ਪੁੰਤਿਯੁਸ ਪਿਲਾਤੁਸ ਕੌਣ ਸੀ?
ਪੁੰਤਿਯੁਸ ਪਿਲਾਤੁਸ ਕੌਣ ਸੀ?
“ਘਿਰਣਾ ਨਾਲ ਭਰਿਆ ਤੇ ਸ਼ੱਕੀ ਮਿਜ਼ਾਜ ਦਾ ਮਾਲਕ ਪਿਲਾਤੁਸ ਇਕ ਇਤਿਹਾਸਕ ਹਸਤੀ ਹੈ ਜਿਸ ਬਾਰੇ ਲੋਕ ਅਟਕਲਾਂ ਲਾਉਂਦੇ ਹਨ। ਕੁਝ ਲੋਕਾਂ ਲਈ ਉਹ ਸੰਤ ਸਮਾਨ ਹੈ, ਪਰ ਹੋਰਨਾਂ ਲਈ ਉਹ ਗ਼ਲਤੀਆਂ ਦਾ ਪੁਤਲਾ ਹੈ ਜੋ ਇਕ ਸਿਆਸਤਦਾਨ ਦੀ ਤਰ੍ਹਾਂ ਆਪਣੇ ਰਾਜ ਵਿਚ ਸਥਿਰਤਾ ਰੱਖਣ ਦੀ ਖ਼ਾਤਰ ਇਕ ਆਦਮੀ ਦੀ ਜਾਨ ਕੁਰਬਾਨ ਕਰਨ ਲਈ ਤਿਆਰ ਸੀ।”—ਪੁੰਤਿਯੁਸ ਪਿਲਾਤੁਸ, ਐਨ ਰੋ ਦੁਆਰਾ ਲਿਖੀ ਗਈ ਅੰਗ੍ਰੇਜ਼ੀ ਕਿਤਾਬ।
ਭਾਵੇਂ ਤੁਸੀਂ ਇਨ੍ਹਾਂ ਖ਼ਿਆਲਾਂ ਨਾਲ ਸਹਿਮਤ ਹੋਵੋ ਜਾਂ ਨਾ, ਪਰ ਇਕ ਗੱਲ ਤੇ ਅਸੀਂ ਸਾਰੇ ਸਹਿਮਤ ਹੋ ਸਕਦੇ ਹਾਂ ਕਿ ਪੁੰਤਿਯੁਸ ਪਿਲਾਤੁਸ ਨੇ ਯਿਸੂ ਮਸੀਹ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਸੀ ਉਸ ਕਰਕੇ ਉਹ ਮਸ਼ਹੂਰ ਜ਼ਰੂਰ ਹੋ ਗਿਆ ਸੀ। ਪਿਲਾਤੁਸ ਕੌਣ ਸੀ? ਉਸ ਬਾਰੇ ਸਾਨੂੰ ਕੀ ਪਤਾ ਹੈ? ਜੇ ਅਸੀਂ ਉਸ ਦੀ ਪਦਵੀ ਬਾਰੇ ਹੋਰ ਚੰਗੀ ਤਰ੍ਹਾਂ ਜਾਣਾਂਗੇ, ਤਾਂ ਅਸੀਂ ਧਰਤੀ ਤੇ ਹੋਈਆਂ ਸਭ ਤੋਂ ਜ਼ਿਆਦਾ ਮਹੱਤਵਪੂਰਣ ਘਟਨਾਵਾਂ ਨੂੰ ਸਮਝ ਸਕਾਂਗੇ।
ਪਦਵੀ, ਕੰਮ ਅਤੇ ਤਾਕਤ
ਰੋਮੀ ਸਮਰਾਟ ਟਾਈਬੀਰੀਅਸ ਨੇ ਪਿਲਾਤੁਸ ਨੂੰ 26 ਈਸਵੀ ਵਿਚ ਯਹੂਦਾਹ ਦਾ ਗਵਰਨਰ ਥਾਪਿਆ ਸੀ। ਪਿਲਾਤੁਸ ਨਾ ਕਿਸੇ ਸ਼ਾਹੀ ਖ਼ਾਨਦਾਨ ਵਿੱਚੋਂ ਸੀ ਤੇ ਨਾ ਹੀ ਉਹ ਸੈਨੇਟ ਦਾ ਮੈਂਬਰ ਸੀ। ਲੱਗਦਾ ਹੈ ਕਿ ਉਹ ਕਮਾਨ ਅਫ਼ਸਰ ਵਜੋਂ ਫ਼ੌਜ ਵਿਚ ਭਰਤੀ ਹੋਇਆ ਸੀ ਤੇ ਸਮੇਂ ਦੇ ਬੀਤਣ ਨਾਲ ਤਰੱਕੀ ਕਰਦਾ ਗਿਆ। ਅਖ਼ੀਰ ਵਿਚ 30 ਸਾਲ ਦੀ ਉਮਰ ਤੋਂ ਪਹਿਲਾਂ ਉਸ ਨੂੰ ਗਵਰਨਰ ਦੀ ਪਦਵੀ ਤੇ ਨਿਯੁਕਤ ਕਰ ਦਿੱਤਾ ਗਿਆ।
ਪਿਲਾਤੁਸ ਆਪਣੇ ਸਿਰ ਦੇ ਵਾਲ ਛੋਟੇ ਰੱਖਦਾ ਸੀ ਅਤੇ ਉਸ ਦੀ ਦਾੜ੍ਹੀ ਦੀ ਵੀ ਹਜਾਮਤ ਕਰਾਈ ਹੋਈ ਹੁੰਦੀ ਸੀ ਅਤੇ ਉਸ ਦੀ ਫ਼ੌਜੀ ਵਰਦੀ ਚਮੜੇ ਦੀ ਘੁੱਟਵੀਂ ਕੁਰਤੀ ਅਤੇ ਧਾਤੂ ਸੀਨਾਬੰਦ ਸੀ। ਉਸ ਦੀ ਸਰਕਾਰੀ ਪੁਸ਼ਾਕ ਜਾਮਣੀ ਕਿਨਾਰੀਆਂ ਵਾਲਾ ਚਿੱਟਾ ਚੋਗਾ ਸੀ। ਕੁਝ ਲੋਕ ਮੰਨਦੇ ਹਨ ਕਿ ਉਹ ਸਪੇਨ ਦਾ ਰਹਿਣ ਵਾਲਾ ਸੀ, ਪਰ ਉਸ ਦੇ ਨਾਂ ਤੋਂ ਪਤਾ ਲੱਗਦਾ ਕਿ ਉਹ ਦੱਖਣੀ ਇਟਲੀ ਦੇ ਸੈਮਨੀ ਲੋਕਾਂ ਦੇ ਪੁੰਤਿ ਕਬੀਲੇ ਦੇ ਉੱਚੇ ਘਰਾਣੇ ਤੋਂ ਸੀ।
ਪਿਲਾਤੁਸ ਦੇ ਰੁਤਬੇ ਵਾਲੇ ਅਫ਼ਸਰਾਂ ਨੂੰ ਦੰਗੇ-ਫ਼ਸਾਦਾਂ ਵਾਲੇ ਇਲਾਕਿਆਂ ਵਿਚ ਭੇਜਿਆ ਜਾਂਦਾ ਸੀ। ਰੋਮੀਆਂ ਦੇ ਭਾਣੇ ਯਹੂਦਾਹ ਅਜਿਹਾ ਹੀ ਇਲਾਕਾ ਸੀ। ਸ਼ਾਂਤੀ ਬਰਕਰਾਰ ਰੱਖਣ ਤੋਂ ਇਲਾਵਾ ਪਿਲਾਤੁਸ ਦਾ ਕੰਮ ਸੀ ਲੋਕਾਂ ਤੋਂ ਵੱਖਰੇ ਕਿਸਮ ਦੇ ਟੈਕਸ ਵਸੂਲ ਕਰਨੇ। ਛੋਟੇ-ਮੋਟੇ ਮੁਕੱਦਮੇ ਯਹੂਦੀ ਕਚਹਿਰੀਆਂ ਵਿਚ ਦਾਇਰ ਕੀਤੇ ਜਾਂਦੇ ਸਨ, ਪਰ ਜੇ ਮੁਕੱਦਮਾ ਵੱਡਾ ਸੀ ਤੇ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ, ਤਾਂ ਮੁਕੱਦਮਾ ਗਵਰਨਰ ਅੱਗੇ ਪੇਸ਼ ਕੀਤਾ ਜਾਂਦਾ ਸੀ ਜੋ ਸਭ ਤੋਂ ਉੱਚਾ ਅਧਿਕਾਰੀ ਸੀ।
ਪਿਲਾਤੁਸ ਅਤੇ ਉਸ ਦੀ ਪਤਨੀ ਆਪਣੇ ਮੁਨਸ਼ੀਆਂ, ਸਾਥੀਆਂ ਅਤੇ ਰਾਜਦੂਤਾਂ ਦੇ ਅਮਲੇ ਨਾਲ ਬੰਦਰਗਾਹ ਵਾਲੇ ਸ਼ਹਿਰ ਕੈਸਰਿਯਾ ਵਿਚ ਰਹਿੰਦੇ ਸਨ। ਉਸ ਦੇ ਅਧੀਨ ਪੰਜ ਮਿਲਟਰੀ ਡਿਵੀਜ਼ਨਾਂ ਸਨ ਅਤੇ ਹਰੇਕ ਵਿਚ 500 ਤੋਂ 1,000 ਫ਼ੌਜੀ ਸਨ। ਇਸ ਤੋਂ ਇਲਾਵਾ, ਉਹ 500 ਸੈਨਿਕਾਂ ਦੀ ਘੋੜਸਵਾਰ ਫ਼ੌਜ ਦਾ ਸੈਨਾਪਤੀ ਵੀ ਸੀ। ਉਸ ਦੇ ਫ਼ੌਜੀ ਆਪਣੇ ਕੰਮ ਵਿਚ ਅਪਰਾਧੀਆਂ ਨੂੰ ਬਾਕਾਇਦਾ ਸੂਲੀ ਚੜ੍ਹਾ ਦਿੰਦੇ ਸਨ। ਸ਼ਾਂਤੀ ਦੇ ਸਮੇਂ ਦੌਰਾਨ ਮੁਕੱਦਮੇ ਦੀ ਮਾੜੀ-ਮੋਟੀ ਸੁਣਵਾਈ ਤੋਂ ਬਾਅਦ ਕੈਦੀ ਨੂੰ ਫਾਂਸੀ ਦਿੱਤੀ ਜਾਂਦੀ ਸੀ, ਪਰ ਬਗਾਵਤ ਕਰਨ ਵਾਲੇ ਬਾਗ਼ੀਆਂ ਨੂੰ ਅਦਾਲਤੀ ਮੁਕੱਦਮਿਆਂ ਤੋਂ ਬਿਨਾਂ ਉਸੇ ਵੇਲੇ ਹੀ ਮਾਰ ਦਿੱਤਾ ਜਾਂਦਾ ਸੀ। ਮਿਸਾਲ ਲਈ ਜਦ ਸਪਾਰਟਕਸ ਨਾਂ ਦੇ ਬੰਦੇ ਨੇ ਵਿਦਰੋਹ ਕਰਵਾਇਆ, ਤਾਂ 6,000 ਗ਼ੁਲਾਮ ਸੂਲੀ ਤੇ ਟੰਗੇ ਗਏ ਸਨ। ਜੇ ਯਹੂਦਾਹ ਵਿਚ ਦੰਗੇ-ਫ਼ਸਾਦ ਸ਼ੁਰੂ ਹੋਣ ਦਾ ਕੋਈ ਖ਼ਤਰਾ ਹੁੰਦਾ ਸੀ, ਤਾਂ ਗਵਰਨਰ ਸੀਰੀਆ ਵਿਚ ਸ਼ਾਹੀ ਦੂਤ ਤੋਂ ਮਦਦ ਮੰਗ ਸਕਦਾ ਸੀ ਜਿਸ ਅਧੀਨ ਫ਼ੌਜੀਆਂ ਦੇ ਕਈ ਦਸਤੇ ਸਨ। ਗਵਰਨਰ ਵਜੋਂ ਪਿਲਾਤੁਸ ਦੇ ਜ਼ਿਆਦਾਤਰ
ਕਾਰਜ-ਕਾਲ ਦੌਰਾਨ ਸ਼ਾਹੀ ਦੂਤ ਗਾਇਬ ਸੀ ਅਤੇ ਪਿਲਾਤੁਸ ਨੂੰ ਮਾਮਲੇ ਆਪਣੇ ਹੱਥ ਵਿਚ ਲੈਣੇ ਪੈਂਦੇ ਸਨ।ਆਮ ਕਰਕੇ ਗਵਰਨਰ ਸਮਰਾਟ ਨਾਲ ਬਾਕਾਇਦਾ ਗੱਲ ਕਰਦਾ ਸੀ। ਪਰ ਜੇ ਕੋਈ ਅਜਿਹਾ ਮਾਮਲਾ ਹੁੰਦਾ ਸੀ ਜਿਸ ਕਾਰਨ ਸਮਰਾਟ ਦੀ ਬਦਨਾਮੀ ਹੋ ਸਕਦੀ ਸੀ ਜਾਂ ਰੋਮੀ ਅਧਿਕਾਰ ਨੂੰ ਖ਼ਤਰਾ ਸੀ, ਤਾਂ ਸਮਰਾਟ ਨੂੰ ਜਲਦੀ ਖ਼ਬਰ ਪਹੁੰਚਾਈ ਜਾਂਦੀ ਸੀ ਅਤੇ ਜਵਾਬ ਵਿਚ ਸ਼ਾਹੀ ਹੁਕਮ ਦਿੱਤੇ ਜਾਂਦੇ ਸਨ। ਕਈ ਵਾਰ ਗਵਰਨਰ ਸ਼ਾਇਦ ਸੋਚਦਾ ਸੀ ਕਿ ਸਭ ਤੋਂ ਪਹਿਲਾਂ ਉਹ ਖ਼ੁਦ ਸਮਰਾਟ ਨੂੰ ਦੱਸੇ ਕਿ ਇਲਾਕੇ ਵਿਚ ਕਿਹੜੀਆਂ ਘਟਨਾਵਾਂ ਹੋ ਰਹੀਆਂ ਸਨ। ਯਹੂਦਾਹ ਵਿਚ ਵਧ ਰਹੇ ਹੰਗਾਮੇ ਪਿਲਾਤੁਸ ਲਈ ਇਸੇ ਤਰ੍ਹਾਂ ਦੀ ਚਿੰਤਾ ਦੇ ਕਾਰਨ ਸਨ।
ਬਾਈਬਲ ਤੋਂ ਇਲਾਵਾ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਅਤੇ ਫੀਲੋ ਤੋਂ ਸਾਨੂੰ ਮੁੱਖ ਤੌਰ ਤੇ ਪਿਲਾਤੁਸ ਬਾਰੇ ਜਾਣਕਾਰੀ ਮਿਲਦੀ ਹੈ। ਰੋਮੀ ਇਤਿਹਾਸਕਾਰ ਟੈਸੀਟਸ ਨੇ ਵੀ ਲਿਖਿਆ ਕਿ ਪਿਲਾਤੁਸ ਨੇ ਉਸ ਯਿਸੂ ਮਸੀਹ ਨੂੰ ਮੌਤ ਦੀ ਸਜ਼ਾ ਦਿੱਤੀ, ਜਿਸ ਦੇ ਨਾਂ ਨੂੰ ਮਸੀਹੀਆਂ ਨੇ ਅਪਣਾਇਆ ਸੀ।
ਯਹੂਦੀਆਂ ਦਾ ਗੁੱਸਾ ਭੜਕਿਆ
ਜੋਸੀਫ਼ਸ ਨੇ ਦੱਸਿਆ ਕਿ ਰੋਮੀ ਗਵਰਨਰ ਜਾਣਦੇ ਸਨ ਕਿ ਯਹੂਦੀ ਲੋਕ ਮੂਰਤੀਆਂ ਬਣਾਉਣ ਦੇ ਸੰਬੰਧ ਵਿਚ ਕਿਵੇਂ ਮਹਿਸੂਸ ਕਰਦੇ ਸਨ। ਇਸ ਕਰਕੇ ਉਹ ਯਰੂਸ਼ਲਮ ਵਿਚ ਰੋਮੀ ਸਮਰਾਟ ਦੀਆਂ ਤਸਵੀਰਾਂ ਵਾਲੇ ਝੰਡੇ ਨਹੀਂ ਲਿਆਉਂਦੇ ਸਨ, ਪਰ ਪਿਲਾਤੁਸ ਨੇ ਇਸ ਤਰ੍ਹਾਂ ਨਹੀਂ ਕੀਤਾ। ਉਸ ਦੇ ਫ਼ੌਜੀ ਆਪਣੇ ਝੰਡਿਆਂ ਨੂੰ ਯਰੂਸ਼ਲਮ ਅੰਦਰ ਲੈ ਆਏ ਜਿਸ ਕਾਰਨ ਯਹੂਦੀਆਂ ਦਾ ਗੁੱਸਾ ਭੜਕ ਉੱਠਿਆ ਅਤੇ ਉਹ ਤੁਰੰਤ ਕੈਸਰਿਯਾ ਵਿਚ ਪਿਲਾਤੁਸ ਕੋਲ ਸ਼ਿਕਾਇਤ ਕਰਨ ਗਏ। ਪੰਜ ਦਿਨਾਂ ਤਕ ਪਿਲਾਤੁਸ ਨੇ ਕੁਝ ਨਾ ਕੀਤਾ, ਪਰ ਛੇਵੇਂ ਦਿਨ ਉਸ ਨੇ ਆਪਣੇ ਫ਼ੌਜੀਆਂ ਨੂੰ ਬਾਗ਼ੀਆਂ ਨੂੰ ਘੇਰ ਲੈਣ ਦਾ ਹੁਕਮ ਦਿੱਤਾ ਤੇ ਕਿਹਾ ਕਿ ਜੇ ਉਹ ਨਾ ਖਿੰਡੇ, ਤਾਂ ਉਨ੍ਹਾਂ ਨੂੰ ਫਾਹੇ ਲਾਉਣ ਦੀ ਧਮਕੀ ਦਿਓ। ਜਦ ਯਹੂਦੀਆਂ ਨੇ ਕਿਹਾ ਕਿ ਉਹ ਆਪਣੀ ਬਿਵਸਥਾ ਦੀ ਉਲੰਘਣਾ ਕੀਤੀ ਜਾਂਦੀ ਦੇਖਣ ਦੀ ਬਜਾਇ ਜਾਨ ਦੇਣੀ ਪਸੰਦ ਕਰਨਗੇ, ਤਾਂ ਪਿਲਾਤੁਸ ਨੇ ਸਮਰਾਟ ਦੀਆਂ ਤਸਵੀਰਾਂ ਵਾਲੇ ਝੰਡੇ ਯਰੂਸ਼ਲਮ ਤੋਂ ਬਾਹਰ ਲੈ ਆਉਣ ਦਾ ਹੁਕਮ ਦਿੱਤਾ।
ਪਿਲਾਤੁਸ ਆਪਣੀ ਫ਼ੌਜੀ ਤਾਕਤ ਵਰਤਣ ਤੋਂ ਝਿਜਕਦਾ ਨਹੀਂ ਸੀ। ਜੋਸੀਫ਼ਸ ਨੇ ਇਕ ਘਟਨਾ ਬਾਰੇ ਲਿਖਿਆ ਜਿਸ ਵਿਚ ਪਿਲਾਤੁਸ ਨੇ ਯਰੂਸ਼ਲਮ ਵਿਚ ਪਾਣੀ ਲਿਆਉਣ ਲਈ ਨਾਲ਼ੇ ਦੀ ਉਸਾਰੀ ਸ਼ੁਰੂ ਕਰਵਾਈ। ਉਸ ਨੇ ਇਸ ਦਾ ਖ਼ਰਚਾ ਮੰਦਰ ਦੇ ਖ਼ਜ਼ਾਨੇ ਵਿੱਚੋਂ ਪੈਸੇ ਲੈ ਕੇ ਚੁਕਾਇਆ ਸੀ। ਕੀ ਉਸ ਨੇ ਇਹ ਪੈਸਾ ਜ਼ਬਰਦਸਤੀ ਮੰਦਰ ਵਿੱਚੋਂ ਲਿਆ ਸੀ? ਨਹੀਂ, ਕਿਉਂਕਿ ਉਹ ਜਾਣਦਾ ਸੀ ਯਹੂਦੀ ਇਸ ਚੋਰੀ ਨੂੰ ਪਾਪ ਸਮਝਣਗੇ ਤੇ ਉਹ ਉਸ ਦੀ ਸ਼ਿਕਾਇਤ ਸਮਰਾਟ ਟਾਈਬੀਰੀਅਸ ਨੂੰ ਲਾ ਸਕਦੇ ਸਨ ਤੇ ਉਹ ਪਿਲਾਤੁਸ ਨੂੰ ਪਦਵੀ ਤੋਂ ਲਾਹ ਸਕਦਾ ਸੀ। ਸੋ ਇੰਜ ਜਾਪਦਾ ਹੈ ਕਿ ਪਿਲਾਤੁਸ ਨੂੰ ਪੈਸੇ ਦੇਣ ਵਿਚ ਮੰਦਰ ਦੇ ਅਧਿਕਾਰੀਆਂ ਦਾ ਵੀ ਹੱਥ ਸੀ। ਮੰਦਰ ਵਿਚ ਭੇਟ ਚੜ੍ਹਾਏ ਪੈਸੇ ਯਾਨੀ “ਕੁਰਬਾਨ” ਨੂੰ ਸ਼ਹਿਰ ਵਿਚ ਲੋਕਾਂ ਦੇ ਫ਼ਾਇਦੇ ਲਈ ਵਰਤਿਆ ਜਾ ਸਕਦਾ ਸੀ। ਪਰ ਇਸ ਤਰ੍ਹਾਂ ਕੀਤਾ ਦੇਖ ਕੇ ਹਜ਼ਾਰਾਂ ਯਹੂਦੀ ਗੁੱਸੇ ਨਾਲ ਭੜਕ ਉੱਠੇ।
ਪਿਲਾਤੁਸ ਨੇ ਭੀੜ ਵਿਚ ਆਪਣੇ ਫ਼ੌਜੀਆਂ ਨੂੰ ਮਿਲਾ ਦਿੱਤਾ, ਤਾਂਕਿ ਤਲਵਾਰਾਂ ਵਰਤਣ ਦੀ ਬਜਾਇ ਉਹ ਲਾਠੀਆਂ ਨਾਲ ਬਾਗ਼ੀਆਂ ਨੂੰ ਕੁੱਟ ਸਕਣ। ਉਹ ਚਾਹੁੰਦਾ ਸੀ ਕਿ ਯਰੂਸ਼ਲਮ ਵਿਚ ਲਹੂ ਦੀਆਂ ਨਦੀਆਂ ਵਹਾਉਣ ਤੋਂ ਬਿਨਾਂ ਲੋਕਾਂ ਨੂੰ ਕਾਬੂ ਕੀਤਾ ਜਾ ਸਕੇ। ਕੁਝ ਹੱਦ ਤਕ ਇਸ ਤਰ੍ਹਾਂ ਕਰਨ ਵਿਚ ਉਹ ਕਾਮਯਾਬ ਹੋਇਆ, ਪਰ ਫਿਰ ਵੀ ਕੁਝ ਲੋਕ ਮਾਰੇ ਗਏ ਸਨ। ਕੁਝ ਲੋਕਾਂ ਦੇ ਮਨਾਂ ਵਿਚ ਸ਼ਾਇਦ ਇਹੀ ਘਟਨਾ ਸੀ ਜਦ ਉਹ ਯਿਸੂ ਨੂੰ ਦੱਸਣ ਲੱਗੇ ਕਿ ਪਿਲਾਤੁਸ ਨੇ ਗਲੀਲੀਆਂ ਦਾ ਲਹੂ ਉਨ੍ਹਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ।—ਲੂਕਾ 13:1.
“ਸਚਿਆਈ ਹੁੰਦੀ ਕੀ ਹੈ?”
ਪਿਲਾਤੁਸ ਦੀ ਬਦਨਾਮੀ ਉਨ੍ਹਾਂ ਦੋਸ਼ਾਂ ਦੀ ਜਾਂਚ-ਪੜਤਾਲ ਕਾਰਨ ਹੋਈ ਜੋ ਯਹੂਦੀ ਪ੍ਰਧਾਨ ਜਾਜਕਾਂ ਤੇ ਬਜ਼ੁਰਗਾਂ ਨੇ ਲਾਏ ਸਨ ਕਿ ਯਿਸੂ ਆਪਣੇ ਆਪ ਨੂੰ ਰਾਜਾ ਕਹਿ ਰਿਹਾ ਸੀ। ਜਦ ਯਿਸੂ ਤੋਂ ਪਿਲਾਤੁਸ ਨੂੰ ਪਤਾ ਲੱਗਾ ਕਿ ਉਹ ਸੱਚਾਈ ਬਾਰੇ ਗਵਾਹੀ ਦੇਣ ਆਇਆ ਸੀ, ਤਾਂ ਪਿਲਾਤੁਸ ਜਾਣ ਗਿਆ ਸੀ ਕਿ ਰੋਮ ਨੂੰ ਯਿਸੂ ਤੋਂ ਕੋਈ ਖ਼ਤਰਾ ਨਹੀਂ ਸੀ। ਫਿਰ ਉਸ ਨੇ ਯਿਸੂ ਨੂੰ ਇਸ ਤਰ੍ਹਾਂ ਕਿਉਂ ਪੁੱਛਿਆ ਸੀ: “ਸਚਿਆਈ ਹੁੰਦੀ ਕੀ ਹੈ?” ਸ਼ਾਇਦ ਉਸ ਦੇ ਭਾਣੇ ਸੱਚਾਈ ਸਮਝ ਨਾ ਆਉਣ ਵਾਲੀ ਅਜਿਹੀ ਧਾਰਣਾ ਸੀ ਜਿਸ ਬਾਰੇ ਬਹੁਤਾ ਨਹੀਂ ਸੋਚਿਆ ਜਾਣਾ ਚਾਹੀਦਾ। ਉਸ ਨੇ ਆਪਣਾ ਫ਼ੈਸਲਾ ਦੱਸਿਆ: “ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ।”—ਯੂਹੰਨਾ 18:37, 38; ਲੂਕਾ 23:4.
ਇਸ ਫ਼ੈਸਲੇ ਦੀ ਸੁਣਵਾਈ ਸਮੇਂ ਯਿਸੂ ਦਾ ਮੁਕੱਦਮਾ ਖ਼ਤਮ ਹੋ ਮਰਕੁਸ 15:7, 10; ਲੂਕਾ 23:2) ਪਿਲਾਤੁਸ ਦੇ ਮਨ ਵਿਚ ਇਹ ਖ਼ਿਆਲ ਵੀ ਆਇਆ ਹੋਣਾ ਕਿ ਯਹੂਦੀਆਂ ਦੇ ਪਹਿਲੇ ਫ਼ਸਾਦਾਂ ਕਰਕੇ ਟਾਈਬੀਰੀਅਸ ਅੱਗੇ ਉਸ ਦਾ ਨਾਂ ਪਹਿਲਾਂ ਹੀ ਖ਼ਰਾਬ ਹੋ ਚੁੱਕਾ ਸੀ ਤੇ ਟਾਈਬੀਰੀਅਸ ਨਾਕਾਬਲ ਗਵਰਨਰਾਂ ਨੂੰ ਜਲਦੀ ਮਾਫ਼ ਨਹੀਂ ਕਰਦਾ ਸੀ। ਪਰ ਜੇ ਪਿਲਾਤੁਸ ਯਹੂਦੀਆਂ ਦੀ ਗੱਲ ਮੰਨ ਲੈਂਦਾ, ਤਾਂ ਲੋਕਾਂ ਨੇ ਉਸ ਨੂੰ ਕਮਜ਼ੋਰ ਸਮਝਣਾ ਸੀ। ਉਹ ਕੀ ਕਰਦਾ, ਨਾ ਉਹ ਇੱਧਰ ਦਾ ਸੀ ਤੇ ਨਾ ਉੱਧਰ ਦਾ। ਉਹ ਦਾ ਸੱਪ ਦੇ ਮੂੰਹ ਵਿਚ ਕੋੜ੍ਹ-ਕਿਰਲੀ ਵਾਲਾ ਹਾਲ ਸੀ।
ਜਾਣਾ ਚਾਹੀਦਾ ਸੀ, ਪਰ ਯਹੂਦੀਆਂ ਨੇ ਹੋਰ ਦੋਸ਼ ਲਾਇਆ ਕਿ ਯਿਸੂ ਰਾਜ ਪਲਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਪਿਲਾਤੁਸ ਜਾਣ ਗਿਆ ਸੀ ਕਿ ਪ੍ਰਧਾਨ ਜਾਜਕ ਯਿਸੂ ਤੋਂ ਜਲ਼ਦੇ ਸਨ ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਉਸ ਦੇ ਹਵਾਲੇ ਕੀਤਾ ਸੀ। ਉਹ ਇਹ ਵੀ ਜਾਣਦਾ ਸੀ ਕਿ ਜੇ ਉਸ ਨੇ ਯਿਸੂ ਨੂੰ ਰਿਹਾਅ ਕਰ ਦਿੱਤਾ, ਤਾਂ ਹੰਗਾਮਾ ਮੱਚ ਜਾਣਾ ਸੀ ਜੋ ਉਹ ਨਹੀਂ ਚਾਹੁੰਦਾ ਸੀ। ਸ਼ਹਿਰ ਵਿਚ ਪਹਿਲਾਂ ਹੀ ਕਾਫ਼ੀ ਗੜਬੜ ਸੀ ਕਿਉਂਕਿ ਬਰੱਬਾਸ ਤੇ ਹੋਰ ਕਈ ਜਣੇ ਫ਼ਸਾਦ ਅਤੇ ਖ਼ੂਨ ਕਰਨ ਦੇ ਜੁਰਮ ਵਿਚ ਹਿਰਾਸਤ ਵਿਚ ਸਨ। (ਜਦ ਪਿਲਾਤੁਸ ਨੂੰ ਪਤਾ ਚੱਲਿਆ ਕਿ ਯਿਸੂ ਗਲੀਲ ਤੋਂ ਸੀ, ਤਾਂ ਉਸ ਨੇ ਯਿਸੂ ਨੂੰ ਗਲੀਲ ਦੇ ਹਾਕਮ ਹੇਰੋਦੇਸ ਅੰਤਿਪਾਸ ਕੋਲ ਭੇਜ ਦਿੱਤਾ। ਪਰ ਜਦ ਹੇਰੋਦੇਸ ਨੇ ਯਿਸੂ ਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ, ਤਾਂ ਪਿਲਾਤੁਸ ਨੇ ਆਪਣੇ ਮਹਿਲ ਦੇ ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਨੂੰ ਉਕਸਾਇਆ ਕਿ ਉਹ ਯਿਸੂ ਦੇ ਰਿਹਾਅ ਹੋਣ ਦੀ ਮੰਗ ਕਰਨ। ਉਸ ਨੇ ਯਹੂਦੀਆਂ ਦੀ ਪਸਾਹ ਦੀ ਰੀਤ ਮੁਤਾਬਕ ਇਕ ਕੈਦੀ ਨੂੰ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ, ਪਰ ਲੋਕ ਬਰੱਬਾਸ ਦੇ ਰਿਹਾਅ ਕੀਤੇ ਜਾਣ ਲਈ ਚਿਲਾ ਉੱਠੇ।—ਲੂਕਾ 23:5-19.
ਪਿਲਾਤੁਸ ਨੇ ਭਾਵੇਂ ਸਹੀ ਕਦਮ ਚੁੱਕਣਾ ਚਾਹਿਆ ਹੋਵੇ, ਪਰ ਉਹ ਆਪਣੀ ਪਦਵੀ ਨੂੰ ਵੀ ਬਚਾਉਣਾ ਚਾਹੁੰਦਾ ਸੀ ਤੇ ਲੋਕਾਂ ਨੂੰ ਵੀ ਖ਼ੁਸ਼ ਕਰਨਾ ਚਾਹੁੰਦਾ ਸੀ। ਆਖ਼ਰ ਉਸ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਜਾਂ ਇਨਸਾਫ਼ ਦੀ ਬਜਾਇ ਆਪਣੀ ਪਦਵੀ ਨੂੰ ਪਹਿਲ ਦਿੱਤੀ। ਉਸ ਨੇ ਪਾਣੀ ਲੈ ਕੇ ਲੋਕਾਂ ਸਾਮ੍ਹਣੇ ਆਪਣੇ ਹੱਥ ਧੋਤੇ ਤੇ ਆਪਣੇ ਆਪ ਨੂੰ ਉਸ ਲਹੂ ਤੋਂ ਨਿਰਦੋਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਸ ਨੇ ਵਹਾਏ ਜਾਣ ਦੀ ਪ੍ਰਵਾਨਗੀ ਦਿੱਤੀ ਸੀ। * ਭਾਵੇਂ ਉਹ ਜਾਣਦਾ ਸੀ ਕਿ ਯਿਸੂ ਬੇਗੁਨਾਹ ਸੀ, ਫਿਰ ਵੀ ਉਸ ਨੇ ਯਿਸੂ ਨੂੰ ਕੋਰੜਿਆਂ ਨਾਲ ਕੁਟਵਾ ਕੇ ਆਪਣੇ ਸਿਪਾਹੀਆਂ ਦੇ ਹਵਾਲੇ ਕਰ ਦਿੱਤਾ ਜਿਨ੍ਹਾਂ ਨੇ ਉਸ ਦਾ ਮਜ਼ਾਕ ਉਡਾਇਆ, ਉਸ ਨੂੰ ਮਾਰਿਆ ਤੇ ਉਸ ਤੇ ਥੁੱਕਿਆ।—ਮੱਤੀ 27:24-31.
ਪਿਲਾਤੁਸ ਨੇ ਫਿਰ ਤੋਂ ਯਿਸੂ ਨੂੰ ਛੱਡ ਦੇਣ ਦੀ ਕੋਸ਼ਿਸ਼ ਕੀਤੀ, ਪਰ ਲੋਕ ਚਿਲਾਉਣ ਲੱਗੇ ਕਿ ਜੇ ਉਸ ਨੇ ਇਸ ਤਰ੍ਹਾਂ ਕੀਤਾ, ਤਾਂ ਉਹ ਕੈਸਰ ਦਾ ਮਿੱਤਰ ਨਹੀਂ। (ਯੂਹੰਨਾ 19:12) ਇਹ ਸੁਣਨ ਤੋਂ ਬਾਅਦ ਉਸ ਨੇ ਹਾਰ ਮੰਨ ਲਈ। ਇਕ ਵਿਦਵਾਨ ਨੇ ਪਿਲਾਤੁਸ ਦੇ ਫ਼ੈਸਲੇ ਬਾਰੇ ਲਿਖਿਆ: “ਮਸਲੇ ਦਾ ਹੱਲ ਆਸਾਨ ਸੀ: ਆਦਮੀ ਨੂੰ ਫਾਂਸੀ ਦੇ ਦਿਓ। ਮਸਲਾ ਸਿਰਫ਼ ਇਕ ਮਾਮੂਲੀ ਜਿਹੇ ਯਹੂਦੀ ਦੀ ਜਾਨ ਦਾ ਜਾਣਾ ਸੀ; ਉਸ ਦੇ ਕਾਰਨ ਖਾਹਮਖਾਹ ਝਗੜੇ ਨੂੰ ਵਧਾਈ ਜਾਣਾ ਮੂਰਖਤਾ ਹੋਵੇਗੀ।”
ਪਿਲਾਤੁਸ ਦਾ ਕੀ ਬਣਿਆ?
ਪਿਲਾਤੁਸ ਦੇ ਰੁਤਬੇ ਦੀ ਆਖ਼ਰੀ ਲਿਖੀ ਗਈ ਘਟਨਾ ਵੀ ਇਕ ਲੜਾਈ ਹੀ ਸੀ। ਜੋਸੀਫ਼ਸ ਨੇ ਦੱਸਿਆ ਕਿ ਸਾਮਰੀਆਂ ਦਾ ਇਕ ਹਥਿਆਰਬੰਦ ਜੱਥਾ ਗਰਿੱਜ਼ੀਮ ਪਹਾੜ ਤੇ ਇਕੱਠਾ ਹੋਇਆ ਜਿੱਥੇ ਉਨ੍ਹਾਂ ਦੇ ਭਾਣੇ ਮੂਸਾ ਨੇ ਖ਼ਜ਼ਾਨੇ ਦੱਬੇ ਹੋਏ ਸਨ ਤੇ ਉਹ ਇਨ੍ਹਾਂ ਖ਼ਜ਼ਾਨਿਆਂ ਨੂੰ ਲੱਭਣਾ ਚਾਹੁੰਦੇ ਸਨ। ਪਿਲਾਤੁਸ ਨੇ ਆਪਣੀ ਫ਼ੌਜ ਉੱਥੇ ਭੇਜ ਕੇ ਕਈਆਂ ਨੂੰ ਮੌਤ ਦੇ ਘਾਟ ਉਤਾਰਿਆ। ਸਾਮਰੀਆਂ ਨੇ ਪਿਲਾਤੁਸ ਤੋਂ ਉਚੇਰੀ ਪਦਵੀ ਵਾਲੇ ਸੀਰੀਆ ਦੇ ਗਵਰਨਰ ਲੁਕਿਊਸ ਵਿਟਲੀਊਸ ਨੂੰ ਉਸ ਬਾਰੇ ਸ਼ਿਕਾਇਤ ਕੀਤੀ। ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਕਿ ਵਿਟਲੀਊਸ ਨੇ ਇਸ ਤਰ੍ਹਾਂ ਸੋਚਿਆ ਸੀ ਜਾਂ ਨਹੀਂ ਕਿ ਪਿਲਾਤੁਸ ਨੇ ਹੱਦ ਕਰ ਦਿੱਤੀ ਸੀ। ਪਰ ਉਸ ਨੇ ਪਿਲਾਤੁਸ ਨੂੰ ਰੋਮ ਵਾਪਸ ਜਾਣ ਦਾ ਹੁਕਮ ਦਿੱਤਾ ਤਾਂਕਿ ਉਹ ਸਮਰਾਟ ਨੂੰ ਆਪਣੀ ਕੀਤੀ ਦਾ ਲੇਖਾ ਦੇ ਸਕੇ। ਪਰ ਪਿਲਾਤੁਸ ਦੇ ਰੋਮ ਪਹੁੰਚਣ ਤੋਂ ਪਹਿਲਾਂ ਹੀ ਟਾਈਬੀਰੀਅਸ ਦੀ ਮੌਤ ਹੋ ਗਈ।
ਇਕ ਰਸਾਲੇ ਦੇ ਮੁਤਾਬਕ “ਉਸ ਸਮੇਂ ਤੋਂ ਪਿਲਾਤੁਸ ਇਤਿਹਾਸ ਤੋਂ ਮਿਥਿਹਾਸ ਵਿਚ ਚਲਾ ਗਿਆ।” ਸਮੇਂ ਦੇ ਬੀਤਣ ਨਾਲ ਕਈਆਂ ਨੇ ਅਨੁਮਾਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਲਾਤੁਸ ਦਾ ਕੀ ਬਣਿਆ। ਕੁਝ ਲੋਕ ਕਹਿੰਦੇ ਹਨ ਕਿ ਉਹ ਯਿਸੂ ਦਾ ਚੇਲਾ ਬਣ ਗਿਆ। ਕੁਝ ਇਥੋਪੀਆਈ ਈਸਾਈਆਂ ਨੇ ਪਿਲਾਤੁਸ ਨੂੰ “ਸੰਤ” ਕਰਾਰ ਦੇ ਦਿੱਤਾ। ਤੀਜੀ ਤੇ ਚੌਥੀ ਸਦੀ ਦਾ ਯੂਸੀਬੀਅਸ ਪਹਿਲਾ ਇਤਿਹਾਸਕਾਰ ਸੀ ਜਿਸ ਨੇ ਲਿਖਿਆ ਕਿ ਪਿਲਾਤੁਸ ਨੇ ਯਹੂਦਾ ਇਸਕਰਿਯੋਤੀ ਵਾਂਗ ਆਤਮ-ਹੱਤਿਆ ਕੀਤੀ ਸੀ। ਪਰ ਅਸਲ ਵਿਚ ਪਿਲਾਤੁਸ ਦਾ ਕੀ ਬਣਿਆ, ਕੋਈ ਨਹੀਂ ਦੱਸ ਸਕਦਾ।
ਪਿਲਾਤੁਸ ਜ਼ਿੱਦੀ, ਨਿਰਦਈ ਅਤੇ ਚਿਕਣੀਆਂ-ਚੋਪੜੀਆਂ ਗੱਲਾਂ ਕਰਨ ਵਾਲਾ ਤਾਂ ਸੀ, ਪਰ ਉਹ ਦਸ ਸਾਲ ਆਪਣੀ ਪਦਵੀ ਤੇ ਟਿਕਿਆ ਰਿਹਾ ਜਦ ਕਿ ਜ਼ਿਆਦਾਤਰ ਗਵਰਨਰ ਜ਼ਿਆਦਾ ਦੇਰ ਤਕ ਨਹੀਂ ਟਿਕ ਸਕੇ। ਰੋਮੀਆਂ ਦੇ ਨਜ਼ਰੀਏ ਤੋਂ ਦੇਖਿਆ ਜਾਏ, ਤਾਂ ਪਿਲਾਤੁਸ ਕਾਬਲ ਇਨਸਾਨ ਸੀ। ਪਰ ਉਸ ਨੂੰ ਬੁਜ਼ਦਿਲ ਵੀ ਕਿਹਾ ਗਿਆ ਕਿਉਂਕਿ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਯਿਸੂ ਨੂੰ ਤਸੀਹੇ ਦੇ ਕੇ ਮਰਵਾਇਆ ਸੀ। ਕਈ ਕਹਿੰਦੇ ਹਨ ਕਿ ਪਿਲਾਤੁਸ ਦਾ ਮੁੱਖ ਆਦੇਸ਼ ਇਨਸਾਫ਼ ਬਰਕਰਾਰ ਰੱਖਣਾ ਨਹੀਂ ਸੀ, ਪਰ ਦੇਸ਼ ਦੀ ਸ਼ਾਂਤੀ ਅਤੇ ਤਰੱਕੀ ਨੂੰ ਪਹਿਲ ਦੇਣੀ ਸੀ।
ਪਿਲਾਤੁਸ ਦਾ ਜ਼ਮਾਨਾ ਸਾਡੇ ਜ਼ਮਾਨੇ ਵਰਗਾ ਨਹੀਂ ਸੀ। ਪਰ ਕਿਸੇ ਵੀ ਜੱਜ ਲਈ ਇਕ ਨਿਰਦੋਸ਼ ਆਦਮੀ ਨੂੰ ਮੌਤ ਦੀ ਸਜ਼ਾ ਦੇਣੀ ਬੇਇਨਸਾਫ਼ੀ ਹੈ। ਜੇ ਪਿਲਾਤੁਸ ਦਾ ਵਾਸਤਾ ਕਦੇ ਯਿਸੂ ਨਾਲ ਨਾ ਪਿਆ ਹੁੰਦਾ, ਤਾਂ ਉਸ ਨੇ ਇਤਿਹਾਸ ਦੀਆਂ ਕਿਤਾਬਾਂ ਵਿਚ ਇਕ ਨਾਂ ਬਣ ਕੇ ਹੀ ਰਹਿ ਜਾਣਾ ਸੀ।
[ਫੁਟਨੋਟ]
^ ਪੈਰਾ 19 ਹੱਥ ਧੋ ਕੇ ਲਹੂ ਤੋਂ ਖ਼ੁਦ ਨੂੰ ਨਿਰਦੋਸ਼ ਜ਼ਾਹਰ ਕਰਨਾ ਰੋਮੀਆਂ ਦੀ ਨਹੀਂ, ਯਹੂਦੀਆਂ ਦੀ ਰੀਤ ਸੀ।—ਬਿਵਸਥਾ ਸਾਰ 21:6, 7.
[ਸਫ਼ੇ 11 ਉੱਤੇ ਤਸਵੀਰ]
ਕੈਸਰਿਯਾ ਵਿਚ ਮਿਲੇ ਇਸ ਸ਼ਿਲਾ-ਲੇਖ ਤੇ ਪੁੰਤਿਯੁਸ ਪਿਲਾਤੁਸ ਨੂੰ ਯਹੂਦਾਹ ਦਾ ਗਵਰਨਰ ਕਿਹਾ ਗਿਆ ਹੈ