Skip to content

Skip to table of contents

ਪੁਰਾਣੀ ਜਰਮਨ ਬਾਈਬਲ ਵਿਚ ਯਹੋਵਾਹ ਦਾ ਨਾਂ ਵਰਤਿਆ ਗਿਆ

ਪੁਰਾਣੀ ਜਰਮਨ ਬਾਈਬਲ ਵਿਚ ਯਹੋਵਾਹ ਦਾ ਨਾਂ ਵਰਤਿਆ ਗਿਆ

ਪੁਰਾਣੀ ਜਰਮਨ ਬਾਈਬਲ ਵਿਚ ਯਹੋਵਾਹ ਦਾ ਨਾਂ ਵਰਤਿਆ ਗਿਆ

ਸਾਲ 1971 ਵਿਚ ਰਿਲੀਸ ਜਰਮਨ ਭਾਸ਼ਾ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ 7,000 ਤੋਂ ਵਧ ਗੁਣਾ ਪਾਇਆ ਜਾਂਦਾ ਹੈ। * ਦਿਲਚਸਪੀ ਦੀ ਗੱਲ ਹੈ ਕਿ ਇਹ ਪਹਿਲੀ ਜਰਮਨ ਬਾਈਬਲ ਨਹੀਂ ਸੀ ਜਿਸ ਵਿਚ ਯਹੋਵਾਹ ਦਾ ਨਾਂ ਵਰਤਿਆ ਗਿਆ ਸੀ। ਲੱਗਦਾ ਹੈ ਕਿ ਯਹੋਵਾਹ ਦੇ ਨਾਂ ਨੂੰ ਇਸਤੇਮਾਲ ਕਰਨ ਵਾਲੀ ਪਹਿਲੀ ਜਰਮਨ ਬਾਈਬਲ ਲਗਭਗ 500 ਸਾਲ ਪਹਿਲਾਂ ਮਸ਼ਹੂਰ ਰੋਮਨ ਕੈਥੋਲਿਕ ਵਿਦਵਾਨ ਯੋਹਾਨ ਐਕ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ।

ਯੋਹਾਨ ਐਕ ਦਾ ਜਨਮ ਦੱਖਣੀ ਜਰਮਨੀ ਵਿਚ ਸਾਲ 1486 ਵਿਚ ਹੋਇਆ ਸੀ। ਚੌਵੀਂ ਸਾਲਾਂ ਦੀ ਉਮਰ ਤੇ ਉਹ ਇੰਗੋਲਸਟਾਟ ਦੀ ਯੂਨੀਵਰਸਿਟੀ ਵਿਚ ਧਰਮ-ਸ਼ਾਸਤਰ ਦੇ ਇਕ ਪ੍ਰੋਫ਼ੈਸਰ ਦੀ ਹੈਸੀਅਤ ਵਿਚ ਕੰਮ ਕਰ ਰਿਹਾ ਸੀ। ਉਸ ਦੀ ਮੌਤ 1543 ਵਿਚ ਹੋਈ ਅਤੇ ਉਸ ਨੇ ਇਹ ਅਹੁਦਾ ਆਪਣੀ ਮੌਤ ਤਕ ਸੰਭਾਲ ਰੱਖਿਆ। ਕੁਝ ਸਮੇਂ ਲਈ ਉਹ ਮਾਰਟਿਨ ਲੂਥਰ ਦਾ ਦੋਸਤ ਰਿਹਾ ਪਰ ਇਨ੍ਹਾਂ ਦੋਹਾਂ ਦੀਆਂ ਮੰਜ਼ਲਾਂ ਵੱਖੋ-ਵੱਖ ਸਨ। ਲੂਥਰ ਨੇ ਉਸ ਸਮੇਂ ਦੀ ਸੁਧਾਰ ਅੰਦੋਲਨ ਵਿਚ ਵੱਡਾ ਯੋਗਦਾਨ ਪਾਇਆ, ਪਰ ਐਕ ਕੈਥੋਲਿਕ ਚਰਚ ਦਾ ਹਿਮਾਇਤੀ ਬਣ ਗਿਆ।

ਬਾਵੇਰੀਆ ਦੇ ਸ਼ਾਸਕ ਨੇ ਐਕ ਨੂੰ ਇਕ ਕੰਮ ਸੌਂਪਿਆ। ਉਹ ਚਾਹੁੰਦਾ ਸੀ ਕਿ ਬਾਈਬਲ ਦਾ ਤਰਜਮਾ ਜਰਮਨ ਭਾਸ਼ਾ ਵਿਚ ਕੀਤਾ ਜਾਵੇ ਜੋ ਕਿ 1537 ਵਿਚ ਪ੍ਰਕਾਸ਼ਿਤ ਕੀਤਾ ਗਿਆ। ਇਸ ਤਰਜਮੇ ਬਾਰੇ ਇਕ ਕਿਤਾਬ ਦੱਸਦੀ ਹੈ ਕਿ ਐਕ ਨੇ ਬਾਈਬਲ ਦੀਆਂ ਮੁਢਲੀਆਂ ਭਾਸ਼ਾਵਾਂ ਨੂੰ ਸਹੀ-ਸਹੀ ਪੇਸ਼ ਕਰਨ ਦਾ ਜਤਨ ਕੀਤਾ, ਪਰ “ਇਸ ਤਰਜਮੇ ਦੀ ਘੱਟ ਹੀ ਸਿਫ਼ਤ ਕੀਤੀ ਜਾਂਦੀ ਹੈ।” (Kirchliches Handlexikon) ਐਕ ਦੇ ਤਰਜਮੇ ਦੀ ਇਕ ਖੂਬੀ ਤੇ ਜ਼ਰਾ ਗੌਰ ਕਰੋ। ਕੂਚ 6:3 ਵਿਚ ਲਿਖਿਆ ਹੈ: “ਮੈਂ ਪ੍ਰਭੂ ਹਾਂ, ਮੈਂ ਅਬਰਾਮ, ਇਸਹਾਕ ਅਰ ਯਾਕੂਬ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਰੂਪ ਵਿਚ ਪ੍ਰਗਟ ਹੋਇਆ: ਪਰ ਮੈਂ ਆਪਣੇ ਨਾਮ ਅਡੂਨਾਏ ਨਾਲ ਉਨ੍ਹਾਂ ਉੱਤੇ ਪ੍ਰਗਟ ਨਹੀਂ ਹੋਇਆ।” ਪਰਮੇਸ਼ੁਰ ਦੇ ਨਾਮ ਨੂੰ ਨਾ ਵਰਤਣ ਦੀ ਬਜਾਇ, ਐਕ ਨੇ ਆਪਣੇ ਤਰਜਮੇ ਦੇ ਹਾਸ਼ੀਏ ਵਿਚ ਲਿਖਿਆ: “ਨਾਮ ਅਡੂਨਾਏ ਯਹੋਆ।” ਬਾਈਬਲ ਦੇ ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਜਰਮਨ ਬਾਈਬਲ ਵਿਚ ਇੱਥੇ ਪਹਿਲੀ ਦਫ਼ਾ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਸੀ।

ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਲੋਕ ਹਜ਼ਾਰਾਂ ਸਾਲਾਂ ਤੋਂ ਪਰਮੇਸ਼ੁਰ ਦੇ ਨਾਂ ਤੋਂ ਵਾਕਫ਼ ਹਨ ਅਤੇ ਇਸ ਨੂੰ ਇਸਤੇਮਾਲ ਕਰਦੇ ਆਏ ਹਨ। ਪਰਮੇਸ਼ੁਰ ਦੇ ਨਾਂ ਦਾ ਸਭ ਤੋਂ ਪੁਰਾਣਾ ਜ਼ਿਕਰ ਇਬਰਾਨੀ ਭਾਸ਼ਾ ਵਿਚ ਪਾਇਆ ਜਾਂਦਾ ਹੈ, ਜਿੱਥੇ ਸੱਚੇ ਪਰਮੇਸ਼ੁਰ ਦੀ ਪਛਾਣ ਕਰਨ ਲਈ “ਯਹੋਵਾਹ” ਵਰਤਿਆ ਗਿਆ ਹੈ। (ਬਿਵਸਥਾ ਸਾਰ 6:4) ਅੱਜ ਤੋਂ ਲਗਭਗ 2,000 ਸਾਲ ਪਹਿਲਾਂ ਯਿਸੂ ਨੇ ਪਰਮੇਸ਼ੁਰ ਦੇ ਨਾਂ ਦਾ ਖੁੱਲ੍ਹੇ-ਆਮ ਐਲਾਨ ਕੀਤਾ ਸੀ ਅਤੇ ਇਹ ਗੱਲ ਬਾਈਬਲ ਦੇ ਯੂਨਾਨੀ ਹਿੱਸੇ ਵਿਚ ਦਰਜ ਕੀਤੀ ਗਈ ਸੀ। (ਯੂਹੰਨਾ 17:6) ਯਿਸੂ ਦੇ ਸਮੇਂ ਤੋਂ ਲੈ ਕੇ ਅੱਜ ਤਕ ਪਰਮੇਸ਼ੁਰ ਦੇ ਨਾਂ ਨੂੰ ਅਣਗਿਣਤ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਜਲਦੀ ਹੀ ਆਉਣ ਵਾਲੇ ਸਮੇਂ ਵਿਚ ਜ਼ਬੂਰਾਂ ਦੀ ਪੋਥੀ 83:18 ਦੀ ਪੂਰਤੀ ਵਿਚ ਸਾਰੇ ਲੋਕ ਜਾਣਨਗੇ ਕਿ ਜਿਸ ਦਾ ਨਾਂ ਯਹੋਵਾਹ ਹੈ ਉਹ ਸਾਰੀ ਧਰਤੀ ਉੱਤੇ ਅੱਤ ਮਹਾਨ ਹੈ।

[ਫੁਟਨੋਟ]

^ ਪੈਰਾ 2 ਪਹਿਲੀ ਵਾਰ 1961 ਵਿਚ ਅੰਗ੍ਰੇਜ਼ੀ ਭਾਸ਼ਾ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤੀ ਗਈ। ਹੁਣ ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸੇ 50 ਤੋਂ ਵਧ ਭਾਸ਼ਾਵਾਂ ਵਿਚ ਉਪਲਬਧ ਹਨ।

[ਸਫ਼ੇ 32 ਉੱਤੇ ਤਸਵੀਰ]

ਯੋਹਾਨ ਐਕ ਦੀ ਬਾਈਬਲ (1558) ਵਿਚ ਕੂਚ 6:3 ਦੇ ਹਾਸ਼ੀਏ ਵਿਚ ਲਿਖਿਆ ਯਹੋਵਾਹ ਦਾ ਨਾਂ