Skip to content

Skip to table of contents

ਮਸੀਹ ਦਾ ਸਿਪਾਹੀ ਹੋਣ ਕਰਕੇ ਮੈਂ ਕੁਝ ਵੀ ਸਹਿਣ ਲਈ ਤਿਆਰ ਹਾਂ

ਮਸੀਹ ਦਾ ਸਿਪਾਹੀ ਹੋਣ ਕਰਕੇ ਮੈਂ ਕੁਝ ਵੀ ਸਹਿਣ ਲਈ ਤਿਆਰ ਹਾਂ

ਜੀਵਨੀ

ਮਸੀਹ ਦਾ ਸਿਪਾਹੀ ਹੋਣ ਕਰਕੇ ਮੈਂ ਕੁਝ ਵੀ ਸਹਿਣ ਲਈ ਤਿਆਰ ਹਾਂ

ਯੁਰੀ ਕਪਟੌਲਾ ਦੀ ਜ਼ਬਾਨੀ

“ਹੁਣ ਮੈਨੂੰ ਤੇਰੀ ਨਿਹਚਾ ਦਾ ਯਕੀਨ ਹੋ ਗਿਆ!” ਇਹ ਸ਼ਬਦ ਸੋਵੀਅਤ ਫ਼ੌਜ ਦੇ ਇਕ ਅਫ਼ਸਰ ਨੇ ਕਹੇ ਸਨ ਅਤੇ ਇਨ੍ਹਾਂ ਤੋਂ ਮੈਨੂੰ ਐਨ ਸਹੀ ਸਮੇਂ ਤੇ ਬੜਾ ਹੌਸਲਾ ਮਿਲਿਆ। ਫ਼ੌਜੀ ਸੇਵਾ ਠੁਕਰਾਉਣ ਕਰਕੇ ਮੈਨੂੰ ਜੇਲ੍ਹ ਦੀ ਲੰਮੀ ਸਜ਼ਾ ਮਿਲ ਸਕਦੀ ਸੀ ਅਤੇ ਮੈਂ ਯਹੋਵਾਹ ਅੱਗੇ ਮਦਦ ਲਈ ਤਰਲੇ ਕੀਤੇ। ਮੇਰੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਜਿਨ੍ਹਾਂ ਨੂੰ ਸਹਿਣ ਲਈ ਮੈਨੂੰ ਧੀਰਜ ਅਤੇ ਪੱਕੀ ਨਿਹਚਾ ਦੀ ਲੋੜ ਸੀ।

ਮੇਰਾ ਜਨਮ 19 ਅਕਤੂਬਰ 1962 ਵਿਚ ਪੱਛਮੀ ਯੂਕਰੇਨ ਵਿਚ ਹੋਇਆ ਸੀ। ਉਸੇ ਸਾਲ ਮੇਰੇ ਪਿਤਾ ਜੀ ਨੂੰ ਯਹੋਵਾਹ ਦੇ ਗਵਾਹ ਮਿਲੇ। ਇਸ ਤੋਂ ਥੋੜ੍ਹੀ ਦੇਰ ਬਾਅਦ ਉਹ ਪਿੰਡ ਵਿਚ ਯਹੋਵਾਹ ਦੇ ਪਹਿਲੇ ਸੇਵਕ ਬਣ ਗਏ। ਪਰ ਯਹੋਵਾਹ ਦੇ ਗਵਾਹਾਂ ਦਾ ਵਿਰੋਧ ਕਰਨ ਵਾਲੇ ਅਧਿਕਾਰੀ ਪਿਤਾ ਜੀ ਉੱਤੇ ਸਖ਼ਤ ਨਜ਼ਰ ਰੱਖ ਰਹੇ ਸਨ।

ਦੂਜੇ ਪਾਸੇ, ਸਾਡੇ ਸਾਰੇ ਗੁਆਂਢੀ ਮੇਰੇ ਮਾਂ-ਬਾਪ ਦੀ ਇੱਜ਼ਤ ਕਰਦੇ ਸਨ ਕਿਉਂਕਿ ਉਹ ਚੰਗੇ ਮਸੀਹੀ ਹੋਣ ਕਰਕੇ ਦੂਸਰਿਆਂ ਦਾ ਲਿਹਾਜ਼ ਕਰਦੇ ਸਨ ਤੇ ਪਿਆਰ ਨਾਲ ਪੇਸ਼ ਆਉਂਦੇ ਸਨ। ਉਨ੍ਹਾਂ ਨੇ ਹਰ ਵੇਲੇ ਮੇਰੇ ਤੇ ਮੇਰੀਆਂ ਤਿੰਨ ਭੈਣਾਂ ਦੇ ਦਿਲਾਂ ਵਿਚ ਪਰਮੇਸ਼ੁਰ ਲਈ ਪਿਆਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਿਖਲਾਈ ਕਰਕੇ ਸਕੂਲ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮੈਨੂੰ ਮਦਦ ਮਿਲੀ। ਮਿਸਾਲ ਲਈ, ਇਕ ਵਾਰ ਸਾਰੇ ਬੱਚਿਆਂ ਨੂੰ “ਲੈਨਿਨ ਦੇ ਅਕਤੂਬਰ ਬੱਚੇ” ਨਾਂ ਦਾ ਇਕ ਖ਼ਾਸ ਬੈਜ ਲਗਾਉਣ ਲਈ ਕਿਹਾ ਗਿਆ। ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿਣ ਕਰਕੇ ਮੈਂ ਬੈਜ ਨਹੀਂ ਲਗਾਇਆ ਜਿਸ ਕਰਕੇ ਮੈਂ ਬਾਕੀਆਂ ਤੋਂ ਵੱਖਰਾ ਨਜ਼ਰ ਆਇਆ।—ਯੂਹੰਨਾ 6:15; 17:16.

ਨੌਂ ਕੁ ਸਾਲ ਦੀ ਉਮਰ ਤੇ ਸਾਰੇ ਬੱਚਿਆਂ ਲਈ “ਯੰਗ ਪਾਇਨੀਅਰਜ਼” ਨਾਂ ਦੇ ਕਮਿਊਨਿਸਟ ਸੰਘ ਦੇ ਮੈਂਬਰ ਬਣਨਾ ਜ਼ਰੂਰੀ ਸੀ। ਇਕ ਦਿਨ ਸਾਡੀ ਕਲਾਸ ਨੂੰ ਬਾਹਰ ਲੈ ਜਾ ਕੇ ਇਸ ਸੰਘ ਵਿਚ ਭਰਤੀ ਕਰਨ ਦੀ ਰਸਮ ਅਦਾ ਕੀਤੀ ਗਈ। ਮੈਂ ਬਹੁਤ ਡਰਿਆ ਹੋਇਆ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੇਰਾ ਮਜ਼ਾਕ ਉਡਾਇਆ ਜਾਵੇਗਾ ਅਤੇ ਮੈਨੂੰ ਬੁਰਾ-ਭਲਾ ਕਿਹਾ ਜਾਵੇਗਾ। ਮੇਰੇ ਤੋਂ ਸਿਵਾਇ ਸਾਰਿਆਂ ਨੇ ਘਰੋਂ ਨਵਾਂ ਲਾਲ ਪਾਇਨੀਅਰ ਰੁਮਾਲ ਲਿਆਂਦਾ ਹੋਇਆ ਸੀ। ਸਾਡੀ ਕਲਾਸ ਦੇ ਸਾਰੇ ਬੱਚੇ ਇਕ ਲੰਬੀ ਕਤਾਰ ਵਿਚ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਤੇ ਵੱਡੇ ਬੱਚਿਆਂ ਦੇ ਸਾਮ੍ਹਣੇ ਖੜ੍ਹੇ ਸਨ। ਜਦ ਵੱਡੇ ਬੱਚਿਆਂ ਨੂੰ ਸਾਡੇ ਗਲਿਆਂ ਦੁਆਲੇ ਰੁਮਾਲ ਬੰਨ੍ਹਣ ਲਈ ਕਿਹਾ ਗਿਆ, ਤਾਂ ਮੈਂ ਆਪਣਾ ਸਿਰ ਨਿਵਾ ਕੇ ਪ੍ਰਾਰਥਨਾ ਕੀਤੀ ਕਿ ਕੋਈ ਮੇਰੇ ਵੱਲ ਧਿਆਨ ਨਾ ਦੇਵੇ।

ਦੂਰ-ਦੁਰੇਡੀਆਂ ਜੇਲ੍ਹਾਂ ਵਿਚ

ਜਦ ਮੈਂ 18 ਸਾਲ ਦਾ ਸੀ, ਤਾਂ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿਣ ਕਰਕੇ ਮੈਨੂੰ 3 ਸਾਲ ਦੀ ਸਜ਼ਾ ਸੁਣਾਈ ਗਈ। (ਯਸਾਯਾਹ 2:4) ਪਹਿਲਾ ਸਾਲ ਮੈਂ ਯੂਕਰੇਨ ਦੇ ਵਿਨਿਤਸਕਾਯਾ ਜ਼ਿਲ੍ਹੇ ਵਿਚ ਟਰੁਡੋਵੋਯੀ ਸ਼ਹਿਰ ਦੀ ਜੇਲ੍ਹ ਵਿਚ ਗੁਜ਼ਾਰਿਆ। ਉੱਥੇ ਮੈਂ ਤਕਰੀਬਨ 30 ਯਹੋਵਾਹ ਦੇ ਗਵਾਹਾਂ ਨੂੰ ਮਿਲਿਆ। ਸਾਨੂੰ ਦੋ-ਦੋ ਕਰ ਕੇ ਵੱਖ-ਵੱਖ ਥਾਵਾਂ ਤੇ ਕੰਮ ਕਰਨ ਲਈ ਭੇਜ ਦਿੱਤਾ ਗਿਆ ਤਾਂਕਿ ਅਸੀਂ ਇਕ-ਦੂਜੇ ਨਾਲ ਸੰਗਤ ਨਾ ਕਰ ਸਕੀਏ।

ਅਗਸਤ 1982 ਵਿਚ ਮੈਨੂੰ ਤੇ ਐਡੁਆਰਟ ਨਾਂ ਦੇ ਗਵਾਹ ਨੂੰ ਬਾਕੀ ਕੁਝ ਕੈਦੀਆਂ ਨਾਲ ਉੱਤਰੀ ਯੁਰਾਲ ਦੇ ਪਹਾੜੀ ਇਲਾਕੇ ਵਿਚ ਭੇਜਿਆ ਗਿਆ। ਉੱਥੇ ਪਹੁੰਚਣ ਲਈ ਟ੍ਰੇਨ ਵਿਚ ਅੱਠ ਦਿਨ ਲੱਗੇ। ਟ੍ਰੇਨ ਦੇ ਬੰਦ ਡੱਬੇ ਵਿਚ ਬਹੁਤ ਗਰਮੀ ਸੀ ਤੇ ਹਿਲਣ-ਜੁਲਣ ਲਈ ਵੀ ਜ਼ਿਆਦਾ ਥਾਂ ਨਹੀਂ ਸੀ। ਅਖ਼ੀਰ ਅਸੀਂ ਪਰਮਸਕਾਯਾ ਜ਼ਿਲ੍ਹੇ ਵਿਚ ਸੌਲਯਿਕਾਮਸਕ ਜੇਲ੍ਹ ਪਹੁੰਚੇ। ਮੈਨੂੰ ਤੇ ਐਡੁਆਰਟ ਨੂੰ ਜੇਲ੍ਹ ਦੀਆਂ ਵੱਖ-ਵੱਖ ਕੋਠੜੀਆਂ ਵਿਚ ਬੰਦ ਕੀਤਾ ਗਿਆ। ਦੋ ਹਫ਼ਤਿਆਂ ਬਾਅਦ ਮੈਨੂੰ ਉੱਤਰ ਵੱਲ ਕ੍ਰਾਸਨੋਵਿਸ਼ਰਸਕੀ ਇਲਾਕੇ ਵਿਚ ਵੋਲਸ ਪਿੰਡ ਲੈ ਜਾਇਆ ਗਿਆ।

ਅਸੀਂ ਉੱਥੇ ਅੱਧੀ ਰਾਤ ਨੂੰ ਪਹੁੰਚੇ। ਚਾਰੇ ਪਾਸੇ ਘੁੱਪ ਹਨੇਰਾ ਸੀ। ਫਿਰ ਵੀ ਇਕ ਅਫ਼ਸਰ ਨੇ ਸਾਨੂੰ ਕਿਸ਼ਤੀ ਵਿਚ ਚੜ੍ਹ ਕੇ ਨਦੀ ਪਾਰ ਕਰਨ ਦਾ ਹੁਕਮ ਦਿੱਤਾ। ਸਾਨੂੰ ਨਾ ਨਦੀ ਦਿੱਸਦੀ ਸੀ ਤੇ ਨਾ ਹੀ ਕਿਸ਼ਤੀ! ਫਿਰ ਵੀ, ਅਸੀਂ ਟਟੋਲਦੇ ਹੋਏ ਕਿਸ਼ਤੀ ਵਿਚ ਬੈਠ ਗਏ ਤੇ ਡਰਦੇ-ਡਰਦੇ ਨਦੀ ਪਾਰ ਕੀਤੀ। ਕਿਨਾਰੇ ਤੇ ਪਹੁੰਚ ਕੇ ਅਸੀਂ ਇਕ ਪਹਾੜੀ ਵੱਲ ਤੁਰ ਪਏ ਜਿੱਥੇ ਚਾਨਣ ਸੀ। ਉੱਥੇ ਕੁਝ ਤੰਬੂ ਲੱਗੇ ਹੋਏ ਸਨ। ਇਹ ਸਾਡੇ ਰਹਿਣ ਦੀ ਨਵੀਂ ਜਗ੍ਹਾ ਸੀ। ਮੈਂ 30 ਕੈਦੀਆਂ ਨਾਲ ਇਕ ਵੱਡੇ ਤੰਬੂ ਵਿਚ ਰਿਹਾ। ਸਰਦੀਆਂ ਵਿਚ ਤਾਪਮਾਨ ਸਿਫ਼ਰ ਤੋਂ 40 ਡਿਗਰੀ ਸੈਲਸੀਅਸ ਤਕ ਡਿੱਗ ਜਾਂਦਾ ਸੀ ਅਤੇ ਤੰਬੂ ਵਿਚ ਸਾਨੂੰ ਠੰਢ ਤੋਂ ਬਹੁਤਾ ਨਿੱਘ ਨਹੀਂ ਮਿਲਦਾ ਸੀ। ਜ਼ਿਆਦਾਤਰ ਕੈਦੀਆਂ ਨੂੰ ਦਰਖ਼ਤ ਵੱਢਣ ਦਾ ਕੰਮ ਦਿੱਤਾ ਗਿਆ, ਪਰ ਮੇਰਾ ਕੰਮ ਕੈਦੀਆਂ ਲਈ ਝੌਂਪੜੀਆਂ ਬਣਾਉਣਾ ਸੀ।

ਦੂਰ-ਦੁਰਾਡੇ ਇਲਾਕੇ ਵਿਚ ਮੈਨੂੰ ਰੂਹਾਨੀ ਖ਼ੁਰਾਕ ਮਿਲੀ

ਮੈਂ ਉਸ ਕੈਂਪ ਵਿਚ ਇਕੱਲਾ ਗਵਾਹ ਸੀ, ਫਿਰ ਵੀ ਯਹੋਵਾਹ ਨੇ ਮੇਰਾ ਸਾਥ ਨਹੀਂ ਛੱਡਿਆ। ਇਕ ਦਿਨ ਪੱਛਮੀ ਯੂਕਰੇਨ ਤੋਂ ਮੇਰੇ ਮਾਤਾ ਜੀ ਨੇ ਮੈਨੂੰ ਇਕ ਪਾਰਸਲ ਘੱਲਿਆ। ਜਦ ਸਿਪਾਹੀ ਨੇ ਪਾਰਸਲ ਖੋਲ੍ਹਿਆ, ਤਾਂ ਉਸ ਦੀ ਨਜ਼ਰ ਇਕ ਛੋਟੀ ਬਾਈਬਲ ਉੱਤੇ ਪਈ। ਉਸ ਨੂੰ ਚੁੱਕ ਕੇ ਉਹ ਪੰਨੇ ਫਰੋਲਣ ਲੱਗ ਪਿਆ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਮੈਂ ਕੀ ਕਹਾਂ ਤਾਂ ਜੋ ਇਹ ਖ਼ਜ਼ਾਨਾ ਜ਼ਬਤ ਨਾ ਹੋ ਜਾਵੇ ਜਦ ਸਿਪਾਹੀ ਨੇ ਰੁੱਖੇ ਅੰਦਾਜ਼ ਨਾਲ ਪੁੱਛਿਆ: “ਇਹ ਕੀ ਹੈ?” ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਕੋਲ ਖੜ੍ਹੇ ਇਕ ਇਨਸਪੈਕਟਰ ਨੇ ਕਿਹਾ: “ਓਹ, ਇਹ ਸ਼ਬਦ-ਕੋਸ਼ ਹੈ।” ਮੈਂ ਕੁਝ ਨਹੀਂ ਬੋਲਿਆ। (ਉਪਦੇਸ਼ਕ ਦੀ ਪੋਥੀ 3:7) ਇਨਸਪੈਕਟਰ ਨੇ ਪਾਰਸਲ ਵਿਚ ਬਾਕੀ ਚੀਜ਼ਾਂ ਦੇਖੀਆਂ ਤੇ ਬਾਈਬਲ ਸਮੇਤ ਸਭ ਕੁਝ ਮੇਰੇ ਹਵਾਲੇ ਕਰ ਦਿੱਤਾ। ਮੈਂ ਇੰਨਾ ਖ਼ੁਸ਼ ਸੀ ਕਿ ਮੈਂ ਉਸ ਨੂੰ ਪਾਰਸਲ ਵਿੱਚੋਂ ਕੁਝ ਗਿਰੀਆਂ ਦਿੱਤੀਆਂ। ਪਾਰਸਲ ਮਿਲਣ ਤੇ ਮੈਨੂੰ ਪਤਾ ਲੱਗ ਗਿਆ ਕਿ ਯਹੋਵਾਹ ਮੈਨੂੰ ਭੁੱਲਿਆ ਨਹੀਂ ਸੀ। ਉਸ ਨੇ ਹੱਥ ਖੋਲ੍ਹ ਕੇ ਮੇਰੀਆਂ ਰੂਹਾਨੀ ਲੋੜਾਂ ਪੂਰੀਆਂ ਕੀਤੀਆਂ ਸਨ।—ਇਬਰਾਨੀਆਂ 13:5.

ਮੈਂ ਪ੍ਰਚਾਰ ਕਰਨਾ ਨਹੀਂ ਛੱਡਿਆ

ਕੁਝ ਮਹੀਨੇ ਬਾਅਦ ਮੈਂ ਇਕ ਭਰਾ ਦੀ ਚਿੱਠੀ ਪਾ ਕੇ ਬਹੁਤ ਹੈਰਾਨ ਹੋਇਆ ਜੋ ਲਗਭਗ 400 ਕਿਲੋਮੀਟਰ ਦੂਰ ਇਕ ਜੇਲ੍ਹ ਵਿਚ ਬੰਦ ਸੀ। ਉਸ ਨੇ ਮੈਨੂੰ ਇਕ ਬੰਦੇ ਦੀ ਮਦਦ ਕਰਨ ਲਈ ਕਿਹਾ ਜੋ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦਾ ਸੀ ਤੇ ਸ਼ਾਇਦ ਹੁਣ ਮੇਰੇ ਕੈਂਪ ਵਿਚ ਸੀ। ਖੁੱਲ੍ਹਮ-ਖੁੱਲ੍ਹੇ ਅਜਿਹੀ ਚਿੱਠੀ ਲਿਖਣੀ ਠੀਕ ਨਹੀਂ ਸੀ ਕਿਉਂਕਿ ਸਾਡੀਆਂ ਸਾਰੀਆਂ ਚਿੱਠੀਆਂ ਪਹਿਲਾਂ ਪੜ੍ਹੀਆਂ ਜਾਂਦੀਆਂ ਸਨ। ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਇਕ ਅਫ਼ਸਰ ਨੇ ਮੈਨੂੰ ਆਪਣੇ ਦਫ਼ਤਰ ਵਿਚ ਬੁਲਾ ਕੇ ਸਖ਼ਤ ਚੇਤਾਵਨੀ ਦਿੱਤੀ ਕਿ ਮੈਂ ਪ੍ਰਚਾਰ ਨਾ ਕਰਾਂ। ਫਿਰ ਉਸ ਨੇ ਮੈਨੂੰ ਇਕ ਦਸਤਾਵੇਜ਼ ਉੱਤੇ ਦਸਤਖਤ ਕਰਨ ਲਈ ਕਿਹਾ ਕਿ ਮੈਂ ਦੂਸਰਿਆਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਨਹੀਂ ਕਰਾਂਗਾ। ਮੈਂ ਕਿਹਾ: ‘ਮੈਂ ਦਸਤਖਤ ਨਹੀਂ ਕਰ ਸਕਦਾ ਕਿਉਂਕਿ ਸਾਰੇ ਜਾਣਦੇ ਹਨ ਕਿ ਮੈਂ ਯਹੋਵਾਹ ਦਾ ਗਵਾਹ ਹਾਂ। ਦੂਸਰੇ ਕੈਦੀ ਪੁੱਛਦੇ ਹਨ ਕਿ ਮੈਂ ਕੈਦ ਵਿਚ ਕਿਉਂ ਹਾਂ। ਮੈਂ ਉਨ੍ਹਾਂ ਨੂੰ ਕੀ ਜਵਾਬ ਦਿਆਂ?’ (ਰਸੂਲਾਂ ਦੇ ਕਰਤੱਬ 4:20) ਅਫ਼ਸਰ ਨੂੰ ਪਤਾ ਲੱਗ ਗਿਆ ਕਿ ਉਹ ਮੈਨੂੰ ਡਰਾ-ਧਮਕਾ ਨਹੀਂ ਸਕਦਾ, ਇਸ ਲਈ ਉਸ ਨੇ ਮੈਨੂੰ ਹੋਰ ਕੈਂਪ ਵਿਚ ਭੇਜਣ ਦਾ ਫ਼ੈਸਲਾ ਕੀਤਾ।

ਮੈਨੂੰ 200 ਕਿਲੋਮੀਟਰ ਦੂਰ ਵਾਯਾ ਪਿੰਡ ਭੇਜਿਆ ਗਿਆ। ਉੱਥੇ ਅਫ਼ਸਰਾਂ ਨੇ ਮੇਰੇ ਧਾਰਮਿਕ ਵਿਸ਼ਵਾਸਾਂ ਦੀ ਕਦਰ ਕੀਤੀ ਤੇ ਮੈਨੂੰ ਗ਼ੈਰ-ਸੈਨਿਕ ਕੰਮ ਦਿੱਤਾ। ਮੈਂ ਪਹਿਲਾਂ ਤਰਖਾਣ ਦਾ ਕੰਮ ਕੀਤਾ, ਫਿਰ ਬਿਜਲੀ ਦਾ। ਪਰ ਇਨ੍ਹਾਂ ਕੰਮਾਂ ਵਿਚ ਵੀ ਮੈਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਇਕ ਵਾਰ ਮੈਨੂੰ ਪਿੰਡ ਦੇ ਕਲੱਬ ਵਿਚ ਭੇਜਿਆ ਗਿਆ। ਜਦ ਮੈਂ ਪਹੁੰਚਿਆ, ਤਾਂ ਫ਼ੌਜੀ ਮੈਨੂੰ ਦੇਖ ਕੇ ਬਹੁਤ ਖ਼ੁਸ਼ ਹੋਏ। ਕਲੱਬ ਦੇ ਹਾਲ ਵਿਚ ਕਈ ਮਿਲਟਰੀ ਚਿੰਨ੍ਹ ਪਏ ਸਨ ਤੇ ਉਨ੍ਹਾਂ ਦੇ ਆਲੇ-ਦੁਆਲੇ ਲਾਈਆਂ ਬੱਤੀਆਂ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਸਨ। ਉਹ ਸਾਲਾਨਾ ਫ਼ੌਜੀ ਦਿਵਸ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ। ਉਹ ਚਾਹੁੰਦੇ ਸਨ ਕਿ ਮੈਂ ਬੱਤੀਆਂ ਨੂੰ ਠੀਕ ਕਰਾਂ। ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਸੀ। ਮੈਂ ਆਪਣੇ ਸੰਦ ਉਨ੍ਹਾਂ ਨੂੰ ਦੇ ਕੇ ਵਾਪਸ ਆ ਗਿਆ। ਉਨ੍ਹਾਂ ਨੇ ਡਿਪਟੀ ਡਾਇਰੈਕਟਰ ਨੂੰ ਮੇਰੀ ਸ਼ਿਕਾਇਤ ਕਰ ਦਿੱਤੀ, ਪਰ ਪੂਰੀ ਗੱਲ ਸੁਣਨ ਤੋਂ ਬਾਅਦ ਉਸ ਨੇ ਕਿਹਾ: “ਇਹ ਬੰਦਾ ਵਾਕਈ ਆਦਰ ਦੇ ਯੋਗ ਹੈ। ਉਹ ਆਪਣੇ ਅਸੂਲਾਂ ਦਾ ਪੱਕਾ ਹੈ।”

ਇਕ ਫ਼ੌਜੀ ਅਫ਼ਸਰ ਨੇ ਮੇਰੀ ਪ੍ਰਸ਼ੰਸਾ ਕੀਤੀ

ਪੂਰੇ ਤਿੰਨ ਸਾਲ ਕੈਦ ਕੱਟਣ ਤੋਂ ਬਾਅਦ 8 ਜੂਨ 1984 ਨੂੰ ਮੈਨੂੰ ਰਿਹਾ ਕੀਤਾ ਗਿਆ। ਯੂਕਰੇਨ ਵਾਪਸ ਜਾ ਕੇ ਮੈਂ ਮਿਲਿਸ਼ੀਆ ਨੂੰ ਦੱਸਣਾ ਸੀ ਕਿ ਮੈਂ ਇਕ ਕੈਦੀ ਰਹਿ ਚੁੱਕਾ ਸੀ। ਅਫ਼ਸਰਾਂ ਨੇ ਮੈਨੂੰ ਕਿਹਾ ਕਿ ਛੇ ਮਹੀਨਿਆਂ ਵਿਚ ਮੈਨੂੰ ਫਿਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਇਸ ਲਈ ਇਹ ਇਲਾਕਾ ਛੱਡ ਕੇ ਜਾਣਾ ਮੇਰੇ ਲਈ ਬਿਹਤਰ ਹੋਵੇਗਾ। ਸੋ ਮੈਂ ਯੂਕਰੇਨ ਛੱਡ ਕੇ ਲਾਤਵੀਆ ਵਿਚ ਕੰਮ ਕਰਨ ਲੱਗ ਪਿਆ। ਕੁਝ ਸਮੇਂ ਲਈ ਮੈਂ ਲਾਤਵੀਆ ਦੀ ਰਾਜਧਾਨੀ ਰੀਗਾ ਵਿਚ ਪ੍ਰਚਾਰ ਕਰਨ ਤੇ ਇਸ ਦੇ ਲਾਗਲੇ ਇਲਾਕਿਆਂ ਵਿਚ ਰਹਿਣ ਵਾਲੇ ਗਵਾਹਾਂ ਦੀ ਸੰਗਤ ਦਾ ਆਨੰਦ ਮਾਣਿਆ। ਪਰ ਸਿਰਫ਼ ਇਕ ਸਾਲ ਬਾਅਦ ਮੈਨੂੰ ਦੁਬਾਰਾ ਫ਼ੌਜ ਵਿਚ ਭਰਤੀ ਹੋਣ ਦਾ ਹੁਕਮ ਮਿਲਿਆ। ਭਰਤੀ ਕਰਨ ਦੇ ਦਫ਼ਤਰ ਵਿਚ ਮੈਂ ਇਕ ਅਫ਼ਸਰ ਨੂੰ ਦੱਸਿਆ ਕਿ ਮੈਂ ਪਹਿਲਾਂ ਵੀ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਚੁੱਕਾ ਸੀ। ਉਹ ਗੁੱਸੇ ਵਿਚ ਚਿਲਾਇਆ: “ਤੈਨੂੰ ਪਤਾ ਕਿ ਤੂੰ ਕੀ ਕਰ ਰਿਹਾਂ? ਚੱਲ, ਮੈਂ ਦੇਖਦਾਂ ਕਿ ਤੂੰ ਲੈਫਟੀਨੈਂਟ ਕਰਨਲ ਨੂੰ ਕੀ ਜਵਾਬ ਦਿੰਦਾ ਹੈਂ!”

ਉਹ ਮੈਨੂੰ ਦੂਜੀ ਮੰਜ਼ਲ ਤੇ ਇਕ ਕਮਰੇ ਵਿਚ ਲੈ ਗਿਆ ਜਿੱਥੇ ਲੈਫਟੀਨੈਂਟ ਕਰਨਲ ਬੈਠਾ ਸੀ। ਧਿਆਨ ਨਾਲ ਮੇਰੀ ਗੱਲ ਸੁਣਨ ਤੋਂ ਬਾਅਦ ਉਸ ਨੇ ਕਿਹਾ: ‘ਅਜੇ ਵੀ ਵਕਤ ਹੈ। ਸੈਨਿਕ ਕਮੇਟੀ ਅੱਗੇ ਪੇਸ਼ ਹੋਣ ਤੋਂ ਪਹਿਲਾਂ ਤੂੰ ਆਪਣਾ ਫ਼ੈਸਲਾ ਬਦਲ ਸਕਦਾ ਹੈਂ।’ ਜਦ ਅਸੀਂ ਦਫ਼ਤਰ ਵਿੱਚੋਂ ਬਾਹਰ ਨਿਕਲੇ, ਤਾਂ ਜਿਸ ਅਫ਼ਸਰ ਨੇ ਮੈਨੂੰ ਪਹਿਲਾਂ ਝਿੜਕਿਆ ਸੀ, ਉਸ ਨੇ ਕਿਹਾ: “ਹੁਣ ਮੈਨੂੰ ਤੇਰੀ ਨਿਹਚਾ ਦਾ ਯਕੀਨ ਹੋ ਗਿਆ!” ਬਾਅਦ ਵਿਚ ਮੈਂ ਸੈਨਿਕ ਕਮੇਟੀ ਨੂੰ ਵੀ ਸਾਫ਼-ਸਾਫ਼ ਦੱਸਿਆ ਕਿ ਮੈਂ ਫ਼ੌਜ ਵਿਚ ਭਰਤੀ ਕਿਉਂ ਨਹੀਂ ਹੋ ਸਕਦਾ ਸੀ। ਮੇਰੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੇ ਕੁਝ ਸਮੇਂ ਲਈ ਮੈਨੂੰ ਜਾਣ ਦਿੱਤਾ।

ਉਸ ਵਕਤ ਮੈਂ ਇਕ ਹੋਸਟਲ ਵਿਚ ਰਹਿ ਰਿਹਾ ਸੀ। ਇਕ ਸ਼ਾਮ ਕਿਸੇ ਨੇ ਹੌਲੀ ਜਿਹੀ ਮੇਰਾ ਦਰਵਾਜ਼ਾ ਖੜਕਾਇਆ। ਜਦ ਮੈਂ ਦਰਵਾਜ਼ਾ ਖੋਲ੍ਹਿਆ, ਤਾਂ ਸੂਟ-ਬੂਟ ਪਹਿਨੇ ਇਕ ਆਦਮੀ ਖੜ੍ਹਾ ਸੀ ਤੇ ਉਸ ਦੇ ਹੱਥ ਵਿਚ ਬਰੀਫ਼ਕੇਸ ਸੀ। ਉਸ ਨੇ ਕਿਹਾ: “ਮੈਂ ਰੂਸ ਦੀ ਖ਼ੁਫੀਆ ਪੁਲਸ ਦਾ ਅਧਿਕਾਰੀ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹੋ ਅਤੇ ਅਦਾਲਤ ਵਿਚ ਤੁਹਾਡੇ ਕੇਸ ਦੀ ਸੁਣਵਾਈ ਹੋਣ ਵਾਲੀ ਹੈ।” “ਹਾਂਜੀ,” ਮੈਂ ਜਵਾਬ ਦਿੱਤਾ। ਉਸ ਨੇ ਅੱਗੇ ਕਿਹਾ: “ਜੇ ਤੁਸੀਂ ਸਾਡੇ ਲਈ ਕੰਮ ਕਰੋ, ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।” ਮੈਂ ਕਿਹਾ: “ਨਹੀਂ, ਇਹ ਹੋ ਨਹੀਂ ਸਕਦਾ। ਮੈਂ ਆਪਣੇ ਮਸੀਹੀ ਵਿਸ਼ਵਾਸਾਂ ਦਾ ਸਮਝੌਤਾ ਨਹੀਂ ਕਰ ਸਕਦਾ।” ਹੋਰ ਕੁਝ ਕਹੇ ਬਿਨਾਂ ਉਹ ਚੱਲਿਆ ਗਿਆ।

ਮੈਂ ਦੁਬਾਰਾ ਕੈਦ ਵਿਚ ਪ੍ਰਚਾਰ ਕੀਤਾ

ਰੀਗਾ ਦੀ ਕੌਮੀ ਅਦਾਲਤ ਨੇ 26 ਅਗਸਤ 1986 ਨੂੰ ਮੈਨੂੰ ਚਾਰ ਸਾਲ ਬਾਮੁਸ਼ੱਕਤ ਜੇਲ੍ਹ ਦੀ ਸਜ਼ਾ ਦਿੱਤੀ ਤੇ ਮੈਨੂੰ ਰੀਗਾ ਸੈਂਟਰਲ ਜੇਲ੍ਹ ਲੈ ਜਾਇਆ ਗਿਆ। ਮੈਨੂੰ 40 ਹੋਰ ਕੈਦੀਆਂ ਨਾਲ ਬੰਦ ਕੀਤਾ ਗਿਆ ਅਤੇ ਮੈਂ ਹਰੇਕ ਨੂੰ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਕਈਆਂ ਨੇ ਕਿਹਾ ਕਿ ਉਹ ਰੱਬ ਨੂੰ ਮੰਨਦੇ ਸਨ, ਦੂਸਰਿਆਂ ਨੇ ਮਜ਼ਾਕ ਉਡਾਇਆ। ਮੈਂ ਦੇਖਿਆ ਕਿ ਕੈਦੀਆਂ ਦੇ ਵੱਖ-ਵੱਖ ਗੁੱਟ ਸਨ। ਦੋ ਹਫ਼ਤਿਆਂ ਬਾਅਦ ਇਨ੍ਹਾਂ ਗੁੱਟਾਂ ਦੇ ਲੀਡਰਾਂ ਨੇ ਮੈਨੂੰ ਪ੍ਰਚਾਰ ਕਰਨ ਤੋਂ ਵਰਜਿਆ ਕਿਉਂਕਿ ਮੈਂ ਉਨ੍ਹਾਂ ਦੇ ਅਸੂਲਾਂ ਤੇ ਨਹੀਂ ਚੱਲਦਾ ਸੀ। ਮੈਂ ਸਮਝਾਇਆ ਕਿ ਮੈਨੂੰ ਇਸੇ ਲਈ ਕੈਦ ਕੀਤਾ ਗਿਆ ਸੀ ਕਿਉਂਕਿ ਮੈਂ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਜੀਉਂਦਾ ਹਾਂ।

ਮੈਂ ਸਾਵਧਾਨੀ ਨਾਲ ਪ੍ਰਚਾਰ ਕਰਦਾ ਰਿਹਾ ਅਤੇ ਮੈਂ ਚਾਰ ਜਣਿਆਂ ਨਾਲ ਬਾਈਬਲ ਦਾ ਅਧਿਐਨ ਕਰ ਸਕਿਆ ਜੋ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਲੈਂਦੇ ਸਨ। ਅਧਿਐਨ ਕਰਦੇ ਵਕਤ ਉਹ ਬਾਈਬਲ ਦੀਆਂ ਖ਼ਾਸ ਸਿੱਖਿਆਵਾਂ ਕਾਪੀ ਵਿਚ ਲਿਖ ਲੈਂਦੇ ਸਨ। ਕੁਝ ਮਹੀਨਿਆਂ ਬਾਅਦ ਮੈਨੂੰ ਵਲਮੀਰਾ ਸ਼ਹਿਰ ਵਿਚ ਭਾਰੀ ਸੁਰੱਖਿਆ ਵਾਲੇ ਕੈਂਪ ਵਿਚ ਭੇਜਿਆ ਗਿਆ ਜਿੱਥੇ ਮੈਂ ਬਿਜਲੀ ਦਾ ਕੰਮ ਕੀਤਾ। ਉੱਥੇ ਮੈਂ ਇਕ ਆਦਮੀ ਨਾਲ ਬਾਈਬਲ ਦਾ ਅਧਿਐਨ ਕੀਤਾ ਜੋ ਮੇਰੇ ਨਾਲ ਬਿਜਲੀ ਦਾ ਕੰਮ ਕਰਦਾ ਸੀ। ਚਾਰ ਸਾਲ ਬਾਅਦ ਉਹ ਯਹੋਵਾਹ ਦਾ ਗਵਾਹ ਬਣ ਗਿਆ।

ਫਿਰ 24 ਮਾਰਚ 1988 ਵਿਚ ਮੈਨੂੰ ਇਸ ਭਾਰੀ ਸੁਰੱਖਿਆ ਵਾਲੇ ਕੈਂਪ ਤੋਂ ਇਕ ਹੋਰ ਕੈਂਪ ਭੇਜ ਦਿੱਤਾ ਗਿਆ। ਇਹ ਮੇਰੇ ਲਈ ਇਕ ਬਰਕਤ ਸਾਬਤ ਹੋਈ ਕਿਉਂਕਿ ਉੱਥੇ ਮੈਨੂੰ ਜ਼ਿਆਦਾ ਆਜ਼ਾਦੀ ਮਿਲੀ। ਮੈਂ ਕੈਂਪ ਤੋਂ ਬਾਹਰ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਮੈਂ ਹਮੇਸ਼ਾ ਪ੍ਰਚਾਰ ਕਰਨ ਦੇ ਮੌਕੇ ਭਾਲਦਾ ਰਹਿੰਦਾ ਸੀ। ਕਈ ਵਾਰ ਮੈਂ ਪੂਰਾ-ਪੂਰਾ ਦਿਨ ਕੈਂਪ ਤੋਂ ਬਾਹਰ ਰਹਿੰਦਾ ਸੀ ਅਤੇ ਸ਼ਾਮ ਤਕ ਪ੍ਰਚਾਰ ਕਰਦਾ ਰਹਿੰਦਾ ਸੀ। ਪਰ ਦੇਰ ਨਾਲ ਕੈਂਪ ਵਾਪਸ ਆਉਣ ਤੇ ਕੋਈ ਮੈਨੂੰ ਕੁਝ ਨਹੀਂ ਕਹਿੰਦਾ ਸੀ।

ਯਹੋਵਾਹ ਨੇ ਮੇਰੀ ਮਿਹਨਤ ਤੇ ਬਰਕਤ ਪਾਈ। ਇਸ ਇਲਾਕੇ ਵਿਚ ਕੁਝ ਗਵਾਹ ਰਹਿੰਦੇ ਸਨ, ਪਰ ਜਿਸ ਸ਼ਹਿਰ ਵਿਚ ਮੇਰਾ ਕੈਂਪ ਸੀ ਉੱਥੇ ਸਿਰਫ਼ ਇਕ ਬਿਰਧ ਭੈਣ ਰਹਿੰਦੀ ਸੀ ਜਿਸ ਦਾ ਨਾਂ ਵਿਲਮਾ ਕਰੂਮਿਨਯਾ ਸੀ। ਮੈਂ ਤੇ ਭੈਣ ਕਰੂਮਿਨਯਾ ਨੇ ਕਈ ਨੌਜਵਾਨਾਂ ਨਾਲ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਕਦੀ-ਕਦੀ ਰੀਗਾ ਤੋਂ ਭੈਣ-ਭਰਾ ਆਣ ਕੇ ਸਾਡੇ ਨਾਲ ਪ੍ਰਚਾਰ ਕਰਦੇ ਸਨ। ਕੁਝ ਪਾਇਨੀਅਰ ਲੈਨਿਨਗ੍ਰਾਡ (ਹੁਣ ਸੇਂਟ ਪੀਟਰਸਬਰਗ) ਤੋਂ ਵੀ ਆਉਂਦੇ ਸਨ। ਯਹੋਵਾਹ ਦੀ ਬਰਕਤ ਨਾਲ ਅਸੀਂ ਕਈ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਅਤੇ ਮੈਂ ਵੀ ਪਾਇਨੀਅਰ ਬਣ ਕੇ ਹਰ ਮਹੀਨੇ 90 ਘੰਟੇ ਪ੍ਰਚਾਰ ਕਰਨ ਲੱਗ ਪਿਆ।

ਅਦਾਲਤ ਵਿਚ ਮੇਰੇ ਕੇਸ ਦੀ ਸੁਣਵਾਈ ਵਲਮੀਰਾ ਸ਼ਹਿਰ ਵਿਚ 7 ਅਪ੍ਰੈਲ 1990 ਨੂੰ ਹੋਈ। ਅਦਾਲਤ ਵਿਚ ਮੈਂ ਸਰਕਾਰੀ ਵਕੀਲ ਨੂੰ ਪਛਾਣ ਲਿਆ। ਮੈਂ ਪਹਿਲਾਂ ਉਸ ਨਾਲ ਬਾਈਬਲ ਬਾਰੇ ਗੱਲਾਂ ਕੀਤੀਆਂ ਸਨ! ਉਸ ਨੇ ਵੀ ਮੈਨੂੰ ਪਛਾਣ ਲਿਆ। ਉਹ ਮੈਨੂੰ ਦੇਖ ਕੇ ਮੁਸਕਰਾਇਆ, ਪਰ ਕੁਝ ਨਾ ਬੋਲਿਆ। ਉਸ ਦਿਨ ਜੱਜ ਨੇ ਮੈਨੂੰ ਕਿਹਾ: “ਯੂਰੀ, ਚਾਰ ਸਾਲ ਪਹਿਲਾਂ ਤੈਨੂੰ ਕੈਦ ਕਰਨ ਦਾ ਜੋ ਫ਼ੈਸਲਾ ਕੀਤਾ ਗਿਆ ਸੀ ਉਹ ਗ਼ੈਰ-ਕਾਨੂੰਨੀ ਤੇ ਗ਼ਲਤ ਸੀ। ਤੈਨੂੰ ਇਹ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਸੀ।” ਮੈਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਮੈਂ ਹੁਣ ਆਜ਼ਾਦ ਸੀ!

ਮਸੀਹ ਦਾ ਸਿਪਾਹੀ

ਜੂਨ 1990 ਵਿਚ ਰੀਗਾ ਵਿਚ ਰਹਿਣ ਦਾ ਪਰਮਿਟ ਲੈਣ ਲਈ ਮੈਨੂੰ ਉਸੇ ਦਫ਼ਤਰ ਜਾਣਾ ਪਿਆ ਜਿੱਥੇ ਚਾਰ ਸਾਲ ਪਹਿਲਾਂ ਮੇਰੀ ਮੁਲਾਕਾਤ ਲੈਫਟੀਨੈਂਟ ਕਰਨਲ ਨਾਲ ਹੋਈ ਸੀ। ਇਸ ਵਾਰ ਉਸੇ ਕਰਨਲ ਨੇ ਉੱਠ ਕੇ ਮੇਰੇ ਨਾਲ ਹੱਥ ਮਿਲਾਇਆ ਤੇ ਕਿਹਾ: “ਬੜੀ ਸ਼ਰਮ ਦੀ ਗੱਲ ਹੈ ਕਿ ਤੈਨੂੰ ਇੰਨਾ ਕੁਝ ਸਹਿਣਾ ਪਿਆ। ਮੈਨੂੰ ਦੁੱਖ ਹੈ ਕਿ ਤੇਰੇ ਨਾਲ ਬੇਇਨਸਾਫ਼ੀ ਹੋਈ।”

ਮੈਂ ਜਵਾਬ ਦਿੱਤਾ: “ਮੈਂ ਮਸੀਹ ਦਾ ਸਿਪਾਹੀ ਹਾਂ ਅਤੇ ਉਸ ਦਾ ਕੰਮ ਪੂਰਾ ਕਰਨ ਲਈ ਮੈਂ ਕੁਝ ਵੀ ਸਹਿਣ ਲਈ ਤਿਆਰ ਹਾਂ। ਬਾਈਬਲ ਦੀ ਮਦਦ ਨਾਲ ਤੁਸੀਂ ਵੀ ਉਨ੍ਹਾਂ ਬਰਕਤਾਂ ਦਾ ਆਨੰਦ ਮਾਣ ਸਕਦੇ ਹੋ ਜਿਨ੍ਹਾਂ ਦਾ ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ—ਖ਼ੁਸ਼ੀਆਂ ਭਰੀ ਅਨੰਤ ਜ਼ਿੰਦਗੀ।” (2 ਤਿਮੋਥਿਉਸ 2:3, 4) ਕਰਨਲ ਨੇ ਜਵਾਬ ਦਿੱਤਾ: “ਕੁਝ ਸਮਾਂ ਪਹਿਲਾਂ ਮੈਂ ਬਾਈਬਲ ਖ਼ਰੀਦ ਕੇ ਪੜ੍ਹਨੀ ਸ਼ੁਰੂ ਕੀਤੀ।” ਮੇਰੇ ਕੋਲ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਨਾਂ ਦੀ ਪੁਸਤਕ ਸੀ। * ਮੈਂ ਉਹ ਅਧਿਆਇ ਖੋਲ੍ਹ ਕੇ ਦਿਖਾਇਆ ਜਿਸ ਵਿਚ ਆਖ਼ਰੀ ਦਿਨਾਂ ਦੀਆਂ ਨਿਸ਼ਾਨੀਆਂ ਬਾਰੇ ਦੱਸਿਆ ਗਿਆ ਹੈ ਅਤੇ ਸਮਝਾਇਆ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਸਾਡੇ ਸਮੇਂ ਵਿਚ ਪੂਰੀਆਂ ਹੋ ਰਹੀਆਂ ਸਨ। ਕਰਨਲ ਨੇ ਫਿਰ ਮੇਰੇ ਨਾਲ ਹੱਥ ਮਿਲਾਉਂਦੇ ਹੋਏ ਮੇਰਾ ਧੰਨਵਾਦ ਕੀਤਾ ਅਤੇ ਮੈਨੂੰ ਪ੍ਰਚਾਰ ਕੰਮ ਵਿਚ ਸਫ਼ਲਤਾ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।

ਉਸ ਸਮੇਂ ਲਾਤਵੀਆ ਵਿਚ ਪ੍ਰਚਾਰ ਦਾ ਕੰਮ ਬਹੁਤ ਵਧ-ਫੁੱਲ ਰਿਹਾ ਸੀ। (ਯੂਹੰਨਾ 4:35) ਸਾਲ 1991 ਵਿਚ ਮੈਂ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਨ ਲੱਗ ਪਿਆ। ਪੂਰੇ ਦੇਸ਼ ਵਿਚ ਸਿਰਫ਼ ਦੋ ਬਜ਼ੁਰਗ ਸਨ! ਇਕ ਸਾਲ ਬਾਅਦ ਲਾਤਵੀਆ ਦੀ ਇੱਕੋ-ਇਕ ਕਲੀਸਿਯਾ ਦੀਆਂ ਦੋ ਕਲੀਸਿਯਾਵਾਂ ਬਣਾ ਦਿੱਤੀਆਂ ਗਈਆਂ—ਇਕ ਲੈਟਵੀਅਨ ਭਾਸ਼ਾ ਵਾਲੀ ਤੇ ਇਕ ਰੂਸੀ। ਮੈਨੂੰ ਰੂਸੀ ਕਲੀਸਿਯਾ ਵਿਚ ਸੇਵਾ ਕਰਨ ਦਾ ਸਨਮਾਨ ਮਿਲਿਆ। ਇਹ ਕਲੀਸਿਯਾ ਇੰਨੀ ਜਲਦੀ ਵਧੀ ਕਿ ਅਗਲੇ ਸਾਲ ਇਕ ਦੀ ਥਾਂ ਤਿੰਨ ਕਲੀਸਿਯਾਵਾਂ ਬਣ ਗਈਆਂ! ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਹੀ ਲੋਕਾਂ ਨੂੰ ਆਪਣੇ ਸੰਗਠਨ ਵਿਚ ਲਿਆ ਰਿਹਾ ਸੀ।

ਸਾਲ 1998 ਵਿਚ ਮੈਨੂੰ ਯੇਲਗਾਵਾ ਸ਼ਹਿਰ ਵਿਚ ਸਪੈਸ਼ਲ ਪਾਇਨੀਅਰ ਵਜੋਂ ਭੇਜਿਆ ਗਿਆ। ਇਹ ਸ਼ਹਿਰ ਰੀਗਾ ਦੇ ਦੱਖਣ-ਪੱਛਮ ਵੱਲ ਤਕਰੀਬਨ 40 ਕਿਲੋਮੀਟਰ ਦੂਰ ਹੈ। ਉਸੇ ਸਾਲ ਮੈਨੂੰ ਸੇਂਟ ਪੀਟਰਸਬਰਗ ਨੇੜੇ ਸੌਲਨੇਚਨੋਏ ਵਿਚ ਕੀਤੇ ਗਏ ਸੇਵਕਾਈ ਸਿਖਲਾਈ ਸਕੂਲ ਵਿਚ ਜਾਣ ਦਾ ਸੱਦਾ ਮਿਲਿਆ। ਮੈਂ ਲਾਤਵੀਆ ਵਿਚ ਪਹਿਲਾ ਭਰਾ ਸੀ ਜਿਸ ਨੂੰ ਇਹ ਸੱਦਾ ਮਿਲਿਆ। ਇਹ ਸਕੂਲ ਰੂਸੀ ਭਾਸ਼ਾ ਵਿਚ ਕੀਤਾ ਗਿਆ ਸੀ। ਇਸ ਸਕੂਲ ਵਿਚ ਮੈਂ ਸਿੱਖਿਆ ਕਿ ਪ੍ਰਚਾਰ ਵਿਚ ਸਫ਼ਲ ਹੋਣ ਲਈ ਲੋਕਾਂ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਸਕੂਲ ਵਿਚ ਸਿੱਖੀਆਂ ਗੱਲਾਂ ਤੋਂ ਵੀ ਜ਼ਿਆਦਾ ਇਸ ਗੱਲ ਨੇ ਮੇਰੇ ਦਿਲ ਨੂੰ ਛੋਹ ਲਿਆ ਕਿ ਬੈਥਲ ਪਰਿਵਾਰ ਅਤੇ ਸਕੂਲ ਦੇ ਇੰਸਟ੍ਰਕਟਰਾਂ ਨੇ ਸਾਡਾ ਬਹੁਤ ਧਿਆਨ ਰੱਖਿਆ ਤੇ ਸਾਨੂੰ ਬਹੁਤ ਪਿਆਰ ਕੀਤਾ।

ਮੇਰੀ ਜ਼ਿੰਦਗੀ ਦਾ ਇਕ ਹੋਰ ਅਹਿਮ ਸਾਲ 2001 ਸੀ ਜਦ ਮੈਂ ਕਾਰੀਨਾ ਨਾਂ ਦੀ ਮਸੀਹੀ ਭੈਣ ਨਾਲ ਵਿਆਹ ਕਰਾਇਆ। ਕਾਰੀਨਾ ਨੇ ਪਾਇਨੀਅਰ ਸੇਵਾ ਵਿਚ ਮੇਰਾ ਸਾਥ ਦਿੱਤਾ। ਹਰ ਦਿਨ ਜਦ ਉਹ ਪ੍ਰਚਾਰ ਕਰਨ ਤੋਂ ਬਾਅਦ ਘਰ ਆਉਂਦੀ ਹੈ, ਤਾਂ ਉਸ ਦੇ ਚਿਹਰੇ ਤੇ ਰੌਣਕ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਵਾਕਈ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਹੀ ਮਿਲਦੀ ਹੈ। ਕਮਿਊਨਿਸਟ ਹਕੂਮਤ ਅਧੀਨ ਮੇਰੇ ਕੌੜੇ ਤਜਰਬਿਆਂ ਨੇ ਮੈਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣਾ ਸਿਖਾਇਆ। ਜੇ ਅਸੀਂ ਯਹੋਵਾਹ ਦੀ ਦੋਸਤੀ ਚਾਹੁੰਦੇ ਹਾਂ ਅਤੇ ਉਸ ਦੀ ਹਕੂਮਤ ਦੇ ਅਧੀਨ ਰਹਿਣਾ ਚਾਹੁੰਦੇ ਹਾਂ, ਤਾਂ ਕੋਈ ਵੀ ਕੁਰਬਾਨੀ ਦੇਣੀ ਮਨਜ਼ੂਰ ਹੈ। ਦੂਸਰਿਆਂ ਨੂੰ ਯਹੋਵਾਹ ਬਾਰੇ ਸਿਖਾਉਣਾ ਮੇਰੀ ਜ਼ਿੰਦਗੀ ਦਾ ਮਕਸਦ ਹੈ। ‘ਮਸੀਹ ਯਿਸੂ ਦਾ ਚੰਗਾ ਸਿਪਾਹੀ’ ਹੋਣਾ ਮੇਰੇ ਲਈ ਵੱਡੇ ਮਾਣ ਦੀ ਗੱਲ ਹੈ।—2 ਤਿਮੋਥਿਉਸ 2:3.

[ਫੁਟਨੋਟ]

^ ਪੈਰਾ 29 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ ਪਰ ਹੁਣ ਛਾਪੀ ਨਹੀਂ ਜਾਂਦੀ।

[ਸਫ਼ੇ 10 ਉੱਤੇ ਤਸਵੀਰ]

ਮੈਨੂੰ ਚਾਰ ਸਾਲ ਮਜ਼ਦੂਰੀ ਕਰਨੀ ਪਈ ਤੇ ਰੀਗਾ ਸੈਂਟਰਲ ਜੇਲ੍ਹ ਵਿਚ ਕੈਦ ਕੀਤਾ ਗਿਆ

[ਸਫ਼ੇ 12 ਉੱਤੇ ਤਸਵੀਰ]

ਕਾਰੀਨਾ ਨਾਲ ਪ੍ਰਚਾਰ ਵਿਚ