Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜਦੋਂ ਬਾਈਬਲ ਕਹਿੰਦੀ ਹੈ ਕਿ “ਅਮਰਤਾਈ ਇਕੱਲੇ ਉਸੇ ਦੀ ਹੈ” ਅਤੇ “ਮਨੁੱਖਾਂ ਵਿੱਚੋਂ ਕਿਨੇ ਉਸ ਨੂੰ ਨਹੀਂ ਵੇਖਿਆ ਨਾ ਉਹ ਕਿਸੇ ਤੋਂ ਵੇਖਿਆ ਜਾ ਸੱਕਦਾ ਹੈ,” ਤਾਂ ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਇਹ ਗੱਲ ਯਹੋਵਾਹ ਪਰਮੇਸ਼ੁਰ ਦੀ ਬਜਾਇ ਯਿਸੂ ਬਾਰੇ ਹੈ?

ਪੌਲੁਸ ਰਸੂਲ ਨੇ 1 ਤਿਮੋਥਿਉਸ 6:15, 16 ਵਿਚ ਲਿਖਿਆ: “ਜਿਹ ਨੂੰ ਉਹ ਵੇਲੇ ਸਿਰ ਵਿਖਾਏਗਾ ਜਿਹੜਾ ਧੰਨ ਅਤੇ ਅਦੁਤੀ ਸਰਬ ਸ਼ਕਤੀਮਾਨ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ ਹੈ। ਅਮਰਤਾਈ ਇਕੱਲੇ ਉਸੇ ਦੀ ਹੈ ਅਤੇ ਉਹ ਅਣਪੁੱਜ ਜੋਤ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸੱਕਦਾ ਹੈ।”

ਬਾਈਬਲ ਦੇ ਵਿਦਵਾਨ ਇਸ ਆਇਤ ਬਾਰੇ ਆਮ ਕਰਕੇ ਇਹ ਵਿਚਾਰ ਰੱਖਦੇ ਹਨ ਕਿ ਅਜਿਹੀਆਂ ਗੱਲਾਂ ਜਿਵੇਂ “ਅਮਰਤਾਈ ਇਕੱਲੇ ਉਸੇ ਦੀ ਹੈ,” “ਅਦੁਤੀ ਸਰਬ ਸ਼ਕਤੀਮਾਨ,” ਅਤੇ “ਮਨੁੱਖਾਂ ਵਿੱਚੋਂ ਕਿਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸੱਕਦਾ ਹੈ,” ਪਰਮੇਸ਼ੁਰ ਤੋਂ ਸਿਵਾਇ ਕਿਸੇ ਹੋਰ ਉੱਤੇ ਲਾਗੂ ਹੀ ਨਹੀਂ ਹੋ ਸਕਦੀਆਂ। ਹਾਂ ਮੰਨਿਆ ਕਿ ਯਹੋਵਾਹ ਦਾ ਬਿਆਨ ਕਰਨ ਲਈ ਅਸੀਂ ਅਜਿਹੇ ਢੁਕਵੇਂ ਸ਼ਬਦ ਵਰਤ ਸਕਦੇ ਹਾਂ, ਪਰ ਜੇ ਅਸੀਂ ਧਿਆਨ ਨਾਲ 1 ਤਿਮੋਥਿਉਸ 6:15, 16 ਦੇ ਆਲੇ-ਦੁਆਲੇ ਦੀਆਂ ਆਇਤਾਂ ਤੇ ਗੌਰ ਕਰੀਏ, ਤਾਂ ਜ਼ਾਹਰ ਹੁੰਦਾ ਹੈ ਕਿ ਪੌਲੁਸ ਯਹੋਵਾਹ ਬਾਰੇ ਨਹੀਂ ਬਲਕਿ ਯਿਸੂ ਬਾਰੇ ਗੱਲ ਕਰ ਰਿਹਾ ਸੀ।

ਮਿਸਾਲ ਲਈ 14ਵੀਂ ਆਇਤ ਵਿਚ ਪੌਲੁਸ ਨੇ “ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਕਾਸ਼ ਹੋਣ” ਦਾ ਜ਼ਿਕਰ ਕੀਤਾ। (1 ਤਿਮੋਥਿਉਸ 6:14) ਯਿਸੂ ਦੇ ਪ੍ਰਕਾਸ਼ ਯਾਨੀ ਪ੍ਰਗਟ ਹੋਣ ਦੀ ਗੱਲ ਨੂੰ ਜਾਰੀ ਰੱਖਦੇ ਹੋਏ ਪੌਲੁਸ ਨੇ ਅਗਲੀ ਆਇਤ ਵਿਚ ਲਿਖਿਆ ਕਿ ‘ਇਸ ਪ੍ਰਕਾਸ਼ ਨੂੰ ਉਹ ਵੇਲੇ ਸਿਰ ਵਿਖਾਏਗਾ ਜਿਹੜਾ ਧੰਨ ਅਤੇ ਅਦੁਤੀ ਸਰਬ ਸ਼ਕਤੀਮਾਨ ਹੈ।’ ਸੋ ਸਪੱਸ਼ਟ ਹੈ ਕਿ ਪੌਲੁਸ ਇੱਥੇ ਯਿਸੂ ਦੇ ਪ੍ਰਗਟ ਹੋਣ ਦਾ ਜ਼ਿਕਰ ਕਰ ਰਿਹਾ ਸੀ, ਨਾ ਕਿ ਯਹੋਵਾਹ ਦੇ ਪ੍ਰਗਟ ਹੋਣ ਦਾ। ਤਾਂ ਫਿਰ “ਅਦੁਤੀ ਸਰਬ ਸ਼ਕਤੀਮਾਨ” ਕੌਣ ਹੈ? ਪੌਲੁਸ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਹੋਵਾਹ ਪਰਮੇਸ਼ੁਰ ਦੀ ਤੁਲਨਾ ਕਿਸੇ ਇਨਸਾਨ ਨਾਲ ਨਹੀਂ ਕੀਤੀ ਜਾ ਸਕਦੀ। ਪਰ ਯਿਸੂ ਦੀ ਤੁਲਨਾ ਇਨਸਾਨਾਂ ਨਾਲ ਜ਼ਰੂਰ ਕੀਤੀ ਜਾ ਸਕਦੀ ਹੈ। ਸਾਰੀ ਗੱਲ ਪੜ੍ਹ ਕੇ ਜ਼ਾਹਰ ਹੁੰਦਾ ਹੈ ਕਿ ਪੌਲੁਸ ਨੇ ਯਿਸੂ ਦੀ ਤੁਲਨਾ ਮਨੁੱਖੀ ਹਾਕਮਾਂ ਨਾਲ ਕਰਦਿਆਂ ਲਿਖਿਆ ਕਿ ਯਿਸੂ “[ਮਨੁੱਖੀ] ਰਾਜਿਆਂ ਦਾ ਰਾਜਾ ਅਤੇ [ਮਨੁੱਖੀ] ਪ੍ਰਭੁਆਂ ਦਾ ਪ੍ਰਭੁ ਹੈ।” * ਵਾਕਈ ਮਨੁੱਖੀ ਹਾਕਮਾਂ ਦੀ ਤੁਲਨਾ ਵਿਚ ਯਿਸੂ ਅਦੁਤੀ ਸਰਬ ਸ਼ਕਤੀਮਾਨ ਹੈ। ਇਸ ਗੱਲ ਤੇ ਵੀ ਗੌਰ ਕਰੋ ਕਿ “ਪਾਤਸ਼ਾਹੀ ਅਰ ਪਰਤਾਪ ਅਰ ਰਾਜ [ਯਿਸੂ] ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ।” (ਦਾਨੀਏਲ 7:14) ਕੀ ਕਿਸੇ ਮਨੁੱਖੀ ਹਾਕਮ ਨੂੰ ਕਦੇ ਵੀ ਇੰਨਾ ਅਧਿਕਾਰ ਦਿੱਤਾ ਗਿਆ ਹੈ? ਬਿਲਕੁਲ ਨਹੀਂ!

ਯਿਸੂ ਦੀ ਤੁਲਨਾ ਮਨੁੱਖੀ ਰਾਜਿਆਂ ਨਾਲ ਇਕ ਵਾਰ ਫਿਰ ਕੀਤੀ ਗਈ ਹੈ ਜਦ ਅਸੀਂ ਪੜ੍ਹਦੇ ਹਾਂ ਕਿ “ਅਮਰਤਾਈ ਇਕੱਲੇ ਉਸੇ ਦੀ ਹੈ।” ਕੋਈ ਵੀ ਇਨਸਾਨੀ ਰਾਜਾ ਇਹ ਦਾਅਵਾ ਨਹੀਂ ਕਰ ਸਕਦਾ ਹੈ ਕਿ ਉਸ ਨੇ ਅਮਰਤਾ ਹਾਸਲ ਕੀਤੀ ਹੈ, ਪਰ ਯਿਸੂ ਇਹ ਦਾਅਵਾ ਕਰ ਸਕਦਾ ਹੈ। ਪੌਲੁਸ ਨੇ ਲਿਖਿਆ: “ਕਿਉਂ ਜੋ ਅਸੀਂ ਇਹ ਜਾਣਦੇ ਹਾਂ ਭਈ ਮਸੀਹ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰਦਾ। ਅਗਾਹਾਂ ਨੂੰ ਮੌਤ ਦਾ ਓਸ ਉੱਤੇ ਵੱਸ ਨਹੀਂ।” (ਰੋਮੀਆਂ 6:9) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਿਸੂ ਉਹ ਪਹਿਲਾ ਸ਼ਖ਼ਸ ਹੈ ਜਿਸ ਨੂੰ ਪਰਮੇਸ਼ੁਰ ਨੇ ਅਮਰਤਾ ਬਖ਼ਸ਼ੀ। ਅਸਲ ਵਿਚ ਜਿਸ ਸਮੇਂ ਪੌਲੁਸ ਨੇ ਇਹ ਚਿੱਠੀ ਲਿਖੀ, ਉਸ ਸਮੇਂ ਤਕ ਸਿਰਫ਼ ਯਿਸੂ ਨੇ ਹੀ ਉਹ ਜੀਵਨ ਪਾਇਆ ਜਿਸ ਦਾ ਕਦੇ ਨਾਸ ਨਹੀਂ ਹੋ ਸਕਦਾ।

ਇਕ ਹੋਰ ਗੱਲ ਵੀ ਧਿਆਨ ਵਿਚ ਰੱਖਣੀ ਜ਼ਰੂਰੀ ਹੈ ਕਿ ਇਨ੍ਹਾਂ ਗੱਲਾਂ ਨੂੰ ਲਿਖਣ ਸਮੇਂ ਪੌਲੁਸ ਲਈ ਇਹ ਕਹਿਣਾ ਗ਼ਲਤ ਹੋਣਾ ਸੀ ਕਿ ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਅਮਰ ਸੀ। ਕਿਉਂ? ਕਿਉਂਕਿ ਉਸ ਵੇਲੇ ਯਿਸੂ ਵੀ ਅਮਰ ਸੀ। ਪਰ ਪੌਲੁਸ ਦੇ ਸ਼ਬਦ ਸਹੀ ਸਨ ਜਦ ਉਸ ਨੇ ਯਿਸੂ ਦੀ ਤੁਲਨਾ ਇਨਸਾਨੀ ਰਾਜਿਆਂ ਨਾਲ ਕੀਤੀ ਸੀ ਕਿਉਂਕਿ ਉਨ੍ਹਾਂ ਵਿੱਚੋਂ ਇਕੱਲਾ ਯਿਸੂ ਹੀ ਅਮਰ ਸੀ।

ਇਸ ਤੋਂ ਇਲਾਵਾ ਯਿਸੂ ਬਾਰੇ ਇਹ ਗੱਲ ਸੱਚ ਸਾਬਤ ਹੁੰਦੀ ਹੈ ਕਿ ਉਸ ਦੇ ਜੀ ਉੱਠਣ ਅਤੇ ਸਵਰਗ ਨੂੰ ਚੜ੍ਹਨ ਤੋਂ ਬਾਅਦ “ਮਨੁੱਖਾਂ ਵਿੱਚੋਂ ਕਿਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸੱਕਦਾ ਹੈ।” ਮੰਨਿਆ ਕਿ ਯਿਸੂ ਦੇ ਮਸਹ ਕੀਤੇ ਹੋਏ ਚੇਲੇ ਆਪਣੀ ਮੌਤ ਪਿੱਛੋਂ ਜੀ ਉਠਾਏ ਗਏ ਆਤਮਿਕ ਪ੍ਰਾਣੀਆਂ ਵਜੋਂ ਯਿਸੂ ਨੂੰ ਸਵਰਗ ਵਿਚ ਦੇਖਣਗੇ, ਪਰ ਧਰਤੀ ਤੇ ਅਜਿਹਾ ਕੋਈ ਇਨਸਾਨ ਨਹੀਂ ਹੈ ਜੋ ਯਿਸੂ ਨੂੰ ਆਪਣੇ ਪੂਰੇ ਤੇਜ ਵਿਚ ਦੇਖ ਸਕਦਾ ਹੈ। (ਯੂਹੰਨਾ 17:24) ਇਸ ਲਈ ਸੱਚ-ਮੁੱਚ ਕਿਹਾ ਜਾ ਸਕਦਾ ਹੈ ਕਿ ਯਿਸੂ ਦੇ ਜੀ ਉੱਠਣ ਅਤੇ ਸਵਰਗ ਜਾਣ ਤੋਂ ਬਾਅਦ “ਮਨੁੱਖਾਂ ਵਿੱਚੋਂ ਕਿਨੇ” ਉਸ ਨੂੰ ਨਹੀਂ ਦੇਖਿਆ।

ਪਹਿਲੀ ਵਾਰ ਪੜ੍ਹਨ ਤੇ ਸਾਨੂੰ ਸ਼ਾਇਦ ਲੱਗੇ ਕਿ 1 ਤਿਮੋਥਿਉਸ 6:15, 16 ਵਿਚ ਦੱਸੀਆਂ ਗੱਲਾਂ ਪਰਮੇਸ਼ੁਰ ਤੇ ਲਾਗੂ ਹੁੰਦੀਆਂ ਹਨ, ਪਰ ਆਲੇ-ਦੁਆਲੇ ਦੀਆਂ ਆਇਤਾਂ ਤੋਂ ਅਤੇ ਦੂਸਰੀਆਂ ਆਇਤਾਂ ਦੀ ਮਦਦ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਪੌਲੁਸ ਯਿਸੂ ਬਾਰੇ ਹੀ ਗੱਲ ਕਰ ਰਿਹਾ ਸੀ।

[ਫੁਟਨੋਟ]

^ ਪੈਰਾ 5 ਯਿਸੂ ਬਾਰੇ 1 ਕੁਰਿੰਥੀਆਂ 8:5, 6 ਅਤੇ ਪਰਕਾਸ਼ ਦੀ ਪੋਥੀ 17:12, 14; 19:16 ਵਿਚ ਅਜਿਹੀਆਂ ਗੱਲਾਂ ਪਾਈਆਂ ਜਾਂਦੀਆਂ ਹਨ।