Skip to content

Skip to table of contents

ਯਿਸੂ ਮਸੀਹ ਦੀ ਪੈੜ ਉੱਤੇ ਚੱਲੋ

ਯਿਸੂ ਮਸੀਹ ਦੀ ਪੈੜ ਉੱਤੇ ਚੱਲੋ

ਯਿਸੂ ਮਸੀਹ ਦੀ ਪੈੜ ਉੱਤੇ ਚੱਲੋ

‘ਉਹ ਜਿਹੜਾ ਆਖਦਾ ਹੈ ਭਈ ਮੈਂ ਪਰਮੇਸ਼ੁਰ ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਭਈ ਜਿਵੇਂ ਯਿਸੂ ਚੱਲਦਾ ਸੀ ਤਿਵੇਂ ਆਪ ਵੀ ਚੱਲੇ।’—1 ਯੂਹੰਨਾ 2:6.

1, 2. ਯਿਸੂ ਵੱਲ ਤੱਕਦੇ ਰਹਿਣ ਦਾ ਕੀ ਮਤਲਬ ਹੈ?

ਪੌਲੁਸ ਰਸੂਲ ਨੇ ਲਿਖਿਆ: ‘ਆਓ, ਅਸੀਂ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ।’ (ਇਬਰਾਨੀਆਂ 12:1, 2) ਨਿਹਚਾ ਨਾਲ ਚੱਲਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਵੱਲ ਤੱਕਦੇ ਰਹੀਏ।

2 ਇੱਥੇ “ਤੱਕਦੇ ਰਹੀਏ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਇੱਧਰ-ਉੱਧਰ ਦੇਖਣ ਦੀ ਬਜਾਇ ਇੱਕੋ ਚੀਜ਼ ਤੇ ਧਿਆਨ ਲਾਉਣਾ,” “ਇਕ ਚੀਜ਼ ਤੋਂ ਨਜ਼ਰ ਫੇਰ ਕੇ ਦੂਸਰੀ ਚੀਜ਼ ਨੂੰ ਦੇਖਣਾ” ਅਤੇ “ਕਿਸੇ ਚੀਜ਼ ਨੂੰ ਧਿਆਨ ਨਾਲ ਦੇਖਦੇ ਰਹਿਣਾ।” ਇਕ ਪੁਸਤਕ ਵਿਚ ਸਮਝਾਇਆ ਗਿਆ ਹੈ: “ਯੂਨਾਨੀ ਖੇਡਾਂ ਵਿਚ ਜਿਸ ਪਲ ਦੌੜਾਕ ਆਪਣੀ ਨਜ਼ਰ ਦੌੜ ਅਤੇ ਆਪਣੀ ਮੰਜ਼ਲ ਤੋਂ ਹਟਾ ਕੇ ਦਰਸ਼ਕਾਂ ਵੱਲ ਦੇਖਣ ਲੱਗਦਾ ਹੈ, ਤਾਂ ਉਸ ਦੀ ਰਫ਼ਤਾਰ ਘੱਟ ਜਾਂਦੀ ਹੈ। ਮਸੀਹੀਆਂ ਨਾਲ ਵੀ ਇਸੇ ਤਰ੍ਹਾਂ ਹੋ ਸਕਦਾ ਹੈ।” ਜੇ ਸਾਡਾ ਧਿਆਨ ਦੁਨਿਆਵੀ ਚੀਜ਼ਾਂ ਤੇ ਲੱਗ ਜਾਵੇ, ਤਾਂ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਸਕਦੇ ਹਾਂ। ਸਾਨੂੰ ਯਿਸੂ ਮਸੀਹ ਵੱਲ ਤੱਕਦੇ ਰਹਿਣ ਦੀ ਲੋੜ ਹੈ। ਅਸੀਂ ਨਿਹਚਾ ਦੇ ਕਰਤੇ ਤੋਂ ਕੀ ਸਿੱਖਣਾ ਚਾਹੁੰਦੇ ਹਾਂ? “ਨਿਹਚਾ ਦਾ ਕਰਤਾ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਮੁੱਖ ਆਗੂ, ਜਿਹੜਾ ਅਗਵਾਈ ਕਰਦਾ ਹੈ ਤੇ ਮਿਸਾਲ ਕਾਇਮ ਕਰਦਾ ਹੈ।” ਇਸ ਲਈ ਯਿਸੂ ਵੱਲ ਤੱਕਦੇ ਰਹਿਣ ਦਾ ਮਤਲਬ ਹੈ ਕਿ ਅਸੀਂ ਉਸ ਦੀ ਰੀਸ ਕਰੀਏ।

3, 4. (ੳ) ਯਿਸੂ ਵਾਂਗ ਚੱਲਣ ਲਈ ਕੀ ਜ਼ਰੂਰੀ ਹੈ? (ਅ) ਸਾਨੂੰ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਨਾ ਚਾਹੀਦਾ ਹੈ?

3 ਬਾਈਬਲ ਕਹਿੰਦੀ ਹੈ: “ਉਹ ਜਿਹੜਾ ਆਖਦਾ ਹੈ ਭਈ ਮੈਂ [ਪਰਮੇਸ਼ੁਰ] ਵਿੱਚ ਕਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਭਈ ਜਿਵੇਂ [ਯਿਸੂ] ਚੱਲਦਾ ਸੀ ਤਿਵੇਂ ਆਪ ਵੀ ਚੱਲੇ।” (1 ਯੂਹੰਨਾ 2:6) ਸਾਨੂੰ ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਉਸ ਨੇ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਸੀ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਵਿਚ ਕਾਇਮ ਰਹਾਂਗੇ।—ਯੂਹੰਨਾ 15:10.

4 ਆਪਣੇ ਮੁੱਖ ਆਗੂ ਯਿਸੂ ਵਾਂਗ ਚੱਲਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਧਿਆਨ ਨਾਲ ਦੇਖੀਏ ਤੇ ਉਸ ਦੀ ਪੈੜ ਉੱਤੇ ਚੱਲੀਏ। ਇਸ ਤਰ੍ਹਾਂ ਕਰਨ ਲਈ ਸਾਨੂੰ ਇਨ੍ਹਾਂ ਮਹੱਤਵਪੂਰਣ ਸਵਾਲਾਂ ਉੱਤੇ ਗੌਰ ਕਰਨਾ ਚਾਹੀਦਾ ਹੈ: ਯਿਸੂ ਅੱਜ ਸਾਡੀ ਅਗਵਾਈ ਕਿੱਦਾਂ ਕਰਦਾ ਹੈ? ਉਸ ਵਾਂਗ ਚੱਲਣ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? ਯਿਸੂ ਦੀ ਰੀਸ ਕਰਨ ਦੇ ਕੀ ਲਾਭ ਹਨ?

ਯਿਸੂ ਆਪਣੇ ਚੇਲਿਆਂ ਦੀ ਅਗਵਾਈ ਕਰਦਾ ਹੈ

5. ਸਵਰਗ ਵਾਪਸ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨਾਲ ਕਿਹੜਾ ਵਾਅਦਾ ਕੀਤਾ ਸੀ?

5 ਸਵਰਗ ਵਾਪਸ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਜ਼ਰੂਰੀ ਕੰਮ ਸੌਂਪਿਆ ਸੀ। ਉਸ ਨੇ ਕਿਹਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” ਉਸ ਮੌਕੇ ਤੇ ਸਾਡੇ ਮੁੱਖ ਆਗੂ ਯਿਸੂ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਉਹ ਇਸ ਕੰਮ ਵਿਚ ਆਪਣੇ ਚੇਲਿਆਂ ਦੇ ਨਾਲ ਹੋਵੇਗਾ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:19, 20) ਯਿਸੂ ਮਸੀਹ ਜੁਗ ਦੇ ਅੰਤ ਤੀਕਰ ਆਪਣੇ ਚੇਲਿਆਂ ਨਾਲ ਕਿਵੇਂ ਹੋਵੇਗਾ?

6, 7. ਯਿਸੂ ਪਵਿੱਤਰ ਆਤਮਾ ਨਾਲ ਸਾਡੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ?

6 ਯਿਸੂ ਨੇ ਕਿਹਾ ਸੀ: “ਉਹ ਸਹਾਇਕ ਅਰਥਾਤ ਪਵਿੱਤ੍ਰ ਆਤਮਾ ਜਿਹ ਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ ਸੋ ਤੁਹਾਨੂੰ ਸੱਭੋ ਕੁਝ ਸਿਖਾਲੇਗਾ ਅਤੇ ਸੱਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤੁਹਾਨੂੰ ਚੇਤੇ ਕਰਾਵੇਗਾ।” (ਯੂਹੰਨਾ 14:26) ਯਿਸੂ ਦੇ ਨਾਮ ਤੇ ਘੱਲੀ ਗਈ ਪਵਿੱਤਰ ਆਤਮਾ ਅੱਜ ਮਸੀਹੀਆਂ ਦੀ ਅਗਵਾਈ ਕਰਦੀ ਹੈ ਤੇ ਉਨ੍ਹਾਂ ਨੂੰ ਤਾਕਤ ਦਿੰਦੀ ਹੈ। ਇਹ ਬਾਈਬਲ ਦੀਆਂ ਗੱਲਾਂ ਤੇ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਸਮਝਣ ਵਿਚ ਵੀ ਸਾਡੀ ਮਦਦ ਕਰਦੀ ਹੈ। (1 ਕੁਰਿੰਥੀਆਂ 2:10) ਇਸ ਤੋਂ ਇਲਾਵਾ, ‘ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ ਤੇ ਸੰਜਮ’ ਦੇ ਗੁਣ “ਆਤਮਾ ਦਾ ਫਲ” ਹਨ। (ਗਲਾਤੀਆਂ 5:22, 23) ਪਵਿੱਤਰ ਆਤਮਾ ਦੀ ਮਦਦ ਨਾਲ ਅਸੀਂ ਇਨ੍ਹਾਂ ਗੁਣਾਂ ਨੂੰ ਪੈਦਾ ਕਰ ਸਕਦੇ ਹਾਂ।

7 ਜਦ ਅਸੀਂ ਬਾਈਬਲ ਦਾ ਅਧਿਐਨ ਕਰਦੇ ਹਾਂ ਅਤੇ ਸਿੱਖੀਆਂ ਗੱਲਾਂ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਯਹੋਵਾਹ ਦੀ ਆਤਮਾ ਸਾਨੂੰ ਬੁੱਧ, ਸਮਝ, ਵਿਵੇਕ, ਗਿਆਨ, ਅਤੇ ਮੱਤ ਦਿੰਦੀ ਹੈ। (ਕਹਾਉਤਾਂ 2:1-11) ਪਵਿੱਤਰ ਆਤਮਾ ਸਾਨੂੰ ਅਜ਼ਮਾਇਸ਼ਾਂ ਤੇ ਮੁਸ਼ਕਲਾਂ ਸਹਿਣ ਦੀ ਵੀ ਤਾਕਤ ਦਿੰਦੀ ਹੈ। (1 ਕੁਰਿੰਥੀਆਂ 10:13; 2 ਕੁਰਿੰਥੀਆਂ 4:7; ਫ਼ਿਲਿੱਪੀਆਂ 4:13) ਮਸੀਹੀਆਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ‘ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰ ਕੇ ਪਵਿੱਤਰਤਾਈ ਨੂੰ ਸੰਪੂਰਨ ਕਰਨ।’ (2 ਕੁਰਿੰਥੀਆਂ 7:1) ਅਸੀਂ ਪਵਿੱਤਰ ਆਤਮਾ ਦੀ ਮਦਦ ਬਗੈਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਵਿੱਤਰ ਨਹੀਂ ਹੋ ਸਕਦੇ। ਯਹੋਵਾਹ ਪਰਮੇਸ਼ੁਰ ਨੇ ਯਿਸੂ ਨੂੰ ਪਵਿੱਤਰ ਆਤਮਾ ਵਰਤਣ ਦਾ ਅਧਿਕਾਰ ਦਿੱਤਾ ਹੈ ਅਤੇ ਯਿਸੂ ਅੱਜ ਸਾਡੀ ਅਗਵਾਈ ਕਰਨ ਵਾਸਤੇ ਪਵਿੱਤਰ ਆਤਮਾ ਵਰਤਦਾ ਹੈ।—ਮੱਤੀ 28:18.

8, 9. ਯਿਸੂ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਸਾਡੀ ਅਗਵਾਈ ਕਿਵੇਂ ਕਰਦਾ ਹੈ?

8 ਮਸੀਹੀ ਕਲੀਸਿਯਾ ਦੀ ਅਗਵਾਈ ਕਰਨ ਦੇ ਇਕ ਹੋਰ ਤਰੀਕੇ ਵੱਲ ਧਿਆਨ ਦਿਓ। ਆਪਣੇ ਆਉਣ ਅਤੇ ਜੁੱਗ ਦੇ ਅੰਤ ਦੇ ਸਮੇਂ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਕਿਹਾ: “ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹ ਨੂੰ ਮਾਲਕ ਨੇ ਆਪਣੇ ਨੌਕਰਾਂ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ? ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ।”—ਮੱਤੀ 24:3, 45-47.

9 “ਮਾਲਕ” ਯਿਸੂ ਮਸੀਹ ਹੈ ਤੇ “ਨੌਕਰ” ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀ ਹਨ। ਇਸ ਨੌਕਰ ਨੂੰ ਧਰਤੀ ਉੱਤੇ ਯਿਸੂ ਦੇ ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਵੇਲੇ ਸਿਰ ਰੂਹਾਨੀ ਭੋਜਨ ਦੇਣ ਦਾ ਕੰਮ ਸੌਂਪਿਆ ਗਿਆ ਹੈ। “ਮਾਤਬਰ ਅਤੇ ਬੁੱਧਵਾਨ ਨੌਕਰ” ਵਰਗ ਦੇ ਕੁਝ ਕਾਬਲ ਭਰਾ ਪ੍ਰਬੰਧਕ ਸਭਾ ਦੇ ਮੈਂਬਰ ਬਣ ਕੇ ਇਸ ਨੌਕਰ ਵਰਗ ਦੀ ਪ੍ਰਤਿਨਿਧਤਾ ਕਰਦੇ ਹਨ। ਉਹ ਸੰਸਾਰ ਭਰ ਵਿਚ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦੇ ਹਨ ਅਤੇ ਵੇਲੇ ਸਿਰ ਰੂਹਾਨੀ ਖ਼ੁਰਾਕ ਦਿੰਦੇ ਹਨ। ਇਸ ਤਰ੍ਹਾਂ ਯਿਸੂ ਮਸੀਹ ਅੱਜ “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ ਪ੍ਰਬੰਧਕ ਸਭਾ ਰਾਹੀਂ ਸਾਡੀ ਅਗਵਾਈ ਕਰਦਾ ਹੈ।

10. ਸਾਨੂੰ ਬਜ਼ੁਰਗਾਂ ਨੂੰ ਕਿਸ ਤਰ੍ਹਾਂ ਵਿਚਾਰਨਾ ਚਾਹੀਦਾ ਹੈ ਤੇ ਕਿਉਂ?

10 ਮਸੀਹ ਸਾਡੀ ਅਗਵਾਈ ਬਜ਼ੁਰਗਾਂ ਜਾਂ ਨਿਗਾਹਬਾਨਾਂ ਰਾਹੀਂ ਵੀ ਕਰਦਾ ਹੈ ਜੋ ਕਲੀਸਿਯਾ ਨੂੰ “ਦਾਨ” ਵਜੋਂ ਦਿੱਤੇ ਗਏ ਹਨ। ਉਹ ਇਸ ਲਈ ਦਿੱਤੇ ਗਏ ਹਨ ਤਾਂਕਿ ਉਹ “ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ।” (ਅਫ਼ਸੀਆਂ 4:8, 11, 12) ਉਨ੍ਹਾਂ ਬਾਰੇ ਇਬਰਾਨੀਆਂ 13:7 ਵਿਚ ਲਿਖਿਆ ਹੈ: “ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ। ਓਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰ ਕੇ ਓਹਨਾਂ ਦੀ ਨਿਹਚਾ ਦੀ ਰੀਸ ਕਰੋ।” ਬਜ਼ੁਰਗ ਕਲੀਸਿਯਾ ਦੀ ਅਗਵਾਈ ਕਰਦੇ ਹਨ। ਉਹ ਯਿਸੂ ਮਸੀਹ ਦੀ ਰੀਸ ਕਰਦੇ ਹਨ ਜਿਸ ਕਰਕੇ ਸਾਨੂੰ ਉਨ੍ਹਾਂ ਦੀ ਨਿਹਚਾ ਦੀ ਰੀਸ ਕਰਨੀ ਚਾਹੀਦੀ ਹੈ। (1 ਕੁਰਿੰਥੀਆਂ 10:33) ਬਜ਼ੁਰਗਾਂ ਦੀ ਆਗਿਆਕਾਰੀ ਕਰ ਕੇ ਤੇ ਉਨ੍ਹਾਂ ਦੇ ਅਧੀਨ ਰਹਿ ਕੇ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਬਜ਼ੁਰਗਾਂ ਦੇ ਪ੍ਰਬੰਧ ਲਈ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ।—ਇਬਰਾਨੀਆਂ 13:17.

11. ਅੱਜ ਮਸੀਹ ਆਪਣੇ ਚੇਲਿਆਂ ਦੀ ਅਗਵਾਈ ਕਿਵੇਂ ਕਰਦਾ ਹੈ ਅਤੇ ਉਸ ਵਾਂਗ ਚੱਲਣ ਵਿਚ ਕੀ ਸ਼ਾਮਲ ਹੈ?

11 ਜੀ ਹਾਂ, ਯਿਸੂ ਮਸੀਹ ਅੱਜ ਆਪਣੇ ਚੇਲਿਆਂ ਦੀ ਅਗਵਾਈ ਪਵਿੱਤਰ ਆਤਮਾ, “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ ਕਲੀਸਿਯਾ ਦੇ ਬਜ਼ੁਰਗਾਂ ਦੇ ਜ਼ਰੀਏ ਕਰਦਾ ਹੈ। ਯਿਸੂ ਵਾਂਗ ਚੱਲਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਸ ਦੇ ਅਗਵਾਈ ਕਰਨ ਦੇ ਤਰੀਕੇ ਨੂੰ ਸਮਝੀਏ ਤੇ ਇਸ ਦੇ ਅਨੁਸਾਰ ਚੱਲੀਏ। ਸਾਨੂੰ ਉਸ ਦੀ ਪੈੜ ਉੱਤੇ ਵੀ ਚੱਲਣਾ ਚਾਹੀਦਾ ਹੈ। ਪਤਰਸ ਰਸੂਲ ਨੇ ਲਿਖਿਆ: “ਤੁਸੀਂ ਇਸੇ ਕਾਰਨ ਸੱਦੇ ਗਏ ਇਸ ਲਈ ਜੋ ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤਰਸ 2:21) ਯਿਸੂ ਦੇ ਉੱਤਮ ਨਮੂਨੇ ਉੱਤੇ ਚੱਲਣ ਦਾ ਸਾਡੇ ਉੱਤੇ ਕੀ ਅਸਰ ਹੋਣਾ ਚਾਹੀਦਾ ਹੈ?

ਇਖ਼ਤਿਆਰ ਚਲਾਉਣ ਵਿਚ ਸੰਤੁਲਨ ਰੱਖੋ

12. ਕਲੀਸਿਯਾ ਦੇ ਬਜ਼ੁਰਗਾਂ ਨੂੰ ਖ਼ਾਸ ਕਰਕੇ ਕਿਸ ਗੱਲ ਵਿਚ ਮਸੀਹ ਦੀ ਮਿਸਾਲ ਦੀ ਰੀਸ ਕਰਨੀ ਚਾਹੀਦੀ ਹੈ?

12 ਭਾਵੇਂ ਯਿਸੂ ਨੂੰ ਆਪਣੇ ਪਿਤਾ ਯਹੋਵਾਹ ਤੋਂ ਪੂਰਾ ਇਖ਼ਤਿਆਰ ਮਿਲਿਆ ਸੀ, ਪਰ ਉਸ ਨੇ ਇਸ ਇਖ਼ਤਿਆਰ ਨੂੰ ਸੰਤੁਲਿਤ ਤਰੀਕੇ ਨਾਲ ਚਲਾਇਆ। ਇਸੇ ਤਰ੍ਹਾਂ, ਕਲੀਸਿਯਾ ਦੇ ਸਾਰੇ ਮੈਂਬਰ ਤੇ ਖ਼ਾਸ ਕਰਕੇ ਬਜ਼ੁਰਗ ਦੂਸਰਿਆਂ ਨਾਲ ਨਿਮਰਤਾ ਅਤੇ ਸ਼ੀਲ ਸੁਭਾਅ ਵਾਲਾ ਵਰਤਾਅ ਕਰ ਕੇ ਦਿਖਾ ਸਕਦੇ ਹਨ ਕਿ ਉਹ ਹਰ ਗੱਲ ਵਿਚ ਸੰਤੁਲਨ ਰੱਖਣਾ ਜਾਣਦੇ ਹਨ। (ਫ਼ਿਲਿੱਪੀਆਂ 4:5, ਨਵਾਂ ਅਨੁਵਾਦ; 1 ਤਿਮੋਥਿਉਸ 3:2, 3) ਬਜ਼ੁਰਗਾਂ ਨੂੰ ਕਲੀਸਿਯਾ ਵਿਚ ਇਖ਼ਤਿਆਰ ਦਿੱਤਾ ਗਿਆ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਉਹ ਇਖ਼ਤਿਆਰ ਚਲਾਉਣ ਵਿਚ ਮਸੀਹ ਦੀ ਰੀਸ ਕਰਨ।

13, 14. ਦੂਸਰਿਆਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਹੌਸਲਾ ਦੇਣ ਵਿਚ ਬਜ਼ੁਰਗ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ?

13 ਯਿਸੂ ਨੇ ਆਪਣੇ ਚੇਲਿਆਂ ਦੀਆਂ ਕਮਜ਼ੋਰੀਆਂ ਨੂੰ ਸਮਝਿਆ। ਉਸ ਨੇ ਉਨ੍ਹਾਂ ਤੋਂ ਹੱਦੋਂ ਵੱਧ ਉਮੀਦਾਂ ਨਹੀਂ ਰੱਖੀਆਂ। (ਯੂਹੰਨਾ 16:12) ਉਸ ਨੇ ਉਨ੍ਹਾਂ ਉੱਤੇ ਹੁਕਮ ਨਹੀਂ ਚਲਾਇਆ, ਸਗੋਂ ਉਨ੍ਹਾਂ ਨੂੰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਿਚ ‘ਵੱਡਾ ਜਤਨ ਕਰਨ’ ਦਾ ਉਤਸ਼ਾਹ ਦਿੱਤਾ। (ਲੂਕਾ 13:24) ਉਸ ਨੇ ਉਨ੍ਹਾਂ ਲਈ ਨਮੂਨਾ ਕਾਇਮ ਕੀਤਾ ਤੇ ਉਨ੍ਹਾਂ ਦੇ ਦਿਲਾਂ ਨੂੰ ਪ੍ਰੇਰਿਆ। ਇਸੇ ਤਰ੍ਹਾਂ, ਅੱਜ ਬਜ਼ੁਰਗ ਦੂਸਰਿਆਂ ਨੂੰ ਡਰਾ-ਧਮਕਾ ਕੇ ਜਾਂ ਸ਼ਰਮਿੰਦਾ ਕਰ ਕੇ ਉਨ੍ਹਾਂ ਤੋਂ ਪਰਮੇਸ਼ੁਰ ਦੀ ਸੇਵਾ ਨਹੀਂ ਕਰਾਉਂਦੇ। ਇਸ ਦੀ ਬਜਾਇ, ਉਹ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦੇ ਹਨ ਕਿ ਉਹ ਯਹੋਵਾਹ, ਯਿਸੂ ਤੇ ਇਨਸਾਨਾਂ ਲਈ ਆਪਣੇ ਪਿਆਰ ਤੋਂ ਪ੍ਰੇਰਿਤ ਹੋ ਕੇ ਯਹੋਵਾਹ ਦੀ ਸੇਵਾ ਕਰਨ।—ਮੱਤੀ 22:37-39.

14 ਯਿਸੂ ਨੇ ਲੋਕਾਂ ਉੱਤੇ ਹੁਕਮ ਚਲਾ ਕੇ ਆਪਣੇ ਇਖ਼ਤਿਆਰ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਇਆ। ਉਸ ਨੇ ਨਾ ਤਾਂ ਅਜਿਹੇ ਉੱਚੇ ਮਿਆਰ ਸਥਾਪਿਤ ਕੀਤੇ ਜਿਨ੍ਹਾਂ ਤੇ ਚੱਲਣਾ ਨਾਮੁਮਕਿਨ ਸੀ ਤੇ ਨਾ ਹੀ ਕਾਇਦੇ-ਕਾਨੂੰਨਾਂ ਦੀ ਲੰਬੀ ਸੂਚੀ ਬਣਾਈ। ਉਸ ਨੇ ਬਿਵਸਥਾ ਵਿਚ ਦਿੱਤੇ ਹੁਕਮਾਂ ਦੇ ਸਿਧਾਂਤਾਂ ਨੂੰ ਲੋਕਾਂ ਦੇ ਦਿਲਾਂ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ। (ਮੱਤੀ 5:27, 28) ਯਿਸੂ ਮਸੀਹ ਦੀ ਰੀਸ ਕਰਦੇ ਹੋਏ ਬਜ਼ੁਰਗ ਵੀ ਆਪਣੀ ਇੱਛਾ ਅਨੁਸਾਰ ਨਿਯਮ ਨਹੀਂ ਬਣਾਉਂਦੇ ਤੇ ਨਾ ਹੀ ਆਪਣੇ ਨਿੱਜੀ ਵਿਚਾਰ ਦੂਸਰਿਆਂ ਉੱਤੇ ਥੋਪਦੇ ਹਨ। ਪਹਿਰਾਵੇ ਤੇ ਸ਼ਿੰਗਾਰ ਅਤੇ ਮਨੋਰੰਜਨ ਦੇ ਮਾਮਲਿਆਂ ਵਿਚ ਬਜ਼ੁਰਗ ਮੀਕਾਹ 6:8; 1 ਕੁਰਿੰਥੀਆਂ 10:31-33; ਅਤੇ 1 ਤਿਮੋਥਿਉਸ 2:9, 10 ਵਿਚ ਦਿੱਤੇ ਸਿਧਾਂਤਾਂ ਦੇ ਆਧਾਰ ਤੇ ਭੈਣ-ਭਰਾਵਾਂ ਨੂੰ ਸਹੀ ਫ਼ੈਸਲੇ ਕਰਨ ਲਈ ਉਤਸ਼ਾਹਿਤ ਕਰਦੇ ਹਨ।

ਹਮਦਰਦ ਬਣੋ ਅਤੇ ਮਾਫ਼ ਕਰੋ

15. ਯਿਸੂ ਆਪਣੇ ਚੇਲਿਆਂ ਦੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਉਨ੍ਹਾਂ ਨਾਲ ਕਿਵੇਂ ਪੇਸ਼ ਆਇਆ?

15 ਮਸੀਹ ਨੇ ਆਪਣੇ ਚੇਲਿਆਂ ਦੀਆਂ ਕਮੀਆਂ-ਕਮਜ਼ੋਰੀਆਂ ਤੇ ਗ਼ਲਤੀਆਂ ਦੇ ਬਾਵਜੂਦ ਉਨ੍ਹਾਂ ਨਾਲ ਚੰਗੀ ਤਰ੍ਹਾਂ ਪੇਸ਼ ਆ ਕੇ ਸਾਡੇ ਲਈ ਚੰਗਾ ਨਮੂਨਾ ਕਾਇਮ ਕੀਤਾ। ਧਰਤੀ ਉੱਤੇ ਯਿਸੂ ਦੀ ਆਖ਼ਰੀ ਰਾਤ ਨੂੰ ਹੋਈਆਂ ਦੋ ਘਟਨਾਵਾਂ ਵੱਲ ਧਿਆਨ ਦਿਓ। ਗਥਸਮਨੀ ਦੇ ਬਾਗ਼ ਵਿਚ ਪਹੁੰਚ ਕੇ ਯਿਸੂ ਨੇ “ਪਤਰਸ ਅਤੇ ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਲਿਆ” ਤੇ ਉਨ੍ਹਾਂ ਨੂੰ ਕਿਹਾ ਕਿ “ਜਾਗਦੇ ਰਹੋ।” ਫਿਰ “ਉਹ ਥੋੜਾ ਅੱਗੇ ਵਧ ਕੇ ਭੁਞੇਂ ਡਿੱਗ ਪਿਆ ਅਰ ਪ੍ਰਾਰਥਨਾ ਕੀਤੀ।” ਜਦ ਉਹ ਪ੍ਰਾਰਥਨਾ ਕਰ ਕੇ ਵਾਪਸ ਆਇਆ, ਤਾਂ ਉਸ ਨੇ “ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ।” ਉਦੋਂ ਯਿਸੂ ਨੇ ਕੀ ਕੀਤਾ? ਉਸ ਨੇ ਕਿਹਾ: “ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।” (ਮਰਕੁਸ 14:32-38) ਗੁੱਸੇ ਹੋ ਕੇ ਪਤਰਸ, ਯਾਕੂਬ ਤੇ ਯੂਹੰਨਾ ਨੂੰ ਝਿੜਕਣ ਦੀ ਬਜਾਇ ਯਿਸੂ ਨੇ ਉਨ੍ਹਾਂ ਨਾਲ ਹਮਦਰਦੀ ਜਤਾਈ! ਉਸੇ ਰਾਤ ਪਤਰਸ ਨੇ ਯਿਸੂ ਦਾ ਤਿੰਨ ਵਾਰ ਇਨਕਾਰ ਕੀਤਾ। (ਮਰਕੁਸ 14:66-72) ਇਸ ਤੋਂ ਬਾਅਦ ਯਿਸੂ ਪਤਰਸ ਨਾਲ ਕਿਵੇਂ ਪੇਸ਼ ਆਇਆ? “ਪ੍ਰਭੁ . . . ਜੀ ਉੱਠਿਆ ਅਰ ਸ਼ਮਊਨ [ਪਤਰਸ] ਨੂੰ ਵਿਖਾਈ ਦਿੱਤਾ!” (ਲੂਕਾ 24:34) ਬਾਈਬਲ ਕਹਿੰਦੀ ਹੈ ਕਿ ਉਸ ਨੇ “ਕੇਫ਼ਾਸ ਨੂੰ ਅਤੇ ਫੇਰ ਉਨ੍ਹਾਂ ਬਾਰਾਂ ਨੂੰ ਦਰਸ਼ਣ ਦਿੱਤਾ।” (1 ਕੁਰਿੰਥੀਆਂ 15:5) ਪਤਰਸ ਨਾਲ ਨਾਰਾਜ਼ ਹੋਣ ਦੀ ਬਜਾਇ ਯਿਸੂ ਨੇ ਉਸ ਨੂੰ ਮਾਫ਼ ਕਰ ਕੇ ਉਸ ਦਾ ਹੌਸਲਾ ਵਧਾਇਆ ਅਤੇ ਬਾਅਦ ਵਿਚ ਉਸ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ।—ਰਸੂਲਾਂ ਦੇ ਕਰਤੱਬ 2:14; 8:14-17; 10:44, 45.

16. ਜਦ ਸਾਡੇ ਭੈਣ-ਭਰਾ ਸਾਨੂੰ ਦੁੱਖ ਪਹੁੰਚਾਉਂਦੇ ਹਨ, ਤਾਂ ਅਸੀਂ ਯਿਸੂ ਵਾਂਗ ਕਿਵੇਂ ਚੱਲ ਸਕਦੇ ਹਾਂ?

16 ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। ਇਸ ਲਈ ਜਦ ਸਾਡੇ ਭੈਣ-ਭਰਾ ਕਿਸੇ ਗੱਲੋਂ ਸਾਨੂੰ ਦੁੱਖ ਪਹੁੰਚਾਉਂਦੇ ਹਨ, ਤਾਂ ਕੀ ਸਾਨੂੰ ਯਿਸੂ ਵਾਂਗ ਹਮਦਰਦ ਬਣ ਕੇ ਉਨ੍ਹਾਂ ਨੂੰ ਮਾਫ਼ ਨਹੀਂ ਕਰਨਾ ਚਾਹੀਦਾ? ਪਤਰਸ ਨੇ ਮਸੀਹੀਆਂ ਨੂੰ ਸਲਾਹ ਦਿੱਤੀ: “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ। ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ ਸਗੋਂ ਉਲਟੇ ਅਸੀਸ ਦਿਓ।” (1 ਪਤਰਸ 3:8, 9) ਉਦੋਂ ਕੀ ਜਦ ਕੋਈ ਹਮਦਰਦ ਨਹੀਂ ਬਣਦਾ ਅਤੇ ਸਾਨੂੰ ਮਾਫ਼ ਨਹੀਂ ਕਰਦਾ? ਫਿਰ ਵੀ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਮਸੀਹ ਵਾਂਗ ਚੱਲਦੇ ਹੋਏ ਆਪਣੇ ਭਰਾਵਾਂ ਨਾਲ ਚੰਗੀ ਤਰ੍ਹਾਂ ਪੇਸ਼ ਆਈਏ।—1 ਯੂਹੰਨਾ 3:16.

ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿਓ

17. ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਨੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਨੂੰ ਪਹਿਲ ਦਿੱਤੀ ਸੀ?

17 ਅਸੀਂ ਇਕ ਹੋਰ ਤਰੀਕੇ ਨਾਲ ਵੀ ਯਿਸੂ ਮਸੀਹ ਦੀ ਰੀਸ ਕਰ ਸਕਦੇ ਹਾਂ। ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਯਿਸੂ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੰਮ ਸੀ। ਸਾਮਰਿਯਾ ਦੇ ਸੁਖਾਰ ਸ਼ਹਿਰ ਵਿਚ ਇਕ ਸਾਮਰੀ ਤੀਵੀਂ ਨੂੰ ਪ੍ਰਚਾਰ ਕਰਨ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।” (ਯੂਹੰਨਾ 4:34) ਜਿਸ ਤਰ੍ਹਾਂ ਭੋਜਨ ਤੋਂ ਤਾਕਤ ਮਿਲਦੀ ਹੈ, ਉਸੇ ਤਰ੍ਹਾਂ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨ ਨਾਲ ਯਿਸੂ ਨੂੰ ਤਾਕਤ ਮਿਲੀ। ਇਸ ਤੋਂ ਉਸ ਨੂੰ ਖ਼ੁਸ਼ੀ, ਤਾਜ਼ਗੀ ਅਤੇ ਸੰਤੋਖ ਮਿਲਿਆ। ਜੇ ਅਸੀਂ ਯਿਸੂ ਵਾਂਗ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਨੂੰ ਪਹਿਲ ਦਿਆਂਗੇ, ਤਾਂ ਸਾਡੀ ਜ਼ਿੰਦਗੀ ਵੀ ਖ਼ੁਸ਼ੀਆਂ ਨਾਲ ਭਰ ਜਾਵੇਗੀ।

18. ਜਦ ਮਾਪੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣ ਦੀ ਹੱਲਾਸ਼ੇਰੀ ਦਿੰਦੇ ਹਨ, ਤਾਂ ਉਨ੍ਹਾਂ ਨੂੰ ਤੇ ਬੱਚਿਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

18 ਜਦ ਮਾਪੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣ ਦੀ ਹੱਲਾਸ਼ੇਰੀ ਦਿੰਦੇ ਹਨ, ਤਾਂ ਉਨ੍ਹਾਂ ਉੱਤੇ ਤੇ ਉਨ੍ਹਾਂ ਦੇ ਬੱਚਿਆਂ ਉੱਤੇ ਬਰਕਤਾਂ ਦੀ ਬਰਸਾਤ ਹੁੰਦੀ ਹੈ। ਇਕ ਪਿਤਾ ਨੇ ਆਪਣੇ ਜੁੜਵੇਂ ਮੁੰਡਿਆਂ ਦੇ ਅੱਗੇ ਛੋਟੀ ਉਮਰ ਤੋਂ ਹੀ ਪਾਇਨੀਅਰ ਬਣਨ ਦਾ ਟੀਚਾ ਰੱਖਿਆ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਇਹ ਮੁੰਡੇ ਪਾਇਨੀਅਰ ਬਣ ਗਏ। ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਪਿਤਾ ਲਿਖਦਾ ਹੈ: “ਸਾਡੇ ਮੁੰਡਿਆਂ ਨੇ ਸਾਨੂੰ ਨਿਰਾਸ਼ ਨਹੀਂ ਕੀਤਾ। ਅਸੀਂ ਦਿਲੋਂ ਕਹਿ ਸਕਦੇ ਹਾਂ ਕਿ ‘ਬੱਚੇ ਯਹੋਵਾਹ ਵੱਲੋਂ ਮਿਰਾਸ ਹਨ।’” (ਜ਼ਬੂਰਾਂ ਦੀ ਪੋਥੀ 127:3) ਕੀ ਯਹੋਵਾਹ ਦੀ ਸੇਵਾ ਕਰ ਕੇ ਬੱਚਿਆਂ ਨੂੰ ਵੀ ਲਾਭ ਮਿਲਦੇ ਹਨ? ਇਕ ਪੰਜ ਬੱਚਿਆਂ ਦੀ ਮਾਂ ਕਹਿੰਦੀ ਹੈ: “ਪਾਇਨੀਅਰੀ ਕਰਨ ਨਾਲ ਮੇਰੇ ਸਾਰੇ ਬੱਚਿਆਂ ਦਾ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਹੋਇਆ ਹੈ। ਉਨ੍ਹਾਂ ਨੇ ਬਾਈਬਲ ਦੀ ਚੰਗੀ ਤਰ੍ਹਾਂ ਸਟੱਡੀ ਕਰਨੀ, ਸਮੇਂ ਦੀ ਸਹੀ ਵਰਤੋਂ ਕਰਨੀ ਅਤੇ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣੀ ਸਿੱਖੀ ਹੈ। ਭਾਵੇਂ ਉਨ੍ਹਾਂ ਸਾਰਿਆਂ ਨੂੰ ਕਈ ਤਬਦੀਲੀਆਂ ਕਰਨੀਆਂ ਪਈਆਂ, ਫਿਰ ਵੀ ਉਨ੍ਹਾਂ ਨੂੰ ਕੋਈ ਗਮ ਨਹੀਂ ਕਿ ਉਨ੍ਹਾਂ ਨੇ ਇਹ ਰਸਤਾ ਚੁਣਿਆ।”

19. ਨੌਜਵਾਨਾਂ ਨੂੰ ਸਮਝਦਾਰੀ ਨਾਲ ਅਗਾਹਾਂ ਕੀ ਕਰਨ ਬਾਰੇ ਸੋਚਣਾ ਚਾਹੀਦਾ ਹੈ?

19 ਨੌਜਵਾਨੋ, ਅਗਾਹਾਂ ਲਈ ਤੁਸੀਂ ਕੀ ਸੋਚਿਆ ਹੈ? ਕੀ ਤੁਸੀਂ ਇਸ ਦੁਨੀਆਂ ਵਿਚ ਕਾਮਯਾਬ ਬਣਨ ਲਈ ਕੋਈ ਪੇਸ਼ਾ ਸਿੱਖਣਾ ਚਾਹੁੰਦੇ ਹੋ? ਜਾਂ ਕੀ ਤੁਸੀਂ ਆਪਣਾ ਸਮਾਂ ਪਰਮੇਸ਼ੁਰ ਦੀ ਸੇਵਾ ਵਿਚ ਲਾਓਗੇ? ਪੌਲੁਸ ਨੇ ਤਾਕੀਦ ਕੀਤੀ ਸੀ: “ਚੌਕਸੀ ਨਾਲ ਵੇਖੋ ਭਈਂ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ।” ਫਿਰ ਉਸ ਨੇ ਅੱਗੇ ਕਿਹਾ: “ਇਸ ਕਾਰਨ ਤੁਸੀਂ ਮੂਰਖ ਨਾ ਹੋਵੋ ਸਗੋਂ ਸਮਝੋ ਭਈ ਪ੍ਰਭੁ ਦੀ ਕੀ ਇੱਛਿਆ ਹੈ।”—ਅਫ਼ਸੀਆਂ 5:15-17.

ਵਫ਼ਾਦਾਰ ਬਣੋ

20, 21. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਵਫ਼ਾਦਾਰ ਸੀ ਅਤੇ ਅਸੀਂ ਉਸ ਦੀ ਵਫ਼ਾਦਾਰੀ ਦੀ ਰੀਸ ਕਿਵੇਂ ਕਰ ਸਕਦੇ ਹਾਂ?

20 ਯਿਸੂ ਵਾਂਗ ਚੱਲਣ ਦਾ ਇਹ ਵੀ ਮਤਲਬ ਹੈ ਕਿ ਅਸੀਂ ਉਸ ਦੀ ਵਫ਼ਾਦਾਰੀ ਦੀ ਰੀਸ ਕਰੀਏ। ਉਸ ਦੀ ਵਫ਼ਾਦਾਰੀ ਬਾਰੇ ਬਾਈਬਲ ਵਿਚ ਲਿਖਿਆ ਹੈ: “ਉਸ ਨੇ ਪਰਮੇਸ਼ੁਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ, ਸਗੋਂ ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ। ਅਤੇ ਮਨੁੱਖ ਦੀ ਸ਼ਕਲ ਵਿੱਚ ਪਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ।” ਯਿਸੂ ਨੇ ਯਹੋਵਾਹ ਦੀ ਮਰਜ਼ੀ ਪੂਰੀ ਕਰ ਕੇ ਵਫ਼ਾਦਾਰੀ ਨਾਲ ਉਸ ਦੀ ਹਕੂਮਤ ਦਾ ਸਮਰਥਨ ਕੀਤਾ। ਉਹ ਮੌਤ ਤਕ ਆਗਿਆਕਾਰ ਰਹਿਣ ਲਈ ਤਿਆਰ ਸੀ। ਸਾਡਾ ਵੀ ‘ਉਹੋ ਸੁਭਾਉ ਹੋਣਾ’ ਚਾਹੀਦਾ ਜੋ ਯਿਸੂ ਦਾ ਸੀ ਅਤੇ ਸਾਨੂੰ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਚਾਹੀਦੀ ਹੈ।—ਫ਼ਿਲਿੱਪੀਆਂ 2:5-8.

21 ਯਿਸੂ ਆਪਣੇ ਵਫ਼ਾਦਾਰ ਚੇਲਿਆਂ ਪ੍ਰਤੀ ਵੀ ਵਫ਼ਾਦਾਰ ਰਿਹਾ ਸੀ। ਉਨ੍ਹਾਂ ਦੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਦੇ ਬਾਵਜੂਦ ਯਿਸੂ “ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।” (ਯੂਹੰਨਾ 13:1) ਇਸੇ ਤਰ੍ਹਾਂ, ਸਾਨੂੰ ਵੀ ਆਪਣੇ ਭੈਣ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਸਹਾਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ।

ਯਿਸੂ ਦੇ ਨਮੂਨੇ ਉੱਤੇ ਚੱਲੋ

22, 23. ਯਿਸੂ ਦੀ ਰੀਸ ਕਰਨ ਦੇ ਕੁਝ ਲਾਭ ਕੀ ਹਨ?

22 ਨਾਮੁਕੰਮਲ ਹੋਣ ਕਰਕੇ ਅਸੀਂ ਯਿਸੂ ਦੇ ਮੁਕੰਮਲ ਨਮੂਨੇ ਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ, ਫਿਰ ਵੀ ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਿਸੂ ਦੀ ਅਗਵਾਈ ਕਰਨ ਦੇ ਤਰੀਕੇ ਨੂੰ ਸਮਝਦੇ ਹਾਂ ਅਤੇ ਉਸ ਦੇ ਅਨੁਸਾਰ ਚੱਲਦੇ ਹਾਂ।

23 ਮਸੀਹ ਦੀ ਰੀਸ ਕਰਨ ਨਾਲ ਸਾਡੀ ਝੋਲੀ ਬਰਕਤਾਂ ਨਾਲ ਭਰ ਜਾਵੇਗੀ। ਆਪਣੀ ਮਰਜ਼ੀ ਕਰਨ ਦੀ ਬਜਾਇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਉੱਤੇ ਧਿਆਨ ਲਾਉਣ ਨਾਲ ਅਸੀਂ ਮਕਸਦ ਭਰੀ ਜ਼ਿੰਦਗੀ ਜੀਵਾਂਗੇ ਤੇ ਸਾਨੂੰ ਬਹੁਤ ਸਾਰੀਆਂ ਖ਼ੁਸ਼ੀਆਂ ਮਿਲਣਗੀਆਂ। (ਯੂਹੰਨਾ 5:30; 6:38) ਅਸੀਂ ਸ਼ੁੱਧ ਜ਼ਮੀਰ ਦਾ ਆਨੰਦ ਮਾਣ ਸਕਾਂਗੇ। ਸਾਡੀ ਚੰਗੀ ਮਿਸਾਲ ਦੇਖ ਕੇ ਦੂਸਰੇ ਵੀ ਸਾਡੀ ਰੀਸ ਕਰਨਗੇ। ਯਿਸੂ ਨੇ ਥੱਕੇ ਹੋਇਆਂ ਤੇ ਭਾਰ ਹੇਠ ਦੱਬੇ ਹੋਇਆਂ ਨੂੰ ਆਪਣੇ ਕੋਲ ਸੱਦਿਆ ਸੀ ਤਾਂਕਿ ਉਨ੍ਹਾਂ ਨੂੰ ਤਾਜ਼ਗੀ ਮਿਲੇ। (ਮੱਤੀ 11:28-30) ਯਿਸੂ ਵਾਂਗ ਚੱਲ ਕੇ ਅਸੀਂ ਵੀ ਦੂਸਰਿਆਂ ਨੂੰ ਤਾਜ਼ਗੀ ਦੇ ਸਕਦੇ ਹਾਂ। ਤਾਂ ਫਿਰ, ਆਓ ਆਪਾਂ ਯਿਸੂ ਵਾਂਗ ਚੱਲਦੇ ਰਹੀਏ।

ਕੀ ਤੁਹਾਨੂੰ ਯਾਦ ਹੈ?

• ਅੱਜ ਮਸੀਹ ਆਪਣੇ ਚੇਲਿਆਂ ਦੀ ਅਗਵਾਈ ਕਿਵੇਂ ਕਰਦਾ ਹੈ?

• ਇਖ਼ਤਿਆਰ ਚਲਾਉਣ ਦੇ ਮਾਮਲੇ ਵਿਚ ਬਜ਼ੁਰਗ ਮਸੀਹ ਦੀ ਰੀਸ ਕਿਵੇਂ ਕਰ ਸਕਦੇ ਹਨ?

• ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਨਾਲ ਨਜਿੱਠਦੇ ਵੇਲੇ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?

• ਨੌਜਵਾਨ ਕਿਵੇਂ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇ ਸਕਦੇ ਹਨ?

[ਸਵਾਲ]

[ਸਫ਼ੇ 23 ਉੱਤੇ ਤਸਵੀਰ]

ਮਸੀਹੀ ਬਜ਼ੁਰਗ ਯਿਸੂ ਦੀ ਅਗਵਾਈ ਅਨੁਸਾਰ ਚੱਲਣ ਵਿਚ ਸਾਡੀ ਮਦਦ ਕਰਦੇ ਹਨ

[ਸਫ਼ੇ 24, 25 ਉੱਤੇ ਤਸਵੀਰਾਂ]

ਨੌਜਵਾਨੋ, ਤੁਸੀਂ ਯਹੋਵਾਹ ਦੀ ਸੇਵਾ ਕਰਨ ਲਈ ਅਗਾਹਾਂ ਵਾਸਤੇ ਕੀ ਸੋਚਿਆ ਹੈ?