Skip to content

Skip to table of contents

ਵਫ਼ਾਦਾਰੀ ਦੇ ਮਿੱਠੇ ਫਲ

ਵਫ਼ਾਦਾਰੀ ਦੇ ਮਿੱਠੇ ਫਲ

ਵਫ਼ਾਦਾਰੀ ਦੇ ਮਿੱਠੇ ਫਲ

ਵਫ਼ਾਦਾਰ ਇਨਸਾਨ ਜ਼ਿੰਦਗੀ ਭਰ ਦੁੱਖ-ਸੁਖ ਵਿਚ ਆਪਣੇ ਰਿਸ਼ਤੇਦਾਰਾਂ ਜਾਂ ਦੋਸਤ-ਮਿੱਤਰਾਂ ਦਾ ਸਾਥ ਨਿਭਾਉਂਦੇ ਰਹਿੰਦੇ ਹਨ। ਅਜਿਹੇ ਇਨਸਾਨਾਂ ਵਿਚ ਸੱਚਾਈ, ਸ਼ਰਧਾ ਅਤੇ ਲਗਨ ਵਰਗੇ ਗੁਣ ਹੁੰਦੇ ਹਨ, ਜੋ ਸਾਡੇ ਦਿਲ ਨੂੰ ਖ਼ੁਸ਼ ਕਰਦੇ ਹਨ।

ਪਰ ਸਵਾਲ ਇਹ ਹੈ ਕਿ ਕੀ ਅਸੀਂ ਵੀ ਦੂਸਰਿਆਂ ਦਾ ਸਾਥ ਨਿਭਾਉਂਦੇ ਹਾਂ ਤੇ ਉਨ੍ਹਾਂ ਨਾਲ ਪਿਆਰ ਕਰਦੇ ਹਾਂ? ਜੇ ਹਾਂ, ਤਾਂ ਸਾਨੂੰ ਕਿਨ੍ਹਾਂ ਲੋਕਾਂ ਨਾਲ ਅਜਿਹਾ ਪਿਆਰ ਜ਼ਾਹਰ ਕਰਨਾ ਚਾਹੀਦਾ ਹੈ?

ਵਫ਼ਾਦਾਰੀ—ਵਿਆਹੁਤਾ ਜੀਵਨ ਦੀ ਨੀਂਹ

ਇਹ ਬਹੁਤ ਜ਼ਰੂਰੀ ਹੈ ਕਿ ਪਤੀ-ਪਤਨੀ ਜ਼ਿੰਦਗੀ ਭਰ ਦੁੱਖ-ਸੁਖ ਵਿਚ ਇਕ-ਦੂਜੇ ਦਾ ਸਾਥ ਨਿਭਾਉਂਦੇ ਰਹਿਣ। ਅਫ਼ਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਘੱਟ ਹੀ ਕੀਤਾ ਜਾਂਦਾ ਹੈ। ਜਦ ਪਤੀ-ਪਤਨੀ ਵਿਆਹ ਦੀਆਂ ਕਸਮਾਂ ਵਫ਼ਾਦਾਰੀ ਅਤੇ ਪਿਆਰ ਨਾਲ ਨਿਭਾਉਂਦੇ ਹਨ, ਤਦ ਉਨ੍ਹਾਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਆਉਂਦੀ ਹੈ। ਇਸ ਦਾ ਕਾਰਨ ਹੈ ਕਿ ਹਰ ਇਨਸਾਨ ਨੂੰ ਪਿਆਰ ਕਰਨ ਅਤੇ ਪਿਆਰ ਪਾਉਣ ਦੀ ਲੋੜ ਹੈ। ਪਰਮੇਸ਼ੁਰ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ। ਜਦ ਪਰਮੇਸ਼ੁਰ ਨੇ ਅਦਨ ਦੇ ਬਾਗ਼ ਵਿਚ ਆਦਮ ਤੇ ਹੱਵਾਹ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹਿਆ ਸੀ, ਤਾਂ ਉਸ ਨੇ ਕਿਹਾ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” ਇਹ ਗੱਲ ਤੀਵੀਂ ਉੱਤੇ ਵੀ ਲਾਗੂ ਹੁੰਦੀ ਹੈ, ਉਸ ਨੇ ਵੀ ਆਪਣੇ ਪਤੀ ਦੇ ਨਾਲ ਮਿਲੀ ਰਹਿਣਾ ਸੀ। ਉਨ੍ਹਾਂ ਨੇ ਪਿਆਰ ਤੇ ਵਫ਼ਾ ਨਾਲ ਇਕ-ਦੂਜੇ ਦਾ ਸਾਥ ਨਿਭਾਉਣਾ ਸੀ।—ਉਤਪਤ 2:24; ਮੱਤੀ 19:3-9.

ਤੁਸੀਂ ਸ਼ਾਇਦ ਕਹੋ, ਇਹ ਤਾਂ ਹਜ਼ਾਰਾਂ ਸਾਲ ਪੁਰਾਣੀ ਗੱਲ ਹੈ। ਹਾਂ ਇਹ ਸੱਚ ਹੈ, ਪਰ ਕੀ ਇਸ ਦਾ ਇਹ ਮਤਲਬ ਹੈ ਕਿ ਅੱਜ-ਕੱਲ੍ਹ ਵਿਆਹੁਤਾ ਜ਼ਿੰਦਗੀ ਵਿਚ ਵਫ਼ਾਦਾਰ ਰਹਿਣਾ ਜ਼ਰੂਰੀ ਨਹੀਂ ਹੈ? ਬਿਲਕੁਲ ਨਹੀਂ। ਜਰਮਨੀ ਵਿਚ ਕੁਝ ਖੋਜਕਾਰਾਂ ਅਨੁਸਾਰ 80 ਪ੍ਰਤਿਸ਼ਤ ਲੋਕ ਵਿਆਹ-ਬੰਧਨ ਵਿਚ ਵਫ਼ਾਦਾਰੀ ਦਾ ਗੁਣ ਅਹਿਮ ਸਮਝਦੇ ਹਨ। ਇਕ ਹੋਰ ਸਰਵੇ ਇਹ ਦੇਖਣ ਲਈ ਕੀਤਾ ਗਿਆ ਸੀ ਕਿ ਤੀਵੀਂ-ਆਦਮੀ ਇਕ-ਦੂਜੇ ਵਿਚ ਕਿਹੜੇ ਖ਼ਾਸ ਗੁਣ ਦੇਖਣੇ ਚਾਹੁੰਦੇ ਹਨ। ਆਦਮੀਆਂ ਨੂੰ ਪੁੱਛਿਆ ਗਿਆ ਕਿ ਉਹ ਔਰਤਾਂ ਵਿਚ ਕਿਹੜੇ ਪੰਜ ਖ਼ਾਸ ਗੁਣ ਦੇਖਣੇ ਚਾਹੁੰਦੇ ਹਨ ਅਤੇ ਔਰਤਾਂ ਨੂੰ ਵੀ ਇਹੀ ਸਵਾਲ ਆਦਮੀਆਂ ਬਾਰੇ ਪੁੱਛਿਆ ਗਿਆ ਸੀ। ਦੋਹਾਂ ਧਿਰਾਂ ਨੇ ਵਫ਼ਾਦਾਰੀ ਦਾ ਗੁਣ ਜ਼ਰੂਰੀ ਸਮਝਿਆ।

ਵਾਕਈ, ਵਫ਼ਾ ਸਫ਼ਲ ਵਿਆਹੁਤਾ ਜ਼ਿੰਦਗੀ ਦੀ ਇਕ ਪੱਕੀ ਬੁਨਿਆਦ ਹੈ। ਪਰ ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਲੋਕ ਵਫ਼ਾ ਅਤੇ ਪਿਆਰ ਦੀਆਂ ਸਿਫ਼ਤਾਂ ਤਾਂ ਬਹੁਤ ਕਰਦੇ ਹਨ, ਪਰ ਇਹ ਗੁਣ ਘੱਟ ਹੀ ਜ਼ਾਹਰ ਕਰਦੇ ਹਨ। ਮਿਸਾਲ ਲਈ, ਕਈਆਂ ਦੇਸ਼ਾਂ ਵਿਚ ਤਲਾਕ ਦੀ ਵਧ ਰਹੀ ਦਰ ਤੋਂ ਜ਼ਾਹਰ ਹੁੰਦਾ ਹੈ ਕਿ ਅੱਜ-ਕੱਲ੍ਹ ਲੋਕ ਕਿੰਨੇ ਬੇਵਫ਼ਾ ਹਨ। ਤਾਂ ਫਿਰ, ਵਿਆਹੁਤਾ ਜੋੜੇ ਇਕ-ਦੂਸਰੇ ਨਾਲ ਕਿਵੇਂ ਮਿਲੇ ਰਹਿ ਸਕਦੇ ਹਨ?

ਵਫ਼ਾਦਾਰ ਰਹਿ ਕੇ ਵਿਆਹ ਦਾ ਬੰਧਨ ਬਰਕਰਾਰ ਰੱਖੋ

ਜਦ ਪਤੀ-ਪਤਨੀ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਦੇ ਮੌਕੇ ਭਾਲਦੇ ਹਨ, ਤਦ ਵਿਆਹੁਤਾ-ਬੰਧਨ ਹੋਰ ਵੀ ਮਜ਼ਬੂਤ ਹੁੰਦਾ ਹੈ। ਮਿਸਾਲ ਲਈ, ਇਕ-ਦੂਜੇ ਨਾਲ ਗੱਲ ਕਰਦੇ ਹੋਏ ਚੰਗਾ ਹੋਵੇਗਾ ਜੇ ਉਹ ‘ਮੇਰਾ ਘਰ,’ ‘ਮੇਰੇ ਬੱਚੇ’ ਜਾਂ ‘ਮੇਰੇ ਦੋਸਤ’ ਕਹਿਣ ਦੀ ਬਜਾਇ ‘ਸਾਡਾ ਘਰ’ ‘ਸਾਡੇ ਬੱਚੇ’ ਜਾਂ ‘ਸਾਡੇ ਦੋਸਤ’ ਵਰਗੇ ਸ਼ਬਦ ਵਰਤਣ। ਘਰ, ਨੌਕਰੀ, ਬੱਚਿਆਂ ਦੀ ਪਰਵਰਿਸ਼, ਮਨੋਰੰਜਨ, ਛੁੱਟੀਆਂ ਜਾਂ ਭਗਤੀ ਦੇ ਸੰਬੰਧ ਵਿਚ ਕੋਈ ਵੀ ਫ਼ੈਸਲਾ ਕਰਨ ਜਾਂ ਯੋਜਨਾ ਬਣਾਉਣ ਤੋਂ ਪਹਿਲਾਂ, ਚੰਗਾ ਹੋਵੇਗਾ ਜੇ ਉਹ ਇਕ-ਦੂਜੇ ਦੀ ਰਾਇ ਪੁੱਛਣ।—ਕਹਾਉਤਾਂ 11:14; 15:22.

ਵਫ਼ਾ ਉਦੋਂ ਵੀ ਜ਼ਾਹਰ ਹੁੰਦੀ ਹੈ ਜਦੋਂ ਪਤੀ-ਪਤਨੀ ਇਕ-ਦੂਜੇ ਨੂੰ ਅਹਿਸਾਸ ਦਿਲਾਉਂਦੇ ਹਨ ਕਿ ਉਨ੍ਹਾਂ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਜਦ ਪਤੀ ਜਾਂ ਪਤਨੀ ਕਿਸੇ ਗ਼ੈਰ-ਔਰਤ ਜਾਂ ਗ਼ੈਰ-ਮਰਦ ਨਾਲ ਜ਼ਿਆਦਾ ਖੁੱਲ੍ਹ-ਮਿਲ ਜਾਵੇ, ਤਾਂ ਸ਼ਾਇਦ ਦੂਸਰਾ ਸਾਥੀ ਮਹਿਫੂਜ਼ ਨਾ ਮਹਿਸੂਸ ਕਰੇ ਅਤੇ ਉਸ ਨੂੰ ਚਿੰਤਾ ਲੱਗ ਜਾਵੇ। ਬਾਈਬਲ ਮਰਦਾਂ ਨੂੰ ਇਹ ਸਲਾਹ ਦਿੰਦੀ ਹੈ ਕਿ “ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ।” ਪਤੀ ਨੂੰ ਆਪਣੇ ਦਿਲ ਵਿਚ ਕਿਸੇ ਹੋਰ ਔਰਤ ਨਾਲ ਪਿਆਰ ਦੀਆਂ ਪੀਂਘਾਂ ਨਹੀਂ ਝੂਟਣੀਆਂ ਚਾਹੀਦੀਆਂ। ਨਾ ਹੀ ਉਹ ਨੂੰ ਕਿਸੇ ਪਰਾਈ ਔਰਤ ਨਾਲ ਨਾਜਾਇਜ਼ ਸੰਬੰਧ ਕਾਇਮ ਕਰਨਾ ਚਾਹੀਦਾ ਹੈ। ਬਾਈਬਲ ਚੇਤਾਵਨੀ ਦਿੰਦੀ ਹੈ: “ਜਿਹੜਾ ਕਿਸੇ ਤੀਵੀਂ ਨਾਲ ਭੋਗ ਕਰਦਾ ਹੈ ਉਹ ਨਿਰਬੁੱਧ ਹੈ, ਜਿਹੜਾ ਇਹ ਕਰਦਾ ਹੈ, ਉਹ ਆਪਣੀ ਜਾਨ ਦਾ ਨਾਸ ਕਰਦਾ ਹੈ।” ਇਹ ਸਲਾਹ ਪਤਨੀ ਉੱਤੇ ਵੀ ਲਾਗੂ ਹੁੰਦੀ ਹੈ।—ਕਹਾਉਤਾਂ 5:18; 6:32.

ਕੀ ਵਿਆਹੁਤਾ ਜੀਵਨ ਵਿਚ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿਣ ਦਾ ਕੋਈ ਫ਼ਾਇਦਾ ਹੈ? ਹਾਂ ਬਿਲਕੁਲ! ਇਸ ਨਾਲ ਵਿਆਹੁਤਾ-ਬੰਧਨ ਮਜ਼ਬੂਤ ਹੁੰਦਾ ਹੈ ਅਤੇ ਪਤੀ-ਪਤਨੀ ਦੋਹਾਂ ਦਾ ਭਲਾ ਹੁੰਦਾ ਹੈ। ਮਿਸਾਲ ਲਈ, ਜਦ ਪਤੀ ਆਪਣੀ ਪਤਨੀ ਦੀ ਪਿਆਰ ਨਾਲ ਦੇਖ-ਭਾਲ ਕਰਦਾ ਹੈ, ਤਦ ਉਹ ਮਹਿਫੂਜ਼ ਮਹਿਸੂਸ ਕਰਦੀ ਹੈ ਅਤੇ ਉਸ ਨੂੰ ਚੰਗੇ ਗੁਣ ਪੈਦਾ ਕਰਨ ਦੀ ਪ੍ਰੇਰਣਾ ਮਿਲਦੀ ਹੈ। ਇਸ ਨਾਲ ਪਤੀ ਦਾ ਵੀ ਭਲਾ ਹੁੰਦਾ ਹੈ। ਜਦ ਉਹ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕਰਦਾ ਹੈ, ਤਦ ਉਸ ਨੂੰ ਜ਼ਿੰਦਗੀ ਦੇ ਹੋਰਨਾਂ ਗੱਲਾਂ ਵਿਚ ਪਰਮੇਸ਼ੁਰ ਦੇ ਸਿਧਾਂਤ ਲਾਗੂ ਕਰਨ ਦੀ ਵੀ ਪ੍ਰੇਰਣਾ ਮਿਲਦੀ ਹੈ।

ਜੇ ਪਤੀ-ਪਤਨੀ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ, ਤਾਂ ਉਹ ਆਪਣੇ ਗੂੜ੍ਹੇ ਪਿਆਰ ਕਰਕੇ ਇਕ-ਦੂਜੇ ਨੂੰ ਸਹਾਰਾ ਦੇਣਗੇ। ਪਰ ਜੇ ਵਿਆਹੁਤਾ-ਬੰਧਨ ਵਿਚ ਵਫ਼ਾ ਨਾ ਹੋਵੇ, ਤਾਂ ਅਕਸਰ ਮੁਸ਼ਕਲ ਹਾਲਾਤਾਂ ਦੌਰਾਨ ਅਲੱਗ ਰਹਿਣ ਜਾਂ ਤਲਾਕ ਲੈਣ ਦਾ ਝੱਟ ਹੀ ਫ਼ੈਸਲਾ ਕੀਤਾ ਜਾਂਦਾ ਹੈ। ਅਜਿਹਾ ਕਦਮ ਚੁੱਕਣ ਨਾਲ ਮੁਸ਼ਕਲਾਂ ਹੋਰ ਵੀ ਵਧ ਜਾਂਦੀਆਂ ਹਨ। ਫ਼ੈਸ਼ਨ ਦੇ ਇਕ ਮਸ਼ਹੂਰ ਸਲਾਹਕਾਰ ਦੀ ਗੱਲ ਲੈ ਲਓ, ਜਿਸ ਨੇ 1980 ਦੇ ਦਹਾਕੇ ਵਿਚ ਆਪਣੀ ਪਤਨੀ ਅਤੇ ਬੱਚਿਆਂ ਤੋਂ ਅਲੱਗ ਰਹਿਣ ਦਾ ਫ਼ੈਸਲਾ ਕੀਤਾ ਸੀ। ਕੀ ਉਹ ਆਪਣੇ ਪਰਿਵਾਰ ਤੋਂ ਅਲੱਗ ਰਹਿ ਕੇ ਖ਼ੁਸ਼ ਹੋਇਆ? ਬਿਲਕੁਲ ਨਹੀਂ। ਕੁਝ 20 ਸਾਲ ਬਾਅਦ ਉਸ ਨੇ ਸਵੀਕਾਰ ਕੀਤਾ ਕਿ ਅਲੱਗ ਰਹਿ ਕੇ “ਉਸ ਦਾ ਜੀਵਨ ਬਹੁਤ ਹੀ ਸੁੰਨਾ-ਸੁੰਨਾ ਹੋ ਗਿਆ ਸੀ। ਸਾਰੀ ਰਾਤ ਉਹ ਆਪਣੇ ਬੱਚਿਆਂ ਨੂੰ ਦੇਖਣ ਲਈ ਤਰਸਦਾ ਰਹਿੰਦਾ ਸੀ।”

ਮਾਪਿਆਂ ਤੇ ਬੱਚਿਆਂ ਵਿਚਕਾਰ ਪਿਆਰ

ਜਦ ਮਾਪੇ ਇਕ-ਦੂਜੇ ਪ੍ਰਤੀ ਆਪਣੀ ਜ਼ਿੰਮੇਵਾਰੀ ਵਫ਼ਾਦਾਰੀ ਨਾਲ ਨਿਭਾਉਂਦੇ ਹਨ, ਤਦ ਬੱਚੇ ਵੀ ਵਫ਼ਾ ਦਾ ਗੁਣ ਆਪਣੇ ਵਿਚ ਪੈਦਾ ਕਰਨਾ ਸਿੱਖਦੇ ਹਨ। ਫਿਰ ਜਦ ਉਹ ਵੱਡੇ ਹੋਣਗੇ, ਉਹ ਆਪਣੇ ਜੀਵਨ-ਸਾਥੀ ਨਾਲ ਪਿਆਰ ਅਤੇ ਵਫ਼ਾ ਨਾਲ ਪੇਸ਼ ਆਉਣਗੇ ਅਤੇ ਬਜ਼ੁਰਗ ਮਾਪਿਆਂ ਦਾ ਵੀ ਸਾਥ ਦਿੰਦੇ ਰਹਿਣਗੇ।—1 ਤਿਮੋਥਿਉਸ 5:4, 8.

ਇਹ ਵੀ ਹੋ ਸਕਦਾ ਹੈ ਕਿ ਮਾਪਿਆਂ ਦੇ ਬਜ਼ੁਰਗ ਹੋਣ ਤੋਂ ਪਹਿਲਾਂ ਸ਼ਾਇਦ ਬੱਚਾ ਬੀਮਾਰ ਹੋ ਜਾਵੇ ਅਤੇ ਉਸ ਦੀ ਦੇਖ-ਭਾਲ ਕਰਨੀ ਪਵੇ। ਹਰਬਰਟ ਅਤੇ ਉਸ ਦੀ ਪਤਨੀ ਗਰਟਰੂਟ ਨਾਲ ਇਸੇ ਤਰ੍ਹਾਂ ਹੋਇਆ ਸੀ। ਹਰਬਰਟ ਤੇ ਗਰਟਰੂਟ ਨੂੰ ਯਹੋਵਾਹ ਦੀ ਸੇਵਾ ਕਰਦਿਆਂ ਨੂੰ ਕੁਝ 40 ਸਾਲ ਹੋ ਚੁੱਕੇ ਹਨ। ਉਨ੍ਹਾਂ ਦੇ ਲੜਕੇ ਡੀਟਮਾਰ ਨੂੰ ਬਚਪਨ ਤੋਂ ਹੀ ਪੱਠਿਆਂ ਦਾ ਰੋਗ ਸੀ। ਹੌਲੀ-ਹੌਲੀ ਉਸ ਦੇ ਪੱਠੇ ਕਮਜ਼ੋਰ ਹੁੰਦੇ ਗਏ ਅਤੇ ਇਸ ਰੋਗ ਨੇ ਨਵੰਬਰ 2002 ਵਿਚ ਉਸ ਦੀ ਜਾਨ ਲੈ ਲਈ। ਪਰ ਡੀਟਮਾਰ ਦੇ ਮਾਪਿਆਂ ਨੇ ਸੱਤ ਸਾਲ ਉਸ ਦੀ ਦਿਨ-ਰਾਤ ਦੇਖ-ਭਾਲ ਕੀਤੀ। ਘਰ ਵਿਚ ਉਨ੍ਹਾਂ ਨੇ ਮਸ਼ੀਨਾਂ ਲਗਵਾਈਆਂ ਅਤੇ ਡੀਟਮਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਲਈ ਆਪ ਡਾਕਟਰੀ ਟ੍ਰੇਨਿੰਗ ਵੀ ਲਈ। ਵਾਕਈ ਮਾਪਿਆਂ ਲਈ ਪਿਆਰ ਅਤੇ ਵਫ਼ਾਦਾਰੀ ਨਾਲ ਜ਼ਿੰਮੇਵਾਰੀਆਂ ਨਿਭਾਉਣ ਦੀ ਬਹੁਤ ਵਧੀਆ ਮਿਸਾਲ!

ਦੋਸਤੀ ਨਿਭਾਉਣੀ

ਬਿਰਗਿਟ ਨਾਂ ਦੀ ਇਕ ਔਰਤ ਦਾ ਕਹਿਣਾ ਹੈ ਕਿ “ਇਨਸਾਨ ਜੀਵਨ-ਸਾਥੀ ਤੋਂ ਬਿਨਾਂ ਗੁਜ਼ਾਰਾ ਕਰ ਸਕਦਾ ਹੈ, ਪਰ ਦੋਸਤਾਂ ਤੋਂ ਬਿਨਾਂ ਨਹੀਂ।” ਸ਼ਾਇਦ ਤੁਸੀਂ ਵੀ ਇਸ ਔਰਤ ਦੀ ਗੱਲ ਨਾਲ ਸਹਿਮਤ ਹੋ। ਪਰ ਸੱਚ ਤਾਂ ਇਹ ਹੈ ਕਿ ਚਾਹੇ ਅਸੀਂ ਸ਼ਾਦੀ-ਸ਼ੁਦਾ ਜਾਂ ਕੁਆਰੇ ਹਾਂ, ਜਦ ਸਾਨੂੰ ਇਕ ਚੰਗਾ ਦੋਸਤ ਮਿਲਦਾ ਹੈ, ਤਾਂ ਸਾਡਾ ਦਿਲ ਬਹੁਤ ਖ਼ੁਸ਼ ਹੁੰਦਾ ਹੈ। ਜੇ ਅਸੀਂ ਸ਼ਾਦੀ-ਸ਼ੁਦਾ ਹਾਂ, ਤਾਂ ਸਾਡਾ ਸਭ ਤੋਂ ਜਿਗਰੀ ਦੋਸਤ ਸਾਡਾ ਜੀਵਨ-ਸਾਥੀ ਹੀ ਹੋਣਾ ਚਾਹੀਦਾ ਹੈ।

ਅਸੀਂ ਉਸ ਇਨਸਾਨ ਨੂੰ ਆਪਣਾ ਦੋਸਤ ਨਹੀਂ ਕਹਿ ਸਕਦੇ ਜਿਸ ਨਾਲ ਸਿਰਫ਼ ਸਾਡੀ ਜਾਣ-ਪਛਾਣ ਹੈ। ਸਾਡੀ ਵਾਕਫ਼ੀ ਤਾਂ ਬਹੁਤ ਲੋਕਾਂ ਨਾਲ ਹੁੰਦੀ ਹੈ ਜਿਵੇਂ ਕਿ ਗੁਆਂਢੀਆਂ ਨਾਲ, ਸਕੂਲੇ ਬੱਚਿਆਂ ਨਾਲ ਜਾਂ ਕੰਮ ਤੇ ਸਾਥੀਆਂ ਨਾਲ। ਪਰ ਸੱਚੀ ਦੋਸਤੀ ਕਾਇਮ ਕਰਨ ਲਈ ਸਮੇਂ ਤੇ ਤਾਕਤ ਦੀ ਲੋੜ ਵੀ ਹੁੰਦੀ ਹੈ ਤੇ ਨਾਲੇ ਇਸ ਵਿਚ ਇਕ-ਦੂਜੇ ਦੀ ਮਦਦ ਕਰਨੀ ਵੀ ਸ਼ਾਮਲ ਹੈ। ਕਿਸੇ ਦਾ ਦੋਸਤ ਕਹਿਲਾਉਣਾ ਬਹੁਤ ਵੱਡਾ ਸਨਮਾਨ ਹੁੰਦਾ ਹੈ। ਕਿਸੇ ਨਾਲ ਦੋਸਤੀ ਕਰਨ ਨਾਲ ਬਰਕਤਾਂ ਜ਼ਰੂਰ ਮਿਲਦੀਆਂ ਹਨ, ਪਰ ਇਸ ਨਾਲ ਜ਼ਿੰਮੇਵਾਰੀਆਂ ਵੀ ਆਉਂਦੀਆਂ ਹਨ।

ਇਕ-ਦੂਜੇ ਨਾਲ ਗੱਲਬਾਤ ਕਰਨ ਨਾਲ ਹੀ ਦੋਸਤੀ ਜ਼ਿੰਦਾ ਰਹਿ ਸਕਦੀ ਹੈ। ਅਕਸਰ ਜਦ ਸਾਨੂੰ ਮਦਦ ਦੀ ਲੋੜ ਪੈਂਦੀ ਹੈ, ਤਾਂ ਅਸੀਂ ਕਿਸੇ ਦੋਸਤ ਨਾਲ ਗੱਲ ਕਰਦੇ ਹਾਂ। ਮਿਸਾਲ ਲਈ, ਬਿਰਗਿਟ ਦੱਸਦੀ ਹੈ: “ਜਦ ਮੈਂ ਜਾਂ ਮੇਰੀ ਸਹੇਲੀ ਕਿਸੇ ਮੁਸ਼ਕਲ ਦਾ ਸਾਮ੍ਹਣਾ ਕਰਦੀਆਂ ਹਾਂ, ਤਦ ਅਸੀਂ ਇਕ-ਦੂਜੀ ਨੂੰ ਹਫ਼ਤੇ ਵਿਚ ਇਕ-ਦੋ ਵਾਰ ਟੈਲੀਫ਼ੋਨ ਕਰ ਕੇ ਗੱਲਬਾਤ ਕਰਦੀਆਂ ਹਾਂ। ਇਸ ਨਾਲ ਮੇਰਾ ਹੌਸਲਾ ਬਹੁਤ ਵਧਦਾ ਹੈ ਕਿ ਮੈਂ ਆਪਣੀ ਸਹੇਲੀ ਨਾਲ ਦਿਲ ਖੋਲ੍ਹ ਕੇ ਗੱਲ ਕਰ ਸਕਦੀ ਹਾਂ ਤੇ ਉਹ ਮੇਰੀ ਮਦਦ ਜ਼ਰੂਰ ਕਰੇਗੀ।” ਸੱਤ ਸਮੁੰਦਰ ਪਾਰ ਵੀ ਦੋਸਤੀ ਨਿਭਾਈ ਜਾ ਸਕਦੀ ਹੈ। ਗੈਰਡਾ ਤੇ ਹੈਲਗਾ ਦੀ ਗੱਲ ਲੈ ਲਓ। ਇਹ ਦੋ ਔਰਤਾਂ ਇਕ-ਦੂਜੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰਹਿੰਦੀਆਂ ਹਨ, ਪਰ ਫਿਰ ਵੀ ਇਨ੍ਹਾਂ ਦੀ ਦੋਸਤੀ 35 ਸਾਲ ਬਰਕਰਾਰ ਰਹੀ ਹੈ। ਗੈਰਡਾ ਦੱਸਦੀ ਹੈ: “ਅਸੀਂ ਬਾਕਾਇਦਾ ਇਕ-ਦੂਜੀ ਨੂੰ ਖਤ ਲਿਖ ਕੇ ਦਿਲ ਦੀ ਗੱਲ ਅਤੇ ਜ਼ਿੰਦਗੀ ਦੇ ਤਜਰਬੇ ਦੱਸਦੀਆਂ ਰਹਿੰਦੀਆਂ ਹਾਂ। ਇਸ ਤਰ੍ਹਾਂ ਅਸੀਂ ਇਕ-ਦੂਜੀ ਨਾਲ ਆਪਣੇ ਦੁੱਖ-ਸੁਖ ਸਾਂਝੇ ਕਰ ਸਕਦੀਆਂ ਹਾਂ। ਹੈਲਗਾ ਦਾ ਖਤ ਪੜ੍ਹ ਕੇ ਮੇਰਾ ਜੀਅ ਬਹੁਤ ਖ਼ੁਸ਼ ਹੁੰਦਾ ਹੈ। ਉਹ ਮੇਰੇ ਦਿਲ ਦੀ ਗੱਲ ਚੰਗੀ ਤਰ੍ਹਾਂ ਸਮਝ ਲੈਂਦੀ ਹੈ।”

ਦੋਸਤੀ ਨਿਭਾਉਣ ਲਈ ਵਫ਼ਾ ਦਾ ਗੁਣ ਬਹੁਤ ਜ਼ਰੂਰੀ ਹੈ। ਜੇ ਅਸੀਂ ਕਿਸੇ ਦੋਸਤ ਨਾਲ ਦਗ਼ਾ ਕਰ ਬੈਠੀਏ, ਤਾਂ ਸਾਡੀ ਦੋਸਤੀ ਖੇਰੂੰ-ਖੇਰੂੰ ਹੋ ਸਕਦੀ ਹੈ। ਦੋਸਤ ਤਾਂ ਇਕ-ਦੂਜੇ ਨੂੰ ਨਿੱਜੀ ਮਾਮਲਿਆਂ ਵਿਚ ਵੀ ਕਈ ਵਾਰ ਸਲਾਹ-ਮਸ਼ਵਰਾ ਦਿੰਦੇ ਹਨ। ਜਿਗਰੀ ਦੋਸਤ ਇਕ-ਦੂਜੇ ਸਾਮ੍ਹਣੇ ਦਿਲ ਦੀ ਸਾਰੀ ਗੱਲ ਖੋਲ੍ਹ ਕੇ ਰੱਖ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਇਕ-ਦੂਜੇ ਉੱਤੇ ਪੂਰਾ ਭਰੋਸਾ ਹੁੰਦਾ ਹੈ। ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦਾ ਦੋਸਤ ਉਨ੍ਹਾਂ ਦੇ ਨਾਲ ਦਗ਼ਾ ਨਹੀਂ ਕਰੇਗਾ। ਬਾਈਬਲ ਕਹਿੰਦੀ ਹੈ: “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।”—ਕਹਾਉਤਾਂ 17:17.

ਇਹ ਗੱਲ ਸੱਚ ਹੈ ਕਿ ਸਾਡੇ ਦੋਸਤ ਸਾਡੀ ਸੋਚਣੀ, ਸਾਡੇ ਬੋਲ-ਚਾਲ ਇੱਥੋਂ ਤਕ ਕਿ ਸਾਡਿਆਂ ਜਜ਼ਬਾਤਾਂ ਉੱਤੇ ਗਹਿਰਾ ਅਸਰ ਪਾ ਸਕਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਦੋਸਤੀ ਕਰੀਏ ਜਿਨ੍ਹਾਂ ਦਾ ਜੀਵਨ-ਢੰਗ ਸਾਡੇ ਨਾਲ ਮਿਲਦਾ-ਜੁਲਦਾ ਹੈ। ਮਿਸਾਲ ਲਈ, ਸਾਨੂੰ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ, ਵਿਸ਼ਵਾਸ ਅਤੇ ਸੋਚਣੀ ਸਾਡੇ ਨਾਲ ਮਿਲਦੀ-ਜੁਲਦੀ ਹੋਵੇ। ਅਜਿਹੇ ਦੋਸਤ ਸਾਨੂੰ ਆਪਣੇ ਟੀਚੇ ਹਾਸਲ ਕਰਨ ਵਿਚ ਮਦਦ ਦੇਣਗੇ। ਨਾਲੇ ਉਨ੍ਹਾਂ ਲੋਕਾਂ ਨਾਲ ਅਸੀਂ ਦੋਸਤੀ ਨਹੀਂ ਕਰਨੀ ਚਾਹਾਂਗੇ ਜਿਨ੍ਹਾਂ ਦਾ ਚਾਲ-ਚਲਣ ਨੇਕ ਨਾ ਹੋਵੇ ਜਾਂ ਜਿਨ੍ਹਾਂ ਦੇ ਮਿਆਰ ਸਾਡੇ ਮਿਆਰਾਂ ਨਾਲ ਨਾ ਮਿਲਦੇ ਹੋਣ। ਬਾਈਬਲ ਵਿਚ ਸਮਝਾਇਆ ਗਿਆ ਹੈ ਕਿ ਸਾਨੂੰ ਚੰਗੇ ਦੋਸਤ ਕਿਉਂ ਚੁਣਨੇ ਚਾਹੀਦੇ ਹਨ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20.

ਵਫ਼ਾਦਾਰੀ ਅਤੇ ਪਿਆਰ ਕਰਨਾ ਸਿੱਖੋ

ਜਦੋਂ ਵਿਅਕਤੀ ਵਫ਼ਾ ਅਤੇ ਪਿਆਰ ਦੇ ਗੁਣ ਆਪਣੀ ਜ਼ਿੰਦਗੀ ਵਿਚ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਲਈ ਇਹ ਗੁਣ ਪੈਦਾ ਕਰਨੇ ਆਸਾਨ ਹੁੰਦੇ ਜਾਣਗੇ। ਜੇ ਵਿਅਕਤੀ ਛੋਟੀ ਉਮਰ ਤੋਂ ਹੀ ਇਹ ਗੁਣ ਸਿੱਖ ਲੈਂਦਾ ਹੈ, ਤਾਂ ਵੱਡਾ ਹੋ ਕੇ ਉਹ ਆਸਾਨੀ ਨਾਲ ਦੋਸਤੀ ਦੇ ਰਿਸ਼ਤੇ ਨਿਭਾ ਸਕੇਗਾ। ਇਸ ਦੇ ਨਾਲ-ਨਾਲ ਉਹ ਵਿਆਹ-ਸ਼ਾਦੀ ਕਰ ਕੇ ਆਪਣੇ ਜੀਵਨ-ਸਾਥੀ ਦਾ ਵੀ ਸਾਥ ਨਿਭਾ ਸਕੇਗਾ। ਪਰ ਇਸ ਤੋਂ ਵੱਧ ਉਹ ਆਪਣੇ ਸਵਰਗੀ ਪਿਤਾ ਨਾਲ ਵੀ ਚਿਪਕਿਆ ਰਹੇਗਾ।

ਯਿਸੂ ਨੇ ਕਿਹਾ ਸੀ ਕਿ ਸਭ ਤੋਂ ਵੱਡਾ ਹੁਕਮ ਇਹ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਸਾਰੀ ਜਾਨ, ਸਾਰੀ ਬੁੱਧ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰੀਏ। (ਮਰਕੁਸ 12:30) ਇਸ ਦਾ ਮਤਲਬ ਹੈ ਕਿ ਸਾਨੂੰ ਯਹੋਵਾਹ ਦਾ ਸਾਥ ਕਦੇ ਨਹੀਂ ਛੱਡਣਾ ਚਾਹੀਦਾ। ਉਸ ਨਾਲ ਦੋਸਤੀ ਕਰ ਕੇ ਸਾਨੂੰ ਬਹੁਤ ਬਰਕਤਾਂ ਮਿਲਣਗੀਆਂ। ਯਹੋਵਾਹ ਕਦੇ ਸਾਡਾ ਸਾਥ ਨਹੀਂ ਛੱਡੇਗਾ ਕਿਉਂਕਿ ਉਹ ਆਪ “ਵਫ਼ਾਦਾਰ ਹੈ।” (1 ਕੁਰਿੰਥੀਆਂ 1:9) ਜੀ ਹਾਂ, ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਕੇ ਅਸੀਂ ਸਦਾ ਲਈ ਖ਼ੁਸ਼ੀਆਂ ਭਰੀ ਜ਼ਿੰਦਗੀ ਪਾਵਾਂਗੇ।—1 ਯੂਹੰਨਾ 2:17.

[ਸਫ਼ੇ 6 ਉੱਤੇ ਸੁਰਖੀ]

ਸਾਡਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ ਜਦ ਸਾਨੂੰ ਇਕ ਚੰਗਾ ਦੋਸਤ ਮਿਲਦਾ ਹੈ

[ਸਫ਼ੇ 5 ਉੱਤੇ ਤਸਵੀਰ]

ਪਰਿਵਾਰ ਦੇ ਜੀਅ ਵਫ਼ਾਦਾਰੀ ਨਾਲ ਇਕ-ਦੂਜੇ ਦੀ ਦੇਖ-ਭਾਲ ਕਰਦੇ ਹਨ