ਆਪਣੀਆਂ ਭਾਵਨਾਵਾਂ ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ?
ਆਪਣੀਆਂ ਭਾਵਨਾਵਾਂ ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ?
ਕੀ ਤੁਸੀਂ ਨਿੱਕੀ-ਨਿੱਕੀ ਗੱਲ ਤੋਂ ਚਿੜ ਜਾਂਦੇ ਹੋ? ਕੀ ਤੁਹਾਨੂੰ ਛੇਤੀ ਹੀ ਗੁੱਸਾ ਆ ਜਾਂਦਾ ਹੈ? ਜਾਂ ਕੀ ਤੁਸੀਂ ਜ਼ਿੰਦਗੀ ਦੀਆਂ ਚਿੰਤਾਵਾਂ ਕਾਰਨ ਮਾਯੂਸ ਜਾਂ ਨਿਰਾਸ਼ ਹੋ ਗਏ ਹੋ? ਜੇ ਅਜਿਹੇ ਮੌਕਿਆਂ ਤੇ ਤੁਸੀਂ ਬੇਬੱਸ ਮਹਿਸੂਸ ਕਰਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ?
ਹਕੀਕਤ ਤਾਂ ਇਹ ਹੈ ਕਿ ਸਾਰੇ ਇਨਸਾਨ ਕੁਦਰਤੀ ਹੀ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹਨ। ਜੇ ਇਨ੍ਹਾਂ ਤੇ ਕਾਬੂ ਰੱਖਿਆ ਜਾਵੇ, ਤਾਂ ਇਹ ਸਾਡੀ ਅਤੇ ਦੂਸਰਿਆਂ ਦੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀਆਂ ਹਨ। ਪਰ ਦੁੱਖ ਦੀ ਗੱਲ ਹੈ ਕਿ ਦੁਨੀਆਂ ਭਰ ਵਿਚ ਫੈਲੀ ਹਿੰਸਾ ਦੇਖ ਕੇ ਅਤੇ ਨਿੱਤ ਦੁਰਘਟਨਾਵਾਂ ਦੀਆਂ ਖ਼ਬਰਾਂ ਸੁਣ ਕੇ ਲੋਕਾਂ ਦੇ ਮਨਾਂ ਤੇ ਗਹਿਰਾ ਅਸਰ ਪੈਂਦਾ ਹੈ। ਬਾਈਬਲ ਦੇ ਸ਼ਬਦ ਇੱਥੇ ਸਹੀ ਢੁੱਕਦੇ ਹਨ ਜਦੋਂ ਉਹ ਕਹਿੰਦੀ ਹੈ: “ਸੱਚ ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ।” (ਉਪਦੇਸ਼ਕ ਦੀ ਪੋਥੀ 7:7) ਪਰ ਦੁਖੀ ਹੋਣ ਦੀ ਬਜਾਇ ਬਾਈਬਲ ਸਾਨੂੰ ਇਹ ਨਸੀਹਤ ਦਿੰਦੀ ਹੈ: “ਆਦਮੀ ਦੇ ਲਈ ਇਸ ਨਾਲੋਂ ਹੋਰ ਕੋਈ ਚੰਗੀ ਗੱਲ ਨਹੀਂ ਜੋ ਉਹ ਆਪਣੇ ਕੰਮ ਧੰਦੇ ਵਿੱਚ ਅਨੰਦ ਰਿਹਾ ਕਰੇ।” (ਉਪਦੇਸ਼ਕ ਦੀ ਪੋਥੀ 3:22) ਜੀ ਹਾਂ, ਜ਼ਿੰਦਗੀ ਨੂੰ ਜ਼ਿਆਦਾ ਖ਼ੁਸ਼ਹਾਲ ਬਣਾਉਣ ਲਈ ਸਾਨੂੰ ਆਪਣਾ ਮਨ ਚੰਗੀਆਂ ਚੀਜ਼ਾਂ ਉੱਤੇ ਲਾਉਣਾ ਚਾਹੀਦਾ ਹੈ। ਸਾਨੂੰ ਇਨ੍ਹਾਂ ਚੀਜ਼ਾਂ ਵਿਚ ਖ਼ੁਸ਼ੀ ਮਨਾਉਣੀ ਚਾਹੀਦੀ ਕਿਉਂਕਿ ਜਜ਼ਬਾਤੀ ਹੋਣ ਨਾਲ ਸਾਡੇ ਤੇ ਚੰਗਾ ਅਸਰ ਨਹੀਂ ਪਵੇਗਾ। ਇਹ ਅਸੀਂ ਕਿਵੇਂ ਕਰ ਸਕਦੇ ਹਾਂ?
ਗੁੱਸਾ, ਚਿੜਚਿੜਾਪਣ, ਜਾਂ ਮਾਯੂਸੀ ਵਰਗੀਆਂ ਭਾਵਨਾਵਾਂ ਨੂੰ ਦੂਰ ਕਰਨ ਵਿਚ ਸਾਨੂੰ ਆਪ ਕਦਮ ਚੁੱਕਣ ਦੀ ਲੋੜ ਹੈ। ਮਿਸਾਲ ਲਈ, ਜਦੋਂ ਅਸੀਂ ਕਿਸੇ ਮਾਮਲੇ ਬਾਰੇ ਪਰੇਸ਼ਾਨ ਹੁੰਦੇ ਹਾਂ ਜੋ ਸਾਡੇ ਹੱਥੋਂ ਬਾਹਰ ਹੈ, ਤਾਂ ਚਿੰਤਾ ਦੀ ਖਾਈ ਵਿਚ ਡੁੱਬੇ ਰਹਿਣ ਦੀ ਬਜਾਇ ਚੰਗਾ ਹੋਵੇਗਾ ਜੇ ਅਸੀਂ ਆਪਣੀ ਰੁਟੀਨ ਜਾਂ ਮਾਹੌਲ ਨੂੰ ਬਦਲੀਏ। ਸ਼ਾਇਦ ਅਸੀਂ ਬਾਹਰ ਦੀ ਹਵਾ ਖਾਣ ਜਾਈਏ, ਜਾਂ ਮਧੁਰ ਗੀਤ ਸੁਣੀਏ, ਜਾਂ ਕਸਰਤ ਕਰੀਏ ਜਾਂ ਫਿਰ ਕਿਸੇ ਲੋੜਵੰਦ ਇਨਸਾਨ ਦੀ ਮਦਦ ਲਈ ਕੋਈ ਭਲਾ ਕੰਮ ਕਰੀਏ। ਅਜਿਹੇ ਕੰਮ ਸਾਨੂੰ ਕੁਝ ਹੱਦ ਤਕ ਖ਼ੁਸ਼ੀ ਦੇ ਸਕਦੇ ਹਨ ਨਾਲੇ ਸਾਡੀਆਂ ਪਰੇਸ਼ਾਨੀਆਂ ਨੂੰ ਵੀ ਦੂਰ ਕਰ ਸਕਦੇ ਹਨ—ਰਸੂਲਾਂ ਦੇ ਕਰਤੱਬ 20:35.
ਗ਼ਲਤ ਖ਼ਿਆਲਾਂ ਨੂੰ ਦੂਰ ਕਰਨ ਵਾਸਤੇ ਸਭ ਤੋਂ ਵਧੀਆ ਤਰੀਕਾ ਹੈ ਪਰਮੇਸ਼ੁਰ ਤੇ ਆਪਣਾ ਭਰੋਸਾ ਰੱਖਣਾ। ਜਦੋਂ ਮਨ ਵਿਚ ਇਸ ਤਰ੍ਹਾਂ ਦੇ ਗ਼ਲਤ ਵਿਚਾਰ ਆਉਣ, ਤਾਂ ਪ੍ਰਾਰਥਨਾ ਰਾਹੀਂ ਅਸੀਂ ‘ਆਪਣੀ ਸਾਰੀ ਚਿੰਤਾ ਪਰਮੇਸ਼ੁਰ ਉੱਤੇ ਸੁਟ’ ਸਕਦੇ ਹਾਂ। (1 ਪਤਰਸ 5:6, 7) ਬਾਈਬਲ ਸਾਨੂੰ ਤਸੱਲੀ ਦਿੰਦੀ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ . . . ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਨ੍ਹਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:18, 19) ਪਰ ਅਸੀਂ ਆਪਣਾ ਭਰੋਸਾ ਪੱਕਾ ਕਿਵੇਂ ਕਰ ਸਕਦੇ ਹਾਂ ਕਿ ਪਰਮੇਸ਼ੁਰ ਸਾਡਾ ‘ਸਹਾਇਕ ਅਤੇ ਛੁਡਾਉਣ ਵਾਲਾ’ ਬਣ ਸਕਦਾ ਹੈ? (ਜ਼ਬੂਰਾਂ ਦੀ ਪੋਥੀ 40:17) ਅਸੀਂ ਬਾਈਬਲ ਦੀ ਸਟੱਡੀ ਕਰ ਸਕਦੇ ਹਾਂ ਅਤੇ ਇਸ ਵਿਚ ਦਿੱਤੀਆਂ ਉਨ੍ਹਾਂ ਉਦਾਹਰਣਾਂ ਤੇ ਮਨਨ ਕਰ ਸਕਦੇ ਹਾਂ ਜਿੱਥੇ ਪਰਮੇਸ਼ੁਰ ਨੇ ਆਪਣੇ ਸੇਵਕਾਂ ਦੀ ਖ਼ਾਸ ਮਦਦ ਅਤੇ ਦੇਖ-ਭਾਲ ਕੀਤੀ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਭਰੋਸੇ ਨੂੰ ਪੱਕਾ ਕਰ ਸਕਾਂਗੇ।