Skip to content

Skip to table of contents

ਦੇਖਣ ਨਾਲ ਨਹੀਂ, ਸਗੋਂ ਨਿਹਚਾ ਨਾਲ ਚੱਲੋ!

ਦੇਖਣ ਨਾਲ ਨਹੀਂ, ਸਗੋਂ ਨਿਹਚਾ ਨਾਲ ਚੱਲੋ!

ਦੇਖਣ ਨਾਲ ਨਹੀਂ, ਸਗੋਂ ਨਿਹਚਾ ਨਾਲ ਚੱਲੋ!

“ਅਸੀਂ ਨਿਹਚਾ ਨਾਲ ਚੱਲਦੇ ਹਾਂ, ਨਾ ਵੇਖਣ ਨਾਲ।”—2 ਕੁਰਿੰਥੀਆਂ 5:7.

1. ਕੀ ਸਬੂਤ ਹੈ ਕਿ ਪੌਲੁਸ ਰਸੂਲ ਦੇਖਣ ਨਾਲ ਨਹੀਂ, ਸਗੋਂ ਨਿਹਚਾ ਨਾਲ ਚੱਲਦਾ ਸੀ?

ਸਾਲ 55 ਈ. ਵਿਚ ਸੌਲੁਸ ਨੂੰ ਮਸੀਹੀ ਬਣੇ ਨੂੰ 20 ਸਾਲ ਹੋ ਚੁੱਕੇ ਸਨ। ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਉੱਤੇ ਉਸ ਦੀ ਨਿਹਚਾ ਕਮਜ਼ੋਰ ਨਹੀਂ ਹੋਈ ਸੀ। ਭਾਵੇਂ ਉਸ ਨੇ ਆਪਣੀਆਂ ਅੱਖਾਂ ਨਾਲ ਸਵਰਗੀ ਚੀਜ਼ਾਂ ਨਹੀਂ ਦੇਖੀਆਂ ਸਨ, ਫਿਰ ਵੀ ਉਸ ਦੀ ਨਿਹਚਾ ਪੱਕੀ ਰਹੀ। ਇਸ ਲਈ ਉਸ ਨੇ ਸਵਰਗ ਜਾਣ ਦੀ ਆਸ ਰੱਖਣ ਵਾਲੇ ਮਸੀਹੀਆਂ ਨੂੰ ਲਿਖਦੇ ਸਮੇਂ ਕਿਹਾ: “ਅਸੀਂ ਨਿਹਚਾ ਨਾਲ ਚੱਲਦੇ ਹਾਂ, ਨਾ ਵੇਖਣ ਨਾਲ।”—2 ਕੁਰਿੰਥੀਆਂ 5:7.

2, 3. (ੳ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਨਿਹਚਾ ਨਾਲ ਚੱਲ ਰਹੇ ਹਾਂ? (ਅ) ਦੇਖਣ ਨਾਲ ਚੱਲਣ ਦਾ ਕੀ ਮਤਲਬ ਹੈ?

2 ਨਿਹਚਾ ਨਾਲ ਚੱਲਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖੀਏ। ਸਾਨੂੰ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਜੋ ਵੀ ਕਰਦਾ ਹੈ, ਸਾਡੇ ਭਲੇ ਲਈ ਕਰਦਾ ਹੈ। (ਜ਼ਬੂਰਾਂ ਦੀ ਪੋਥੀ 119:66) ਜਦ ਅਸੀਂ ਜ਼ਿੰਦਗੀ ਵਿਚ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਸੱਚਾਈਆਂ ਨੂੰ ਮਨ ਵਿਚ ਰੱਖਦੇ ਹਾਂ “ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ।” (ਇਬਰਾਨੀਆਂ 11:1, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਨ੍ਹਾਂ ਸੱਚਾਈਆਂ ਵਿਚ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਦਾ ਵਾਅਦਾ ਸ਼ਾਮਲ ਹੈ। (2 ਪਤਰਸ 3:13) ਦੂਜੇ ਪਾਸੇ, ਦੇਖਣ ਨਾਲ ਚੱਲਣ ਦਾ ਮਤਲਬ ਹੈ ਆਰਾਮ ਦੀ ਜ਼ਿੰਦਗੀ ਜੀਣੀ ਅਤੇ ਦਿਸਣ ਵਾਲੀਆਂ ਚੀਜ਼ਾਂ ਦੇ ਪਿੱਛੇ ਲੱਗੇ ਰਹਿਣਾ। ਇਹ ਖ਼ਤਰਨਾਕ ਹੈ ਕਿਉਂਕਿ ਹੌਲੀ-ਹੌਲੀ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਤੋਂ ਹਟ ਜਾਵਾਂਗੇ।—ਜ਼ਬੂਰਾਂ ਦੀ ਪੋਥੀ 81:12; ਉਪਦੇਸ਼ਕ ਦੀ ਪੋਥੀ 11:9.

3 ਚਾਹੇ ਅਸੀਂ “ਛੋਟੇ ਝੁੰਡ” ਦੇ ਮੈਂਬਰ ਹਾਂ ਜੋ ਸਵਰਗ ਨੂੰ ਜਾਣਗੇ, ਜਾਂ ‘ਹੋਰ ਭੇਡਾਂ’ ਦੇ ਮੈਂਬਰ ਜੋ ਧਰਤੀ ਉੱਤੇ ਰਹਿਣਗੇ, ਸਾਨੂੰ ਸਾਰਿਆਂ ਨੂੰ ਦੇਖਣ ਨਾਲ ਨਹੀਂ, ਸਗੋਂ ਨਿਹਚਾ ਨਾਲ ਚੱਲਣ ਦੀ ਸਲਾਹ ਮੰਨਣੀ ਚਾਹੀਦੀ ਹੈ। (ਲੂਕਾ 12:32; ਯੂਹੰਨਾ 10:16) ਆਓ ਆਪਾਂ ਦੇਖੀਏ ਕਿ ਇਹ ਸਲਾਹ ‘ਥੋੜ੍ਹੇ ਚਿਰ ਦੇ ਭੋਗ ਬਿਲਾਸ’ ਦੇ ਫੰਦੇ ਤੋਂ, ਮਾਇਆ ਦੇ ਜਾਲ ਵਿਚ ਫਸਣ ਤੋਂ ਅਤੇ ਇਹ ਭੁੱਲਣ ਤੋਂ ਕਿ ਅੰਤ ਨਜ਼ਦੀਕ ਹੈ, ਸਾਡੀ ਰਾਖੀ ਕਿਵੇਂ ਕਰੇਗੀ। ਇਸ ਦੇ ਨਾਲ-ਨਾਲ ਅਸੀਂ ਦੇਖਣ ਨਾਲ ਚੱਲਣ ਦੇ ਖ਼ਤਰਿਆਂ ਉੱਤੇ ਵੀ ਗੌਰ ਕਰਾਂਗੇ।—ਇਬਰਾਨੀਆਂ 11:25.

‘ਥੋੜ੍ਹੇ ਚਿਰ ਦੇ ਭੋਗ ਬਿਲਾਸ’ ਤੋਂ ਦੂਰ ਰਹੋ

4. ਮੂਸਾ ਨੇ ਕਿਹੜਾ ਫ਼ੈਸਲਾ ਕੀਤਾ ਸੀ ਅਤੇ ਕਿਉਂ?

4 ਜ਼ਰਾ ਸੋਚੋ ਕਿ ਅਮਰਾਮ ਦਾ ਪੁੱਤਰ ਮੂਸਾ ਕਿਹੋ ਜਿਹੀ ਜ਼ਿੰਦਗੀ ਜੀ ਸਕਦਾ ਸੀ। ਉਹ ਪ੍ਰਾਚੀਨ ਮਿਸਰ ਦੇ ਸ਼ਾਹੀ ਖ਼ਾਨਦਾਨ ਵਿਚ ਵੱਡਾ ਹੋਇਆ ਅਤੇ ਉਸ ਨੂੰ ਤਾਕਤ, ਦੌਲਤ, ਸ਼ੌਹਰਤ ਸਭ ਮਿਲ ਸਕਦੀ ਸੀ। ਮੂਸਾ ਸੋਚ ਸਕਦਾ ਸੀ: ‘ਮੈਂ ਮਿਸਰ ਦੀ ਵਿਦਿਆ ਪ੍ਰਾਪਤ ਕੀਤੀ ਹੈ। ਮੇਰੇ ਰੁਤਬੇ ਕਰਕੇ ਲੋਕਾਂ ਤੇ ਮੇਰਾ ਕਾਫ਼ੀ ਦਬਦਬਾ ਹੈ। ਮੈਂ ਮਹਿਲ ਵਿਚ ਰਹਿ ਕੇ ਅਤੇ ਆਪਣਾ ਅਸਰ-ਰਸੂਖ ਵਰਤ ਕੇ ਆਪਣੇ ਇਬਰਾਨੀ ਭਰਾਵਾਂ ਦੀ ਮਦਦ ਕਰ ਸਕਦਾ ਹਾਂ!’ (ਰਸੂਲਾਂ ਦੇ ਕਰਤੱਬ 7:22) ਇਸ ਦੀ ਬਜਾਇ ਮੂਸਾ ਨੇ “ਪਰਮੇਸ਼ਰ ਦੇ ਲੋਕਾਂ ਨਾਲ ਦੁੱਖ ਸਹਿਣ” ਦਾ ਫ਼ੈਸਲਾ ਕੀਤਾ। ਮੂਸਾ ਨੇ ਮਿਸਰ ਦੀ ਐਸ਼ੋ-ਆਰਾਮ ਤੋਂ ਆਪਣਾ ਮੂੰਹ ਕਿਉਂ ਮੋੜਿਆ ਸੀ? ਬਾਈਬਲ ਜਵਾਬ ਦਿੰਦੀ ਹੈ: “ਮੂਸਾ ਨੇ ਵਿਸ਼ਵਾਸ ਦੇ ਦੁਆਰਾ ਹੀ ਰਾਜਾ ਦੇ ਹੁਕਮ ਤੋਂ ਬਿਨਾਂ ਡਰਿਆਂ ਮਿਸਰ ਛੱਡ ਦਿੱਤਾ ਸੀ। ਉਹ ਇਸ ਤਰ੍ਹਾਂ ਅਟਲ ਰਿਹਾ, ਜਿਸ ਤਰ੍ਹਾਂ ਕਿ ਉਸ ਨੇ ਅਣਦੇਖੇ ਪਰਮੇਸ਼ਰ ਦਾ ਦਰਸ਼ਨ ਕਰ ਲਿਆ ਸੀ।” (ਇਬਰਾਨੀਆਂ 11:24-27, ਨਵਾਂ ਅਨੁਵਾਦ) ਮੂਸਾ ਨੂੰ ਪੂਰੀ ਨਿਹਚਾ ਸੀ ਕਿ ਯਹੋਵਾਹ ਉਸ ਨੂੰ ਇਸ ਕੁਰਬਾਨੀ ਦਾ ਇਨਾਮ ਦੇਵੇਗਾ। ਇਸ ਪੱਕੀ ਨਿਹਚਾ ਨੇ ਉਸ ਨੂੰ ਪਾਪ ਨਾ ਕਰਨ ਅਤੇ ਥੋੜ੍ਹੇ ਚਿਰ ਦੀ ਮੌਜ-ਮਸਤੀ ਤੋਂ ਦੂਰ ਰਹਿਣ ਦੀ ਤਾਕਤ ਦਿੱਤੀ।

5. ਮੂਸਾ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?

5 ਕਈ ਵਾਰ ਸਾਨੂੰ ਵੀ ਔਖੇ ਫ਼ੈਸਲੇ ਕਰਨੇ ਪੈਂਦੇ ਹਨ। ਮਿਸਾਲ ਲਈ: ‘ਕੀ ਮੈਨੂੰ ਅਜਿਹੇ ਕੰਮ ਜਾਂ ਆਦਤਾਂ ਛੱਡਣੀਆਂ ਚਾਹੀਦੀਆਂ ਹਨ ਜੋ ਬਾਈਬਲ ਦੇ ਅਸੂਲਾਂ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੀਆਂ? ਕੀ ਮੈਨੂੰ ਅਜਿਹੀ ਨੌਕਰੀ ਕਰਨੀ ਚਾਹੀਦੀ ਹੈ ਜਿਸ ਵਿਚ ਮੈਂ ਪੈਸਾ ਤਾਂ ਬਹੁਤ ਕਮਾ ਸਕਦਾ ਹਾਂ, ਪਰ ਮੈਂ ਸੱਚਾਈ ਵਿਚ ਜ਼ਿਆਦਾ ਤਰੱਕੀ ਨਹੀਂ ਕਰ ਸਕਾਂਗਾ?’ ਮੂਸਾ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਸਿਰਫ਼ ਅੱਜ ਲਈ ਹੀ ਨਹੀਂ ਜੀਉਣਾ ਚਾਹੀਦਾ, ਸਗੋਂ ਆਪਣੇ ਸਦੀਵੀ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਸਮਝਦਾਰੀ ਨਾਲ ਫ਼ੈਸਲੇ ਕਰਨੇ ਚਾਹੀਦੇ ਹਨ। ਸਾਨੂੰ “ਅਣਦੇਖੇ ਪਰਮੇਸ਼ਰ” ਯਹੋਵਾਹ ਦੀ ਬੁੱਧ ਉੱਤੇ ਨਿਹਚਾ ਕਰਨੀ ਚਾਹੀਦੀ ਹੈ। ਮੂਸਾ ਵਾਂਗ ਆਓ ਆਪਾਂ ਵੀ ਯਹੋਵਾਹ ਨਾਲ ਆਪਣੀ ਦੋਸਤੀ ਨੂੰ ਇਸ ਦੁਨੀਆਂ ਵਿਚ ਹਰ ਚੀਜ਼ ਨਾਲੋਂ ਕੀਮਤੀ ਸਮਝੀਏ।

6, 7. (ੳ) ਏਸਾਓ ਨੇ ਕਿਵੇਂ ਦਿਖਾਇਆ ਕਿ ਉਹ ਦੇਖਣ ਨਾਲ ਚੱਲਣਾ ਚਾਹੁੰਦਾ ਸੀ? (ਅ) ਏਸਾਓ ਦੀ ਮਿਸਾਲ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈ?

6 ਇਸਹਾਕ ਦਾ ਪੁੱਤਰ ਏਸਾਓ ਮੂਸਾ ਦੇ ਬਿਲਕੁਲ ਉਲਟ ਸੀ। ਏਸਾਓ ਚਾਹੁੰਦਾ ਸੀ ਕਿ ਉਸ ਦੀ ਹਰ ਲਾਲਸਾ ਫ਼ੌਰਨ ਪੂਰੀ ਕੀਤੀ ਜਾਵੇ। (ਉਤਪਤ 25:30-34) ਏਸਾਓ ਨੇ ਪਵਿੱਤਰ ਚੀਜ਼ਾਂ ਦੀ ਕਦਰ ਨਹੀਂ ਕੀਤੀ ਅਤੇ “ਇੱਕ ਡੰਗ ਦੇ ਖਾਣ” ਲਈ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ। (ਇਬਰਾਨੀਆਂ 12:16) ਉਸ ਨੇ ਇਹ ਨਹੀਂ ਸੋਚਿਆ ਕਿ ਜੇਠੇ ਹੋਣ ਦਾ ਹੱਕ ਵੇਚਣ ਦਾ ਯਹੋਵਾਹ ਨਾਲ ਉਸ ਦੇ ਰਿਸ਼ਤੇ ਉੱਤੇ ਅਤੇ ਉਸ ਦੀ ਸੰਤਾਨ ਉੱਤੇ ਕੀ ਅਸਰ ਪਵੇਗਾ। ਏਸਾਓ ਦੀ ਨਜ਼ਰ ਰੂਹਾਨੀ ਗੱਲਾਂ ਦੀ ਬਜਾਇ ਭੌਤਿਕ ਚੀਜ਼ਾਂ ਉੱਤੇ ਟਿਕੀ ਹੋਈ ਸੀ। ਉਸ ਨੇ ਪਰਮੇਸ਼ੁਰ ਦੇ ਵਾਅਦਿਆਂ ਨੂੰ ਮਾਮੂਲੀ ਸਮਝਦੇ ਹੋਏ ਇਨ੍ਹਾਂ ਨੂੰ ਅੱਖੋਂ ਓਹਲੇ ਕਰ ਦਿੱਤਾ। ਉਹ ਨਿਹਚਾ ਨਾਲ ਨਹੀਂ, ਸਗੋਂ ਦੇਖਣ ਨਾਲ ਚੱਲਿਆ।

7 ਏਸਾਓ ਦੀ ਮਿਸਾਲ ਸਾਡੇ ਲਈ ਇਕ ਚੇਤਾਵਨੀ ਹੈ। (1 ਕੁਰਿੰਥੀਆਂ 10:11) ਜਦ ਅਸੀਂ ਛੋਟੇ-ਵੱਡੇ ਫ਼ੈਸਲੇ ਕਰਦੇ ਹਾਂ, ਤਾਂ ਸਾਨੂੰ ਸ਼ਤਾਨ ਦੀ ਦੁਨੀਆਂ ਵਾਂਗ ਨਹੀਂ ਸੋਚਣਾ ਚਾਹੀਦਾ, ਜੋ ਕਹਿੰਦੀ ਹੈ ਕਿ ਤੁਸੀਂ ਜੋ ਵੀ ਚਾਹੁੰਦੇ ਹੋ ਉਸ ਨੂੰ ਹੁਣੇ ਹਾਸਲ ਕਰੋ। ਸਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਕੀ ਮੇਰੇ ਫ਼ੈਸਲੇ ਇਹ ਦਿਖਾਉਂਦੇ ਹਨ ਕਿ ਮੈਂ ਏਸਾਓ ਵਰਗਾ ਹਾਂ? ਕੀ ਮੈਂ ਦੁਨਿਆਵੀ ਚੀਜ਼ਾਂ ਹਾਸਲ ਕਰਨ ਲਈ ਪਰਮੇਸ਼ੁਰ ਦੀ ਸੇਵਾ ਨੂੰ ਦੂਜੀ ਥਾਂ ਤੇ ਰੱਖਦਾ ਹਾਂ? ਕੀ ਮੇਰੇ ਫ਼ੈਸਲੇ ਪਰਮੇਸ਼ੁਰ ਨਾਲ ਮੇਰੀ ਦੋਸਤੀ ਅਤੇ ਮੇਰੇ ਭਵਿੱਖ ਨੂੰ ਖ਼ਤਰੇ ਵਿਚ ਪਾ ਰਹੇ ਹਨ? ਮੈਂ ਦੂਸਰਿਆਂ ਲਈ ਕਿਹੋ ਜਿਹੀ ਮਿਸਾਲ ਕਾਇਮ ਕਰ ਰਿਹਾ ਹਾਂ?’ ਜੇ ਸਾਡੇ ਫ਼ੈਸਲੇ ਪਵਿੱਤਰ ਚੀਜ਼ਾਂ ਲਈ ਸਾਡੀ ਕਦਰ ਜ਼ਾਹਰ ਕਰਦੇ ਹਨ, ਤਾਂ ਯਹੋਵਾਹ ਸਾਨੂੰ ਜ਼ਰੂਰ ਬਰਕਤਾਂ ਦੇਵੇਗਾ।—ਕਹਾਉਤਾਂ 10:22.

ਮਾਇਆ ਦੇ ਜਾਲ ਤੋਂ ਬਚੋ

8. ਲਾਉਦਿਕੀਆ ਦੇ ਮਸੀਹੀਆਂ ਨੂੰ ਕਿਹੜੀ ਚੇਤਾਵਨੀ ਮਿਲੀ ਸੀ ਅਤੇ ਸਾਨੂੰ ਇਸ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

8 ਪਹਿਲੀ ਸਦੀ ਵਿਚ ਮਹਿਮਾਵਾਨ ਯਿਸੂ ਮਸੀਹ ਨੇ ਯੂਹੰਨਾ ਰਸੂਲ ਨੂੰ ਕਈ ਦਰਸ਼ਣ ਦਿਖਾਏ। ਇਕ ਦਰਸ਼ਣ ਵਿਚ ਉਸ ਨੇ ਏਸ਼ੀਆ ਮਾਈਨਰ ਵਿਚ ਲਾਉਦਿਕੀਆ ਦੀ ਕਲੀਸਿਯਾ ਨੂੰ ਸੰਦੇਸ਼ ਦਿੱਤਾ। ਇਸ ਸੰਦੇਸ਼ ਵਿਚ ਮਾਇਆ ਦੇ ਜਾਲ ਵਿਚ ਨਾ ਫਸਣ ਦੀ ਚੇਤਾਵਨੀ ਦਿੱਤੀ ਗਈ ਸੀ। ਭਾਵੇਂ ਲਾਉਦਿਕੀਆ ਦੇ ਮਸੀਹੀ ਅਮੀਰ ਸਨ, ਪਰ ਉਹ ਨਿਹਚਾ ਵਿਚ ਗ਼ਰੀਬ ਸਨ। ਨਿਹਚਾ ਨਾਲ ਨਾ ਚੱਲਣ ਕਰਕੇ ਧਨ-ਦੌਲਤ ਨੇ ਉਨ੍ਹਾਂ ਨੂੰ ਅੰਨ੍ਹਾ ਕਰ ਦਿੱਤਾ ਸੀ। (ਪਰਕਾਸ਼ ਦੀ ਪੋਥੀ 3:14-18) ਸਾਡੇ ਉੱਤੇ ਵੀ ਧਨ-ਦੌਲਤ ਦਾ ਇਹੋ ਅਸਰ ਪੈ ਸਕਦਾ ਹੈ। ਇਸ ਦਾ ਪਿੱਛਾ ਕਰਨ ਨਾਲ ਸਾਡੀ ਨਿਹਚਾ ਕਮਜ਼ੋਰ ਹੋ ਜਾਵੇਗੀ ਅਤੇ ਅਸੀਂ ‘ਸਬਰ ਨਾਲ ਦੌੜਨਾ’ ਛੱਡ ਦਿਆਂਗੇ। (ਇਬਰਾਨੀਆਂ 12:1) ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਇਸ ਜ਼ਿੰਦਗੀ ਦੇ “ਭੋਗ ਬਿਲਾਸ” ਕਰਕੇ ਰੂਹਾਨੀ ਕੰਮਾਂ ਵਿਚ ਹਿੱਸਾ ਲੈਣ ਦੀ ਸਾਡੀ ਇੱਛਾ ‘ਦੱਬ’ ਜਾਵੇਗੀ ਅਤੇ ਅਸੀਂ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦਿਆਂਗੇ।—ਲੂਕਾ 8:14.

9. ਸੰਤੁਸ਼ਟ ਰਹਿਣ ਤੇ ਰੂਹਾਨੀ ਖ਼ੁਰਾਕ ਲਈ ਧੰਨਵਾਦੀ ਹੋਣ ਨਾਲ ਸਾਡੀ ਰੱਖਿਆ ਕਿਵੇਂ ਹੁੰਦੀ ਹੈ?

9 ਇਸ ਦੁਨੀਆਂ ਵਿਚ ਐਸ਼ੋ-ਆਰਾਮ ਵਾਲੀ ਜ਼ਿੰਦਗੀ ਜੀਉਣ ਦੀ ਬਜਾਇ ਸਾਦੀ ਜ਼ਿੰਦਗੀ ਜੀ ਕੇ ਸੰਤੁਸ਼ਟ ਰਹਿਣ ਨਾਲ ਸਾਡੀ ਨਿਹਚਾ ਪੱਕੀ ਰਹਿ ਸਕਦੀ ਹੈ। (1 ਕੁਰਿੰਥੀਆਂ 7:31; 1 ਤਿਮੋਥਿਉਸ 6:6-8) ਜਦ ਅਸੀਂ ਦੇਖਣ ਨਾਲ ਨਹੀਂ, ਸਗੋਂ ਨਿਹਚਾ ਨਾਲ ਚੱਲਦੇ ਹਾਂ, ਤਾਂ ਅਸੀਂ ਯਹੋਵਾਹ ਦੇ ਲੋਕਾਂ ਵਿਚ ਰਹਿ ਕੇ ਰੂਹਾਨੀ ਖ਼ੁਸ਼ਹਾਲੀ ਦਾ ਆਨੰਦ ਮਾਣਦੇ ਹਾਂ। ਰੂਹਾਨੀ ਭੋਜਨ ਖਾ ਕੇ ਅਸੀਂ ‘ਖੁਸ਼ ਦਿਲੀ ਨਾਲ ਜੈਕਾਰੇ ਗਜਾਉਂਦੇ’ ਹਾਂ। (ਯਸਾਯਾਹ 65:13, 14) ਇਸ ਤੋਂ ਇਲਾਵਾ, ਸਾਨੂੰ ਉਨ੍ਹਾਂ ਨਾਲ ਸੰਗਤ ਰੱਖ ਕੇ ਖ਼ੁਸ਼ੀ ਮਿਲਦੀ ਹੈ ਜਿਨ੍ਹਾਂ ਨੇ ਆਪਣੇ ਅੰਦਰ ਪਰਮੇਸ਼ੁਰ ਦੀ ਆਤਮਾ ਦਾ ਫਲ ਪੈਦਾ ਕੀਤਾ ਹੈ। (ਗਲਾਤੀਆਂ 5:22, 23) ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਰੂਹਾਨੀ ਪ੍ਰਬੰਧਾਂ ਤੋਂ ਪੂਰਾ-ਪੂਰਾ ਲਾਭ ਲਈਏ!

10. ਸਾਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

10 ਸਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਮੇਰੀ ਜ਼ਿੰਦਗੀ ਵਿਚ ਧਨ-ਦੌਲਤ ਦੀ ਕੀ ਅਹਿਮੀਅਤ ਹੈ? ਕੀ ਮੈਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਰਿਹਾ ਹਾਂ ਜਾਂ ਕੀ ਮੈਂ ਯਹੋਵਾਹ ਦੀ ਭਗਤੀ ਲਈ ਆਪਣਾ ਪੈਸਾ ਵਰਤ ਰਿਹਾ ਹਾਂ? ਮੈਨੂੰ ਕਿਨ੍ਹਾਂ ਗੱਲਾਂ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ? ਬਾਈਬਲ ਦਾ ਅਧਿਐਨ ਕਰਨ ਅਤੇ ਸਭਾਵਾਂ ਵਿਚ ਭੈਣਾਂ-ਭਰਾਵਾਂ ਨੂੰ ਮਿਲਣ ਤੋਂ ਜਾਂ ਛੁੱਟੀਆਂ ਤੇ ਜਾਣ ਤੋਂ? ਕੀ ਮੈਂ ਸ਼ਨੀਵਾਰ ਤੇ ਐਤਵਾਰ ਨੂੰ ਪ੍ਰਚਾਰ ਕਰਨ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਕੰਮ ਕਰਨ ਦੀ ਬਜਾਇ ਦਿਲਪਰਚਾਵੇ ਵਿਚ ਜ਼ਿਆਦਾ ਸਮਾਂ ਲਾਉਂਦਾ ਹਾਂ?’ ਜਿਹੜੇ ਨਿਹਚਾ ਨਾਲ ਚੱਲਦੇ ਹਨ ਉਹ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਪੂਰਾ ਵਿਸ਼ਵਾਸ ਰੱਖਦੇ ਹੋਏ ਉਸ ਦੇ ਕੰਮਾਂ ਵਿਚ ਰੁੱਝੇ ਰਹਿੰਦੇ ਹਨ।—1 ਕੁਰਿੰਥੀਆਂ 15:58.

ਯਾਦ ਰੱਖੋ ਕਿ ਅੰਤ ਨਜ਼ਦੀਕ ਹੈ

11. ਨਿਹਚਾ ਨਾਲ ਚੱਲ ਕੇ ਸਾਨੂੰ ਇਹ ਯਾਦ ਰੱਖਣ ਵਿਚ ਮਦਦ ਕਿਵੇਂ ਮਿਲਦੀ ਹੈ ਕਿ ਅੰਤ ਨਜ਼ਦੀਕ ਹੈ?

11 ਨਿਹਚਾ ਨਾਲ ਚੱਲਣ ਕਰਕੇ ਅਸੀਂ ਇਹ ਨਹੀਂ ਸੋਚਾਂਗੇ ਕਿ ਅੰਤ ਅਜੇ ਬਹੁਤ ਦੂਰ ਹੈ ਜਾਂ ਇਹ ਨਹੀਂ ਆਵੇਗਾ। ਅਸੀਂ ਉਨ੍ਹਾਂ ਲੋਕਾਂ ਵਰਗੇ ਨਹੀਂ ਜੋ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਮਖੌਲ ਉਡਾਉਂਦੇ ਹਨ, ਪਰ ਅਸੀਂ ਸਮਝਦੇ ਹਾਂ ਕਿ ਦੁਨੀਆਂ ਦੇ ਹਾਲਾਤ ਬਾਈਬਲ ਵਿਚ ਦੱਸੀਆਂ ਗੱਲਾਂ ਨਾਲ ਮੇਲ ਖਾਂਦੇ ਹਨ। (2 ਪਤਰਸ 3:3, 4) ਮਿਸਾਲ ਲਈ, ਲੋਕਾਂ ਦੇ ਰਵੱਈਏ ਤੇ ਚਾਲ-ਚਲਣ ਤੋਂ ਸਬੂਤ ਮਿਲਦਾ ਹੈ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5) ਨਿਹਚਾ ਦੀਆਂ ਅੱਖਾਂ ਨਾਲ ਅਸੀਂ ਦੇਖ ਸਕਦੇ ਹਾਂ ਕਿ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕਰ ਰਹੀਆਂ ਹਨ। ਉਹ ‘ਮਸੀਹ ਦੇ ਆਉਣ ਅਰ ਜੁਗ ਦੇ ਅੰਤ ਦਾ ਲੱਛਣ ਹਨ।’—ਮੱਤੀ 24:1-14.

12. ਲੂਕਾ 21:20, 21 ਵਿਚ ਦਰਜ ਯਿਸੂ ਦੇ ਸ਼ਬਦ ਪਹਿਲੀ ਸਦੀ ਵਿਚ ਕਿਵੇਂ ਪੂਰੇ ਹੋਏ ਸਨ?

12 ਪਹਿਲੀ ਸਦੀ ਵਿਚ ਹੋਈ ਇਕ ਘਟਨਾ ਅੱਜ ਸਾਡੇ ਲਈ ਅਹਿਮੀਅਤ ਰੱਖਦੀ ਹੈ। ਜਦ ਯਿਸੂ ਮਸੀਹ ਧਰਤੀ ਉੱਤੇ ਸੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ: “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ। ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ ਅਤੇ ਓਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ।” (ਲੂਕਾ 21:20, 21) ਇਸ ਭਵਿੱਖਬਾਣੀ ਦੀ ਪੂਰਤੀ ਵਿਚ 66 ਈ. ਵਿਚ ਸੈਸਟੀਅਸ ਗੈਲਸ ਦੇ ਅਧੀਨ ਰੋਮੀ ਫ਼ੌਜਾਂ ਨੇ ਯਰੂਸ਼ਲਮ ਦੀ ਘੇਰਾਬੰਦੀ ਕੀਤੀ। ਪਰ ਅਚਾਨਕ ਇਹ ਫ਼ੌਜਾਂ ਪਿੱਛੇ ਹਟ ਗਈਆਂ ਤੇ ਮਸੀਹੀਆਂ ਨੂੰ ‘ਪਹਾੜਾਂ ਨੂੰ ਭੱਜਣ’ ਦਾ ਮੌਕਾ ਮਿਲ ਗਿਆ। ਸੰਨ 70 ਈ. ਵਿਚ ਰੋਮੀ ਫ਼ੌਜਾਂ ਨੇ ਵਾਪਸ ਆ ਕੇ ਯਰੂਸ਼ਲਮ ਸ਼ਹਿਰ ਨੂੰ ਅਤੇ ਉਸ ਦੀ ਹੈਕਲ ਨੂੰ ਤਬਾਹ ਕਰ ਦਿੱਤਾ। ਇਤਿਹਾਸਕਾਰ ਜੋਸੀਫ਼ਸ ਨੇ ਦੱਸਿਆ ਕਿ ਉਸ ਸਮੇਂ 10 ਲੱਖ ਤੋਂ ਜ਼ਿਆਦਾ ਯਹੂਦੀ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਅਤੇ 97,000 ਲੋਕ ਗ਼ੁਲਾਮ ਬਣਾ ਲਏ ਗਏ। ਯਹੋਵਾਹ ਨੇ ਉਸ ਯਹੂਦੀ ਰੀਤੀ-ਵਿਵਸਥਾ ਨੂੰ ਖ਼ਤਮ ਕਰ ਦਿੱਤਾ ਸੀ। ਪਰ ਜਿਨ੍ਹਾਂ ਨੇ ਨਿਹਚਾ ਨਾਲ ਚੱਲਦੇ ਹੋਏ ਯਿਸੂ ਦੀ ਚੇਤਾਵਨੀ ਵੱਲ ਧਿਆਨ ਦਿੱਤਾ, ਉਹ ਉੱਥੋਂ ਬਚ ਨਿਕਲੇ।

13, 14. (ੳ) ਕਿਹੜੀਆਂ ਘਟਨਾਵਾਂ ਹੋਣ ਵਾਲੀਆਂ ਹਨ? (ਅ) ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਪ੍ਰਤੀ ਸੁਚੇਤ ਕਿਉਂ ਰਹਿਣਾ ਚਾਹੀਦਾ ਹੈ?

13 ਅੱਜ ਸਾਡੇ ਜ਼ਮਾਨੇ ਵਿਚ ਵੀ ਅਜਿਹਾ ਕੁਝ ਹੋਣ ਵਾਲਾ ਹੈ। ਸੰਯੁਕਤ ਰਾਸ਼ਟਰ-ਸੰਘ ਦੇ ਮੈਂਬਰ ਦੇਸ਼ ਯਹੋਵਾਹ ਦਾ ਮਕਸਦ ਪੂਰਾ ਕਰਨ ਵਿਚ ਸ਼ਾਮਲ ਹੋਣਗੇ। ਠੀਕ ਜਿਵੇਂ ਪਹਿਲੀ ਸਦੀ ਵਿਚ ਰੋਮੀ ਫ਼ੌਜਾਂ ਸ਼ਾਂਤੀ ਕਾਇਮ ਰੱਖਦੀਆਂ ਸਨ, ਉਸੇ ਤਰ੍ਹਾਂ ਅੱਜ ਸੰਯੁਕਤ ਰਾਸ਼ਟਰ-ਸੰਘ ਨੂੰ ਸ਼ਾਂਤੀ ਕਾਇਮ ਰੱਖਣ ਲਈ ਬਣਾਇਆ ਗਿਆ ਹੈ। ਭਾਵੇਂ ਰੋਮੀ ਫ਼ੌਜਾਂ ਦੁਨੀਆਂ ਵਿਚ ਅਮਨ-ਚੈਨ ਬਣਾਈ ਰੱਖਣ ਦੀ ਕੋਸ਼ਿਸ਼ ਕਰਦੀਆਂ ਸਨ, ਪਰ ਉਨ੍ਹਾਂ ਨੇ ਹੀ ਯਰੂਸ਼ਲਮ ਦਾ ਨਾਸ਼ ਕੀਤਾ। ਯਰੂਸ਼ਲਮ ਸ਼ਹਿਰ ਅੱਜ ਈਸਾਈ-ਜਗਤ ਨੂੰ ਦਰਸਾਉਂਦਾ ਹੈ। ਬਾਈਬਲ ਦੀਆਂ ਭਵਿੱਖਬਾਣੀਆਂ ਦਿਖਾਉਂਦੀਆਂ ਹਨ ਕਿ ਇਕ ਅਜਿਹਾ ਦਿਨ ਆਉਣ ਵਾਲਾ ਹੈ ਜਦੋਂ ਸੰਯੁਕਤ ਰਾਸ਼ਟਰ-ਸੰਘ ਦੇ ਮੈਂਬਰ ਦੇਸ਼ ਧਰਮ ਨੂੰ ਵਿਸ਼ਵ ਸ਼ਾਂਤੀ ਵਿਚ ਅੜਿੱਕਾ ਸਮਝਣਗੇ। ਉਦੋਂ ਰਾਸ਼ਟਰ-ਸੰਘ ਦੀਆਂ ਫ਼ੌਜਾਂ ਈਸਾਈ-ਜਗਤ ਅਤੇ ਵੱਡੀ ਬਾਬਲ ਦੇ ਬਾਕੀ ਹਿੱਸੇ ਨੂੰ ਨਾਸ਼ ਕਰ ਦੇਣਗੀਆਂ। (ਪਰਕਾਸ਼ ਦੀ ਪੋਥੀ 17:12-17) ਜੀ ਹਾਂ, ਸਾਰੇ ਝੂਠੇ ਧਰਮਾਂ ਉੱਤੇ ਤਬਾਹੀ ਦਾ ਖ਼ਤਰਾ ਮੰਡਰਾ ਰਿਹਾ ਹੈ।

14 ਝੂਠੇ ਧਰਮਾਂ ਦੇ ਅੰਤ ਨਾਲ ਵੱਡੀ ਬਿਪਤਾ ਦੀ ਸ਼ੁਰੂਆਤ ਹੋਵੇਗੀ। ਵੱਡੀ ਬਿਪਤਾ ਦੇ ਅਖ਼ੀਰਲੇ ਪੜਾਅ ਤੇ ਸ਼ਤਾਨ ਦੀ ਦੁਨੀਆਂ ਦੇ ਬਾਕੀ ਹਿੱਸੇ ਵੀ ਨਸ਼ਟ ਕੀਤੇ ਜਾਣਗੇ। (ਮੱਤੀ 24:29, 30; ਪਰਕਾਸ਼ ਦੀ ਪੋਥੀ 16:14, 16) ਨਿਹਚਾ ਨਾਲ ਚੱਲਣ ਨਾਲ ਅਸੀਂ ਸੁਚੇਤ ਰਹਾਂਗੇ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਕਿਵੇਂ ਹੋ ਰਹੀ ਹੈ। ਅਸੀਂ ਧੋਖਾ ਨਹੀਂ ਖਾਂਦੇ ਕਿ ਯਹੋਵਾਹ ਸੰਯੁਕਤ ਰਾਸ਼ਟਰ-ਸੰਘ ਵਰਗੀ ਇਨਸਾਨੀ ਸੰਸਥਾ ਰਾਹੀਂ ਧਰਤੀ ਉੱਤੇ ਅਮਨ-ਚੈਨ ਲਿਆਵੇਗਾ। ਤਾਂ ਫਿਰ ਕੀ ਸਾਡੇ ਜੀਉਣ ਦੇ ਤੌਰ-ਤਰੀਕੇ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਅਸੀਂ ਮੰਨਦੇ ਹਾਂ ਕਿ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ”?—ਸਫ਼ਨਯਾਹ 1:14.

ਦੇਖਣ ਨਾਲ ਚੱਲਣਾ ਕਿੰਨਾ ਕੁ ਖ਼ਤਰਨਾਕ ਹੈ?

15. ਪਰਮੇਸ਼ੁਰ ਦੀ ਬਰਕਤ ਮਿਲਣ ਦੇ ਬਾਵਜੂਦ ਇਸਰਾਏਲ ਕੌਮ ਕਿਸ ਫੰਦੇ ਵਿਚ ਫਸ ਗਈ ਸੀ?

15 ਪ੍ਰਾਚੀਨ ਇਸਰਾਏਲ ਨਾਲ ਜੋ ਕੁਝ ਹੋਇਆ, ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਦੇਖਣ ਨਾਲ ਚੱਲ ਕੇ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ ਅਤੇ ਅਸੀਂ ਕਈ ਖ਼ਤਰਿਆਂ ਵਿਚ ਪੈ ਸਕਦੇ ਹਾਂ। ਭਾਵੇਂ ਇਸਰਾਏਲੀਆਂ ਨੇ ਮਿਸਰ ਦੇ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਵਾਲੀਆਂ ਦਸ ਬਵਾਂ ਦੇਖੀਆਂ ਅਤੇ ਉਨ੍ਹਾਂ ਨੂੰ ਚਮਤਕਾਰੀ ਢੰਗ ਨਾਲ ਲਾਲ ਸਮੁੰਦਰ ਵਿੱਚੋਂ ਦੀ ਲੰਘਾਇਆ ਗਿਆ, ਫਿਰ ਵੀ ਉਨ੍ਹਾਂ ਨੇ ਯਹੋਵਾਹ ਦਾ ਹੁਕਮ ਤੋੜਿਆ ਤੇ ਸੋਨੇ ਦਾ ਵੱਛਾ ਬਣਾ ਕੇ ਉਸ ਦੀ ਪੂਜਾ ਕੀਤੀ। ਜਦੋਂ ਮੂਸਾ ਨੇ “ਪਹਾੜੋਂ ਲਹਿਣ ਵਿੱਚ ਚਿਰ ਲਾ ਦਿੱਤਾ,” ਤਾਂ ਉਹ ਧੀਰਜ ਨਾ ਰੱਖ ਸਕੇ ਅਤੇ ਮੂਸਾ ਦੀ ਉਡੀਕ ਕਰਦੇ-ਕਰਦੇ ਅੱਕ ਗਏ। (ਕੂਚ 32:1-4) ਇਸ ਲਈ ਬੇਸਬਰੇ ਹੋ ਕੇ ਉਨ੍ਹਾਂ ਨੇ ਮੂਰਤੀ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਜਿਸ ਨੂੰ ਉਹ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਸਨ। ਦੇਖਣ ਨਾਲ ਚੱਲ ਕੇ ਉਨ੍ਹਾਂ ਨੇ ਯਹੋਵਾਹ ਦਾ ਅਪਮਾਨ ਕੀਤਾ। ਨਤੀਜਾ ਇਹ ਨਿਕਲਿਆ ਕਿ ਉਦੋਂ “ਲੋਕਾਂ ਵਿੱਚੋਂ ਤਿੰਨ ਹਜਾਰ ਮਨੁੱਖ” ਮਾਰੇ ਗਏ। (ਕੂਚ 32:25-29) ਇਸੇ ਤਰ੍ਹਾਂ, ਅੱਜ ਇਹ ਕਿੰਨੀ ਅਫ਼ਸੋਸ ਦੀ ਗੱਲ ਹੈ ਜਦ ਯਹੋਵਾਹ ਦਾ ਕੋਈ ਸੇਵਕ ਅਜਿਹੇ ਫ਼ੈਸਲੇ ਕਰਦਾ ਹੈ ਜੋ ਦਿਖਾਉਂਦੇ ਹਨ ਕਿ ਉਹ ਯਹੋਵਾਹ ਅਤੇ ਉਸ ਦੇ ਵਾਅਦਿਆਂ ਉੱਤੇ ਭਰੋਸਾ ਨਹੀਂ ਰੱਖਦਾ!

16. ਦੇਖਣ ਨਾਲ ਚੱਲਣ ਕਰਕੇ ਇਸਰਾਏਲੀਆਂ ਉੱਤੇ ਕੀ ਅਸਰ ਪਿਆ?

16 ਦੇਖਣ ਨਾਲ ਚੱਲਣ ਦਾ ਇਸਰਾਏਲੀਆਂ ਉੱਤੇ ਹੋਰ ਤਰੀਕਿਆਂ ਨਾਲ ਵੀ ਬੁਰਾ ਅਸਰ ਪਿਆ। ਉਹ ਆਪਣੇ ਵੈਰੀਆਂ ਨੂੰ ਦੇਖ ਕੇ ਬਹੁਤ ਡਰੇ। (ਗਿਣਤੀ 13:28, 32; ਬਿਵਸਥਾ ਸਾਰ 1:28) ਨਤੀਜੇ ਵਜੋਂ ਉਨ੍ਹਾਂ ਨੇ ਯਹੋਵਾਹ ਵੱਲੋਂ ਠਹਿਰਾਏ ਗਏ ਆਗੂ ਮੂਸਾ ਦੇ ਅਧਿਕਾਰ ਨੂੰ ਲਲਕਾਰਿਆ ਅਤੇ ਆਪਣੇ ਹਾਲਾਤਾਂ ਕਰਕੇ ਬੁੜ-ਬੁੜ ਕਰਨ ਲੱਗ ਪਏ। ਨਿਹਚਾ ਦੀ ਘਾਟ ਕਰਕੇ ਉਨ੍ਹਾਂ ਨੇ ਵਾਅਦਾ ਕੀਤੇ ਹੋਏ ਦੇਸ਼ ਦੀ ਬਜਾਇ ਮਿਸਰ ਦਾ ਕਸ਼ਟਦਾਇਕ ਮਾਹੌਲ ਪਸੰਦ ਕੀਤਾ। (ਗਿਣਤੀ 14:1-4; ਜ਼ਬੂਰਾਂ ਦੀ ਪੋਥੀ 106:24) ਉਨ੍ਹਾਂ ਦੀ ਬੇਅਦਬੀ ਤੇ ਗੁਸਤਾਖ਼ੀ ਦੇਖ ਕੇ ਯਹੋਵਾਹ ਦੇ ਦਿਲ ਨੂੰ ਕਿੰਨਾ ਦੁੱਖ ਹੋਇਆ ਹੋਣਾ!

17. ਸਮੂਏਲ ਦੇ ਜ਼ਮਾਨੇ ਵਿਚ ਇਸਰਾਏਲੀ ਯਹੋਵਾਹ ਦੀ ਸੇਧ ਵਿਚ ਕਿਉਂ ਨਹੀਂ ਚੱਲੇ?

17 ਸਮੂਏਲ ਨਬੀ ਦੇ ਜ਼ਮਾਨੇ ਵਿਚ ਵੀ ਇਸਰਾਏਲ ਕੌਮ ਦੇਖਣ ਨਾਲ ਚੱਲਣ ਦੇ ਫੰਦੇ ਵਿਚ ਫਸ ਗਈ ਸੀ। ਲੋਕ ਇਕ ਰਾਜਾ ਚਾਹੁੰਦੇ ਸਨ ਜਿਸ ਨੂੰ ਉਹ ਦੇਖ ਸਕਦੇ ਸਨ। ਭਾਵੇਂ ਯਹੋਵਾਹ ਨੇ ਸਾਫ਼-ਸਾਫ਼ ਦਿਖਾਇਆ ਸੀ ਕਿ ਉਹ ਉਨ੍ਹਾਂ ਦਾ ਰਾਜਾ ਸੀ, ਪਰ ਉਹ ਨਿਹਚਾ ਨਾਲ ਨਹੀਂ ਚੱਲੇ। (1 ਸਮੂਏਲ 8:4-9) ਉਨ੍ਹਾਂ ਨੇ ਯਹੋਵਾਹ ਦੀ ਸੇਧ ਵਿਚ ਨਾ ਚੱਲਣ ਦੀ ਮੂਰਖਤਾ ਕੀਤੀ ਤੇ ਆਲੇ-ਦੁਆਲੇ ਦੀਆਂ ਕੌਮਾਂ ਵਰਗੇ ਬਣਨਾ ਚਾਹਿਆ। ਇਸ ਤਰ੍ਹਾਂ ਉਨ੍ਹਾਂ ਨੇ ਆਪਣਾ ਹੀ ਨੁਕਸਾਨ ਕੀਤਾ।—1 ਸਮੂਏਲ 8:19, 20.

18. ਦੇਖਣ ਨਾਲ ਚੱਲਣ ਦੇ ਖ਼ਤਰਿਆਂ ਬਾਰੇ ਅਸੀਂ ਕੀ ਸਿੱਖ ਸਕਦੇ ਹਾਂ?

18 ਅੱਜ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਉਸ ਨਾਲ ਆਪਣੇ ਰਿਸ਼ਤੇ ਨੂੰ ਅਨਮੋਲ ਸਮਝਦੇ ਹਾਂ। ਅਸੀਂ ਪ੍ਰਾਚੀਨ ਇਸਰਾਏਲ ਦੀਆਂ ਗ਼ਲਤੀਆਂ ਤੋਂ ਸਿੱਖਣਾ ਚਾਹੁੰਦੇ ਹਾਂ। (ਰੋਮੀਆਂ 15:4) ਜਦ ਇਸਰਾਏਲੀ ਦੇਖਣ ਨਾਲ ਚੱਲੇ, ਤਾਂ ਉਹ ਭੁੱਲ ਗਏ ਕਿ ਪਰਮੇਸ਼ੁਰ ਮੂਸਾ ਦੇ ਜ਼ਰੀਏ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਇਸੇ ਤਰ੍ਹਾਂ, ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਅਸੀਂ ਵੀ ਭੁੱਲ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਅਤੇ ਮਹਾਨ ਮੂਸਾ ਯਾਨੀ ਕਿ ਯਿਸੂ ਮਸੀਹ ਅੱਜ ਮਸੀਹੀ ਕਲੀਸਿਯਾ ਦੀ ਅਗਵਾਈ ਕਰ ਰਹੇ ਹਨ। (ਪਰਕਾਸ਼ ਦੀ ਪੋਥੀ 1:12-16) ਸਾਨੂੰ ਇਸ ਗ਼ਲਤਫ਼ਹਿਮੀ ਤੋਂ ਬਚਣਾ ਚਾਹੀਦਾ ਹੈ ਕਿ ਇਨਸਾਨ ਯਹੋਵਾਹ ਦੇ ਸੰਗਠਨ ਨੂੰ ਚਲਾ ਰਹੇ ਹਨ। ਵਰਨਾ ਅਸੀਂ ਬੁੜ-ਬੁੜਾਉਣ ਲੱਗ ਪਵਾਂਗੇ ਤੇ ਯਹੋਵਾਹ ਦੇ ਚੁਣੇ ਹੋਏ ਸੇਵਕਾਂ ਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਮਿਲਦੇ ਰੂਹਾਨੀ ਭੋਜਨ ਦੀ ਕਦਰ ਨਹੀਂ ਕਰਾਂਗੇ।—ਮੱਤੀ 24:45.

ਨਿਹਚਾ ਨਾਲ ਚੱਲਣ ਦਾ ਪੱਕਾ ਇਰਾਦਾ ਕਰੋ

19, 20. ਤੁਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ ਅਤੇ ਕਿਉਂ?

19 ਬਾਈਬਲ ਕਹਿੰਦੀ ਹੈ: “ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ, ਇਖ਼ਤਿਆਰਾਂ, ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।” (ਅਫ਼ਸੀਆਂ 6:12) ਸਾਡਾ ਸਭ ਤੋਂ ਵੱਡਾ ਦੁਸ਼ਮਣ ਸ਼ਤਾਨ ਹੈ। ਉਹ ਸਾਡੀ ਨਿਹਚਾ ਤੋੜਨੀ ਚਾਹੁੰਦਾ ਹੈ। ਉਹ ਪਰਮੇਸ਼ੁਰ ਦੀ ਸੇਵਾ ਕਰਨ ਦੇ ਸਾਡੇ ਫ਼ੈਸਲੇ ਨੂੰ ਬਦਲਣ ਦੀ ਕੋਸ਼ਿਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡੇਗਾ। (1 ਪਤਰਸ 5:8) ਅਸੀਂ ਸ਼ਤਾਨ ਦੀ ਦੁਨੀਆਂ ਤੋਂ ਧੋਖਾ ਖਾਣ ਤੋਂ ਕਿਵੇਂ ਬਚ ਸਕਦੇ ਹਾਂ? ਨਿਹਚਾ ਨਾਲ ਚੱਲ ਕੇ ਯਹੋਵਾਹ ਦੇ ਵਾਅਦਿਆਂ ਉੱਤੇ ਭਰੋਸਾ ਰੱਖਣ ਨਾਲ ਸਾਡੀ ‘ਨਿਹਚਾ ਦੀ ਬੇੜੀ ਡੁੱਬਣ’ ਤੋਂ ਬਚੀ ਰਹੇਗੀ। (1 ਤਿਮੋਥਿਉਸ 1:19) ਤਾਂ ਫਿਰ, ਆਓ ਆਪਾਂ ਹਰ ਹਾਲਤ ਵਿਚ ਪੱਕੀ ਨਿਹਚਾ ਰੱਖੀਏ ਕਿ ਯਹੋਵਾਹ ਸਾਡੀ ਵਫ਼ਾਦਾਰੀ ਲਈ ਸਾਨੂੰ ਬਰਕਤਾਂ ਜ਼ਰੂਰ ਦੇਵੇਗਾ ਅਤੇ ਪ੍ਰਾਰਥਨਾ ਕਰਦੇ ਰਹੀਏ ਕਿ ਭਵਿੱਖ ਵਿਚ ਵਾਪਰਨ ਵਾਲੀਆਂ ਸਾਰੀਆਂ ਘਟਨਾਵਾਂ ਤੋਂ ਅਸੀਂ ਬਚ ਸਕੀਏ।—ਲੂਕਾ 21:36.

20 ਦੇਖਣ ਨਾਲ ਨਹੀਂ, ਸਗੋਂ ਨਿਹਚਾ ਨਾਲ ਚੱਲਦੇ ਹੋਏ ਅਸੀਂ ਯਿਸੂ ਦੀ ਵਧਿਆ ਮਿਸਾਲ ਨੂੰ ਯਾਦ ਰੱਖ ਸਕਦੇ ਹਾਂ। ਬਾਈਬਲ ਕਹਿੰਦੀ ਹੈ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤਰਸ 2:21) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਯਿਸੂ ਵਾਂਗ ਕਿਵੇਂ ਚੱਲ ਸਕਦੇ ਹਾਂ।

ਕੀ ਤੁਹਾਨੂੰ ਯਾਦ ਹੈ?

• ਦੇਖਣ ਨਾਲ ਨਹੀਂ, ਸਗੋਂ ਨਿਹਚਾ ਨਾਲ ਚੱਲਣ ਦੇ ਸੰਬੰਧ ਵਿਚ ਤੁਸੀਂ ਮੂਸਾ ਤੇ ਏਸਾਓ ਦੀਆਂ ਮਿਸਾਲਾਂ ਤੋਂ ਕੀ ਸਿੱਖਿਆ?

• ਮਾਇਆ ਦੇ ਜਾਲ ਤੋਂ ਬਚਣ ਲਈ ਕੀ ਜ਼ਰੂਰੀ ਹੈ?

• ਨਿਹਚਾ ਨਾਲ ਚੱਲ ਕੇ ਅਸੀਂ ਕਿਵੇਂ ਯਾਦ ਰੱਖ ਸਕਦੇ ਹਾਂ ਕਿ ਅੰਤ ਨਜ਼ਦੀਕ ਹੈ?

• ਦੇਖਣ ਨਾਲ ਚੱਲਣਾ ਖ਼ਤਰਨਾਕ ਕਿਉਂ ਹੈ?

[ਸਵਾਲ]

[ਸਫ਼ੇ 17 ਉੱਤੇ ਤਸਵੀਰ]

ਮੂਸਾ ਨਿਹਚਾ ਨਾਲ ਚੱਲਿਆ

[ਸਫ਼ੇ 18 ਉੱਤੇ ਤਸਵੀਰ]

ਕੀ ਦਿਲਪਰਚਾਵੇ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਦੇ ਹਨ?

[ਸਫ਼ੇ 20 ਉੱਤੇ ਤਸਵੀਰ]

ਪਰਮੇਸ਼ੁਰ ਦੇ ਬਚਨ ਵੱਲ ਧਿਆਨ ਦੇਣ ਨਾਲ ਸਾਡੀ ਰਾਖੀ ਕਿਵੇਂ ਹੁੰਦੀ ਹੈ?