ ਮੇਨੋਨਾਇਟ ਈਸਾਈ

ਡਾਢੇ ਜ਼ੁਲਮਾਂ ਕਾਰਨ ਹਜ਼ਾਰਾਂ ਮੇਨੋਨਾਇਟ ਪੱਛਮੀ ਯੂਰਪ ਤੋਂ ਉੱਤਰੀ ਅਮਰੀਕਾ ਭੱਜ ਗਏ। ਉੱਥੇ ਉਹ ਬਿਨਾਂ ਕਿਸੇ ਡਰ ਦੇ ਬਾਈਬਲ ਦੀ ਸਟੱਡੀ ਕਰ ਸਕੇ ਅਤੇ ਹੋਰਨਾਂ ਨਾਲ ਆਪਣਾ ਸੰਦੇਸ਼ ਸਾਂਝਾ ਕਰ ਸਕੇ। ਪਰ ਉਨ੍ਹਾਂ ਵਿਚ ਆਪਣੇ ਦਾਦੇ-ਪੜਦਾਦਿਆਂ ਵਾਂਗ ਬਾਈਬਲ ਦੀ ਸਟੱਡੀ ਤੇ ਪ੍ਰਚਾਰ ਕਰਨ ਦਾ ਜੋਸ਼ ਨਹੀਂ ਸੀ। ਕਈ ਅਜਿਹੀਆਂ ਗੱਲਾਂ ਵਿਚ ਵਿਸ਼ਵਾਸ ਕਰਦੇ ਸਨ ਜੋ ਬਾਈਬਲ ਵਿਚ ਨਹੀਂ ਸਿਖਾਈਆਂ ਗਈਆਂ ਸਨ ਜਿਵੇਂ ਕਿ ਪਰਮੇਸ਼ੁਰ ਤ੍ਰਿਏਕ ਹੈ, ਮੌਤ ਤੋਂ ਬਾਅਦ ਇਨਸਾਨ ਦੀ ਆਤਮਾ ਭਟਕਦੀ ਰਹਿੰਦੀ ਹੈ ਅਤੇ ਨਰਕ ਵਿਚ ਤਸੀਹੇ ਸਹਿੰਦੀ ਹੈ। (ਉਪਦੇਸ਼ਕ ਦੀ ਪੋਥੀ 9:5; ਮਰਕੁਸ 12:29) ਅੱਜ-ਕੱਲ੍ਹ ਮੇਨੋਨਾਇਟ ਮਿਸ਼ਨਰੀ ਪ੍ਰਚਾਰ ਕਰਨ ਦੀ ਬਜਾਇ ਜ਼ਿਆਦਾਤਰ ਡਾਕਟਰੀ ਤੇ ਸਮਾਜ ਸੇਵਾ ਵੱਲ ਜ਼ਿਆਦਾ ਧਿਆਨ ਦਿੰਦੇ ਹਨ।

ਅੰਦਾਜ਼ਾ ਲਾਇਆ ਜਾਂਦਾ ਹੈ ਕਿ ਅੱਜ 65 ਦੇਸ਼ਾਂ ਵਿਚ ਲਗਭਗ 13 ਲੱਖ ਮੇਨੋਨਾਇਟ ਈਸਾਈ ਰਹਿੰਦੇ ਹਨ। ਪਰ ਜਿਵੇਂ ਸਦੀਆਂ ਪਹਿਲਾਂ ਮੇਨੋ ਸਾਈਮੰਸ ਦੇ ਸਮੇਂ ਵਿਚ ਸੱਚ ਸੀ ਅੱਜ ਵੀ ਮੇਨੋਨਾਇਟ ਈਸਾਈਆਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਨ੍ਹਾਂ ਵਿਚ ਏਕਤਾ ਨਹੀਂ ਹੈ। ਪਹਿਲੀ ਵਿਸ਼ਵ ਜੰਗ ਦੌਰਾਨ ਵਿਰੋਧੀ ਵਿਚਾਰਾਂ ਕਾਰਨ ਪਾੜ ਪੈ ਗਏ। ਉੱਤਰੀ ਅਮਰੀਕਾ ਵਿਚ ਰਹਿਣ ਵਾਲੇ ਕਈਆਂ ਮੇਨੋਨਾਇਟਾਂ ਨੇ ਮਿਲਟਰੀ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਬਾਈਬਲ ਦੀ ਆਗਿਆ ਮੰਨਣੀ ਚਾਹੁੰਦੇ ਸਨ। ਪਰ ਮੇਨੋਨਾਇਟਾਂ ਦੇ ਇਤਿਹਾਸ ਬਾਰੇ ਇਕ ਕਿਤਾਬ ਵਿਚ ਲਿਖਿਆ ਹੈ: “ਪੱਛਮੀ ਯੂਰਪ ਦੇ ਮੇਨੋਨਾਇਟ ਚਰਚਾਂ ਲਈ 1914 ਦੇ ਸਮੇਂ ਤਕ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਨਾ ਸਿਰਫ਼ ਇਕ ਇਤਿਹਾਸ ਹੀ ਰਹਿ ਗਿਆ ਹੈ।” ਅੱਜ-ਕੱਲ੍ਹ ਕਈ ਮੇਨੋਨਾਇਟ ਸਮੂਹਾਂ ਨੇ ਕੁਝ ਹੱਦ ਤਕ ਆਧੁਨਿਕ ਸਹੂਲਤਾਂ ਦਾ ਫ਼ਾਇਦਾ ਲੈਣਾ ਸ਼ੁਰੂ ਕਰ ਦਿੱਤਾ ਹੈ। ਪਰ ਜ਼ਿਆਦਾਤਰ ਲੋਕ ਅਜੇ ਵੀ ਆਪਣੇ ਕੱਪੜਿਆਂ ਤੇ ਬਟਨ ਲਾਉਣ ਦੀ ਬਜਾਇ ਹੁੱਕਾਂ ਲਾਉਂਦੇ ਹਨ ਅਤੇ ਆਦਮੀ ਦਾੜ੍ਹੀ-ਮੁੱਛਾਂ ਦੀ ਹਜਾਮਤ ਨਹੀਂ ਕਰਦੇ।

ਕਈ ਮੇਨੋਨਾਇਟ ਸਮੂਹ ਆਪਣੇ ਆਪ ਨੂੰ ਜਗਤ ਤੋਂ ਅਲੱਗ ਰੱਖਣ ਲਈ ਅਜਿਹੇ ਦੂਰ-ਦੁਰਾਡੇ ਇਲਾਕਿਆਂ ਵਿਚ ਆਬਾਦ ਹੋ ਗਏ ਹਨ ਜਿੱਥੇ ਦੇਸ਼ ਦੀ ਸਰਕਾਰ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਕੋਈ ਦਖ਼ਲਅੰਦਾਜ਼ੀ ਨਹੀਂ ਕਰਦੀ। ਮਿਸਾਲ ਲਈ ਬੋਲੀਵੀਆ ਵਿਚ ਵੱਖੋ-ਵੱਖਰੇ ਪਿੰਡਾਂ ਵਿਚ ਤਕਰੀਬਨ 38,000 ਮੇਨੋਨਾਇਟ ਰਹਿੰਦੇ ਹਨ ਅਤੇ ਹਰੇਕ ਪਿੰਡ ਦੇ ਆਪੋ-ਆਪਣੇ ਅਸੂਲ ਹਨ। ਕੁਝ ਪਿੰਡ ਸਿਰਫ਼ ਟਾਂਗਾ-ਰੇੜੇ ਵਰਤਣ ਦੀ ਇਜਾਜ਼ਤ ਦਿੰਦੇ ਹਨ ਅਤੇ ਕਾਰਾਂ ਚਲਾਉਣ ਦੀ ਇਜਾਜ਼ਤ ਨਹੀਂ ਦਿੰਦੇ। ਕੁਝ ਪਿੰਡਾਂ ਵਿਚ ਰੇਡੀਓ, ਟੀ. ਵੀ. ਅਤੇ ਗਾਣੇ ਸੁਣਨੇ ਮਨਾ ਹਨ। ਕੁਝ ਤਾਂ ਉਸ ਦੇਸ਼ ਦੀ ਭਾਸ਼ਾ ਸਿੱਖਣ ਤੋਂ ਵੀ ਵਰਜਦੇ ਹਨ ਜਿੱਥੇ ਉਹ ਲੋਕ ਵਸੇ ਹੋਏ ਹਨ। ਇਕ ਪਿੰਡ ਦੇ ਆਦਮੀ ਨੇ ਦੱਸਿਆ: “ਪਾਦਰੀ ਸਾਨੂੰ ਆਪਣੇ ਕੰਟ੍ਰੋਲ ਵਿਚ ਰੱਖਣ ਲਈ ਸਾਨੂੰ ਸਪੇਨੀ ਭਾਸ਼ਾ ਵੀ ਨਹੀਂ ਸਿੱਖਣ ਦਿੰਦੇ।” ਕਈ ਲੋਕ ਉਨ੍ਹਾਂ ਤੋਂ ਸਤੇ ਹੋਏ ਹਨ ਅਤੇ ਡਰਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਪਿੰਡ ਵਿੱਚੋਂ ਛੇਕ ਨਾ ਦਿੱਤਾ ਜਾਵੇ। ਇਨ੍ਹਾਂ ਲੋਕਾਂ ਨੇ ਪਿੰਡੋਂ ਬਾਹਰ ਦੀ ਦੁਨੀਆਂ ਨਹੀਂ ਦੇਖੀ ਜਿਸ ਕਰਕੇ ਇਹ ਛੇਕੇ ਜਾਣ ਤੋਂ ਬਹੁਤ ਡਰਦੇ ਹਨ।

ਸੱਚਾਈ ਦਾ ਬੀਜ ਕਿਵੇਂ ਬੀਜਿਆ ਗਿਆ

ਇਨ੍ਹਾਂ ਹਾਲਾਤਾਂ ਅਧੀਨ ਯੋਹਾਨ ਨਾਂ ਦੇ ਇਕ ਮੇਨੋਨਾਇਟ ਕਿਸਾਨ ਨੇ ਆਪਣੇ ਗੁਆਂਢੀ ਦੇ ਘਰ ਪਹਿਰਾਬੁਰਜ ਰਸਾਲੇ ਦੀ ਇਕ ਕਾਪੀ ਦੇਖੀ। ਯੋਹਾਨ ਦਾ ਪਰਿਵਾਰ ਕੈਨੇਡਾ ਛੱਡ ਕੇ ਮੈਕਸੀਕੋ ਤੇ ਫਿਰ ਬੋਲੀਵੀਆ ਆ ਵਸਿਆ ਸੀ। ਯੋਹਾਨ ਹਮੇਸ਼ਾ ਚਾਹੁੰਦਾ ਸੀ ਕਿ ਬਾਈਬਲ ਸਮਝਣ ਵਿਚ ਕੋਈ ਉਸ ਦੀ ਮਦਦ ਕਰੇ। ਇਸ ਲਈ ਉਸ ਨੇ ਆਪਣੇ ਗੁਆਂਢੀ ਤੋਂ ਰਸਾਲਾ ਲੈ ਲਿਆ।

ਬਾਅਦ ਵਿਚ ਇਕ ਵਾਰ ਜਦ ਉਹ ਸ਼ਹਿਰ ਸਬਜ਼ੀਆਂ ਵਗੈਰਾ ਵੇਚਣ ਗਿਆ, ਤਾਂ ਉਸ ਨੇ ਯਹੋਵਾਹ ਦੀ ਇਕ ਗਵਾਹ ਨੂੰ ਮੰਡੀ ਵਿਚ ਪਹਿਰਾਬੁਰਜ ਰਸਾਲੇ ਵੰਡਦੀ ਦੇਖਿਆ। ਯੋਹਾਨ ਉਸ ਕੋਲ ਗਿਆ ਤੇ ਉਸ ਭੈਣ ਨੇ ਉਸ ਨੂੰ ਜਰਮਨ ਬੋਲਣ ਵਾਲੇ ਮਿਸ਼ਨਰੀ ਕੋਲ ਭੇਜਿਆ। ਕੁਝ ਸਮੇਂ ਬਾਅਦ ਡਾਕ ਰਾਹੀਂ ਯੋਹਾਨ ਦੇ ਘਰ ਜਰਮਨ ਭਾਸ਼ਾ ਵਿਚ ਪਹਿਰਾਬੁਰਜ ਰਸਾਲੇ ਆਉਣ ਲੱਗ ਪਏ। ਹਰ ਅੰਕ ਧਿਆਨ ਨਾਲ ਪੜ੍ਹਿਆ ਗਿਆ ਤੇ ਪਿੰਡ ਦੇ ਹਰ ਘਰ ਇਹ ਰਸਾਲਾ ਉਦੋਂ ਤਕ ਪਹੁੰਚਾਇਆ ਗਿਆ ਜਦ ਤਕ ਉਹ ਫੱਟ ਕੇ ਲੀਰੋ-ਲੀਰ ਨਹੀਂ ਹੋ ਗਿਆ। ਕੁਝ ਪਰਿਵਾਰ ਇਕੱਠੇ ਮਿਲ ਕੇ ਪਹਿਰਾਬੁਰਜ ਰਸਾਲੇ ਨੂੰ ਅੱਧੀ-ਅੱਧੀ ਰਾਤ ਤਕ ਸਟੱਡੀ ਕਰਦੇ ਸਨ ਅਤੇ ਬਾਈਬਲ ਦਾ ਹਰੇਕ ਹਵਾਲਾ ਪੜ੍ਹਦੇ ਸਨ। ਯੋਹਾਨ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਹੀ ਇਕਮੁੱਠ ਹੋ ਕੇ ਪਰਮੇਸ਼ੁਰ ਦੀ ਮਰਜ਼ੀ ਤੇ ਚੱਲਦੇ ਸਨ। ਆਪਣੀ ਮੌਤ ਤੋਂ ਪਹਿਲਾਂ ਯੋਹਾਨ ਨੇ ਆਪਣੇ ਬੀਵੀ-ਬੱਚਿਆਂ ਨੂੰ ਕਿਹਾ: “ਪਹਿਰਾਬੁਰਜ ਰਸਾਲਾ ਪੜ੍ਹਨੋਂ ਨਾ ਹਟਿਓ। ਇਸ ਦੇ ਜ਼ਰੀਏ ਤੁਸੀਂ ਬਾਈਬਲ ਨੂੰ ਸਮਝ ਸਕੋਗੇ।”

ਯੋਹਾਨ ਦੇ ਪਰਿਵਾਰ ਦੇ ਕੁਝ ਜੀਅ ਬਾਈਬਲ ਦੀਆਂ ਗੱਲਾਂ ਆਪਣੇ ਗੁਆਂਢੀਆਂ ਨੂੰ ਦੱਸਣ ਲੱਗ ਪਏ। ਉਹ ਕਹਿੰਦੇ ਸਨ: “ਧਰਤੀ ਨੇ ਨਾਸ਼ ਹੋਣ ਦੀ ਬਜਾਇ ਫਿਰਦੌਸ ਬਣ ਜਾਣਾ ਹੈ।” ਉਨ੍ਹਾਂ ਨੇ ਇਹ ਵੀ ਦੱਸਿਆ: “ਪਰਮੇਸ਼ੁਰ ਲੋਕਾਂ ਨੂੰ ਨਰਕ ਵਿਚ ਤਸੀਹੇ ਨਹੀਂ ਦਿੰਦਾ।” ਇਨ੍ਹਾਂ ਗੱਲਾਂ ਦੀ ਖ਼ਬਰ ਚਰਚ ਦੇ ਪਾਦਰੀਆਂ ਦੇ ਕੰਨੀ ਵੀ ਪਹੁੰਚੀ ਤੇ ਉਨ੍ਹਾਂ ਨੇ ਯੋਹਾਨ ਦੇ ਘਰ ਵਾਲਿਆਂ ਨੂੰ ਚੁੱਪ ਹੋਣ ਲਈ ਕਿਹਾ ਤੇ ਧਮਕੀ ਦਿੱਤੀ ਕਿ ਜੇ ਉਹ ਚੁੱਪ ਨਹੀਂ ਹੋਏ ਤਾਂ ਉਨ੍ਹਾਂ ਨੂੰ ਚਰਚ ਵਿੱਚੋਂ ਛੇਕ ਦਿੱਤਾ ਜਾਵੇਗਾ। ਬਾਅਦ ਵਿਚ ਜਦ ਉਹ ਆਪਸ ਵਿਚ ਗੱਲ ਕਰ ਰਹੇ ਸਨ ਕਿ ਮੇਨੋਨਾਇਟ ਆਗੂਆਂ ਦੇ ਹੱਥੋਂ ਉਨ੍ਹਾਂ ਨੂੰ ਕੀ-ਕੀ ਜਰਨਾ ਪੈ ਰਿਹਾ ਸੀ, ਤਾਂ ਇਕ ਨੌਜਵਾਨ ਚੁੱਪ ਨਾ ਰਹਿ ਸਕਿਆ। ਉਸ ਨੇ ਕਿਹਾ: “ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਇਨ੍ਹਾਂ ਆਗੂਆਂ ਤੇ ਦੋਸ਼ ਕਿਉਂ ਲਾ ਰਹੇ ਹੋ। ਅਸੀਂ ਸਾਰੇ ਜਾਣਦੇ ਹਾਂ ਕਿ ਸੱਚੀ ਭਗਤੀ ਕਿਵੇਂ ਕੀਤੀ ਜਾਂਦੀ ਹੈ, ਪਰ ਅਜੇ ਤਕ ਅਸੀਂ ਸੱਚੀ ਭਗਤੀ ਕਰਨੀ ਸ਼ੁਰੂ ਵੀ ਨਹੀਂ ਕੀਤੀ।” ਇਸ ਲੜਕੇ ਦੀ ਗੱਲ ਦਾ ਉਸ ਦੇ ਪਿਤਾ ਤੇ ਬਹੁਤ ਪ੍ਰਭਾਵ ਪਿਆ। ਕੁਝ ਹੀ ਸਮੇਂ ਬਾਅਦ ਉਸ ਪਰਿਵਾਰ ਦੇ ਦਸ ਜੀਅ ਚੁੱਪ-ਚੁਪੀਤੇ ਯਹੋਵਾਹ ਦੇ ਗਵਾਹਾਂ ਦੀ ਭਾਲ ਵਿਚ ਨਿਕਲ ਤੁਰੇ। ਇਸ ਲੇਖ ਦੇ ਸ਼ੁਰੂ ਵਿਚ ਜਿਵੇਂ ਦੱਸਿਆ ਗਿਆ, ਉਹ ਮਿਸ਼ਨਰੀ ਘਰ ਜਾ ਪਹੁੰਚੇ।

ਅਗਲੇ ਦਿਨ ਉਹ ਮਿਸ਼ਨਰੀ ਆਪਣੇ ਨਵੇਂ ਦੋਸਤਾਂ ਨੂੰ ਮਿਲਣ ਉਨ੍ਹਾਂ ਦੇ ਪਿੰਡ ਗਏ। ਪਿੰਡ ਵਿਚ ਸੜਕ ਤੇ ਸਿਰਫ਼ ਮਿਸ਼ਨਰੀਆਂ ਦੀ ਕਾਰ ਸੀ। ਉਹ ਹੌਲੀ-ਹੌਲੀ ਟਾਂਗਿਆਂ ਤੋਂ ਅੱਗੇ ਲੰਘ ਰਹੇ ਸਨ ਤੇ ਉੱਥੇ ਦੇ ਲੋਕ ਉਨ੍ਹਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ ਤੇ ਮਿਸ਼ਨਰੀ ਵੀ ਆਪਣੇ ਆਲੇ-ਦੁਆਲੇ ਦੇਖ ਕੇ ਹੈਰਾਨ ਹੋ ਰਹੇ ਸਨ। ਪਿੰਡ ਵਿਚ ਉਹ ਦੋ ਮੇਨੋਨਾਇਟ ਪਰਿਵਾਰਾਂ ਦੇ ਦਸ ਜੀਆਂ ਨਾਲ ਗੱਲ-ਬਾਤ ਕਰਨ ਲੱਗੇ।

ਉਸ ਦਿਨ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਂ ਦੀ ਕਿਤਾਬ ਦਾ ਪਹਿਲਾ ਅਧਿਆਇ ਸਟੱਡੀ ਕਰਨ ਲਈ ਚਾਰ ਘੰਟੇ ਲੱਗੇ। * ਇਨ੍ਹਾਂ ਕਿਸਾਨਾਂ ਨੇ ਹਰੇਕ ਪੈਰੇ ਵਿਚ ਦਿੱਤੇ ਬਾਈਬਲ ਦੇ ਹਵਾਲਿਆਂ ਤੋਂ ਇਲਾਵਾ ਹੋਰ ਵੀ ਹਵਾਲੇ ਪੜ੍ਹੇ ਸਨ। ਉਹ ਜਾਣਨਾ ਚਾਹੁੰਦੇ ਸਨ ਕਿ ਉਹ ਸਾਰੀ ਗੱਲ ਨੂੰ ਸਹੀ-ਸਹੀ ਸਮਝ ਰਹੇ ਸਨ ਕਿ ਨਹੀਂ। ਹਰੇਕ ਸਵਾਲ ਤੋਂ ਬਾਅਦ ਉਹ ਆਪਸ ਵਿਚ ਜਰਮਨ ਭਾਸ਼ਾ ਵਿਚ ਗੱਲ ਕਰਦੇ ਸਨ ਤੇ ਫਿਰ ਇਕ ਜਣਾ ਸਾਰਿਆਂ ਲਈ ਸਪੇਨੀ ਭਾਸ਼ਾ ਵਿਚ ਜਵਾਬ ਦਿੰਦਾ ਸੀ। ਉਸ ਦਿਨ ਨੂੰ ਉਹ ਕਦੇ ਨਹੀਂ ਭੁੱਲ ਸਕਦੇ, ਪਰ ਮੁਸ਼ਕਲਾਂ ਉਨ੍ਹਾਂ ਤੋਂ ਜ਼ਿਆਦਾ ਦੂਰ ਨਹੀਂ ਸਨ। ਜਿਵੇਂ ਪੰਜ ਸਦੀਆਂ ਪਹਿਲਾਂ ਮੇਨੋ ਸਾਈਮੰਸ ਨੂੰ ਸੱਚਾਈ ਦੀ ਖੋਜ ਕਰਦੇ ਸਮੇਂ ਸਿਤਮ ਸਹਿਣੇ ਪਏ ਸਨ ਇਸੇ ਤਰ੍ਹਾਂ ਇਨ੍ਹਾਂ ਮੇਨੋਨਾਇਟਾਂ ਨੂੰ ਵੀ ਅਜ਼ਮਾਇਸ਼ਾਂ ਸਹਿਣੀਆਂ ਪੈਣੀਆਂ ਸਨ।

ਸੱਚਾਈ ਦੀ ਖ਼ਾਤਰ ਅਜ਼ਮਾਇਸ਼ਾਂ

ਕੁਝ ਦਿਨਾਂ ਬਾਅਦ ਚਰਚ ਦੇ ਆਗੂ ਯੋਹਾਨ ਦੇ ਘਰ ਆਏ। ਉਨ੍ਹਾਂ ਨੇ ਯੋਹਾਨ ਦੇ ਪਰਿਵਾਰ ਨੂੰ ਧਮਕੀ ਦਿੱਤੀ ਜੋ ਯਹੋਵਾਹ ਦੇ ਗਵਾਹਾਂ ਨਾਲ ਗੱਲ-ਬਾਤ ਕਰ ਰਹੇ ਸਨ: “ਅਸੀਂ ਸੁਣਿਆ ਕਿ ਯਹੋਵਾਹ ਦੇ ਗਵਾਹ ਤੁਹਾਨੂੰ ਮਿਲਣ ਆਏ ਸਨ। ਉਨ੍ਹਾਂ ਨੂੰ ਮੁੜ ਕੇ ਨਾ ਆਉਣ ਦਿਓ। ਉਨ੍ਹਾਂ ਨੇ ਜੋ ਕੁਝ ਵੀ ਤੁਹਾਨੂੰ ਪੜ੍ਹਨ ਨੂੰ ਦਿੱਤਾ ਉਸ ਨੂੰ ਸਾਡੇ ਹਵਾਲੇ ਕਰ ਦਿਓ, ਤਾਂਕਿ ਅਸੀਂ ਉਸ ਨੂੰ ਸਾੜ ਸੁੱਟੀਏ। ਜੇ ਇਸ ਤਰ੍ਹਾਂ ਨਾ ਕੀਤਾ, ਤਾਂ ਤੁਹਾਨੂੰ ਚਰਚ ਵਿੱਚੋਂ ਛੇਕ ਦਿੱਤਾ ਜਾਵੇਗਾ।” ਉਨ੍ਹਾਂ ਕਿਸਾਨਾਂ ਨੇ ਗਵਾਹਾਂ ਨਾਲ ਅਜੇ ਤਕ ਸਿਰਫ਼ ਇੱਕੋ ਵਾਰ ਸਟੱਡੀ ਕੀਤੀ ਸੀ, ਇਸ ਲਈ ਉਨ੍ਹਾਂ ਲਈ ਇਹ ਅਜ਼ਮਾਇਸ਼ ਸਹਿਣੀ ਬਹੁਤ ਹੀ ਔਖੀ ਸੀ।

ਇਕ ਪਰਿਵਾਰ ਦਾ ਮੁਖੀ ਬੋਲਿਆ: “ਅਸੀਂ ਤੁਹਾਡੀ ਗੱਲ ਨਹੀਂ ਮੰਨ ਸਕਦੇ। ਉਹ ਲੋਕ ਸਾਨੂੰ ਬਾਈਬਲ ਸਿਖਾਉਣ ਆਏ ਸਨ।” ਚਰਚ ਦੇ ਆਗੂਆਂ ਨੇ ਕੀ ਕੀਤਾ? ਉਨ੍ਹਾਂ ਨੇ ਕਿਸਾਨਾਂ ਨੂੰ ਛੇਕ ਦਿੱਤਾ! ਇਸ ਨਾਲ ਕਿਸਾਨਾਂ ਤੇ ਅਤਿਅੰਤ ਮੁਸ਼ਕਲਾਂ ਆਈਆਂ। ਪਿੰਡ ਦੀ ਪਨੀਰ ਬਣਾਉਣ ਵਾਲੀ ਫੈਕਟਰੀ ਦਾ ਗੱਡਾ ਦੁੱਧ ਲਏ ਬਿਨਾਂ ਇਕ ਪਰਿਵਾਰ ਦੇ ਘਰ ਅੱਗਿਓਂ ਲੰਘ ਜਾਂਦਾ ਸੀ ਜਿਸ ਕਰਕੇ ਉਸ ਪਰਿਵਾਰ ਦੀ ਆਮਦਨੀ ਬੰਦ ਹੋ ਗਈ। ਇਕ ਹੋਰ ਪਰਿਵਾਰ ਦੇ ਮੁਖੀ ਨੂੰ ਨੌਕਰੀਓਂ ਲਾਹ ਦਿੱਤਾ ਗਿਆ। ਇਕ ਹੋਰ ਨੂੰ ਪਿੰਡ ਦੀ ਦੁਕਾਨ ਨੇ ਸੌਦਾ ਦੇਣਾ ਬੰਦ ਕਰ ਦਿੱਤਾ ਤੇ ਉਸ ਦੀ 10-ਸਾਲਾ ਬੇਟੀ ਨੂੰ ਸਕੂਲੋਂ ਕੱਢ ਦਿੱਤਾ ਗਿਆ। ਇਕ ਘਰ ਦੇ ਗੁਆਂਢੀਆਂ ਨੇ ਘਰ ਨੂੰ ਘੇਰ ਲਿਆ ਤੇ ਘਰ ਦੇ ਮਾਲਕ ਨੂੰ ਕਹਿਣ ਲੱਗੇ ਕਿ ਉਸ ਦੀ ਘਰਵਾਲੀ ਉਸ ਨਾਲ ਨਹੀਂ ਰਹਿ ਸਕਦੀ ਕਿਉਂਕਿ ਉਸ ਨੂੰ ਛੇਕ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਪਰਿਵਾਰਾਂ ਨੇ ਬਾਈਬਲ ਦੀ ਸਟੱਡੀ ਕਰਨੀ ਜਾਰੀ ਰੱਖੀ।

ਯਹੋਵਾਹ ਦੇ ਗਵਾਹਾਂ ਦੇ ਮਿਸ਼ਨਰੀ ਹਰ ਹਫ਼ਤੇ ਉਨ੍ਹਾਂ ਨਾਲ ਸਟੱਡੀ ਕਰਨ ਲਈ ਲੰਮਾ ਸਫ਼ਰ ਕਰਦੇ ਰਹੇ। ਉਨ੍ਹਾਂ ਕਿਸਾਨਾਂ ਨੂੰ ਇਸ ਸਟੱਡੀ ਤੋਂ ਕਿੰਨਾ ਹੌਸਲਾ ਮਿਲਦਾ ਸੀ! ਕੁਝ ਲੋਕਾਂ ਨੂੰ ਸਟੱਡੀ ਵਿਚ ਹਾਜ਼ਰ ਹੋਣ ਲਈ ਟਾਂਗੇ ਤੇ ਆਪਣੇ ਪਿੰਡੋਂ ਆਉਣ ਵਿਚ ਦੋ ਘੰਟੇ ਲੱਗਦੇ ਸਨ। ਇਕ ਦਿਨ ਜਦ ਉਨ੍ਹਾਂ ਕਿਸਾਨਾਂ ਨੇ ਇਕ ਮਿਸ਼ਨਰੀ ਭਰਾ ਨੂੰ ਪ੍ਰਾਰਥਨਾ ਕਰਨ ਲਈ ਕਿਹਾ, ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਉਨ੍ਹਾਂ ਪਿੰਡਾਂ ਦੇ ਮੇਨੋਨਾਇਟ ਕਦੇ ਵੀ ਉੱਚੀ ਆਵਾਜ਼ ਵਿਚ ਪ੍ਰਾਰਥਨਾ ਨਹੀਂ ਕਰਦੇ, ਜਿਸ ਕਰਕੇ ਉਨ੍ਹਾਂ ਕਿਸਾਨਾਂ ਨੇ ਕਦੇ ਕਿਸੇ ਨੂੰ ਦੂਸਰਿਆਂ ਲਈ ਪ੍ਰਾਰਥਨਾ ਕਰਦੇ ਨਹੀਂ ਸੁਣਿਆ ਸੀ। ਸਾਰੇ ਬਹੁਤ ਭਾਵੁਕ ਹੋ ਗਏ। ਤੇ ਉਨ੍ਹਾਂ ਦੀ ਹੈਰਾਨੀ ਦਾ ਅੰਦਾਜ਼ਾ ਲਾਓ ਜਦੋਂ ਮਿਸ਼ਨਰੀਆਂ ਨੇ ਆਪਣੇ ਨਾਲ ਟੇਪ-ਰਿਕਾਰਡਰ ਲਿਆਂਦਾ! ਉਸ ਪਿੰਡ ਵਿਚ ਸੰਗੀਤ ਸੁਣਨ ਦੀ ਇਜਾਜ਼ਤ ਨਹੀਂ ਸੀ। ਉਨ੍ਹਾਂ ਨੇ ਕਿੰਗਡਮ ਮੈਲੋਡੀਜ਼ ਸੁਣੀਆਂ ਜੋ ਉਨ੍ਹਾਂ ਨੂੰ ਇੰਨੀਆਂ ਪਸੰਦ ਆਈਆਂ ਕਿ ਉਹ ਹਰ ਸਟੱਡੀ ਤੋਂ ਬਾਅਦ ਕਿੰਗਡਮ ਹਾਲ ਵਿਚ ਗਾਏ ਜਾਣ ਵਾਲੇ ਗੀਤ ਗਾਉਣ ਲੱਗ ਪਏ। ਇਸ ਦਿਲਚਸਪੀ ਦੇ ਬਾਵਜੂਦ ਸਵਾਲ ਅਜੇ ਵੀ ਖੜ੍ਹਾ ਸੀ ਕਿ ਉਹ ਆਪਣਾ ਗੁਜ਼ਾਰਾ ਕਿਵੇਂ ਕਰਨਗੇ।

ਉਨ੍ਹਾਂ ਨੇ ਭਾਈਚਾਰੇ ਦਾ ਪਿਆਰ ਪਾਇਆ

ਆਪਣੀ ਬਰਾਦਰੀ ਤੋਂ ਅੱਡ ਹੋ ਕੇ ਇਨ੍ਹਾਂ ਪਰਿਵਾਰਾਂ ਨੇ ਆਪ ਪਨੀਰ ਬਣਾਉਣਾ ਸ਼ੁਰੂ ਕਰ ਦਿੱਤਾ। ਮਿਸ਼ਨਰੀਆਂ ਨੇ ਗਾਹਕ ਲੱਭਣ ਵਿਚ ਉਨ੍ਹਾਂ ਦੀ ਮਦਦ ਕੀਤੀ। ਉੱਤਰੀ ਅਮਰੀਕਾ ਵਿਚ ਰਹਿੰਦੇ ਇਕ ਭਰਾ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ। ਉਹ ਦੱਖਣੀ ਅਮਰੀਕਾ ਦੀ ਇਕ ਮੇਨੋਨਾਇਟ ਪਿੰਡ ਵਿਚ ਪਲਿਆ ਸੀ ਤੇ ਕਈ ਸਾਲ ਪਹਿਲਾਂ ਯਹੋਵਾਹ ਦਾ ਗਵਾਹ ਬਣ ਗਿਆ ਸੀ। ਜਦ ਉਸ ਨੂੰ ਇਨ੍ਹਾਂ ਕਿਸਾਨਾਂ ਦੀ ਮਾੜੀ ਹਾਲਤ ਬਾਰੇ ਪਤਾ ਲੱਗਾ, ਤਾਂ ਉਹ ਉਸੇ ਹਫ਼ਤੇ ਖ਼ਾਸ ਤੌਰ ਤੇ ਉਨ੍ਹਾਂ ਦੀ ਮਦਦ ਕਰਨ ਲਈ ਬੋਲੀਵੀਆ ਆਇਆ। ਪਹਿਲਾਂ ਤਾਂ ਉਸ ਨੇ ਇਨ੍ਹਾਂ ਪਰਿਵਾਰਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਦੀ ਹੱਲਾ-ਸ਼ੇਰੀ ਦਿੱਤੀ। ਇਸ ਤੋਂ ਇਲਾਵਾ ਉਸ ਨੇ ਉਨ੍ਹਾਂ ਨੂੰ ਇਕ ਛੋਟਾ ਟਰੱਕ ਖ਼ਰੀਦ ਕੇ ਦਿੱਤਾ। ਇਸ ਵਿਚ ਉਹ ਕਿੰਗਡਮ ਹਾਲ ਦੀਆਂ ਮੀਟਿੰਗਾਂ ਵਿਚ ਵੀ ਆ-ਜਾ ਸਕਦੇ ਸਨ ਅਤੇ ਸ਼ਹਿਰ ਦੀ ਮੰਡੀ ਵਿਚ ਆਪਣੇ ਫਾਰਮਾਂ ਦੀਆਂ ਚੀਜ਼ਾਂ ਵੀ ਵੇਚ ਸਕਦੇ ਸਨ।

ਇਕ ਔਰਤ ਦੱਸਦੀ ਹੈ: “ਪਹਿਲਾਂ-ਪਹਿਲ ਸਾਨੂੰ ਬਹੁਤ ਮੁਸ਼ਕਲਾਂ ਝੱਲਣੀਆਂ ਪਈਆਂ। ਅਸੀਂ ਮੁਰਝਾਏ ਚਿਹਰਿਆਂ ਨਾਲ ਕਿੰਗਡਮ ਹਾਲ ਨੂੰ ਆਇਆ ਕਰਦੇ ਸੀ, ਪਰ ਮੁੜਦੇ ਵੇਲੇ ਸਾਡੇ ਮੂੰਹ ਖਿੜੇ ਹੋਏ ਹੁੰਦੇ ਸਨ।” ਇਸ ਇਲਾਕੇ ਵਿਚ ਰਹਿੰਦੇ ਗਵਾਹਾਂ ਨੇ ਉਨ੍ਹਾਂ ਦੀ ਮਦਦ ਕਰਨ ਵਿਚ ਕੋਈ ਕਸਰ ਨਾ ਛੱਡੀ। ਕਈਆਂ ਨੇ ਜਰਮਨ ਬੋਲਣੀ ਸਿੱਖੀ ਅਤੇ ਜਰਮਨ ਬੋਲਣ ਵਾਲੇ ਕਈ ਭੈਣ-ਭਰਾ ਯੂਰਪ ਤੋਂ ਬੋਲੀਵੀਆ ਆਏ ਤਾਂਕਿ ਉਹ ਜਰਮਨ ਭਾਸ਼ਾ ਵਿਚ ਮੀਟਿੰਗਾਂ ਕਰ ਸਕਣ। ਕੁਝ ਹੀ ਸਮੇਂ ਵਿਚ ਮੇਨੋਨਾਇਟ ਪਿੰਡ ਵਿੱਚੋਂ 14 ਜਣੇ ਗਵਾਹਾਂ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲੱਗ ਪਏ।

ਮਿਸ਼ਨਰੀ ਘਰ ਦੀ ਫੇਰੀ ਪਾਉਣ ਤੋਂ ਬਾਅਦ ਅਜੇ ਇਕ ਸਾਲ ਵੀ ਨਹੀਂ ਹੋਇਆ ਸੀ ਜਦ 12 ਅਕਤੂਬਰ 2001 ਨੂੰ 11 ਐਨਾਬੈਪਟਿਸਟਾਂ ਨੇ ਮੁੜ ਬਪਤਿਸਮਾ ਲਿਆ, ਪਰ ਇਸ ਵਾਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਕੀਤੀ। ਉਸ ਤੋਂ ਬਾਅਦ ਹੋਰਨਾਂ ਨੇ ਵੀ ਬਪਤਿਸਮਾ ਲਿਆ ਹੈ। ਇਨ੍ਹਾਂ ਵਿੱਚੋਂ ਇਕ ਭਰਾ ਨੇ ਕਿਹਾ: “ਜਦ ਤੋਂ ਅਸੀਂ ਬਾਈਬਲ ਵਿੱਚੋਂ ਸੱਚਾਈ ਸਿੱਖੀ ਹੈ, ਅਸੀਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੇ ਹਾਂ।” ਇਕ ਹੋਰ ਭਰਾ ਨੇ ਕਿਹਾ: “ਕਈ ਮੇਨੋਨਾਇਟ ਲੋਕਾਂ ਨੂੰ ਅਫ਼ਸੋਸ ਹੈ ਕਿ ਉਨ੍ਹਾਂ ਦੀ ਬਰਾਦਰੀ ਵਿਚ ਪਿਆਰ ਦੀ ਕਮੀ ਹੈ। ਪਰ ਯਹੋਵਾਹ ਦੇ ਗਵਾਹਾਂ ਬਾਰੇ ਇਹ ਗੱਲ ਸੱਚ ਨਹੀਂ ਹੈ। ਉਹ ਤਾਂ ਸੱਚ-ਮੁੱਚ ਇਕ-ਦੂਸਰੇ ਦੀ ਮਦਦ ਕਰਦੇ ਹਨ। ਇਨ੍ਹਾਂ ਵਿਚ ਆ ਕੇ ਮੈਨੂੰ ਖ਼ੁਸ਼ੀ ਮਿਲੀ ਹੈ।” ਜੇ ਤੁਸੀਂ ਬਾਈਬਲ ਦੀ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਤਾਂ ਕਰਨਾ ਹੀ ਪੈਣਾ, ਪਰ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਸਹਾਇਤਾ ਮੰਗੋ ਅਤੇ ਇਨ੍ਹਾਂ ਪਰਿਵਾਰਾਂ ਵਾਂਗ ਨਿਹਚਾ ਤੇ ਦਲੇਰੀ ਨਾਲ ਕਦਮ ਚੁੱਕੋ। ਇਸ ਤਰ੍ਹਾਂ ਕਰਕੇ ਤੁਸੀਂ ਕਾਮਯਾਬ ਹੋਵੋਗੇ ਅਤੇ ਖ਼ੁਸ਼ੀ ਪਾਓਗੇ।

[ਫੁਟਨੋਟ]

^ ਪੈਰਾ 17 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ੇ 25 ਉੱਤੇ ਤਸਵੀਰ]

ਜਰਮਨ ਭਾਸ਼ਾ ਵਿਚ ਬਾਈਬਲ ਸਾਹਿੱਤ ਪਾ ਕੇ ਇਹ ਲੋਕ ਬਹੁਤ ਖ਼ੁਸ਼ ਹੋਏ

[ਸਫ਼ੇ 26 ਉੱਤੇ ਤਸਵੀਰ]

ਭਾਵੇਂ ਪਹਿਲਾਂ ਉਨ੍ਹਾਂ ਨੂੰ ਸੰਗੀਤ ਸੁਣਨ ਦੀ ਇਜਾਜ਼ਤ ਨਹੀਂ ਸੀ, ਪਰ ਹੁਣ ਉਹ ਹਰ ਬਾਈਬਲ ਸਟੱਡੀ ਤੋਂ ਬਾਅਦ ਗਾਉਂਦੇ ਹਨ