Skip to content

Skip to table of contents

ਯਿਸੂ ਮਸੀਹ ਕੌਣ ਹੈ?

ਯਿਸੂ ਮਸੀਹ ਕੌਣ ਹੈ?

ਯਿਸੂ ਮਸੀਹ ਕੌਣ ਹੈ?

ਕਲਪਨਾ ਕਰੋ ਕਿ ਅੰਦ੍ਰਿਯਾਸ ਨਾਮਕ ਇਕ ਜਵਾਨ ਯਹੂਦੀ ਉਦੋਂ ਕਿੰਨਾ ਖ਼ੁਸ਼ ਹੋਇਆ ਹੋਣਾ ਜਦ ਉਸ ਨੇ ਪਹਿਲੀ ਵਾਰ ਯਿਸੂ ਮਸੀਹ ਨੂੰ ਗੱਲ ਕਰਦੇ ਹੋਏ ਸੁਣਿਆ! ਬਾਈਬਲ ਸਾਨੂੰ ਦੱਸਦੀ ਹੈ ਕਿ ਅੰਦ੍ਰਿਯਾਸ ਦੌੜ ਕੇ ਆਪਣੇ ਭਰਾ ਕੋਲ ਗਿਆ ਤੇ ਉਸ ਨੂੰ ਕਿਹਾ: “ਅਸਾਂ ਮਸੀਹ ਨੂੰ ਅਰਥਾਤ ਖ੍ਰਿਸਟੁਸ ਨੂੰ ਲੱਭ ਲਿਆ ਹੈ!” (ਯੂਹੰਨਾ 1:41) ਇਬਰਾਨੀ ਤੇ ਯੂਨਾਨੀ ਭਾਸ਼ਾਵਾਂ ਵਿਚ ਜਿਹੜੇ ਸ਼ਬਦਾਂ ਦਾ ਤਰਜਮਾ ਮਸੀਹਾ ਜਾਂ ਮਸੀਹ ਕੀਤਾ ਗਿਆ ਹੈ ਉਨ੍ਹਾਂ ਦਾ ਅਰਥ ਹੈ “ਮਸਹ ਕੀਤਾ ਹੋਇਆ।” ਯਿਸੂ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਜਾਂ ਚੁਣਿਆ ਹੋਇਆ ਸੀ। ਜੀ ਹਾਂ, ਯਿਸੂ ਹੀ ਵਾਅਦਾ ਕੀਤਾ ਹੋਇਆ ਪ੍ਰਧਾਨ ਸੀ। (ਯਸਾਯਾਹ 55:4) ਸ਼ਾਸਤਰਾਂ ਵਿਚ ਯਿਸੂ ਬਾਰੇ ਕਈ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ ਅਤੇ ਯਹੂਦੀ ਲੋਕ ਉਸ ਦੇ ਆਉਣ ਦੀ ਉਡੀਕ ਵਿਚ ਸਨ।—ਲੂਕਾ 3:15.

ਪਰ ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਿਸੂ ਸੱਚ-ਮੁੱਚ ਯਹੋਵਾਹ ਪਰਮੇਸ਼ੁਰ ਵੱਲੋਂ ਚੁਣਿਆ ਹੋਇਆ ਸੀ? ਧਿਆਨ ਦਿਓ ਕਿ ਸੰਨ 29 ਵਿਚ ਕੀ ਹੋਇਆ ਸੀ ਜਦ ਯਿਸੂ 30 ਸਾਲਾਂ ਦਾ ਸੀ। ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਕੋਲੋਂ ਯਰਦਨ ਦਰਿਆ ਵਿਚ ਬਪਤਿਸਮਾ ਲੈਣ ਲਈ ਗਿਆ। ਬਾਈਬਲ ਦੱਸਦੀ ਹੈ: “ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਵਾਂਙੁ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ। ਅਰ ਵੇਖੋ ਇੱਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:16, 17) ਸਵਰਗੋਂ ਇਹ ਸ਼ਬਦ ਸੁਣ ਕੇ ਯੂਹੰਨਾ ਨੂੰ ਕੋਈ ਸ਼ੱਕ ਨਹੀਂ ਰਿਹਾ ਕਿ ਯਿਸੂ ਹੀ ਪਰਮੇਸ਼ੁਰ ਦਾ ਚੁਣਿਆ ਹੋਇਆ ਸੀ। ਉਸ ਵੇਲੇ ਯਹੋਵਾਹ ਨੇ ਯਿਸੂ ਤੇ ਆਪਣੀ ਪਵਿੱਤਰ ਆਤਮਾ ਵਹਾ ਕੇ ਉਸ ਨੂੰ ਮਸਹ ਕੀਤਾ ਯਾਨੀ ਆਪਣੇ ਆਉਣ ਵਾਲੇ ਰਾਜ ਦੇ ਰਾਜੇ ਵਜੋਂ ਨਿਯੁਕਤ ਕੀਤਾ। ਇਸ ਤਰ੍ਹਾਂ ਉਹ ਯਿਸੂ ਤੋਂ ਯਿਸੂ ਮਸੀਹ ਬਣ ਗਿਆ। ਪਰ ਯਿਸੂ ਨੂੰ ਪਰਮੇਸ਼ੁਰ ਦਾ ਪੁੱਤਰ ਕਿਉਂ ਕਿਹਾ ਗਿਆ ਸੀ ਅਤੇ ਉਹ ਕਿੱਥੋਂ ਆਇਆ ਸੀ?

ਉਹ “ਪਰਾਚੀਨ ਸਮੇਂ” ਤੋਂ ਮੌਜੂਦ ਸੀ

ਯਿਸੂ ਦੀ ਜ਼ਿੰਦਗੀ ਤਿੰਨ ਪੜਾਵਾਂ ਵਿਚ ਵੰਡੀ ਜਾ ਸਕਦੀ ਹੈ। ਉਸ ਦੀ ਜ਼ਿੰਦਗੀ ਦਾ ਪਹਿਲਾ ਪੜਾਅ ਧਰਤੀ ਉੱਤੇ ਉਸ ਦੇ ਜਨਮ ਲੈਣ ਤੋਂ ਬਹੁਤ ਚਿਰ ਪਹਿਲਾਂ ਸ਼ੁਰੂ ਹੋਇਆ ਸੀ। ਮੀਕਾਹ 5:2 ਵਿਚ ਲਿਖਿਆ ਹੈ ਕਿ ਉਸ ਦਾ ਮੁੱਢ “ਪਰਾਚੀਨ ਸਮੇਂ ਤੋਂ, ਸਗੋਂ ਅਨਾਦ ਤੋਂ ਹੈ।” ਯਿਸੂ ਨੇ ਖ਼ੁਦ ਕਿਹਾ ਸੀ: “ਮੈਂ ਉੱਤੋਂ ਦਾ ਹਾਂ” ਮਤਲਬ ਕਿ ਉਹ ਸਵਰਗੋਂ ਆਇਆ ਸੀ। (ਯੂਹੰਨਾ 8:23) ਉਹ ਸਵਰਗ ਵਿਚ ਇਕ ਸ਼ਕਤੀਸ਼ਾਲੀ ਦੂਤ ਸੀ।

ਯਹੋਵਾਹ ਸਾਰੀਆਂ ਚੀਜ਼ਾਂ ਦਾ ਸ੍ਰਿਸ਼ਟੀਕਰਤਾ ਹੈ, ਇਸ ਦਾ ਮਤਲਬ ਹੈ ਕਿ ਕੁਝ ਬਣਾਉਣ ਤੋਂ ਪਹਿਲਾਂ ਉਹ ਇਕੱਲਾ ਸੀ। ਅੱਜ ਤੋਂ ਸਦੀਆਂ ਪਹਿਲਾਂ ਪਰਮੇਸ਼ੁਰ ਨੇ ਚੀਜ਼ਾਂ ਸ੍ਰਿਸ਼ਟ ਕਰਨੀਆਂ ਸ਼ੁਰੂ ਕੀਤੀਆਂ ਸਨ। ਉਸ ਨੇ ਪਹਿਲਾਂ ਕਿਸ ਨੂੰ ਰਚਿਆ? ਬਾਈਬਲ ਦੀ ਆਖ਼ਰੀ ਕਿਤਾਬ ਦੱਸਦੀ ਹੈ ਕਿ ਯਿਸੂ “ਪਰਮੇਸ਼ੁਰ ਦੀ ਸ੍ਰਿਸ਼ਟ ਦਾ ਮੁੱਢ” ਸੀ। (ਪਰਕਾਸ਼ ਦੀ ਪੋਥੀ 3:14) ਯਿਸੂ “ਸਾਰੀ ਸ੍ਰਿਸ਼ਟ ਵਿੱਚੋਂ ਜੇਠਾ ਹੈ।” ਉਸ ਨੂੰ ਇਸ ਲਈ ਜੇਠਾ ਕਿਹਾ ਗਿਆ ਹੈ ਕਿਉਂਕਿ “ਅਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿੱਸਣ ਵਾਲੀਆਂ, ਨਾਲੇ ਨਾ ਦਿੱਸਣ ਵਾਲੀਆਂ।” (ਕੁਲੁੱਸੀਆਂ 1:15, 16) ਜੀ ਹਾਂ, ਪਰਮੇਸ਼ੁਰ ਨੇ ਸਿਰਫ਼ ਯਿਸੂ ਨੂੰ ਹੀ ਆਪਣੇ ਹੱਥੀਂ ਰਚਿਆ ਸੀ। ਇਸ ਲਈ ਯਿਸੂ ਨੂੰ ਪਰਮੇਸ਼ੁਰ ਦਾ “ਇਕਲੌਤਾ ਪੁੱਤ੍ਰ” ਕਿਹਾ ਗਿਆ ਹੈ। (ਯੂਹੰਨਾ 3:16) ਯਹੋਵਾਹ ਦੇ ਇਸ ਪੁੱਤਰ ਨੂੰ “ਸ਼ਬਦ” ਵੀ ਕਿਹਾ ਜਾਂਦਾ ਹੈ। (ਯੂਹੰਨਾ 1:14) ਕਿਉਂ? ਕਿਉਂਕਿ ਧਰਤੀ ਤੇ ਆਉਣ ਤੋਂ ਪਹਿਲਾਂ ਉਹ ਸਵਰਗ ਵਿਚ ਰਹਿੰਦਿਆਂ ਪਰਮੇਸ਼ੁਰ ਦੇ ਪੈਗਾਮ ਹੋਰਨਾਂ ਦੂਤਾਂ ਤੇ ਇਨਸਾਨਾਂ ਤਕ ਪਹੁੰਚਾਉਂਦਾ ਸੀ।

ਬਾਈਬਲ ਵਿਚ ਦੱਸਿਆ ਗਿਆ ਹੈ ਕਿ “ਆਦ ਵਿੱਚ” ਜਦ “ਅਕਾਸ਼ ਤੇ ਧਰਤੀ” ਨੂੰ ਉਤਪਤ ਕੀਤਾ ਗਿਆ ਸੀ, ਤਦ “ਸ਼ਬਦ” ਯਹੋਵਾਹ ਨਾਲ ਸੀ। ਯਿਸੂ ਹੀ ਉਹ ਵਿਅਕਤੀ ਸੀ ਜਿਸ ਨੂੰ ਪਰਮੇਸ਼ੁਰ ਨੇ ਕਿਹਾ ਸੀ ਕਿ “ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ।” (ਯੂਹੰਨਾ 1:1; ਉਤਪਤ 1:1, 26) ਯਹੋਵਾਹ ਦਾ ਇਕਲੌਤਾ ਪੁੱਤਰ ਯਿਸੂ ਆਪਣੇ ਪਿਤਾ ਯਹੋਵਾਹ ਨਾਲ ਮਿਲ ਕੇ ਕੰਮ ਕਰਦਾ ਸੀ। ਕਹਾਉਤਾਂ 8:22-31 ਵਿਚ ਯਿਸੂ ਨੂੰ ਇਹ ਕਹਿੰਦਾ ਹੋਇਆ ਦਰਸਾਇਆ ਗਿਆ ਹੈ ਕਿ ‘ਮੈਂ ਸਿਰਜਣਹਾਰ ਦੇ ਨਾਲ ਰਾਜ ਮਿਸਤਰੀ ਦੀ ਤਰ੍ਹਾਂ ਸਾਂ, ਮੈਂ ਉਸ ਦੇ ਹਰ ਦਿਨ ਦੇ ਅਨੰਦ ਦਾ ਸੋਮਾ ਸਾਂ, ਅਤੇ ਹਮੇਸ਼ਾਂ ਉਸ ਨੂੰ ਖ਼ੁਸ਼ ਰੱਖਦਾ ਸਾਂ।’—ਪਵਿੱਤਰ ਬਾਈਬਲ ਨਵਾਂ ਅਨੁਵਾਦ।

ਯਹੋਵਾਹ ਪਰਮੇਸ਼ੁਰ ਤੇ ਉਸ ਦਾ ਪੁੱਤਰ ਯਿਸੂ ਸਦੀਆਂ ਤੋਂ ਇਕ-ਦੂਜੇ ਨਾਲ ਕੰਮ ਕਰਦੇ ਆਏ ਸਨ। ਇਸ ਲਈ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਇਕ-ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਂਦੇ ਸਨ! ਯਹੋਵਾਹ ਨਾਲ ਇੰਨੇ ਲੰਬੇ ਸਮੇਂ ਤਕ ਕੰਮ ਕਰਨ ਨਾਲ ਯਿਸੂ ਤੇ ਬਹੁਤ ਡੂੰਘਾ ਪ੍ਰਭਾਵ ਪਿਆ। ਯਿਸੂ ਹੂ-ਬਹੂ ਆਪਣੇ ਪਿਤਾ ਯਹੋਵਾਹ ਵਰਗਾ ਸੀ। ਕੁਲੁੱਸੀਆਂ 1:15 ਵਿਚ ਯਿਸੂ ਬਾਰੇ ਕਿਹਾ ਗਿਆ ਹੈ ਕਿ ਉਹ ‘ਅਲੱਖ ਪਰਮੇਸ਼ੁਰ ਦਾ ਰੂਪ ਹੈ।’ ਇਹ ਇਕ ਕਾਰਨ ਹੈ ਕਿ ਸਾਨੂੰ ਆਪਣੀ ਰੂਹਾਨੀ ਜ਼ਰੂਰਤ ਅਤੇ ਪਰਮੇਸ਼ੁਰ ਨੂੰ ਜਾਣਨ ਦੀ ਕੁਦਰਤੀ ਚਾਹਤ ਪੂਰੀ ਕਰਨ ਲਈ ਯਿਸੂ ਨੂੰ ਜਾਣਨਾ ਕਿਉਂ ਇੰਨਾ ਜ਼ਰੂਰੀ ਹੈ। ਯਿਸੂ ਨੇ ਇਸ ਧਰਤੀ ਤੇ ਆ ਕੇ ਉਹੀ ਕੁਝ ਕੀਤਾ ਜੋ ਕੁਝ ਯਹੋਵਾਹ ਉਸ ਤੋਂ ਚਾਹੁੰਦਾ ਸੀ। ਇਸ ਲਈ ਯਿਸੂ ਨੂੰ ਜਾਣਨ ਰਾਹੀਂ ਅਸੀਂ ਯਹੋਵਾਹ ਨੂੰ ਵੀ ਜਾਣ ਸਕਦੇ ਹਾਂ। (ਯੂਹੰਨਾ 8:28; 14:8-10) ਪਰ ਯਿਸੂ ਇਸ ਧਰਤੀ ਤੇ ਕਿਵੇਂ ਆਇਆ ਸੀ?

ਇਨਸਾਨ ਵਜੋਂ ਉਸ ਦੀ ਜ਼ਿੰਦਗੀ

ਯਿਸੂ ਦੀ ਜ਼ਿੰਦਗੀ ਦਾ ਦੂਜਾ ਪੜਾਅ ਉਦੋਂ ਸ਼ੁਰੂ ਹੋਇਆ ਜਦ ਉਸ ਦੇ ਪਿਤਾ ਨੇ ਉਸ ਨੂੰ ਇਸ ਧਰਤੀ ਤੇ ਘੱਲਿਆ। ਯਹੋਵਾਹ ਨੇ ਸਵਰਗੋਂ ਯਿਸੂ ਦੀ ਜਾਨ ਮਰਿਯਮ ਨਾਮਕ ਇਕ ਵਫ਼ਾਦਾਰ ਯਹੂਦਣ ਦੀ ਕੁੱਖ ਵਿਚ ਪਾਈ ਜੋ ਉਸ ਵੇਲੇ ਕੁਆਰੀ ਸੀ। ਯਿਸੂ ਵਿਚ ਕੋਈ ਨੁਕਸ ਨਹੀਂ ਸੀ ਕਿਉਂਕਿ ਉਸ ਦੇ ਜਨਮ ਵਿਚ ਕਿਸੇ ਮਾਨਵੀ ਪਿਤਾ ਦਾ ਹੱਥ ਨਹੀਂ ਸੀ। ਯਹੋਵਾਹ ਦੀ ਪਵਿੱਤਰ ਆਤਮਾ ਯਾਨੀ ਉਸ ਦੀ ਸ਼ਕਤੀ ਮਰਿਯਮ ਉੱਪਰ ‘ਛਾਈ’ ਅਤੇ ਉਹ ਗਰਭਵਤੀ ਹੋ ਗਈ। (ਲੂਕਾ 1:34, 35) ਇਸ ਲਈ ਮਰਿਯਮ ਨੇ ਇਕ ਮੁਕੰਮਲ ਬੱਚੇ ਨੂੰ ਜਨਮ ਦਿੱਤਾ। ਮਰਿਯਮ ਦਾ ਪਤੀ ਯੂਸੁਫ਼ ਇਕ ਤਰਖਾਣ ਸੀ। ਇਸ ਲਈ, ਯਿਸੂ ਦਾ ਪਾਲਣ-ਪੋਸਣ ਇਕ ਸਾਧਾਰਣ ਜਿਹੇ ਪਰਿਵਾਰ ਵਿਚ ਹੋਇਆ ਸੀ। ਯਿਸੂ ਦੇ ਜਨਮ ਤੋਂ ਬਾਅਦ ਯੂਸੁਫ਼ ਤੇ ਮਰਿਯਮ ਦੇ ਹੋਰ ਵੀ ਕਈ ਬੱਚੇ ਪੈਦਾ ਹੋਏ ਸਨ।—ਯਸਾਯਾਹ 7:14; ਮੱਤੀ 1:22, 23; ਮਰਕੁਸ 6:3.

ਸਾਨੂੰ ਯਿਸੂ ਦੇ ਬਚਪਨ ਬਾਰੇ ਬਹੁਤਾ ਕੁਝ ਨਹੀਂ ਦੱਸਿਆ ਗਿਆ ਹੈ, ਪਰ ਇਕ ਘਟਨਾ ਤੋਂ ਕਾਫ਼ੀ ਕੁਝ ਪਤਾ ਲੱਗਦਾ ਹੈ। ਯਿਸੂ ਦੇ ਮਾਂ-ਬਾਪ, ਯੂਸੁਫ਼ ਅਤੇ ਮਰਿਯਮ ਹਰ ਸਾਲ ਪਸਾਹ ਦੇ ਤਿਉਹਾਰ ਲਈ ਯਰੂਸ਼ਲਮ ਜਾਂਦੇ ਹੁੰਦੇ ਸਨ। ਜਦ ਯਿਸੂ 12 ਸਾਲਾਂ ਦਾ ਸੀ, ਤਾਂ ਉਹ ਉਸ ਨੂੰ ਆਪਣੇ ਨਾਲ ਲੈ ਗਏ। ਉੱਥੇ ਯਿਸੂ ਨੇ ਹੈਕਲ ਵਿਚ “ਗੁਰੂਆਂ ਦੇ ਵਿੱਚਕਾਰ ਬੈਠਿਆਂ ਉਨ੍ਹਾਂ ਦੀ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ” ਕਾਫ਼ੀ ਸਮਾਂ ਬਿਤਾਇਆ ਅਤੇ “ਸਾਰੇ ਸੁਣਨ ਵਾਲੇ ਉਹ ਦੀ ਸਮਝ ਅਤੇ ਉਹ ਦੇ ਉੱਤਰਾਂ ਤੋਂ ਹੈਰਾਨ ਹੋਏ।” ਜੀ ਹਾਂ, ਇੰਨੀ ਛੋਟੀ ਉਮਰ ਵਿਚ ਯਿਸੂ ਬਾਈਬਲ ਬਾਰੇ ਸਿਰਫ਼ ਚੰਗੇ ਸਵਾਲ ਹੀ ਨਹੀਂ ਪੁੱਛ ਸਕਦਾ ਸੀ, ਸਗੋਂ ਅਕਲਮੰਦੀ ਨਾਲ ਉਨ੍ਹਾਂ ਦੇ ਜਵਾਬ ਵੀ ਦੇ ਸਕਦਾ ਸੀ ਜਿਨ੍ਹਾਂ ਨੂੰ ਸੁਣ ਕੇ ਸਾਰੇ ਹੱਕੇ-ਬੱਕੇ ਰਹਿ ਗਏ! (ਲੂਕਾ 2:41-50) ਯਿਸੂ ਨਾਸਰਤ ਸ਼ਹਿਰ ਵਿਚ ਵੱਡਾ ਹੋਇਆ ਸੀ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਨੇ ਆਪਣੇ ਪਿਤਾ ਯੂਸੁਫ਼ ਕੋਲੋਂ ਤਰਖਾਣ ਦਾ ਕੰਮ ਸਿੱਖਿਆ ਸੀ।—ਮੱਤੀ 13:55.

ਯਿਸੂ ਨਾਸਰਤ ਸ਼ਹਿਰ ਵਿਚ 30 ਸਾਲਾਂ ਦੀ ਉਮਰ ਤਕ ਰਿਹਾ ਸੀ। ਇਸ ਤੋਂ ਬਾਅਦ ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਕੋਲ ਬਪਤਿਸਮਾ ਲੈਣ ਲਈ ਗਿਆ। ਆਪਣੇ ਬਪਤਿਸਮੇ ਤੋਂ ਬਾਅਦ ਯਿਸੂ ਨੇ ਜੋਸ਼ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਸਾਢੇ ਤਿੰਨ ਸਾਲਾਂ ਤਕ ਆਪਣੇ ਦੇਸ਼ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਉਸ ਨੇ ਚਮਤਕਾਰ ਕਰ ਕੇ ਸਬੂਤ ਪੇਸ਼ ਕੀਤਾ ਕਿ ਉਸ ਨੂੰ ਪਰਮੇਸ਼ੁਰ ਨੇ ਭੇਜਿਆ ਸੀ। ਜੀ ਹਾਂ, ਉਸ ਨੇ ਉਹ ਸ਼ਕਤੀਸ਼ਾਲੀ ਕੰਮ ਕੀਤੇ ਜੋ ਕੋਈ ਆਮ ਇਨਸਾਨ ਨਹੀਂ ਕਰ ਸਕਦਾ ਸੀ।—ਮੱਤੀ 4:17; ਲੂਕਾ 19:37, 38.

ਯਿਸੂ ਕੋਮਲ ਸੁਭਾਅ ਵਾਲਾ ਸੀ ਅਤੇ ਹੋਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਿਆਰ ਨਾਲ ਉਨ੍ਹਾਂ ਨਾਲ ਪੇਸ਼ ਆਉਂਦਾ ਸੀ। ਇਸ ਲਈ ਲੋਕ ਉਸ ਵੱਲ ਖਿੱਚੇ ਜਾਂਦੇ ਸਨ। ਬੱਚਿਆਂ ਨੂੰ ਵੀ ਉਸ ਕੋਲ ਜਾਣ ਤੋਂ ਕੋਈ ਡਰ ਨਹੀਂ ਸੀ ਲੱਗਦਾ। (ਮਰਕੁਸ 10:13-16) ਯਿਸੂ ਦੇ ਦਿਨਾਂ ਵਿਚ ਔਰਤਾਂ ਦੀ ਜ਼ਰਾ ਵੀ ਇੱਜ਼ਤ ਨਹੀਂ ਕੀਤੀ ਜਾਂਦੀ ਸੀ, ਪਰ ਯਿਸੂ ਉਨ੍ਹਾਂ ਨਾਲ ਆਦਰ ਨਾਲ ਪੇਸ਼ ਆਇਆ। (ਯੂਹੰਨਾ 4:9, 27) ਉਸ ਨੇ ਗ਼ਰੀਬਾਂ ਅਤੇ ਦੁਖੀ ਲੋਕਾਂ ਦੀ ਮਦਦ ਕੀਤੀ ਤਾਂਕਿ ਉਹ “ਆਪਣਿਆਂ ਜੀਆਂ ਵਿੱਚ ਅਰਾਮ” ਪਾ ਸਕਣ। (ਮੱਤੀ 11:28-30) ਉਸ ਦਾ ਸਿਖਾਉਣ ਦਾ ਤਰੀਕਾ ਸਪੱਸ਼ਟ ਤੇ ਸੌਖਾ ਸੀ ਅਤੇ ਉਹ ਅਜਿਹੀਆਂ ਗੱਲਾਂ ਸਿਖਾਉਂਦਾ ਸੀ ਜੋ ਹਰ ਰੋਜ਼ ਦੀ ਜ਼ਿੰਦਗੀ ਵਿਚ ਲਾਗੂ ਕੀਤੀਆਂ ਜਾ ਸਕਦੀਆਂ ਸਨ। ਜੋ ਵੀ ਯਿਸੂ ਨੇ ਸਿਖਾਇਆ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਦਿਲੋਂ ਚਾਹੁੰਦਾ ਸੀ ਕਿ ਲੋਕ ਸੱਚੇ ਪਰਮੇਸ਼ੁਰ ਯਹੋਵਾਹ ਨੂੰ ਜਾਣਨ।—ਯੂਹੰਨਾ 17:6-8.

ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਯਿਸੂ ਨੇ ਕਈ ਚਮਤਕਾਰ ਕੀਤੇ। ਉਸ ਨੇ ਤਰਸ ਖਾ ਕੇ ਕਈ ਬੀਮਾਰ ਲੋਕਾਂ ਨੂੰ ਠੀਕ ਕੀਤਾ। (ਮੱਤੀ 15:30, 31) ਮਿਸਾਲ ਲਈ, ਜਦ ਇਕ ਕੋੜ੍ਹੀ ਨੇ ਉਸ ਨੂੰ ਕਿਹਾ: “ਪ੍ਰਭੁ ਜੀ ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ,” ਤਦ ਯਿਸੂ ਨੇ ਕੀ ਕੀਤਾ ਸੀ? ਉਸ ਨੇ ਆਪਣਾ ਹੱਥ ਵਧਾ ਕੇ ਉਸ ਆਦਮੀ ਨੂੰ ਛੋਹਿਆ ਤੇ ਕਿਹਾ: “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।” ਉਹ ਬੀਮਾਰ ਆਦਮੀ ਉਸੇ ਵੇਲੇ ਠੀਕ ਹੋ ਗਿਆ!—ਮੱਤੀ 8:2-4.

ਇਸ ਘਟਨਾ ਬਾਰੇ ਵੀ ਸੋਚੋ ਜਦ ਇਕ ਵੱਡੀ ਭੀੜ ਯਿਸੂ ਦੇ ਨਾਲ ਤਿੰਨਾਂ ਦਿਨਾਂ ਤੋਂ ਠਹਿਰੀ ਹੋਈ ਸੀ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ। ਯਿਸੂ ਨੂੰ ਉਨ੍ਹਾਂ ਲੋਕਾਂ ਤੇ ਤਰਸ ਆਇਆ ਅਤੇ ਉਸ ਨੇ ‘ਜਨਾਨੀਆਂ ਅਤੇ ਬਾਲਕਾਂ ਬਿਨਾ ਚਾਰ ਹਜ਼ਾਰ ਮਰਦਾਂ’ ਨੂੰ ਚਮਤਕਾਰ ਕਰ ਕੇ ਰੋਟੀ ਖਿਲਾਈ। (ਮੱਤੀ 15:32-38) ਇਕ ਹੋਰ ਮੌਕੇ ਤੇ ਯਿਸੂ ਨੇ ਇਕ ਤੂਫ਼ਾਨ ਨੂੰ ਸ਼ਾਂਤ ਕੀਤਾ ਕਿਉਂਕਿ ਉਸ ਦੇ ਦੋਸਤਾਂ ਦੀਆਂ ਜਾਨਾਂ ਖ਼ਤਰੇ ਵਿਚ ਸਨ। (ਮਰਕੁਸ 4:37-39) ਉਸ ਨੇ ਮਰਿਆਂ ਹੋਇਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਸੀ। * (ਲੂਕਾ 7:22; ਯੂਹੰਨਾ 11:43, 44) ਯਿਸੂ ਨੇ ਤਾਂ ਆਪਣੀ ਮੁਕੰਮਲ ਜਾਨ ਵੀ ਨਾਮੁਕੰਮਲ ਇਨਸਾਨਾਂ ਲਈ ਕੁਰਬਾਨ ਕਰ ਦਿੱਤੀ ਸੀ, ਜਿਸ ਦੇ ਆਧਾਰ ਤੇ ਉਹ ਸੁਨਹਿਰੇ ਭਵਿੱਖ ਦੀ ਉਮੀਦ ਰੱਖ ਸਕਦੇ ਹਨ। ਵਾਕਈ, ਯਿਸੂ ਲੋਕਾਂ ਨੂੰ ਕਿੰਨਾ ਪਿਆਰ ਕਰਦਾ ਸੀ!

ਯਿਸੂ ਅੱਜ ਕਿੱਥੇ ਹੈ?

ਜਦ ਯਿਸੂ 33 1/2 ਸਾਲਾਂ ਦੀ ਉਮਰ ਦਾ ਸੀ, ਤਦ ਉਸ ਨੂੰ ਸੂਲੀ ਤੇ ਟੰਗ ਕੇ ਮਾਰਿਆ ਗਿਆ ਸੀ। * ਪਰ ਉਸ ਦੀ ਮੌਤ ਨਾਲ ਉਸ ਦੀ ਜ਼ਿੰਦਗੀ ਦਾ ਅੰਤ ਨਹੀਂ ਹੋਇਆ ਸੀ। ਮੌਤ ਤੋਂ ਤਿੰਨ ਦਿਨ ਬਾਅਦ ਉਸ ਦੀ ਜ਼ਿੰਦਗੀ ਦਾ ਤੀਸਰਾ ਪੜਾਅ ਸ਼ੁਰੂ ਹੋਇਆ ਸੀ ਜਦ ਪਰਮੇਸ਼ੁਰ ਨੇ ਉਸ ਨੂੰ ਦੁਬਾਰਾ ਜ਼ਿੰਦਾ ਕੀਤਾ। ਯਹੋਵਾਹ ਪਰਮੇਸ਼ੁਰ ਨੇ ਆਪਣੇ ਪੁੱਤਰ ਯਿਸੂ ਨੂੰ ਇਕ ਆਤਮਿਕ ਵਿਅਕਤੀ ਵਜੋਂ ਜ਼ਿੰਦਾ ਕੀਤਾ ਸੀ। ਜ਼ਿੰਦਾ ਹੋਣ ਤੋਂ ਬਾਅਦ ਯਿਸੂ ਨੇ ਪਹਿਲੀ ਸਦੀ ਦੇ ਬਹੁਤ ਸਾਰੇ ਲੋਕਾਂ ਨੂੰ ਦਰਸ਼ਨ ਦਿੱਤਾ। (1 ਕੁਰਿੰਥੀਆਂ 15:3-8) ਇਸ ਤੋਂ ਬਾਅਦ ਉਹ ਰਾਜਾ ਬਣਨ ਦੀ ਉਡੀਕ ਵਿਚ “ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।” (ਇਬਰਾਨੀਆਂ 10:12, 13) ਜਦ ਉਹ ਸਮਾਂ ਆਇਆ, ਤਾਂ ਯਿਸੂ ਰਾਜ ਕਰਨ ਲੱਗਾ। ਤਾਂ ਫਿਰ ਸਾਨੂੰ ਅੱਜ ਯਿਸੂ ਨੂੰ ਕਿਸ ਰੂਪ ਵਿਚ ਵਿਚਾਰਨਾ ਚਾਹੀਦਾ ਹੈ? ਕੀ ਸਾਨੂੰ ਉਸ ਦੀ ਕਲਪਨਾ ਇਕ ਕਸ਼ਟ ਸਹਿੰਦੇ ਤੇ ਮਰ ਰਹੇ ਵਿਅਕਤੀ ਵਜੋਂ ਕਰਨੀ ਚਾਹੀਦੀ ਹੈ? ਜਾਂ ਕੀ ਸਾਨੂੰ ਉਸ ਨੂੰ ਪੂਜਾ ਦੇ ਲਾਇਕ ਸਮਝਣਾ ਚਾਹੀਦਾ ਹੈ? ਅਸਲ ਵਿਚ, ਯਿਸੂ ਹੁਣ ਨਾ ਤਾਂ ਇਕ ਇਨਸਾਨ ਹੈ ਅਤੇ ਨਾ ਹੀ ਸਰਬਸ਼ਕਤੀਮਾਨ ਪਰਮੇਸ਼ੁਰ। ਇਸ ਦੀ ਬਜਾਇ ਉਹ ਇਕ ਸ਼ਕਤੀਸ਼ਾਲੀ ਦੂਤ ਹੈ ਜੋ ਸਵਰਗ ਵਿਚ ਰਾਜ ਕਰ ਰਿਹਾ ਹੈ। ਉਹ ਸਮਾਂ ਬਹੁਤ ਨਜ਼ਦੀਕ ਹੈ ਜਦ ਯਿਸੂ ਸਾਡੇ ਸਾਰੇ ਦੁੱਖ ਦੂਰ ਕਰਨ ਲਈ ਕਦਮ ਚੁੱਕੇਗਾ।

ਤਸਵੀਰੀ ਭਾਸ਼ਾ ਇਸਤੇਮਾਲ ਕਰਦੇ ਹੋਏ, ਪਰਕਾਸ਼ ਦੀ ਪੋਥੀ 19:11-16 ਵਿਚ ਯਿਸੂ ਮਸੀਹ ਨੂੰ ਰਾਜੇ ਵਜੋਂ ਇਕ ਚਿੱਟੇ ਘੋੜੇ ਤੇ ਬੈਠਿਆ ਹੋਇਆ ਦਿਖਾਇਆ ਗਿਆ ਹੈ। ਉਹ ਧਰਮ ਨਾਲ ਨਿਆਉਂ ਅਤੇ ਯੁੱਧ ਕਰਨ ਲਈ ਆ ਰਿਹਾ ਹੈ। ਉਸ ਕੋਲ ਇਕ ‘ਤਿੱਖੀ ਤਲਵਾਰ ਹੈ ਭਈ ਓਸ ਨਾਲ ਉਹ ਕੌਮਾਂ ਨੂੰ ਮਾਰੇ।’ ਜੀ ਹਾਂ, ਯਿਸੂ ਆਪਣੀ ਸ਼ਕਤੀ ਨੂੰ ਦੁਸ਼ਟਾਂ ਨੂੰ ਖ਼ਤਮ ਕਰਨ ਲਈ ਵਰਤੇਗਾ। ਪਰ ਉਨ੍ਹਾਂ ਬਾਰੇ ਕੀ ਜੋ ਉਸ ਦੀ ਮਿਸਾਲ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਉਸ ਨੇ ਧਰਤੀ ਤੇ ਰਹਿੰਦਿਆਂ ਕਾਇਮ ਕੀਤੀ ਸੀ? (1 ਪਤਰਸ 2:21) ਯਿਸੂ ਅਤੇ ਉਸ ਦਾ ਪਿਤਾ ਯਹੋਵਾਹ ਉਨ੍ਹਾਂ ਨੂੰ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ” (ਆਰਮਾਗੇਡਨ) ਵਿੱਚੋਂ ਬਚਾਉਣਗੇ। ਇਸ ਤੋਂ ਬਾਅਦ ਇਹ ਲੋਕ ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣ ਕੇ ਸਦਾ ਲਈ ਜੀਉਂਦੇ ਰਹਿਣਗੇ।—ਪਰਕਾਸ਼ ਦੀ ਪੋਥੀ 7:9, 14; 16:14, 16; 21:3, 4.

ਆਪਣੇ ਸ਼ਾਂਤੀ ਦੇ ਰਾਜ ਦੌਰਾਨ ਯਿਸੂ ਮਨੁੱਖਜਾਤੀ ਲਈ ਬਹੁਤ ਸਾਰੇ ਚਮਤਕਾਰ ਕਰੇਗਾ। (ਯਸਾਯਾਹ 9:6, 7; 11:1-10) ਉਸ ਨੇ ਬੀਮਾਰੀ ਤੇ ਮੌਤ ਨੂੰ ਖ਼ਤਮ ਕਰ ਦੇਣਾ ਹੈ। ਪਰਮੇਸ਼ੁਰ, ਯਿਸੂ ਨੂੰ ਅਰਬਾਂ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਸ਼ਕਤੀ ਦੇਵੇਗਾ ਅਤੇ ਉਨ੍ਹਾਂ ਨੂੰ ਇਸ ਧਰਤੀ ਤੇ ਸਦਾ ਜੀਉਣ ਦਾ ਮੌਕਾ ਮਿਲੇਗਾ। (ਯੂਹੰਨਾ 5:28, 29) ਅਸੀਂ ਉਸ ਰਾਜ ਅਧੀਨ ਮਿਲਣ ਵਾਲੀਆਂ ਸ਼ਾਨਦਾਰ ਬਰਕਤਾਂ ਦੀ ਕਲਪਨਾ ਵੀ ਨਹੀਂ ਕਰ ਸਕਦੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਈਬਲ ਦਾ ਗਿਆਨ ਲੈਂਦੇ ਰਹੀਏ ਅਤੇ ਯਿਸੂ ਮਸੀਹ ਨੂੰ ਚੰਗੀ ਤਰ੍ਹਾਂ ਜਾਣੀਏ।

[ਫੁਟਨੋਟ]

^ ਪੈਰਾ 15 ਯਿਸੂ ਨੇ ਜਿਹੜੇ ਚਮਤਕਾਰ ਕੀਤੇ ਸਨ, ਉਨ੍ਹਾਂ ਬਾਰੇ ਉਸ ਜ਼ਮਾਨੇ ਦੇ ਲੋਕ ਭਲੀ-ਭਾਂਤ ਜਾਣਦੇ ਸਨ। ਯਿਸੂ ਦੇ ਵਿਰੋਧੀਆਂ ਨੇ ਵੀ ਕਬੂਲ ਕੀਤਾ ਸੀ ਕਿ ਉਹ ‘ਬਹੁਤ ਨਿਸ਼ਾਨ ਵਿਖਾਉਂਦਾ ਸੀ।’—ਯੂਹੰਨਾ 11:47, 48.

^ ਪੈਰਾ 17 ਇਸ ਬਾਰੇ ਹੋਰ ਜਾਣਕਾਰੀ ਲਈ ਕਿ ਯਿਸੂ ਕ੍ਰਾਸ ਜਾਂ ਸੂਲੀ ਉੱਤੇ ਟੰਗਿਆ ਗਿਆ ਸੀ, ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਦੇ 11ਵੇਂ ਪਾਠ ਦਾ ਛੇਵਾਂ ਪੈਰਾ ਦੇਖੋ।

[ਸਫ਼ੇ 7 ਉੱਤੇ ਡੱਬੀ]

ਕੀ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਹੈ?

ਬਹੁਤ ਸਾਰੇ ਧਾਰਮਿਕ ਲੋਕ ਯਿਸੂ ਮਸੀਹ ਨੂੰ ਪਰਮੇਸ਼ੁਰ ਮੰਨਦੇ ਹਨ। ਕਈਆਂ ਦਾ ਕਹਿਣਾ ਹੈ ਕਿ ਪਰਮੇਸ਼ੁਰ ਤ੍ਰਿਏਕ ਹੈ। ਇਸ ਸਿੱਖਿਆ ਦੇ ਮੁਤਾਬਕ, “ਪਿਤਾ ਪਰਮੇਸ਼ੁਰ ਹੈ, ਪੁੱਤਰ ਪਰਮੇਸ਼ੁਰ ਹੈ ਅਤੇ ਪਵਿੱਤਰ ਆਤਮਾ ਪਰਮੇਸ਼ੁਰ ਹੈ, ਪਰ ਇਹ ਤਿੰਨ ਵੱਖੋ-ਵੱਖਰੇ ਪਰਮੇਸ਼ੁਰ ਨਹੀਂ ਹਨ ਬਲਕਿ ਇੱਕੋ ਪਰਮੇਸ਼ੁਰ ਹੈ।” ਇਹ ਮੰਨਿਆ ਜਾਂਦਾ ਹੈ ਕਿ ਇਹ ਤਿੰਨ ਜਣੇ “ਅਮਰ ਹਨ ਤੇ ਤਿੰਨੋਂ ਇਕ ਬਰਾਬਰ ਹਨ।” (ਦ ਕੈਥੋਲਿਕ ਐਨਸਾਈਕਲੋਪੀਡੀਆ) ਕੀ ਇਹ ਵਿਚਾਰ ਸਹੀ ਹਨ?

ਯਹੋਵਾਹ ਪਰਮੇਸ਼ੁਰ ਸਾਡਾ ਸਿਰਜਣਹਾਰ ਹੈ। (ਪਰਕਾਸ਼ ਦੀ ਪੋਥੀ 4:11) ਉਹ ਸਰਬਸ਼ਕਤੀਮਾਨ ਹੈ। ਉਸ ਦੀ ਨਾ ਤਾਂ ਕੋਈ ਸ਼ੁਰੂਆਤ ਸੀ ਅਤੇ ਨਾ ਹੀ ਉਸ ਦਾ ਕੋਈ ਅੰਤ ਹੈ। (ਜ਼ਬੂਰਾਂ ਦੀ ਪੋਥੀ 90:2) ਦੂਸਰੇ ਪਾਸੇ, ਯਿਸੂ ਦੀ ਸ਼ੁਰੂਆਤ ਹੋਈ ਸੀ। (ਕੁਲੁੱਸੀਆਂ 1:15, 16) ਪਰਮੇਸ਼ੁਰ ਨੂੰ ਆਪਣਾ ਪਿਤਾ ਕਹਿ ਕੇ ਯਿਸੂ ਨੇ ਕਿਹਾ: “ਪਿਤਾ ਮੈਥੋਂ ਵੱਡਾ ਹੈ।” (ਯੂਹੰਨਾ 14:28) ਯਿਸੂ ਨੇ ਇਹ ਵੀ ਸਮਝਾਇਆ ਸੀ ਕਿ ਕੁਝ ਗੱਲਾਂ ਅਜਿਹੀਆਂ ਸਨ ਜਿਨ੍ਹਾਂ ਬਾਰੇ ਕੋਈ ਨਹੀਂ ਜਾਣਦਾ ਸੀ, ਨਾ ਉਹ ਅਤੇ ਨਾ ਸੁਰਗ ਦੇ ਦੂਤ, ਸਿਰਫ਼ ਉਸ ਦਾ ਪਿਤਾ ਹੀ ਇਹ ਗੱਲਾਂ ਜਾਣਦਾ ਸੀ।—ਮਰਕੁਸ 13:32.

ਇਸ ਤੋਂ ਇਲਾਵਾ ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਦੇ ਹੋਏ ਕਿਹਾ ਸੀ: “ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।” (ਲੂਕਾ 22:42) ਜੇ ਯਿਸੂ ਆਪਣੇ ਤੋਂ ਉੱਚੇ ਦਰਜੇ ਦੇ ਵਿਅਕਤੀ ਨੂੰ ਪ੍ਰਾਰਥਨਾ ਨਹੀਂ ਕਰ ਰਿਹਾ ਸੀ, ਤਾਂ ਫਿਰ ਉਹ ਕਿਸ ਨੂੰ ਪ੍ਰਾਰਥਨਾ ਕਰ ਰਿਹਾ ਸੀ? ਇਸ ਤੋਂ ਇਲਾਵਾ, ਜਦ ਯਿਸੂ ਮਰ ਗਿਆ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਦੁਬਾਰਾ ਜ਼ਿੰਦਾ ਕੀਤਾ ਸੀ, ਯਿਸੂ ਨੇ ਆਪਣੇ-ਆਪ ਨੂੰ ਜ਼ਿੰਦਾ ਨਹੀਂ ਕੀਤਾ ਸੀ। (ਰਸੂਲਾਂ ਦੇ ਕਰਤੱਬ 2:32) ਤਾਂ ਫਿਰ, ਇਹ ਗੱਲ ਸਪੱਸ਼ਟ ਹੈ ਕਿ ਯਿਸੂ ਨਾ ਤਾਂ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਅਤੇ ਨਾ ਹੀ ਬਾਅਦ ਵਿਚ ਆਪਣੇ ਪਿਤਾ ਦੇ ਬਰਾਬਰ ਸੀ। ਪਰ ਜਦ ਉਹ ਦੁਬਾਰਾ ਜ਼ਿੰਦਾ ਹੋ ਕੇ ਸਵਰਗ ਨੂੰ ਗਿਆ ਉਦੋਂ ਕੀ? ਪਹਿਲਾ ਕੁਰਿੰਥੀਆਂ 11:3 ਵਿਚ ਲਿਖਿਆ ਹੈ: “ਮਸੀਹ ਦਾ ਸਿਰ ਪਰਮੇਸ਼ੁਰ ਹੈ।” ਜੀ ਹਾਂ, ਅਸਲੀਅਤ ਇਹ ਹੈ ਕਿ ਪੁੱਤਰ ਹਮੇਸ਼ਾ ਪਰਮੇਸ਼ੁਰ ਦੇ ਅਧੀਨ ਰਹੇਗਾ। (1 ਕੁਰਿੰਥੀਆਂ 15:28) ਬਾਈਬਲ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ ਹੈ। ਇਸ ਦੀ ਬਜਾਇ ਉਹ ਪਰਮੇਸ਼ੁਰ ਦਾ ਪੁੱਤਰ ਹੈ।

ਤਾਂ ਫਿਰ ਤ੍ਰਿਏਕ ਦੇ ਤੀਸਰੇ ਹਿੱਸਾ ਯਾਨੀ ਪਵਿੱਤਰ ਆਤਮਾ ਬਾਰੇ ਕੀ? ਪਵਿੱਤਰ ਆਤਮਾ ਕੋਈ ਵਿਅਕਤੀ ਨਹੀਂ ਹੈ। ਪ੍ਰਾਰਥਨਾ ਕਰਦੇ ਹੋਏ ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ: “ਤੂੰ ਆਪਣਾ ਆਤਮਾ ਘੱਲਦਾ ਹੈਂ, ਓਹ ਉਤਪੰਨ ਹੋ ਜਾਂਦੇ ਹਨ।” (ਜ਼ਬੂਰਾਂ ਦੀ ਪੋਥੀ 104:30) ਇਹ ਆਤਮਾ ਪਰਮੇਸ਼ੁਰ ਨਹੀਂ ਹੈ, ਸਗੋਂ ਪਰਮੇਸ਼ੁਰ ਦੀ ਸ਼ਕਤੀ ਹੈ। ਇਸ ਸ਼ਕਤੀ ਨੂੰ ਪਰਮੇਸ਼ੁਰ ਆਪਣੀ ਮਰਜ਼ੀ ਪੂਰੀ ਕਰਨ ਲਈ ਇਸਤੇਮਾਲ ਕਰਦਾ ਹੈ। ਇਸ ਸ਼ਕਤੀ ਰਾਹੀਂ ਉਸ ਨੇ ਆਕਾਸ਼, ਧਰਤੀ ਅਤੇ ਸਾਰੇ ਜੀਵ-ਜੰਤੂ ਰਚੇ ਸਨ। (ਉਤਪਤ 1:2; ਜ਼ਬੂਰਾਂ ਦੀ ਪੋਥੀ 33:6) ਪਰਮੇਸ਼ੁਰ ਨੇ ਆਪਣੀ ਪਵਿੱਤਰ ਆਤਮਾ ਰਾਹੀਂ ਇਨਸਾਨਾਂ ਨੂੰ ਬਾਈਬਲ ਲਿਖਣ ਲਈ ਵੀ ਪ੍ਰੇਰਿਆ ਸੀ। (2 ਪਤਰਸ 1:20, 21) ਤਾਂ ਫਿਰ, ਤ੍ਰਿਏਕ ਦੀ ਸਿੱਖਿਆ ਬਾਈਬਲ ਤੇ ਆਧਾਰਿਤ ਨਹੀਂ ਹੈ। * ਬਾਈਬਲ ਸਾਨੂੰ ਦੱਸਦੀ ਹੈ: “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।”—ਬਿਵਸਥਾ ਸਾਰ 6:4.

[ਫੁਟਨੋਟ]

^ ਪੈਰਾ 28 ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਬਰੋਸ਼ਰ ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਹਿੰਦੀ) ਦੇਖੋ।

[ਸਫ਼ੇ 5 ਉੱਤੇ ਤਸਵੀਰ]

ਆਪਣੇ ਬਪਤਿਸਮਾ ਤੇ ਯਿਸੂ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਮਸੀਹਾ ਬਣਿਆ

[ਸਫ਼ੇ 7 ਉੱਤੇ ਤਸਵੀਰ]

ਯਿਸੂ ਨੇ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਆਪਣੀ ਪੂਰੀ ਵਾਹ ਲਾਈ

[ਸਫ਼ੇ 7 ਉੱਤੇ ਤਸਵੀਰ]

ਅੱਜ ਯਿਸੂ ਸ਼ਕਤੀਸ਼ਾਲੀ ਰਾਜਾ ਹੈ