Skip to content

Skip to table of contents

ਕੀ ਦੂਜਿਆਂ ਦੀ ਰਾਇ ਦਾ ਸਾਨੂੰ ਕੋਈ ਫ਼ਰਕ ਪੈਂਦਾ?

ਕੀ ਦੂਜਿਆਂ ਦੀ ਰਾਇ ਦਾ ਸਾਨੂੰ ਕੋਈ ਫ਼ਰਕ ਪੈਂਦਾ?

ਕੀ ਦੂਜਿਆਂ ਦੀ ਰਾਇ ਦਾ ਸਾਨੂੰ ਕੋਈ ਫ਼ਰਕ ਪੈਂਦਾ?

ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਸਿਫ਼ਤ ਕੀਤੀ ਜਾਵੇ। ਜਦ ਸਾਨੂੰ ਸ਼ਾਬਾਸ਼ੀ ਦਿੱਤੀ ਜਾਂਦੀ ਹੈ, ਤਾਂ ਅਸੀਂ ਖ਼ੁਸ਼ ਹੁੰਦੇ ਹਾਂ ਕਿਉਂਕਿ ਸਾਨੂੰ ਅਹਿਸਾਸ ਹੁੰਦਾ ਕਿ ਅਸੀਂ ਵੀ ਕੁਝ ਕਰ ਸਕਦੇ ਹਾਂ। ਆਪਣੀ ਸ਼ਲਾਘਾ ਸੁਣ ਕੇ ਅਸੀਂ ਹੋਰ ਵੀ ਤਰੱਕੀ ਕਰਨੀ ਚਾਹੁੰਦੇ ਹਾਂ। ਪਰ ਜੇ ਕੋਈ ਸਾਡੇ ਕੰਮ ਤੋਂ ਖ਼ੁਸ਼ ਨਹੀਂ ਹੈ, ਤਾਂ ਅਸੀਂ ਜ਼ਰਾ ਜਿੰਨੀ ਵੀ ਮਿਹਨਤ ਨਹੀਂ ਕਰਾਂਗੇ। ਜੇ ਕੋਈ ਸਾਨੂੰ ਚੰਗਾ ਨਾ ਸਮਝੇ ਜਾਂ ਕੁਝ ਮਾੜਾ ਕਹੇ, ਤਾਂ ਸਾਡਾ ਦਿਲ ਢਹਿ ਜਾਂਦਾ ਹੈ। ਸਾਡੇ ਬਾਰੇ ਦੂਜਿਆਂ ਦੀ ਰਾਇ ਦਾ ਇਸ ਤੇ ਵੱਡਾ ਅਸਰ ਪੈ ਸਕਦਾ ਹੈ ਕਿ ਅਸੀਂ ਆਪਣੇ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ।

ਦੂਜਿਆਂ ਦੀ ਰਾਇ ਨੂੰ ਨਜ਼ਰਅੰਦਾਜ਼ ਕਰਨਾ ਗ਼ਲਤ ਹੋਵੇਗਾ। ਆਪਣੇ ਚਾਲ-ਚਲਣ ਬਾਰੇ ਹੋਰਨਾਂ ਦੀ ਰਾਇ ਜਾਣਨ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਹੀ ਕੰਮ ਆਵੇਗੀ। ਜੇ ਉਨ੍ਹਾਂ ਦੀ ਰਾਇ ਪਰਮੇਸ਼ੁਰ ਦੇ ਉੱਚੇ ਮਿਆਰਾਂ ਮੁਤਾਬਕ ਹੋਵੇ, ਤਾਂ ਅਸੀਂ ਦੇਖ ਸਕਦੇ ਹਾਂ ਕਿ ਸਾਨੂੰ ਆਪਣੇ ਵਿਚ ਕਿੱਥੇ ਸੁਧਾਰ ਕਰਨ ਦੀ ਲੋੜ ਹੈ ਤੇ ਇਸ ਤਰ੍ਹਾਂ ਅਸੀਂ ਬਿਹਤਰ ਇਨਸਾਨ ਬਣ ਸਕਦੇ ਹਾਂ। (1 ਕੁਰਿੰਥੀਆਂ 10:31-33) ਪਰ ਲੋਕਾਂ ਦੀ ਰਾਇ ਕਦੀ-ਕਦੀ ਮਾੜੀ ਵੀ ਹੁੰਦੀ ਹੈ। ਮਿਸਾਲ ਲਈ ਜ਼ਰਾ ਸੋਚੋ ਕਿ ਪ੍ਰਧਾਨ ਜਾਜਕ ਅਤੇ ਹੋਰ ਲੋਕ ਯਿਸੂ ਬਾਰੇ ਕਿਵੇਂ ਮਹਿਸੂਸ ਕਰਦੇ ਸਨ ਜਦ “ਓਹ ਹੋਰ ਵੀ ਸੰਘ ਪਾੜ ਕੇ ਬੋਲੇ ਕਿ ਉਹ ਨੂੰ ਸਲੀਬ ਦਿਓ! ਸਲੀਬ ਦਿਓ!” (ਲੂਕਾ 23:13, 21-25) ਜੇ ਕੋਈ ਗ਼ਲਤ ਜਾਣਕਾਰੀ, ਖੁਣਸ ਜਾਂ ਪੱਖਪਾਤ ਦੇ ਆਧਾਰ ਤੇ ਸਾਨੂੰ ਚੰਗਾ ਨਹੀਂ ਸਮਝਦਾ, ਤਾਂ ਇਸ ਬਾਰੇ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਇਸ ਲਈ ਸਾਨੂੰ ਦੂਜਿਆਂ ਦੀ ਰਾਇ ਦਾ ਬੁਰਾ ਮਨਾਉਣ ਦੀ ਬਜਾਇ ਸਮਝਦਾਰੀ ਵਰਤਣੀ ਚਾਹੀਦੀ ਹੈ।

ਕਿਸ ਦੀ ਰਾਇ ਸਾਡੇ ਲਈ ਅਹਿਮ ਹੋਣੀ ਚਾਹੀਦੀ ਹੈ?

ਅਸੀਂ ਚਾਹੁੰਦੇ ਹਾਂ ਕਿ ਉਹ ਲੋਕ ਸਾਨੂੰ ਚੰਗਾ ਸਮਝਣ ਜੋ ਸਾਡੇ ਨਾਲ ਮਿਲ ਕੇ ਸੱਚੇ ਪਰਮੇਸ਼ੁਰ ਦੀ ਭਗਤੀ ਕਰਦੇ ਹਨ। ਇਸ ਦਾ ਮਤਲਬ ਹੈ ਕਿ ਸਾਡੇ ਘਰ ਦੇ ਉਹ ਜੀਅ ਜੋ ਸੱਚਾਈ ਵਿਚ ਹਨ ਅਤੇ ਸਾਡੇ ਮਸੀਹੀ ਭੈਣ-ਭਰਾ ਸਾਨੂੰ ਚੰਗਾ ਸਮਝਣ। (ਰੋਮੀਆਂ 15:2; ਕੁਲੁੱਸੀਆਂ 3:18-21) ਸਾਡੇ ਭੈਣ-ਭਾਈਆਂ ਦਾ ਉਤਸ਼ਾਹ ਤੇ ਆਦਰ ਸਾਡੇ ਲਈ ਬਹੁਤ ਮਾਅਨੇ ਰੱਖਦੇ ਹਨ ਕਿਉਂਕਿ ਇਨ੍ਹਾਂ ਤੋਂ ਸਾਡਾ ਆਪਸੀ ਪਿਆਰ ਵੱਧਦਾ ਹੈ। (ਰੋਮੀਆਂ 1:11, 12) ਅਸੀਂ “ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ” ਜਾਣਦੇ ਹਾਂ। (ਫ਼ਿਲਿੱਪੀਆਂ 2:2-4) ਇਸ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਕਲੀਸਿਯਾ ਦੀ ਅਗਵਾਈ ਕਰਨ ਵਾਲੇ ‘ਆਗੂ’ ਯਾਨੀ ਬਜ਼ੁਰਗਾਂ ਦੀ ਸਾਡੇ ਬਾਰੇ ਚੰਗੀ ਰਾਇ ਹੋਵੇ।—ਇਬਰਾਨੀਆਂ 13:17.

ਅਸੀਂ ਇਹ ਵੀ ਚਾਹੁੰਦੇ ਹਾਂ ਕਿ ‘ਬਾਹਰ ਵਾਲਿਆਂ ਦੇ ਕੋਲੋਂ ਸਾਡੀ ਨੇਕਨਾਮੀ ਹੋਵੇ।’ (1 ਤਿਮੋਥਿਉਸ 3:7) ਸਾਨੂੰ ਕਿੰਨਾ ਚੰਗਾ ਲੱਗਦਾ ਹੈ ਜਦ ਸਾਡੇ ਰਿਸ਼ਤੇਦਾਰ ਜੋ ਸੱਚਾਈ ਵਿਚ ਨਹੀਂ ਹਨ, ਸਾਡੇ ਨਾਲ ਕੰਮ ਕਰਨ ਵਾਲੇ ਲੋਕ ਅਤੇ ਸਾਡੇ ਗੁਆਂਢੀ ਸਾਡੀ ਇੱਜ਼ਤ ਕਰਦੇ ਹਨ! ਜਦ ਅਸੀਂ ਪ੍ਰਚਾਰ ਕਰਨ ਜਾਂਦੇ ਹਾਂ, ਤਾਂ ਉਸ ਸਮੇਂ ਵੀ ਅਸੀਂ ਲੋਕਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੇ ਹਾਂ ਤਾਂਕਿ ਉਹ ਬਾਈਬਲ ਦਾ ਸੰਦੇਸ਼ ਸੁਣਨ। ਸਾਡੇ ਗੁਆਂਢੀ ਸਾਡੀ ਈਮਾਨਦਾਰੀ ਅਤੇ ਸਾਡਾ ਚੰਗਾ ਚਾਲ-ਚੱਲਣ ਦੇਖ ਕੇ ਪਰਮੇਸ਼ੁਰ ਦੀ ਵਡਿਆਈ ਕਰਨਗੇ। (1 ਪਤਰਸ 2:12) ਪਰ ਅਸੀਂ ਲੋਕਾਂ ਨੂੰ ਖ਼ੁਸ਼ ਕਰਨ ਲਈ ਪਰਮੇਸ਼ੁਰ ਦੇ ਸਿਧਾਂਤਾਂ ਦੀ ਉਲੰਘਣਾ ਕਦੇ ਨਹੀਂ ਕਰਾਂਗੇ ਅਤੇ ਨਾ ਹੀ ਅਸੀਂ ਕਿਸੇ ਤੇ ਚੰਗਾ ਪ੍ਰਭਾਵ ਪਾਉਣ ਲਈ ਪਖੰਡ ਕਰਾਂਗੇ। ਅਸੀਂ ਜਾਣਦੇ ਹਾਂ ਕਿ ਅਸੀਂ ਸਾਰਿਆਂ ਨੂੰ ਖ਼ੁਸ਼ ਨਹੀਂ ਕਰ ਸਕਾਂਗੇ। ਯਿਸੂ ਨੇ ਕਿਹਾ ਸੀ: “ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇਹ ਕਰਦਾ ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।” (ਯੂਹੰਨਾ 15:19) ਕੀ ਅਸੀਂ ਆਪਣੇ ਵਿਰੋਧੀਆਂ ਦਾ ਦਿਲ ਜਿੱਤਣ ਲਈ ਕੁਝ ਕਰ ਸਕਦੇ ਹਾਂ?

ਵਿਰੋਧੀਆਂ ਦਾ ਦਿਲ ਜਿੱਤੋ

ਯਿਸੂ ਨੇ ਸਾਨੂੰ ਖ਼ਬਰਦਾਰ ਕੀਤਾ: “ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 10:22) ਇਸ ਵੈਰ ਸਦਕਾ ਕਈ ਵਾਰ ਸਾਡੇ ਤੇ ਝੂਠੇ ਇਲਜ਼ਾਮ ਲਾਏ ਜਾਂਦੇ ਹਨ। ਕੁਝ ਸਰਕਾਰੀ ਅਫ਼ਸਰ ਸ਼ਾਇਦ ਸਾਨੂੰ ਵਿਦਰੋਹੀ ਜਾਂ ਸਰਕਾਰ ਪਲਟਾਉਣ ਵਾਲੇ ਕਹਿਣ। ਕੁਝ ਵਿਰੋਧੀ ਸ਼ਾਇਦ ਸਾਨੂੰ ਇਕ ਬੁਰਾ ਫ਼ਿਰਕਾ ਆਖ ਕੇ ਸਾਡੇ ਤੇ ਪਾਬੰਦੀ ਲਗਵਾਉਣ ਦੀ ਕੋਸ਼ਿਸ਼ ਕਰਨ। (ਰਸੂਲਾਂ ਦੇ ਕਰਤੱਬ 28:22) ਕਦੇ-ਕਦੇ ਇਨ੍ਹਾਂ ਝੂਠੇ ਇਲਜ਼ਾਮਾਂ ਬਾਰੇ ਅਸੀਂ ਕੁਝ ਕਰ ਸਕਦੇ ਹਾਂ। ਕੀ? ਪਤਰਸ ਰਸੂਲ ਨੇ ਇਹ ਸਲਾਹ ਦਿੱਤੀ: “ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” (1 ਪਤਰਸ 3:15) ਇਸ ਤੋਂ ਇਲਾਵਾ, ਸਾਨੂੰ ‘ਖਰੇ ਬਚਨ’ ਬੋਲਣੇ ਚਾਹੀਦੇ ਹਨ ‘ਜਿਨ੍ਹਾਂ ਦੇ ਉੱਤੇ ਕੋਈ ਦੋਸ਼ ਨਾ ਲੱਗ ਸੱਕੇ ਭਈ ਵਿਰੋਧੀ ਸਾਡੇ ਉੱਤੇ ਔਗੁਣ ਲਾਉਣ ਦਾ ਦਾਉ ਨਾ ਪਾ ਕੇ ਲੱਜਿਆਵਾਨ ਹੋਵੇ।’—ਤੀਤੁਸ 2:8.

ਹਾਲਾਂਕਿ ਅਸੀਂ ਆਪਣੇ ਨਾਂ ਤੇ ਲੱਗੇ ਕਲੰਕ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਨੂੰ ਦਿਲ ਨਹੀਂ ਢਾਉਣਾ ਚਾਹੀਦਾ ਜੇ ਸਾਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਯਹੋਵਾਹ ਪਰਮੇਸ਼ੁਰ ਦਾ ਮੁਕੰਮਲ ਪੁੱਤਰ ਹੋਣ ਦੇ ਬਾਵਜੂਦ ਯਿਸੂ ਮਸੀਹ ਬਾਰੇ ਕਿਹਾ ਗਿਆ ਸੀ ਕਿ ਉਹ ਕੁਫ਼ਰ ਬਕਦਾ, ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਅਤੇ ਕੈਸਰ ਦੇ ਵਿਰੁੱਧ ਬੋਲਦਾ ਹੈ। (ਮੱਤੀ 9:3; ਮਰਕੁਸ 3:22; ਯੂਹੰਨਾ 19:12) ਪੌਲੁਸ ਰਸੂਲ ਦੀ ਨਿੰਦਿਆ ਕੀਤੀ ਗਈ ਸੀ। (1 ਕੁਰਿੰਥੀਆਂ 4:13) ਯਿਸੂ ਤੇ ਪੌਲੁਸ ਦੋਹਾਂ ਨੇ ਇਸ ਤਰ੍ਹਾਂ ਦੀ ਨੁਕਤਾਚੀਨੀ ਦੀ ਕੋਈ ਪਰਵਾਹ ਨਹੀਂ ਕੀਤੀ ਸੀ, ਸਗੋਂ ਆਪਣੇ ਕੰਮ ਵਿਚ ਲੱਗੇ ਰਹੇ। (ਮੱਤੀ 15:14) ਉਹ ਜਾਣਦੇ ਸਨ ਕਿ ਉਨ੍ਹਾਂ ਦੇ ਵੈਰੀ ਉਨ੍ਹਾਂ ਨੂੰ ਕਦੇ ਚੰਗਾ ਨਹੀਂ ਸਮਝਣਗੇ ਕਿਉਂਕਿ ‘ਸਾਰਾ ਸੰਸਾਰ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।’ (1 ਯੂਹੰਨਾ 5:19) ਸਾਡੀ ਵੀ ਅੱਜ ਬਦਨਾਮੀ ਕੀਤੀ ਜਾਂਦੀ ਹੈ। ਜਦ ਸਾਡੇ ਵਿਰੋਧੀ ਸਾਡੇ ਬਾਰੇ ਝੂਠੀਆਂ-ਮੂਠੀਆਂ ਗੱਲਾਂ ਫੈਲਾਉਂਦੇ ਹਨ, ਤਾਂ ਸਾਨੂੰ ਡਰਨਾ ਨਹੀਂ ਚਾਹੀਦਾ।—ਮੱਤੀ 5:11.

ਸਭ ਤੋਂ ਜ਼ਿਆਦਾ ਅਹਿਮ ਰਾਇ

ਸਾਡੇ ਬਾਰੇ ਹਰ ਕਿਸੇ ਦੀ ਵੱਖਰੀ ਰਾਇ ਹੈ। ਉਨ੍ਹਾਂ ਦੀ ਰਾਇ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਸਾਡੇ ਤੋਂ ਕੀ ਚਾਹੁੰਦੇ ਹਨ ਜਾਂ ਉਨ੍ਹਾਂ ਨੇ ਸਾਡੇ ਬਾਰੇ ਕੀ ਸੁਣਿਆ ਹੈ। ਕੁਝ ਸਾਡੀ ਪ੍ਰਸ਼ੰਸਾ ਤੇ ਇੱਜ਼ਤ ਕਰਦੇ ਹਨ ਅਤੇ ਕੁਝ ਸਾਡੇ ਬਾਰੇ ਬੁਰਾ-ਭਲਾ ਕਹਿੰਦੇ ਅਤੇ ਸਾਡੇ ਨਾਲ ਨਫ਼ਰਤ ਕਰਦੇ ਹਨ। ਪਰ ਜਿੰਨਾ ਚਿਰ ਅਸੀਂ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਦੇ ਹਾਂ, ਤਾਂ ਸਾਡੇ ਕੋਲ ਖ਼ੁਸ਼ ਅਤੇ ਸ਼ਾਂਤ ਰਹਿਣ ਦਾ ਹਰ ਕਾਰਨ ਹੈ।

ਪੌਲੁਸ ਰਸੂਲ ਨੇ ਲਿਖਿਆ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।” (2 ਤਿਮੋਥਿਉਸ 3:16, 17) ਅਸੀਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਬੇਟੇ ਯਿਸੂ ਮਸੀਹ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ? ਹਰ ਗੱਲ ਵਿਚ ਬਾਈਬਲ ਦੀ ਅਗਵਾਈ ਨੂੰ ਦਿਲੋਂ ਸਵੀਕਾਰ ਕਰ ਕੇ ਅਤੇ ਉਸ ਉੱਤੇ ਚੱਲ ਕੇ। ਸਾਡੇ ਬਾਰੇ ਯਹੋਵਾਹ ਅਤੇ ਯਿਸੂ ਦੀ ਰਾਇ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਦਰਅਸਲ, ਉਹੀ ਸਾਨੂੰ ਚੰਗੀ ਤਰ੍ਹਾਂ ਜਾਣਦੇ ਹਨ, ਇਸ ਲਈ ਇਹ ਅਹਿਮ ਹੈ ਕਿ ਉਹ ਸਾਡੇ ਬਾਰੇ ਕਿਵੇਂ ਮਹਿਸੂਸ ਕਰਦੇ ਹਨ। ਆਖ਼ਰਕਾਰ ਸਾਡੀ ਸਦਾ ਦੀ ਜ਼ਿੰਦਗੀ ਇਸ ਤੇ ਨਿਰਭਰ ਕਰਦੀ ਹੈ ਕਿ ਉਹ ਸਾਨੂੰ ਚੰਗਾ ਸਮਝਦੇ ਹਨ ਕਿ ਨਹੀਂ।—ਯੂਹੰਨਾ 5:27; ਯਾਕੂਬ 1:12.

[ਸਫ਼ੇ 30 ਉੱਤੇ ਸੁਰਖੀ]

“ਆਪਣੀ ਪ੍ਰਸ਼ੰਸਾ ਸੁਣ ਕੇ ਮੈਨੂੰ ਸ਼ਰਮ ਆਉਂਦੀ ਹੈ ਕਿਉਂਕਿ ਮੈਂ ਮਨ ਹੀ ਮਨ ਵਿਚ ਇਸ ਨੂੰ ਪਾਉਣ ਲਈ ਤਰਸਦਾ ਹਾਂ।”—ਰਾਬਿੰਦਰਨਾਥ ਟੈਗੋਰ

[ਸਫ਼ੇ 31 ਉੱਤੇ ਤਸਵੀਰਾਂ]

ਸਾਡੇ ਭੈਣ-ਭਾਈਆਂ ਦੀ ਰਾਇ ਸਾਡੇ ਲਈ ਅਹਿਮੀਅਤ ਰੱਖਦੀ ਹੈ

[ਸਫ਼ੇ 30 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Culver Pictures