Skip to content

Skip to table of contents

ਕੀ ਤੁਹਾਡੀ ਜ਼ਮੀਰ ਚੰਗੀ ਤਰ੍ਹਾਂ ਕੰਮ ਕਰਦੀ ਹੈ?

ਕੀ ਤੁਹਾਡੀ ਜ਼ਮੀਰ ਚੰਗੀ ਤਰ੍ਹਾਂ ਕੰਮ ਕਰਦੀ ਹੈ?

ਕੀ ਤੁਹਾਡੀ ਜ਼ਮੀਰ ਚੰਗੀ ਤਰ੍ਹਾਂ ਕੰਮ ਕਰਦੀ ਹੈ?

ਕੀ ਤੁਸੀਂ ਕਦੇ ਕਿਹਾ ਹੈ: “ਮੇਰਾ ਦਿਲ ਕਹਿੰਦਾ ਕਿ ਇਹ ਗ਼ਲਤ ਹੈ,” ਜਾਂ “ਮੈਂ ਤੁਹਾਡੀ ਗੱਲ ਨਹੀਂ ਮੰਨ ਸਕਦਾ ਕਿਉਂਕਿ ਮੈਨੂੰ ਇਹ ਗ਼ਲਤ ਲੱਗਦੀ ਹੈ”? ਉਸ ਸਮੇਂ ਤੁਹਾਨੂੰ ਆਪਣੀ ਅੰਦਰਲੀ ਆਵਾਜ਼ ਸੁਣਾਈ ਦਿੱਤੀ ਸੀ। ਇਹ ਜ਼ਮੀਰ ਜਾਂ ਅੰਤਹਕਰਣ ਦੀ ਆਵਾਜ਼ ਹੈ। ਸਾਡੀ ਜ਼ਮੀਰ ਸਾਨੂੰ ਦੱਸ ਦਿੰਦੀ ਹੈ ਕਿ ਕੀ ਸਹੀ ਹੈ ਤੇ ਕੀ ਗ਼ਲਤ ਹੈ ਯਾਨੀ ਸਾਨੂੰ ਕੋਈ ਕੰਮ ਕਰਨਾ ਚਾਹੀਦਾ ਹੈ ਜਾਂ ਨਹੀਂ। ਇਹ ਦਾਤ ਸਾਨੂੰ ਜਨਮ ਤੋਂ ਹੀ ਮਿਲੀ ਹੈ।

ਭਾਵੇਂ ਆਦਮ ਤੇ ਹੱਵਾਹ ਦੇ ਪਾਪ ਕਾਰਨ ਪਰਮੇਸ਼ੁਰ ਤੇ ਇਨਸਾਨ ਵਿਚ ਦੂਰੀਆਂ ਆ ਗਈਆਂ, ਫਿਰ ਵੀ ਇਨਸਾਨ ਵਿਚ ਸਹੀ ਤੇ ਗ਼ਲਤ ਦੀ ਪਛਾਣ ਕਰਨ ਦੀ ਕਾਬਲੀਅਤ ਹੈ। ਇਸ ਤਰ੍ਹਾਂ ਕਿਉਂ ਹੈ? ਕਿਉਂਕਿ ਇਨਸਾਨ ਪਰਮੇਸ਼ੁਰ ਦੇ ਰੂਪ ਉੱਤੇ ਬਣਾਏ ਗਏ ਸਨ ਅਤੇ ਪਰਮੇਸ਼ੁਰ ਵਿਚ ਬੁੱਧ ਅਤੇ ਧਾਰਮਿਕਤਾ ਦੇ ਗੁਣ ਹਨ, ਜਿਸ ਕਰਕੇ ਇਨਸਾਨਾਂ ਵਿਚ ਵੀ ਕੁਝ ਹੱਦ ਤਕ ਇਹ ਗੁਣ ਹਨ। (ਉਤਪਤ 1:26, 27) ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਪੌਲੁਸ ਰਸੂਲ ਨੇ ਇਸ ਬਾਰੇ ਲਿਖਿਆ: ‘ਜਦ ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ ਤਾਂ ਸ਼ਰਾ ਦੇ ਨਾ ਹੁੰਦਿਆਂ ਓਹ ਆਪਣੇ ਲਈ ਆਪ ਹੀ ਸ਼ਰਾ ਹਨ। ਸੋ ਓਹ ਸ਼ਰਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਲਦੀਆਂ ਹਨ ਨਾਲੇ ਉਨ੍ਹਾਂ ਦਾ ਅੰਤਹਕਰਨ ਉਹ ਦੀ ਸਾਖੀ ਦਿੰਦਾ ਹੈ ਅਤੇ ਉਨ੍ਹਾਂ ਦੇ ਖਿਆਲ ਉਨ੍ਹਾਂ ਨੂੰ ਆਪੋ ਵਿੱਚੀਂ ਦੋਸ਼ੀ ਅਥਵਾ ਨਿਰਦੋਸ਼ੀ ਠਹਿਰਾਉਂਦੇ ਹਨ।’ *ਰੋਮੀਆਂ 2:14, 15.

ਇਹ “ਸ਼ਰਾ” ਜਾਂ ਨੈਤਿਕ ਕਾਨੂੰਨ ਇਨਸਾਨਾਂ ਨੂੰ ਪਹਿਲੇ ਆਦਮੀ, ਆਦਮ ਤੋਂ ਵਿਰਸੇ ਵਿਚ ਮਿਲਿਆ ਹੈ। ਇਹ ਕਾਨੂੰਨ ਹਰ ਨਸਲ ਤੇ ਕੌਮ ਦੇ ਇਨਸਾਨ ਨੂੰ ਸੇਧ ਦਿੰਦਾ ਹੈ। ਇਸ ਦੀ ਮਦਦ ਨਾਲ ਅਸੀਂ ਆਪਣੀ ਜਾਂਚ ਕਰ ਕੇ ਪਤਾ ਲਗਾ ਸਕਦੇ ਹਾਂ ਕਿ ਅਸੀਂ ਜੋ ਕਰਦੇ ਹਾਂ, ਉਹ ਸਹੀ ਹੈ ਜਾਂ ਨਹੀਂ। (ਰੋਮੀਆਂ 9:1) ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਨ ਤੋਂ ਇਕਦਮ ਬਾਅਦ ਆਦਮ ਤੇ ਹੱਵਾਹ ਦੀ ਜ਼ਮੀਰ ਨੇ ਉਨ੍ਹਾਂ ਨੂੰ ਗ਼ਲਤੀ ਦਾ ਅਹਿਸਾਸ ਕਰਾਇਆ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਲੁਕਾ ਲਿਆ ਸੀ। (ਉਤਪਤ 3:7, 8) ਸਾਡੀ ਜ਼ਮੀਰ ਹੋਰ ਕਿਵੇਂ ਕੰਮ ਕਰਦੀ ਹੈ? ਦਾਊਦ ਬਾਦਸ਼ਾਹ ਦੀ ਇਕ ਗ਼ਲਤੀ ਤੋਂ ਇਸ ਬਾਰੇ ਪਤਾ ਲੱਗਦਾ ਹੈ। ਇਸਰਾਏਲੀਆਂ ਦੀ ਨਾਜਾਇਜ਼ ਗਿਣਤੀ ਕਰਨ ਦੀ ਗ਼ਲਤੀ ਕਰਨ ਤੋਂ ਬਾਅਦ ਉਸ ਨੇ ਕਿਵੇਂ ਮਹਿਸੂਸ ਕੀਤਾ ਸੀ। ਬਾਈਬਲ ਦੱਸਦੀ ਹੈ ਕਿ “ਦਾਊਦ ਦੇ ਮਨ ਨੇ ਉਹ ਨੂੰ ਸਤਾਇਆ।”—2 ਸਮੂਏਲ 24:1-10.

ਜਦੋਂ ਅਸੀਂ ਆਪਣੀਆਂ ਪੁਰਾਣੀਆਂ ਗ਼ਲਤੀਆਂ ਉੱਤੇ ਵਿਚਾਰ ਕਰਦੇ ਹਾਂ, ਤਾਂ ਅਸੀਂ ਦਿਲੋਂ ਪਛਤਾਵਾ ਕਰ ਸਕਦੇ ਹਾਂ। ਦਾਊਦ ਨੇ ਲਿਖਿਆ: “ਜਦ ਮੈਂ ਚੁੱਪ ਕਰ ਰਿਹਾ ਮੇਰੀਆਂ ਹੱਡੀਆਂ ਸਾਰਾ ਦਿਨ ਹੂੰਗਣ ਨਾਲ ਗਲ ਗਈਆਂ, ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਅਤੇ ਆਪਣੀ ਬਦੀ ਨਹੀਂ ਲੁਕਾਈ। ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਵਾਂਗਾ, ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ।” (ਜ਼ਬੂਰਾਂ ਦੀ ਪੋਥੀ 32:3, 5) ਇਸੇ ਤਰ੍ਹਾਂ ਜੇ ਸਾਡੀ ਜ਼ਮੀਰ ਸਹੀ ਤਰੀਕੇ ਨਾਲ ਕੰਮ ਕਰਦੀ ਹੈ, ਤਾਂ ਸਾਨੂੰ ਆਪਣੇ ਪਾਪਾਂ ਦਾ ਅਹਿਸਾਸ ਹੋਵੇਗਾ ਤੇ ਅਸੀਂ ਪਰਮੇਸ਼ੁਰ ਤੋਂ ਮਾਫ਼ੀ ਮੰਗ ਕੇ ਉਸ ਦੇ ਰਾਹਾਂ ਤੇ ਚੱਲ ਸਕਾਂਗੇ।—ਜ਼ਬੂਰਾਂ ਦੀ ਪੋਥੀ 51:1-4, 9, 13-15.

ਜਦ ਸਾਨੂੰ ਕੋਈ ਫ਼ੈਸਲਾ ਕਰਨਾ ਪੈਂਦਾ ਹੈ, ਤਾਂ ਉਸ ਸਮੇਂ ਵੀ ਸਾਡੀ ਜ਼ਮੀਰ ਸਾਨੂੰ ਚੇਤਾਵਨੀ ਜਾਂ ਸੇਧ ਦੇ ਕੇ ਸਾਡੀ ਮਦਦ ਕਰ ਸਕਦੀ ਹੈ। ਮਿਸਾਲ ਲਈ ਯੂਸੁਫ਼ ਦੀ ਜ਼ਮੀਰ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਜ਼ਨਾਹਕਾਰੀ ਨਾ ਸਿਰਫ਼ ਨੈਤਿਕ ਤੌਰ ਤੇ ਗ਼ਲਤ ਸੀ, ਸਗੋਂ ਪਰਮੇਸ਼ੁਰ ਦੀ ਨਜ਼ਰ ਵਿਚ ਪਾਪ ਸੀ। ਬਾਅਦ ਵਿਚ ਇਸਰਾਏਲ ਨੂੰ ਦਿੱਤੇ ਗਏ ਦਸ ਹੁਕਮਾਂ ਵਿਚ ਜ਼ਨਾਹ ਕਰਨ ਤੋਂ ਵਰਜਿਆ ਗਿਆ ਸੀ। (ਉਤਪਤ 39:1-9; ਕੂਚ 20:14) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜੇ ਸਾਡੀ ਜ਼ਮੀਰ ਸਾਨੂੰ ਗ਼ਲਤ ਕਦਮ ਚੁੱਕਣ ਵੇਲੇ ਕੋਸਣ ਦੀ ਬਜਾਇ ਰੋਕੇ, ਤਾਂ ਸਾਨੂੰ ਜ਼ਿਆਦਾ ਫ਼ਾਇਦਾ ਹੋਵੇਗਾ। ਕੀ ਤੁਹਾਡੀ ਜ਼ਮੀਰ ਇਹ ਕਰਦੀ ਹੈ?

ਆਪਣੀ ਜ਼ਮੀਰ ਨੂੰ ਸਹੀ ਫ਼ੈਸਲੇ ਕਰਨੇ ਸਿਖਾਓ

ਭਾਵੇਂ ਸਾਨੂੰ ਜਨਮ ਤੋਂ ਹੀ ਜ਼ਮੀਰ ਮਿਲਦੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਵਿਚ ਨੁਕਸ ਹੈ। ਯਹੋਵਾਹ ਪਰਮੇਸ਼ੁਰ ਨੇ ਇਨਸਾਨਾਂ ਨੂੰ ਬਿਨਾਂ ਕਿਸੇ ਨੁਕਸ ਤੋਂ ਸਾਜਿਆ ਸੀ, ਪਰ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਪਾਪ ਤੇ ਕਮਜ਼ੋਰੀਆਂ ਦੇ ਕਾਰਨ ਸਾਡੀ ਜ਼ਮੀਰ ਹਮੇਸ਼ਾ ਉਸ ਤਰ੍ਹਾਂ ਕੰਮ ਨਹੀਂ ਕਰਦੀ ਜਿਸ ਤਰ੍ਹਾਂ ਇਹ ਮੁੱਢੋਂ ਬਿਨਾਂ ਨੁਕਸ ਦੇ ਕੰਮ ਕਰਨ ਲਈ ਸਾਜੀ ਗਈ ਸੀ। (ਰੋਮੀਆਂ 7:18-23) ਇਸ ਤੋਂ ਇਲਾਵਾ ਹੋਰ ਗੱਲਾਂ ਦਾ ਵੀ ਸਾਡੀ ਜ਼ਮੀਰ ਤੇ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਸਾਡੇ ਆਲੇ-ਦੁਆਲੇ ਦਾ ਮਾਹੌਲ, ਰੀਤ-ਰਿਵਾਜ ਅਤੇ ਸਾਡੇ ਪਰਿਵਾਰ ਦੇ ਧਾਰਮਿਕ ਵਿਸ਼ਵਾਸ। ਕੋਈ ਫ਼ੈਸਲਾ ਕਰਦੇ ਵੇਲੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਮਾਮਲੇ ਵਿਚ ਦੁਨੀਆਂ ਦੇ ਲੋਕ ਕੀ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਨੈਤਿਕ ਮਿਆਰ ਡਿੱਗਦੇ ਜਾ ਰਹੇ ਹਨ।

ਤਾਂ ਫਿਰ ਆਪਣੀ ਜ਼ਮੀਰ ਤੋਂ ਇਲਾਵਾ ਅਸੀਂ ਕਿਨ੍ਹਾਂ ਮਿਆਰਾਂ ਦੇ ਆਧਾਰ ਤੇ ਫ਼ੈਸਲੇ ਕਰ ਸਕਦੇ ਹਾਂ? ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਉੱਚ ਕੋਟੀ ਦੇ ਮਿਆਰ ਦਿੱਤੇ ਗਏ ਹਨ। ਇਨ੍ਹਾਂ ਤੋਂ ਸਾਡੀ ਜ਼ਮੀਰ ਨੂੰ ਸੇਧ ਮਿਲ ਸਕਦੀ ਹੈ ਅਤੇ ਅਸੀਂ ਠੀਕ ਫ਼ੈਸਲੇ ਕਰ ਸਕਦੇ ਹਾਂ। (2 ਤਿਮੋਥਿਉਸ 3:16) ਜੇ ਅਸੀਂ ਆਪਣੀ ਜ਼ਮੀਰ ਨੂੰ ਬਾਈਬਲ ਵਿੱਚੋਂ ਸਹੀ ਸੇਧ ਦਿੰਦੇ ਹਾਂ, ਤਾਂ ਇਹ ਸਾਨੂੰ ਪੁੱਠੇ ਰਾਹ ਪੈਣੋਂ ਰੋਕਦੀ ਹੈ ਅਤੇ “ਭਲੇ ਬੁਰੇ ਦੀ ਜਾਚ ਕਰਨ” ਵਿਚ ਮਦਦ ਦਿੰਦੀ ਹੈ। (ਇਬਰਾਨੀਆਂ 5:14) ਜੇ ਅਸੀਂ ਪਰਮੇਸ਼ੁਰ ਦੇ ਮਿਆਰਾਂ ਵੱਲ ਧਿਆਨ ਨਾ ਦੇਈਏ, ਤਾਂ ਸਾਡੀ ਜ਼ਮੀਰ ਸਾਨੂੰ ਕੁਰਾਹੇ ਪੈਣ ਲੱਗਿਆਂ ਚੇਤਾਵਨੀ ਨਹੀਂ ਦੇਵੇਗੀ। ਬਾਈਬਲ ਵਿਚ ਦੱਸਿਆ ਗਿਆ: “ਇੱਕ ਅਜਿਹਾ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।”—ਕਹਾਉਤਾਂ 16:25; 17:20.

ਕੁਝ ਮਾਮਲਿਆਂ ਸੰਬੰਧੀ ਬਾਈਬਲ ਦੀਆਂ ਹਿਦਾਇਤਾਂ ਬਿਲਕੁਲ ਸਪੱਸ਼ਟ ਹਨ ਅਤੇ ਉਨ੍ਹਾਂ ਮੁਤਾਬਕ ਚੱਲਣ ਨਾਲ ਸਾਨੂੰ ਫ਼ਾਇਦਾ ਹੀ ਹੁੰਦਾ ਹੈ। ਪਰ ਦੂਜੇ ਪਾਸੇ ਰੁਜ਼ਗਾਰ, ਇਲਾਜ, ਕੱਪੜੇ ਤੇ ਕੰਘੀ-ਪੱਟੀ ਵਰਗੇ ਕਈ ਮਾਮਲਿਆਂ ਬਾਰੇ ਬਾਈਬਲ ਵਿਚ ਸਾਫ਼-ਸਾਫ਼ ਨਹੀਂ ਦੱਸਿਆ ਗਿਆ। ਇਨ੍ਹਾਂ ਮਾਮਲਿਆਂ ਬਾਰੇ ਸਹੀ ਫ਼ੈਸਲੇ ਕਰਨੇ ਆਸਾਨ ਨਹੀਂ ਹਨ। ਇਸੇ ਕਰਕੇ ਸਾਨੂੰ ਦਾਊਦ ਵਾਂਗ ਪ੍ਰਾਰਥਨਾ ਕਰਨੀ ਚਾਹੀਦੀ ਹੈ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ। ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ, ਕਿਉਂ ਜੋ ਤੂੰ ਮੇਰਾ ਮੁਕਤੀ ਦਾਤਾ ਪਰਮੇਸ਼ੁਰ ਹੈਂ।” (ਜ਼ਬੂਰਾਂ ਦੀ ਪੋਥੀ 25:4, 5) ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੇ ਰਾਹਾਂ ਬਾਰੇ ਸਿੱਖਾਂਗੇ, ਉੱਨਾ ਹੀ ਜ਼ਿਆਦਾ ਅਸੀਂ ਆਪਣੇ ਹਾਲਾਤਾਂ ਦੀ ਜਾਂਚ ਕਰ ਕੇ ਸ਼ੁੱਧ ਜ਼ਮੀਰ ਨਾਲ ਫ਼ੈਸਲੇ ਕਰ ਸਕਾਂਗੇ।

ਇਸ ਲਈ ਜਦ ਵੀ ਸਾਨੂੰ ਕੋਈ ਫ਼ੈਸਲਾ ਕਰਨਾ ਪੈਂਦਾ ਹੈ, ਤਾਂ ਚੰਗਾ ਹੋਵੇਗਾ ਜੇ ਅਸੀਂ ਬਾਈਬਲ ਦੇ ਸਿਧਾਂਤਾਂ ਉੱਤੇ ਗੌਰ ਕਰੀਏ। ਇਹ ਕੁਝ ਸੁਝਾਅ ਹਨ: ਘਰ ਦੀ ਸਰਦਾਰੀ ਦਾ ਆਦਰ ਕਰਨਾ (ਕੁਲੁੱਸੀਆਂ 3:18, 20); ਸਾਰੇ ਕੰਮ ਨੇਕੀ ਨਾਲ ਕਰਨੇ (ਇਬਰਾਨੀਆਂ 13:18); ਬੁਰਾਈ ਨਾਲ ਨਫ਼ਰਤ ਕਰਨੀ (ਜ਼ਬੂਰਾਂ ਦੀ ਪੋਥੀ 97:10); ਮੇਲ-ਮਿਲਾਪ ਤੇ ਸੁਲ੍ਹਾ ਕਰਨੀ (ਰੋਮੀਆਂ 14:19); ਅਧਿਕਾਰੀਆਂ ਪ੍ਰਤੀ ਆਗਿਆਕਾਰ ਰਹਿਣਾ (ਮੱਤੀ 22:21; ਰੋਮੀਆਂ 13:1-7); ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨੀ (ਮੱਤੀ 4:10); ਜਗਤ ਦਾ ਹਿੱਸਾ ਨਾ ਬਣਨਾ (ਯੂਹੰਨਾ 17:14); ਮਾੜੀ ਸੰਗਤ ਤੋਂ ਦੂਰ ਰਹਿਣਾ (1 ਕੁਰਿੰਥੀਆਂ 15:33); ਕੱਪੜੇ ਤੇ ਕੰਘੀ-ਪੱਟੀ ਦੇ ਸੰਬੰਧ ਵਿਚ ਲਾਜ ਤੇ ਸੰਜਮ ਰੱਖਣਾ (1 ਤਿਮੋਥਿਉਸ 2:9, 10); ਕਿਸੇ ਨੂੰ ਠੋਕਰ ਨਾ ਖੁਆਉਣੀ। (ਫ਼ਿਲਿੱਪੀਆਂ 1:10) ਬਾਈਬਲ ਦੇ ਕਿਸੇ ਢੁਕਵੇਂ ਸਿਧਾਂਤ ਦੀ ਮਦਦ ਨਾਲ ਸਾਡੀ ਜ਼ਮੀਰ ਸਹੀ ਫ਼ੈਸਲੇ ਕਰ ਸਕੇਗੀ।

ਆਪਣੀ ਜ਼ਮੀਰ ਦੀ ਆਵਾਜ਼ ਸੁਣੋ

ਸਾਡੀ ਜ਼ਮੀਰ ਸਾਡੀ ਮਦਦ ਸਿਰਫ਼ ਤਦ ਹੀ ਕਰ ਸਕਦੀ ਹੈ ਜੇ ਅਸੀਂ ਉਸ ਦੀ ਆਵਾਜ਼ ਸੁਣੀਏ ਅਤੇ ਇਕਦਮ ਕੁਝ ਕਰੀਏ। ਸਹੀ ਢੰਗ ਨਾਲ ਕੰਮ ਕਰਨ ਵਾਲੀ ਜ਼ਮੀਰ ਦੀ ਤੁਲਨਾ ਕਾਰ ਦੇ ਡੈਸ਼ਬੋਰਡ ਉੱਤੇ ਲੱਗੇ ਇੰਡੀਕੇਟਰਾਂ ਨਾਲ ਕੀਤੀ ਜਾ ਸਕਦੀ ਹੈ। ਮੰਨ ਲਓ ਕਿ ਇਕ ਇੰਡੀਕੇਟਰ ਤੁਹਾਨੂੰ ਦੱਸਦਾ ਹੈ ਕਿ ਤੇਲ ਦਾ ਪ੍ਰੈਸ਼ਰ ਘੱਟ ਹੈ। ਜੇ ਤੁਸੀਂ ਇਸ ਨੂੰ ਅਣਗੌਲਿਆਂ ਕਰ ਕੇ ਕਾਰ ਚਲਾਉਂਦੇ ਰਹਿੰਦੇ ਹੋ, ਤਾਂ ਕੀ ਹੋਵੇਗਾ? ਇੰਜਣ ਵਿਚ ਕੋਈ ਖ਼ਰਾਬੀ ਆ ਸਕਦੀ ਹੈ। ਇਸੇ ਤਰ੍ਹਾਂ ਸਾਡੀ ਜ਼ਮੀਰ ਸਾਨੂੰ ਚੇਤਾਵਨੀ ਦੇ ਸਕਦੀ ਹੈ ਕਿ ਅਸੀਂ ਗ਼ਲਤ ਰਾਹ ਤੇ ਜਾ ਰਹੇ ਹਾਂ। ਜਿਵੇਂ ਕਾਰ ਦਾ ਇੰਡੀਕੇਟਰ ਚੇਤਾਵਨੀ ਦਿੰਦਾ ਹੈ, ਇਸੇ ਤਰ੍ਹਾਂ ਬਾਈਬਲ ਦੇ ਸਿਧਾਂਤਾਂ ਅਨੁਸਾਰ ਸਾਡੀ ਜ਼ਮੀਰ ਸਾਨੂੰ ਚੇਤਾਵਨੀ ਦਿੰਦੀ ਹੈ। ਇਸ ਦੀ ਆਵਾਜ਼ ਸੁਣਨ ਨਾਲ ਪਹਿਲਾ ਫ਼ਾਇਦਾ ਤਾਂ ਇਹ ਹੈ ਕਿ ਅਸੀਂ ਪੁੱਠੇ ਰਾਹ ਤੇ ਚੱਲਣ ਦੇ ਮਾੜੇ ਨਤੀਜਿਆਂ ਤੋਂ ਬਚਾਂਗੇ ਅਤੇ ਦੂਸਰਾ ਇਹ ਕਿ ਸਾਡੀ ਜ਼ਮੀਰ ਸਹੀ ਕੰਮ ਕਰਦੀ ਰਹੇਗੀ।

ਜੇ ਅਸੀਂ ਇਸ ਚੇਤਾਵਨੀ ਨੂੰ ਨਹੀਂ ਸੁਣਦੇ, ਤਾਂ ਕੀ ਹੋਵੇਗਾ? ਸਮੇਂ ਦੇ ਬੀਤਣ ਨਾਲ ਸਾਡੀ ਜ਼ਮੀਰ ਸੁੰਨ ਹੋ ਜਾਵੇਗੀ। ਆਪਣੀ ਜ਼ਮੀਰ ਦੀ ਆਵਾਜ਼ ਨੂੰ ਵਾਰ-ਵਾਰ ਅਣਸੁਣੀ ਕਰਨ ਦੀ ਤੁਲਨਾ ਤੱਤੇ ਲੋਹੇ ਨਾਲ ਦਾਗ਼ੀ ਹੋਈ ਚਮੜੀ ਨਾਲ ਕੀਤੀ ਜਾ ਸਕਦੀ ਹੈ। ਜਲ਼ੀ ਹੋਈ ਚਮੜੀ ਸਖ਼ਤ ਹੋ ਕੇ ਸੁੰਨ ਹੋ ਜਾਂਦੀ ਹੈ ਤੇ ਉਸ ਜਗ੍ਹਾ ਕੁਝ ਵੀ ਮਹਿਸੂਸ ਨਹੀਂ ਹੁੰਦਾ। (1 ਤਿਮੋਥਿਉਸ 4:2) ਅਜਿਹੀ ਜ਼ਮੀਰ ਨਾ ਸਾਨੂੰ ਗ਼ਲਤ ਕੰਮ ਕਰਨੋਂ ਰੋਕਦੀ ਹੈ ਤੇ ਨਾ ਸਾਨੂੰ ਪਾਪ ਕਰਨ ਤੋਂ ਬਾਅਦ ਕੋਸਦੀ ਹੈ। ਸੁੰਨ ਹੋਈ ਜ਼ਮੀਰ ਅਸਲ ਵਿਚ ਅਸ਼ੁੱਧ ਜ਼ਮੀਰ ਹੈ ਕਿਉਂਕਿ ਉਹ ਬਾਈਬਲ ਦੇ ਸਹੀ ਅਤੇ ਗ਼ਲਤ ਸੰਬੰਧੀ ਮਿਆਰਾਂ ਨੂੰ ਨਹੀਂ ਮੰਨਦੀ। ਜਿਸ ਵਿਅਕਤੀ ਦੀ ਜ਼ਮੀਰ ਸੁੰਨ ਹੋ ਚੁੱਕੀ ਹੈ, ਉਹ ਪਰਮੇਸ਼ੁਰ ਤੋਂ ਦੂਰ ਜਾ ਚੁੱਕਾ ਹੈ ਅਤੇ ਉਸ ਨੇ “ਹਰ ਤਰ੍ਹਾਂ ਦੀ ਸ਼ਰਮ ਤੋਂ ਹੱਥ ਧੋ ਲਏ ਹਨ।” (ਅਫਸੀਆਂ 4:17-19, ਪਵਿੱਤਰ ਬਾਈਬਲ ਨਵਾਂ ਅਨੁਵਾਦ; ਤੀਤੁਸ 1:15) ਜ਼ਮੀਰ ਦੀ ਆਵਾਜ਼ ਨਾ ਸੁਣਨ ਦੇ ਕਿੰਨੇ ਭੈੜੇ ਨਤੀਜੇ ਨਿਕਲਦੇ ਹਨ!

“ਅੰਤਹਕਰਨ ਸ਼ੁੱਧ ਰੱਖੋ”

ਜ਼ਮੀਰ ਨੂੰ ਸ਼ੁੱਧ ਰੱਖਣ ਲਈ ਸਾਨੂੰ ਲਗਾਤਾਰ ਜਤਨ ਕਰਨ ਦੀ ਲੋੜ ਹੈ। ਪੌਲੁਸ ਰਸੂਲ ਨੇ ਕਿਹਾ: “ਮੈਂ ਆਪ ਭੀ ਇਸ ਵਿੱਚ ਜਤਨ ਕਰਦਾ ਹਾਂ ਜੋ ਪਰਮੇਸ਼ੁਰ ਅਤੇ ਮਨੁੱਖਾਂ ਦੇ ਸਾਹਮਣੇ ਕਦੇ ਮੇਰਾ ਮਨ ਮੈਨੂੰ ਦੋਸ਼ੀ ਨਾ ਕਰੇ।” (ਰਸੂਲਾਂ ਦੇ ਕਰਤੱਬ 24:16) ਪੌਲੁਸ ਨੇ ਲਗਾਤਾਰ ਆਪਣੀ ਜਾਂਚ ਕੀਤੀ ਅਤੇ ਜੇ ਉਸ ਨੂੰ ਕੁਝ ਗ਼ਲਤ ਨਜ਼ਰ ਆਇਆ, ਤਾਂ ਉਸ ਨੇ ਆਪਣੇ ਵਿਚ ਸੁਧਾਰ ਲਿਆਂਦਾ ਤਾਂਕਿ ਉਹ ਪਰਮੇਸ਼ੁਰ ਅੱਗੇ ਕੋਈ ਗ਼ਲਤੀ ਨਾ ਕਰੇ। ਉਹ ਇਹ ਵੀ ਜਾਣਦਾ ਸੀ ਕਿ ਆਖ਼ਰਕਾਰ ਪਰਮੇਸ਼ੁਰ ਨੇ ਹੀ ਦੱਸਣਾ ਹੈ ਕਿ ਸਾਡੇ ਕੰਮ ਸਹੀ ਹਨ ਜਾਂ ਗ਼ਲਤ। (ਰੋਮੀਆਂ 14:10-12; 1 ਕੁਰਿੰਥੀਆਂ 4:4) ਪੌਲੁਸ ਨੇ ਕਿਹਾ: “ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।”—ਇਬਰਾਨੀਆਂ 4:13.

ਪੌਲੁਸ ਨੇ ਦੂਸਰੇ ਲੋਕਾਂ ਲਈ ਠੋਕਰ ਦਾ ਕਾਰਨ ਨਾ ਬਣਨ ਬਾਰੇ ਵੀ ਲਿਖਿਆ ਸੀ ਜਿਵੇਂ ਕਿ ਉਸ ਨੇ ਕੁਰਿੰਥੀ ਭੈਣ-ਭਾਈਆਂ ਨੂੰ “ਮੂਰਤੀਆਂ ਦੀਆਂ ਭੇਟਾਂ ਦੇ ਖਾਣ ਵਿਖੇ” ਲਿਖਿਆ ਸੀ। ਉਸ ਨੇ ਦੱਸਿਆ ਕਿ ਭਾਵੇਂ ਕੋਈ ਗੱਲ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਨਾ ਵੀ ਹੋਵੇ, ਫਿਰ ਵੀ ਸਾਨੂੰ ਸੋਚਣਾ ਚਾਹੀਦਾ ਹੈ ਕਿ ਲੋਕ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹਨ। ਜੇ ਅਸੀਂ ਇਸ ਬਾਰੇ ਨਾ ਸੋਚਿਆ, ਤਾਂ ਅਸੀਂ ਆਪਣੇ ਭੈਣ-ਭਾਈਆਂ ਲਈ ਠੋਕਰ ਦਾ ਕਾਰਨ ਬਣ ਸਕਦੇ ਹਾਂ ਅਤੇ ਸ਼ਾਇਦ ਸਾਡਾ ‘ਉਹ ਭਾਈ ਜਿਹ ਦੇ ਲਈ ਮਸੀਹ ਮੋਇਆ’ ਸੱਚਾਈ ਛੱਡ ਜਾਵੇ। ਇਸ ਨਾਲ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਵੀ ਵਿਗੜ ਸਕਦਾ ਹੈ।—1 ਕੁਰਿੰਥੀਆਂ 8:4, 11-13; 10:23, 24.

ਇਸ ਲਈ ਸਾਨੂੰ ਆਪਣੀ ਜ਼ਮੀਰ ਨੂੰ ਲਗਾਤਾਰ ਸਿਖਲਾ ਕੇ ਇਸ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ। ਫ਼ੈਸਲੇ ਕਰਦੇ ਵੇਲੇ ਸਾਨੂੰ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ। (ਯਾਕੂਬ 1:5) ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰੋ ਅਤੇ ਉਸ ਦੇ ਸਿਧਾਂਤਾਂ ਅਨੁਸਾਰ ਆਪਣੀ ਸੋਚਣੀ ਨੂੰ ਢਾਲੋ। (ਕਹਾਉਤਾਂ 2:3-5) ਜੇ ਤੁਸੀਂ ਕੋਈ ਵੱਡਾ ਫ਼ੈਸਲਾ ਕਰਨਾ ਹੈ, ਤਾਂ ਕਲੀਸਿਯਾ ਦੇ ਸਿਆਣੇ ਭੈਣ-ਭਰਾਵਾਂ ਨਾਲ ਸਲਾਹ-ਮਸ਼ਵਰਾ ਕਰੋ ਇਹ ਦੇਖਣ ਲਈ ਕਿ ਤੁਸੀਂ ਉਸ ਫ਼ੈਸਲੇ ਨਾਲ ਸੰਬੰਧਿਤ ਬਾਈਬਲ ਦੇ ਸਿਧਾਂਤਾਂ ਨੂੰ ਠੀਕ-ਠੀਕ ਸਮਝੇ ਹੋ ਕਿ ਨਹੀਂ। (ਕਹਾਉਤਾਂ 12:15; ਰੋਮੀਆਂ 14:1; ਗਲਾਤੀਆਂ 6:5) ਧਿਆਨ ਵਿਚ ਰੱਖੋ ਕਿ ਤੁਹਾਡੇ ਫ਼ੈਸਲੇ ਦਾ ਤੁਹਾਡੀ ਜ਼ਮੀਰ ਤੇ, ਹੋਰਨਾਂ ਤੇ ਅਤੇ ਸਭ ਤੋਂ ਵੱਧ ਯਹੋਵਾਹ ਨਾਲ ਤੁਹਾਡੇ ਰਿਸ਼ਤੇ ਤੇ ਕੀ ਅਸਰ ਪਵੇਗਾ।—1 ਤਿਮੋਥਿਉਸ 1:5, 18, 19.

ਸਾਡੀ ਜ਼ਮੀਰ ਸਾਡੇ ਪਿਆਰੇ ਸਵਰਗੀ ਪਿਤਾ ਯਹੋਵਾਹ ਤੋਂ ਇਕ ਬਹੁਤ ਹੀ ਵਧੀਆ ਦਾਤ ਹੈ। ਆਪਣੇ ਦਾਤੇ ਦੀ ਮਰਜ਼ੀ ਮੁਤਾਬਕ ਇਸ ਨੂੰ ਵਰਤ ਕੇ ਅਸੀਂ ਉਸ ਦੇ ਨੇੜੇ ਜਾ ਸਕਦੇ ਹਾਂ। ਜਿੰਨਾ ਜ਼ਿਆਦਾ ਅਸੀਂ ਆਪਣੇ ‘ਅੰਤਹਕਰਨ ਨੂੰ ਸ਼ੁੱਧ ਰੱਖਾਂਗੇ,’ ਉਨ੍ਹਾਂ ਹੀ ਜ਼ਿਆਦਾ ਅਸੀਂ ਦਿਖਾ ਸਕਾਂਗੇ ਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਸਾਜੇ ਗਏ ਹਾਂ।—1 ਪਤਰਸ 3:16; ਕੁਲੁੱਸੀਆਂ 3:10.

[ਫੁਟਨੋਟ]

^ ਪੈਰਾ 3 ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਇੱਥੇ ਅੰਤਹਕਰਣ ਕੀਤਾ ਗਿਆ ਉਸ ਦਾ ਮਤਲਬ ਹੈ “ਨੈਤਿਕ ਤੇ ਅਨੈਤਿਕ ਗੱਲਾਂ ਵਿਚ ਫ਼ਰਕ ਦੇਖਣ ਦੀ ਕਾਬਲੀਅਤ” (ਹੈਰਲਡ ਕੇ. ਮੋਲਟਨ ਦੁਆਰਾ ਲਿਖਿਆ ਗਿਆ ਦੀ ਐਨਾਲਿਟਿਕਲ ਗ੍ਰੀਕ ਲੈਕਸੀਕਨ ਰਿਵਾਈਜ਼ਡ); “ਯੋਗ ਤੇ ਅਯੋਗ ਦਾ ਨਿਰਣਾ ਕਰਨ ਦੀ ਕਾਬਲੀਅਤ।”—ਜੇ. ਐੱਚ. ਥੇਅਰ ਦਾ ਗ੍ਰੀਕ-ਇੰਗਲਿਸ਼ ਲੈਕਸੀਕਨ।

[ਸਫ਼ੇ 13 ਉੱਤੇ ਤਸਵੀਰ]

ਕੀ ਤੁਹਾਡੀ ਜ਼ਮੀਰ ਤੁਹਾਨੂੰ ਕੋਸਣ ਦੀ ਬਜਾਇ ਸਹੀ ਸੇਧ ਦਿੰਦੀ ਹੈ?

[ਸਫ਼ੇ 14 ਉੱਤੇ ਤਸਵੀਰ]

ਬਾਈਬਲ ਦੇ ਸਿਧਾਂਤ ਜਾਣ ਕੇ ਅਤੇ ਉਨ੍ਹਾਂ ਤੇ ਅਮਲ ਕਰ ਕੇ ਅਸੀਂ ਆਪਣੀ ਜ਼ਮੀਰ ਨੂੰ ਸਹੀ ਢੰਗ ਨਾਲ ਕੰਮ ਕਰਨਾ ਸਿਖਾ ਸਕਦੇ ਹਾਂ

[ਸਫ਼ੇ 15 ਉੱਤੇ ਤਸਵੀਰਾਂ]

ਆਪਣੀ ਜ਼ਮੀਰ ਦੀਆਂ ਚੇਤਾਵਨੀਆਂ ਅਣਸੁਣੀਆਂ ਨਾ ਕਰੋ