Skip to content

Skip to table of contents

ਕੀ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਮੀਰ ਹੋ?

ਕੀ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਮੀਰ ਹੋ?

ਕੀ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਮੀਰ ਹੋ?

ਜ਼ਿੰਦਗੀ ਦੇ ਅਹਿਮ ਸਬਕ ਸਿਖਾਉਣ ਲਈ ਯਿਸੂ ਮਸੀਹ ਨੇ ਕਈ ਦ੍ਰਿਸ਼ਟਾਂਤ ਵਰਤੇ। ਇਕ ਵਾਰ ਉਸ ਨੇ ਕਿਸੇ ਅਮੀਰ ਜ਼ਮੀਨਦਾਰ ਬਾਰੇ ਦੱਸਿਆ ਜਿਸ ਦੀ ਇੰਨੀ ਜ਼ਿਆਦਾ ਫ਼ਸਲ ਹੋਈ ਕਿ ਇਸ ਨੂੰ ਸਾਂਭ ਕੇ ਰੱਖਣ ਲਈ ਉਸ ਨੇ ਹੋਰ ਵੀ ਵੱਡੇ ਕੋਠੇ ਬਣਾਉਣ ਦੀ ਸੋਚੀ। ਉਸ ਦੇ ਭਾਣੇ ਜੇ ਉਹ ਇਸ ਤਰ੍ਹਾਂ ਕਰੇਗਾ, ਤਾਂ ਉਸ ਦਾ ਅੱਗਾ ਸਵਾਰਿਆ ਜਾਣਾ ਸੀ ਅਤੇ ਉਸ ਨੂੰ ਕੋਈ ਕਿਸਮ ਦੀ ਤੰਗੀ ਨਹੀਂ ਹੋਣੀ ਸੀ। ਪਰ, ਦਿਲਚਸਪੀ ਦੀ ਗੱਲ ਹੈ ਕਿ ਦ੍ਰਿਸ਼ਟਾਂਤ ਵਿਚ ਇਸ ਆਦਮੀ ਨੂੰ “ਨਦਾਨ” ਕਿਹਾ ਜਾਂਦਾ ਹੈ। (ਲੂਕਾ 12:16-21) ਬਾਈਬਲ ਦੇ ਕਈ ਹੋਰ ਤਰਜਮਿਆਂ ਵਿਚ ਇਸ ਨੂੰ “ਮੂਰਖ” ਕਿਹਾ ਜਾਂਦਾ ਹੈ। ਸੋ ਸਵਾਲ ਉੱਠਦਾ ਹੈ ਕਿ ਇਸ ਅਮੀਰ ਬੰਦੇ ਨੇ ਐਸਾ ਕੀ ਕੰਮ ਕੀਤਾ ਜਿਸ ਕਰਕੇ ਉਸ ਨੂੰ “ਮੂਰਖ” ਕਿਹਾ ਗਿਆ?

ਲੱਗਦਾ ਹੈ ਕਿ ਉਸ ਅਮੀਰ ਆਦਮੀ ਦੀ ਜ਼ਿੰਦਗੀ ਵਿਚ ਪਰਮੇਸ਼ੁਰ ਲਈ ਕੋਈ ਜਗ੍ਹਾ ਨਹੀਂ ਸੀ। ਉਸ ਨੂੰ ਆਪਣੀ ਜ਼ਮੀਨ ਦੀ ਵਧੀਆ ਫ਼ਸਲ ਲਈ ਪਰਮੇਸ਼ੁਰ ਤੇ ਨਹੀਂ, ਪਰ ਸਿਰਫ਼ ਆਪਣੇ ਆਪ ਤੇ ਹੀ ਮਾਣ ਸੀ। (ਮੱਤੀ 5:45) ਉਹ ਸ਼ੇਖ਼ੀਆਂ ਮਾਰਦਾ ਬੋਲਿਆ: “ਹੇ ਜਾਨ ਬਹੁਤ ਵਰਿਹਾਂ ਦੇ ਲਈ ਤੇਰੇ ਕੋਲ ਧਨ ਬਾਹਲਾ ਰੱਖਿਆ ਪਿਆ ਹੈ। ਸੁਖੀ ਰਹੁ, ਖਾਹ ਪੀ ਅਤੇ ਮੌਜ ਮਾਨ।” ਉਸ ਨੇ ਇਵੇਂ ਸੋਚਿਆ ਕਿ ਉਸ ਦੀ ਮਿਹਨਤ ਦਾ ਫਲ ਉਸ ਦੇ “ਚਾਰੇ ਪਾਸੇ ਉਚੀ ਦੀਵਾਰ” ਵਾਂਗ ਉਸ ਦੀ ਹਿਫਾਜ਼ਤ ਕਰੇਗਾ।—ਕਹਾਉਤਾਂ 18:11, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਅਜਿਹੀ ਸੋਚਣੀ ਦੇ ਖ਼ਿਲਾਫ਼ ਚੇਤਾਵਨੀ ਦਿੰਦੇ ਹੋਏ ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਤੁਸੀਂ ਜੋ ਇਹ ਆਖਦੇ ਹੋ ਭਈ ਅਸੀਂ ਅੱਜ ਯਾ ਭਲਕੇ ਫ਼ਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਰਹਾ ਕੱਟਾਂਗੇ ਅਤੇ ਵਣਜ ਬੁਪਾਰ ਕਰਾਂਗੇ ਅਤੇ ਕੁਝ ਖੱਟਾਂਗੇ ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ! ਤੁਹਾਡੀ ਜਿੰਦ ਹੈ ਹੀ ਕੀ? ਕਿਉਂ ਜੋ ਤੁਸੀਂ ਤਾਂ ਭਾਫ਼ ਹੋ ਜਿਹੜੀ ਥੋੜਾਕੁ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ।”—ਯਾਕੂਬ 4:13, 14.

ਇਸ ਗੱਲ ਵਿਚ ਕਿੰਨੀ ਸੱਚਾਈ ਹੈ! ਕੱਲ੍ਹ ਦਾ ਕਿਹ ਨੂੰ ਪਤਾ? ਇਸ ਕਰਕੇ ਯਿਸੂ ਦੇ ਦ੍ਰਿਸ਼ਟਾਂਤ ਵਿਚ ਅਮੀਰ ਆਦਮੀ ਨੂੰ ਕਿਹਾ ਗਿਆ: “ਹੇ ਨਦਾਨ, ਅੱਜ ਦੀ ਰਾਤ ਤੇਰੀ ਜਾਨ ਤੈਥੋਂ ਮੰਗਣਗੇ, ਫੇਰ ਜਿਹੜੀਆਂ ਚੀਜ਼ਾਂ ਤੈਂ ਤਿਆਰ ਕੀਤੀਆਂ ਹਨ ਓਹ ਕਿਹ ਦੀਆਂ ਹੋਣਗੀਆਂ?” ਜੀ ਹਾਂ, ਜਿਵੇਂ ਭਾਫ਼ ਜ਼ਮੀਨ ਤੋਂ ਉੱਠ ਕੇ ਹਵਾ ਵਿਚ ਉੱਡ ਜਾਂਦੀ ਹੈ, ਤਿਵੇਂ ਉਸ ਅਮੀਰ ਆਦਮੀ ਨੇ ਆਪਣੇ ਸੁਪਨੇ ਬਿਨਾਂ ਸਾਕਾਰ ਹੋਏ ਦੇਖੇ ਮਰ-ਮੁੱਕ ਜਾਣਾ ਸੀ। ਕੀ ਤੁਸੀਂ ਇਸ ਦ੍ਰਿਸ਼ਟਾਂਤ ਤੋਂ ਕੋਈ ਸਬਕ ਸਿੱਖਿਆ ਹੈ? ਆਪਣੀ ਗੱਲ ਮੁਕਾਉਂਦੇ ਹੋਏ ਯਿਸੂ ਨੇ ਕਿਹਾ: “ਇਹੋ ਜਿਹਾ ਉਹ ਹੈ ਜੋ ਆਪਣੇ ਲਈ ਧਨ ਜੋੜਦਾ ਪਰ ਪਰਮੇਸ਼ੁਰ ਦੇ ਅੱਗੇ ਧਨਵਾਨ ਨਹੀਂ ਹੈ।” ਕੀ ਤੁਸੀਂ ‘ਪਰਮੇਸ਼ੁਰ ਦੇ ਅੱਗੇ ਧਨਵਾਨ’ ਹੋ?